ਪੰਜਾਬੀ ਭਾਸ਼ਾ ਵਿਚ ਧੜਾ ਧੜ ਸਾਹਿਤ ਰਚਿਆ ਜਾ ਰਿਹਾ ਹੈ। ਸਾਹਿਤ ਦੇ
ਸਾਰੇ ਰੂਪਾਂ ਵਿਚ ਹੀ ਨਵੇਂ ਸਾਹਿਤਕਾਰ ਪੈਦਾ ਹੋ ਰਹੇ ਹਨ ਪ੍ਰੰਤੂ ਸਭ ਤੋਂ
ਜ਼ਿਆਦਾ ਕਵਿਤਾ ਤੇ ਹੱਥ ਅਜ਼ਮਾਇਆ ਜਾ ਰਿਹਾ ਹੈ, ਪ੍ਰੰਤੂ ਦੁੱਖ ਦੀ ਗੱਲ ਹੈ
ਕਿ ਆਧੁਨਿਕ ਕਵਿਤਾਵਾਂ ਵਿਚ ਸੁਰ, ਤਾਲ, ਰਿਦਮ
ਅਤੇ ਲੈਅ ਦਾ ਬਿਲਕੁਲ ਹੀ ਖਿਆਲ
ਨਹੀਂ ਰੱਖਿਆ ਜਾਂਦਾ । ਖੁਲੀ ਕਵਿਤਾ ਤੇ ਹੀ ਜ਼ੋਰ ਦਿੱਤਾ ਜਾਂਦਾ ਹੈ।
ਕਵਿਤਾ ਵਿਚ ਵੀ ਵਿਚਾਰਧਾਰਾ ਹੀ ਭਾਰੂ ਹੁੰਦੀ ਹੈ। ਕੁਝ ਕੁ ਚੋਣਵੇਂ ਕਵੀ
ਅਤੇ ਕਵਿਤਰੀਆਂ ਵਧੀਆ ਦਿਲ ਨੂੰ ਟੁੰਬਣ ਵਾਲੀ ਕਵਿਤਾ ਲਿਖ ਰਹੇ ਹਨ।
ਪੰਜਾਬੀ ਭਾਸ਼ਾ ਵਿਚ ਸਾਹਿਤ ਦੇ ਨਵੇਂ ਰੂਪ "ਹਾਇਕੂ" ਅਤੇ "ਹਾਇਬਨ" ਦੀ ਰੀਤ
ਵੀ ਪ੍ਰਚਲਤ ਹੋ ਗਈ ਹੈ, ਜਿਸ ਨੂੰ ਅੱਗੇ ਤੋਰਨ ਵਾਲੇ ਹਨ ਪ੍ਰਵਾਸੀ ਕਵੀ
ਗੁਰਮੀਤ ਸਿੰਘ ਸੰਧੂ।
ਉਨਾਂ ਦਾ ਜਨਮ ਲੁਧਿਆਣਾ ਜਿਲੇ ਦੇ ਕਸਬਾ ਸਾਹਨੇਵਾਲ ਵਿਖੇ ਮੇਜਰ ਹੁਕਮ
ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ 10 ਜੁਲਾਈ 1944 ਨੂੰ ਹੋਇਆ।
ਸਾਹਿਤ, ਸਭਿਅਚਾਰ ਅਤੇ ਦੇਸ਼ ਭਗਤੀ ਦੀ ਲਗਨ ਆਪ ਨੂੰ ਬਚਪਨ ਤੋਂ ਹੀ ਲੱਗ ਗਈ
ਸੀ ਕਿਉਂਕਿ ਆਪ ਦਾ ਦੇਸ਼ ਭਗਤ ਪਰਿਵਾਰ ਸੀ। ਆਪਨੇ ਆਪਣੀ ਮੁਢਲੀ ਮਿਡਲ ਤੱਕ
ਦੀ ਪੜਾਈ ਸਰਕਾਰੀ ਸਕੂਲ ਸਾਹਨੇਵਾਲ ਤੋਂ ਹੀ ਪ੍ਰਾਪਤ ਕੀਤੀ। ਪਿਤਾ ਦੇ ਫ਼ੌਜ
