ਡਾ ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ’ ਦਿਲ ਦੀਵਾਰ
'ਤੇ ਉੱਕਰੇ ਉਹ ਮੋਤੀ ਨੇ, ਜੋ
ਦਿਲਾਂ ਵਿੱਚ ਮੋਹ ਦਾ ਤਾਜ ਬਣ ਫਬਦੇ ਨੇ। ਸੱਜਣਾਂ-ਮਿੱਤਰਾਂ ਦੇ
ਖੁਸ਼ੀਆਂ-ਖੇੜਿਆਂ,ਚਾਵਾਂ-ਮਲ੍ਹਾਰਾਂ ਵਿਚ ਅਸੀਂ ਸ਼ਾਮਲ ਤਾਂ ਅਕਸਰ ਹੁੰਦੇ
ਹਾਂ ਪਰ ਜਦੋਂ ਆਪਣੇ ਅਹਿਸਾਸਾਂ ਦੇ ਸ਼ਬਦਾਂ ਦਾ ਪਰਾਗਾ ਉਨ੍ਹਾਂ ਦੀਆਂ
ਝੋਲੀਆਂ ਵਿਚ ਪਾਉਂਦੇ ਹਾਂ ਤਾਂ ਮੋਹ ਭਿੱਜੇ ਨੈਣ ਛਲਕ ਉਠਦੇ ਹਨ।
ਅੱਜ ਜ਼ਿੰਦਗੀ ਕਾਹਲੇ ਕਦਮੀਂ ਬਾਜ਼ਾਰ ਦੀ ਰੌਣਕ ਵਿਚ ਗੁੰਮ-ਗਵਾਚ ਰਹੀ
ਹੈ। ਇਨ੍ਹਾਂ ਮਸਨੂਈ ਰੌਣਕਾਂ ਵਿੱਚ ਮੋਹ ਦੀਆਂ ਇਬਾਰਤਾਂ ਅੱਖੋਂ ਓਹਲੇ ਹੀ
ਰਹਿ ਜਾਂਦੀਆਂ ਹਨ। ਬਾਜ਼ਾਰ ਦੀ ਤਾਕਤ ਹੀ ਏਨੀ ਮੂੰਹ ਜ਼ੋਰ ਹੋ ਗਈ ਹੈ ਕਿ
ਸਾਡੇ ਅਹਿਸਾਸੇ ਸ਼ਬਦਾਂ ਦੇ ਛਿੱਕੂ, ਵੱਡੇ
ਵੱਡੇ ਤੋਹਫ਼ਿਆਂ ਹੇਠ ਦਬ ਕੇ ਰਹਿ ਜਾਂਦੇ ਹਨ। ਮੱਨੁਖੀ ਸਭਿਅਤਾ ਦੀ ਅੱਜ ਸਭ
ਤੋਂ ਵੱਡੀ ਤ੍ਰਾਸਦੀ ਹੀ ਇਹ ਹੈ ਕਿ ਪਿਆਰ ਦਾ ਮਾਪਦੰਡ ਇਹ ਤੋਹਫ਼ੇ ਹੀ ਤੈਅ
ਕਰਨ ਲੱਗ ਪਏ ਹਨ।
ਬੇਸ਼ੱਕ ਆਲਮੀ ਮੰਡੀ ਦੀ ਹਨੇਰੀ ਸਾਡੇ ਦਰਾਂ ਮੂਹਰੇ ਝੂਲ ਰਹੀ ਹੈ,
ਇੱਥੋਂ ਤਕ ਕਿ ਘਰਾਂ ਅੰਦਰ ਆਣ ਵੜੀ ਹੈ ਪਰ ਡਾ.ਗੁਰਮਿੰਦਰ ਸਿੱਧੂ ਵਰਗੀਆਂ
ਕਲਮਾਂ ਚੌਮੁਖੀਏ ਦੀਵੇ ਬਾਲ ਕੇ ਇਨ੍ਹਾਂ ਖ਼ਿਲਾਫ਼ ਡਟ ਵੀ ਰਹੀਆਂ ਹਨ। ਇਹੀ
ਸਭ ਤੋਂ ਵੱਡੀ ਤਸੱਲੀ ਵਾਲੀ ਗੱਲ ਵੀ ਹੈ। ਅਹਿਸਾਸ ਤਾਂ ਕਿਸੇ ਵੀ ਜ਼ੁਬਾਨ
