'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼' ਪੁਸਤਕ ਉਹਨਾਂ ਦੇ
ਸਮੁੱਚੇ ਜੀਵਨ ਵਿਚ ਲਿਖੇ ਸਾਹਿਤ ਦਾ ਪੂਰਨ ਅਧਿਐਨ ਕਰਦੀ ਪੁਸਤਕ ਹੈ। ਇਹ
ਪੁਸਤਕ 'ਪੰਜਾਬੀ ਸ਼ਬਦ-ਸਾਂਝ ਕੈਲਗਰੀ' ਕੈਨੇਡਾ ਵੱਲੋਂ ਇਸ ਸੰਸਥਾਂ ਦੇ
ਹੋਂਦ ਵਿਚ ਆਉਣ ਸਮੇਂ ਕੀਤੇ ਪ੍ਰਗਟਾਵੇ ਦੀ ਅਸਲ ਤਸਵੀਰ ਹੈ,ਕਿਉਂਕਿ ਇਸ
ਸੰਸਥਾ ਨੇ ਆਪਣੇ ਉਦੇਸਾਂ ਵਿਚ ਇਕ ਉਦੇਸ਼ ਇਹ ਵੀ ਰੱਖਿਆ ਸੀ ਕਿ ਹਰੇਕ ਸਾਲ
ਕੈਨੇਡਾ ਦੇ ਕਿਸੇ ਇੱਕ ਸਾਹਿਤਕਾਰ ਦੀਆਂ ਰਚਨਾਵਾਂ ਦੇ ਗੰਭੀਰ ਅਧਿਐਨ ਦੇ
ਅਧਾਰਿਤ ਇੱਕ ਪੁਸਤਕ ਪ੍ਰਕਾਸ਼ਿਤ ਕਰਵਾਈ ਜਾਇਆ ਕਰੇਗੀ।
ਇਹ ਪੁਸਤਕ ਪ੍ਰੋ.ਮੋਹਨ ਸਿੰਘ ਔਜਲਾ ਦੀਆਂ ਸੱਤ ਪੁਸਤਕਾਂ ਜਿਸ ਵਿਚ
ਅਨੇਕ ਸੁਪਨੇ, ਯਾਦਾਂ ਦੀਆਂ ਪੈੜਾਂ, ਗ਼ਜ਼ਲਾਂਜਲੀ, ਨਿਰੰਤਰ ਘੋਲ, ਅੰਤਰ
ਵੇਦਨਾ, ਚੇਤੰਨਤਾ ਦੇ ਦੀਪ ਅਤੇ ਵਲਵਲੇ ਬਾਰੇ ਪੰਜਾਬੀ ਸਾਹਿਤ ਦੇ
ਵਿਦਵਾਨਾਂ, ਖੋਜੀਆਂ ਅਤੇ ਗੰਭੀਰ ਚਿੰਤਕਾਂ ਰਾਹੀਂ ਉਹਨਾਂ ਦੀ ਸਮੁੱਚੀ
ਰਚਨਾ ਦਾ ਗੰਭੀਰ ਵਿਸ਼ਲੇਸ਼ਣ ਕਰਕੇ ਪ੍ਰੋ.ਸਾਹਿਬ ਦੀ ਲੇਖਣੀ ਦੇ ਸਫ਼ਰ ਰਾਹੀਂ
ਉਹਨਾਂ ਦੇ ਸਾਹਿਤਕ ਜੀਵਨ ਦੀ ਅਸਲ ਤਸਵੀਰ ਲੱਭਣ ਦਾ ਗੰਭੀਰ ਅਤੇ ਸਫ਼ਲ ਯਤਨ
ਹੈ। ਇਸ ਪੁਸਤਕ ਵਿਚ ਬਾਰਾਂ ਵਿਦਵਾਨਾਂ ਨੇ ਵੱਖ-ਵੱਖ ਕਿਤਾਬਾਂ ਅਤੇ
ਸਮੁੱਚੀ ਰਚਨਾ ਨੂੰ ਇਕ ਥਾਂ ਰੱਖਕੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ।
ਇਹਨਾਂ ਵਿਚ ਡਾ.ਸੁਰਜੀਤ ਸਿੰਘ ਭੱਟੀ, ਡਾ.ਹਰਭਜਨ ਸਿੰਘ ਢਿੱਲੋਂ,
ਡਾ.ਕੁਲਦੀਪ ਸਿੰਘ ਢਿੱਲੋਂ, ਬਲਬੀਰ ਕੌਰ ਸੰਧੂ, ਡਾ.ਬਲਵਿੰਦਰ ਕੌਰ
ਬਰਾੜ,ਡਾ.ਪਰਦੀਪ ਕੌਰ, ਡਾ.ਪਰਮਿੰਦਰ ਸਿੰਘ, ਡਾ.ਮੁਖਤਿਆਰ ਸਿੰਘ
ਬੱਡੂਵਾਲੀਆ, ਡਾ.ਮਨਜਿੰਦਰ ਸਿੰਘ, ਰਘਵੀਰ ਸਿੰਘ ਟੇਰਕਿਆਨਾ, ਲਖਬੀਰ ਸਿੰਘ
ਰਿਆੜ ਅਤੇ ਡਾ.ਰਾਜਿੰਦਰ ਪਾਲ ਸਿੰਘ ਦੇ ਨਾਮ ਸ਼ਾਮਿਲ ਹਨ।
ਇਸ ਪੁਸਤਕ ਬਾਰੇ ਗੱਲ ਕਰਨ ਦਾ ਮਤਲਬ ਹੈ ਪੁਸਤਕ ਵਿਚ ਵਿਦਵਾਨਾਂ
ਦੁਆਰਾਂ ਉਹਨਾਂ ਦੀਆਂ ਰਚਨਾਵਾਂ ਦੇ ਗੰਭੀਰ ਚਿੰਤਨ ਰਾਹੀਂ ਉਹਨਾਂ ਦੀ ਜੋ
ਸਾਹਿਤਕ ਸਖ਼ਸ਼ੀਅਤ ਦੇ ਦਰਸ਼ਨ ਹੁੰਦੇ ਹਨ ਉਸ ਦਾ ਮੁਲ੍ਹਾਕਣ ਕਰਨਾ। ਮੇਰੇ ਲਈ
ਨਿੱਜੀ ਤੌਰ ਤੇ ਪਹਿਲਾ ਸਵਾਲ ਇਸ ਪੁਸਤਕ ਨੂੰ ਵਿਚਾਰਨ ਤੋਂ ਪਹਿਲਾ ਇਹ ਸੀ
ਕਿ ਮੈਂ ਲੱਗ-ਭੱਗ ਦਸ ਸਾਲ ਉਹਨਾਂ ਨੂੰ ਕੈਲਗਰੀ ਦੀਆਂ ਸਾਹਿਤਕ ਸੰਸਥਾਵਾਂ
