ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਆਲੋਚਕ: ਡਾ. ਗੁਰਨਾਇਬ ਸਿੰਘ
ਪੁਸਤਕ: “ਮੇਰਾ ਜੀਵਨ, ਮੇਰਾ ਸਾਹਿਤ: ਸਾਹਿਤਕ ਸਵੈ-ਜੀਵਨੀ”
ਲੇਖਕ: ਰਵਿੰਦਰ ਰਵੀ
ਪੰਨੇ: 309 ਮੁੱਲ: 300 ਭਾਰਤੀ ਰੁਪਏ ਪ੍ਰਕਾਸ਼ਨ-ਸਾਲ: 2010
ਪ੍ਰਕਾਸ਼ਕ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਭਾਰਤ

ਸਾਹਿਤਕ ਸਵੈ-ਜੀਵਨੀ ਦੀ ਰਚਨਾ ਵੇਲੇ ਲੇਖਕ ਖੁਦ ਦੇ ਰੂ-ਬ-ਰੂ ਹੋ ਕੇ ਆਪਣੇ ਰਚਨਾਤਮਕ ਕਾਰਜ ਦੀ ਵਿਸ਼ਾਲ ਪਿੱਠਭੂਮੀ ਅੰਦਰ ਪਏ ਵਿਭਿੰਨ ਪਹਿਲੂਆਂ ਦੀ ਪੁਨਰ-ਸਿਰਜਨਾ ਕਰਦਾ ਹੋਇਆ ਉਨ੍ਹਾਂ ਨੂੰ ਇਤਿਹਾਸਕ ਤੱਥ ਵਾਂਗ ਸੰਭਾਲ ਦੇਂਦਾ ਹੈ! ਇਹ ਤੱਥ ਸੰਬੰਧਤ ਸਾਹਿਤ ਦਾ ਬੀਜ-ਰੂਪ ਹੁੰਦੇ ਹਨ! ਇਨ੍ਹਾਂ ਦੇ ਸਹਾਰੇ ਭਵਿੱਖ ਵਿਚ ਲੇਖਕ ਵਿਸ਼ੇਸ਼ ਦਾ ਸਾਹਿਤ, ਵਰਤਮਾਨ ਪ੍ਰਾਪਤ ਕਰਦਾ ਰਹਿੰਦਾ ਹੈ! ਇਸ ਵਾਸਤੇ ਸਾਹਿਤਕ ਖੋਜ ਤੇ ਆਲੋਚਨਾ ਵੇਲੇ ਲੇਖਕ ਵਿਸ਼ੇਸ਼ ਬਾਰੇ ਨਵੇਂ ਤੱਥ ਲੱਭਣਾ ਵੀ ਉੰਨਾ ਹੀ ਮੁੱਲਵਾਨ ਕਾਰਜ ਹੁੰਦਾ ਹੈ, ਜਿੰਨਾ ਇਨ੍ਹਾਂ ਦੀ ਵਰਤਮਾਨ ਸੰਦਰਭ ਅੰਦਰ ਨਵੀਂ ਵਿਆਖਿਆ ਪੇਸ਼ ਕਰਨਾਂ ਹੁੰਦਾ ਹੈ! ਇਸ ਲਈ ਵਿਭਾਗ ਵਲੋਂ ਲੇਖਕ ਵਿਸ਼ੇਸ਼ ਤੋਂ, ਉੇਸ ਦੀ ਸਾਹਿਤਕ ਸਵੈ-ਜੀਵਨੀ ਇਕ ਖਾਸ ਰੂਪ ਰੇਖਾ ਅਧੀਨ ਤਿਆਰ ਕਰਵਾਈ ਜਾਂਦੀ ਹੈ!

