ਕੁਲਜੀਤ
ਕੌਰ ਗ਼ਜ਼ਲ ਦੀ ਗ਼ਜ਼ਲਾਂ/ਕਵਿਤਾਵਾਂ ਦੀ ਪੁਸਤਕ ‘‘ਇਹ ਪਰਿੰਦੇ ਸਿਆਸਤ ਨਹੀਂ
ਜਾਣਦੇ’’ ਬਹੁਪੱਖੀ ਅਤੇ ਬਹੁ ਅਰਥੀ ਕਵਿਤਾ ਹੈ। ਇਸ ਪੁਸਤਕ ਦੀਆਂ
ਗ਼ਜ਼ਲਾਂ/ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹਨ। ਉਸਦੀ ਪੁਸਤਕ ਦੀ
ਹਰ ਗ਼ਜ਼ਲ/ਕਵਿਤਾ ਕਿਸੇ ਨਾ ਕਿਸੇ ਸਮਾਜਿਕ ਸਮੱਸਿਆ ਦੀ ਬਾਤ ਪਾਉਂਦੀ ਨਜ਼ਰ ਆ
ਰਹੀ ਹੈ।
ਕੁਲਜੀਤ ਕੌਰ ਗ਼ਜ਼ਲ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ
ਪਹਿਲਾਂ ਉਸਦੇ ਦੋ ਕਾਵਿ ਸੰਗ੍ਰਹਿ ‘ਤਰੇਲ ਜਿਹੇ ਮੋਤੀ’ ਅਤੇ ‘ਰਾਗ
ਮੁਹੱਬਤ’ ਪ੍ਰਕਾਸ਼ਤ ਹੋ ਚੁੱਕੇ ਹਨ। ‘ਦਿਲ ਕਰੇ ਤਾਂ ਖ਼ਤ ਲਿਖੀਂ’ ਉਸਦੀ
ਵਾਰਤਕ ਦੀ ਪੁਸਤਕ ਹੈ, ਜਿਸ ਵਿਚ ਲੇਖਕਾਂ ਦੇ ਉਸ ਦੀਆਂ ਕਵਿਤਾਵਾਂ ਬਾਰੇ
ਲਿਖੇ ਖਤ ਪ੍ਰਕਾਸ਼ਤ ਕੀਤੇ ਗਏ ਹਨ।
‘ਇਹ ਪਰਿੰਦੇ ਸਿਆਸਤ ਨਹੀਂ
ਜਾਣਦੇ ’ 104 ਪੰਨਿਆਂ ਦੀ ਪੁਸਤਕ ਹੈ ਜਿਸ ਵਿਚ 66 ਗ਼ਜ਼ਲਾਂ/ਕਵਿਤਾਵਾਂ
ਸ਼ਾਮਲ ਹਨ। ਇਹ ਪੁਸਤਕ ਟਵੰਟੀ ਫਸਟ ਸੈਂਚਰੀ ਪਬਲੀਕੇਸ਼ਨਜ਼ ਪਟਿਆਲਾ
ਨੇ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦਾ ਨਾਂ ਉਸਦੀ ਇਕ ਕਵਿਤਾ ਦੇ
ਸਿਰਲੇਖ ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਨਾਮ ਦੇ ਵੀ ਦੋਹਰੇ ਅਰਥ ਨਿਕਲਦੇ
ਹਨ। ਭਾਵੇਂ ਇਹ ਕਵਿਤਾ/ਗ਼ਜ਼ਲ ਪੰਛੀਆਂ ਦੀ ਅਣਭੋਲਤਾ ਦਾ ਪ੍ਰਗਟਾਵਾ ਕਰਦੀ ਹੈ
