|
ਸ਼ਸ਼ੀ ਪਾਲ ਸਮੁੰਦਰਾ ਦੀ ਸੜਕਛਾਪ ਸ਼ਾਇਰੀ ਆਪਣੀ ਕਿਸਮ ਦੀ ਇਕ ਵਿਲੱਖਣ
ਕਵਿਤਾਵਾਂ ਵਾਲੀ ਪੁਸਤਕ ਹੈ, ਜਿਸਦੇ ਵਿਸ਼ੇ ਪੁਰਾਤਨ ਦਿਹਾਤੀ ਸਮਾਜਿਕ ਤਾਣੇ
ਬਾਣੇ ਵਿਚੋਂ ਚੁਣੇ ਗਏ ਹਨ। ਇਸ ਪੁਸਤਕ ਦੀ ਹਰ ਕਵਿਤਾ ਕਿਸੇ ਨਾ ਕਿਸੇ
ਪ੍ਰਾਕ੍ਰਿਤਕ ਵਸਤੂ ਨੂੰ ਚੁਣਕੇ ਲਿਖੀ ਗਈ ਹੈ, ਉਸ ਕਵਿਤਾ ਵਿਚੋਂ ਇਨਸਾਨ
ਨੂੰ ਪ੍ਰੇਰਨਾ ਲੈ ਕੇ ਇਨਸਾਨੀਅਤ ਦੇ ਗੁਣਾਂ ਤੇ ਪਹਿਰਾ ਦੇਣ ਦੀ ਗੱਲ ਕਰਦੀ
ਹੈ। ਇਸ ਪ੍ਰਕਾਰ ਲੇਖਿਕਾ ਦੱਸਣਾ ਚਾਹੁੰਦੀ ਹੈ ਕਿ ਜੇਕਰ ਜੀਵ-ਜੰਤੂ,
ਪਵਨ-ਪਾਣੀ, ਫੁਲ-ਬੂਟੇ, ਨਦੀਆਂ-ਨਾਲੇ, ਚੰਦ-ਸੂਰਜ, ਕੀੜੇ-ਮਕੌੜੇ,
ਜ਼ਮੀਨ-ਅਸਮਾਨ, ਬਿਨਾ ਕਿਸੇ ਵੈਰ ਭਾਵ, ਲਾਲਚ, ਖ਼ੁਦਗਰਜੀ, ਲੱਗ ਲਗਾਵ ਅਤੇ
ਨਿਰਪੱਖ ਹੋ ਕੇ ਆਪੋ ਆਪਣੇ ਫਰਜ ਨਿਭਾਉਂਦੇ ਹੋਏ ਆਪਣਾ ਜੀਵਨ ਆਨੰਦਮਈ ਢੰਗ
ਨਾਲ ਬਸਰ ਕਰ ਰਹੇ ਹਨ ਤਾਂ ਇਨਸਾਨ ਲਈ ਕੀ ਸਮੱਸਿਆ ਹੋ ਸਕਦੀ ਹੈ ਕਿਉਂਕਿ
ਇਨਸਾਨ ਨੂੰ ਪਰਮਾਤਮਾ ਨੇ ਦਿਮਾਗ ਸੋਚ ਸਮਝਕੇ ਵਿਚਰਣ ਲਈ ਦਿੱਤਾ ਹੈ। ਪਸ਼ੂ
ਪੰਛੀਆਂ ਨੂੰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਉਨਾਂ ਨੂੰ ਆਪਣੇ
ਫਰਜ ਨਿਭਾਉਂਦਿਆਂ ਕਿਸੇ ਵਸਤੂ ਦੀ ਪ੍ਰਾਪਤੀ ਦੀ ਇੱਛਾ ਹੈ, ਫਿਰ ਇਨਸਾਨ
ਕਿਉਂ ਹਓਮੈ ਦਾ ਸ਼ਿਕਾਰ ਹੋ ਕੇ ਲੜਾਈ, ਝਗੜੇ, ਵੈਰ, ਵਿਰੋਧ, ਦੂਸ਼ਣਬਾਜ਼ੀਆਂ