ਵਿਚ ਰਚਨਾਵਾਂ ਪੜ੍ਹਦਿਆਂ ਨੂੰ ਸਟੇਜ ਤੋਂ ਸੁਣਿਆ ਸੀ ਅਤੇ ਇਹ ਤਸਵੀਰ ਮੇਰੇ
ਮਨ ਵਿਚ ਉਹਨਾਂ ਦੀ ਬਣੀ ਸੀ ਹੋਈ ਸੀ ਕਿ ਉਹ ਕਿਸੇ ਇਕ ਵਿਚਾਰਧਾਰਾਂ ਦੇ
ਬੱਝੇ ਕਵੀ ਨਹੀਂ ਹਨ ਬਲਕਿ ਧਰਮ ਤੋਂ ਲੈ ਕੇ ਹਰ ਉਸ ਵਿਚਾਰਧਾਰਾ ਦੇ ਹਾਮੀ
ਹਨ ਜੋ ਮਨੁੱਖਤਾ ਦੇ ਹੱਕ ਵਿਚ ਖੜ੍ਹੇ। ਮੇਰੇ ਜ਼ਿਹਨ ਵਿਚ ਇਹ ਤਸਵੀਰ ਸਿਰਫ਼
ਉਹਨਾਂ ਦੀਆਂ ਰਚਨਾਵਾਂ ਸਟੇਜ ਤੋਂ ਸੁਣਕੇ ਹੀ ਬਣੀ ਹੋਣ ਦਾ ਕਾਰਨ ਇਹ ਸੀ
ਕਿ ਉਹਨਾਂ ਦੀ ਕੋਈ ਵੀ ਕਿਤਾਬ ਨਹੀਂ ਛਪੀ ਸੀ ਜਿਸ ਦਾ ਮੁੱਖ ਬੰਦ ਜਾਂ
ਉਹਨਾਂ ਦੇ ਆਪਣੇ-ਆਪਣੀ ਰਚਨਾਂ ਦੇ ਖੇਤਰ ਬਾਰੇ ਵਿਚਾਰ ਜਾਣੇ ਜਾ ਸਕਣ।
ਮੇਰਾ ਕੰਮ ਆਪਣੇ ਜ਼ਿਹਨ ਵਿਚਲੇ ਪ੍ਰੋ.ਮੋਹਨ ਸਿੰਘ ਔਜਲਾ ਦੇ ਸਾਹਿਤਕ
ਕੱਦ ਬਾਰੇ ਲਿਖਣਾ ਨਹੀਂ ਬਲਕਿ ਇਸ ਕਿਤਾਬ ਵਿਚ ਵਿਦਵਾਨਾਂ ਦੁਆਰਾ
ਪਰਖੇ-ਪੜਚੋਲੇ ਪ੍ਰੋ.ਮੋਹਨ ਸਿੰਘ ਔਜਲਾ ਦੇ ਸਾਹਿਤ ਬਾਰੇ ਆਪਣੀ ਸਮਝ
ਅਨੁਸਾਰ ਚਰਚਾ ਕਰਨਾ ਹੈ।
ਇਸ ਪੁਸਤਕ ਰਾਹੀਂ ਮੈਂ ਪਹਿਲੀ ਵਾਰ ਉਹ ਜਾਣ ਰਿਹਾ ਜਿਸ ਨੂੰ ਜਾਨਣ ਦੀ
ਚਾਹਤ ਸੀ ਕਿ ਪ੍ਰੋ. ਸਾਹਿਬ ਦੀ ਲੇਖਣੀ ਉਸ
ਸੋਚ ਦੇ ਅਧਾਰਿਤ ਹੈ ਜੋ ਮੇਰੇ ਜ਼ਿਹਨ ਵਿਚ ਬਣੀ ਸੀ ਜਾਂ ਨਹੀਂ। ਇਸ ਦਾ
ਉੱਤਰ ਪੰਨਾ 23 ਉੱਪਰ ਡਾ.ਹਰਭਜਨ ਸਿੰਘ ਢਿੱਲੋਂ ਦੁਆਰਾ ਉਹਨਾਂ ਦੀ ਪੁਸਤਕ
'ਚੇਤੰਨਤਾ ਦੇ ਦੀਪ: ਇਕ ਅਧਿਐਨ' ਅਤੇ ਲੱਗਭੱਗ ਹਰ ਵਿਦਵਾਨ ਦੁਆਰਾ ਉਹਨਾਂ
ਦੇ ਸਾਹਿਤ ਦਾ ਵਿਸ਼ਲੇਸ਼ਣ ਕਰਨ ਵਾਲੇ ਲੇਖਾਂ ਵਿਚ ਸਿੱਧੇ ਜਾਂ ਅਸਿੱਧੇ ਤੌਰ
ਤੇ ਮਿਲਦਾ ਹੈ ਜਿਸ ਦੇ ਅਧਾਰ ਤੇ ਸਭ ਵਿਦਵਾਨਾਂ ਨੇ ਅਧਿਐਨ ਕਰਦੇ ਲੇਖ
ਲਿਖੇ ਹਨ। ਜਦੋ ਉਹ ਪ੍ਰੋ.ਮੋਹਨ
ਸਿੰਘ ਔਜਲਾ ਦੀ ਲੇਖਣੀ ਦਾ ਅਧਿਐਨ ਕਰਨ ਲਈ ਕਵੀ ਦੇ ਆਪਣੀ ਰਚਨਾ ਬਾਰੇ
ਲਿਖੇ ਸ਼ਬਦ ਸਾਂਝੇ ਕਰਦੇ ਹਨ ਕਿ,
"ਮੈਂ ਮਾਰਕਸਵਾਦੀ, ਸਮਾਜਵਾਦੀ, ਆਦਰਸ਼ਵਾਦੀ, ਅਧਿਆਤਮਵਾਦੀ ਅਤੇ ਅਣਜਾਣਪੁਣੇ
ਵਿਚ ਰੁਮਾਂਸਵਾਦੀ ਵੀ ਹਾਂ, ਇਹ ਸਾਰੇ ਰੰਗ ਮੇਰੀ ਕਵਿਤਾ ਵਿਚੋਂ ਮਾਣੇ ਜਾ
ਸਕਦੇ ਹਨ। ਪਰ ਮੇਰਾ ਮਨ ਭਾਉਂਦਾ ਰੰਗ… ਮਾਨਵਵਾਦੀ ਹੈ, ਜਿਸ ਨੇ ਸਮੁੱਚੀ
ਮਾਨਵ ਜਾਤੀ ਨਾਲ ਮੈਂਨੂੰ ਪਿਆਰ ਦੇ ਰੰਗ ਵਿਚ ਪ੍ਰੋਤਾ ਹੈ"
ਇਸ ਪੁਸਤਕ ਵਿਚ ਪਹਿਲਾ ਲੇਖ ਪਹਿਲਾ ਲੇਖ ਡਾ.ਸੁਰਜੀਤ ਸਿੰਘ ਭੱਟੀ ਦਾ
ਹੈ ਜੋ ਪ੍ਰੋ.ਔਜਲਾ ਦੇ ਗ਼ਜ਼ਲ ਸੰਗ੍ਰਹਿ 'ਅਨੇਕ ਸੁਪਨੇ' ਦੇ ਅਧਾਰਿਤ ਹੈ।
