ਕਿਹਾ ਜਾਂਦਾ ਹੈ ਕਿ - ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ।
ਇਕ - ਉਹ ਜੋ ਛੋਟੀ ਤੋਂ ਛੋਟੀ ਗੱਲ ਨੂੰ, ਲੰਬੀ ਤੋਂ ਲੰਬੀ ਅਰਥਾਤ - ਰਾਈ
ਦਾ ਪਹਾੜ - ਬਣਾ ਕੇ ਪੇਸ਼ ਕਰ ਸਕਦੇ ਹਨ ਜਾਂ ਕਰਦੇ ਹਨ ।
ਦੂਜੇ - ਉਹ ਜੋ ਲੰਬੀ ਤੋਂ ਲੰਬੀ ਗੱਲ ਨੂੰ ਛੋਟੀ ਤੋਂ ਛੋਟੀ ਬਣਾ ਕੇ
ਦੱਸਦੇ ਹਨ । ਅਰਥਾਤ, ਸੂਖਮਤਾ ਉਨ੍ਹਾਂ ਦੀ ਫਿ਼ਤਰਤ ਜਾਂ ਇਸ਼ਟ ਹੁੰਦਾ ਹੈ
।
ਪਹਿਲੇ ਵਰਗ ਦੇ ਲੋਕਾਂ ਨੂੰ ਗਲਪਕਾਰ ਕਿਹਾ ਜਾਂਦਾ ਹੈ ।
ਦੂਜੇ ਵਰਗ ਦੇ ਲੋਕਾਂ ਨੂੰ ਕਵੀ ਜਾਂ ਸ਼ਾਇਰ ।
ਪਹਿਲੇ ਵਰਗ ਦੇ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ - ਕਹਾਣੀਕਾਰ ਤੇ
ਨਾਵਲਕਾਰ ਤੇ ਦੂਜੀ ਵਰਗ ਦੇ ਲੋਕ ਤਿੰਨ ਤਰ੍ਹਾਂ ਦੇ -
1: ਗੀਤਕਾਰ ਜਿਵੇਂ ਨੰਦ ਲਾਲ ਨੂਰਪੁਰੀ ।
2: ਨਜ਼ਮਨਿਗਾਰ ਜਾਂ ਕਵੀਸ਼ਰ ਜਿਵੇਂ ਧੰਨੀ ਰਾਮ ਚਾਤਰਿਕ ।
3: ਗ਼ਜ਼ਲਗੋ ਜਿਵੇਂ ਮੌਲਾ ਬਖਸ਼ ਕੁਸ਼ਤਾ ।
ਸੰਤੋਖ ਸਿੰਘ ਹੇਅਰ ਦੂਜੇ ਵਰਗ ਦੇ ਲੋਕਾਂ ਦੀ ਸ਼ਰੈਣੀ ਵਿਚ ਆਉਂਦਾ ਹੈ
।
ਗਲਪਕਾਰਾਂ ਤੇ ਸ਼ਾਇਰਾਂ ਦੁਆਰਾ ਰਚੀਆਂ ਰਚਨਾਵਾਂ ਦੇ ਸੰਗ੍ਰਹਿਆਂ ਨੂੰ
ਪੁਸਤਕਾਂ ਜਾਂ ਕਿਤਾਬਾਂ ਕਿਹਾ ਜਾਂਦਾ ਹੈ ।
ਕਿਸੇ ਕਿਤਾਬ ਦਾ ਨਾਂ ਜਾਂ ਸਿਰਲੇਖ, ਕਿਤਾਬ ਵਿਚ, ਰਚੇ ਵਿਸ਼ੇ ਤੇ
ਵਿਧਾ – ਕਾਵਿ ਜਾਂ ਵਾਰਤਾ – ਵੱਲ ਸੰਕੇਤ ਕਰਦਾ ਹੈ । ਜਿਵੇਂ ਭਗਵਤ ਗੀਤਾ
ਵਿਚ ਕਿਹਾ ਗਿਆ ਹੈ – (ਹਿੰਦੀ ਅਨੁਵਾਦ)
“ਨਾਮ ਮੇਂ ਕਿਯਾ ਰੱਖਾ ਹੈ?
ਕੁਛ ਭੀ ਤੋ ਨਹੀਂ ।
ਪ੍ਰੰਤੂ, ਨਾਮ ਹੀ ਤੋ ਸਭ ਕੁਛ ਹੈ ।”
ਸੰਤੋਖ ਸਿੰਘ ਹੇਅਰ ਉਰਫ਼ - ਸੋਖਾ - ਦੁਆਰਾ ਲਿਖੀ ਕਿਤਾਬ ਦੇ ਸਿਰਲੇਖ
ਨੂੰ - ਏਦਾਂ ਨਾ ਸੋਚਿਆ ਸੀ – ਜੇਕਰ ਗਹੁ ਨਾਲ ਘੋਖੀਏ ਤਾਂ ਇਸ ਦੀ ਮਕਰਾ
ਛੰਦ ਜਾਂ ਬਹਿਰ ਮੁਜ਼ਾਰਿਆ, (ਮਫ਼ਊਲ + ਫ਼ਾਇਲਾਤੁਨ 2 ਵਾਰ) ਵਿਚ ਕਾਵਿਕ
ਤੇ ਰਾਗਮਈ ਧੁਨੀ, ਇਸ ਨੂੰ ਕਿਸੇ ਕਾਵਿ ਸੰਗ੍ਰਹਿ ਦਾ ਸਿਰਲੇਖ ਹੋਣਾ ਦੱਸਦੀ
ਹੈ ।
ਕਿਤਾਬ ਦਾ ਸਿਰਲੇਖ ਉਸਦੇ ਰਚੇਤਾ ਦੀ ਰਚਨਾ-ਵਿਧੀ, ਵਿਚਾਰਧਾਰਾ, ਜੀਵਨ
ਫ਼ਲਸਫ਼ਾ ਅਰਥਾਤ ਜੀਵਨ ਦਰਸ਼ਨ ਤੇ ਮਨੁੱਖਤਾ ਪ੍ਰਤਿ ਪ੍ਰਤਿਬੱਧਤਾ ਤੇ
ਦ੍ਰਿਸ਼ਟੀਕੋਨ ਦਾ ਵੀ ਪਤਾ ਦਿੰਦਾ ਹੈ।
ਕਿਤਾਬ ਦੇ ਨਾਮ ਤੋਂ ਇਲਾਵਾ ਕਿਤਾਬ ਵਿਚ, ਰਚੇ ਵਿਸ਼ੇ ਤੇ ਲਿਖਣ ਵਿਧਾ
– ਕਾਵਿ ਜਾਂ ਵਾਰਤਾ - ਦਾ ਕਿਆਫ਼ਾ, ਸਾਰਨੀ ਯਾਨੀ ਤਤਕਰੇ ਤੋਂ ਵੀ ਲਾਇਆ
ਜਾ ਸਕਦਾ ਹੈ । ਇਸ ਕਿਤਾਬ ਦੇ ਤਤਕਰੇ ‘ਤੇ ਝਾਤ ਮਾਰਿਆਂ ਦੇਖਣ ਵਿਚ ਆਉਂਦਾ
ਹੈ ਕਿ ਸੰਤੋਖ ਸਿੰਘ ਹੇਅਰ ਨੇ ਆਪਣੇ ਇਸ ਕਾਵਿ ਸੰਗ੍ਰਹਿ ਵਿਚ 57
ਗ਼ਜ਼ਲਾਂ, 20 ਕਵੀਤਾਵਾਂ ਤੇ 9 ਗੀਤ ਸ਼ਾਮਿਲ ਕੀਤੇ ਹਨ । ਅਤੇ ਗੀਤਾਂ ਤੇ
ਕਵੀਤਾਵਾਂ ਨਾਲੋਂ ਗ਼ਜ਼ਲ ਨੂੰ ਪਹਿਲ ਦਿੱਤੀ ਹੈ । ਜਿਸ ਤੋਂ ਅਚੇਤ ਮਨ ਜਾਂ
ਥੋੜ੍ਹਾ ਸੁਚੇਤ ਮਨ ਨਾਲ ਸੋਚਿਆਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ
ਸੋਖਾ ਉਰਫ਼ ਸੰਤੋਖ ਸਿੰਘ ਹੇਅਰ, ਗੀਤਕਾਰ ਨਾਲੋਂ ਵੱਧ ਨਜ਼ਮਨਿਗਾਰ ਅਤੇ
ਨਜ਼ਮਨਿਗਾਰ ਨਾਲੋਂ ਵੱਧ ਗ਼ਜ਼ਲਗੋ ਹੈ । ਪਰ ਕੀ ਉਹ ਸੱਚ ਮੁੱਚ ਗ਼ਜ਼ਲਗੋ
ਹੈ? ਗੀਤਕਾਰ ਜਾਂ ਨਜ਼ਮਨਿਗਾਰ ਨਹੀਂ? ਇਸ ਗੱਲ ਦਾ ਨਿਰਨਾ ਕਰਨੇ ਲਈ ਸਾਨੂੰ
ਉਸ ਦੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਕਰਨਾ ਪਵੇਗਾ । ਪਰ ਸ਼ੁਰੂ ਕਿੱਥੋਂ
ਕਰਨਾ ਹੈ? ਗ਼ਜ਼ਲਾਂ ਤੋਂ? ਕਵੀਤਾਵਾਂ ਤੋਂ? ਜਾਂ ਕਿ ਗੀਤਾਂ ਤੋਂ?