ਵਿਚ ਨੌਕਰੀ ਕਰਨ ਕਰਕੇ ਆਪ ਨੂੰ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਰਹਿਣ ਅਤੇ
ਸੈਰ ਸਪਾਟਾ ਕਰਨ ਦਾ ਆਨੰਦ ਮਾਨਣ ਦਾ ਇਤਫ਼ਾਕ ਪ੍ਰਾਪਤ ਹੋਇਆ। ਆਪਨੇ ਅੱਠਵੀਂ
ਤੋਂ ਬਾਅਦ ਦਸਵੀਂ ਤੱਕ ਦੀ ਪੜਾਈ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ
ਪ੍ਰਾਪਤ ਕੀਤੀ। ਉਸ ਤੋਂ ਬਾਅਦ ਆਪ ਦਾ ਪਰਿਵਾਰ ਮੁੜ ਸਾਹਨੇਵਾਲ ਗਿਆ। ਆਪ
ਨੇ ਗੁਰੂ ਨਾਨਕ ਖ਼ਾਲਸਾ ਕਾਲਜ ਤੋਂ ਬੀ.ਏ. ਤੱਕ ਦੀ ਪੜਾਈ ਕੀਤੀ। ਸਕੂਲ
ਸਮੇਂ ਤੋਂ ਹੀ ਆਪ ਨੂੰ ਸਾਹਿਤਕ ਮੱਸ ਲੱਗ ਗਈ ਸੀ ਪ੍ਰੰਤੂ ਕਾਲਜ ਵਿਚ ਆਪ
ਨੂੰ ਪੰਜਾਬੀ ਦੇ ਸਾਹਿਤਕ ਰਸਾਲਿਆਂ ਨੂੰ ਪੜਨ ਅਤੇ ਲਿਖਣ ਦਾ ਮੌਕਾ ਮਿਲਿਆ।
ਕਾਲਜ ਵਿਚ ਆਪ ਕਾਲਜ ਮੈਗਜੀਨ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਸੰਪਾਦਕ
ਵੀ ਰਹੇ। ਆਪ 1968 ਵਿਚ ਇੰਗਲੈਂਡ ਪਰਵਾਸ ਕਰ ਗਏ। ਸਾਹਿਤਕ ਅਤੇ ਪੱਤਰਕਾਰੀ
ਵਿਚ ਦਿਲਚਸਪੀ ਆਪ ਦੀ ਪਹਿਲਾਂ ਹੀ ਸੀ, ਇਸ ਲਈ ਆਪ ਨੇ ਲੰਡਨ ਤੋਂ ਪ੍ਰਕਾਸ਼ਤ
ਹੋਣ ਵਾਲੇ ‘ ਦੇਸ਼ ਪ੍ਰਦੇਸ਼ ’ ਅਖ਼ਬਾਰ ਦੇ ਸਹਾਇਕ ਸੰਪਾਦਕ ਦੇ ਤੌਰ ਤੇ ਕੰਮ
ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਆਪ ਦਾ ਸਾਹਿਤਕ ਖੇਤਰ ਵਿਚ ਮੇਲ ਮਿਲਾਪ