ਇਹਨਾਂ ਦਾ ਇਸ ਪੁਸਤਕ ਬਾਰੇ ਲੇਖ ਇਸ ਸੀਮਾ ਵਿਚ ਬੱਝਿਆ ਹੈ ਕਿ 'ਕਿਸੇ
ਕਵੀ/ਗ਼ਜ਼ਲਕਾਰ ਬਾਰੇ ਕੋਈ ਸੰਤੁਲਿਤ ਅਤੇ ਸਮੁੱਚਵਾਦੀ ਰਾਇ ਬਣਾਉਣ ਲਈ ਲੇਖਕ
ਦੀ ਰਚਨਾ ਦੇ ਇਤਿਹਾਸਕ ਵਿਕਾਸ ਨੂੰ ਸਮਝਣਾ ਜਾਂ ਉਸ ਬਾਰੇ ਜਾਣੂ ਹੋਣਾ
ਬਹੁਤ ਜ਼ਰੂਰੀ ਹੈ, ਜੋ ਉਹਨਾਂ ਕੋਲ ਨਹੀਂ, । ਇਸੇ ਸੀਮਾ ਨੂੰ ਅਧਾਰ ਮੰਨਕੇ
ਅਤੇ ਦੂਸਰਾ ਗਿਆਨ ਅਤੇ ਕਾਵਿ-ਸੁਹਜ ਦੀ ਕੋਈ ਵੀ ਧਾਰਨਾ ਨਾ ਅੰਤਿਮ ਹੋ
ਸਕਦੀ ਹੈ ਅਤੇ ਨਾ ਹੀ ਸਪੂੰਰਨ, ਇਹਨਾਂ ਨੂੰ ਅਧਾਰ ਬਣਾਕੇ ਡਾ.ਸੁਰਜੀਤ
ਸਿੰਘ ਭੱਟੀ ਹੋਰਾਂ 'ਅਨੇਕ ਸੁਪਨੇ' ਗ਼ਜ਼ਲ ਸੰਗ੍ਰਹਿ ਦਾ ਅਧਿਐਨ ਕੀਤਾ ਹੈ।
ਜਿਸ ਅਨੁਸਾਰ ਪੂਰੀ ਕਿਤਾਬ ਦਾ ਅਧਿਐਨ ਕਰਦੇ ਉਹ ਇਸ ਸਿੱਟੇ ਤੇ ਪਹੁੰਚਦੇ
ਦਿਖਾਈ ਦਿੰਦੇ ਹਨ ਕਿ ਪ੍ਰੋ.ਮੋਹਨ ਸਿੰਘ ਔਜਲਾ ਦੀ ਰਚਨਾ ਅਤ੍ਰਿਪਤ ਪਿਆਰ,
ਮਨੁੱਖ ਅਤੇ ਮਨੁੱਖ ਵਿਚਕਾਰ ਸਮਾਜਕ ਨਾ-ਬਰਾਬਰੀ ਅਤੇ ਪਰਵਾਸ ਦੀ ਜ਼ਿੰਦਗੀ
ਵਿਚੋਂ ਇਸ ਗ਼ਜ਼ਲ ਸੰਗ੍ਰਹਿ ਦਾ ਜਨਮ ਹੋਇਆ ਹੈ।
ਡਾ.ਹਰਭਜਨ ਸਿੰਘ ਢਿੱਲੋਂ ਦੁਆਰਾ ਉਹਨਾਂ ਦੀ ਪੁਸਤਕ 'ਚੇਤੰਨਤਾ ਦੇ
ਦੀਪ: ਇਕ ਅਧਿਐਨ' ਦੀ ਵੀ ਇਕ ਸੀਮਾ ਕਿ ਇਸ ਪੁਸਤਕ ਨੂੰ ਇਸ ਪੁਸਤਕ ਨੂੰ
ਕਾਵਿ-ਸੰਗ੍ਰਹਿ ਦੇ ਅਧੀਨ ਅਧਿਐਨ-ਵਸਤੂ ਬਣਾਇਆ ਜਾਵੇ ਜਾਂ ਗ਼ਜ਼ਲ-ਸੰਗ੍ਰਹਿ
ਦੇ ਅਧਾਰ ਤੇ ਪਰ ਡਾ. ਹਰਭਜਨ ਸਿੰਘ ਢਿੱਲੋਂ ਰੂਪਾਕਾਰ ਕੱਟੜਤਾ ਦੇ ਅਰਥ
ਪਾਸੇ ਰੱਖਕੇ ਡੂੰਘਾ ਅਧਿਐਨ ਕਰਦੇ ਹਨ। ਇੱਕ ਗੱਲ ਲੱਗਭੱਗ 12 ਦੇ ਬਾਰਾਂ
ਅਧਿਐਨ ਲੇਖਾ ਵਿਚ ਸਾਝੀ ਹੈ ਕਿ ਪ੍ਰੋ. ਮੋਹਨ ਔਜਲਾ ਨੇ ਮਨੁੱਖ ਲਈ ਵਧੀਆ
ਸਮਾਜ ਸਿਰਜਣ ਦੀ ਗੱਲ ਲੱਗਭੱਗ ਹਰ ਕਿਤਾਬ ਵਿਚ ਕੀਤੀ ਹੈ ਅਤੇ ਉਹ ਕਿਸੇ
ਵਿਸ਼ੇਸ਼ ਵਿਚਾਰਧਾਰਾ ਦੇ ਅਧਾਰਿਤ ਨਾ ਹੋਕੇ ਮਾਰਕਸਵਾਦ, ਸਮਾਜਵਾਦ,
ਆਦਰਸ਼ਵਾਦ, ਅਧਿਆਤਮਵਾਦ, ਗੁਰਬਾਣੀ, ਭਗਤੀ ਲਹਿਰ ਅਤੇ ਸੂਫ਼ੀ-ਕਾਵਿ ਦੇ ਅਧਾਰ
ਤੇ ਆਪਣੀ ਰਚਨਾ ਕਰਦਾ ਹੈ ਅਤੇ ਉਹਨਾਂ ਦੀ ਸ਼ੈਲੀ ਸਰਲ ਹੈ ਅਤੇ ਰਚਨਾਵਾਂ
ਵਿਚ ਮੌਲਕਿਤਾ ਹੈ। ਪਰ ਨਾਲ ਹੀ ਹਰ ਹਰ ਵਿਦਵਾਨ ਦੇ ਅਧਿਐਨ ਵਿਚੋਂ ਬਹੁਤ
ਕੁਝ ਅਲੱਗ ਵੀ ਨਿਕਲਕੇ ਸਾਹਮਣੇ ਆਉਂਦਾ ਹੈ ਜਿਵੇਂ,
ਡਾ.ਹਰਭਜਨ ਸਿੰਘ ਢਿੱਲੋ ਦੇ ਪ੍ਰੋ. ਔਜਲਾ ਦੇ ਰੁਮਾਂਸਵਾਦ ਵਰਗੀ
ਮਹੱਤਵਪੂਰਨ ਕਾਵਿ-ਧਾਰਾ ਤੋਂ ਸੁਚੇਤ ਤੌਰ ਤੇ ਆਪਣੇ-ਆਪ ਨੂੰ ਵੱਖ ਰੱਖਣ
ਬਾਰੇ ਵਿਚਾਰ ਜ਼ਿਕਰਯੋਗ ਹਨ, ਕਿਉਂਕਿ ਮਸਲਾ ਸਿਰਫ਼ ਇਸ ਤੋਂ ਕਿਨਾਰਾ ਕਰਨ ਦਾ
