ਅਨਮੋਲ ਕੌਰ ਇੱਕ ਪ੍ਰਤਿਭਾਸ਼ੀਲ, ਦ੍ਰਿੜ-ਵਿਸ਼ਵਾਸੀ,ਸਿਰੜੀ, ਮਿਹਨਤੀ,
ਲਗਨਸ਼ੀਲ ਅਤੇ ਜਾਗਰੂਕ ਲਿਖਾਰੀ ਹੈ।
ਇਹਨਾਂ ਗੁਣਾਂ ਸਦਕਾ ਉਸ ਦਾ ਨਾਮ ਚੜ੍ਹਦੀ ਉਮਰੇ ਹੀ ਸਾਹਿਤਕ
ਹਲਕਿਆਂ ਵਿੱਚ ਇੱਕ ਗੰਭੀਰ ਅਤੇ ਵਿਵੇਕ –ਬੁੱਧ ਚਿੰਤਕ ਦੇ ਤੌਰ ‘ਤੇ ਲਿਆ
ਜਾਣ ਲੱਗ ਪਿਆ। ਅਨਮੋਲ ਕੌਰ ਕੋਲ ਜੀਵਨ ਦੇ
ਰਹੱਸ ਨੂੰ ਜਾਨਣ ਦੀ ਅੰਤਰਸੋਝੀ ਹੈ, ਸਮਕਾਲੀ ਸਮਾਜ ਦੇ ਸਰਬਾਂਗੀ ਅਧਿਐਨ
ਲਈ ਵਿਗਆਨਕ ਦ੍ਰਿਸ਼ਟੀਕੋਣ ਅਤੇ ਚਿੰਤਨ ਲਈ ਦਾਰਸ਼ਨਿਕਤਾ ਭਰਪੂਰ ਇੱਕਾਗਰ
ਦ੍ਰਿਸ਼ਟੀ ਹੈ। ਉਹ ਕੈਨੇਡਾ ਪੰਜਾਬ ਸਮਾਜ
ਦੀਆਂ ਸਮੱਸਿਆਵਾਂ ਦੀ ਡੂੰਘ-ਸਰੰਚਨਾ ਵਿੱਚ ਸਹਿਜ-ਸੁਭਾਅ ਹੀ ਉਤਰ ਜਾਂਦੀ
ਹੈ ਅਤੇ ਉਹਨਾਂ ਦੇ ਵਿਭਿੰਨ ਪਸਾਰਾਂ ਦੇ ਤਰਕ ਅਧਾਰਿਤ ਵਿਸ਼ਲੇਸ਼ਨ ਰਾਹੀਂ ਹੀ
ਕਿਸੇ ਨੀਤਜੇ ਉੱਪਰ ਪਹੁੰਚ ਜਾਂਦੀ ਹੈ। ਉਹ ਕੈਨੇਡਾ ਵਿੱਚ ਪੰਜਾਬੀਆਂ ਦੀ
ਨਵੀਂ ਪੀੜ੍ਹੀ ਦੀ ਮਾਨਸਿਕਤਾ ਦੀ ਵੱਖ ਵੱਖ ਪਰਤਾਂ ਦੀ ਡੂੰਘੀ ਸਮਝ ਰੱਖਦੀ
ਹੈ। ਕਿਸੇ ਕਾਰਨ ਉਸ ਦੀਆਂ ਰਚਨਾਵਾਂ ਪੰਜਾਬੀ ਸਮਾਜ ਦੇ ਸੱਚ ਨੂੰ ਇਜ਼ਹਾਰ
ਕਰਨ ਵਿੱਚ ਸਫਲ ਹੁੰਦੀਆਂ ਹਨ।
ਪੰਜਾਬੀਆਂ ਦੀ ਕੈਨੇਡਾ ਪ੍ਰਤੀ ਖਿੱਚ ਅਤੇ ਕੈਨੇਡੀਅਨ ਪੰਜਾਬ ਦੇ
ਪੰਜਾਬੀਆਂ ਦੀ ਮਾਨਸਿਕਤਾ ਅਤੇ ਸਮਾਜਿਕ ਸੱਚ ਦੀਆਂ ਵਿਭਿੰਨ ਪਰਤਾਂ ਦੀ
ਪੇਸ਼ਕਾਰੀ ਨੂੰ ਉਹ ਖਿੰਡਾਊ ਜਾਂ ਊਲਝਾਊ ਨਹੀ ਹੋਣ ਦਿੰਦੀ ਸਗੋਂ ਉਹਨਾਂ ਦਾ
ਵਿਸ਼ਲੇਸ਼ਨ ਕਰਕੇ ਸਾਰਥਕ ਹੱਲ ਸੁਝਾਉਣ ਦਾ ਯਤਨ ਕਰਦੀ ਹੈ।