ਵੱਧਣ ਲੱਗ ਗਿਆ। 1974 ਵਿਚ ਆਪਦਾ ਵਿਆਹ ਰਾਜਿੰਦਰ ਕੌਰ ਨਾਲ ਹੋ ਗਿਆ, ਜਿਸ
ਦਾ ਸਾਹਿਤਕ ਨਾਮ ਰਾਜ ਸੰਧੂ ਹੈ, ਉਹ ਵੀ ਪੰਜਾਬੀ ਦੀ ਕਵਿਤਰੀ ਹੈ। ਪਤੀ
ਪਤਨੀ ਦਾ ਸਾਂਝਾਂ ਸ਼ੌਕ ਦੋਹਾਂ ਨੂੰ ਸਾਹਿਤਕ ਤੌਰ ਤੇ ਸਥਾਪਤ ਹੋਣ ਵਿਚ
ਸਹਾਈ ਹੋਇਆ। ਆਪ ਦੇ ਇੱਕ ਲੜਕਾ ਅਤੇ ਲੜਕੀ ਹਨ, ਦੋਵੇਂ ਵਿਆਹੇ ਹੋਏ ਹਨ।
ਸਾਹਿਤਕ ਸਰਗਰਮੀਆਂ ਵਿਚ ਉਤਸੁਕਤਾ ਨਾਲ ਹਿੱਸਾ ਲੈਣ ਕਰਕੇ ਆਪ ਨੂੰ ‘
ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਟੇਨ ’ ਦਾ ਸਕੱਤਰ ਬਣਾ ਦਿੱਤਾ ਗਿਆ
ਜਿਸ ਅਹੁਦੇ ਤੇ ਆਪ ਲੰਬਾ ਸਮਾਂ ਕੰਮ ਕਰਦੇ ਰਹੇ। ਉਸ ਤੋਂ ਬਾਅਦ ਆਪ 1979
ਵਿਚ ਅਮਰੀਕਾ ਦੇ ਕੈਲੇਫ਼ੋਰਨੀਆਂ ਰਾਜ ਵਿਚ ਪਰਵਾਸ ਕਰ ਗਏ। ਪੱਤਰਕਾਰੀ ਦਾ
ਝੱਸ ਆਪ ਨੂੰ ਪਹਿਲਾਂ ਹੀ ਸੀ, ਇਸ ਲਈ ਆਪਨੇ 1981 ਵਿਚ ‘ਗਦਰ’ ਅਖ਼ਬਾਰ ਦੇ
ਪ੍ਰਕਾਸ਼ਤ ਹੋਣ ਤੋਂ 66 ਸਾਲ ਬਾਅਦ ‘ਪੰਜਾਬ ਪੱਤਰ ’ ਨਾਂ ਦਾ ਪੰਜਾਬੀ ਦਾ
ਅਖ਼ਬਾਰ ਏਡੀਲਾਡੀ ਸ਼ਹਿਰ ਤੋਂ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ, ਜਿਸਦੇ ਆਪ
ਸੰਪਾਦਕ ਬਣੇ। ਲੰਬਾ ਸਮਾਂ ਆਪ ਇਹ ਅਖ਼ਬਾਰ ਪ੍ਰਕਾਸ਼ਤ ਕਰਦੇ ਰਹੇ।
ਹੁਣ
ਤੱਕ ਗੁਰਮੀਤ ਸੰਧੂ ਦੀਆਂ 4 ਪੁਸਤਕਾਂ ‘ ਖਿਵਣ ’( ਹਾਇਕੂ ਸੰਗ੍ਰਹਿ)
2010, ‘ ਮਹਿਕਾਰ ’ (ਹਾਇਕੂ ਸੰਗ੍ਰਹਿ) 2014, ‘ਮਹਿਕਾਰ ’ (ਹਾਇਕੂ