ਪ੍ਰੰਤੂ ਇਸਦਾ ਭਾਵ ਇਹ ਵੀ ਹੈ ਕਿ ਅਣਭੋਲ ਪਰਜਾ ਵਿਓਪਾਰੀਆਂ ਅਤੇ
ਸਿਆਸਤਦਾਨਾ ਦੇ ਚੁੰਗਲ ਵਿਚ ਆਪਣੀ ਮਾਸੂਮੀਅਤ ਕਰਕੇ ਫਸ ਜਾਂਦੇ ਹਨ ਕਿਉਂਕਿ
ਉਹ ਉਨ੍ਹਾਂ ਦੀਆਂ ਚਾਲਾਂ ਨੂੰ ਸਮਝਦੇ ਨਹੀਂ। ਉਹ ਗ਼ਜ਼ਲ/ਕਵਿਤਾ ਹੈ-
ਚੋਗ ਚੁਗਦੇ ਹੀ ਪਿੰਜਰੇ ‘ਚ ਫਸ ਜਾਣਗੇ, ਇਹ ਪਰਿੰਦੇ ਸਿਆਸਤ ਨਹੀਂ
ਜਾਣਦੇ। ਚੋਗ ਹੈ ਜਾਂ ਗ਼ੁਲਾਮੀ ਦਾ ਆਗਾਜ਼ ਹੈ, ਇਹ ਵਿਚਾਰੇ ਹਕੀਕਤ ਨਹੀਂ
ਜਾਣਦੇ।
ਇਸ ਪੁਸਤਕ ਵਿਚਲੀਆਂ ਬਹੁਤੀਆਂ ਗ਼ਜ਼ਲਾਂ/ਕਵਿਤਾਵਾਂ ਸਮਾਜਿਕ
ਸਰੋਕਾਰਾਂ ਨਾਲ ਸੰਬੰਧਤ ਹਨ, ਜਿਨ੍ਹਾਂ ਵਿਚ ਭਰਿਸ਼ਟਾਚਾਰ, ਗ਼ਰੀਬੀ, ਸਿਆਸਤ,
ਨਸ਼ੇ, ਕਿਸਾਨਾ ਦੀਆਂ ਆਤਮ ਹੱਤਿਆਵਾਂ, ਦਹਿਸ਼ਤਗਰਦੀ, ਤਿੜਕਦੇ ਰਿਸ਼ਤੇ, ਜ਼ਾਤ
ਪਾਤ, ਭਰੂਣ ਹੱਤਿਆ, ਧਾਰਮਿਕ ਕੱਟੜਤਾ ਅਤੇ ਇਸਤਰੀਆਂ ਦੀ ਜਦੋਜਹਿਦ ਵਾਲੀ
ਜ਼ਿੰਦਗੀ ਦੀ ਤ੍ਰਾਸਦੀ ਨਾਲ ਸੰਬੰਧਤ ਹਨ।
ਉਸਦੀਆਂ
ਗ਼ਜ਼ਲਾਂ/ਕਵਿਤਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰੋਕਾਰਾਂ ਦੀਆਂ ਗੱਲਾਂ ਵੀ
ਕਰਦੀਆਂ ਹਨ। ਇਸ ਪੁਸਤਕ ਵਿਚਲੀਆਂ 66 ਗ਼ਜ਼ਲਾਂ/ਕਵਿਤਾਵਾਂ ਵਿਚੋਂ 40 ਵਿਚ
ਕਵਿਤਰੀ ਮੁਹੱਬਤ ਦੇ ਗੀਤ ਗਾਉਂਦੀ ਨਜ਼ਰ ਆਉਂਦੀ ਹੈ। ਲਗਪਗ ਉਸਦੀ ਹਰ
ਗ਼ਜ਼ਲ/ਕਵਿਤਾ ਵਿਚ ਦੋ ਰੰਗ ਸਮਾਜਿਕ ਸਰੋਕਾਰ ਅਤੇ ਇਸ਼ਕ ਮੁਹੱਬਤ ਦੇ ਤਾਂ
ਵੇਖਣ ਨੂੰ ਮਿਲਦੇ ਹੀ ਹਨ। ਕਈ ਵਾਰ ਇਕ ਗ਼ਜ਼ਲ/ਕਵਿਤਾ ਵਿਚ ਹੀ ਕਈ ਰੰਗ ਵੇਖਣ