ਨਹੀਂ ਬਲਕਿ ਇਸਨੂੰ ਅਣਜਾਣ-ਪੁਣੇ ਨਾਲ ਜੋੜਨ ਦਾ ਹੈ। ਡਾ.ਹਰਭਜਨ ਸਿੰਘ
ਢਿੱਲੋਂ ਨੇ ਇਸ ਕਾਵਿ-ਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ ਕਿ
ਔਜਲਾ ਸਾਹਿਬ ਇਸ ਵਿਚਾਰਧਾਰਾਂ ਨੂੰ ਸ਼ਾਇਦ ਜਵਾਨੀ ਨਾਲ ਜੋੜਕੇ ਹੀ ਦੇਖਦੇ
ਹਨ ਪਰ ਅਸਲ ਵਿਚ ਰੁਮਾਂਸ ਜ਼ਿੰਦਗੀ ਪ੍ਰਤੀ ਨਜ਼ਰੀਏ ਦਾ ਨਾਮ ਹੈ। ਉਹ ਕਹਿੰਦੇ
ਹਨ ਕਿ ਰੁਮਾਂਸਵਾਦੀ ਕਾਵਿ-ਧਾਰਾ ਦੀ ਸੰਸਾਰ ਪੱਧਰ ਤੇ ਇੱਕ ਪ੍ਰਚੰਡ ਲਹਿਰ
ਰਹੀ ਹੈ ਅਤੇ ਹੁਣ ਵੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਾਪਤ ਹੁੰਦੀ ਹੈ ਅਤੇ
ਇਸੇ ਤੋਂ ਅੱਗੇ ਯਥਾਰਥਵਾਦ ਦੇ ਰੂਪਮਾਨ ਹੋਣ ਦੀ ਜ਼ਮੀਨ ਤਿਆਰ ਹੁੰਦੀ ਹੈ।
ਪ੍ਰੋ.ਮੋਹਨ ਸਿੰਘ ਔਜਲਾ ਦੇ ਗ਼ਜ਼ਲ ਲਿਖਣ ਖੇਤਰ ਬਾਰੇ ਆਪਣੇ ਵਿਸਥਾਰਥ
ਅਤੇ ਗੰਭੀਰ ਵਿਚਾਰ ਪੇਸ਼ ਕਰਦਿਆਂ ਡਾ.ਕੁਲਦੀਪ ਸਿੰਘ ਢਿੱਲੋਂ ਵੀ ਉਨਾਂ ਦੀ
ਗ਼ਜ਼ਲ ਦਾ ਘੇਰਾ ਵਿਸ਼ਾਲ ਮਹਿਸੂਸ ਕਰਦੇ ਹਨ ਅਤੇ ਨਾਲ ਉਹਨਾਂ ਦੀ ਗ਼ਜਲ ਨੂੰ
ਸਿੱਧੇ ਰੂਪ ਵਿਚ ਕਿਸੇ ਵਾਦ ਵਿਚ ਬੱਝੀ ਨਹੀਂ ਗਿਣਦੇ। ਉਹਨਾਂ ਦਾ ਅਧਿਐਨਮਈ
ਲੇਖ ਅਸਿੱਧੇ ਢੰਗ ਨਾਲ ਇਹ ਵੀ ਦੱਸਦਾ ਹੈ ਕਿ ਜੇਕਰ ਜਵਾਨੀ ਦੀ ਉਮਰ ਤੋਂ
ਲੇਖਣੀ ਨਾਲ ਜੁੜੇ ਪ੍ਰੋ.ਔਜਲਾ ਆਪਣੀਆਂ ਲਿਖ਼ਤਾਂ ਨੂੰ ਵੀ ਲੇਖਣੀ ਦੀ
ਲਗਾਤਾਰਤਾ ਨਾਲ ਸਮੇਂ-ਸਮੇਂ ਕਿਤਾਬੀ ਰੂਪ ਦਿੰਦੇ ਰਹਿੰਦੇ ਤਾਂ ਆਪਣੇ
ਸਮਕਾਲੀ ਗ਼ਜ਼ਲਕਾਰਾਂ ਵਿਚ ਚਰਚਿਤ ਨਾਮ ਹੁੰਦੇ। ਇਹ ਗੱਲ ਡਾ.ਪਰਮਿੰਦਰ ਸਿੰਘ
ਵੱਲੋਂ ਉਹਨਾਂ ਦੀ ਕਿਤਾਬ 'ਵਲਵਲੇ' ਬਾਰੇ ਪੜਚੋਲ ਕਰਦਾ ਲੇਖ ਪੜਦਿਆਂ ਵੀ
ਮਹਿਸੂਸ ਹੁੰਦੀ ਹੈ ਜਦੋਂ ਉਹ ਕਹਿੰਦੇ ਹਨ ਕਿ 'ਕਾਵਿਕ ਸੁਹਜ ਉਹਨਾਂ ਦੀ
ਗ਼ਜ਼ਲ ਵਿਚੋਂ ਮਨਫ਼ੀ ਹੈ…ਕਾਵਿਕ ਬਿਆਨ ਕਈ ਵਾਰ ਇੰਨ੍ਹਾਂ ਸਾਧਾਰਨ ਹੈ ਕਿ
ਅਹਿਮ ਗੱਲ ਵੀ ਹਲਕੀ ਲੱਗਦੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲਿਖ਼ਣ
ਰੁਚੀ ਵਿਚ ਤਾਂ ਲਗਾਤਾਰਤਾ ਰਹੀ ਹੈ ਉਹਨਾਂ ਨੂੰ ਸਮੇਂ-ਸਮੇਂ ਤੇ ਕਿਤਾਬੀ
ਰੂਪ ਨਾ ਦੇਣ ਕਾਰਨ ਉਹਨਾਂ ਦੀ ਰਚਨਾ ਦਾ ਲਗਾਤਾਰ ਅਧਿਐਨ ਅਤੇ ਅਲੋਚਨਾ ਨਾ
ਹੋਣ ਕਾਰਨ ਉਹ ਬਹੁਤ ਕੁਝ ਅਜਿਹਾ ਕਰਨ ਤੋਂ ਵਾਂਝੇ ਰਹੇ ਜੋ ਉਹ ਕਰ ਸਕਦੇ
ਸਨ ਅਤੇ ਕਾਵਿਕ ਬਿਆਨ ਅਤੇ ਹੋਰ ਨਿੱਗਰਤਾ ਉਹ ਆਪਣੀ ਲੇਖਣੀ ਵਿਚ ਲਿਆ ਸਕਦੇ
ਸਨ।