ਵਿੱਚ ਪ੍ਰਗਟਾਏ ਜਾ ਸਕਦੇ ਨੇ ਪਰ ਜਦੋਂ ਗੱਲ ਆਪਣੀ ਜ਼ੁਬਾਨ ਵਿੱਚ ਤੁਰਦੀ ਹੈ
ਤਾਂ ਉਹ ਮਾਂ-ਬੱਚੇ ਦੇ ਤੋਤਲੇ ਸੰਵਾਦਾਂ ਵਰਗੀ ਹੁੰਦੀ ਹੈ।ਇਸੇ ਲਈ
ਡਾ.ਗੁਰਮਿੰਦਰ ਸਿੱਧੂ ਹੋਰਾਂ ਦੀ ਕਲਮ ਧੀ ਦੀ ਆਮਦ ਦਾ ਸਵਾਗਤ ਇਨ੍ਹਾਂ
ਬੋਲਾਂ ਨਾਲ ਕਰ ਕਰਦੀ ਹੈ-
ਇਹ ਨੇ ਸਾਉਣ ਦੀ ਫੁਹਾਰ,ਇਹ ਨੇ ਖਿੜੀ ਕਚਨਾਰ
ਕਦੇ ਕਿੱਕਲੀਆਂ ਪਾਉਣ, ਘੋੜੀ ਵੀਰਿਆਂ ਦੀ ਗਾਉਣ
ਵਾਰੀ ਮਾਪਿਆਂ ਤੋਂ ਜਾਣ, ਦੁੱਖ ਆਪਣੇ ਛਿਪਾਣ
ਕਿਤੇ ਵੰਗਾਂ ਛਣ-ਛਣ ਤੇ ਪੰਜੇਬਾਂ ਛਮ-ਛਮ
ਪਾਉਣ ਵਿਹੜੇ ਛਣਕਾਰ,ਧੀਆਂ ਘਰ ਦਾ ਸ਼ਿੰਗਾਰ
ਅਜੋਕੇ ਦੌਰ ਵਿਚ ਧੀਆਂ-ਪੁੱਤਾਂ ਦੀ ਆਮਦ ਦਾ ਸਵਾਗਤ ਅਸੀਂ ਮਹਿੰਗੇ-ਸਸਤੇ
ਤੋਹਫ਼ਿਆਂ ਨਾਲ ਕਰਦੇ ਆਂ। ਅੱਗੇ ਮਾਵਾਂ-ਬਜ਼ੁਰਗਾਂ ਦੀਆਂ ਅਸੀਸਾਂ ਮਨ ਨੂੰ
ਗਦ-ਗਦ ਤਾਂ ਕਰਦੀਆਂ ਹੀ ਸਨ, ਨਾਲੋ-ਨਾਲ
ਜ਼ਿੰਦਗੀ ਜਿਉਣ ਦੇ ਬਿਹਤਰੀਨ ਢੰਗਾਂ ਦੀਆਂ ਮੱਤਾਂ ਵੀ ਹੁੰਦੀਆਂ ਸਨ। ਹੁਣ
ਸੋਨੇ-ਚਾਂਦੀ ਰੰਗੇ ਵਰਕਿਆਂ ਵਿਚ ਲਿਪਟੀਆਂ ਚੀਜ਼ਾਂ ਤਾਂ ਬੇਸ਼ੁਮਾਰ ਹਨ ਪਰ
ਨੈਤਿਕ ਕਦਰਾਂ-ਕੀਮਤਾਂ ਤੋਂ ਕੋਰੀਆਂ। ਕਿਸੇ ਦੀ ਤਰੱਕੀ,
ਪ੍ਰਾਪਤੀ, ਖੁਸ਼ੀਆਂ ਵਿਚ ਸ਼ਰੀਕ ਤਾਂ ਲੋਕ ਹੁੰਦੇ ਹਨ ਪਰ ਸਰੀਕ ਬਣ
ਕੇ। ਹੱਥ ਦੁਆਵਾਂ ਲਈ ਉਠਣ ਦੀ ਥਾਂ, ਮਨ ਅੰਦਰੋਂ ਅੰਦਰੀਂ ਸਾੜੇ ਨਾਲ
ਉਬਾਲੇ ਮਾਰਦਾ ਹੈ ਕਿ ਇਹ ਖੁਸ਼ੀ ਇਹਦੇ ਹਿੱਸੇ ਕਿਉਂ,ਮੇਰੇ ਲਈ ਕਿਉਂ ਨਹੀਂ
ਪਰ ਸ਼ਾਇਦ 'ਚੌਮੁਖੀਆ ਇਬਾਰਤਾਂ ’ ਲਿਖਣ ਵਾਲੇ ਡਾ.ਸਿੱਧੂ ਵਰਗੇ ਲੋਕ ਹੀ ਇਹ
ਆਖ ਸਕਦੇ ਹਨ-