ਮੈਂ ਗੀਤਾਂ ਤੇ ਕਵਿਤਾਵਾਂ ਤੋਂ ਸ਼ੁਰੂ ਕਰਨਾ ਜਿ਼ਆਦਾ ਪਸੰਦ ਕਰਾਂਗਾ
ਕਿਉਂਕਿ ਗੀਤਕਾਰੀ ਤੇ ਕਵੀਸ਼ਰੀ ਸਾਡੀ ਸੱਭਿਅਤਾ ਦੀ ਮੁੱਢ-ਕ਼ਦੀਮ ਤੋਂ ਹੀ
ਮੁੱਖ ਕਾਵਿ ਵਿੱਧਾ ਰਹੀ ਹੈ । ਜਦਕਿ ਗ਼ਜ਼ਲ ਪਰਾਈ ਬੋਲੀ ਦੀ ਕਾਵਿ ਵਿਧਾ,
ਜਿਸ ਨੂੰ ਅਸੀਂ ਅਪਣਾ ਲਿਆ ਹੈ ਜੋ ਉਰਦੂ, ਪੰਜਾਬੀ ਤਾਂ ਕੀ ਭਾਰਤ ਦੀਆਂ
ਸਾਰੀਆਂ ਜ਼ਬਾਨਾਂ ਵਿਚ ਹਰਮਨ ਪਿਆਰੀ ਹੋ ਗਈ ਹੈ ਇੱਥੇ ਤਕ ਕਿ ਅੰਗਰੇਜ਼ੀ
ਵਿਚ ਵੀ ।
ਗੀਤ
ਮਹਾਨ ਕੋਸ਼ ਅਨੁਸਾਰ ਗੀਤ ਦੀ ਪਰਿਭਾਸ਼ਾ ਹੈ, “ਗਾਉਣ ਯੋਗਯ ਛੰਦ ਅਥਵਾ
ਵਾਕ”
ਗੀਤ ਹਮੇਸ਼ਾ ਹੀ ਕਿਸੇ ਨਿਸਚਿੱਤ ਧੁਨ ‘ਤੇ ਰਚਿਆ ਜਾਂਦਾ ਹੈ ।
ਗੀਤਾਂ ਦਾ ਵਿਸ਼ਾ ਆਦਿ ਤੋਂ ਹੀ ਪ੍ਰੇਮ ਚੇਸ਼ਟਾ, ਪਿਆਰ ਦੀ ਪਿਆਸ, ਮੋਹ
ਮੁਹੱਬਤ, ਮਲਾਪ, ਵਿਛੋੜਾ ਤੇ ਵਿਯੋਗ ਰਹੇ ਹਨ ।
ਗੀਤ ਦਾ ਸਰੂਪ ਕਈ ਤਰ੍ਹਾਂ ਦਾ ਹੋ ਸਕਦਾ ਹੈ । ਆਮ ਤੌਰ ‘ਤੇ ਗੀਤ ਦਾ
ਇਕ ਮੁੱਖੜਾ ਹੁੰਦਾ ਹੈ ਜੋ ਗੀਤ ਦੇ ਵਿਸ਼ੇ ਦਾ ਕੇਂਦਰ ਤੇ ਧੁਰਾ ਹੁੰਦਾ ਹੈ
ਜਿਸ ਦੁਆਲੇ ਗੀਤ ਦਾ ਹਰ ਬੰਦ ਘੁੰਮਦਾ ਹੈ । ਮੁੱਖੜਾ ਇਕ ਜਾਂ ਦੋ ਤੁਕਾਂ
ਦਾ ਹੁੰਦਾ ਹੈ ਜਿਨ੍ਹਾਂ ਦਾ ਤੁਕਾਂਤ ਆਪਸ ਵਿਚ ਮਿਲਦਾ ਹੁੰਦਾ ਹੈ ।
ਗੀਤ ਦੇ ਘੱਟ ਤੋਂ ਘੱਟ ਦੋ ਅਤੇ ਵੱਧ ਤੋਂ ਵੱਧ ਪੰਜ ਜਾਂ ਸੱਤ ਬੰਦ ਵੀ
ਹੋ ਸਕਦੇ ਹਨ ਜਿਨ੍ਹਾਂ ਦੀ ਅੰਤਲੀ ਤੁਕ ਦਾ ਤੁਕਾਂਤ ਮੁੱਖੜੇ ਦੇ ਤੁਕਾਂਤ
ਨਾਲ ਮਿਲਣਾ ਲਾਜ਼ਮੀ ਹੁੰਦਾ ਹੈ । ਮਸਾਲ ਵਜੋਂ – ਹੱਥਲੇ ਕਾਵਿ ਸੰਗ੍ਰਹਿ
ਦੇ ਪੰਨਾ 125 ਦਾ, ਕਬਿੱਤ ਛੰਦ ਵਿਚ ਰਚਿਆ ਗੀਤ – ਜਿਸ ਦੇ ਮੁਖੜੇ ਨਾਲ ਛੇ
ਬੰਦ ਹਨ .
ਵਸਦੀਂ ਏਂ ਜਿੱਥੇ ਹੁਣ ਉੱਥੇ ਸੁਖੀ ਵਸੀ ਤੂੰ .
ਪੁੱਛਦਾ ਨਹੀਂ ਮੈਂ ਤੈਨੂੰ ਕੁਝ ਵੀ ਨਾ ਦੱਸੀ ਤੂੰ ॥
ਹੱਸਣਾ ਹਸਾਉਣਾ ਦੱਸ ਕੀਹਨੇ ਤੇਰਾ ਖੋਹ ਲਿਆ
ਪੁੰਨਿਆਂ ਦਾ ਚੰਦ ਲੱਗੇ ਬਦਲ਼ਾਂ ਲੋਕ ਲਿਆ
ਦੱਸੇ ਮੁੱਖ ਤੇਰਾ ਕਿਸੇ ਜਿ਼ਹਰੀ ਨਾਗ ਡੱਸੀ ਤੂੰ ।
ਪੁੱਛਦਾ ਨਹੀਂ ਮੈਂ …
ਗੀਤ ਵਿਚ ਕਵਿਤਾ ਦੇ ਸਾਰੇ ਗੁਣ ਜਿਵੇਂ ਸਾਫ਼ ਸੁੱਥਰੀ ਸਾਦ-ਮੁਰਾਦਾ
ਸ਼ਬਦਾਵਲੀ ਜਾਂ ਬੋਲੀ, ਸਰਲਤਾ, ਸੰਗੀਤਿਕਤਾ, ਉਦੇਸ਼, ਉਪਮਾ, ਬਿੰਬਾਵਲੀ,
ਭਾਵਨਾਵਾਂ, ਲੈਅ, ਛੰਦ, ਸਰਲਤਾ, ਸ਼ੈਲੀ, ਅਰਥ ਤੇ ਅਲੰਕਾਰ ਆਦਿ ਹੋਣੇ
ਜ਼ਰੂਰੀ ਹਨ ਜੋ ਉੱਪਰਲੇ ਬੰਦ ਵਿਚ ਵੀ ਦੇਖੇ ਜਾ ਸਕਦੇ ਹਨ । ਜਿਵੇਂ –
ਹੱਸਣਾ ਹਸਾਉਣਾ = ਬੋਲੀ ਤੇ ਲੈਅ
ਪੁੰਨਿਆਂ ਦਾ ਚੰਦ = ਉਪਮਾ
ਜਿ਼ਹਰੀ ਨਾਗ = ਰੂਪਕ
ਬਦਲ਼ਾਂ ਲਕੋਣਾ = ਬਿੰਬ
ਵੈਸੇ ਤਾਂ ਗੀਤ ਦਾ ਕੋਈ ਸਿਰਲੇਖ ਨਹੀਂ ਹੁੰਦਾ । ਗੀਤ ਹੀ ਗੀਤ ਦਾ
ਸਿਰਲੇਖ ਹੁੰਦਾ ਹੈ ਜਾਂ ਫਿਰ ਉਸਦੇ ਮੁੱਖੜੇ ਦੀ ਪਹਿਲੀ ਤੁਕ ਜਾਂ ਤੁਕਾਂਤ
। ਪਰ ਕਈ ਵਾਰ ਗੀਤਕਾਰ ਕਿਸੇ ਖਾਸ ਵਿਸ਼ੇ ਨੂੰ ਲੈ ਕੇ, ਗੀਤ ਰਚਦਾ ਹੈ ਤਾਂ
ਵਿਸ਼ਾ ਸਮਝਾਉਣ ਲਈ ਉਹ ਉਸਦਾ ਨਾਂ ਰੱਖ ਦਿੰਦਾ ਹੈ । ਜਿਵੇਂ ਸੰਤੋਖ ਹੈਅਰ
ਨੇ ਗੀਤ 4 ਨੂੰ ਛੱਡ ਕੇ ਬਾਕੀ ਦੇ ਅੱਠ ਗੀਤਾਂ ਦੇ ਸਿਰਲੇਖ ਦਿੱਤੇ ਹਨ ।
ਕਿਉਂਕਿ, ਉਹ ਕਿਸੇ ਨਾ ਕਿਸੇ ਖਾਸ ਵਿਸ਼ੇ ਨੂੰ ਲੈ ਕੇ ਰਚੇ ਗਏ ਹਨ ।
ਜਿਵੇਂ,
- ਸਿਫ਼ਤਾਂ: ਇਸ ਵਿਚ ਰਚੇ ਵਿਸ਼ੇ ਦਾ ਗਿਆਨ ਗੀਤ ਦੀ
ਪਹਿਲੀ ਤੁਕ ਪੜ੍ਹਕੇ ਹੁੰਦਾ ਹੈ ਕਿ ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ
ਰਾਜ ਅਤੇ ਸਿੱਖ ਧਰਮ ਦੀ ਧੂਮ ਦੀ ਸਿਫਤ-ਓ-ਸਲਾਹ ਹੈ ।
- ਮਾਂ: ਗੀਤ ਦਾ ਵਿਸ਼ਾ ਦੱਸਣ ਦੀ ਲੋੜ ਨਹੀਂ
ਨਾਂ ਹੀ ਕਾਫ਼ੀ ਹੈ ।
- ਸਦਮਾ: ਕਿਸੇ ਗੱਲ, ਘਟਣਾ ਜਾਂ ਵਛੋੜੇ ਦੀ ਗੱਲ ।
- ਦਰਦਾਂ ਦਾ ਪੈਂਡਾ: ਆਪਣੇ ਤੇ ਪਰਾਏ ਦੁੱਖ ਦਰਦ ।
- ਆਦਾਬ: ਕਿਸੇ ਨੂੰ ਸਲਾਮ ਜਾਂ ਸਜਦਾ ਕਰਨਾ ।
- ਬੂਟਾ: ਕਾਹਦਾ ਬੂਟੇ?
- ਪਰਿੰਦਾ: ਪਰਵਾਸੀ ਦੀ ਪੰਛੀ ਨਾਲ ਉਪਮਾ ।
- ਕੋਠੀ: ਸਾਫ਼ ਤੇ ਸਪਸ਼ਟ ਵਿਸ਼ਾ ਹੈ ਜੋ ਹਰ ਪਰਵਾਸੀ ਆਪਣੇ
ਦੇਸ ਜਾ ਕੇ ਬਣਾਉਂਦਾ ਹੈ ਤੇ ਉਸਦਾ ਸੁੱਖ ਘੱਟ ਪਰ, ਦੁੱਖ ਵੱਧ ਭੋਗਦਾ
ਹੈ ।
ਕੀ ਗੀਤਾਂ ਦਾ ਸਿਰਲੇਖ ਹੋਣਾ ਚਾਹੀਦਾ ਹੈ? ਕਈ ਵਾਰ ਗੀਤ ਦਾ ਸਿਰਲੇਖ
ਉਸ ਵਿਚ ਰਚੇ ਵਿਸ਼ੇ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰਦਾ ਜਿਵੇਂ ਗੀਤ
ਨੰਬਰ 7, 1 ਤੇ 2 – ਮਾਂ ।
ਇਸ ਗੀਤ ਦਾ ਸਿਰਲੇਖ – ਮਾਂ, ਨਾਂ ਬਿਨਾਂ ਇਕ ਬੰਦ ਕਿਤਾਬ ਵਾਂਗ ਹੈ
ਜਿਸ ‘ਚੋਂ ਇਹ ਪਤਾ ਨਹੀਂ ਲੱਗਦਾ ਕਿ ਇਸ ਵਿਚ ਕੀ ਲਿਖਿਆ ਹੈ । ਕਵੀ ਮਾਂ
ਦਾ ਕਿਹੜਾ ਖਾਸ ਗੁਣ ਜਾਂ ਆਭਾਰ ਗੀਤ ਵਿਚ ਦਰਸਾ ਰਿਹਾ ਹੈ । ਉਸਦੇ ਮੋਹ,
ਮਮਤਾ ਲਾਡ-ਪਿਆਰ ਨੂੰ ਜਾਂ ਫਿਰ ਪ੍ਰ: ਮੋਹਣ ਸਿੰਘ ਵਾਂਗ ਜਨਮਦਾਤੀ ਦਾ ਜਨਮ
ਦੇਣ ਲਈ ਆਭਾਰੀ ਹੋਣਾ ਦੇ ਸ਼ੁਕਰਾਨੇ ਨੂੰ ? ਅਸਲ ਵਿਚ ਗੀਤ ਦਾ ਸਹੀ
ਵਿਸ਼ਾ, ਗੀਤ ਦੇ ਮੁੱਖੜੇ ਨੂੰ ਪੜ੍ਹ ਕੇ ਹੀ ਪਤਾ ਲਗਦਾ ਹੈ । ਇਸ ਕਰਕੇ
ਸਿਰਲੇਖ ਦਾ ਹੋਣਾ ਜਾਂ ਨਾ ਹੋਣਾ ਕੋਈ ਅਹਿਮੀਅਤ ਨਹੀਂ ਰੱਖਦਾ । ਜਿਵੇਂ,
ਪਿੰਡ ਦੀ ਗਲੀ ‘ਚ ਮੈਂ ਜਦ ਪੈਰ ਪਾਇਆ
ਬਚਪਨ ਮੇਰਾ ਮੈਨੂੰ ਮੁੜ ਯਾਦ ਆਇਆ .
