ਲੈਂਗਲੀ, ਬੀ. ਸੀ.: ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਪੰਜਾਬੀ ਦੇ
ਹਰਮਨ ਪਿਆਰੇ ਲੇਖਕ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ
ਸਰਦਾਰ’ ਲੋਕ ਅਰਪਿਤ ਕੀਤੀ ਗਈ। ਬਲਰਾਜ ਸਿੰਘ ਸਿੱਧੂ ਪੰਜਾਬ ਪੁਲੀਸ ਅਫ਼ਸਰ
ਹੋਣ ਦੇ ਨਾਲ ਨਾਲ ਪੰਜਾਬੀ ਸਹਿਤ ਜਗਤ ਵਿੱਚ ਆਪਣੇ ਆਪ ਨੂੰ ਇੱਕ ਚੰਗੇ
ਕਹਾਣੀਕਾਰ ਦੇ ਤੌਰ ਤੇ ਵੀ ਸਥਾਪਿਤ ਕਰ ਚੁੱਕੇ ਹਨ। ਉਹਨਾਂ ਨੇ ਸਮਾਜ ਦੇ
ਹਰ ਪੱਖ ਨੂੰ ਬੜੇ ਸੁਚੱਜੇ ਢੰਗ ਨਾਲ ਆਪਣੀਆਂ ਲਿਖਤਾਂ ਵਿੱਚ ਪਰੋਇਆ ਹੈ ।
ਉਹਨਾਂ ਦੀਆ ਕਹਾਣੀਆਂ ਜਿੰਦਗੀ ਦੀ ਅਸਲੀਅਤ ਤੇ ਅਧਾਰਤ, ਸਮਾਜਿਕ, ਸਿਆਸੀ
ਅਤੇ ਧਾਰਮਿਕ ਕੁਰੀਤੀਆਂ ਤੇ ਚੋਟ ਕਰਨ ਵਾਲੀਆਂ, ਅਤੇ ਬੜੇ ਮਜ਼ੇਦਾਰ
ਹੁੰਦੀਆਂ ਹਨ।
ਬਲਰਾਜ ਸਿੰਘ ਸਿੱਧੂ ਦੁਆਰਾ ਲਿਖੀ ਗਈ ਕਿਤਾਬ ‘ਅਸਲੀ ਸਰਦਾਰ’ ਮਿੰਨੀ
ਕਹਾਣੀਆਂ ਦਾ ਇੱਕ ਖ਼ੂਬਸੂਰਤ ਗੁਲਦਸਤਾ ਹੈ ਜਿਸ ਦੀ ਹਰ ਕਹਾਣੀ ਬੜੀ ਰੌਚਿਕ
ਅਤੇ ਮਨ ਨੂੰ ਟੁੰਬਣ ਵਾਲੀ ਹੈ। ਪ੍ਰਸਿੱਧ ਲੇਖਿਕਾ ਬੀਬੀ ਇੰਦਰਜੀਤ ਕੌਰ
ਸਿੱਧੂ, ਗੁਰਬਖਸ਼ ਸਿੰਘ ਢੱਟ, ਮਸ਼ਹੂਰ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ
ਬੀਬੀ ਸਰਬਜੀਤ ਕੌਰ ਰੰਧਾਵਾ ਨੇ ਇਸ ਕਿਤਾਬ ਉੱਤੇ ਪਰਚੇ ਪੜ੍ਹੇ। ਬਲਰਾਜ
ਸਿੰਘ ਦੀਆਂ ਲਿਖਤਾਂ ਬਾਰੇ ਵੈਨਕੂਵਰ ਤੋਂ ਛਪਦੇ ਪੰਜਾਬੀ ਨਿਊਜ਼ ਅਖਬਾਰ ਦੇ
ਸੰਪਾਦਕ ਹਰਗੋਪਾਲ ਸਿੰਘ ਰੰਧਾਵਾ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ,
ਡਾ. ਸਰਵਨ ਸਿੰਘ ਰੰਧਾਵਾ, ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ, ਰੇਡੀਉ
ਰੈਡ ਐਫ਼ ਐਮ ਦੀ ਹੋਸਟ ਮਨਜੀਤ ਕੌਰ ਕੰਗ, ਹਰਪਾਲ ਸਿੰਘ ਬਰਾੜ, ਅਜਮੇਰ ਸਿੰਘ
ਭਾਗਪੁਰ, ਅਤੇ ਉੱਘੇ ਗਜ਼ਲ-ਗੋ ਗੁਰਦਰਸ਼ਨ ਸਿੰਘ ਬਾਦਲ ਨੇ ਆਪਣੇ ਵਿਚਾਰ ਪੇਸ਼
ਕੀਤੇ।
ਬਲਰਾਜ ਸਿੰਘ ਸਿੱਧੂ ਨੇ ਆਪਣੀ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਉਹ
ਜ਼ਿਮੇਦਾਰੀ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਲਿਖਣ ਲਈ ਕੁਝ ਪਲ ਜ਼ਰੂਰ
ਕੱਢ ਲੈਂਦੇ ਹਨ। ਸਿੱਧੂ ਸਾਹਿਬ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਸਾਹਿਤ
ਲਿਖਣ ਨਾਲ ਲੇਖਕ ਸਾਰੀ ਉਮਰ ਸਮਾਜ ਦੀ ਸੇਵਾ ਕਰਨ ਦੇ ਯੋਗ ਰਹਿੰਦਾ ਹੈ।
ਉਨ੍ਹਾਂ ਨੇ ਆਪਣੀ ਅਗਲੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੀ
ਅਗਲੀ ਪੁਸਤਕ ਵਿੱਚ ਲੋਕ ਨਾਇਕ ਜੱਗਾ ਡਾਕੂ, ਸੁੱਚਾ ਸੂਰਮਾ, ਜਿਉਣਾ ਮੌੜ
ਅਤੇ ਮਿਰਜ਼ਾ ਸਾਹਿਬਾਂ ਬਾਰੇ ਲਿਖ ਰਹੇ ਹਨ।
ਸਿੱਧੂ ਸਾਹਿਬ ਨੇ ਆਪਣੀ ਇਨਸਾਨੀਅਤ ਦਾ ਵਧੀਆ ਸਬੂਤ ਦਿੰਦੇ ਹੋਏ ਆਪਣੀ
ਇਸ ਕਿਤਾਬ ਤੋਂ ਹੋਣ ਵਾਲੀ ਵਿਕਰੀ ਦਾ ਅੱਧਾ ਹਿੱਸਾ ਬੀ. ਸੀ. ਚਿਲਡਰਨ
ਹਸਪਤਾਲ ਨੂੰ ਦੇਣ ਦਾ ਐਲਾਨ ਵੀ ਕੀਤਾ।
ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਉੱਘੇ ਚਿੱਤਰਕਾਰ ਜਰਨੈਲ ਸਿੰਘ
ਆਰਟਿਸਟ, ਚਰਨ ਸਿੰਘ ਵਿਰਦੀ, ਐਸ.ਪੀ. ਜਗਦੀਪ ਸਿੰਘ ਹੁੰਦਲ, ਸੁਖਰਾਜ
ਸਿੰਘ, ਦਲਜੀਤ ਸਿੰਘ ਭੰਡਾਲ, ਜਸਵੰਤ ਸਿੰਘ ਚਾਹਲ, ਗੁਰਮੀਤ ਕੌਰ ਅਟਵਾਲ,
ਸੁਰਜੀਤ ਸਿੰਘ ਸਹੋਤਾ, ਨਛੱਤਰ ਸਿੰਘ ਦੰਦੀਵਾਲ, ਹਰਚੰਦ ਸਿੰਘ ਗਿੱਲ,
ਗੁਰਚਰਨ ਸਿੰਘ ਬਰਾੜ, ਗੁਰਚਰਨ ਸਿੰਘ ਚਾਹਲ, ਸੰਨੀ ਭੁੱਲਰ, ਪ੍ਰਿੰਸੀਪਲ
ਦਲਬੀਰ ਕੌਰ ਭੁੱਲਰ, ਰਣਜੀਤ ਸਿੰਘ ਸੰਧੂ, ਮਨਜਿੰਦਰ ਕੌਰ ਵੜੈਚ, ਅਤੇ
ਰਵਿੰਦਰ ਕੌਰ ਬੈਂਸ ਸ਼ਾਮਿਲ ਹੋਏ।
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ
ਦੀ ਕਿਤਾਬ ਲਈ ਸਨਮਾਨ੍ਹ ਚਿੰਨ੍ਹ ਵੀ ਭੇਟ ਕੀਤਾ ਗਿਆ। ਸਟੇਜ ਦੀ
ਜਿਮੇਂਵਾਰੀ ਸ੍ਰੀ ਹਰਵਿੰਦਰ ਸ਼ਰਮਾ ਨੇ ਬਾ-ਖੂਬੀ ਨਿਭਾਈ ਅਤੇ ਅਖੀਰ ਵਿੱਚ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਦੇ ਮੁੱਖੀ ਡਾਕਟਰ ਸਰਵਨ ਸਿੰਘ ਰੰਧਾਵਾ ਨੇ
ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਪੰਜਾਬੀ ਸਾਹਿਤ
ਸਭਾ ਮੁੱਢਲੀ ਦੇ ਮੈਬਰਾਂ ਨੂੰ ਇਸ ਪ੍ਰੋਗਰਾਮ ਵਿੱਚ ਯੋਗਦਾਨ ਲਈ ਵੀ
ਧੰਨਵਾਦ ਕਿਹਾ। |