ਸਾਡੇ ਦਿਲ ਦੀ ਹਰ ਧੜਕਣ ਏਹੋ ਦੁਆ ਕਰੇ
ਤੇਰੇ ਵਿਹੜੇ ਖੁਸ਼ੀ ਦੀ ਬੱਦਲੀ ਕੋਈ ਵਰ੍ਹੇ
ਜ਼ਿੰਦਗੀ ਦਾ ਰੁੱਖ ਮੌਲੇ,ਇਸ ਅਦਾ ਦੇ ਨਾਲ
ਜ਼ਖ਼ਮ ਹਰੇ ਹੋਣ ਨਾ, ਪੱਤੇ ਰਹਿਣ ਹਰੇ ।
ਵਿਆਹ ਦੇ ਜਸ਼ਨ ਜਿਵੇਂ ਅੱਜ ਵੱਡੇ ਦਿਖਾਵੇ ਵਾਲੇ ਉਤਸਵੀ ਸਮਾਰੋਹ ਹੁੰਦੇ
ਜਾ ਰਹੇ ਹਨ, ਉਵੇਂ ਹੀ ਸਮਾਜਕ ਰਿਸ਼ਤਿਆਂ
ਵਿਚ ਨਿਘਾਰ ਆਉਂਦਾ ਜਾ ਰਿਹਾ ਹੈ। ਵਿਆਹ ਦੇ ਲੰਬੇ-ਚੌੜੇ ਮਹਿੰਗੇ ਮੁੱਲ ਦੇ
ਕਾਰਡਾਂ ਦੇ ਨਾਲ-ਨਾਲ ਭਾਂਤ ਭਾਂਤ ਦੀਆਂ ਮਠਿਆਈਆਂ ਦੇ ਡੱਬੇ ਤੈਅ ਕਰਦੇ ਹਨ
ਕਿ ਵਿਆਹ ਵਿੱਚ ਕਿੰਨੇ ਜੀਆਂ ਨੇ ਸ਼ਾਮਲ ਹੋਣਾ ਹੈ, ਜਾਣਾ ਹੈ ਜਾਂ ਨਹੀਂ ਤੇ
ਸ਼ਗਨ ਕਿੰਨਾ ਪਾਉਣਾ ਹੈ।
ਪਰ ਜਦੋਂ ਸੱਦਾ ਪੱਤਰਾਂ 'ਤੇ ਇਹੋ
ਜਿਹੀਆਂ ਖੂਬਸੂਰਤ ਇਬਾਰਤਾਂ ਲਿਖੀਆਂ ਹੋਣ ਤਾਂ ਮਨ ਖਿੜ ਉੱਠਦਾ ਹੈ:
ਆਓ!
ਨੈਣਾਂ ਅੰਦਰ ਮੋਹ ਦੀ ਗਾਗਰ ਭਰ ਕੇ
ਤੇ ਉਹਦੇ ਪੱਲੇ ਵਿਚ ਅਸੀਸਾਂ ਦੇ ਪਤਾਸੇ ਪਾ ਕੇ
ਉਹਨੂੰ ਜੀਅ ਆਇਆ ਕਹੀਏ!
ਇਨ੍ਹਾਂ ਕਰਮਾਂ ਵਾਲੇ ਪਲਾਂ ਵਿਚ
ਅਸੀਂ ਸਾਰਾ ਪਰਿਵਾਰ
ਤੁਹਾਡੀ ਪੈੜ-ਚਾਲ
ਆਪਣੀ ਦਹਿਲੀਜ਼'ਤੇ ਸੁਣਨੀ ਲੋਚਦੇ ਹਾਂ...
------------------
ਧੀਆਂ 'ਕੱਲਿਆਂ 'ਕੱਲਿਆਂ ਨਹੀਂ ਤੋਰੀਆਂ ਜਾਂਦੀਆਂ
ਏਸ ਵੇਲੇ ਲੋੜੀਂਦੇ ਹੁੰਦੇ ਨੇ ਤੁਹਾਡੇ ਵਰਗੇ ਸੂਰਜੀ ਅੰਗ-ਸਾਕ
ਤੇ ਚਾਨਣ ਦੀਆਂ ਫਾੜੀਆਂ ਵਰਗੇ ਸ਼ਹਿਦ-ਭਿੰਨੇ ਬੋਲ
ਏਨਾ ਜ਼ਰੂਰ ਕਰਿਓ
ਸੰਦਲੀ ਪੌਣ ਬਣ ਕੇ ਤੇ ਅਸੀਸਾਂ ਦੀ ਬੁੱਕਲ ਮਾਰ ਕੇ
ਸਾਡੇ ਵਿਹੜੇ ਪੱਬ ਧਰਿਓ!