ਸ਼ਾਹਮੁਖੀ)2014 ਅਤੇ ‘ ਪੈੜ ਤੇ ਪਰਛਾਵਾਂ ’( ਹਾਇਬਨ ਹਾਇਕੂ ਕਥਾ) 2015
ਪ੍ਰਕਾਸ਼ਤ ਹੋ ਚੁੱਕੀਆਂ ਹਨ। ਇੰਟਰਨੈਟ ‘ਤੇ ਚਲਦੇ ਪੰਜਾਬੀ ਹਾਇਕੂ ਬਲਾਗ
www.haikupunjabi.wordpress.com ਦੇ ਸੰਪਾਦਕੀ ਮੰਡਲ ਦਾ ਵੀ
ਗੁਰਮੀਤ ਸਿੰਘ ਸੰਧੂ ਮੈਂਬਰ ਹੈ। ਪੰਜਾਬੀ ਹਾਇਕੂ ਫੋਰਮ ਅਤੇ ਫੇਸ ਬੁਕ ‘ਤੇ
ਪੰਜਾਬੀ ਹਾਇਕੂ ਗਰੁਪ ਦਾ ਮੋਢੀ ਮੈਂਬਰ ਵੀ ਹੈ। ਅੱਜ ਕਲ ਉਹ ਆਪਣੀ ਪਤਨੀ
ਕਵਿਤਰੀ ਰਾਜ ਸੰਧੂ ਦੇ ਨਾਲ ਅਮਰੀਕਾ ਦੀ ਮਿਸੀਗਨ ਸਟੇਟ ਦੇ ਨੌਵਈ ਸ਼ਹਿਰ
ਵਿਚ ਰਹਿ ਰਿਹਾ ਹੈ। ਗੁਰਮੀਤ ਸੰਧੂ ਨੂੰ ਇੱਕ ਲਾਇਲਾਜ਼ ਖ਼ਤਰਨਾਕ ਬਿਮਾਰੀ ਨੇ
ਵੀ ਘੇਰ ਲਿਆ ਸੀ ਪ੍ਰੰਤੂ ਆਪ ਦ੍ਰਿੜ ਇਰਾਦੇ ਵਾਲੇ ਇਨਸਾਨ ਹਨ। ਬਿਮਾਰੀ ਵੀ
ਆਪ ਨੂੰ ਹਾਇਕੂ ਲਿਖਣ ਤੋਂ ਨਹੀਂ ਰੋਕ ਸਕੀ। ਬਿਮਾਰੀ ਸਮੇਂ ਦੇ ਆਪਣੇ
ਅਨੁਭਵ ਨੂੰ ਵੀ ਆਪ ਨੇ ਹਾਇਕੂ ਵਿਚ ਲਿਖਿਆ।
ਗੁਰਮੀਤ ਸੰਧੂ ਦੀ ਹਾਇਬਨ ਦੀ ਪੁਸਤਕ ‘ ਪੈੜ ਤੇ ਪਰਛਾਵੇਂ ’ ਵਿਚ 30
ਹਾਬਿਨ ਹਨ। ਹਾਇਬਨ ਇੱਕ ਕਿਸਮ ਨਾਲ ਕਾਵਿਮਈ ਵਾਰਤਕ ਹੁੰਦੀ ਹੈ ਜਿਸ ਦੇ
ਅਖ਼ੀਰ ਵਿਚ ਹਾਇਕੂ ਲਿਖਿਆ ਹੁੰਦਾ ਹੈ। ਹਾਇਕੂ ਵਿਚਕਾਰ ਵੀ ਹੋ ਸਕਦਾ ਹੈ।
ਇਸ ਵਾਰਤਕ ਨੂੰ ਮਿੰਨੀ ਕਹਾਣੀ ਵੀ ਕਿਹਾ ਜਾ ਸਕਦਾ ਹੈ ਪ੍ਰੰਤੂ ਇਸ ਵਿਚ
ਇੱਕ ਹੀ ਵਿਚਾਰ ਹੁੰਦਾ ਹੈ। ਉਹ ਵੀ ਵਰਤਮਾਨ ਵਿਚ ਹੁੰਦਾ ਹੈ। ਗੁਰਮੀਤ