ਨੂੰ ਮਿਲਦੇ ਹਨ। ਕਈ ਥਾਵਾਂ ਤੇ ਬਿਰਹਾ ਪ੍ਰਧਾਨ ਹੈ, ਜਦੋਂ ਉਸਦੀ ਕਵਿਤਾ
ਨਿਹੋਰੇ, ਮੇਹਣੇ ਅਤੇ ਰੋਸੇ ਕਰਦੀ ਹੈ।
ਕਵਿਤਰੀ ਇਨਸਾਨੀਅਤ ਦੀ
ਮਹੱਤਤਾ ਨੂੰ ਸਮਝਦੀ ਹੋਈ ਆਪਣੀਆਂ ਰਚਨਾਵਾਂ ਵਿਚ ਆਪਸੀ ਪਿਆਰ, ਸਤਿਕਾਰ
ਅਤੇ ਮੁਹੱਬਤ ਬਣਾਈ ਰੱਖਣ ਦੀ ਤਾਕੀਦ ਕਰਦੀ ਹੈ। ਚੜ੍ਹਦੇ ਅਤੇ ਲਹਿੰਦੇ
ਪੰਜਾਬ ਦੀ ਵੰਡ ਦਾ ਸੇਕ ਅਤੇ ਸੰਤਾਪ ਵੀ ਉਸਦੀਆਂ ਰਚਨਾਵਾਂ ਵਿਚੋਂ ਆਉਂਦਾ
ਹੈ।
ਕਵਿਤਰੀ ਦੀਆਂ ਬਹੁਤੀਆਂ ਕਵਿਤਾਵਾਂ/ਗ਼ਜ਼ਲਾਂ ਪੰਜਾਬ ਦੀ
ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਸਥਿਤੀ ਨਾਲ ਸੰਬੰਧਤ ਹਨ।
ਜੇਕਰ ਇਉਂ ਕਹਿ ਲਿਆ ਜਾਵੇ ਕਿ ਉਸਨੂੰ ਆਪਣੀ ਮਾਤ ਭੂਮੀ ਦਾ ਹੇਰਵਾ
ਆਸਟਰੇਲੀਆ ਵਿਚ ਬੈਠੀ ਨੂੰ ਸਤਾ ਰਿਹਾ ਹੈ ਤਾਂ ਕੋਈ ਅਤਕਥਨੀ ਨਹੀਂ
ਹੋਵੇਗੀ।
ਕੁਲਜੀਤ ਕੌਰ ਗ਼ਜ਼ਲ ਦੀਆਂ ਰਚਨਾਵਾਂ ਵਿਚ ਇਸ਼ਕ-ਮੁਸ਼ਕ ਅਤੇ
ਪਿਆਰ-ਮੁਹੱਬਤ ਦੀ ਕਨਸੋਅ ਆ ਕੇ ਖ਼ੁਸ਼ਬੂ ਫੈਲਾਉਂਦੀ ਹੋਈ ਇਨਸਾਨੀਅਤ ਨੂੰ
ਸਰਸਾਰ ਕਰ ਜਾਂਦੀ ਹੈ। ਕਈ ਵਾਰੀ ਉਹ ਅਜਿਹੀਆਂ ਭਾਵਨਾਵਾਂ ਵਿਚ ਵਹਿਣ ਵਾਲੀ
ਰਚਨਾ ਕਰਦੀ ਹੈ, ਜਿਹੜੀ ਪਾਠਕ ਨੂੰ ਕੀਲ ਕੇ ਰੱਖ ਲੈਂਦੀ ਹੈ। ਪਾਠਕ ਵੀ
ਭਾਵਨਾਵਾਂ ਦੇ ਵਹਿਣ ਵਿਚ ਦਰਿਆ ਦੇ ਪਾਣੀ ਤਰ੍ਹਾਂ ਵਹਿਣ ਲੱਗ ਜਾਂਦਾ ਹੈ।
ਉਸਦੀ ਕਮਾਲ ਇਸ ਗੱਲ ਵਿਚ ਹੈ ਕਿ ਉਹ ਆਪਣੀ ਗ਼ਜ਼ਲ/ਕਵਿਤਾ ਵਿਚ ਕਈ ਵਿਸ਼ੇ ਬੜੇ