ਸੁਹਾਗ ਦੇ ਗੀਤਾਂ ਸੰਗ
ਸੁਰੰਗੜੀ ਵਲਟੋਹੀ ਉਤੇ
ਲਟੋ-ਲਟ ਦੀਵਿਆਂ ਦੀ 'ਜਾਗੋ'
ਤੁਸੀਂ ਹੀ ਰੁਸ਼ਨਾਉਣੀ ਹੈ..
ਅਤੇ .
ਤੂੰ ਆ ਜਾ ਇਸ ਵਿਹੜੇ ਵਿਚ ਪੁੰਨਿਆ ਦੀ ਰਾਤ ਬਣ ਕੇ
ਤਾਰੇ ਉਡੀਕਦੇ ਨੇ ਤੈਨੂੰ ਬਰਾਤ ਬਣ ਕੇ
ਤੂੰ ਆ ਜਾ ਇਸ ਵਿਹੜੇ ਵਿਚ ਸੱਜਰਾ ਗੁਲਾਬ ਬਣ ਕੇ
ਪਾਣੀ ਉਡੀਕਦੇ ਨੇ ਤੈਨੂੰ ਚਨਾਬ ਬਣ ਕੇ
ਭਲਾ ਇਹੋ ਜਿਹੀਆਂ ਇਬਾਰਤਾਂ ਪੜ੍ਹ ਕੇ ਕੌਣ ਆਪਣੇ ਕਦਮਾਂ ਨੂੰ ਸ਼ਗਨਾਂ
ਦੇ ਵਿਹੜੇ ਵਿਚ ਜਾਣੋ ਰੋਕ ਸਕਦਾ ਹੈ। ਸੁੱਤੇ ਸਿੱਧ ਮਨ ਆਪਣੇ ਵਿਰਸੇ ਦੀਆਂ
ਤੰਦਾਂ ਨਾਲ ਜੁੜ ਜਾਂਦਾ ਹੈ ਤੇ ਬਦੋਬਦੀ ਨੱਚਣ-ਗਾਉਣ ਲੱਗਦਾ ਹੈ। ਗੱਲ
ਸ਼ਗਨਾਂ ਦੀ ਤੁਰੀ ਹੈ ਤਾਂ ਦੋ ਦਿਲਾਂ ਦੀ ਮਿਲਣੀ ਵੀ ਇਸ ਸਨੇਹ ਤੋਂ ਅਭਿੱਜ
ਕਿਵੇਂ ਰਹਿ ਸਕਦੀ ਹੈ? ਮਾਇਆ ਦੇ ਮੱਕੜ ਜਾਲ ਵਿੱਚ ਉਲਝੇ ਰਿਸ਼ਤਿਆਂ ਲਈ
ਪਿਆਰ ਦੇ ਦੋ ਬੋਲ ਹੀ ਠੰਢੀ ਛਾਂ ਓੜ ਸਕਦੇ ਹਨ-
ਤੇਰੇ ਸੰਗ-ਸੰਗ ਜੀਣਾ
ਜਿਉਂ ਨੱਕੋ-ਨੱਕ ਚਾਨਣ ਦਾ ਛੰਨਾ
ਘੁੱਟ ਘੁੱਟ ਕਰਕੇ ਪੀਣਾ
...................
ਕਿੰਨਾ ਚੰਗਾ ਲੱਗਦੈ!