ਡਾ.ਬਲਵਿੰਦਰ ਕੌਰ ਬਰਾੜ ਨੇ ਉਹਨਾਂ ਦੀਆਂ ਦੋ ਪੁਸਤਕਾਂ ਨਿਰੰਤਰ ਘੋਲ
ਅਤੇ ਅੰਤਰ ਵੇਦਨਾ ਨੂੰ ਆਪਣੇ ਅਧਿਐਨਮਈ ਲੇਖ 'ਸੰਘਰਸ਼ ਦਾ ਹੋਕਾ ਦਿੰਦਾ
ਕਾਵਿ: ਨਿਰੰਤਰ ਘੋਲ ਅਤੇ ਅੰਤਰ ਵੇਦਨਾ' ਦਾ ਹਿੱਸਾ ਬਣਾਇਆ ਹੈ ਪਰ ਉਹ ਇਸ
ਕਿਆਸ ਨੂੰ ਅਧਾਰ ਬਣਾਕੇ ਗੱਲ ਕਰਦੇ ਹਨ ਕਿ ਇਹਨਾਂ ਦੋਹਾਂ ਪੁਸਤਕਾਂ ਦੇ
ਛਪਣ ਦਾ ਸਾਲ ਇਕੋ ਹੈ ਤੇ ਇਸ ਹਿਸਾਬ ਨਾਲ ਇਹਨਾਂ ਦੋਹਾਂ ਪੁਸਤਕਾਂ
ਵਿਚਲੀਆਂ ਗ਼ਜਲਾਂ ਦਾ ਸਿਰਜਨਕਾਲ ਵੀ ਨੇੜੇ-ਤੇੜੇ ਹੀ ਹੋਵਗੇ। ਦੂਸਰਾ ਉਹਨਾਂ
ਨੇ ਪ੍ਰੋ.ਅੋਜਲਾ ਦੇ ਇਹ ਸ਼ਬਦ ਵੀ ਕੋਟ ਕੀਤੇ ਹਨ ਕਿ "ਗ਼ਜ਼ਲ ਦੀ ਤਕਨੀਕ,
ਤਕਤੀਹ ਅਤੇ ਵਿਸ਼ੇ ਬਾਰੇ ਜਾਣੂ ਹੋਣ ਉਪਰੰਤ ਮੈਂ ਆਪਣੀ ਤਬੀਅਤ ਮੁਤਾਬਿਕ
ਅਨੇਕਾਂ ਖੁੱਲ੍ਹਾਂ ਮਾਣੀਆਂ ਹਨ। ਵਿਸ਼ੇ ਵਸਤੂ ਦੀ ਜ਼ਿਹਨੀ ਗੁਲਾਮੀ ਪ੍ਰਵਾਨ
ਨਹੀਂ ਕੀਤੀ।" ਇਸਦਾ ਮਤਲਬ ਹੈ ਕਿ ਉਹਨਾਂ ਦਾ ਅਧਿਐਨ ਵਿਸ਼ੇ ਤੇ ਕੇਂਦਰਿਤ
ਹੈ ਨਾ ਕਿ ਗ਼ਜ਼ਲ ਦੀ ਤਕਨੀਕ ਉੱਪਰ। ਇਹਨਾਂ ਪੁਸਤਕਾਂ ਵਿਚ ਭੂ-ਹੇਰਵੇਂ ਤੋਂ
ਲੈ ਕੇ ਮਨੁੱਖ ਦੀ ਨਿੱਜੀ ਪ੍ਰਾਪਤੀਆਂ ਲਈ ਵਧ ਰਹੀ ਆਪੋ-ਧਾਪੀ, ਧਾਰਮਿਕ
ਆਗੂਆਂ ਦਾ ਝੂਠਾ ਕਿਰਦਾਰ, ਆਰਥਿਕ ਪਾੜਾ ਆਦਿ ਵਿਸ਼ੇ ਦੀਆਂ ਗ਼ਜਲਾਂ ਦੀ
ਪੜਚੋਲ ਕਰਦਿਆਂ ਅਧਿਐਨ ਕਰਤਾ ਨੇ ਇਹ ਸਿੱਟਾ ਕੱਢਿਆ ਹੈ ਕਿ ਗਜ਼ਲਾਂ ਮਨੁੱਖ
ਨੂੰ ਸਬਰ-ਸੰਤੋਖ, ਵਧੀਆ ਮਨੁੱਖ ਬਨਣ ਤੋਂ ਲੈ ਕੇ ਕਿਰਤੀ ਲੋਕਾਂ ਦੇ ਹੱਕ
ਵਿਚ ਭੁਗਤਦੀਆਂ ਹਨ ਪਰ ਕਾਵਿ ਉਡਾਰੀਆਂ ਵਿਚ ਅੱਥਰੇਪਣ ਦੀ ਥਾਂ ਠਰੇ ਹੋਏ
ਅਤੇ ਰਸੀ ਪੱਕੀ ਸਿਆਣਪ ਵਾਲੇ ਸੁਲਝੇ ਪੱਕੇ ਅਹਿਸਾਸ ਹਨ। ਡਾ.ਪਰਦੀਪ ਕੌਰ
ਬਰਾੜ ਵੀ ਉਹਨਾਂ ਦੀ ਪੁਸਤਕ 'ਨਿਰੰਤਰ ਘੋਲ' ਦਾ ਅਧਿਐਨ ਕਰਦਿਆਂ ਉਹਨਾਂ ਦੀ
ਰਚਨਾ ਦਾ ਕੇਂਦਰ ਬਿੰਦੂ 'ਮਾਨਵਵਾਦ' ਮੰਨਦੀ ਹੈ। ਬਲਵੀਰ ਕੌਰ ਸੰਧੂ ਉਹਨਾਂ
ਦੀ ਪੁਸਤਕ 'ਚੇਤੰਨਤਾ ਦੇ ਦੀਪ' ਨੂੰ ਵਿਚਾਰਦਿਆਂ ਕਵੀ ਨੂੰ ਮਾਨਵਵਾਦੀ ਸੋਚ
ਤੇ ਪਹਿਰਾ ਦਿੰਦਾ ਦੇਖਦੀ ਹੈ ਜੋ ਆਪਣੇ ਨਿੱਜ ਤੋਂ ਬਾਹਰ ਆ ਕੇ ਮਨੁੱਖ ਨੂੰ
ਆਰਥਿਕ, ਸਮਾਜਿਕ,ਰਾਜਨੀਤਕ ਤੇ ਧਾਰਮਿਕ ਸ਼ੋਸ਼ਣ ਵਿਰੁੱਧ ਖੜੇ ਹੋਣ ਲਈ
ਵੰਗਾਰਦਾ ਹੈ
ਡਾ.ਮੁਖਤਿਆਰ ਸਿੰਘ ਬੱਡੂਵਾਲੀਆ ਪ੍ਰੋ.ਮੋਹਨ ਸਿੰਘ ਔਜਲਾ ਦੀਆਂ ਦੋ
ਪੁਸਤਕਾ ਗ਼ਜ਼ਲਾਜਲੀ ਅਤੇ ਵਲਵਲੇ ਦੇ ਅਧਾਰ ਤੇ ਅਧਿਐਨ ਕਰਦੇ ਹੋਏ ਉਹਨਾਂ ਨੂੰ
ਗ਼ਜ਼ਲ ਨੂੰ ਰਵਾਇਤੀ ਰੁਮਾਂਸ ਵਿਚੋਂ ਕੱਢਕੇ ਲੋਕਾਂ ਦੇ ਹੱਕ ਵਿਚ ਭੁਗਤਨ