ਸਲੀਕੇ ਨਾਲ ਛੋਂਹਦੀ ਹੋਈ ਮਾਨਵਤਾ ਦੇ ਦਿਲ ਨੂੰ ਟੁੰਬ ਲੈਂਦੀ ਹੈ। ਸਮਾਜ
ਵਿਚ ਕਿਸ ਤਰ੍ਹਾਂ ਟਕਰਾਓ ਦੀ ਸਥਿਤੀ ਬਣ ਗਈ ਹੈ, ਇਨਸਾਨ ਜੀਵਨ ਜਿਓਣ ਲਈ
ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਕਿਵੇਂ ਝਗੜ ਰਹੇ ਹਨ, ਉਸਦਾ ਜ਼ਿਕਰ ਕਰਦੀ
ਉਹ ਲਿਖਦੀ ਹੋਈ ਪੰਜਾਬ ਲਈ ਦੁਆ ਹੈ -
ਕਿਵੇਂ ਜਲ, ਥਲ, ਹਵਾ
ਤਿੰਨੇ ਮੈਦਾਨੇ ਜੰਗ ਬਣ ਗਏ ਨੇ, ਨਾ ਦੁਨੀਆਂ ਇੰਝ ਫ਼ਨਾ ਹੋਵੇ, ਮੈਂ
ਦਾਤੇ ਤੋਂ ਦੁਆ ਮੰਗਾਂ।
ਜ਼ਾਤ ਪਾਤ, ਗ਼ਰੀਬੀ ਅਮੀਰੀ, ਸਰਹੱਦਾਂ ਦੀ
ਵੰਡ, ਲੜਾਈ ਝਗੜੇ ਅਤੇ ਸਮਾਜਕ ਬਰਾਬਰੀ ਦੀ ਕਾਮਨਾ ਕਰਦੀ ਹੋਈ ਹਰ ਇਕ ਦਾ
ਭਲਾ ਹੋਵੇ ਕਵਿਤਾ/ਗ਼ਜ਼ਲ ਵਿਚ ਲਿਖਦੀ ਹੈ-
ਇਹ ਯੁਧ ਕਾਲੇ ਤੇ ਗੋਰੇ
ਦਾ, ਤੇ ਯੱਭ ਵੀਜ਼ੇ ਕਰੰਸੀ ਦਾ, ਇਨ੍ਹਾਂ ਦਾ ਖ਼ਾਤਮਾ ਹੋਵੇ, ਮੈਂ ਦਾਤੇ
ਤੋਂ ਦੁਆ ਮੰਗਾਂ। ਸਦਾ ਲਈ ਮਿਟ ਜਾਵੇ ਪਾੜਾ, ਅਮੀਰੀ ਗ਼ਰੀਬੀ ਦਾ,
ਬਰਾਬਰ ਹੱਕ ਅਦਾ ਹੋਵੇ, ਮੈਂ ਦਾਤੇ ਤੋਂ ਦੁਆ ਮੰਗਾਂ। ਮਿਲੇ ਸਭ ਨੂੰ
ਬਰਾਬਰ ਹੀ ਮਕਾਨ, ਕਪੜਾ, ਹਵਾ, ਰੋਟੀ। ਨਾ ਵੱਧ ਕੇ ਲਾਲਸਾ ਹੋਵੇ, ਮੈਂ
ਦਾਤੇ ਤੋਂ ਦੁਆ ਮੰਗਾਂ।
ਕੁਲਜੀਤ ਕੌਰ ਗ਼ਜ਼ਲ ਦੀ ਇਨ੍ਹਾਂ
ਗ਼ਜ਼ਲਾਂ/ਕਵਿਤਾਵਾਂ ਨੂੰ ਪੜ੍ਹਕੇ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਉਹ
ਸਮਾਜਕ ਬਰਾਬਰੀ, ਪ੍ਰੇਮ ਪਿਆਰ, ਸਦਭਾਵਨਾ, ਧੋਖਾ ਫ਼ਰੇਬ ਤੋਂ ਰਹਿਤ,