ਬਾਹਾਂ ਫੈਲਾਅ ਕੇ ਤੇਰਾ ਆਕਾਸ਼ ਹੋ ਜਾਣਾ
ਤੇ ਮੇਰਾ ਤੇਰੀ ਹਿੱਕ ਨਾਲ ਲੱਗ ਕੇ
ਇਕ ਤਾਰੇ ਵਾਂਗ ਟਿਮਟਿਮਾਉਣਾ
ਤੇ ਫਿਰ ਆਪਣੇ ਦਵਾਲੇ ਇਕ ਤਾਜ ਮਹਿਲ ਸਿਰਜਿਆ ਜਾਣਾ।
ਬਾਜ਼ਾਰ ਨੇ ਅੱਜ ਹਰ ਦਿਨ ਖਾਸ ਬਣਾ ਧਰਿਆ ਹੈ। ਧੀ ਲਈ,
ਮਾਂ ਲਈ, ਬਾਪ ਲਈ ਪਿਆਰ ਜ਼ਾਹਰ
ਕਰਨ ਦੇ ਖਾਸ ਦਿਨ ਮਿੱਥ ਦਿੱਤੇ ਗਏ ਹਨ। ਕਮਜ਼ੋਰ,ਸੋਸ਼ਤ,
ਮਜ਼ਦੂਰ ਵਰਗ ਦੇ ਦੁੱਖਾਂ ਦਾ ਅਹਿਸਾਸ ਕਰਾਉਣ ਲਈ ਖਾਸ ਦਿਨ ਮਿਥ ਕੇ
ਉਨ੍ਹਾਂ ਲਈ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਜਿਹੇ 'ਗ਼ਰੀਬ' ਦਿਨ ਤਾਂ
ਬਾਜ਼ਾਰ ਨੂੰ ਰਾਸ ਨਹੀਂ ਆਏ,ਇਸ ਲਈ ਉਹਨੇ ਆਪਣੀ ਹੱਟੀ ਚਲਦੀ ਰੱਖਣ ਲਈ ਨਵੇਂ
ਨਵੇਂ ਦਿਨ ਘੜ ਲਏ। ਪਰ ਫੇਰ ਵੀ ਉਸ ਖੁਮਾਰੀ ਵਿੱਚ ਆਪਣਿਆਂ ਲਈ ਪਿਆਰ ਜ਼ਾਹਰ
ਕਰਨ ਲਈ ਸ਼ਬਦਾਂ ਦੀ ਚਾਸ਼ਣੀ ਤੋਂ ਬਿਨਾਂ ਹੋਰ ਮਿਠਾਸ ਕੀ ਹੋ ਸਕਦੀ ਹੈ-
ਜਦ ਤੂੰ ਮੇਰੀ ਗੋਦੀ ਆਈ
ਮੈਂ ਮਹਿਲਾਂ ਦੀ ਰਾਣੀ ਬਣ ਗਈ
ਤੂੰ ਮੇਰੇ ਗਲ ਬਾਹਾਂ ਪਾਈਆਂ
ਮੈਂ ਕੋਈ ਪਟਰਾਣੀ ਬਣ ਗਈ
............................
ਨਾ ਰੁੱਸਣ ਕਦੀ ਤੇਰੇ ਹੋਠਾਂ ਤੋਂ ਹਾਸੇ
ਨਾ ਟੁੱਟੇ ਕਦੀ ਤੇਰੇ ਚਾਅਵਾਂ ਦੀ ਗਾਨੀ
ਤੂੰ ਨਿੱਤ ਹੋਰ ਚਮਕੇਂ,ਤੂੰ ਨਿੱਤ ਹੋਰ ਦਮਕੇਂ
ਤੂੰ ਰੰਗਲੀ ਦੁਨੀਆ ’ਚ ਮੇਰੀ ਨਿਸ਼ਾਨੀ
..........................
ਭਾਵੇਂ ਰੰਗੀਂ ਖਿਡਾਉਦੀ ਹੈ ਪਰਦੇਸਾਂ ਦੀ ਮਿੱਟੀ
ਫਿਰ ਵੀ ਬਚਪਨ ਦੇ ਵਿਹੜੇ ਜੇਹੀ ਕਿਧਰੇ ਨਾ ਮਿੱਠੀ
ਤਨ ਝੂਟੇ ਚੰਡੋਲਾਂ, ਮਨ ਕਰਦੈ ਕਲੇਸ
ਨਹੀਂਓਂ ਭੁੱਲਦਾ ਪਾਪਾ!ਤੇਰਾ ਘਰ ਤੇਰਾ ਦੇਸ!
..............................
ਦੂਰ ਬੈਠੀ ਭੈਣ ਲਾਡਲੀ
ਤੇਰੇ ਸਿਰ ਤੋਂ ਸਦਕੜੇ ਜਾਵੇ!
ਸੁਫ਼ਨੇ ’ਚ ਫੁਲਕੇ ਨੂੰ
ਨਿੱਤ ਖੰਡ ਦਾ ਪਲੇਥਣ ਲਾਵੇ!
ਪਰਦੇਸ ਵਸੇਂਦੀ ਭੈਣੇਂ! ਤੇਰਾ ਪਿਆਰ ਹੈ ਦੁੱਧ ਦੀਆਂ ਧਾਰਾਂ ...