ਸੰਧੂ ਦੀ ਕਮਾਲ ਹੈ ਕਿ ਇਸਦੇ ਹਾਇਬਨ ਵਿਚ ਵਾਕ ਨਿੱਕੇ ਨਿੱਕੇ ਪ੍ਰੰਤੂ
ਰਵਾਨਗੀ ਇਤਨੀ ਹੁੰਦੀ ਹੈ ਕਿ ਦਰਿਆ ਦੇ ਵਗਦੇ ਪਾਣੀ ਦੀ ਤਰਾਂ ਵਹਿੰਦੇ
ਜਾਂਦੇ ਹਨ। ਰਸਦਾਇਕ ਅਤੇ ਰੌਮਾਂਟਿਕ ਵੀ ਹਨ। ਹਰ ਵਾਕ ਇੱਕ ਦੂਜੇ ਨਾਲ ਨਟ
ਅਤੇ ਵੋਲਟ ਦੀ ਤਰਾਂ ਜੁੜਿਆ ਹੋਇਆ ਹੈ, ਲਗਾਤਾਰਤਾ ਅਸੀਮ ਹੈ। ਇਸ ਸਾਰੀ
ਪੁਸਤਕ ਵਿਚ ਹੀ ਬਹੁਤੇ ਹਾਇਬਨ ਪਰਵਾਸ ਦੀ ਜ਼ਿੰਦਗੀ ਨਾ ਸੰਬੰਧਤ ਹਨ ਕਿ
ਪਰਵਾਸੀ ਕਿਵੇਂ ਬਾਹਰ ਜਾਂਦਾ ਹੈ। ਉਸ ਦੀਆਂ ਸਾਰੀਆਂ ਪੁਸਤਕਾਂ ਵਿਚ ਉਹ
ਲਿਖਦਾ ਹੈ ਕਿ ਉਸ ਨੂੰ ਪਰਵਾਸ ਵਿਚ ਉਥੇ ਕਿਸ ਤਰਾਂ ਦੀਆਂ ਸਮੱਸਿਆਵਾਂ ਨਾਲ
ਦੋ ਹੱਥ ਹੋਣਾ ਪੈਂਦਾ ਹੈ। ਪਿਛੇ ਪੰਜਾਬ ਵਿਚ ਕਿਸ ਤਰਾਂ ਉਸਦੇ ਰਿਸ਼ਤੇਦਾਰ
ਅਤੇ ਨਜ਼ਦੀਕੀ ਦੋਸਤ ਉਸ ਦੀ ਜਾਇਦਾਦ ਤੇ ਕਾਬਜ਼ ਹੁੰਦੇ ਹਨ, ਪੁਲਿਸ ਕਿਵੇਂ
ਪੈਸੇ ਭਾਲਦੀ ਹੈ, ਨਾਕੇ ਲਾ ਕੇ ਉਗਰਾਹੀ ਕਰਦੀ ਹੈ। ਪਰਵਾਸੀ ਪੰਜਾਬ ਦੇ
ਅਤੇ ਆਪਣੇ ਰਿਸ਼ਤੇਦਾਰਾਂ ਦੇ ਵਿਛੋੜੇ ਦਾ ਕਿਸ ਤਰਾਂ ਸੰਤਾਪ ਹੰਢਾਉਂਦਾ ਹੈ,
ਤਿਥ ਤਿਓਹਾਰ ਉਸ ਨੂੰ ਸਤਾਉਂਦੇ ਰਹਿੰਦੇ ਹਨ, ਆਪਣਿਆਂ ਦਾ ਹੇਰਵਾ ਫਿਰ ਵੀ
ਤੰਗ ਕਰਦਾ ਹੈ। ਮਾਂ ਬਾਪ ਦਾ ਵਿਛੋੜਾ ਨਾ ਪੰਜਾਬ ਤੋਂ ਜਾਣ ਦਿੰਦਾ ਹੈ ਅਤੇ
ਨਾ ਹੀ ਪੰਜਾਬ ਆ ਕੇ ਰਹਿਣ ਦਿੰਦਾ ਹੈ। ਪਰਿਵਾਰਿਕ ਮਜ਼ਬੂਰੀਆਂ ਕਰਕੇ ਵਾਪਸ