ਘਰ ਦੇ ਬੂਹੇ ਨੂੰ ਮੈਂ ਜਦ ਚਾਬੀ ਲਾਈ
ਮਾਂ, ਫਿਰ ਤੂੰ ਮੈਨੂੰ ਬਹੁਤ ਯਾਦ ਆਈ ॥
ਇਸੇ ਤਰ੍ਹਾਂ ਗੀਤ ਇੱਕ ਦਾ ਸਿਰਲੇਖ - ਸਿਫਤਾਂ ਤੇ ਸੱਤ ਦਾ - ਬੂਟਾ ਵੀ
ਬੁਝਾਰਤ ਬਣਕੇ ਰਹਿ ਜਾਂਦੇ ਹਨ । ਜਦਕਿ ਇਸ ਵਿਚ ਸਿੱਖੀ ਇਤਿਹਾਸ ਦੀ ਕੋਈ
ਘਟਣਾ ਦਾ ਜਿ਼ਕਰ ਹੈ ਜਿਸ ਦਾ ਭੇਦ ਗੀਤ ਦੀ ਪਹਿਲੀ ਤੁਕ ਖੋਲ੍ਹਦੀ ਹੈ । ਪਰ
ਇਨ੍ਹਾਂ ਸਿਰਲੇਖਾਂ ਦੀ ਸਿਫ਼ਤ ਇਹ ਹੈ ਕਿ ਇਹ ਪਾਠਕ ਦੇ ਮਨ ਵਿਚ ਪੜ੍ਹਨੇ
ਦੀ ਉਤਸੁਕਤਾ ਪੈਦਾ ਕਰਦੇ ਹਨ ਤੇ ਪਾਠਕ ਪੜ੍ਹਨ ਲਈ ਮਜਬੂਰ ਹੀ ਨਹੀਂ ਹੁੰਦਾ
ਸਗੋਂ ਪੜ੍ਹਦਾ ਹੈ ।
ਸੰਤੋਖ ਸਿੰਘ ਹੇਅਰ ਦੇ ਗੀਤਾਂ ਦੀ ਬਣਤਰ, ਬੁਣਤਰ ਤੇ ਵਿਸ਼ੇ ਅਛੂਤੇ ਹਨ
ਇਸ ਕਰਕੇ ਉਸ ਨੂੰ, ਇਕ ਗੀਤਕਾਰ ਵੀ ਕਿਹਾ ਜਾ ਸਕਦਾ ਹੈ ।
ਕਵਿਤਾਵਾਂ
“ਕਾਵਿ ਅਸਲ ਵਿਚ ਸ਼ਬਦਾਂ ਦੀ ਚਿਤਰਸ਼ਾਲਾ ਹੈ ।”
ਭਾਰਤੀ ਕਾਵਿ ਸ਼ਾਸਤਰ ਅਨੁਸਾਰ ਕਾਵਿ ਦੇ ਅੱਠ ਮੁੱਖ ਤੱਤ ਹਨ । 1: ਸ਼ਬਦ
2: ਅਰਥ 3: ਰਸ 4: ਕਲਪਨਾ 5: ਬੁੱਧੀ ਜਾਂ ਵਿਚਾਰ 6: ਅਲੰਕਾਰ 7: ਰੀਤੀ
8: ਛੰਦ ।
ਇਸ ਕਾਵਿ ਸੰਗ੍ਰਹਿ ਵਿਚ ਕੁੱਲ 20 ਕਵੀਤਾਵਾਂ ਹਨ ਜਿਨ੍ਹਾਂ ਨੂੰ ਅਸੀਂ
ਕਾਵਿ ਦੇ ਤੱਤਾਂ ਦੀ ਕਸਵੱਟੀ ‘ਤੇ ਪਰਖ ਸਕਦੇ ਹਾਂ। ਪਹਿਲੇ ਤਿੰਨ ਤੱਤ
ਸ਼ਬਦ, ਅਰਥ ਤੇ ਰੱਸ ਨੂੰ ਅਸੀਂ ਸੰਤੋਖ ਸਿੰਘ ਹੇਅਰ ਦੀ ਬੋਲੀ ਵਿਚ ਦੇਖ
ਸਕਦੇ ਹਾਂ ਜੋ ਅਰਥ ਭਰਪੂਰ ਹੀ ਨਹੀਂ ਸਗੋਂ ਰਸ ਭਰੀ ਵੀ ਹੈ । ਕੋਈ ਕਵਿਤਾ
ਚੁੱਣ ਲਓ ਜਿਵੇਂ 16ਵੀਂ ਕਵਿਤਾ –
ਉਹ ਮਹਿਕਾਂ ਵੰਡਦੀ ਆਈ ਸੀ
ਹੱਥੀਂ ਰੱਬ ਨੇ ਆਪ ਬਣਾਈ ਸੀ .
ਕੀ ਉਹ ਸੁਫਨਾ ਜਾਂ ਸਚਾਈ ਸੀ
ਮੈਨੂੰ ਸਮਝ ਨਾ ਕੋਈ ਆਈ ਸੀ ॥
ਇਸ ਬੰਦ ਵਿਚ ਜਿੰਨੇ ਵੀ ਸ਼ਬਦ ਹਨ ਸਾਧਾਰਨ, ਸਾਦਾ ਤੇ ਅਰਥ ਭਰਪੂਰ ਹੋਣ
ਦੇ ਨਾਲ ਨਾਲ ਲੈਅ ਬੱਧ ਵੀ ਹਨ । ਇਸ ਤੋਂ ਇਲਾਵਾ ਇਸ ਬੰਦ ਵਿਚ ਕਲਪਨਾ ਵੀ
ਹੈ । ਜੋ ਪਹਿਲੀਆਂ ਤਿੰਨਾਂ ਸਤਰਾਂ ਵਿਚ ਦੇਖੀ ਜਾ ਸਕਦੀ ਹੈ । ਮਹਿਕਾਂ
ਵੰਡਦੇ ਆਉਣਾ, ਰੱਬ ਦਾ ਆਪ ਹੱਥੀਂ ਬਣਾਉਣਾ ਤੇ ਸੁਫਨਾ ਹੋਣਾ ਜਾਂ ਸਚਾਈ
ਹੋਣਾ । ਸੋ ਇਸ ਤਰ੍ਹਾਂ ਦੇ ਤੱਤ ਹਰ ਕਵਿਤਾ ਵਿਚ ਮੌਜੂਦ ਹਨ ।
ਬੁੱਧੀ / ਵਿਚਾਰ ਤੱਤ
ਬੁੱਧੀ / ਵਿਚਾਰ ਨੂੰ ਕਲਪਨਾ ਜਾਂ ਤਖ਼ਈਯੁਲ ਦੀ ਪਰਵਾਜ਼ ਵੀ ਕਿਹਾ ਜਾ
ਸਕਦਾ ਹੈ ।
ਉਂਝ ਤਾਂ ਬੁੱਧੀ ਜਾਂ ਵਿਚਾਰ ਤੱਤ ਸੰਤੋਖ ਸਿੰਘ ਹੇਅਰ ਦੀਆਂ ਬਹੁਤ
ਸਾਰੀਆਂ ਕਵਿਤਾਵਾਂ ਵਿਚ ਮਿਲਦਾ ਹੈ ਪਰ, ਕੁਝ ਕਵਿਤਾਵਾਂ ਹਨ ਜੋ ਧਿਆਨ
ਖਿੱਚਦੀਆਂ ਹਨ ਜਿਵੇਂ ਸੁਫਨਾ ਦੀਵਾਲੀ ਦਾ, ਨਾਨਕ ਦਾ ਹੁਕਮ, ਬਾਪ ਆਦਿ ।
ਪਰ ਜੋ ਵਿਚਾਰ ਉਸ ਨੇ ਕਿਵਤਾ ‘ਸਮੇਂ ਦਾ ਗੇੜ’ ਵਿਚ ਪੰਜਾਬ ਬਾਰੇ ਪੇਸ਼
ਕੀਤਾ ਹੈ ਉਹ ਜਿ਼ਕਰ ਯੋਗ ਹੀ ਨਹੀਂ ਸਗੋਂ ਗੌਰਤਲਬ ਵੀ ਹੈ । ਕੁਝ ਚੋਣਵੇਂ
ਬੰਦ ਪੇਸ਼ ਹਨ -
ਪਿੰਡ ਜਦੋਂ ਜਾਵਾਂ ਹਰ ਗਲ਼ੀ ਬਾਤ ਪਾਉਂਦੀ ਏ
ਯਾਦ ਚੁੱਲ੍ਹੇ, ਚਰਖੇ ਮਧਾਣੀਆਂ ਦੀ ਆਉਂਦੀ ਏ .
ਅਪਣੱਤ ਰਹੀ ਨਹੀਂ ਹਸ਼ਰ ਦੇਖ ਪਿੰਡ ਦਾ
ਲੱਗੇ ਹੁਣ ਮੈਨੂੰ ਵੀ ਪੰਜਾਬ ਜਾਂਦਾ ਖਿੰਡਦਾ .
ਹੱਸਣਾ ਹੀ ਭੁੱਲ ਗਿਆ ਲਗਦਾ ਗੁਲਾਬ ਨੂੰ
ਹਾੜਾ ਕੋਈ ਉਤਾਰੇ ਲੱਗੀ ਨਜ਼ਰ ਪੰਜਾਬ ਨੂੰ .
ਰੋਲ ਦਿੱਤਾ ਮਿੱਟੀ ਵਿਚ ਹੱਸਦਾ ਗੁਲਾਬ ਮੇਰਾ
ਲੱਗਦਾ ਕੰਗਾਲ ਹੋਇਆ ਰੰਗਲਾ ਪੰਜਾਬ ਮੇਰਾ .