ਅਤੇ ਖ਼ੁੰਦਕਾਂ ਕੱਢਦਾ ਰਹਿੰਦਾ ਹੈ। ਉਸਦਾ ਇਨਾਂ ਕਵਿਤਾਵਾਂ ਵਿਚ ਸ਼ਪਸ਼ਟ ਤੌਰ
ਤੇ ਇਹ ਸੰਦੇਸ਼ ਦੇਣਾ ਹੈ ਕਿ ਇਨਸਾਨ ਇਨਸਾਨੀਅਤ ਦੇ ਗੁਣਾਂ ਨੂੰ ਭੁੱਲ ਕੇ
ਕੁਰਾਹੇ ਪੈ ਚੁੱਕਾ ਹੈ, ਇਨਸਾਨ ਨੂੰ ਇਨਸਾਨੀਅਤ ਦਾ ਪੱਲਾ ਨਹੀਂ ਛੱਡਣਾ
ਚਾਹੀਦਾ ਸਗੋਂ ਉਸਨੂੰ ਤਾਂ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦਾ
ਪਹਿਰੇਦਾਰ ਬਣਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨੇ ਚਾਹੀਦੇ ਹਨ ਕਿਉਂਕਿ
ਇਨਸਾਨੀ ਜੀਵਨ ਕੀੜੇ ਮਕੌੜਿਆਂ ਨਾਲੋਂ ਹਜ਼ਾਰ ਦਰਜੇ ਬਿਹਤਰ ਗਿਣਿਆਂ ਜਾਂਦਾ
ਹੈ, ਫਿਰ ਅਸੀਂ ਇਸ ਦਾ ਦੁਰਉਪਯੋਗ ਕਿਉਂ ਕਰਦੇ ਹਾਂ? ਇਕ ਕਿਸਮ ਨਾਲ ਸ਼ਸੀ
ਪਾਲ ਸਮੁੰਦਰਾ ਦੀਆਂ ਸਾਰੀਆਂ ਕਵਿਤਾਵਾਂ ਇਨਸਾਨ ਵਲੋਂ ਮਿਥੀਆਂ ਅਖੌਤੀ
ਸਮਾਜਿਕ ਕਦਰਾਂ ਕੀਮਤਾਂ ਅਤੇ ਪਰੰਪਰਾਵਾਂ ਵਿਰੁਧ ਅਸਿੱਧੇ ਢੰਗ ਨਾਲ
ਕੁਰੇਦਣ ਅਤੇ ਬਗ਼ਾਬਤੀ ਸੁਰਾਂ ਵਾਲੀਆਂ ਹਨ। ਉਹ ਹਰ ਕਵਿਤਾ ਵਿਚ
ਪ੍ਰਤੀਕਾਤਮਕ ਗੱਲ ਕਰਦੀ ਹੋਈ ਵਹਿਮਾਂ ਭਰਮਾ ਤੋਂ ਖਹਿੜਾ ਛੁਡਾਉਣ ਦੀ ਗੱਲ
ਵੀ ਕਰਦੀ ਹੈ। ਉਸ ਦੀਆਂ ਕੁਝ ਕਵਿਤਾਵਾਂ ਇਸ਼ਕ ਮੁਸ਼ਕ ਦੇ ਆਲੇ ਦੁਆਲੇ ਵੀ
ਘੁੰਮਦੀਆਂ ਹਨ ਪ੍ਰੰਤੂ ਉਨਾਂ ਵਿਚ ਪ੍ਰਤੀਕ ਉਹ ਕਮਾਲ ਦੇ ਵਰਤਦੀ ਹੈ,
ਜਿਨਾਂ ਤੋਂ ਆਮ ਪਾਠਕ ਨੂੰ ਲਗਦਾ ਹੈ ਕਿ ਪਸ਼ੂਆਂ ਪੰਛੀਆਂ ਅਤੇ ਜਾਨਵਰਾਂ