ਤੇਰੇ ਨਾਲ ਹੀ ਸੀਰ ਹੈ ਜੱਗ 'ਤੇ, ਬਿਨ ਤੇਰੇ ਨਾ ਸਾਰਾਂ...
ਖ਼ੁਸ਼ੀਆਂ ਨਾਲ ਗਮਾਂ ਦਾ ਵੀ ਸਾਕ ਹੁੰਦਾ ਹੈ। ਆਪਣਿਆਂ ਦੇ ਵਿਛੋੜੇ ਦੀ ਮਾਰ
ਵੀ ਆਪਣੇ ਪਿੰਡੇ 'ਤੇ ਸਹਿਣੀ ਪੈਂਦੀ ਹੈ। ਦੁੱਖ ਵਿੱਚ ਆਪਣਿਆਂ ਨੂੰ ਸਰੀਕ
ਕਰਨ ਜਾਂ ਫੇਰ ਦੂਜਿਆਂ ਦੇ ਦੁੱਖ ਵਿੱਚ ਸ਼ਾਮਲ ਹੋਣ ਵੇਲੇ ਵੀ ਢਾਰਸ ਦੇ ਕੁਝ
ਬੋਲ ਤਸੱਲੀ ਦੇ ਜਾਂਦੇ ਹਨ-
ਕਹਿੰਦੇ ਨੇ ਬੱਸ ਬੰਦਾ ਖੁਰਦੈ, ਬਾਕੀ ਜੱਗ ਤਾਂ ਉਵੇਂ ਤੁਰਦੈ
ਸਾਡੇ ਲਈ ਤਾਂ ਜੱਗ ਹੀ ਖੁਰਿਆ,ਖੁਰ ਗਿਆ ਸਭ ਕੁਝ ਲੈ ਕੇ ਨਾਲ
ਦੂਰ ਦੇਸ਼ ਨੂੰ ਤੁਰ ਗਏ ਬਾਬਲ! ਕੀ ਕੁਝ ਤੁਰ ਗਿਆ ਤੇਰੇ ਨਾਲ
....................................
ਝਿੰਮਣਾਂ 'ਤੇ ਲਟਕਦੇ ਅਸ਼ਕਾਂ ’ਚ ਨੂਰ ਭਰਿਓ!
ਘਰ ਦੀ ਸਲ੍ਹਾਬੀ ਪੌਣ ਦੇ ਵਿਚ ਅਗਰਬੱਤੀ ਧਰਿਓ!
ਤੁਰ ਗਿਆਂ ਦੇ ਰੁਦਨ ਦੇ ਖੂਹਾਂ 'ਤੇ ਦੇਵੋ ਢੱਕਣ
ਮੁਸਕਾਨਾਂ ਦੀ ਮੌਣ ਤੋਂ ਉਨ੍ਹਾਂ ਨੂੰ ਚੇਤੇ ਕਰਿਓ!
....................................
ਨਾ ਭਰਨਾ ਹੰਝੂਆਂ ਦੇ ਨਾਲ ਉਮਰਾਂ ਦੇ ਕਟੋਰੇ ਨੂੰ
ਕਿਸੇ ਸੂਹੀ ਜਿਹੀ ਮੁਸਕਾਨ ਦੀ ਖੇਤੀ ਹਰੀ ਕਰਨਾ।
ਤੇ ਦੀਵਾਲੀ, ਹੋਲੀ,
ਲੋਹੜੀ ਤੇ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇਣੋਂ ਭਲਾ ਇਹ
ਇਬਾਰਤਾਂ ਕਿਵੇਂ ਰਹਿ ਸਕਦੀਆਂ ਹਨ-
ਹਰ ਰਾਤ ’ਚ ਘੁਲ ਜਾਏ ਦੀਵਾਲੀ ਦਾ ਰੰਗ
ਕੋਈ ਚਾਨਣ ਰਹੇ, ਤੇਰੇ ਸਾਹਾਂ ਦੇ ਸੰਗ
ਤੇਰੇ ਰਾਹਾਂ ਵਿਚੋਂ, ਨ੍ਹੇਰਾ ਦੂਰ ਹੋ ਜਾਏ
ਦੀਵਾ ਜਗੇ, ਮੱਥਾ ਨੂਰੋ-ਨੂਰ ਹੋ ਜਾਏ!