ਪੰਜਾਬ ਦੇ ਪ੍ਰਸਿੱਧ ਤੇ ਹਰ ਮਨ ਪਿਆਰੇ ਕਬਿੱਤ ਛੰਦ ਵਿਚ ਰਚੇ ਇਨ੍ਹਾਂ
ਬੰਦਾਂ ਵਿਚ, ਸੋਖੇ ਨੇ ਆਪਣੇ ਪਿੰਡ, ਪਰਾਂਤ ਤੇ ਦੇਸ਼ ਦੇ ਖਿੰਡ ਜਾਣ ਦੇ
ਖ਼ਦਸ਼ੇ ਨੂੰ ਬੜੇ ਰੌਚਿਕ ਢੰਗ ਨਾਲ ਦੁੱਖ ਭਰੇ ਸ਼ਬਦਾਂ ਵਿਚ ਰੂਪਮਾਣ ਕੀਤਾ
ਹੈ । ਇਵੇਂ ਹੀ ਨਜ਼ਮ – ਦਿਲ ਦਾ ਭਾਰ - ਦਾ ਅੰਤਲਾ ਬੰਦ –
ਬਿਨ ਪੁੱਤਾਂ ਜੇ ਜੜ੍ਹ ਨਹੀਂ ਲੱਗਦੀ
ਬਾਜ ਨੂਹਾਂ ਵੀ ਵੇਲ ਨਹੀਂ ਵੱਧਦੀ
ਗੱਲ ਇਹ ਸਾਂਝੀ ਸਾਰੇ ਜੱਗ ਦੀ
ਕਰ ਕੇ ਦੇਖੀਂ ਸੋਚ ਵਿਚਾਰ ।
ਅੱਜ ਦਾ ਦੁੱਖ ਸੁੱਖ ਫੋਲੀਏ ਯਾਰ
ਹਲਕਾ ਹੋ ਜਾਊ ਦਿਲ ਦਾ ਭਾਰ ॥
ਅਲੰਕਾਰ
ਅਲੰਕਾਰ ਭਾਰਤੀ ਕਾਵਿ ਸ਼ਾਸਤਰ ਵਿਚ ਕਾਵਿ ਦਾ ਪਰਾਣ ਤੱਤ ਮੰਨਿਆ ਜਾਂਦਾ ਹੈ
। ਇਨ੍ਹਾਂ ਨੂੰ ਕਾਵਿ ਦੇ ਗਹਿਣੇ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਕਾਵਿ
ਦੀ ਸੁੰਦਰਤਾ ਨੂੰ ਪਰਿਪੂਰਣ ਬਣਾਉਂਦੇ ਹਨ । ਭਾਰਤੀ ਕਾਵਿ ਸ਼ਾਸਤਰ ਅਨੁਸਾਰ
ਅਲੰਕਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ ।
- ਸ਼ਬਦ ਅਲੰਕਾਰ
- ਅਰਥ ਅਲੰਕਾਰ
- ਉਭਯ ਅਲੰਕਾਰ (ਜਿੱਥੇ ਦੋ ਜਾਂ ਦੋ ਤੋਂ ਵੱਧ ਅਲੰਕਾਰ ਇੱਕੋ ਥਾਂ
ਹੋਣ )
ਇਨ੍ਹਾਂ ਤਿੰਨਾਂ ਅਲੰਕਾਰਾਂ ਵਿਚ ਅੱਗੇ 24-24 ਅਲੰਕਾਰ ਹਨ ਜੋ ਕੁਲ
ਮਿਲ਼ਾ ਕੇ 72 ਅਲੰਕਾਰ ਬਣ ਜਾਂਦੇ ਹਨ । ਦੇਖਣ ਵਿਚ ਆਇਆ ਹੈ ਕਿ ਆਮ ਕਵੀ
ਵੱਧ ਤੋਂ ਵੱਧ 10 ਜਾਂ 15 ਅਲੰਕਾਰ ਹੀ ਵਰਤਦਾ ਹੈ । ਸੰਤੋਖ ਨੇ ਵੀ ਕੁਝ
ਅਲੰਕਾਰ ਵਰਤੇ ਹਨ ਖਾਸ ਕਰ ਕੇ ਅਨੁਪ੍ਰਾਸ ਅਲੰਕਾਰ, ਜੋ ਸ਼ਬਦ ਅਲੰਕਾਰ ਦਾ
ਇਕ ਖੰਡ ਹੈ ਬਹੁਤ ਵਾਰ ਜਾਣੇ ਜਾਂ ਅਣਜਾਣੇ ਵਿਚ ਵਰਤਿਆ ਹੈ। ਜਿਵੇਂ ਕਵਿਤਾ
- ਸਮੇਂ ਦਾ ਗੇੜ – ਹੇਠਾਂ ਲਿਖੇ ਬੰਦਾਂ ਵਿਚ ਲੱਲਾ, ਗੱਗਾ
ਤੇ ਰਾਰੇ ਵਿਅੰਜਣ ਅੱਖਰਾਂ ਦੀ ਅਨੁਪਰਾਸ ਅਲੰਕਾਰ ਦੀ ਖੂਬੀ
ਦੇਖੀ ਜਾ ਸਕਦੀ ਹੈ ।
ਹੱਸਣਾ ਹੀ ਭੁਲ ਗਿਆ ਲਗਦਾ ਗੁਲਾਬ ਨੂੰ
ਹਾੜਾ ਕੋਈ ਉਤਾਰੇ ਲੱਗੀ ਨਜ਼ਰ ਪੰਜਾਬ ਨੂੰ .
ਰੋਲ ਦਿੱਤਾ ਮਿੱਟੀ ਵਿਚ ਹੱਸਦਾ ਗੁਲਾਬ ਮੇਰਾ
ਲੱਗਦਾ ਕੰਗਾਲ ਹੋਇਆ ਰੰਗਲਾ ਪੰਜਾਬ ਮੇਰਾ ।
ਛੰਦ
ਭਾਰਤੀ ਕਾਵਿ ਸ਼ਾਸਤਰ ਅਨੁਸਾਰ - ਛੰਦ ਕਾਵਿ ਦਾ ਬਾਹਰਲਾ ਤੱਤ ਹੈ । ਛੰਦ
ਅਸਲ ਵਿਚ ਕਾਵਿ ਦੀ ਰੀੜ੍ਹ ਦੀ ਹੱਡੀ ਹੈ । ਇਸ ਦਾ ਸੰਬੰਧ ਕਾਵਿ ਦੇ ਜਨਮ
ਤੋਂ ਹੀ ਹੋ ਗਿਆ ਸੀ । ਛੰਦ ਬਿਨਾ ਕਾਵਿ ਦਾ ਮਨਮੋਹਕ-ਪਨ ਤੇ ਲੈਅ ਖ਼ਤਮ ਹੋ
ਜਾਂਦੀ ਹੈ । ਸ਼ਬਦਾਂ ਦੀ ਲੈਅ ਅਤੇ ਸੁਰ ਅਨੁਸਾਰ ਬੰਦਿਸ਼ ਕਾਵਿ ਵਿਚ
ਮਧੁਰਤਾ ਅਤੇ ਨਾਦ ਸੌਂਦਰਯ ਪੈਦਾ ਕਰਦੀ ਹੈ । ਛੰਦ ਨਾਲ ਪ੍ਰਭਾਵ ਦੀ
ਤੀਬਰਤਾ, ਸੰਗੀਤਅਤਮਕਤਾ ਦਾ ਸੰਚਾਰ ਅਤੇ ਅਨੁਸ਼ਾਸਨ ਬਣਦਾ ਹੈ । ਛੰਦ ਨਾਲ
ਚੁਣੇ ਸ਼ਬਦਾਂ ਦਾ ਸਥਾਨ ਅਤੇ ਕਰਮ ਨਿਸਚਿਤ ਹੋ ਜਾਂਦਾ ਹੈ ਤੇ ਕਾਵਿ ਨਿਯਮ
ਵਿਚ ਵਗਦੀ ਨਦੀ ਦੇ ਦੋ ਕੰਢਿਆਂ ਵਿਚਾਲੇ ਜਲਧਾਰਾ ਵਾਂਗ ਚਲਦਾ ਰਹਿੰਦਾ ਹੈ
। ਇਸ ਨਾਲ ਕਾਵਿ ਨੂੰ ਸਦੀਵਤਾ ਅਤੇ ਸਜੀਵਤਾ ਮਿਲਦੀ ਹੈ ।
ਇਸ ਕਾਵਿ ਸੰਗ੍ਰਹਿ ਵਿਚ 20 ਕਿਵਤਾਵਾਂ ਹਨ ਜਿਨ੍ਹਾਂ ਦੇ ਛੰਦਾ ਦਾ
ਵੇਰਵਾ ਇਸ ਪ੍ਰਕਾਰ ਹੈ ।
ਛੰਦ:- ਬੈਂਤ ਕਬਿੱਤ ਵਾਰ ਗਤਿਕਾ/ ਸੀਤਲਾ ਮਕਰਾ ਦਵੱਈਆ ਮਾਤਰਿਕ =
ਕੁੱਲ
ਗਿਣਤੀ: 7 3 1 1 1 1 6 = 20
ਵੱਖ ਵੱਖ ਛੰਦਾਂ ਵਿਚ ਰਚੀਆਂ ਕਿਵਤਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ ।
ਬੈਂਤ
ਸੁਨਾਮੀ ਲਹਿਰਾਂ
ਸਾਧ ਤੇ ਲੀਡਰ
ਨਾਨਕ ਦਾ ਹੁਕਮ
ਦੁਆਵਾਂ
ਮੱਕਾਰ ਦਰਿੰਦੇ
ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ
ਬੇਰਿਹਮ ਰੱਬ
ਕਬਿੱਤ
ਸਮੇਂ ਦਾ ਗੇੜ
ਮੇਰਾ ਦੇਸ
ਮੇਰਾ ਪਿੰਡ
ਦਵੱਈਆ
ਭਾਰਤ ਦੇਸ਼ ਮਹਾਨ
ਵਾਰ
ਸ਼ਹੀਦ ਦਾ ਬੁੱਤ
ਸੁਫਨਾ ਦੀਵਾਲੀ ਦਾ * ਇਹ 28 ਮਾਤਰਿਕ ਛੰਦ ਵੀ ਹੈ ।
ਗੀਤਕਾ / ਸੀਤਲਾ
ਮੇਰਾ ਸਿ਼ਹਰ
ਮਕਰਾ
ਮੁਸਕਾਣ
ਮਾਤਰਿਕ ਛੰਦ ਮਾਤਰੇ
ਮਾਂ ਦਾ ਰੁਤਬਾ 16
ਨਵਾਂ ਸਾਲ 17
ਦਿਲ ਦਾ ਭਾਰ 15 1/4
ਸੁੰਦਰ ਸੁਫਨਾ 16
ਬਾਪ 16
ਕਵਿਤਾ 18 – ਮੇਰਾ ਸ਼ਿਹਰ – ਦੀ ਬੰਦਿਸ਼ ਗ਼ਜ਼ਲਨੁਮਾ ਹੈ । ਪਿੰਗਲ
ਅਨੁਸਾਰ ਗੀਤਕਾ/ ਸੀਤਲਾ ਛੰਦ ਹੈ ਤੇ ਅਰੂਜ਼ ਦੇ ਲਿਹਾਜ਼ ਨਾਲ ਬਹਿਰ ਰਮਲ
ਹੈ । ਕਵਿਤਾ 20 – ਮੁਸਕਾਣ – ਮਕਰਾ ਛੰਦ ਜਾਂ ਬਹਿਰ ਮੁਜ਼ਾਰਿਆ ਵਿਚ ਹੈ ।
ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸੰਤੋਖ ਹੇਅਰ ਨੇ ਕਵਿਤਾਵਾਂ ਰਚਣ ਲਈ