ਦੀਆਂ ਗੱਲਾਂ ਕਰਦੀ ਹੈ ਪ੍ਰੰਤੂ ਉਸਦੀਆਂ ਗੁਝੀਆਂ ਰਮਜਾਂ ਬੁੱਧੀਮਾਨ ਪਾਠਕ
ਸਮਝ ਜਾਂਦੇ ਹਨ ਕਿ ਉਹ ਕਿਹੜੀਆਂ ਟਕੋਰਾਂ ਮਾਰਕੇ ਮਨੁੱਖਤਾ ਨੂੰ ਸਮਝਾਉਣਾ
ਚਾਹੁੰਦੀ ਹੈ। ‘ਰਾਤ ਦੇਵੀ ਦੇ ਮੰਦਿਰ ਵਿਚ’ ਨਾਂ ਦੀ ਕਵਿਤਾ ਵਿਚ ਉਹ
ਲਿਖਦੀ ਹੈ-
ਰਾਤ ਦੇਵੀ ਦਾ ਮੰਦਿਰ ਖੁਲਿਆ, ਡੱਡੂ ਤੇ ਝੀਂਗਰਾ ਮਹਿਮਾਂ ਗਾਈ।
ਸਬਜ ਜੰਗਲ ਦੀ ਸੁੱਤੀ ਦੁਨੀਆਂ, ਜਾਗੀ ਤੇ ਬਾਹਰ ਆਈ।
ਨਦੀਆਂ ਕੰਨੀ ਤੁਰੇ ਕਾਫ਼ਲੇ, ਰਾਤ ਦੇ ਰਾਹੀਆਂ ਤ੍ਰੇਹ ਮਿਟਾਈ।
ਇਸੇ ਤਰਾਂ ‘ਗ੍ਰੰਥ ਜਲ ਅੰਦਰ ਦੇ ਸ਼ਰਧਾਲੂ’ ਨਾਂ ਦੀ ਪ੍ਰਤੀਕਾਤਮਕ
ਕਵਿਤਾ ਹੈ ਜੋ ਇਨਸਾਨੀ ਫਿਤਰਤ ਨੂੰ ਡੱਡੂਆਂ ਅਤੇ ਮੱਛੀਆਂ ਰਾਹੀਂ
ਪ੍ਰਗਟਾਉਂਦੀ ਹੈ-
ਓ ਭਾਈ, ਹੈਗੇ ਡੱਡੂ ਤੇ ਮੱਛੀਆਂ ਦੇ ਵੀ ਗੁਰਦੁਆਰੇ ਤੇ ਮੰਦਿਰ
ਛੱਪੜ, ਖੂਹ, ਦਰਿਆ, ਝੀਲਾਂ ਤੇ ਸਮੁੰਦਰ, ਜਿਥੇ ਪਾਣੀ ਦੇ ਵਰਕਿਆਂ ‘ਤੇ
‘ਵਾ-ਸਿਆਹੀ ਲਿਖਦੀ ਹੈ ‘ਗ੍ਰੰਥ ਜਲ ਅੰਦਰ’ ਤੇ ਕਾਂ, ਕੁੱਤੇ ਤੇ
ਇੱਲ-ਬਲਾਵਾਂ ਤੋਂ,
ਬਚਦੇ ਓਹ ਲੈਂਦੇ ਨੇ ਰਸਤੇ ਇਹਦੇ ਤੋਂ।
ਸ਼ਸੀ ਪਾਲ ਸਮੁੰਦਰਾ ਭਾਵੇਂ ਰਹਿੰਦੀ ਅਮਰੀਕਾ ਵਿਚ ਹੈ ਪ੍ਰੰਤੂ ਉਸਦੀ
ਰੂਹ ਪੰਜਾਬ ਵਿਚ ਹੀ ਗੇੜੇ ਮਾਰਦੀ ਵਿਖਾਈ ਦਿੰਦੀ ਹੈ। ਉਹ ਅਜੇ ਵੀ ਆਪਣੀ
ਵਿਰਾਸਤ ਨਾਲ ਬਾਖ਼ੂਬੀ ਜੁੜੀ ਹੋਈ ਹੈ। ਉਸਦੀ ਹਰ ਕਵਿਤਾ ਪੁਰਾਤਨ ਦਿਹਾਤੀ