ਪ੍ਰਸਤੁਤ ਸਾਹਿਤਕ-ਸਵੈ-ਜੀਵਨੀ ਰਵਿੰਦਰ ਰਵੀ ਦੀ ਹੈ! ਉਹ ਪਹਿਲਾ ਪੰਜਾਬੀ ਪਰਵਾਸੀ ਲੇਖਕ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਆਰਟਸ ਕੌਂਸਲ ਨੇ 1980 ਈ. ਵਿਚ ਸ਼੍ਰੋਮਣੀ ਸਾਹਿਤਕਾਰ ਦੇ ਪੁਰਸਕਾਰ ਨਾਲ ਸਨਮਾਨਿਆਂ ਸੀ!

ਰਵਿੰਦਰ ਰਵੀ ਰੰਗ-ਬਰੰਗੇ ਬੰਦੇ ਦਾ ਅਸਲ ਰੰਗ ਲੱਭਣ ਦੀ ਲਾਲਸਾ ਦਾ ਨਾਮ ਹੈ! ਵੇਖਣ ਨੂੰ ਉਹ ਕਵੀ ਤੇ ਕਾਵਿ-ਨਾਟਕਾਰ ਲੱਗਦਾ ਹੈ ਪਰ ਮੂਲ ਰੂਪ ਵਿਚ ਉਸ ਦਾ ਸਾਹਿਤ-ਕਰਮ ਅਰਥਾਂ ਦੇ ਅਛੋਹ ਸ਼ਬਦੀ ਰੂਪ ਲਈ ਤੜਫਦੀ ਸੋਹਜਮਈ ਤਲਾਸ਼ ਹੈ! ਪੂਰੀ ਧਰਤੀ ਉਸ ਦੀ ਕਲਾ ਦਾ ਕਰਮ-ਖੇਤਰ ਹੈ! ਉਹ ਦੇਹ ਤੋਂ ਪਾਰ ਵਸਦੇ ਸਦੀਵੀ ਰਸ ਨੂੰ ਲੱਭਣ ਗਏ ਪਰਵਾਸੀ ਪੰਜਾਬੀ ਮਨ ਦਾ ਕਲਾਤਮਕ ਪ੍ਰਗਟਾਵਾ ਹੈ! ਉਸ ਵਲੋਂ ਰਚੇ ਪਰਵਾਸੀ ਸਾਹਿਤ ਨੂੰ ਇਸ ਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ! ਇਸ ਦੇ ਪਿਛੋਕੜ ਵਿਚ ਕਿਤੇ ਬਾਬੇ ਨਾਨਕ ਦੇ ਉਦਾਸੀ ਰੰਗ ਦਾ ਕਣ ਵੀ ਲੁਪਤ ਹੈ! ਇਸ ਅੰਦਰੋਂ ਹੀ ਪੰਜਾਬੀ ਚਿੰਤਨ ਇਸ ਦੇ ਸਬਬ ਲੱਭਣ ਵਿਚ ਸਫਲ ਹੋ ਸਕਦਾ ਹੈ, ਨਹੀਂ ਤਾਂ ਕੋਈ ਕਾਰਨ ਨਹੀੰ ਕਿ ਪੰਜਾਬ ਵਰਗੇ ਭੂ-ਖੰਡ ਨੂੰ ਛੱਡਣ ਦਾ ਖਿਆਲ ਕੋਈ ਪੰਜਾਬੀ ਆਪਣੇ ਦਿਲ ਅੰਦਰੋਂ ਨਾਂ ਕੱਢ ਸਕੇ!