……………………………………………………
ਸੁੰਦਰ-ਮੁੰਦਰੀ ਗਾਉਂਦਾ ਬਣ ਜਾਈਂ ਦੁੱਲਾ ਸ਼ੇਰ
ਲੋਹੜੀ ਵਾਂਗਰ ਬਲ਼ ਪਵੀਂ, ਜਿੱਥੇ ਦਿਸੇ ਹਨੇਰ
ਤੇਰੇ ਕਰ ਕੇ ਜ਼ੁਲਮ ਦੀ ਖੁੰਢੀ ਹੋਏ ਤਲਵਾਰ
ਤੇਰੇ ਕਰ ਕੇ ਉੱਤਰੇ ਕੁੱਲੀਆਂ ਵਿਚ ਸਵੇਰ!
..............................
ਤੱਕਣੇ ਜੇ ਸੱਤੇ ਰੰਗ ਤੂੰ, ਪਾਣੀ ਦੇ ਰੰਗ ’ਚੋਂ
ਸਿੱਲ੍ਹੀ ਤਲੀ 'ਤੇ, ਰੇਸ਼ਮੀ, ਕੋਈ ਰੁਮਾਲ ਰੱਖੀਂ
ਤੇਰੇ ਲਈ ਹੀ ਰੰਗ ਹੈ, ਖੁਸ਼ਬੂ ਹੈ, ਨੂਰ ਹੈ
ਹਰ ਇਕ ਲਈ ਸੀਨੇ ਦੇ ਵਿਚ ਮੋਹ ਦਾ ਗੁਲਾਲ ਰੱਖੀਂ!
..........................
ਕਾਲੀਆਂ ਰਾਤਾਂ, ਕਾਲੀਆਂ ਬਾਤਾਂ
ਕਾਲੀਆਂ ਹੀ ਬਰਸਾਤਾਂ
ਹਰ ਇਕ ਵਰ੍ਹੇ ਹੰਢਾਉਂਦੇ ਆਏ
ਦਰਦਾਂ ਦੀਆਂ ਸੁਗਾਤਾਂ
ਨਵਾਂ ਵਰ੍ਹਾ ਜੇ ਸਾਨੂੰ,
ਗੋਰੇ ਚਾਨਣ ਦੀ ਮੁੱਠ ਦੇਵੇ
ਘਰ ਘਰ ਦੇ ਵਿਚ ਵੰਡੀਏ
ਮਿੱਠੇ ਚੌਲਾਂ ਦੀਆਂ ਪਰਾਤਾਂ!
ਬਾਜ਼ਾਰੂ ਤੋਹਫ਼ਿਆਂ ਦੀ ਫਿਤਰਤ ਨੂੰ ਖੂਬ ਪਛਾਣਦਿਆਂ ਡਾ. ਸਿੱਧੂ ਹੋਰਾਂ
ਨੇ ਸ਼ਬਦੀ ਇਬਾਰਤਾਂ ਦੀ ਸੌਗਾਤ ਸਾਡੀ ਝੋਲੀ ਪਾਈ ਹੈ। ਇਹ ਮੌਕਾ ਧੀ-ਧਿਆਣੀ
ਦੇ ਜਨਮ ਦਾ,ਬੱਚਿਆਂ ਦੀਆਂ ਖਾਸ ਪ੍ਰਾਪਤੀਆਂ ਦਾ,ਕੁੜੀ-ਮੁੰਡੇ ਦੇ ਵਿਆਹ ਦੀ
ਸਾਹਾ ਚਿੱਠੀ,ਵਿਆਹ ਦਾ ਕਾਰਡ ਤੇ ਹੋਰ ਸ਼ਗਨਾਂ ਦਾ ਹੋਵੇ,ਆਪਣੇ ਮਹਿਬੂਬ ਲਈ
ਮੁਹੱਬਤ ਦਾ ਪ੍ਰਗਟਾਵਾ ਹੋਵੇ,ਖਾਸ ਦਿਨਾਂ ਦੀ ਆਮਦ ਹੋਵੇ ਜਾਂ ਫੇਰ ਕੋਈ
ਗ਼ਮੀ ਦਾ ਅਭਾਗਾ ਵੇਲਾ ਹੀ ਕਿਉਂ ਨਾ ਹੋਵੇ,ਇਹ ਇਬਾਰਤਾਂ ਤੁਹਾਡੀ ਜ਼ੁਬਾਨ