ਵਾਲੇ ਗ਼ਜਲਗੋਂ ਦੇ ਹਿਸਾਬ ਨਾਲ ਵੇਖਦੇ ਹਨ ਜਿਹਨਾਂ ਦੀ ਗ਼ਜ਼ਲ ਵਿਚ ਕਈ ਰੰਗ
ਦੇਖਣ ਨੂੰ ਮਿਲਦੇ ਹਨ। ਉਹ ਜ਼ਬਰ,ਜ਼ੁਲਮ, ਤੰਗੀਆਂ ਤੁਰਸ਼ੀਆਂ ਤੇ ਕਿਰਤੀ
ਕਾਮਿਆਂ ਦੇ ਹੱਕ ਵਿਚ ਅਤੇ ਲਤਾੜੀਆਂ ਜਾ ਰਹੀਆਂ ਮਾਨਵੀ ਕਦਰਾਂ-ਕੀਮਤਾਂ
ਨੂੰ ਆਪਣੀਆਂ ਗ਼ਜਲਾਂ ਦਾ ਵਿਸ਼ਾਂ ਬਣਾਉਂਦੇ ਹਨ। ਡਾ.ਮੁਖਤਿਆਰ ਸਿੰਘ
ਬੱਡੂਵਾਲੀਆ ਪ੍ਰੋ.ਔਜਲਾ ਦੇ ਇਸ ਕਥਨ ਨਾਲ ਅਸਿਹਮਤ ਹਨ ਕਿ ਉਹਨਾਂ ਦੀ ਗ਼ਜ਼ਲ
ਨੂੰ ਉਹਨਾਂ ਵਿਦਵਾਨਾਂ ਤੋਂ ਖ਼ਤਰਾ ਹੈ ਜੋ ਗ਼ਜਲ ਦੀ ਬਹਿਰ ਬਾਰੇ ਗਿਆਨ ਤੋਂ
ਉਣੇ ਹਨ ਪਰ ਮੈਂ ਵੀ ਡਾ.ਸਾਹਿਬ ਦੀ ਇਸ ਅਸਿਹਮਤੀ ਨਾਲ ਸਹਿਮਤ ਕਿਉਂਕਿ ਇਸੇ
ਪੁਸਤਕ ਵਿਚ ਪੰਨਾ ਨੰਬਰ 50 ਤੇ ਪ੍ਰੋ ਮੋਹਨ ਸਿੰਘ ਔਜਲਾ ਦੇ ਬੋਲ ਹਨ ਕਿ
"ਗ਼ਜ਼ਲ ਦੀ ਤਕਨੀਕ, ਤਕਤੀਹ ਅਤੇ ਵਿਸ਼ੇ ਬਾਰੇ ਜਾਣੂ ਹੋਣ ਉਪਰੰਤ ਮੈਂ ਆਪਣੀ
ਤਬੀਅਤ ਮੁਤਾਬਿਕ ਅਨੇਕਾਂ ਖੁੱਲ੍ਹਾਂ ਮਾਣੀਆਂ ਹਨ। ਵਿਸ਼ੇ ਵਸਤੂ ਦੀ ਜ਼ਿਹਨੀ
ਗੁਲਾਮੀ ਪ੍ਰਵਾਨ ਨਹੀਂ ਕੀਤੀ।" ਭਾਵ ਜੇਕਰ ਆਪ ਉਹ ਸਿਰਫ਼ ਤਕਨੀਕ ਨਿਭਾਉਣ
ਲਈ ਵਿਸ਼ਾ ਕੁਰਬਾਨ ਨਹੀਂ ਕਰਦੇ ਤਾਂ ਜੋ ਪੁਸਤਕ ਅਸੀਂ ਸਾਹਿਤ ਦੀ ਝੋਲੀ ਪਾ
ਦਿੱਤੀ ਉਹ ਸਭ ਦੀ ਹੋ ਗਈ ਅਤੇ ਜੇਕਰ ਕੋਈ ਵਿਦਵਾਨ ਤਕਨੀਕ ਦੇ ਹਿਸਾਬ ਨਾਲ
ਗ਼ਜ਼ਲ ਨੂੰ ਪੂਰੀ ਉਤਰਦੀ ਮਹਿਸੂਸ ਨਹੀਂ ਕਰਦਾ ਤਾਂ ਲੇਖ਼ਕ ਨੂੰ ਵੀ ਉਸਨੂੰ
ਖਿੜੇ ਮੱਥੇ ਸਵਿਕਾਰ ਕਰਨਾ ਚਾਹੀਦਾ ਨਾ ਕਿ ਅਗਾਊ ਟਿੱਪਣੀ ਕਰਕੇ ਇਸਨੂੰ
ਰੋਕਣ ਜਾਂ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਡਾ.ਮਨਜਿੰਦਰ ਸਿੰਘ ਨੇ ਪ੍ਰੋ.ਔਜਲਾ ਦੀ ਰਚਨਾ ਵਿਚਲੇ ਮਾਨਵਵਾਦ ਨੂੰ
ਅਧਾਰ ਬਣਕੇ ਤਰਕਮਈ ਢੰਗ ਨਾਲ ਡੂੰਘਾ ਅਧਿਐਨ ਕੀਤਾ ਹੈ ਕਿ ਪ੍ਰੋ.ਸਾਹਿਬ ਦੀ
ਰਚਨਾ ਦੇ ਮਾਨਵਵਾਦ ਦਾ ਸਬੰਧ ਮਾਨਵਵਾਦ ਦੀ ਕਿਹੜੀ ਕਿਸਮ ਨਾਲ ਹੈ।ਉਹ ਜਰਮਨ
ਧਰਮ ਸ਼ਾਸ਼ਤਰੀ ਅਤੇ ਦਾਰਸ਼ਨਿਕ ਫ੍ਰੈਡਰਿਕ ਫਿਲਿਪ ਇਮੈਨੂਅਲ ਨਾਈਥੈਮਰ ਦੁਆਰਾ
19ਵੀਂ ਸਦੀ ਵਿਚ ਮਾਨਵਵਾਦ ਦੀ ਬੁਨਿਆਦ ਬਾਰੇ ਗੱਲ ਕਰਦੇ ਹਨ ਕਿ ਇਸਦਾ
ਸਬੰਧ ਹਰ ਪ੍ਰਕਾਰ ਦੇ ਵਿਤਕਰੇ ਤੋਂ ਮੁਕਤ ਇੱਕ ਭਾਂਤ ਦੀ ਮਿੱਤਰਾਪੂਰਨ
ਭਾਵਨਾ ਹੈ। ਮਾਨਵਵਾਦ ਦਾ ਦਾਰਸ਼ਨਿਕ ਸਿਧਾਂਤ ਦੇ ਰੂਪ ਵੰਡ 'ਧਾਰਮਿਕ
ਮਾਨਵਵਾਦ' ਅਤੇ 'ਸੈਕੁਲਰ ਮਾਨਵਵਾਦ' ਹਨ। ਧਾਰਮਿਕ ਮਾਨਵਵਾਦ ਅਨੁਸਾਰ