ਹੱਥਲਾ ਨਾਵਲ ‘ਕੁੜੀ ਕੈਨੇਡਾ ਦੀ’ ਉਕਤ ਬਿਆਨ ਸੌ ਫ਼ੀਸਦੀ ਸੱਚ
ਸਾਬਤ ਕਰਦਾ ਹੈ। ਅਨਮੋਲ ਕੌਰ ਕੈਨੇਡਾ ਦੀ ਵਸਨੀਕ ਹੈ, ਜਿੱਥੇ ਉਸ ਨੇ
ਕੈਨੇਡਾ ਵਿਚ ਰਹਿ ਰਹੇ ਪੰਜਾਬੀ ਸਮਾਜ ਵਿੱਚ ਹੋ ਰਹੀ ਰਿਸ਼ਤਿਆਂ ਦੀ ਭੰਨ
ਤੋੜ ਨੂੰ ਨੇੜਿਉਂ ਮਹਿਸੂਸ ਕੀਤਾ ਹੈ, ਉੱਥੇ ਉਸਨੇ ਪੰਜਾਬੀਆਂ ਵਿੱਚ
ਕੈਨੇਡਾ ਪ੍ਰਤੀ ਖਿੱਚ ਅਤੇ ਕੈਨੇਡਾ ਵਿਚ ਪਹੁੰਚਣ ਦੇ ਜਾਇਜ਼-ਨਜਾਇਜ਼
ਤਰੀਕਿਆਂ ਨੂੰ ਵੀ ਨੇੜਿਉਂ ਤੱਕਿਆ ਹੈ। ਇਸ ਵਿਸ਼ੇ ਉੱਪਰ ਉਸਨੇ ਇਸ ਤੋਂ
ਪਹਿਲਾਂ ਇੱਕ ਨਾਟਕ ‘ਰਿਸ਼ਤੇ’ ਲਿਖਿਆ ਸੀ ਜੋ ਬਹੁਤ ਵਾਰ ਕੈਨੇਡਾ ਅਤੇ
ਪੰਜਾਬ ਵਿੱਚ ਸਫਲਤਾ ਨਾਲ ਖੇਡਿਆ ਜਾ ਚੁੱਕਾ ਹੈ। ਉਸਨੂੰ ਬੋਲੀ, ਧਰਮ ,
ਰੀਤੀ ਰਿਵਾਜ਼, ਗੱਲ ਕੀ ਪੰਜਾਬ ਦੇ ਰਵਾਇਤੀ ਅਤੇ ਨਵੇ ਸਭਿਆਚਾਰ ਦੀ ਡੂੰਘੀ
ਸਮਝ ਹੈ। ਵਿਆਹਾਂ ਨਾਲ ਸਬੰਧਤ ਰੀਤੀ ਰਿਵਾਜ਼ਾਂ ਬਾਰੇ ਪੂਰਨ ਗਿਆਨ ਹੈ।
ਵਿਆਹਾਂ ਵਿਚ ਵਿੱਚੋਲਿਆ ਦੀ ਭੁਮਿਕਾ ਨੂੰ ਵੀ ਬਾਖੂਬੀ ਸਮਝਦੀ ਹੈ। ਹੱਥਲੇ
ਨਾਵਲ ਵਿੱਚ ਉਸਨੇ ਪੰਜਾਬੀ ਸਭਿਆਚਾਰ ਦੀ ਸਮਕਾਲੀ ਤਸਵੀਰ ਦੇ ਨਾਲ ਨਾਲ
ਕੈਨੇਡਾ ਦੇ ਪੰਜਾਬੀ ਸਮਾਜ਼ ਦੀ ਜੀਵਨ ਸ਼ੈਲੀ ਨੂੰ ਬੜੀ ਸੂਖਮਤਾ ਨਾਲ
ਦ੍ਰਿਸ਼ਟੀ ਨਾਲ ਵੇਖਿਆ-ਵਾਚਿਆ ਅਤੇ ਇਸ ਤੋਂ ਪ੍ਰਾਪਤ ਅਨੁਭਵ ਨੂੰ ਹੀ ਨਾਵਲ
ਦੀ ਵਸਤੂ ਬਣਾਇਆ ਹੈ।
‘ਕੁੜੀ ਕੈਨੇਡਾ ਦੀ’ ਉਸ ਦਾ ਦੂਸਰਾ ਨਾਵਲ ਹੈ। ਉਸ ਦਾ ਪਹਿਲਾ ਨਾਵਲ’