ਪੰਜਾਬੀ ਬੋਲੀ ਦੇ ਪੁਰਾਤਨ ਤੇ ਪ੍ਰਚੱਲਤ ਛੰਦਾਂ ਨੂੰ ਹੀ ਅਪਣਾਇਆ ਹੈ ਜੋ
ਕਿ ਹੋਣੇ ਹੀ ਚਾਹੀਦੇ ਸਨ ।
ਸੰਤੋਖ ਸਿੰਘ ਹੇਅਰ ਦੀਆਂ ਕਵਿਤਾਵਾਂ ਦੀ ਪੜਚੋਲ ਤੋਂ ਇਹ ਸਿੱਧ ਹੁੰਦਾ
ਹੈ ਕਿ ਸੋਖਾ, ਲੋੜ ਅਨੁਸਾਰ ਇਕ ਅੱਛੀ ਕਵਿਤਾ ਵੀ ਰਚ ਸਕਦਾ ਹੈ ਜੋ ਉਸ ਨੂੰ
ਕਵੀਸ਼ਰ ਦਾ ਦਰਜਾ ਵੀ ਦਿਵਾ ਸਕਦੀ ਹੈ ।
ਗ਼ਜ਼ਲ
ਮੈਂ, ਸ਼ਬਦ ਗ਼ਜ਼ਲ ਦੇ ਲੁਗ਼ਾਅਤੀ ਅਰਥ, ਵਿਧਾ, ਵਿਧਾਨ, ਰੂਪ, ਬਣਤਰ ਤੇ
ਬੁਣਤਰ ਬਾਰੇ ਕੁਝ ਨਾ ਕਹਿੰਦਾ ਹੋਇਆ ਇਸ ਦੀਆਂ ਦੋ ਕੁ ਖਾਸ ਪਰਿਭਾਸ਼ਾਵਾਂ
ਦਸ ਕੇ, ਸੰਤੋਖ ਸਿੰਘ ਹੇਅਰ ਦੀਆਂ ਗ਼ਜ਼ਲਾਂ ਬਾਰੇ ਗੱਲ ਕਰਾਂਗਾ ।
ਵੱਖ ਵੱਖ ਵਿਦਵਾਨਾ ਤੇ ਸ਼ਾਇਰਾਂ ਨੇ ਵੱਖ ਵੱਖ ਅਰਥਾਂ ਨਾਲ ਗ਼ਜ਼ਲ ਨੂੰ
ਪਰਿਭਾਸ਼ਤ ਕੀਤਾ ਹੈ । ਪਾਕਿਸਤਾਨ ਦੇ ਪ੍ਰਸਿੱਧ ਗ਼ਜ਼ਲਗੋ – ਵਜ਼ੀਰ ਆਗ਼ਾ
ਅਨੁਸਾਰ, “ਜੇ ਸ਼ਾਇਰੀ ਨੂੰ ਇਕ ਉੱਚੀ ਇਮਾਰਤ ਮਨ ਲਿਆ ਜਾਵੇ ਤਾਂ ਇਸ ਦੀ
ਸਿਖਰਲੀ ਮੰਜਿ਼ਲ ਗ਼ਜ਼ਲ ਹੈ । ਜਿੱਥੋਂ ਦੂਰ ਦੂਰ ਦਿਸਹੱਦੇ ਤਕ ਸਾਰਾ
ਚੌਗਿਰਦਾ ਦੇਖਿਆ ਜਾ ਸਕਦਾ ਹੈ ।” ਜਿਵੇਂ ਉੱਚੀ ਇਮਾਰਤ ਦੀ ਆਖ਼ਰੀ ਮੰਜਿ਼ਲ
ਤਕ ਪਹੁੰਚਣ ਲਈ ਕਿੰਨੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਇਵੇਂ ਹੀ,
ਗ਼ਜ਼ਲ ਕਹਿਣ ਲਈ ਬਹੁਤ ਘਾਲਣਾ ਘਾਲਣੀ ਪੈਂਦੀ ਹੈ । ਅਰਥਾਤ, ਗ਼ਜ਼ਲ ਕਾਵਿ
ਦੀਆਂ ਸਾਰੀਆਂ ਵਿਧਾਵਾਂ ਵਿੱਚੋਂ ਉਤਲੀ, ਉੱਤਮ ਤੇ ਔਖੀ ਵਿਧਾ ਹੈ ਜਿਸ ਵਿਚ
ਇਕ ਹਸਾਸ ਮਨ ਸ਼ਾਇਰ ਹੁਸਨ-ਓ-ਇਸ਼ਕ ਦੀਆਂ ਗੱਲਾਂ ਤੋਂ ਇਲਾਵਾ ਉਹ ਸਭ ਕੁਛ
ਬਿਆਨ ਕਰ ਸਕਦਾ ਹੈ ਜੋ ਉਹ ਆਪਣੇ ਚੌਗਿਰਦੇ ਵਿੱਚੋਂ ਸੁਣਦਾ, ਦੇਖਦਾ ਤੇ
ਮਹਿਸੂਸ ਕਰਦਾ ਹੈ ।
ਮੇਰੇ ਗੁਰ ਭਾਈ ਮਰਹੂਮ ਸ਼ਕੀਲ ਬਦਾਯੂਨੀ ਸਾਹਿਬ ਗ਼ਜ਼ਲ ਬਾਰੇ
ਫਰਮਾਉਂਦੇ ਹਨ –
ਕੁਛ ਕਨਾਏ ਹੈਂ ਕੁਛ ਇਸ਼ਾਰੇ ਹੈਂ
ਹਮ ਮਗਰ ਸਾਦਗੀ ਕੇ ਮਾਰੇ ਹੈਂ
ਫਿਰ ਉਹ ਭਾਰਤ ਵਿਚ ਪ੍ਰਯੋਗਵਾਦੀਆਂ ਹੱਥੋਂ ਗ਼ਜ਼ਲ ਦੀ ਹੋਈ ਦੁਰਦਸ਼ਾ
ਤੋਂ ਦੁਖੀ ਹੋ ਕੇ ਇਸ ਤਰ੍ਹਾਂ ਵੀ ਕਹਿੰਦੇ ਹਨ –
ਨਾਮ ਬਦਨਾਮ ਹੁਆ ਸਨਫ਼-ਇ-ਗ਼ਜ਼ਲ ਕਾ ਲੇਕਿਨ
ਸ਼ਾਇਰੀ ਰਸਮ-ਓ-ਰਵਾਆਤ ਸੇ ਆਗੇ ਨਾ ਬੜ੍ਹੀ
ਸੋਖੇ ਨੇ ਵੀ ਗ਼ਜ਼ਲ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਹੈ -
ਕਦੀ ਹਾਕਮ ਜਾਂ ਆਸਿ਼ਕ ਦੀ ਚਹੇਤੀ ਜਾਪਦੀ
ਗਰੀਬਾਂ ਦੇ ਕਦੇ ਦੁੱਖ ਨੂੰ ਵੰਢਾਉਂਦੀ ਹੈ ਗ਼ਜ਼ਲ
ਸੰਤੋਖ ਸਿੰਘ ਹੇਅਰ ਦੀਆਂ ਗ਼ਜ਼ਲਾਂ ਵਿਚ ਬਹਿਰਾਂ ਦਾ ਵੇਰਵਾ
ਸੰਤੋਖ ਹੇਅਰ ਨੇ ਇਸ ਗ਼ਜ਼ਲ ਸੰਗ੍ਰਹਿ ਵਿਚ ਕੁਲ 57 ਗ਼ਜ਼ਲਾਂ ਪੇਸ਼
ਕੀਤੀਆਂ ਹਨ ਜੋ ਸੁਲੱਖਣ ਸਰਹੱਦੀ ਸਾਹਿਬ ਦੇ ਕਥਨ ਅਨੁਸਾਰ, “ - ਉਸ ਦੀ
ਉਮਰ ਭਰ ਦੀ ਕਾਵਿ ਘਾਲਣਾ ਅਤੇ ਕਾਵਿ ਕਮਾਈ ਹੈ ।” ਇਹ 57 ਗ਼ਜ਼ਲਾਂ ਹੇਠ
ਲਿਖੇ ਬਹਿਰਾਂ ਵਿਚ ਹਨ-
ਨਾਮ ਬਹਿਰ: ਮੁਤਕਾਰਿਬ ਹਜ਼ਜ ਰਮਲ ਰਜਜ਼ ਮੁਜ਼ਾਰਿਆ ਮੁਤਦਾਰਿਕ ਕਬਿੱਤ
ਹਿੰਦੀ ਛੰਦ = ਕੁੱਲ
ਗਿਣਤੀ: 17 10 8 6 5 1 1 9 = 57
ਦੇਖਣ ਵਿਚ ਆਉਂਦਾ ਹੈ ਕਿ ਪੰਜਾਬੀ ਦੇ ਬਹੁਤੇ ਗ਼ਜ਼ਲਗੋ ਪੰਜਾਬੀ ਵਿਚ
ਪਰਚੱਲਤ ਪੰਜ ਕੁ ਬਹਿਰਾਂ – ਮੁਤਕਾਰਿਬ, ਮੁਤਦਾਰਿਕ, ਹਜ਼ਜ, ਰਮਲ,
ਮੁਜ਼ਾਰਿਆ - ਦੇ ਰਵਾਜੀ ਵਜ਼ਨ ਹੀ ਵਰਤਦੇ ਹਨ । ਇਹ ਵਜ਼ਨ ਸਾਡੇ ਪੰਜਾਬੀ
ਸੁਭਾਅ ਦੇ ਬਿਲਕੁਲ ਅਨਕੂਲ ਹਨ ਤੇ ਦੇਸੀ ਛੰਦਾਂ ਦੇ ਗਣਾਂ ਦੇ ਸਮਾਨ ਹਨ ।
ਇਸ ਕਰਕੇ ਇਹ ਗੱਲ ਕਹਿਣ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ ਜੇ ਅਸੀਂ ਇਹ
ਕਹਿ ਲਈਏ ਕਿ ਇਨ੍ਹਾਂ ਬਹਿਰਾਂ ਦੇ ਵਜ਼ਨ ਦੇਸੀ ਛੰਦ ਹੀ ਹਨ ਤੇ ਉਹ ਅਸਲ
ਵਿਚ ਹੈ ਵੀ ਨੇ । ਜਿਵੇਂ,
ਛੰਦ ਬਹਿਰ ਵਜ਼ਨ / ਤੋਲ ਜਾਂ ਚਾਲ
ਮਕਰਾ ਮੁਜ਼ਾਰਿਆ ਮਫ਼ਊਲ + ਫ਼ਾਇਲਾਤੁਨ 2 ਵਾਰ
ਦਵੱਈਆ ਮੁਤਦਾਰਿਕ 7 ਫੇ਼ਲੁਨ + ਫੇਲ
ਗੀਤਕਾ ਜਾਂ ਸੀਤਲਾ ਰਮਲ 3 ਫ਼ਾਇਲਾਤੁਨ+ਫ਼ਾਇਲੁਨ/ ਫਾ਼ਇਲਾਤ
ਬਿਸ਼ਨ ਪਦਾ ਹਜ਼ਜ ਮਫਊਲ+ਮੁਫ਼ਾਈਲੁਨ 2 ਵਾਰ
ਕਰੀੜਾ ਛੰਦ ਹਜ਼ਜ (ਮਸੱਮਨ ਸਾਲਮ) 4 ਮੁਫ਼ਾਈਲੁਨ
ਪ੍ਰੀਯਾਂਕਾ ਹਜ਼ਜ (ਮਸੱਮਨ ਮਖ਼ਬੂਨ) 4 ਮੁਫ਼ਾਇਲੁਨ
ਸ਼ਸ਼ੀ ਮੁਤਕ਼ਾਰਿਬ 4 ਫ਼ਊਲੁਨ
ਭਗਤੀ ਮੁਤਕ਼ਾਰਿਬ 3 ਫ਼ੇਅਲ+ਫ਼ਊਲੁਨ
ਗੰਗ ਮੁਤਕ਼ਾਰਿਬ ਫ਼ੇਲੁਨ+ਫ਼ਊਲੁਨ+ਫ਼ੇਲੁਨ+ਫ਼ਊਲੁਨ
ਹਿੰਦੀ ਛੰਦ ਮੁਤਕ਼ਾਰਿਬ/ਮੁਤਦਾਰਿਕ 6 ਮਾਤਰਾ ਤੋਂ ਲੈ ਕੇ 32 ਮਾਤਰਾ ਤਕ.