ਮਹੱਬਤਾਂ ਵਿਚ ਪਰੁਚੇ ਸਮਾਜ ਦੀ ਕਾਮਨਾ ਕਰਦੀ ਹੈ, ਜਿਥੇ ਨਾ ਕੋਈ ਲੜਾਈ
ਝਗੜਾ, ਨਾ ਹੀ ਧਾਰਮਿਕ ਕੱਟੜਤਾ, ਦਹਿਸ਼ਤਗਰਦੀ ਤੋਂ ਰਹਿਤ, ਇਸਤਰੀਆਂ ਨੂੰ
ਸਤਿਕਾਰ ਤੇ ਪਿਆਰ ਮਿਲੇ, ਭਰਿਸ਼ਟਾਚਾਰ ਤੋਂ ਮੁਕਤ, ਸਿਆਸਤਦਾਨ ਸੱਚੀ ਤੇ
ਇਮਾਨਦਾਰੀ ਦੀ ਸਿਆਸਤ ਕਰਨ, ਨਫ਼ਰਤ ਤੇ ਹਓਮੈ ਤੋਂ ਛੁਟਕਾਰਾ ਹੋਵੇ, ਦੋਸਤੀ
ਦਾ ਪਰਵਾਹ ਹੋਵੇ, ਆਦਿ ਉਸਦੀਆਂ ਪਹਿਲਤਾਵਾਂ ਹਨ।
ਕੁਲਜੀਤ ਕੌਰ
ਗ਼ਜ਼ਲ ਦਾ ਜੱਦੀ ਪਿੰਡ ਅੰਮ੍ਰਿਤਸਰ ਜਿਲ੍ਹੇ ਵਿਚ ਤਲਵੰਡੀ ਖੁੰਮਣ ਹੈ ਜਿਹੜਾ
ਇਲਾਕਾ ਕਿਸੇ ਸਮੇਂ ਧਾਰਮਿਕ ਦਹਿਸ਼ਤਗਰਦੀ ਦਾ ਕੇਂਦਰ ਰਿਹਾ ਹੈ। ਇਸ ਕਰਕੇ
ਉਸਦੀਆਂ ਰਚਨਾਵਾਂ ਦਰਸਾਉਂਦੀਆਂ ਹਨ ਕਿ ਕਿਵੇਂ ਨੌਜਵਾਨ ਬੱਚੇ ਜਿਨ੍ਹਾਂ ਨੇ
ਪੈਨਸਿਲਾਂ ਪਕੜਨੀਆਂ ਸਨ, ਉਨ੍ਹਾਂ ਨੂੰ ਖੰਜਰਾਂ ਫੜਨ ਲਈ ਮਜ਼ਬੂਰ ਹੋਣਾ
ਪਿਆ। ਉਹ ਅਜਿਹੀਆਂ ਕਾਰਵਾਈਆਂ ਤੋਂ ਖਹਿੜਾ ਛੁਡਾਉਣ ਦੀ ਗੱਲ ਵੀ ਕਰਦੀ ਹੈ
ਜਿਸਤੋਂ ਉਸਦੇ ਪੰਜਾਬੀ ਮੋਹ ਦਾ ਪ੍ਰਗਟਾਵਾ ਹੁੰਦਾ ਹੈ। ਉਹ ਲਿਖਦੀ ਹੈ-
ਤੂੰ ਦਹਿਸ਼ਤਗਰਦਾ ਹਰ ਘਰ ਨੂੰ ਹੈ ਖੰਡਰ ਬਣਾ ਦਿੱਤਾ, ਤੂੰ ਪੈਨਸਿਲ
ਦੀ ਜਗ੍ਹਾ ਬੱਚਿਆਂ ਲਈ ਖੰਜ਼ਰ ਬਣਾ ਦਿੱਤਾ। ਤੇਰੇ ਭਗਤਾਂ ਤੇਰੇ ਲੋਕਾਂ
ਨੂੰ ਹੁਣ ਠੱਗਣ ਲਈ ਰੱਬਾ, ਕਿਤੇ ਮਸਜਿਦ ਬਣਾ ਦਿੱਤੀ, ਕਿਤੇ ਮੰਦਿਰ
ਬਣਾ ਦਿੱਤਾ।
ਕਵਿਤਰੀ ਦੀਆਂ ਸਮੁੱਚੀਆਂ ਰਚਨਾਵਾਂ ਪੜ੍ਹਨ ਤੋਂ