ਹੱਕ ਲਈ ਲੜਿਆ ਸੱਚ’ ਵੀ ਕਾਫੀ ਚਰਚਿਤ ਰਿਹਾ। ਇਹਨਾਂ ਨਾਵਲਾਂ ਤੋਂ ਪਹਿਲਾਂ
ਉਸ ਦੇ ਦੋ ਕਹਾਣੀ ਸੰਗ੍ਰਹਿ ‘ਕੌੜਾ ਸੱਚ’ ਅਤੇ ‘ਦੁੱਖ ਪੰਜਾਬ ਦੇ’ ਛੱਪ
ਚੁੱਕੇ ਹਨ। ਅੱਜਕੱਲ੍ਹ ਉਸ ਦੀ ਲਿਖੀ ਕਹਾਣੀ ‘ ਉਸੇ ਪੈਂਡੇ’ ਉੱਪਰ ਇੱਕ
ਲਘੂ ਫਿਲਮ ਵੀ ਬਣ ਰਹੀ ਹੈ। ਦੁ-ਕੁ ਸਾਲ ਪਹਿਲਾਂ ਸਿੱਖਨੈਟ ਉੱਪਰ ਬੱਚਿਆਂ
ਵਲੋਂ ਉਸ ਦੀ ਲਿਖੀ ਕਹਾਣੀ ‘ਕਿਵੇ ਭੁੱਲਾ’ ਉੱਪਰ ਨਾਟਕ ਖੇਡਿਆ ਗਿਆ ਸੀ ਜੋ
ਪਹਿਲਾ ਸਥਾਨ ਪ੍ਰਾਪਤ ਕਰ ਗਿਆ। ਉਸ ਦੀਆਂ ਲਿਖੀਆਂ ਨਵੀਆ ਕਹਾਣੀਆਂ ਪੰਜਾਬੀ
ਸਾਈਟਾ, ਮੈਗੀਨਾ ਅਤੇ ਪਰਚਿਆ ਵਿਚ ਛੱਪਦੀਆਂ ਰਹਿੰਦੀਆਂ ਨੇ।
ਉਹ ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ ਵਿਚਰਦੀ ਹੋਈ ਸਮਕਾਲੀ ਘਟਨਾਵਾਂ
ਦੇ ਪ੍ਰਤੀਕਰਮ ਵਿੱਚ ਭੋਤਿਕ ਅਤੇ ਮਾਨਸਿਕ ਜਗਤ ਦੇ ਪ੍ਰਭਾਵ ਨੂੰ ਸੂਖਮਤਾ
ਨਾਲ ਮਹਿਸੂਸਦੀ ਹੈ ਅਤੇ ਆਪਣੀਆਂ ਲਿਖਤਾਂ ਵਿੱਚ ਪ੍ਰਤੀਬਿੰਬਤ ਕਰਦੀ ਹੈ।
ਉਹ ਸਾਹਿਜ ਭਾਸ਼ਾ ਰਾਹੀਂ ਗੰਭੀਰ ਅਤੇ ਅਤਿ-ਸੂਖਮ ਅਨੁਭਵ ਨੂੰ ਕਲਮਬੱਧ ਕਰਨ
ਦੇ ਸਮਰੱਥ ਹੈ। ‘ਕੁੜੀ ਕੈਨੇਡਾ ਦੀ’ ਵਿੱਚ ਅਨਮੋਲ ਨੇ ਕੈਨੇਡਾ ਦੇ
ਸਭਿਆਚਾਰ ਵਿਚ ਵਿੱਚ ਪਲੀ ਪੰਜਾਬਣ ਕੁੜੀ ਹਰਨੀਤ ਤੇ ਪੰਜਾਬ ਵਿੱਚ
ਪੜ੍ਹੇ-ਲਿਖੇ ਬੇਰੁਜ਼ਗਾਰ ਮਨਮੀਤ ਦੇ ਪਾਤਰਾਂ ਰਾਹੀਂ ਪੰਜਾਬੀਆਂ ਦੀ ਨਵੀ
ਪੀੜ੍ਹੀ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਪੰਜਾਬੀ ਨੌਜਵਾਨਾਂ ਵਿੱਚ