ਮੈਂ ਛੰਦਾ ਦਾ ਵੇਰਵਾ ਇਸ ਕਰਕੇ ਦੇ ਰਿਹਾ ਹਾਂ ਕਿਉਂਕਿ, ਸੰਤੋਖ ਹੇਅਰ
ਨੇ ਵੀ ਆਪਣੇ ਗੀਤਾਂ, ਨਜ਼ਮਾਂ ਤੇ ਗ਼ਜ਼ਲਾਂ ਵਿਚ, ਜਾਣੇ ਜਾਂ ਅਣਜਾਣੇ
ਵਿਚ, ਇਨ੍ਹਾਂ ਛੰਦਾ ਦੀ ਦਿਲ ਖੋਲ੍ਹ ਕੇ ਵਰਤੋਂ ਕੀਤੀ ਹੈ ਜੋ ਹੋਣੀ ਵੀ
ਚਾਹੀਦੀ ਹੈ ।
ਹਿੰਦੀ ਛੰਦ- ਭਾਰਤੀ ਕਾਵਿ ਸ਼ਾਸਤਰ ਅਨੁਸਾਰ, ਮਾਤਰਿਕ ਛੰਦ ਦਾ ਦੂਜਾ
ਨਾਂ ਹੈ । ਇਸ ਵਿਚ ਮੀਰ ਤਕ਼ੀ ਮੀਰ ਵਰਗੇ ਉਰਦੂ ਦੇ ਮਾਰੂਫ਼ ਸ਼ਾਇਰਾਂ ਨੇ
ਵੀ ਗ਼ਜ਼ਲਾਂ ਕਹੀਆਂ ਹਨ ।
ਅਰੂਜ਼ ਵਿਚ ਬਹਿਰ ਮੁਤਕ਼ਾਰਿਬ ਤੇ ਮੁਤਦਾਰਿਕ ਦਾ ਸਾਂਝਾ ਜ਼ਹਾਫ਼ ਗਣ
ਫ਼ੇਲੁਨ ਹੈ । ਜਿਸ ਦਾ ਤੋਲ ਦੋ ਗੁਰੂ; ਗੁਰੂ+ਲਘੂ+ਲਘੂ ; ਲਘੂ +ਗੁਰੂ
+ਲਘੂ ਜਾਂ ਲਘੂ+ਲਘੂ+ਲਘੂ+ਲਘੂ ਦੇ ਸਮਾਨ ਹੁੰਦਾ ਹੈ । ਇਸ ਦਾ ਵਜ਼ਨ, ਸਾਡੇ
ਬਹੁਤ ਸਾਰੇ ਦੇਸੀ ਛੰਦਾਂ ਦੇ ਗਣਾਂ ਬਰਾਬਰ ਹੋਣ ਕਰਕੇ ਪੰਜਾਬੀ ਗ਼ਜ਼ਲ ਵਿਚ
ਇਨ੍ਹਾਂ ਦੋ ਬਹਿਰਾਂ ਨੂੰ ਨਖੇੜਨਾ ਤੇ ਪਛਾਨਣਾ ਬਹੁਤ ਮੁਸ਼ਕਿਲ ਹੋ ਜਾਂਦਾ
ਹੈ। ਇਸ ਲਈ, ਗ਼ਜ਼ਲ ਵਿਚ ਇਨ੍ਹਾਂ ਦੋ ਬਹਿਰਾਂ ਦੀ ਗੱਡ ਮੱਡ ਹੋਣ ਤੋਂ ਬਚਣ
ਲਈ, ਫ਼ੇਲੁਨ ਦੇ ਹਰ ਬਹਿਰ ਨੂੰ ਦੇਸੀ ਜਾਂ ਹਿੰਦੀ ਛੰਦ ਕਹਿ ਲੈਣਾ ਜਿ਼ਆਦਾ
ਉਚਿਤ ਹੋਵੇਗਾ ।
ਸੰਤੋਖ ਸਿੰਘ ਹੇਅਰ ਦੀ ਗ਼ਜ਼ਲਗੋਈ
ਗ਼ਜ਼ਲ ਦੇ ਅਰੂਜ਼ੀਆਂ ਨੇ ਗ਼ਜ਼ਲ ਦੇ ਸਿ਼ਅਰਾਂ ਵਿਚ 65 ਗੁਣ
ਤੇ 36 ਐਬ ਨਿਸਚਿਤ ਕੀਤੇ ਹਨ । ਇਕ ਗ਼ਜ਼ਲ ਵਿਚ 65 ਗੁਣਾਂ ਜਾਂ 36 ਐਬਾਂ
ਦਾ ਹੋਣਾ ਅਸੰਭਵ ਹੈ । ਪਰ ਸਮੂਹਿਕ ਗ਼ਜ਼ਲਾਂ ਵਿਚ ਹੋ ਸਕਦੇ ਹਨ । ਕਿਸੇ
ਗ਼ਜ਼ਲਗੋ ਦੀਆਂ ਗ਼ਜ਼ਲਾਂ ਵਿਚ ਗ਼ਜ਼ਲੀਅਤ ਪ੍ਰਖਣ ਲਈ ਇਨ੍ਹਾਂ ਗੁਣਾਂ ਤੇ
ਐਬਾਂ ਦਾ ਦੇਖਣਾ ਜ਼ਰੂਰੀ ਹੈ। ਕਿਉਂਕਿ ਇਹ ਪਰਚਾ ਲੋਕ ਅਰਪਣ ਸਮਾਰੋਹ ਵੇਲੇ
ਪੜ੍ਹਿਆ ਜਾਣਾ ਹੈ ਇਸ ਕਰਕੇ ਐਬਾਂ ਦੀ ਗੱਲ ਕਰਨੀ ਉਚਿਤ ਨਹੀਂ ਹੈ ।
ਜਦੋਂ ਮੈਂ ਪਰਚਾ ਲਿਖਣ ਲਈ ਸੰਤੋਖ ਸਿੰਘ ਹੇਅਰ ਦੀਆਂ ਗ਼ਜ਼ਲਾਂ ਵਿਚ
ਗ਼ਜ਼ਲੀਅਤ ਦੇਖਣ ਲਈ, ਛੋਟੀਆਂ ਲੰਬੀਆਂ ਬਹਿਰਾਂ, ਬਹਿਰਾਂ ਦੇ ਵਜ਼ਨ,
ਬੋਲੀ, ਮੁਹਾਵਰਾਬੰਦੀ, ਤਕਰਾਰ, ਬੰਦਿਸ਼ ਤੇ ਮਰਸੀਆ ਤੇ ਅਕੀਦਤ ਨੁਮਾ
ਗ਼ਜ਼ਲਾਂ ਆਦਿ ਨਾ ਦੇਖਦੇ ਹੋਏ ਨੇ ਇਸ ਕਾਵਿ ਸੰਗ੍ਰਹਿ ਦਾ ਪਾਠ ਅਰੰਭਣ ਲਈ
ਆਪਣੀ ਆਦਤ ਅਨੁਸਾਰ ਵਾਕ ਲਿਆ ਤਾਂ ਮੇਰੀ ਨਜ਼ਰ ਪੰਨਾ 35 ਦੀ ਗ਼ਜ਼ਲ ਦੇ
ਮਕਤੇ ‘ਤੇ ਪਈ ।
ਤੁਹਾਡੇ ਕੋਲ ਹੋਣੇ ਸੀ ਸਿਰਾਂ ‘ਤੇ ਤਾਜ ਦੇ ਰੁੱਤਬੇ
ਤੁਸੀਂ ਵੀ ਵਾਂਗ ਸੋਖੇ ਦੇ ਨਾ ਜੇਕਰ ਬੁਜ਼ਦਿਲੇ ਹੁੰਦੇ
ਮਕਤੇ ਵਿਚ ਪੇਸ਼ ਕੀਤੇ ਜਿਊਣ ਦੇ ਸਿਧਾਂਤ ਤੇ ਉਸ ਦੀ ਠੋਕਵੀਂ ਵਕਾਲਤ,
ਕਾਵਿਕ ਸ਼ਬਦਾਵਲੀ, ਬਹਿਰ, ਸਿ਼ਅਰ ‘ਚ ਰਾਗਮਈ ਰਵਾਨੀ ਤੇ ਪੇਸ਼ਕਾਰੀ ਨੂੰ
ਦੇਖ ਕੇ ਮੈਂ ਮਤਲਾ ਪੜ੍ਹਿਆ ।
ਵਿਰਾਨੀ ਧਰਤ ਉੱਤੇ ਕਿਉਂ ਨਾ ਸੂਹੇ ਫੁੱਲ ਖਿਲੇ ਹੁੰਦੇ
ਦਿਲਾਂ ਵਿਚ ਦੂਰੀਆਂ ਜੇ ਕਾਸ਼! ਨਾ ਸਿ਼ਕਵੇ ਗਿਲੇ ਹੁੰਦੇ
ਸਿ਼ਅਰ ਦੀ ਪਹਿਲੀ ਤੁਕ ਵਿਚ ਦੋ ਰੂਪਕ - ਵਿਰਾਨੀ ਧਰਤ ਤੇ ਸੂਹੇ ਫੁੱਲ
; ਦੂਜੀ ਤੁਕ ਵਿਚ ਕਾਸ਼ ਸ਼ਬਦ ਦੀ ਬੰਦਿਸ਼ ਨਾਲ ਬੇ-ਬਸੀ ਦੀ ਇੰਨਤਹਾ
ਦਰਸਾਉਣੀ, ਮਤਲੇ ਨੂੰ - ਮਤਲਾ ਬਰਾਏ ਮਤਲਾ – ਦੇ ਸਥਾਨ ਤੋਂ ਉਠਾਲ ਕੇ, ਦੋ
ਭਾਵੀ ਬਣਾਉਣਾ ਤੇ ਗ਼ਜ਼ਲ ਦੀ ਭੂਮਕਾ ਬੰਨ੍ਹਣੀ, ਸਾਰੀ ਗ਼ਜ਼ਲ ਨੂੰ ਪੜ੍ਹਨ
ਲਈ ਪ੍ਰੇਰਦੇ ਹਨ । ਮੈਂ ਪਹਿਲਾ ਤੇ ਫਿਰ ਦੂਜਾ ਸਿ਼ਅਰ ਪੜ੍ਹਿਆ । (ਗ਼ਜ਼ਲ
ਦੇ ਸਿ਼ਅਰਾਂ ਦੀ ਗਿਣਤੀ ਅਨੁਸਾਰ– ਪਹਿਲਾ ਸਿ਼ਅਰ ਮਤਲਾ, ਦੂਜਾ ਇਕ ਤੇ
ਤੀਜਾ ਦੋ ਤੇ ਅੰਤਲਾ ਤਖ਼ੱਲਸ ਵਾਲਾ ਮਕਤਾਅ, ਤਖ਼ੱਲਸ ਰਹਿਤ - ਆਖ਼ਰੀ
ਸਿ਼ਅਰ ।)
ਕਿਸੇ ਖਾਤਰ ਝਨਾਂਅ ਤਰਨਾ ਥਲ਼ਾਂ ਵਿਚ ਸੜ ਕੇ ਮਰ ਜਾਣਾ
ਦਿਲਾਂ ਅੰਦਰ ਮੁਹੱਬਤ ਦੇ ਜਿਨ੍ਹਾਂ ਦੇ ਵਲਵਲੇ ਹੁੰਦੇ