ਪੰਜਾਬੀ ਪਰਵਾਸ ਅੰਨ ਜਾਂ ਦੇਹ-ਰਸ ਲਈ ਪਰਵਾਸ ਨਹੀਂ, ਸਗੋਂ ਪੰਜਾਬੀ ਮਨ ਦੇ ਸਦੀਵੀ ਸੰਵਾਦੀ ਸੁਭਾਅ ਦੀ ਖੂਬੀ ਹੈ ਕਿ ਉਸ ਅੰਦਰ ਆਤਮਕ ਸੰਵਾਦ ਦੀ ਅਕਾਲੀ ਭੁੱਖ ਵਸਦੀ ਹੈ, ਜਿਹੜੀ ਉਸ ਨੂੰ ਕਦੇ ਉਦਾਸੀਆਂ ਲਈ ਅਤੇ ਕਦੇ ਪਰਵਾਸ ਲਈ ਹੁਲਾਰਦੀ ਰਹਿੰਦੀ ਹੈ! ਉਸ ਦੇ ਮਨ ਦੀ ਇਹ ਪਛਾਣ ਉਸ ਨੂੰ ਬਰਤਾਨਵੀ ਈਸਟ ਇੰਡੀਅ ਕੰਪਨੀ ਵਰਗੇ ਮਨ ਜਾਂ ਸਿਕੰਦਰ, ਅਬਦਾਲੀ ਆਦਿ ਵਰਗੇ ਹਮਲਾਵਰ ਮਨ ਤੋਂ ਵਿਲੱਖਣ ਪਛਾਣ ਬਖਸ਼ਦੀ ਹੈ! ਇਹ ਪਛਾਣ ਉਸ ਨੂੰ ਵੇਦ ਰਚਨਾਂ, ਭਾਰਤੀ ਮਹਾਂ-ਕਾਵਿ, ਭਾਰਤੀ ਕਾਵਿ-ਸ਼ਾਸਤਰ, ਭਾਰਤੀ ਭਗਤੀ ਕਾਵਿ, ਭਾਰਤੀ ਸੂਫੀ ਕਾਵਿ ਅਤੇ ਗੁਰਬਾਣੀ ਸਿਰਜਣਾਂ ਵਰਗੇ ਆਤਮ-ਸੰਵਾਦ ਲਈ ਹੀ ਕਾਰਜਸ਼ੀਲ ਰੱਖਦੀ ਹੈ, ਨਾਂ ਕਿ ਉਸ ਦੇ ਦਿਲ ਦਿਮਾਗ਼ ਅੰਦਰ ਕੋਈ ਹਮਲਾਵਰ ਮਾਨਵੀ ਮਸ਼ੀਨ ਬਣਾ ਕੇ ਜੱਗ ਜਿੱਤਣ ਦੇ ਫੌਜੀ ਸੰਕਲਪ ਨੂੰ ਪੈਦਾ ਕਰਦੀ ਹੈ! ਇਸ ਲਈ ਪੰਜਾਬੀ ਪਰਵਾਸ ਨੂੰ ਸਿਰਫ ਅੰਨ ਤੇ ਦੇਹ-ਰਸ ਦੀ ਪ੍ਰਾਪਤੀ ਦੇ ਸੰਦਰਭ ਵਿਚ ਹੀ ਰੱਖਕੇ ਨਹੀਂ ਸਮਝਿਆ ਜਾ ਸਕਦਾ! ਪੰਜਾਬੀ ਸੋਹਜ, ਸਾਹਿਤ, ਸੱਭਿਆਚਾਰ ਦੀ ਇਸ ਪਛਾਣ ਨੂੰ ਪਰਿਭਾਸ਼ਤ ਕਰਨਾ ਪੰਜਾਬੀ ਆਲੋਚਨਾ ਚਿੰਤਨ ਦਾ ਭਾਵੀ ਕਾਰਜ ਹੈ!