ਨੈਤਿਕ, ਅਨੈਤਿਕ ਜਾਂ ਇਉਂ ਕਹਿ ਲਈਏ ਹਰ ਹੀਲੇ ਕੈਨੇਡਾ ਪਹੁੰਚਣ ਦੀ ਕਾਹਲ
ਹੈ। ਇਸ ਕੰਮ ਲਈ ਝੂਠੇ ਜਾਂ ਸੱਚੇ ਵਿਆਹ ਸਭ ਤੋਂ ਵਧੀਆ ਤਰੀਕਾ ਮੰਨਿਆ ਗਿਆ
ਹੈ। ਅਜਿਹੇ ਝੂਠੇ ਅਤੇ ਨਕਲੀ ਵਿਆਹ ਲਈ ਲੋਕ ਆਪਣੀ ਜ਼ਮੀਰ ਨਾਲ ਧੋਖਾ ਕਰਦੇ
ਹਨ, ਆਪਣੇ ਗੁਰੂ ਨਾਲ ਧੋਖਾ ਕਰਦੇ ਹਨ ਅਤੇ ਕਈ ਵਾਰ ਮਾਪਿਆਂ ਨਾਲ ਧੋਖਾ
ਕਰਦੇ ਹਨ। ਇਸ ਨਾਵਲ ਦੀ ਮੁੱਖ ਪਾਤਰ ਹਰਨੀਤ ਕੈਨੇਡਾ ਵਿਚ ਪਲੀ ਵੱਡੀ ਹੋਈ
ਹੈ ਅਤੇ ਸਿਰਫ ਆਪਣੀ ਬਿਮਾਰ ਦਾਦੀ ਦੀ ਖੁਸ਼ੀ ਲਈ ਇੰਡੀਆ ਵਿਆਹ ਕਰਵਾਉਣ ਆਈ
ਹੈ। ਉਂਝ ਉਹ ਵਿਆਹ ਆਪਣੇ ਬੁਆਏ ਫ਼ਰੈਂਡ ਕਰਵਾਉਣਾ ਚਾਹੁੰਦੀ ਹੈ। ਆਪਣੇ ਇਸ
ਮੰਤਵ ਦੀ ਪੂਰਤੀ ਲਈ ੳਹ ਪੰਜਾਬ ਇਕ ਪੜ੍ਹੇ ਲਿਖੇ ਪੇਂਡੂ ਮੁੰਡੇ ਨਾਲ ‘ਡੀਲ
ਕਰਦੀ ਹੈ। ਉਹ ਪਹਿਲੀ ਮੁਲਾਕਾਤ ਵਿੱਚ ਹੀ ਮਨਮੀਤ ਨੂੰ ਕਹਿੰਦੀ ਹੈ:
“ ਮੈਂ ਤੁਹਾਡੇ ਨਾਲ ਇੱਕ ਡੀਲ ਕਰਨਾ ਚਾਹੁੰਦੀ ਹਾਂ।
“ ਡੀਲ ਜਾਂ ਵਿਆਹ” ਮੈਂ ਹੱਸਦੇ ਹੋਏ ਕਿਹਾ, “ ਮਜ਼ਾਕ ਨਾਲ ਵਿਆਹ ਨੂੰ ਡੀਲ
ਦਾ ਨਾਂ ਦੇ ਰਿਹੇ ਹੋ।”
“ਮਜ਼ਾਕ ਨਹੀ।” ਉਸ ਨੇ ਹੋਰ ਵੀ ਗੰਭੀ ਹੁੰਦੇ ਕਿਹਾ, “ ਇਸ ਵਿਚ ਤੁਹਾਡਾ ਵੀ
ਫਾਈਦਾ ਹੈ ਅਤੇ ਮੇਰਾ ਵੀ।”
“ ਡੀਲ ਤੋਂ ਅਜੇ ਵੀ ਮੈਂ ਤੁਹਾਡਾ ਮਤਲਬ ਨਹੀ ਸਮਝਿਆ।”
“ ਵਿਆਹ ਲੋਕਾ ਅਤੇ ਪੇਰੈਂਟਸ ਸਾਹਮਣੇ ਦੇ ਅੱਗੇ ਸੱਚਾ ਹੋਵੇਗਾ ਅਤੇ ਅਤੇ
ਆਪਣੇ ਦੋਹਾਂ ਵਿਚਕਾਰ ਝੂਠਾ।”
“ ਝੂਠਾ ਵਿਆਹ ਵੀ ਹੋ ਸਕਦਾ ਹੈ।”
“ ਬਾਹਰ ਜਾਣ ਦੀ ਖਾਤਰ ਤਾਂ ਪੰਜਾਬੀਆਂ ਵਿਚ ਆਮ ਝੂਠੇ ਵਿਆਹ ਹੁੰਦੇ ਨੇ।”