ਪੰਜਾਬ ਦਾ ਹੂ-ਬ-ਹੂ ਚਿਤਰਣ ਪੇਸ਼ ਕਰਦੀ ਹੈ। ਉਸਦੀ ਕਵਿਤਾ ਵਿਚ ਸਮਾਜ ਵਿਚ
ਵਾਪਰ ਰਹੀਆਂ ਸਾਰੀਆਂ ਘਟਨਾਵਾ ਵਿਚੋਂ ਸਾਕਾਰਾਤਮਕਤਾ ਨਜ਼ਰ ਆਉਂਦੀ ਹੈ,
ਭਾਵੇਂ ਉਹ ਕਈ ਕਵਿਤਾਵਾਂ ਵਿਚ ਅਸਿੱਧੇ ਢੰਗ ਨਾਲ ਕਿੰਤੂ ਪ੍ਰੰਤੂ ਵੀ ਕਰਦੀ
ਹੈ ਪ੍ਰੰਤੂ ਉਸਦਾ ਮੰਤਵ ਘ੍ਰਿਣਾ ਦੀ ਜ਼ਹਿਰ ਨੂੰ ਕਵਿਤਾਵਾਂ ਦੀ ਮਿਠਾਸ
ਰਾਹੀਂ ਘਟਾਕੇ ਮਹਿਕ ਖਿਲਾਰਨਾ ਹੁੰਦਾ ਹੈ। ਚਿੜੀਆਂ ਦੇ ਇਕੱਠ ਨੂੰ ਵੀ ਉਹ
ਤ੍ਰਿੰਝਣ ਦਾ ਨਾਂ ਦਿੰਦੀ ਹੈ ਕਿਉਂਕਿ ਉਹ ਮਹਿਸੂਸ ਕਰ ਰਹੀ ਹੈ ਕਿ ਆਧੁਨਿਕ
ਜ਼ਿੰਦਗੀ ਵਿਚ ਕੁੜੀਆਂ ਨੂੰ ਆਪਣੇ ਮਨ ਦੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ
ਤ੍ਰਿੰਝਣ ਵਿਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲ ਰਿਹਾ। ਉਹ ਆਪਣੀਆਂ
ਕਵਿਤਾਵਾਂ ਵਿਚ ਵਾਰ ਵਾਰ ਭੌਰੇ, ਤਿਤਲੀਆਂ, ਹਵਾ, ਪਾਣੀ ਘੁੰਗਰੂ,
ਬੁਲਬੁਲ, ਕੁੜੀਆਂ, ਚਿੜੀਆਂ, ਫੁਲਾਂ ਅਤੇ ਮਹਿਕਾਂ ਦਾ ਜ਼ਿਕਰ ਕਰਦੀ ਹੈ।
ਮੁਸ਼ਕਲਾਂ ਭਰੀ ਅਜੋਕੀ ਜ਼ਿੰਦਗੀ ਦੇ ਯਥਾਰਥ ਦਾ ਪ੍ਰਗਟਾਵਾ ਉਹ ਸ਼ਾਇਦ ਨਦੀ ਦੇ
ਵਹਿਣ ਨੂੰ ਬਿੰਬ ਬਣਾਕੇ ਸਬਰ, ਸੰਤੋਖ਼ ਅਤੇ ਕੁਰਬਾਨੀ ਦਾ ਜ਼ਜਬਾ ਪੈਦਾ ਕਰਨ
ਲਈ ਕਰਦੀ ਹੈ ਕਿਉਂਕਿ ਨਦੀ ਨਿਰੰਤਰ ਬਿਨਾ ਕਿਸੇ ਇਛਾ ਦੀ ਪ੍ਰਾਪਤੀ ਦੇ
