ਟੋਰਾਂਟੋ-ਪੰਜਾਬੀ ਦੇ ਉਘੇ ਲੇਖਕ ਬਲਬੀਰ ਸਿੰਘ ਮੋਮੀ ਦੀ ਪਾਕਿਸਤਾਨ
ਵਿੱਚ ਸ਼ਾਹਮੁਖੀ ਲਿੱਪੀ ਵਿੱਚ ਛਪੀ ਪੁਸਤਕ “ਕਿਹੋ ਜਿਹਾ ਸੀ ਜੀਵਨ”
ਭਾਗ-1, 18 ਮਈ ਦਿਨ ਸਨਚਿਰਵਾਰ ਨੂੰ ਪੰਜਾਬੀ ਫੋਰਮ ਕੈਨੇਡਾ ਵੱਲੋਂ
ਲੇਕਸ਼ੋਅਰ ਰੋਡ ਮਿਸੀਸਾਗਾ ਵਿਖੇ ਹਿੰਦ ਪਾਕ ਲੇਖਕਾਂ ਦੇ ਭਰਵੇਂ ਸਮਾਗਮ
ਵਿੱਚ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਦੀ ਮਹਾਨਤਾ ਦਾ ਇਥੋਂ ਪਤਾ ਚਲਦਾ
ਕਿ ਪਾਕਿਸਤਾਨ ਸਰਕਾਰ ਨੇ ਮੋਮੀ ਜੀ ਨੂੰ ਸਰਕਾਰੀ ਖਰਚੇ ਤੇ ਪਾਕਿਸਤਾਨ
ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਪੁਸਤਕ ਵਿੱਚ ਆਪਣੀ ਜੀਵਨੀ ਲਿਖਦਿਆਂ
ਦੇਸ ਦੀ ਵੰਡ ਤੋਂ ਪਹਿਲਾ ਦਾ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਜੀਵਨ
ਤੇ ਸੰਨ ਸੰਤਾਲੀ ਦੀ ਵੰਡ ਦਦੇ ਉਜਾੜੇ ਤੇ ਮੁੜ ਵਸੇਬੇ ਦਾ ਸੰਤਾਪ ਆਦਿ ਦਾ
ਕਰੁਣਾਮਈ ਵਰਨਣ ਬਹੁਤ ਯਤਾਰਥਵਾਦੀ ਢੰਗ ਨਾਲ ਬੜੀ ਸਰਲ ਭਾਸ਼ਾ ਵਿੱਚ ਕੀਤਾ
ਗਿਆ ਹੈ। ਇਹ ਦਸਤਾਵੇਜ਼ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਖ ਵੱਖ ਪਖਾਂ ਤੋਂ
ਅਧਿਅਨ ਯੋਗ ਸਿੱਧ ਹੋਵੇਗਾ।
ਵਿਸ਼ਾਲ ਗਿਆਨ ਅਤੇ ਗੰਭੀਰ ਸੋਚ ਵਾਲੇ ਮੰਚ ਸੰਚਾਲਕ ਤਾਹਿਰ ਅਸਲਮ ਗੋਰਾ
ਨੇ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਬਲਬੀਰ ਸਿੰਘ ਮੋਮੀ ਦੇ ਅਦਬੀ ਸਫਰ ਬਾਰੇ
ਸੰਖੇਪ ਅਤੇ ਭਾਵ ਪੂਰਤ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਲਹਿੰਦੇ
ਪੰਜਾਬ ਦੇ ਨਾਮਵਰ ਪੰਜਾਬੀ ਲੇਖਕ ਸਲੀਮ ਪਾਸ਼ਾ ਨੇ ਲਾਹੌਰ (ਪਾਕਿਸਤਾਨ)
ਵਿਚ ਸ਼ਾਹਮੁਖੀ ਵਿਚ ਛਪੀ ਸਵੈ ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1,
ਬਾਰੇ ਬੜੀ ਮਿਹਨਤ ਨਾਲ ਲਿਖਿਆ ਪੇਪਰ ਪੜ੍ਹਿਆ। ਇਸ ਪਿਛੋਂ ਰੇਡੀਓ ਪੱਤਰਕਾਰ
ਜੈਕਾਰ ਦੁੱਗਲ, ਕੁਲਜੀਤ ਸਿੰਘ ਜੰਜੂਆ, ਬਲਰਾਜ ਚੀਮਾ, ਰਸ਼ੀਦ ਨਦੀਮ,
ਸੁਰਜਣ ਸਿੰਘ ਜ਼ੀਰਵੀ, ਸੁਰਜੀਤ ਕੌਰ, ਹਰਚੰਦ ਸਿੰਘ ਬਾਸੀ, ਮੇਜਰ ਮਾਂਗਟ,
ਅਜਾਇਬ ਸਿੰਘ ਚੱਠਾ, ਪ੍ਰਿੰਸੀਪਲ ਪਾਖਰ ਸਿੰਘ, ਪਿਆਰਾ ਸਿੰਘ ਕੁਦੋਵਾਲ,
ਆਦਿ ਨੇ ਬਲਬੀਰ ਸਿੰਘ ਮੋਮੀ ਦੇ ਜੀਵਨ, ਸਾਹਿਤ ਅਤੇ ਰੀਲੀਜ਼ ਹੋਈ