ਹਰਨੀਤ ਆਪਣੀ ਬਿਮਾਰ ਦਾਦੀ ਦੀ ਖੁਸ਼ੀ ਖਾਤਰ ਇਹ ਝੂਠਾ ਵਿਆਹ ਕਰਕੇ
ਮਨਮੀਤ ਨੂੰ ਕੈਨੇਡਾ ਲੈ ਜਾਂਦੀ ਹੈ। ਉਹ ਮਨਮੀਤ ਨੂੰ ਦੱਸਦੀ ਹੈ ਕਿ ਉਹ
ਉੱਥੇ ਜਾ ਕੇ ਉਸਨੂੰ ਤਲਾਕ ਦੇ ਦੇਵੇਗੀ ਅਤੇ ਆਪਣੇ ਬੁਆਏ ਫ਼ਰੈਂਡ ਸੈਡੀ ਨਾਲ
ਵਿਆਹ ਕਰਵਾ ਲਵੇਗੀ। ਉਧਰ ਵਸਦਾ ਅਮੀਰ ਫ਼ਰੈਂਡ ਵੀ ਆਪਣੇ ਮਾਪਿਆਂ ਦੀ ਖੁਸ਼ੀ
ਖਾਤਰ ਇਸ ਪੰਜਾਬਣ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਜਦੋਂ ਇਸ ਗੱਲ
ਦਾ ਪਤਾ ਹਰਨੀਤ ਨੂੰ ਲੱਗਦਾ ਹੈ ਤਾਂ ਉਹ ਬਹੁਤ ਦੁੱਖੀ ਹੁੰਦੀ ਹੈ। ਇਉਂ ਇਸ
ਨਾਵਲ ਦਾ ਕਥਾਨਕ ਪੰਜਾਬ ਅਤੇ ਕੈਨੇਡਾ ਵਿੱਚ ਫ਼ੈਲਿਆ ਹੋਇਆ ਹੈ। ਇਸ ਨਾਵਲ
ਦਾ ਅੰਤ ਕੀ ਹੁੰਦਾ ਹੈ, ਇਹ ਤਾਂ ਨਾਵਲ ਪੜ੍ਹ ਕੇ ਹੀ ਪਤਾ ਲੱਗੇਗਾ ਪਰ
ਇੰਨਾ ਦਸਣਾ ਉਚਿਤ ਹੋਵੇਗਾ ਕਿ ਨਾਵਲ ਲੇਖਿਕਾ ਨੇ ਮਨਮੀਤ ਦੇ ਕੈਨੇਡਾ ਵਿੱਚ
ਹੋਏ ਰਿਸ਼ਤੇ ਤੋਂ ਬਾਅਦ ਘਰ-ਪਰਿਵਾਰ,ਆਂਢ-ਗੁਆਂਢ, ਸ਼ਰੀਕ, ਰਿਸ਼ਤੇਦਾਰ ਅਤੇ
ਪਿੰਡ ਦੇ ਲੋਕਾਂ ਦੇ ਜੀਵਨ ਅਤੇ ਗੱਲਾਂ ਬਾਤਾਂ ਰਾਹੀਂ ਜ਼ਿੰਦਗੀ ਦੀਆਂ
ਕੌੜੀਆਂ ਮਿੱਠੀਆਂ ਹਕੀਕਤਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕਰਨ
ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਲੇਖਿਕਾ ਦੀ ਇਹ ਵੀ ਖੂਬੀ ਹੈ ਕਿ ਉਸ ਨੇ ਪਾਤਰਾਂ ਦੇ ਆਪਸੀ ਵਾਰਤਾਲਾਪ