ਰਵਿੰਦਰ ਰਵੀ ਪੰਜਾਬੀ ਖੋਜ ਦਾ ਵਿਸ਼ਾ ਹੈ! ਉਹ ਖੁਦ ਵੀ ਸਾਹਿਤ ਸਿਰਜਣਾ ਵੇਲੇ ਪ੍ਰਬੁੱਧ ਖੋਜੀ ਵਾਂਗ ਤੱਥਾਂ ਨੂੰ ਘੋਖਦਾ ਨਿਖਾਰਦਾ ਹੈ! ਇਸ ਪੱਖ ਤੋਂ ਪੰਜਾਬੀ ਚਿੰਤਨ ਦੇ ਖੇਤਰ ਅੰਦਰ ਉਸ ਦੀ ਖਾਸ ਪਛਾਣ ਹੈ! ਚਿੰਤਨਸ਼ੀਲ ਸੋਹਜਕਰਮੀ ਦੀ ਕਿਰਤ ਨੂੰ ਖੋਲ੍ਹਣਾਂ ਕਠਨ ਪਰ ਬੁੱਧ-ਰਸ ਨਾਲ ਭਰਿਆ ਕਰਮ ਹੁੰਦਾ ਹੈ! ਇਸੇ ਲਈ ਰਵਿੰਦਰ ਰਵੀ ਦਾ ਸਾਹਿਤ ਪੜ੍ਹਦਿਆਂ ਹਰ ਗਿਆਨ-ਇੰਦਰੇ ਨੂੰ ਸਤਰਕ ਰੱਖਣਾ ਪੈਂਦਾ ਹੈ! ਇਹ ਮਜਬੂਰੀ ਪੰਜਾਬੀ ਅੰਦਰ ਨਵੇਂ ਭਾਂਤ ਦਾ ਪਾਠਕ ਵਰਗ ਪੈਦਾ ਕਰਨ ਦਾ ਮਾਣ, ਰਵਿੰਦਰ ਰਵੀ ਨੂੰ ਹਾਸਲ ਕਰਵਾ ਗਈ ਹੈ! ਰਵੀ ਸਾਹਿਤ ਦਾ ਇਹ ਪ੍ਰਕਾਰਜ ਵਿਸ਼ੇਸ਼ ਮੁੱਲ ਦਾ ਧਾਰਨੀ ਹੈ! ਉਸ ਦੇ ਰਚਨਾ-ਬੁੱਧ ਦੀ ਥਾਹ ਪਾਉਣ ਲਈ ਪੰਜਾਬੀ ਆਲੋਚਕਾਂ ਵੱਲੋਂ ਵਰਤੇ ਜਾਂਦੇ ਪਛਾਣ-ਸ਼ਬਦ: “ਅਘਰਵਾਸੀ” ਤੇ “ਪ੍ਰਯੋਗ” ਹੁਣ ਘਸ ਗਏ ਹਨ! ਉਸ ਦੀ ਸ਼ਨਾਖਤ ਵਾਸਤੇ ਨਵੇਂ ਸੰਕਲਪਾਤਮਕ ਸ਼ਬਦਾਂ ਦੀ ਲੋੜ ਹੈ!

ਰਵਿੰਦਰ ਰਵੀ ਦਾ ਸਾਹਿਤ ਪਾਠਕ ਦੀ ਪੱਧਰ ਉੱਤੇ ਵਿਚਰਣ ਦੀ ਥਾਂ ਉਸ ਨੂੰ ਆਪਣੀ ਬੌਧਕ ਪੱਧਰ ਤੱਕ ਉੱਚਾ ਉੱਠਣ ਲਈ ਪ੍ਰੇਰਦਾ ਹੈ! ਉਹ ਇਸ ਪ੍ਰਕਾਰਜ ਹਿੱਤ ਸੁਚੇਤ ਰਚਨਾਕਾਰੀ ਕਰਦਾ ਹੈ! ਇਸ ਧਾਰਨਾਂ ਅਧੀਨ ਉਹ ਲਿਖਦਾ ਹੈ:

“ਮੇਰੇ ਕਾਵਿ ਵਿਚ ਤਾਂ ਪਾਠਕ ਦੀ ਬੌਧਕ ਸ਼ਮੂਲੀਅਤ ਜ਼ਰੂਰੀ ਸੀ! ਇਹ ਪੇਸ਼ਕਾਰੀ ਦਾ ਨਹੀਂ, ਸਗੋਂ ਪੜ੍ਹਨ ਅਤੇ ਪ੍ਰਸਪਰ ਆਤਮ-ਸੰਵਾਦ ਦਾ ਕਾਵਿ ਸੀ(ਪੰਨਾਂ 87)!”