ਮਨੁੱਖ ਧਰਤੀ ਤੇ ਸਿਰਫ਼ ਰੱਬ ਦਾ ਪ੍ਰਛਾਵਾਂ ਹੈ। ਇਸ ਸਿਧਾਂਤ ਮੁਤਾਬਕ ਇੱਕੋ
ਆਦ ਅਤੇ ਅੰਤ ਦੇ ਧਾਰਨੀ ਸਭ ਮਨੁੱਖਾਂ ਨੂੰ ਆਪਣੀ ਇੱਕ-ਸੁਰਤਾ ਪਿਆਰ ਅਤੇ
ਸ਼ਾਂਤੀ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਸੈਕੁਲਰ ਮਾਨਵਵਾਦ ਤੋਂ ਅੱਗੇ
ਇਸ ਦੇ ਨਾਸਤਕ ਤਰਕ-ਅਧਾਰਿਤ ਸੈਕੁਲਰ ਮਾਨਵਾਦ ਹੈ ਫਿਰ ਇਸ ਤੋਂ ਅੱਗੇ ਪਾਲ
ਸਾਰਤਰ ਨੇ ਮਨੁੱਖੀ ਅਸਤਿੱਤਵ ਦੀ ਅਜ਼ਾਦੀ ਨੂੰ ਮੁੱਖ ਰੱਖਕੇ ਮਾਨਵਵਾਦ ਦਾ
ਸਿਧਾਂਤ ਦਿੱਤਾ ਹੈ। ਪਰ ਡਾ.ਮਨਜਿੰਦਰ ਸਿੰਘ ਪ੍ਰੋæਔਜਲਾ ਦੀ ਰਚਨਾ ਵਿਚਲੇ
ਮਾਨਵਵਾਦ ਨੂੰ ਬੁਨਿਆਦੀ ਤੌਰ ਤੇ ਮਾਨਵਵਾਦ ਦੀ ਸੈਕੁਲਰ ਧਾਰਾ ਨਾਲ ਜੁੜਿਆਂ
ਉਹਨਾਂ ਦੀਆਂ ਰਚਨਾਵਾਂ ਦੀ ਪੜਚੋਲ ਕਰਦਿਆ ਦਰਸਾਉਂਦੇ ਹਨ। ਜਿੱਥੇ
ਕਿਤੇ-ਕਿਤੇ ਧਾਰਮਿਕ ਮਾਨਵਵਾਦ ਦੀ ਝਲਕ ਵੀ ਹੈ।
ਲਖਬੀਰ ਸਿੰਘ ਰਿਆੜ ਪ੍ਰੋ.ਔਜਲਾ ਦੀਆਂ ਦੋ ਪੁਸਤਕਾਂ 'ਅਨੇਕ ਸੁਪਨੇ'
ਅਤੇ 'ਚੇਤੰਨਤਾ ਦੇ ਦੀਪ' ਦੇ ਅਧਾਰ ਤੇ ਉਹਨਾਂ ਦੇ ਕਾਵਿ ਦੀ ਪੜਚੋਲ ਕਰਦੇ
ਉਹਨਾਂ ਦੀ ਰਚਨਾ ਦੀ ਵਿਧੀ ਅਤੇ ਰਚਨਾ ਦੇ ਮਸਲਿਆ ਦੀ ਗੱਲ ਗੰਭੀਰ ਢੰਗ ਨਾਲ
ਕਰਦੇ ਹੋਏ ਇਹੀ ਸਿੱਧ ਕਰਦੇ ਹਨ ਕਿ ਉਹਨਾਂ ਦੀ ਸਮੁੱਚੀ ਰਚਨਾ ਕਿਸੇ ਇੱਕ
ਵਾਦ ਵਿਚ ਬੱਝੀ ਨਹੀਂ। ਉਹਨਾਂ ਅਨੁਸਾਰ ਸਭ ਮਾਨਵਵਾਦੀ ਵਾਦਾਂ ਅਨੁਸਾਰ
ਮਾਨਵ-ਹਿਤੈਸ਼ੀ ਹੋਣਾ ਵਧੀਆ ਤਾਂ ਹੋ ਸਕਦਾ ਹੈ ਪਰ ਸਭ ਵਾਦਾਂ ਦਾ ਦੇ ਇੱਕ
ਦੂਸਰੇ ਤੋਂ ਵਿਰੋਧੀ ਰੰਗ ਵੀ ਹਨ ਜੇ ਕਰ ਅਧਿਆਤਮਵਾਦ ਨੇ ਮਨੁੱਖ ਦੇ ਸਾਰੇ
ਮਸਲੇ ਹੱਲ ਕਰ ਦਿੱਤੇ ਹੁੰਦੇ ਤਾਂ ਸ਼ਾਇਦ ਵੱਖੋ-ਵੱਖਰੀਆਂ ਵਿਚਾਰਧਾਰਾਵਾਂ
ਦਾ ਜਨਮ ਨਾ ਹੁੰਦਾ। ਉਹਨਾਂ ਅਨੁਸਾਰ ਪ੍ਰੋ.ਔਜਲਾ ਦੀ ਕਵਿਤਾ ਪਰਵਾਸੀ ਦੇ
ਮਾਨਸਿਕ ਅਤੇ ਸੱਭਿਆਚਾਰਕ ਖ਼ਲਲ ਦੀ ਬਾਤ ਨਹੀਂ ਪਾਉਂਦੀ ਸਗੋਂ ਪੇਤਲੇ ਅਨੁਭਵ
ਤੇ ਹੇਰਵੇ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ।
ਡਾ.ਰਾਜਿੰਦਰ ਪਾਲ ਸਿੰਘ ਬਰਾੜ ਪ੍ਰੋ.ਮੋਹਨ ਸਿੰਘ ਔਜਲਾ ਨੂੰ ਇਕ
ਜਗਿਆਸੂ ਮਨੁੱਖ ਮੰਨਦਾ ਹੈ ਜੋ ਉਹਨਾਂ ਮਨੁੱਖਾਂ ਨਾਲੋਂ ਅਲੱਗ ਹੁੰਦੇ ਜੋ
ਸਿਰਫ਼ ਵਿਦੇਸ਼ ਵਿਚ ਜਾ ਕੇ ਅਤੇ ਪੈਸਾ ਕਮਾਕੇ ਹੀ ਸ਼ੰਤੁਸ਼ਟ ਹੋ ਜਾਂਦੇ ਅਤੇ
ਸਮਾਜ ਦੇ ਅਸਾਂਵੇਪਣ ਦਾ ਅਹਿਸਾਸ ਤੱਕ ਨਹੀਂ ਕਰਦੇ। ਉਹਨਾਂ ਅਨੁਸਾਰ
ਪ੍ਰੋ.ਔਜਲਾ ਆਪਣੀਆਂ ਰਚਨਾਵਾਂ ਵਿਚ ਸਿਰਫ਼ ਸਮੱਸਿਆਵਾਂ ਦਾ ਹੱਲ ਹੀ ਨਹੀਂ