ਵਹਿੰਦੀ ਰਹਿੰਦੀ ਹੈ। ਜ਼ਿੰਦਗੀ ਦੀ ਸੁਚੱਜੀ ਵਰਤੋਂ ਦਾ ਸੰਦੇਸ਼ ਦੇਣ ਲਈ ਉਹ
ਲਿਖਦੀ ਹੈ-
ਇਹ ਵੇਲਾ ਸਦਾ ਇੰਜ ਨਹੀਂ ਰਹਿਣਾ, ਇਸ ਫੁਲ ਨੇ ਸਦਾ ਇੰਜ ਨਹੀਂ ਖਿੜਨਾ।
ਇਹ ਰੂਪ ਇਹਦਾ ਇਕ ਪਲ ਦਾ ਗਹਿਣਾ, ਭਲਕ ਤਕ ਮਹਿਕਾਂ ਮਰ ਜਾਣਾ।
ਕੁਦਰਤ ਦੀ ਇਸ ਨਿਹਮਤ ਨੂੰ, ਇੰਜ ਤਾਂ ਨਹੀਂ ਗੁਆਈਦਾ।
ਸ਼ਸ਼ੀ ਪਾਲ ਸਮੁੰਦਰਾ ਫਿਰ ਵੀ ਆਸ ਦਾ ਪੱਲਾ ਨਹੀਂ ਛੱਡਦੀ । ਉਸਨੂੰ ਉਦਾਸ
ਰਹਿਣਾ ਗ਼ਨੀਮਤ ਨਹੀਂ ਲਗਦਾ। ਉਹ ਨਿਰਾਸ਼ਾ ਵਿਚੋਂ ਵੀ ਆਸ ਦੀ ਕਿਰਨ ਲੱਭਦੀ
ਨਜ਼ਰ ਆਉਂਦੀ ਹੈ, ਜਦੋਂ ਉਹ ਕਾਂ ਵਰਗੇ ਜਾਨਵਰ ਜਿਸਨੂੰ ਬੁਰਾਈ ਦਾ ਪ੍ਰਤੀਕ
ਗਿਣਿਆਂ ਜਾਂਦਾ ਹੈ ਤੋਂ ਵੀ ਆਸ ਦੀ ਗੱਲ ਕਰਦੀ ਹੋਈ ਲਿਖਦੀ ਹੈ-
ਬੈਠਾ ਕਾਂ ਬਨੇਰੇ ਬੋਲੇ, ਆਸਾਂ ਨੇ ਪਰ ਤੋਲੇ।
ਬਾਰ ਬਾਰ ਭੱਜ ਬੂਹੇ ਖੋਲੇ, ਏਨਾ ਚਿਰ ਨੀ ਸੋਹਣਿਆਂ ਲਾਈਦਾ।
ਉਸਦੀਆਂ ਕਵਿਤਾਵਾਂ ਪੇਂਡੂ ਸਭਿਆਚਾਰ ਜਿਸਨੂੰ ਉਸਨੇ ਪੰਜਾਬ ਵਿਚ ਬਚਪਨ
ਅਤੇ ਜਵਾਨੀ ਦੇ ਸਮੇਂ ਵਿਚ ਵਿਚਰਦਿਆਂ ਵੇਖਿਆ ਤੇ ਮਾਣਿਆਂ ਦਾ
ਦ੍ਰਿਸ਼ਟਾਂਤਿਕ ਰੂਪ ਵਿਚ ਵਿਵਰਣ ਕੀਤਾ ਹੋਇਆ ਮਿਲਦਾ ਹੈ। ਇਨਸਾਨ ਵਲੋਂ
ਸਮਾਜਿਕ ਜਾਤ ਪਾਤ ਦੀਆਂ ਪਾਈਆਂ ਵੰਡੀਆਂ ਦਾ ਵੀ ਉਹ ਜ਼ਿਕਰ ਕਰਦੀ ਰਹਿੰਦੀ
ਹੈ। ਮਨੁੱਖ ਆਪਣੀ ਨਿੱਜੀ ਪੂਰਤੀ ਲਈ ਮੰਦ ਭਾਵਨਾਵਾਂ ਪਾਲਦਿਆਂ ਇਨਸਾਨੀ