ਮਹਿਸੂਸ ਹੁੰਦਾ ਹੈ ਕਿ ਸਰਕਾਰੀ ਪ੍ਰਬੰਧਕੀ ਢਾਂਚੇ ਦੀ ਕਾਰਗੁਜ਼ਾਰੀ ਤੋਂ
ਖ਼ੁਸ਼ ਨਹੀਂ ਇਸ ਕਰਕੇ ਉਹ ਸਿਆਸਤਦਾਨਾ ਅਤੇ ਲਾਲ ਫੀਤਾ ਸ਼ਾਹੀ ਦੀ ਮਿਲੀ ਭੁਗਤ
ਤੇ ਵੀ ਵਿਅੰਗ ਕਰਦੀ ਲਿਖਦੀ ਹੈ-
ਇਹ ਕੁੱਤੀ ਚੋਰ ਦੋਵੇਂ ਸ਼ਾਮ ਪਈ
ਤੇ ਇਕ ਹੋ ਜਾਂਦੇ, ਸੁਬ੍ਹਾ ਤੱਕ ਸੁੱਤਿਆਂ ਲੋਕਾਂ ਦੇ ਖੀਸੇ ਫੋਲ
ਜਾਂਦੇ ਨੇ।
ਕਵਿਤਰੀ ਆਪਣੀਆਂ ਕਵਿਤਾਵਾਂ/ਗ਼ਜ਼ਲਾਂ ਵਿਚ ਇਹ ਵੀ
ਕਹਿੰਦੀ ਹੈ ਕਿ ਨਫ਼ਰਤ ਨਾਲ ਕਿਸੇ ਸਮੱਸਿਆ ਦਾ ਹਲ ਨਹੀਂ ਕੀਤਾ ਜਾ ਸਕਦਾ
ਸਗੋਂ ਪਿਆਰ ਇਕ ਅਜਿਹਾ ਹਥਿਆਰ ਹੈ ਜਿਸਦੀ ਸੱਟ ਨਾਲ ਜ਼ਖ਼ਮ ਵੀ ਨਹੀਂ ਹੁੰਦਾ
ਅਤੇ ਨਾ ਹੀ ਮਰਮ ਪੱਟੀ ਕਰਨ ਦੀ ਲੋੜ ਪੈਂਦੀ ਹੈ ਸਗੋਂ ਸਕੂਨ ਮਿਲਦਾ ਹੈ।
ਪਿਆਰ ਹਰ ਬਿਮਾਰੀ ਦਾ ਬਿਨਾ ਦਵਾਈ ਇਲਾਜ ਹੈ। ਇਕ ਥਾਂ ਲਿਖਦੀ ਹੈ-
ਹੁੰਦੀ ਨਫਰਤ ਹੀ ਨਹੀਂ ਹਰ ਇੱਕ ਝਗੜੇ ਦਾ ਇਲਾਜ, ਹਰ ਸਮੱਸਿਆ
ਪਿਆਰ ਸੰਗ ਸੁਲਝਾ ਕੇ ਤਾਂ ਵੇਖੀਂ ਕਦੇ।
ਪਰਵਾਸ ਵਿਚਲੀ ਜ਼ਿੰਦਗੀ
ਦੀ ਜਦੋਜਹਿਦ ਅਤੇ ਮਾਨਸਿਕ ਦਰਦ ਜੋ ਆਪਣਿਆਂ ਤੋਂ ਦੂਰ ਹੋਣ ਤੇ ਪੈਦਾ
ਹੁੰਦਾ ਹੈ, ਉਸਦਾ ਹੰਦੇਸਾ ਕੁਲਜੀਤ ਦੀਆਂ ਰਚਨਾਵਾਂ ਵਿਚ ਵੇਖਣ ਨੂੰ ਹੀ
ਨਹੀਂ ਮਿਲਦਾ ਸਗੋਂ ਉਦਾਸੀ ਵੀ ਪੈਦਾ ਕਰ ਦਿੰਦਾ ਹੈ। ਉਹ ਲਿਖਦੀ ਹੈ ਕਿ-
ਬੜਾ ਔਖਾ ਮਨੁੱਖ ਤਾਈਂ ਬਿਗਾਨੀ ਧਰਤ ਤੇ ਰਹਿਣਾ, ਉਹ ਵੀ ਡਾਲਰਾਂ
ਖ਼ਾਤਰ, ਤੁਸੀਂ ਓਧਰ ਅਸੀਂ ਏਧਰ ਨਾ ਸਿੱਖ ਓਹੀ, ਨਾ ਉਹ ਮੁਸਲਿਮ ਤੇ ਨਾ