ਦੱਸਦੇ ਬਲਕਿ ਸ਼ੰਵੇਦਨਸ਼ੀਲਤਾ ਨੂੰ ਜਗਾਉਣ ਅਤੇ ਚੇਤਨਾ ਨੂੰ ਟੁੰਬਣ ਦਾ ਕੰਮ
ਵੀ ਕਰਦੇ ਹਨ।
ਪ੍ਰੋ.ਮੋਹਨ ਸਿੰਘ ਔਜਲਾ ਦੇ ਵਿਦਿਆਥੀ ਰਹੇ ਰਘਵੀਰ ਸਿੰਘ ਟੇਰੀਕਿਆਨਾ
ਵੱਲੋਂ ਉਹਨਾਂ ਬਾਰੇ ਲਿਖਿਆ ਲੇਖ 'ਪ੍ਰੋ ਮੋਹਨ ਸਿੰਘ ਔਜਲਾ ਦਾ ਕਾਵਿ'
ਉਹਨਾਂ ਦੇ ਸਿਰਫ਼ ਕਾਵਿ ਬਾਰੇ ਹੀ ਗੱਲ ਨਹੀਂ ਕਰਦਾ ਬਲਕਿ ਉਹਨਾਂ ਦੀ ਪੂਰੀ
ਸਖ਼ਸ਼ੀਅਤ ਦਾ ਸ਼ਬਦ ਚਿੱਤਰ ਹੈ। ਜਿਸ ਵਿਚ ਇਕ ਜਗਿਆਸੂ, ਇਮਾਨਦਾਰ, ਨਰੋਈ
ਸੋਚ, ਸਮਾਜ ਦੇ ਹਰ ਪਹੂਲ ਬਾਰੇ ਗਿਆਨ ਰੱਖਣ ਵਾਲੇ ਅਤੇ ਮਨੁੱਖ ਦੀ ਮਨੁੱਖ
ਹੱਥੋ ਲੁੱਟ ਤੋਂ ਦੁਖੀ ਇਕ ਮਾਨਵਵਾਦੀ ਸੋਚ ਦੇ ਮਾਲਕ ਪ੍ਰੋ.ਮੋਹਨ ਸਿੰਘ
ਔਜਲਾ ਦੇ ਦਰਸ਼ਨ ਹੁੰਦੇ ਹਨ।
ਕੁੱਲ ਮਿਲਾਕੇ ਜਿੱਥੇ ਇਹ ਕਿਤਾਬ ਵਿਚ ਵਿਦਵਾਨਾਂ ਨੇ ਪ੍ਰੋ.ਮੋਹਨ ਸਿੰਘ
ਔਜਲਾ ਦੀ ਰਚਨਾ ਦਾ ਹਰੇਖ ਪੱਖ ਤੋਂ ਗੰਭੀਰ ਚਿੰਤਨ ਕੀਤਾ ਹੈ। ਇਸੇ ਕਿਤਾਬ
ਵਿਚੋ ਕੁਝ ਹੋਰ- ਜਿਵੇਂ ਪ੍ਰੋ.ਮੋਹਨ ਸਿੰਘ ਔਜਲਾ ਦੀ ਕਵਿਤਾ ਵਿਚ ਸਿਧਾਂਤਕ
ਪ੍ਰੇਰਨਾ ਹੈ ਪਰ ਸਿਧਾਂਤਕ ਕੱਟੜਤਾ ਨਹੀਂ,ਕਾਵਿ ਦੀ ਸਿਧਾਂਤਕ ਪ੍ਰਤੀਬੱਧਤਾ
ਕਲਪਨ ਤੇ ਰੋਮਾਂਸ ਦੀ ਬਜਾਇ ਯਥਾਰਥ ਨਾਲ ਹੈ, ਜਿਸ ਸਮਾਜ ਵਿਚ ਲੇਖਕ
ਰਹਿੰਦਾ ਹੈ ਉਹ ਸਾਰੇ ਮਨੁੱਖਾਂ ਦੇ ਰਹਿਣ ਲਈ ਅਨੁਕੂਲ ਹੋਵੇ ਇਹ ਲੇਖਕ
ਦੀਆਂ ਰਚਨਵਾਂ ਦਾ ਕੇਂਦਰ ਬਿੰਦੂ ਹੈ, ਲੇਖਕ ਮੰਨਦਾ ਹੈ ਕਿ ਉਹ ਟੀਚਰ ਰਿਹਾ
ਹੋਣ ਕਰਕੇ ਰਚਨਾਵਾਂ ਵਿਚ ਉਪਦੇਸ਼ ਦਾ ਰੰਗ ਭਾਰੂ ਹੈ, ਲੇਖਕ ਅਨੁਸਾਰ ਧਰਮ
ਜੀਵਨ ਜਾਂਚ ਦਾ ਸਿਧਾਂਤ ਹੈ ਪਰ ਰਾਜਨੀਤਕ ਅਤੇ ਧਰਮ ਦੇ ਆਗੂ ਆਪਣੇ ਹਿੱਤਾਂ
ਲਈ ਇਸ ਨੂੰ ਗਲਤ ਢੰਗ ਨਾਲ ਵਰਤਦੇ ਹਨ, ਲੇਖਕ ਆਪਣੀਆਂ ਰਚਨਾਵਾਂ ਵਿਚ ਸਿੱਖ
ਧਰਮ ਦੇ ਹਾਂ-ਪੱਖੀ ਅਤੇ ਮਾਨਵ-ਪੱਖੀ ਪਹਿਲੂਆਂ ਨੂੰ ਸਮਾਜ ਦੇ ਪੱਖ ਵਿਚ
ਵਰਤਨ ਦੀ ਪ੍ਰੇਰਣਾ ਦਿੰਦਾ ਹੈ। ਲੇਖਕ ਦੀ ਲਿਖਣ ਵਿਧੀ ਸਰਲ ਭਾਵ ਵਾਲੀ ਹੈ
ਅਖ਼ੀਰ ਵਿਚ ਇਹੀ ਕਹਿੰਦਾ ਹਾਂ ਕਿ ਜਿੱਥੇ ਇਹ ਕਿਤਾਬ ਪ੍ਰੋ.ਮੋਹਨ ਸਿੰਘ
ਔਜਲਾ ਦੀ ਸਮੁੱਚੀ ਰਚਨਾ ਦਾ ਗੰਭੀਰ ਚਿੰਤਨ ਕਰਦੀ ਹੈ ਉੱਥੇ ਹੀ ਪੰਜਾਬੀ
ਬੋਲੀ ਦੇ ਚਿੰਤਨ ਸਾਹਿਤ ਨੂੰ ਅਮੀਰ ਵੀ ਕਰਦੀ ਹੈ। ਸ਼ਬਦ-ਸਾਂਝ ਕੈਲਗਰੀ,
ਕੈਨੇਡਾ, ਸੰਪਾਦਕੀ ਮੈਂਬਰ ਅਤੇ ਇਸ ਕਿਤਾਬ ਦੇ ਸਾਰੇ ਲੇਖਕ ਇਸ ਮਿਹਨਤ ਲਈ
ਵਧਾਈ ਦੇ ਪਾਤਰ ਹਨ।
ਬਲਜਿੰਦਰ ਸੰਘਾ (1403-680-3212) |