ਜਾਣਾ ਪੈਂਦਾ ਹੈ। ਪਰਵਾਸੀਆਂ ਦਾ ਸਭਿਆਚਾਰ ਕਿਵੇਂ ਵਿਗੜ ਰਿਹਾ ਹੈ, ਬੱਚੇ
ਓਧਰ ਗੋਰਿਆਂ ਲੋਕਾਂ ਨਾਲ ਵਿਆਹ ਕਰਵਾਉਂਦੇ ਹਨ, ਸਭਿਆਚਾਰ ਦੂਸ਼ਿਤ ਹੋ ਰਿਹਾ
ਹੈ। ਪਿਛੇ ਬਜ਼ੁਰਗ ਆਪਣਿਆਂ ਨਾਲ ਵਿਆਹ ਕਰਨਾ ਚਾਹੁੰਦੇ ਹਨ। ਇਸ ਦੁਬਿਧਾ
ਨੂੰ ਬਾਖ਼ੂਬੀ ਚਿਤਰਦਾ ਹੈ। ਉਸਦੇ ਹਾਇਬਨ ਇਸ ਕਸ਼ਮਕਸ਼ ਵਿਚੋਂ ਗੁਜ਼ਰਦੇ ਹਨ।
ਪਰਵਾਸ ਵਿਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਨਾਲ ਕਿਸ ਤਰਾਂ ਵਿਵਹਾਰ ਕੀਤਾ
ਜਾਂਦਾ ਹੈ। ਨਸਲੀ ਵਿਤਕਰੇ ਨਾਲ ਸਵੈਮਾਣ ਨੂੰ ਲੱਗਣ ਵਾਲੀ ਚੋਭ ਅਤੇ
ਬਿਮਾਰਾਂ ਨਾਲ ਉਥੋਂ ਦੇ ਲੋਕਾਂ ਦਾ ਪਿਆਰ ਅਤੇ ਹਿਫ਼ਾਜਤ ਆਦਿ ਦਾ ਵਿਵਰਣ
ਕੀਤਾ ਹੈ। ਇੱਕ ਕਿਸਮ ਨਾਲ ਸਾਰੇ ਹਾਇਬਨ ਅਤੇ ਹਾਇਕੂ ਬ੍ਰਿਤਾਂਤਰਿਕ ਅਤੇ
ਦ੍ਰਿਸ਼ਟਾਂਤਿਰਕ ਹਨ ਜਿਹੜੇ ਲੋਕਧਾਰਾ ਦੇ ਬਿੰਬਾਂ ਨਾਲ ਭਰਪੂਰ ਹਨ। ਉਹ
ਲਿਖਦਾ ਹੈ-
ਲੱਭ ਰਿਹਾਂ
ਆਪਣਿਆਂ ਦੀ ਭੀੜ ‘ਚੋਂ
ਗੁਆਚੇ ਸਕਿਆਂ ਨੂੰ
ਗੁਰਮੀਤ ਸੰਧੂ ਦੇ ਹਾਇਕੂ ਅਤੇ ਹਾਇਬਨ ਦੇ ਵਿਸ਼ੇ ਲਾਲਚ, ਕੁੜੱਤਣ, ਫ਼ਜ਼ੂਲ
ਖ਼ਰਚੀ, ਨਸ਼ਿਆਂ, ਬੇਰੋਜ਼ਗਾਰੀ, ਧਾਰਮਿਕ ਕੱਟੜਤਾ, ਭਰਿਸ਼ਟਾਚਾਰ ਅਤੇ
ਧੋਖ਼ਾ-ਫ਼ਰੇਬ ਤੇ ਵਿਅੰਗ ਕਸਦੇ ਪ੍ਰਤੀਤ ਹੁੰਦੇ ਹਨ। ਸੂਖ਼ਮ ਢੰਗ ਨਾਲ ਸੰਕੇਤਕ
ਗੱਲ ਕਰਦਾ ਹੈ। ਉਸਦੀਆਂ ਰਚਨਾਵਾਂ ਪੜਕੇ ਇਉਂ ਮਹਿਸੂਸ ਹੁੰਦਾ ਹੈ ਕਿ ਉਹ