ਦੀ ਭਾਸ਼ਾ ਸੁਚੇਤ ਤੌਰ ਤੇ ਉਹ ਹੀ ਵਰਤੀ ਹੈ, ਜਿਸ ਕਿੱਤੇ, ਖੇਤਰ, ਉਮਰ ਅਤੇ
ਜਾਤ ਨਾਲ ਉਹ ਪਾਤਰ ਸਬੰਧ ਰੱਖਦੇ ਹਨ। ਉਸਨੇ ਭਾਸ਼ਾ ਦੀ ਵਰਤੋਂ ਸਮੇਂ
ਪਤਾਰਾਂ ਦੇ ਸਮਾਜਿਕ ਦਰਜੇ ਨੂੰ ਵਿਦਿਅਕ ਪੱਧਰ ਦਾ ਵੀ ਖਿਆਲ ਰੱਖਿਆ ਹੈ।
ਨਾਵਲ ਦੇ ਸੰਵਾਦ, ਨਾਵਲ ਦੀ ਨਾਟਕੀਅਤਾ ਦਾ ਰੰਗ ਭਰਦੇ ਹੋਏ ਨਾਵਲ ਦੀ
ਖੂਬਸੂਰਤੀ ਵਿੱਚ ਵਾਧਾ ਕਰਦੇ ਨਜ਼ਰੀ ਪੈਂਦੇ ਹਨ। ਨਾਵਲ ਦੇ ਅੰਤ ਵਿੱਚ
ਸੈਂਡੀ, ਹਰਮੀਤ ਅਤੇ ਮਨਮੀਤ ਦੀ ਲੜਾਈ ਦਾ ਸੀਨ ਨਾਵਲ ਦੇ ਸਿਖਰ ਨੂੰ
ਦਿਲਸਸਪ ਬਣਾਉਣ ਵਿੱਚ ਸਹਾਈ ਹੁੰਦਾ ਹੈ।
ਅਨਮੋਲ ਕੌਰ ਦੀ ਇਕ ਹੋਰ ਪ੍ਰਾਪਤੀ ਨਾਵਲ ਦੀ ਵਿਸ਼ਾ-ਵਸਤੂ ਦੀ ਮੌਲਿਕਤਾ
ਅਤੇ ਸੱਜਰਾਪਨ ਹੈ। ਲੇਖਿਕਾ ਨੇ ਬੜੇ ਕਲਾਤਮਕ ਢੰਗ ਨਾਲ ਨਵੀ ਪੀੜ੍ਹੀ ਦੀਆਂ
ਮਾਨਸਿਕ ਗੁੰਝਲਾ ਨੂੰ ਪੇਸ਼ ਕਰਦੇ ਹੋਏ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਨੂੰ
ਬਿਆਨਣ ਦਾ ਸਫ਼ਲ ਯਤਨ ਕੀਤਾ ਹੈ। ਲੇਖਿਕਾ ਮੁੱਖ ਪਾਤਰਾਂ ਦੇ ਮਨਾਸਿਕ ਦਵੰਦ
ਨੂੰ ਚਿਤਰਦੀ ਹੋਈ ਆਪਣੇ ਨਾਵਲੀ- ਹੁਨਰ ਦਾ ਸਬੂਤ ਦਿੰਦੀ ਹੈ। ਇਸ ਨਾਵਲ
ਵਿੱਚ ਲੇਖਿਕਾ ਇਹ ਗੱਲ ਪ੍ਰਗਟਾਉਣ ਵਿੱਚ ਸਫ਼ਲ ਹੋਈ ਹੈ ਕਿ ਕੈਨੇਡਾ ਵਿੱਚ
ਪੰਜਾਬੀਆਂ ਦੀ ਪਹਿਲੀ ਪੀੜ੍ਹੀ ਤਾਂ ਪੂਰੀ ਤਰਾਂ ਆਪਣੇ ਵਤਨ ਦੀ ਮਿੱਟੀ ਨਾਲ
ਜੁੜੀ ਹੋਈ ਹੈ ਪਰ ਨਵੀ ਪੀੜ੍ਹੀ ਨੇ ਆਪਣੀਆਂ ਜੜ੍ਹਾਂ ਤੋਂ ਟੁੱਟਣਾ ਸ਼ੁਰੂ
ਕਰ ਦਿੱਤਾ ਹੈ। ਨਵੀਂ ਪੀੜ੍ਹੀ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਰਹੀ
ਹੈ ਜਾਂ ਇਉਂ ਕਹਿ ਲਵੋ ਕਿ ਨਵੀਂ ਪੀੜ੍ਹੀ ਦੇ ਨੌਜਵਾਨ ਮੁੰਡੇ- ਕੁੜੀਆਂ ਦੀ
ਥੌੜ੍ਹੀ ਗਿਣਤੀ ਹੈ ਆਪਣੇ ਮਾਪਿਆਂ ਦੇ ਆਖੇ ਲੱਗ ਕੇ ਭਾਰਤੀ ਪੰਜਾਬ ਵਿੱਚ
ਵਿਆਹ ਕਰਵਾਉਣ ਆਉਂਦੀ ਹੈ ਪਰ ਜ਼ਿਆਦਾ ਗਿਣਤੀ ਵਿੱਚ ਮੁੰਡੇ-ਕੁੜੀਆਂ ਰੰਗ
ਨਸਲ ਦਾ ਭੇਦਭਾਵ ਕਰੇ ਬਗੈਰ ਵਿਆਹ ਰਰਵਾ ਰਹੇ ਹਨ। ਨਾਵਲਕਾਰਾ ਇਹ ਦਰਸਾਉਣ
ਦਾ ਯਤਨ ਕਰਦੀ ਹੈ ਜੇ ਕੁਝ ਵਿਆਹ ਕਰਵਾਉਂਦੇ ਵੀ ਹਨ ਤਾਂ ਉਹ ਹਰਮੀਤ ਵਾਂਗ
ਜਜ਼ਬਾਤੀ ਮਜ਼ਬੂਰੀ ਕਾਰਨ ਜਾਂ ਮਨਮੀਤ ਅਤੇ ਸੈਂਡੀ ਵਾਂਗ ਆਰਥਿਕ ਮਜ਼ਬੂਰੀ
ਕਾਰਨ। ਕੈਨੇਡਾ ਵਿੱਚ ਪਲੇ ਸੈਂਡੀ ਦੀ ਵੀ ਇੱਕ ਤਰਾਂ ਨਾਲ ਆਰਥਿਕ ਮਜ਼ਬੂਰੀ
ਹੈ ਕਿਉਂਕਿ ਜੇਕਰ ਉਹ ਪੰਜਾਬੀ ਕੁੜੀ ਨਾਲ ਵਿਆਹ ਕਰਵਾਏਗਾ ਤਾ ਹੀ ਉਸਨੂੰ
ਮਾਪਿਆਂ ਵਲੋਂ ਜਾਇਦਾਦ ਮਿਲਣ ਦੀ ਸੰਭਾਵਨਾ ਹੈ । ਇਉਂ ਨਾਵਲ ‘ਕੈਨੇਡਾ ਦੀ
ਕੁੜੀ’ ਵਿੱਚ ਅਨਮੋਲ ਕੌਰ ਦੀ ਰਚਨਾਤਮਿਕਤਾ ਅਤੇ ਸਿਰਜਣਾਤਮਿਕਤਾ ਬਹੁਤ
ਸਾਰੇ ਪਾਸਾਰ ਪ੍ਰਦਰਸ਼ਿਤ ਹੁੰਦੇ ਹਨ।
ਪਰਵਾਸੀ ਪੰਜਾਬੀ ਨਾਵਲ ਸਾਹਿਤ ਵਿੱਚ ਇੱਕ ਉਲੇਖਯੋਗ ਵਾਧਾ ਹੈ। ਅਜਿਹੀ
ਸੱਜਰੀ, ਸਵੱਛ, ਸੁਹਾਗ ਅਤੇ ਖੂਬਸੂਰਤ ਰਚਨਾ ਲਈ ਅਨਮੋਲ ਕੌਰ ਨਿਸਚਿਤ ਤੌਰ
ਤੇ ਵਧਾਈ ਦੀ ਪਾਤਰ ਹੈ। ਮੈਂ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ ਆਖਦਾ
ਹਾਂ ਅਤੇ ਮੈਂਨੂੰ ਆਸ ਹੈ ਕਿ ਪੰਜਾਬੀ ਵੀ ਇਸ ਨੂੰ ‘ ਜੀ ਆਇਆ’ ਆਖਣਗੇ।
|