ਇਸ ਦ੍ਰਿਸ਼ਟੀ ਤੋਂ ਉਹ ਕਵਿਤਾ, ਕਹਾਣੀ ਤੋਂ ਭਿੰਨ ਕਿਸੇ ਨਵੇਂ ਰੂਪਾਕਾਰ ਦੀ ਤਲਾਸ਼ ਲਈ ਕਾਰਜ ਵੀ ਆਰੰਭਦਾ ਹੈ! ਇਸ ਤਲਾਸ਼ ਦੇ ਪਿਛੋਕੜ ਵਿਚ ਉਸ ਦਾ ਉਸ ਦਾ ਇਹੋ ਵਿਚਾਰ ਉਸ ਨੂੰ ਟਿਕਣ ਨਹੀਂ ਦਿੰਦਾ! ਉਹ ਲਿਖਦਾ ਹੈ:

“ਕਹਾਣੀਆਂ ਅਫਰੀਕਾ, ਇੰਗਲੈਂਡ, ਅਮਰੀਕਾ, ਆਸਟਰੇਲੀਆ, ਯੂਨਾਨ ਤੇ ਭਾਰਤ ਦੇ ਅਜਿਹੇ ਕਿਰਦਾਰਾਂ ਦੀ ਬਾਤ ਹੀ ਨਹੀਂ ਪਾਉਂਦੀਆਂ, ਸਗੋਂ ਇਕ ਨਵੀਨ ਬੌਧਕ ਸ਼ੂਲੀ ਦਾ ਨਿਰਮਾਣ ਵੀ ਕਰਦੀਆਂ ਹਨ! ਆਧੁਨਿਕ ਸਾਹਿਤ ਟੂ-ਵੇ ਟ੍ਰੈਫਿਕ  ਹੈ ਅਤੇ ਇਸ ਵਿਚ ਪਾਠਕ ਦੀ ਬੌਧਕ ਸ਼ਮੂਲੀਅਤ ਬਹੁਤ ਜ਼ਰੂਰੀ ਹੈ! ਇਸ ਤਰ੍ਹਾਂ ਦੇ ਬੌਧਕ ਤਾਣੇਂ ਪੇਟੇ ‘ਚੋਂ ਹੀ ਮੈਂ ਰਵਾਇਤ ਤੋਂ ਹਟ ਕੇ, ਇਕ ਨਵੀਂ ਕਿਸਮ ਦੇ ਕਾਵਿ-ਨਾਟਕ ਦੀ ਸਿਰਜਣਾ ਕਰਨੀ ਚਾਹੁੰਦਾ ਸਾਂ! ਮੇਰੀ ਆਪਣੀ ਕਵਿਤਾ ਤੇ ਕਹਾਣੀ ਵਿਚ ਇਸ ਤਰ੍ਹਾਂ ਦੀ ਸ਼ੈਲੀ ਦਾ ਅਭਿਆਸ ਮੈਨੂੰ ਹੋ ਚੁੱਕਾ ਸੀ! ਇਸ ਲਈ ਮੇਰੇ ਕਾਵਿ-ਨਾਟਕ ਖੇਤਰ ਵਿਚ ਪਰਵੇਸ਼ ਕਰਨ ਲਈ ਰਚਨਾਂ-ਭੂਮੀਂ ਪਹਿਲਾਂ ਹੀ ਤਿਆਰ ਹੋ ਚੁੱਕੀ ਸੀ!(ਪੰਨਾਂ 205)!”