ਆਪਣੀ ਦੇਸੀ ਅਤੇ ਵਿਦੇਸ਼ੀ ਜ਼ਿੰਦਗੀ ਦੇ ਆਂਤਰਿਕ ਅਨੁਭਵ ਸੰਖੇਪ ਵਿਚ ਚਿਤਰ
ਦਿੰਦਾ ਹੈ, ਜਿਸ ਨਾਲ ਕਲੇਜੇ ਵਿਚ ਦਿਲ ਨੂੰ ਟੁੰਬਦੀ ਹੂਕ ਨਿਕਲਦੀ ਹੈ ਜੋ
ਸਿੱਧੀ ਦਿਮਾਗ ਤੇ ਅਸਰ ਵੀ ਕਰਦੀ ਹੈ। ਇੱਕ ਸੰਕੇਤਕ ਵੰਨਗੀ ਵੇਖੋ
ਖਾਲੀ
ਘਰ, ਦੀਵਾਲੀ
ਵਿਹੜੇ ਵਿਚ ਜੁਗਨੂੰ
ਕੋਠੇ ਉਤੇ ਤਾਰੇ
ਪੰਜਾਬੀਆਂ ਦੀ ਆਰਥਿਕਤਾ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬ ਦੇ ਕਰਜ਼ੇ
ਦੇ ਮਾਰੇ ਕਿਸਾਨ ਤਿਥ ਤਿਓਹਾਰ ਦੇ ਮੌਕੇ ਤੇ ਗ਼ਰੀਬੀ ਦੀ ਪ੍ਰਤੀਕਾਤਮਿਕ
ਉਦਾਹਰਣ ਕਿੰਨਾ ਹਲੂਣਦੀ ਹੈ। ਪਰਵਾਸੀ ਵਿਦੇਸ਼ਾਂ ਤੋਂ ਵਰਿਆਂ ਬਾਅਦ ਗੇੜਾ
ਮਾਰਦੇ ਹਨ ਅਤੇ ਜਦੋਂ ਘਰ ਆਉਂਦੇ ਹਨ ਘਰ ਦੇ ਹਾਲਾਤ ਹੀ ਬਦਲੇ ਹੁੰਦੇ ਹਨ
ਤੇ ਉਹ ਹਾਇਕੂ ਵਿਚ ਲਿਖਦੇ ਹਨ,
ਵਰਿਆਂ ਪਿਛੋਂ
ਪੁਛਾਂ ਰਸਤਾ
ਆਪਣੇ ਘਰ ਦਾ।
ਕਿਤਨਾ ਵੱਡਾ ਦੁਖਾਂਤ ਹੈ। ਆਪਣੇ ਵੀ ਆਪਣਿਆਂ ਨੂੰ ਪਛਾਨਣੋਂ ਹੱਟ
ਜਾਂਦੇ ਹਨ-
ਪ੍ਰਵਾਸੀ ਪਰਤਿਆ ਘਰ
ਬੱਚੇ ਕਹਿਣ
ਪਰਾਹੁਣਾ ਆਇਆ
ਕਿਤਨੀ ਚੀਸ ਹੈ, ਗੁਰਮੀਤ ਸੰਧੂ ਵੱਡੇ ਵੱਡੇ ਮਸਲਿਆਂ ਬਾਰੇ ਦੋ ਤਿੰਨ
ਲਫ਼ਜਾਂ ਹੀ ਸਾਰੀ ਗੱਲ ਕਹਿਕੇ ਇਨਸਾਨੀ ਮਨਾ ਅੰਦਰ ਧੂਹ ਪਾ ਦਿੰਦਾ ਹੈ।
ਸਮਾਜਿਕ ਸਰੋਕਾਰਾਂ ਦਾ ਜ਼ਿਕਰ ਕਰਦਿਆਂ, ਮੱਛਰਾਂ ਦੀ ਭਰਮਾਰ, ਦਿਮਾਗ ਦੀ
ਉਥਲ ਪੁਥਲ, ਨਸ਼ੇ, ਜੱਟ ਦੀ ਤ੍ਰਾਸਦੀ, ਮਾਪਿਆਂ ਨਾਲ ਬੱਚਿਆਂ ਦਾ ਵਿਵਹਾਰ,