ਕਦਰਾਂ ਕੀਮਤਾਂ ਦਾ ਘਾਣ ਕਰਦਾ ਹੈ। ਉਸਦੀ ਪੁਸਤਕ ਦੀਆਂ ਬਹੁਤੀਆਂ
ਕਵਿਤਾਵਾਂ ਪ੍ਰਤੀਕਤਾਤਮਿਕ ਹਨ ਪ੍ਰੰਤੂ ਪੁਸਤਕ ਦੀ ਆਖ਼ਰੀ ਕਵਿਤਾ ਯਾਤਰੀ
ਵਿਚ ਉਹ ਬੀਜ ਨੂੰ ਧਰਤੀ ਵਿਚ ਬੀਜਣ, ਵਿਗਸਣ, ਪ੍ਰਫੁਲਤ ਹੋਣ ਅਤੇ ਫੁਲ ਬਣਨ
ਤਕ ਦੇ ਸਫਰ ਦਾ ਪ੍ਰਗਟਾਵਾ ਕਰਦੀ ਦਸਦੀ ਹੈ ਕਿ ਉਸਨੂੰ ਇਸ ਪੱਧਰ ਤੱਕ
ਪਹੁੰਚਣ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਫਿਰ ਵੀ ਉਹ
ਸਾਨੂੰ ਖ਼ੁਸ਼ਬੂ ਅਤੇ ਫਲ ਦਿੰਦਾ ਹੈ। ਇਹ ਉਦਾਹਰਣ ਇਨਸਾਨ ਨੂੰ ਉਹ ਪ੍ਰਤੀਕਾਂ
ਰਾਹੀਂ ਦੇਣਾ ਲੋਚਦੀ ਹੈ ਕਿ ਉਸਨੂੰ ਵੀ ਬੀਜ ਤੋਂ ਸਿਖਿਆ ਲੈਣੀ ਚਾਹੀਦੀ
ਹੈ।
ਸ਼ਸ਼ੀ ਪਾਲ ਸਮੁੰਦਰਾ ਦੀਆਂ ਕਵਿਤਾਵਾਂ ਦੀ ਇਕ ਹੋਰ ਖ਼ੂਬੀ ਹੈ ਕਿ ਉਹ ਮੁੜ
ਘਿੜ ਕੇ ਆਪਣੀਆਂ ਕਵਿਤਾਵਾਂ ਵਿਚ ਸਚਾਈ ਦੇ ਰਾਹ ਤੇ ਚਲਣ ਦੀ ਤਾਕਦ ਕਰਦੀ
ਹੈ। ਗੱਲ ਉਹ ਭਾਵੇਂ ਕਿਸੇ ਪੰਛੀ ਨਾਲ ਕਰੇ ਪ੍ਰੰਤੂ ਪਰਮਾਤਮਾ ਨੂੰ ਕਦੀਂ
ਵੀ ਨਹੀਂ ਭੁਲਦੀ, ਉਸਦਾ ਸ਼ੁਕਰਗੁਜਾਰ ਹੋਣ ਲਈ ਇਨਸਾਨ ਨੂੰ ਪ੍ਰੇਰਦੀ ਹੈ।
ਭਾਵੇਂ ਉਸ ਦੀਆਂ ਕਵਿਤਾਵਾਂ ਪਿਆਰ ਦੀ ਗੱਲ ਵੀ ਕਰਦੀਆਂ ਹਨ ਪ੍ਰੰਤੂ ਪਿਆਰ
ਨੂੰ ਇਕ ਸਾਧਨ ਦੇ ਤੌਰ ਮਹਿਸੂਸ ਕਰਨ ਦਾ ਨਾਂ ਦਿੰਦੀ ਹੈ। ਇਸ ਦੇ ਨਾਲ ਹੀ
ਉਹ ਇਸਤਰੀ ਜਾਤੀ ਦੀ ਅਜ਼ਾਦੀ ਦੀਆਂ ਬਾਤਾਂ ਵੀ ਪਾਉਂਦੀ ਹੈ, ਉਹ ਮਹਿਸੂਸ