ਇਸ ਤਰ੍ਹਾਂ ਰਵੀ-ਸਾਹਿਤ ਨਵੇਂ ਰੂਪਾਂ ਦੀ ਨਿਰੰਤਰ ਖੋਜ ਦਾ ਤਿਹਾਇਆ ਹੈ! ਉਸ ਨੂੰ ਹਰ ਵੇਲੇ ਕੁਝ ਨਵਾਂ ਕਰਨ ਦਾ ਚਾਅ ਚੜ੍ਹਿਆ ਰਹਿੰਦਾ ਹੈ! ਇਸ ਚਾਅ ਨੇ ਉਸ ਦੀ ਹੁਣ ਤਕ ਦੀ ਸਾਹਿਤ-ਰਚਨਾਂ ਨੂੰ “ਅੰਤਮ ਪ੍ਰਾਪਤੀ” ਦਾ ਵਿਸ਼ੇਸ਼ਣ ਨਹੀਂ ਬਖਸ਼ਣ ਦਿੱਤਾ! ਪੰਜਾਬੀ ਚਿੰਤਨ ਨੇ ਭਾਵੇਂ “ਬੀਮਾਰ ਸਦੀ” ਨਾਲ ਉਸ ਦੀ ਪਛਾਣ ਨੂੰ ਬੰਨ੍ਹਣ ਦਾ ਯਤਨ ਕੀਤਾ ਹੈ ਪਰ ਉਸ ਦੀ ਸਾਹਿਤਕ ਪ੍ਰਤਿਭਾ ਇਸ ਨਾਪ ਨਾਲ ਮਿਣੀ ਜਾਣੀ ਅਸੰਭਵ ਹੈ! ਸਰਜੀਕਲ ਸਰੀਰਕ ਸਥਿਤੀ ਦੇ ਬਾਵਜੂਦ ਉਸ ਤੋਂ ਕੱਦਾਵਰ ਵਿਲੱਖਣ ਰਚਨਾਂ ਦੀ ਉਮੀਦ ਰੱਖੀ ਜਾ ਸਕਦੀ ਹੈ! ਇਹ ਰਚਨਾਂ ਹਰ ਪੱਖ ਤੋਂ ਵਿਸ਼ਵ ਸਾਹਿਤ ਅੰਦਰ ਪੰਜਾਬੀ ਸਾਹਿਤ ਦੀ ਨਿਰਾਲੀ ਪਛਾਣ ਦਾ ਜ਼ਰੀਆ ਹੋਵੇਗੀ!

ਉਸ ਦੀ ਇਹ ਸਵੈ-ਜੀਵਨੀ ਪੰਜਾਬੀ ਸਾਹਿਤ ਦੇ ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ! ਇਹ ਰਵਾਇਤੀ ਤੇ ਰਸਮੀਂ ਨਹੀਂ ਹੈ! ਇਸ ਵਾਸਤੇ ਇਸ ਦੀ ਸ਼ਕਲ ਵੀ ਆਪਣੇ ਵਰਗੀ ਆਪ ਹੀ ਹੈ! ਇਸ ਨੂੰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ! ਇਸ ਅੰਦਰ ਪਿਆਰਾ ਸਿੰਘ ਗਿੱਲ ਵਲਦ ਜਵਾਲਾ ਸਿੰਘ ਦੇ ਤੁਖਮ ‘ਚੋਂ ਜਗਤ ਪੁਰੇ ਵਿਚ ਉੱਗੇ ਰਵਿੰਦਰ ਸਿੰਘ ਗਿੱਲ ਨਾਮ ਦੇ ਬੰਦੇ ਦਾ ਬਿਰਖ ਬਣ ਸਾਰੀ ਧਰਤੀ ਉੱਤੇ ਫੈਲ ਜਾਣ ਦਾ ਸੁਪਨਾ ਫਲ, ਫੁਲ ਬਣ ਮਹਿਕਿਆ ਹੈ!