ਉਹ ਰਹਿ ਗਏ ਹਿੰਦੂ, ਵਿਛੜ ਗਏ ਮਸਜਿਦ ਮੰਦਰ, ਤੁਸੀਂ ਓਧਰ ਅਸੀਂ ਏਧਰ।
ਪਿਆਸੀ ਖ਼ੂਨ ਦੀ ਇਹ ਮੁੜ ਗ਼ਜ਼ਲ ਆਵੇ ਨਾ ਸੰਤਾਲੀ, ਲੰਘਾਉਂਦੇ ਹਾਂ ਸਮਾਂ
ਡਰ ਡਰ, ਤੁਸੀਂ ਓਧਰ ਅਸੀਂ ਏਧਰ।
ਸਿੱਖ ਧਰਮ ਦੇ ਮੁਦੱਈਆਂ ਵਿਚ ਆਈ
ਗਿਰਾਵਟ ਤੇ ਉਹ ਵਿਅੰਗ ਕਰਦੀ ਹੈ-
ਜਦ ਸਿੱਖਾਂ ਦੀ ਭੀੜ ਵਿਚੋਂ
ਲੰਘਦੇ ਹਾਂ, ਪਗੜੀ ਨੂੰ ਹੱਥ ਘੁੱਟ ਕੇ ਪਾਣਾ ਪੈਂਦਾ ਹੈ।
ਜਿਥੇ
ਕਵਿਤਰੀ ਨੇ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਹੈ, ਉਥੇ ਹੀ ਉਸਨੇ ਮਨੁੱਖੀ
ਮਨ ਵਿਚ ਉਠ ਰਹੀਆਂ ਰੋਮਾਂਟਿਕ ਤਰੰਗਾਂ ਨੂੰ ਵੀ ਬਾਖ਼ੂਬੀ ਆਪਣੀਆਂ ਰਚਨਾਵਾਂ
ਦਾ ਵਿਸ਼ਾ ਬਣਾਇਆ ਹੈ। ਉਹ ਮਹਿਸੂਸ ਕਰਦੀ ਹੈ ਕਿ ਇਸ਼ਕ ਮੁਸ਼ਕ ਇਨਸਾਨ ਦੀ
ਮਾਨਸਿਕ ਤ੍ਰਿਪਤੀ ਲਈ ਅਤਿਅੰਤ ਜ਼ਰੂਰੀ ਹਨ ਪ੍ਰੰਤੂ ਇਸਦੇ ਨਾਲ ਹੀ ਉਹ ਸੱਚੇ
ਸੁੱਚੇ ਪਿਆਰ ਦੀ ਗਵਾਹੀ ਭਰਦੀ ਹੈ। ਉਸ ਦੀਆਂ ਕਵਿਤਾਵਾਂ/ਗ਼ਜ਼ਲਾਂ ਤੋਂ ਪਤਾ
ਲਗਦਾ ਹੈ ਕਿ ਇਸ਼ਕ ਦੇ ਪਾਂਧੀ ਨੂੰ ਅਨੇਕਾਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ
ਪੈਂਦਾ ਹੈ। ਸੱਚੇ ਆਸ਼ਕ-ਮਸ਼ੂਕ ਨੂੰ ਅਜਿਹੀਆਂ ਮੁਸ਼ਕਲਾਂ ਤੋਂ ਨਾ ਡਰਨ ਦੀ
ਤਾਕੀਦ ਵੀ ਕਰਦੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਅਜਿਹਾ ਪਿਆਰ ਕੀ ਜਿਸ
ਵਿਚ ਖੱਜਲ ਖ਼ੁਆਰੀ ਨਾ ਹੋਵੇ। ਪਿਆਰ ਪਰੁਤੇ ਪੰਛੀ ਤਾਂ ਦਿਨ ਵਿਚ ਹੀ ਕਈ