ਸਿ਼ਅਰ ਦੀ ਪਹਿਲੀ ਤੁਕ ਵਿਚ ਮੁਆਮਲਾ ਬੰਦੀ ਦੇ ਨਾਲ - ਸੋਹਣੀ ਤੇ ਸੱਸੀ
ਦੀ ਕਹਾਣੀ - ਪਿਆਰ ਦੀ ਬੁਲੰਦੀ ਸਿ਼ਅਰ ਦੀ ਨਸਿ਼ਸਤ ਨੂੰ ਵੀ ਬੁਲੰਦੀਆਂ
‘ਤੇ ਲੈ ਜਾਂਦੀ ਹੈ । ਅਗਲੇ ਸਿ਼ਅਰ ਪੜ੍ਹਕੇ ਮੈਂ ਚੌਥਾ ਸਿ਼ਅਰ ਪੜ੍ਹਿਆ -
ਪਰਿੰਦੇ ਨੇ ਸਿ਼ਕਾਰੀ ਜਾਲ ਤੋਂ ਬੇਖ਼ੌਫ਼ ਸੀ ਰਹਿਣਾ
ਪਰਾਂ ਵਿਚ ਜਾਨ ਜੇ ਹੁੰਦੀ ਫ਼ੌਲਾਦੀ ਹੌਸਲੇ ਹੁੰਦੇ
ਸਿ਼ਅਰ ਦਾ ਵਿਸ਼ਾ ਤੇ ਕਹਿਣ ਦੇ ਅੰਦਾਜ਼ ਕੁਝ ਸਮੇਂ ਲਈ ਸਿ਼ਅਰੀਅਤ ਤੇ
ਗ਼ਜ਼ਲੀਅਤ ਬਾਰੇ ਸੋਚਣ ਲਾਉਂਦਾ ਹੈ ਤੇ ਪਾਠਕ ਨੂੰ ਬਹੁਤ ਮੁਤਾਸਰ ਵੀ ਕਰਦਾ
ਹੈ । ਮੈਂ ਅਗਲਾ ਵਾਕ ਲਿਆ ਤਾਂ ਪੰਨਾਂ 65 ਦੀ ਗ਼ਜ਼ਲ ਦੇ ਮਕਤੇ ਨੇ ਨਜ਼ਰ
ਨੂੰ ਖਿੱਚਿਆ ।
ਮੁਸ਼ਕਿਲਾਂ ਤੇ ਉਲਝਣਾ ਦੁਸ਼ਵਾਰੀਆਂ ਲਾਚਾਰੀਆਂ
ਜਿਉਣ ਲਈ ਇਹ ਸੋਖਿਆ ਮੇਰਾ ਖ਼ਜ਼ਾਨਾ ਰਹਿਣ ਦੇ
ਗੀਤਕਾ / ਸੀਤਲਾ ਛੰਦ ਜਾਂ ਬਹਿਰ ਰਮਲ ਮਸੱਮਨ ਮਹਿਜ਼ੂਫ਼ - 3
ਫ਼ਾਇਲਾਤੁਨ+ਫ਼ਾਇਲੁਨ / ਫਾ਼ਇਲਾਤ - ਵਿਚ ਰਚੀ ਇਸ ਗ਼ਜ਼ਲ ਦੀ ਪਹਿਲੀ ਤੁਕ
ਵਿਚ ਟੁਕੜੀਆਂ ਦੀ ਬੰਦਿਸ਼ ਕਾਬਲੇ ਗ਼ੌਰ ਹੀ ਨਹੀਂ ਸਗੋਂ ਕਾਬਲੇ ਤਾਅਰੀਫ਼
ਵੀ ਹੈ । ਜੋ ਆਮ ਸ਼ਾਇਰਾਂ ਦੇ ਕਲਾਮ ਵਿਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ
ਇਕ ਦੋ ਉਸਤਾਦ ਸ਼ਾਇਰਾਂ ਨੂੰ ਛੱਡ ਕੇ । ਦੂਜੀ ਤੁਕ ਵਿਚ ਵਾਕਅੰਸ਼ - ਮੇਰਾ
ਖ਼ਜ਼ਾਨਾ – ਪਹਿਲੀ ਤੁਕ ਨੂੰ ਪੜ੍ਹ ਕੇ ਉੱਠੀ ਉਤਸੁਕਤਾ ਨੂੰ ਠੱਲ੍ਹ
ਪਾਉਂਦਾ ਹੈ ਤੇ ਵਾਕ ਨੂੰ ਪੂਰਾ ਕਰ ਕੇ ਵਿਸ਼ੇ ਦੇ ਅਰਥ ਖੋਲ੍ਹ ਕੇ
ਵਿਖਾਉਂਦਾ ਹੋਇਆ, ਸਿ਼ਅਰ ਵਿਚ ਸੌਂਦਰਯ ਪੈਦਾ ਕਰਦਾ ਹੈ ।
ਇਸ ਸਿ਼ਅਰ ਵਿਚ ਮਸਾਵਾਤ ਤੇ ਤਰਸੀਹ ਦੀ ਖ਼ੂਬੀ ਦੇਖਣ ਯੋਗ ਹੈ ।
ਮਸਾਵਾਤ = ਨਾ ਕੋਈ ਸ਼ਬਦ ਘੱਟ ਨਾ ਵੱਧ । ਤਰਸੀਹ = ਟੁਕੜੀਆਂ ਦੇ ਨਗ਼ੀਨੇ
ਜੜਨਾ ।
ਇਸ ਮਕਤੇ ਤੋਂ ਬਾਅਦ ਮੇਰੀ ਨਜ਼ਰ ਪੰਨਾ 64 ਦੀ ਗ਼ਜ਼ਲ ਦੇ ਮਕਤੇ ਨੇ
ਖਿਚੀ ।
ਮਿਹਰ ਹੈ ਜਿਸ ‘ਤੇ ਗੀਤਾਂ ਤੇ ਕਵਿਤਾਵਾਂ ਦੀ
ਸੋਖੇ ਕੋਲ ਹੈ ਕਲਾ ਦਾ ਗਹਿਣਾ ਦੋਸਤੋ
ਦੋ ਭਾਵੀ ਹੋਣਾ ਇਕ ਅੱਛੇ ਸਿ਼ਅਰ ਦੀ ਖੂਬੀ ਵੀ ਹੁੰਦਾ ਹੈ । ਇਹ ਗੁਣ
ਪੰਜਾਬੀ ਗ਼ਜ਼ਲ ਵਿਚ ਬਹੁਤ ਘੱਟ ਮਿਲਦਾ ਹੈ । ਪਰ ਸੋਖੇ ਦਾ ਇਹ ਸਿ਼ਅਰ ਦੋ
ਭਾਵੀ ਹੈ ।
ਸਿ਼ਅਰ ਦੀ ਪਹਿਲੀ ਤੁਕ ਵਿਚ ਸ਼ਬਦ ਮਿਹਰ ਦੀ ਨਿਸਿ਼ਸਤ ਯਾਨੀ ਅਸਥਾਨ,
ਇਸ ਦੀ ਵਰਤੋਂ ਤੇ ਕਹਿਣ ਦਾ ਢੰਗ ਪਹਿਲੀ ਤੁਕ ਨੂੰ ਦੋ ਅਰਥਾਂ ਵਿਚ ਵੰਡ ਕੇ
ਰੱਖ ਦਿੰਦਾ ਹੈ । ਦੇਖੋ -
1: ਮਿਹਰ ਹੈ ਜਿਸ ‘ਤੇ, – ਕਿਸ ਦੀ ? ਗੀਤਾਂ ਤੇ ਕਿਵਤਾਵਾਂ ਦੀ ।
2: ਮਿਹਰ, ਕਿਸ ਦੀ? ਰੱਬ ਦੀ । ਕਿਸ ‘ਤੇ? ਕਵੀ ‘ਤੇ । ਕਾਹਦੀ? ਗੀਤਾਂ ਤੇ
ਕਵਿਤਾਵਾਂ ਦੀ ।
ਤੇ ਦੂਜੀ ਤੁਕ ਆਪਣੇ ਆਪ ਵਿਚ ਸੁਤੰਤਰ ਹੁੰਦਿਆ ਹੋਇਆ ਵੀ ਪਹਿਲੀ ਤੁਕ
ਦੇ ਵਾਕ ਦੀ ਪੂਰਤੀ ਕਰਦੀ ਹੈ ।
ਇਹ ਸਿ਼ਅਰ ਹਿੰਦੀ ਛੰਦ ਵਿਚ ਹੈ । ਕਾਰਨ? ਇਸ ਦੀ ਦੂਜੀ ਤੁਕ ਵਿਚ ਬਹਿਰ
ਮੁਤਕ਼ਾਰਿਬ ਤੇ ਬਹਿਰ ਮੁਤਦਾਰਿਕ, ਦੋਹਾਂ ਬਹਿਰਾਂ ਦੇ ਸਾਲਮ ਗਣ ਫ਼ਊਲੁਨ
ਤੇ ਫ਼ਾਇਲੁਨ ਨਾਲ ਨਾਲ ਹਨ ਜੋ ਤਕ਼ਤੀਹ ਕਰ ਕੇ ਦੇਖੇ ਜਾ ਸਕਦੇ ਹਨ ।
ਸੋਖੇ + ਕੋਲ ਹੈ + ਕਲਾ ਦਾ + ਗਹਿਣਾ + ਦੋਸਤੋ * * ਦੋਸਤ ਤਿੰਨ ਅੱਖਰ
ਟੁਕੜੀ ਹੈ ਤੇ ਦੋਸਤੋ ਚਾਰ ।
2 2 + 2 1 2 + 1 2 2 + 2 2 + 2 2
ਫ਼ੇਲੁਨ + ਫ਼ਾਇਲੁਨ + ਫ਼ਊਲੁਨ + ਫ਼ੇਲੁਨ + ਫ਼ੇਲੁਨ
ਨਾ ਤਾਂ ਇਸ ਗ਼ਜ਼ਲ ਨੂੰ ਬਹਿਰ ਮੁਤਦਾਰਿਕ ਵਿਚ ਰੱਖਿਆ ਜਾ ਸਕਦਾ ਹੈ ਤੇ
ਨਾ ਹੀ ਬਹਿਰ ਮੁਤਕ਼ਾਰਿਬ ਵਿਚ । ਇਸ ਕਰਕੇ ਇਸ ਨੂੰ ਹਿੰਦੀ ਬਹਿਰ ਜਾਂ ਛੰਦ
ਵਿਚ ਰੱਖਣਾ ਹੀ ਵਾਜਿਬ ਨਹੀਂ ਸਗੋਂ ਉਚਿਤ ਤੇ ਸਹੀ ਹੋਵੇਗਾ ।