ਇਸ ਸਵੈ-ਜੀਵਨੀ ਦੀ ਅੰਤਿਕਾ ਪਹਿਲੀ ਵਿਚ ਉਸ ਨੇ ਪ੍ਰਾਪਤ ਪੁਰਸਕਾਰਾਂ ਤੇ ਸਨਮਾਨਾਂ ਦੀ ਸੂਚੀ ਦਰਜ ਕੀਤੀ ਹੈ! ਕਈ ਸਨਮਾਨ ਪੁਰਸਕਾਰ ਉਸ ਦੇ ਨਾਮ ਨਾਲ ਜੁੜੇ ਹਨ! ਇਨ੍ਹਾਂ ਨੂੰ ਹਾਸਲ ਕਰਨ ਦੇ ਸੁਲੱਖਣੇ ਅਹਿਸਾਸ ਸੰਗ ਉਹ ਆਨੰਦਤ ਹੁੰਦਾ ਰਿਹਾ ਹੈ! ਪਰ ਇਸ ਪ੍ਰਸੰਗ ਵਿਚ ਇਕ ਵਿਲੱਖਣ ਯਾਦ ਨੂੰ ਉਸਨੇ ਇਸ ਸਵੈ-ਜੀਵਨੀ ਵਿਚ ਸੰਭਾਲਿਆ ਹੈ! ਉਹ ਇਨ੍ਹਾਂ ਬੇਹੱਦ ਭਾਵੁਕ ਪਲਾਂ ਬਾਰੇ ਲਿਖਦਾ ਹੈ:

“ਮੇਰੇ ਪਿਤਾ ਜੀ ਬਹੁਤ ਖੁਸ਼ ਸਨ ਤੇ ਉਨ੍ਹਾਂ ਦੀ ਇੱਛਾ ਸੀ ਕਿ ਮੈਂ ਇਹ ਪੁਰਸਕਾਰ ਲੈਣ ਭਾਰਤ ਜ਼ਰੂਰ ਆਵਾਂ!............ਆਖਿਰ ਫੈਸਲਾ ਇਹ ਹੀ ਹੋਇਆ ਕਿ ਮੈਂ 30 ਜੂਨ, 1981 ਨੂੰ ਭਾਰਤ ਪਹੁੰਚਾਂਗਾ! ........15 ਜੂਨ, 1981 ਨੂੰ ਪਿਤਾ ਜੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ! ਉਹ ਦਿਲ ਦੀਆਂ ਦਿਲ ਵਿਚ ਲੈ ਕੇ ਤੇ ਮੈਨੂੰ ਮਿਲੇ ਬਿਨਾਂ ਹੀ ਸਦਾ ਲਈ ਅਲੋਪ ਹੋ ਗਏ! ਮੌਤ ਨੇ 15 ਦਿਨਾਂ ਦੀ ਮੁਹਲਤ ਵੀ ਨਾਂ ਦਿੱਤੀ! 30 ਜੂਨ ਨੂੰ ਤਾਂ ਮੈਂ ਉੱਥੇ ਪਹੁੰਚ ਜਾਣਾਂ ਸੀ, ਪਿਤਾ ਜੀ ਦੇ ਕੋਲ!!!.....ਜਿਸ ਨੂੰ ਇਨ੍ਹਾਂ ਪੁਰਸਕਾਰਾਂ ਤੋਂ ਸਭ ਤੋਂ ਵੱਡੀ ਖੁਸ਼ੀ ਹੋਈ ਸੀ, ਉਹ ਹੀ ਇਸ ਸੰਸਾਰ ਵਿਚ ਨਾਂ ਰਿਹਾ! ਜਿਸ ਨੇ ਮੇਰੇ ਜਨਮ ਸਮੇਂ ਕਾਮਨਾਂ ਕੀਤੀ ਸੀ ਕਿ ਮੈਂ ਸਾਹਿਤਕਾਰ ਬਣਾਂ, ਉਹ ਹੀ ਸਾਨੂੰ ਸਭ ਨੂੰ ਸਦਾ ਲਈ ਛੱਡ ਗਿਆ! ਜ਼ਿੰਦਗੀ ਦਾ ਇਹ ਵੀ ਇਕ ਗੂੜ੍ਹਾ ਰੰਗ ਹੈ, ਮੌਤ ਦਾ ਕਾਲਾ ਸਿਆਹ ਰੰਗ!!!” - (ਪੰਨਾਂ 280)