ਵਾਰ ਮਰਦੇ ਤੇ ਜਿਉਂਦੇ ਹਨ।
ਕੁਲਜੀਤ ਕੌਰ ਗ਼ਜ਼ਲ ਦੀਆਂ ਇਸ਼ਕ-ਮੁਸ਼ਕ
ਨਾਲ ਸੰਬੰਧਤ ਗ਼ਜ਼ਲ/ਕਵਿਤਾ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ-
ਉਮਰ
ਕਦੋਂ ਹੈ ਵੇਖਦੀ ਰੂਹਾਂ-ਰੂਹਾਂ ਦੀ ਦੋਸਤੀ, ਮਿਲਦਾ ਹੈ ਕਰਮਾਂ ਨਾਲ
ਹੀ ਇਕ ਰੂਹ ਨੂੰ ਰੂਹ ਦਾ ਹਾਣ ਵੇ। ਗਿਲਾ ਨਾ ਕਰ ਪਤੰਗੇ ਇਹ ਤਾਂ ਉਸਦਾ
ਹੱਕ ਬਣਦਾ ਹੈ, ਜੋ ਚੁੰਮਦਾ ਹੈ ਸ਼ਮ੍ਹਾ ਤਾਈਂ, ਸ਼ਮ੍ਹਾ ਉਸਨੂੰ ਜਲਾ
ਦੇਵੇ। ਬੜਾ ਪਛਤਾ ਲਿਆ ਹੁਣ ਤਾਂ ਅਗਾਂਹ ਤੌਬਾ ਮੇਰੀ ਤੌਬਾ, ਬੜਾ
ਕੌੜਾ ਹੈ ਲੋਕੋ ਇਸ਼ਕ, ਭਾਵੇਂ ਗੁੜ ਤੋਂ ਵੀ ਮਿੱਠਾ ਹੈ। ਇਸ਼ਕ ਦੀ ਆਦਤ
ਬੁਰੀ ਕੋਠੇ ਤੇ ਚੜ੍ਹਕੇ ਨੱਚਣਾ, ਇਸ਼ਕ ਨੂੰ ਸੂਲੀ ਚੜ੍ਹਾਉਣਾ ਰੀਤ ਹੈ
ਸੰਸਾਰ ਦੀ। ਉਹਦਾ ਪਿਆਰ ਸੱਚਾ ਨਹੀਂ ਹੈ ਕਿ ਜਿਹੜਾ, ਮੁਹੱਬਤ ‘ਚ
ਹੋਇਆ ਸ਼ੁਦਾਈ ਨਹੀਂ ਹੈ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ
ਕੁਲਜੀਤ ਕੌਰ ਗ਼ਜ਼ਲ ਦੀਆਂ ਗ਼ਜ਼ਲਾਂ/ਕਵਿਤਾਵਾਂ ਦੇ ਵਿਸ਼ਿਆਂ ਦੀ ਵੰਨਗੀ
ਬਿਹਤਰੀਨ ਹੈ। ਭਵਿਖ ਵਿਚ ਕਵਿਤਰੀ ਤੋਂ ਹੋਰ ਚੰਗੀਆਂ ਰਚਨਾਵਾਂ ਦੀ ਉਮੀਦ
ਕੀਤੀ ਜਾ ਸਕਦੀ ਹੈ। ਇਹ ਵੀ ਖ਼ੁਸ਼ੀ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਉਹ
ਪ੍ਰਦੇਸ਼ ਵਿਚ ਬੈਠੀ ਪੰਜਾਬ ਦੀ ਸਥਿਤੀ ਨਾਲ ਬਾਵਾਸਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|