ਸਵੈ-ਜੀਵਨੀ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਬਲਬੀਰ ਸਿੰਘ
ਮੋਮੀ ਨੇ ਆਪਣੀ ਲਿਖਣ ਪ੍ਰਕਿਰਿਆ ਅਤੇ ਸਵੈ ਜੀਵਨੀ ਲਿਖਣ ਵਿਚ ਆਈਆਂ
ਮੁਸ਼ਕਲਾਂ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਬੁਲਾਰਿਆਂ ਦੇ
ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹ ਸਾਹਿਤ ਸਦਾ ਜਿੰਦਾ ਰਹਿੰਦਾ ਹੈ
ਜਿਸ ਵਿਚ ਜਿ਼ਦਗੀ ਦਾ ਸੱਚ ਲਿਖਿਆ ਹੋਵੇ।
ਦੂਸਰੇ ਦੌਰ ਵਿੱਚ ਕਵੀ ਦਰਬਾਰ ਹੋਇਆ। ਕਵੀ ਦਰਬਾਰ ਵਿੱਚ ਵੱਖ ਵੱਖ
ਵਿਸਿ਼ਆਂ ਜੀਵਨ ਦੇ ਅੰਤਰੀਵ ਮਨੋਭਾਵਾਂ ਨੂੰ ਟੁੰਬਦੀਆਂ ਕਵਿਤਾਵਾਂ
ਪੜ੍ਹੀਆਂ ਗਈਆਂ। ਪ੍ਰੋਗਰਾਮ ਇੰਨਾ ਰੌਚਕ ਸੀ ਕਿ ਸਮਾਂ ਆਪਣੀ ਥਾਂ ਤੇ ਅਟਕ
ਗਿਆ। ਟਰਾਂਟੋ ਵਿੱਚ ਇੰਨਾ ਸਮਝ ਵਾਲਾ ਸੁਆਦਲਾ ਪ੍ਰੋਗਰਾਮ ਪਹਿ਼ਲੀ ਵਾਰ
ਦੇਖਣ ਨੂੰ ਮਿਲਿਆ। ਸ਼ਾਇਰਾਂ ਵਿੱਚ ਸਲੀਮ ਪਾਸ਼ਾ, ਮਕਸੂਦ ਚੌਧਰੀ, ਹਰਚੰਦ
ਬਾਸੀ, ਤਨਵੀਰ ਸ਼ਾਹਿਦ, ਬਸ਼ਾਰਤ ਹਾਈ, ਮੁਬਾਸ਼ਰ ਖੁਰਸ਼ੀਦ, ਮੁਹੰਮਦ
ਅਸ਼ਰਫ, ਬਸ਼ਾਰਤ ਰਿਹਾਨ, ਕੁਲਜੀਤ ਸਿੰਘ ਜੰਜੂਆ, ਛਿੱਬਰ ਸਾਹਿਬ, ਰਸ਼ੀਦ
ਨਦੀਮ, ਸੁਰਜੀਤ ਕੌਰ, ਪਿਆਰਾ ਸਿੰਘ ਕੁਦੋਵਾਲ, ਅੰਕਲ ਦੁੱਗਲ ਆਦਿ ਨੇ ਕਵੀ
ਦਰਬਾਰ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ। ਕਿਸੇ ਲੇਖਕ ਨੇ ਕਿਹਾ ਸੀ ਕਿ
ਕਵੀ ਸੰਸਾਰ ਬਨਣ ਤੋਂ ਸੌ ਸਾਲ ਪਹਿਲਾਂ ਧਰਤੀ ਤੇ ਪੈਦਾ ਹੋਇਆ ਸੀ ਤਾਂ ਜੋ
ਇਹ ਧਰਤੀ ਨੂੰ ਸੁਹਣੀ ਬਣਾ ਸਕੇ। ਇਹ ਕਥਨ ਇਸ ਦਿਨ ਦੇ ਮੁਸ਼ਾਇਰੇ ਤੇ ਪੂਰੀ
ਤਰ੍ਹਾਂ ਪ੍ਰਗਟ ਹੁੰਦੀ ਸੀ।
ਅਸਮਾ ਮਹਿਮੂਦ ਅਤੇ ਅਰਸ਼ਦ ਮਹਿਮੂਦ ਜੋ ਬੋਲੀ, ਅਦਬ, ਕਲਾ ਅਤੇ ਸਕਾਫਤ
ਦੀ ਬਿਹਤਰੀ ਤੇ ਬਹਿਬੂਦੀ ਲਈ ਆਪਣੀ 943 ਲੇਕਸ਼ੋਅਰ ਰੋਡ ਈਸਟ, ਮਿਸੀਸਾਗਾ
ਤੇ ਸਥਿਤ “ਪ੍ਰੋਮੇਨੇਡ ਗੈਲਰੀ” ਲੇਖਕਾਂ ਨੂੰ ਮੀਟੰਗਜ਼ ਕਰਨ ਲਈ ਫਰੀ ਪੇਸ਼
ਕਰਦੇ ਹਨ, ਪੰਜਾਬੀ ਫੋਰਮ ਕੈਨੇਡਾ ਵੱਲੋਂ ਵਿਸ਼ੇਸ਼ ਧੰਨਵਾਦ ਦੇ ਹਕਦਾਰ
ਹਨ। ਅਸਮਾ ਮਹਿਮੂਦ ਨੇ ਸਭ ਨੂੰ ਦਸਿਆ ਕਿ ਉਹ ਪੰਜਾਬੀ ਫਿਲਮ ਫੈਸਟੀਵਲ ਦੀ
ਕਾਮਯਾਬੀ ਲਈ ਦਿਨ ਰਾਤ ਯਤਨ ਕਰ ਰਹੇ ਹਨ। ਉਹਨਾਂ ਨੇ ਸਭ ਨੂੰ ਇਸ ਵਿਚ
ਸ਼ਾਮਲ ਹੋਣ ਲਈ ਸੱਦਾ ਦਿਤਾ। |