ਰਵਿੰਦਰ ਰਵੀ ਦਾ ਰਚਨਾਂ ਕਾਰਜ 1955 ਈ. ਦੇ ਆਲੇ ਦੁਆਲੇ ਆਰੰਭ ਹੋਇਆ ਸੀ! ਉਦੋਂ ਤੋਂ ਉਹ ਨਿਰੰਤਰ ਕਾਰਜਸ਼ੀਲ ਹੈ! ਆਪਣੇ ਹਰ ਸ਼ਬਦ ਨੂੰ ਸੁੰਦਰ ਪ੍ਰਕਾਸ਼ ਪ੍ਰਦਾਨ ਕਰਵਾਕੇ ਉਸ ਨੇ ਸ਼ਬਦ ਸੋਹਜ ਨਾਲ ਇਸ਼ਕ ਪਾਲਿਆ ਹੈ! ਪੰਜਾਬੀ ਪੁਸਤਕ-ਪ੍ਰਕਾਸ਼ਨਾਂ ਦੇ ਇਤਿਹਾਸ ਵਿਚ ਉਸ ਦੀਆਂ ਪੁਸਤਕਾਂ ਦੀ ਪ੍ਰਕਾਸ਼ਨ-ਨੁਹਾਰ ਨਿਵੇਕਲੀ ਹੈ!

ਰਵਿੰਦਰ ਰਵੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੌਂਪੇ ਇਸ ਕਾਰਜ ਨੂੰ ਜਰਜਰੀ (ਸਰਜਰੀ-ਗ੍ਰਸਿਤ) ਕਾਇਆ ਨਾਲ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਸਿਰੇ ਲਾਇਆ ਹੈ! ਵਿਭਾਗ ਉਸ ਦਾ ਧੰਨਵਾਦ ਕਰਦਾ ਹੈ! ਪਬਲੀਕੇਸ਼ਨ ਬਿਊਰੋ ਨੇ ਇਸ ਸਵੈ-ਜੀਵਨੀ ਨੂੰ ਸੁੰਦਰ ਰੂਪ ਵਿਚ ਪ੍ਰਕਾਸ਼ਿਤ ਕੀਤਾ ਹੈ! ਵਿਭਾਗ ਉਸ ਦਾ ਵੀ ਧੰਨਵਾਦੀ ਹੈ! ਉਮੀਦ ਹੈ ਕਿ ਪੰਜਾਬੀ ਪਾਠਕ , ਵਿਦਿਆਰਥੀ, ਵਿੱਦਵਾਨ ਤੇ ਖੋਜਾਰਥੀ ਇਸ ਦਾ ਭਰਪੂਰ ਸਵਾਗਤ ਕਰਨਗੇ! ਵਿਸ਼ਵਾਸ ਹੈ ਕਿ ਪੰਜਾਬੀ ਸਾਹਿਤ, ਖੋਜ ਤੇ ਅਧਿਅਨ ਦੇ ਖੇਤਰ ਵਿਚ ਕਾਰਜਸ਼ੀਲ ਚਿੰਤਕਾਂ ਵਾਸਤੇ ਇਹ ਪੁਸਤਕ ਉਪਯੋਗੀ ਸਿੱਧ ਹੋਵੇਗੀ!

ਡਾ. ਗੁਰਨਾਇਬ ਸਿੰਘ,
ਮੁਖੀ, ਪੰਜਾਬੀ ਸਾਹਿਤ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)