ਬਣਦੀਆਂ ਹਨ ਤੇ ਸਾਡੇ ਵਰਗੇ ਲੋਕਾਂ ਨੂੰ ਸ਼ਬਦ ਦਿੰਦੀਆਂ ਹਨ ਅਤੇ ਇਹ ਸ਼ਬਦੀ
ਸੌਗਾਤਾਂ ਜੀਵਨ ਨੂੰ ਤਾਕਤ ਬਖਸ਼ਦੀਆਂ ਹਨ।
ਇਸ ਵੱਡਮੁੱਲੀ ਪੁਸਤਕ ਵਿਚ ਡਾ. ਗੁਰਮਿੰਦਰ ਸਿੱਧੂ ਦੀ ਖੂਬਸੂਰਤ ਸ਼ਾਇਰੀ
ਦੇ ਨਾਲ ਨਾਲ ਲੋਕ ਗੀਤਾਂ ਤੇ ਗੁਰਵਾਕਾਂ ਦਾ ਵੀ ਬਾਖੂਬੀ ਸੁਮੇਲ ਹੈ। ਨਵੀਂ
ਪੀੜ੍ਹੀ ਦੀ ਸੌਖ ਲਈ ਰਸਮਾਂ-ਰਿਵਾਜ਼ਾਂ-ਵਿਰਾਸਤੀ ਸ਼ਬਦਾਂ ਨੂੰ ਅਰਥਾਂ ਨਾਲ
ਸਮਝਾਇਆ ਗਿਆ ਹੈ।
ਡਾ.ਗੁਰਮਿੰਦਰ ਸਿੱਧੂ ਹੋਰਾਂ ਨੇ ਜਿਸ ਮਿਹਨਤ,
ਸ਼ਿੱਦਤ, ਮੋਹ ਨਾਲ ਇਨ੍ਹਾਂ
ਇਬਾਰਤਾਂ ਦਾ ਚੌਮੁਖੀਆ ਦੀਵਾ ਬਾਲਿਐ,ਆਓ ਉਨ੍ਹਾਂ ਵਿੱਚ ਘਿਓ ਪਾ ਪਾ
ਇਨ੍ਹਾਂ ਨੂੰ ਬਲਦਾ ਰੱਖੀਏ ! ਜਿਸ ਮੰਤਵ ਲਈ ਅੱਖਰਾਂ ਦੀ ਇਹ ਸੌਗਾਤ ਸਾਨੂੰ
ਮਿਲੀ ਹੈ,ਉਨ੍ਹਾਂ ਅੱਖਰਾਂ ਨਾਲ ਹੀ ਮੈਂ ਇਹਦਾ ਸਵਾਗਤ ਕਰਦੀ ਹਾਂ-
ਉਹ ਸਾਡੇ ਵਿਹੜੇ ਆਏ, ਸੱਜਰੀ ਸੌਗਾਤ ਲੈ ਕੇ
ਅਸਾਂ ਮਨ-ਮਸਤਕ ਨਾਲ ਛੁਹਾਇਆ ਦੁਆ ਮੰਨ ਕੇ
ਤੇ ਜੇ ਡਾ. ਗੁਰਮਿੰਦਰ ਸਿੱਧੂ ਹੋਰਾਂ ਦੇ ਹੀ ਸ਼ਬਦਾਂ ਨਾਲ ਸ਼ੁਕਰੀਆ ਅਦਾ
ਕਰਨਾ ਹੋਵੇ ਤਾਂ ਕੀ ਕਹਿਣੇ-
ਆਏ ਤੁਹਾਡੇ ਬਾਗ ਵਿਚੋਂ ਮਹਿਕਦੇ ਗੁਲਾਬ
ਚਾਅਵਾਂ ਦੇ ਭਰੇ ਛੰਨੇ, ਉਮੰਗਾਂ ਬੇਹਿਸਾਬ
ਜਿਉਂ ਮਾਂ ਦੀ ਮਿੱਠੀ ਚੂਰੀ,ਜਿਉਂ ਚਾਨਣੀ ਦਾ ਖ਼ਾਬ
ਏਹੋ ਦੁਆਵਾਂ ਘੱਲਾਂ , ਅੱਜ ਆਪ ਨੂੰ ਜਨਾਬ
ਰਹਿੰਦੀ ਦੁਨੀਆਂ ਤੱਕ , ਰਹੇ ਬਾਗ ਇਹ ਆਬਾਦ
ਫੁੱਲ ਰਹਿਣ ਸਦਾ ਖਿੜਦੇ, ਫ਼ਲ ਹੋਣ ਲਾਜਵਾਬ
ਕਮਲ ਦੁਸਾਂਝ ਫੋਨ: 9888799871
# 2734 ਸੈਕਟਰ 67, ਮੋਹਾਲੀ, ਪੰਜਾਬ |