ਪੁਲਿਸ ਨਾਕਿਆਂ ਤੇ ਹੋ ਰਹੀ ਹਨੇਰ ਗਰਦੀ, ਸਾਧ ਸੰਤਾਂ ਦੇ ਵਹਿਮ ਭਰਮਾਂ,
ਖ਼ਰਚਿਆਂ ਦੇ ਬਿਲਾਂ, ਵੋਟਾਂ ਮੌਕੇ ਸ਼ਰਾਬਨੋਸ਼ੀ, ਪੈਸੇ ਦਾ ਲਾਲਚ, ਘਰੇਲੂ
ਕਲੇਸ਼, ਬਜ਼ੁਰਗਾਂ ਦਾ ਸੰਤਾਪ, ਬਿਜਲੀ ਕੱਟ ਅਤੇ ਫ਼ੁੱਲਾਂ ਦੀ ਦੁਰਵਰਤੋਂ
ਬਾਰੇ ਲਿਖਣ ਲੱਗਿਆਂ ਮਨ ਦੀਆਂ ਤਰੰਗਾਂ ਨੂੰ ਥਰਕਣ ਲਈ ਮਜ਼ਬੂਰ ਕਰ ਦਿੰਦਾ
ਹੈ।
ਗੁਰਮੀਤ ਸੰਧੂ ਆਪਣੀ ਕਲਮ ਦੀ ਕਲਾ ਨਾਲ ਪੁਸਤਕਾਂ ਪੜਨ ਦੀ ਘਟ ਰਹੀ
ਪ੍ਰਵਿਰਤੀ, ਸ਼ਕਰ ਰੋਗ ਤੋਂ ਗ੍ਰਸਤ ਲੋਕ ਚਾਹ ਬਿਨਾ ਮਿੱਠੇ ਵਾਲੀ ਪੀਣਗੇ
ਪ੍ਰੰਤੂ ਦੋ-ਦੋ ਗੁਲਬ ਜਾਮਨਾ ਖਾਣਗੇ, ਨਗਰ ਕੀਰਤਨ ਤੇ ਜਾਣ ਲੱਗਿਆਂ ਬਿਊਟੀ
ਪਾਰਲਰ ਤੇ ਜਾਣਾ, ਜਗਰਾਤੇ ਤੇ ਫਿਲਮੀ ਗੀਤਾਂ ਦੀਆਂ ਧੁਨਾ ਵਜਾਉਣਾ,
ਵਿਦੇਸ਼ੀ ਲਾੜਿਆਂ ਵੱਲੋਂ ਦਾਜ ਵਿਚ ਵੱਡੀਆਂ ਕਾਰਾਂ ਮੰਗਣਾ, ਰਾਗੀਆਂ ਦੇ
ਚੋਚਲੇ, ਕ੍ਰਿਸਮਿਸ ਤੇ ਪਤਨੀਆਂ ਵੱਲੋਂ ਸ਼ਾਪਿੰਗ ਆਦਿ ਬਾਰੇ ਗੁਝੇ ਤੀਰ
ਦਲੇਰੀ ਨਾਲ ਚਲਾਉਣ ਤੋਂ ਪ੍ਰਹੇਜ਼ ਨਹੀਂ ਕਰਦਾ। ਅਜੇ ਗੁਰਮੀਤ ਸੰਧੂ ਤੋਂ
ਹੋਰ ਵਧੀਆ ਹਾਇਕੂ ਅਤੇ ਹਾਇਬਨ ਦੀਆਂ ਪੁਸਤਕਾਂ ਲਿਖਣ ਦੀ ਆਸ ਹੈ। ਸ਼ਾਲਾ
ਉਸਦੀ ਕਲਮ ਪੰਜਾਬੀ ਬੋਲੀ ਵਿਚ ਨਵੀਂਆਂ ਪ੍ਰਿਤਾਂ ਪਾਉਣ ਦੀ ਪ੍ਰਥਾ ਨੂੰ
ਬਰਕਰਾਰ ਰੱਖੇ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072 |