ਕਰਦੀ ਹੈ ਕਿ ਔਰਤ ਨੂੰ ਸਮਾਜ ਵਿਚ ਆਦਮੀਆਂ ਵਲੋਂ ਕਹਿਣ ਸੁਣਨ ਅਰਥਾਤ
ਵਿਖਾਵੇ ਦੇ ਤੌਰ ਤੇ ਬਰਾਬਰੀ ਦਾ ਹੱਕ ਦਿੱਤਾ ਜਾਂਦਾ ਹੈ ਪ੍ਰੰਤੂ ਅਮਲੀ
ਤੌਰ ਤੇ ਉਸਨੂੰ ਅਣਗੌਲਿਆ ਅਤੇ ਅਣਡਿਠ ਕੀਤਾ ਜਾਂਦਾ ਹੈ। ਸੱਚ ਦੱਸਾਂ? ਨਾਂ
ਦੀ ਕਵਿਤਾ ਵਿਚ ਰੱਬ ਦੀ ਪ੍ਰਾਪਤੀ ਲਈ ਜਿਵੇਂ ਧੰਨੇ ਭਗਤ ਨੇ ਪੱਥਰ ਵਿਚੋਂ
ਰੱਬ ਦੀ ਪ੍ਰਾਪਤੀ ਕਰ ਲਈ ਸੀ ਇਸੇ ਤਰਾਂ ਉਹ ਕਹਿੰਦੀ ਹੈ ਕਿ ਕਾਟੋ ਦਾ ਨਾਂ
ਲੈ ਕੇ ਵੀ ਪਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ ਹੈ। ਦ੍ਰਿੜ ਂਿੲਰਾਦਾ,
ਅਕੀਦਾ, ਬਚਨਵੱਧਤਾ ਅਤੇ ਵਿਸ਼ਵਾਸ਼ ਦੀ ਗੱਲ ਹੁੰਦੀ ਹੈ।
ਬਈ ਠੀਕ, ਬਹੁਤੇ ਝੰਜਟਾਂ ਵਿਚ ਕੀ ਪੈਣਾ, ਅਸੀਂ ਕਾਟੋ ਦਾ ਨਾਂ
ਧਿਆਉਣਾ।
‘ਤੇ ਇਹੋ ਕਰਦੇ, ਸਿੱਧੇ ਸਵਰਗਾਂ ਵਿਚ ਜਾ ਬਹਿਣਾ।
ਇਸ ਪੁਸਤਕ ਵਿਚ ਸ਼ਸ਼ੀ ਪਾਲ ਸਮੁੰਦਰਾ ਨੇ ਬਹੁਤ ਸਾਰੇ ਵਿਸ਼ਿਆਂ ਤੇ
ਕਵਿਤਾਵਾਂ ਲਿਖੀਆਂ ਹਨ ਜਿਨਾਂ ਵਿਚ ਪੰਜਾਬ ਵਿਚ ਅਤਵਾਦ ਦੀ ਹਨੇਰੀ, ਪਰਵਾਸ
ਦੀ ਜ਼ਿੰਦਗੀ, ਵਾਤਵਰਨ, ਇਸ਼ਕ, ਰੋਮਾਂਸ, ਸਮਾਜਿਕ ਸਰੋਕਾਰ, ਪੰਜਾਬੀ
ਸਭਿਆਚਾਰ ਅਤੇ ਪੁਰਾਤਨ ਰੀਤੀ ਰਿਵਾਜ ਸ਼ਾਮਲ ਹਨ। ਇਸ ਪੁਸਤਕ ਦੇ 135 ਪੰਨੇ,
ਕੀਮਤ 150 ਰੁਪਏ ਅਤੇ ਪੰਜਾਬੀ ਸਾਦਹਤ ਪਬਲੀਕੇਸ਼ਨ ਬਲੀਆਂ, ਸੰਗਰੂਰ ਨੇ
ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
|