ਮੈਂ ਕੁਝ ਸਫ਼ੇ ਪਲਟੇ ਤੇ ਗੰਗ ਛੰਦ ਬਹਿਰ ਮੁਤਕ਼ਾਰਿਬ, ਮੁਸੱਮਨ ਅਸਲਮ
ਸਾਲਮ ਦੇ ਤੋਲ- ਫ਼ੇਲੁਨ+ਫ਼ਊਲੁਨ+ਫ਼ੇਲੁਨ+ਫ਼ਊਲੁਨ ਵਿਚ ਰਚੀ ਸਫ਼ਾ 78 ਦੀ
ਗ਼ਜ਼ਲ ‘ਤੇ ਪਈ । ਪੜ੍ਹੀ ਤਾਂ ਸਿ਼ਅਰ ਤਿੰਨ ਨੇ ਧਿਆਨ ਮੰਗਿਆ ।
ਭੁਲਕੇ ਵੀ ਅੱਖਾਂ ‘ਚ ਅਥਰੂ ਨਾ ਰੱਖੀਂ
ਲੋਕੀਂ ਬਣਾਉਂਦੇ ਫ਼ਸਾਨੇ ਵੀ ਦੇਖੇ
ਮੈਂ ਇਕ ਛਿਣ ਲਈ ਰੁਕਿਆ । ਸਿ਼ਅਰ ਨੂੰ ਸਮਝਿਆ । ਪਰ ਸਿ਼ਅਰ 5 ਨੇ
ਪੈਂਖੜ ਹੀ ਪਾ ਲਿਆ ।
ਜਿੰਦਗੀ ‘ਚ ਰੋਂਦੇ ਸਕੰਦਰ ਵੀ ਦੇਖੇ
ਮਸਤੀ ‘ਚ ਹੱਸਦੇ ਦੀਵਾਨੇ ਵੀ ਦੇਖੇ
ਇਸ ਕਰਕੇ ਨਹੀਂ ਕਿ ਇਹ ਮਤਲਾ-ਇ-ਸਾਨੀ ਹੋਣਾ ਚਾਹੀਦਾ ਸੀ । ਇਸ ਕਰਕੇ
ਕਿ ਇਸ ਵਿਚ ਤਲਮੀਮ ਦੀ ਖੂਬੀ ਹੈ ਤੇ ਇਕ ਇਤਿਹਾਸਿਕ ਹਕ਼ਾਇਤ ਨੂੰ ਬੜੀ
ਸਰਲਤਾ ਨਾਲ ਕਲਮਬੰਦ ਕੀਤਾ ਗਿਆ ਹੈ ।
ਗ਼ਜ਼ਲਾਂ ਦਾ ਕਰਮਵਾਰ ਪਾਠ ਕਰਦਿਆਂ ਅਨੇਕਾਂ ਸਿ਼ਅਰਾਂ ਨੇ ਮੈਨੂੰ
ਮੁਤਾਸਰ ਕੀਤਾ । ਹਰ ਗ਼ਜ਼ਲ ਵਿਚ ਤਿੰਨ ਤੋਂ ਲੈ ਕੇ ਪੰਜ ਤਕ ਸਿ਼ਅਰਾਂ ਨੇ
ਸੰਤੋਖ ਦੀ ਸ਼ਾਇਰੀ, ਸ਼ਅਰੀਅਤ, ਗ਼ਜ਼ਲ, ਗ਼ਜ਼ਲੀਅਤ ਤੇ ਗ਼ਜ਼ਲਗੋਈ ਸਮਝਣ
ਤੇ ਘੋਖਣ ਦਾ ਅਵਸਰ ਬਖ਼ਸਿ਼ਆ । ਉਰਦੂ ਗ਼ਜ਼ਲ ਦੇ ਅਲੋਚਕਾਂ ਦਾ ਨਜ਼ਰੀਆਂ
ਹੈ ਕਿ ਜਿਸ ਗ਼ਜ਼ਲ ਦੇ ਸੱਤਾਂ ਸਿ਼ਅਰਾਂ ਵਿੱਚੋਂ ਤਿੰਨ ਜਾਂ ਤਿੰਨ ਤੋਂ
ਵੱਧ ਮਾਰ੍ਹਕੇ ਦੇ ਸਿ਼ਅਰ ਹੋਣ ਤਾਂ ਉਸ ਗ਼ਜ਼ਲ ਨੂੰ ਮਰੱਸਾਅ ਗ਼ਜ਼ਲ ਕਹਿਣਾ
ਚਾਹੀਦਾ ਹੈ । ਜਿਵੇਂ ਪੰਨਾ 57 ਦੀ ਇਹ ਗ਼ਜ਼ਲ -
ਜਦ ਵੀ ਜਾਵਾਂ ਖੁੱਲ੍ਹਾ ਉਸਦਾ ਦਰ ਹੋਵੇ
ਯਾਰੋ ਦੇਵੋ ਵਰ ਕੋਈ ਐਸਾ ਘਰ ਹੋਵੇ
ਕਬਰਾਂ ਵਰਗੀ ਚੁੱਪ ਕੋਲੋਂ ਹੁਣ ਡਰ ਲਗਦਾ
ਰੱਬਾ ਰਹਿਮਤ ਕਰ ਇਹ ਮਸਲਾ ਸਰ ਹੋਵੇ
ਲੂ ਤਾਂ ਲੂ ਹੈ ਬਸ ਉਸ ਲੂਹ ਕੇ ਲੰਘ ਜਾਣਾ
ਕਾਸ਼ ਉਹਨੂੰ ਬਰਸਾਤੀ ਬੂੰਦ ਦਾ ਡਰ ਹੋਵੇ
ਮਿਲਣ ਬਹਾਨੇ ਆਉਂਦੀਆਂ ਲਹਿਰਾਂ ਸ਼ੂਕਦੀਆਂ
ਮੁੜ-ਮੁੜ ਕੰਢਿਆਂ ਕੋਲੋਂ ਪਰ ਨਾ ਖਰ ਹੋਵੇ
ਨਾਗ ਤਾਂ ਯਾਦਾਂ ਦਾ ਡੰਗ ਮਾਰੇ ਰਾਤੇ ਦਿਨੇ
ਬੇਵੱਸ ਹੋਇਆ ਸਪੇਰਾ ਜਿੱਤ ਨਾ ਹਰ ਹੋਵੇ
ਚੁੱਪ ਦੇ ਵਿੱਚੋਂ ਗੀਤ ਸੋਖਿਆ ਫੁੱਟਣਗੇ
ਹਉਕਿਆਂ ਤੇਰਿਆਂ ਦਾ ਜੇ ਕੋਈ ਅਸਰ ਹੋਵੇ
ਹੁਣ ਮੈਂ, ਪੁਰ-ਅਸਰ ਤੇ ਦਿਲ ਖਿੱਚਵੇਂ ਸਿ਼ਅਰਾਂ ਵਿੱਚੋਂ ਆਪਣੀ ਪਸੰਦ
ਦੇ ਕੁਝ ਸਿ਼ਅਰ ਪੇਸ਼ ਕਰਦਾ ਹਾਂ ।
ਮੈਂ ਦਾਸਤਾਂ ਸੁਣਾਉਣੀ ਇਕ ਬਾਤ ਹੋਰ ਪਾਉਣੀ
ਚੁੱਲ੍ਹਿਆਂ ‘ਚ ਉਗਦੇ ਘਾਹ ਦੀ ਉੱਚਿਆਂ ਚੁਬਾਰਿਆਂ ਦੀ
ਇਕ ਦਿਨ ਭੂਆ ਮਾਸੀਂਆਂ ਤਾਈਂ ਤਰਸੋਗੇ
ਜਿਹੜੀਆਂ ਪੇਟ ‘ਚ ਮਾਰ ਮੁਕਾਈ ਫਿਰਦੇ ਹੋ
ਮੈਂ ਕਿੱਥੇ ਸਾਂ, ਹਲਾਤਾਂ ਸੁੱਟਿਆ ਮੈਨੂੰ ਲਿਆ ਕਿੱਥੇ
ਇਕੱਲਾ ਬੈਠ ਏਦਾਂ ਸੋਚ ਕੇ ਉਹ ਤੜਫਿਆ ਹੋਣਾ
ਭਲਾ ਚਾਹਾਂ ਲੋਕਾਈ ਦਾ ਮੈਂ ਸਾਰੀ ਜਿ਼ੰਦਗੀ ਲੋਕੋ
ਤੁਸਾਂ ਇੰਝ ਕਹਿੰਦਾ ਪਾਗਲ ਸੋਖਾ ਰਾਹ ਵਿਚ ਦੇਖਿਆ ਹੋਣਾ
ਹੇਰਾ ਫੇਰੀ ਨਫ਼ਰਤ ਜਿ਼ੰਦਗੀ ਵਿੱਚ ਗਿਲੇ ਸਿ਼ਕਵੇ
ਹਿੰਦੂ ਮੁਸਲਿਮ ਹੀ ਨਹੀਂ ਸਿੱਖ ਸਰਦਾਰ ਵੀ ਕਰਦੇ ਨੇ
ਨਹੀਂ ਪੂਜਾ ਸੀ ਮੰਦਰ ‘ਚ ਪੱਥਰ ਦੀ ਹੋਣੀ
ਉਸਨੂੰ ਜੇ ਭੁੱਖ ਦਾ ਸਤਾਇਆ ਨਾ ਘੜਦਾ
ਇਹ ਤਾਂ ਮਹਿਲ ਮੁਨਾਰੀਂ ਵਸਦਾ
ਨਾ ਝੁੱਗੀਆਂ ਦੀ ਗੱਲ ਸੁਣਾ
ਨਾ ਤੇਰੇ ਚੇਤਿਆਂ ਚੋਂ ਜਾਣ ਝੁੱਗੀਆਂ ਝੌਂਪੜੇ
ਤੂੰ ਬੇਸਿ਼ਕ ਯਾਦ ਅੱਲਾ, ਵਾਹਿਗੁਰੂ ਜਾਂ ਰਾਮ ਕਰ
ਛਾਵਾਂ ਖਾਤਰ ਜਿਹੜੇ ਬੂਟੇ ਕਦੇ ਸੀ ਹੱਥੀਂ ਲਾਏ
ਬਿਰਖ ਬਣੇ ਜਦ ਫਿਰ ਕਿਉਂ ਉਹੀ ਧੁੱਪਾਂ ਵਿਚ ਬਿਠਾਵਣ
ਧਰਤੀ ਤਾਂ ਇਹ ਆਖਰ ਧਰਤੀ ਅਖਵਾਏਗੀ
ਭਾਰਤ ਤੁਸੀ ਜਾਂ ਏਸ ਨੂੰ ਪਾਕਿਸਤਾਨ ਹੀ ਸਮਝੋ
ਖੁਦਾ ਦੇ ਘਰ ਜੋ ਇਨਸਾਨ ਨੂੰ ‘ਇਨਸਾਨ ਨਾ‘ ਸਮਝੇ
ਖੁਦਾ ਦਾ ਘਰ ਨਹੀਂ ਹੁੰਦਾ ਖੁਦਾ ਦਾ ਦਰ ਨਹੀਂ ਹੁੰਦ
ਜਦ ਕਦੇ ਦੀਵੇ ਮੜ੍ਹੀ ‘ਤੇ ਉਹ ਜਗਾਇਆ ਕਰਨਗੇ
ਯਾਦ ਹੰਝੂ ਮੇਰੀਆਂ ਪਲਕਾਂ ਦੇ ਆਇਆ ਕਰਨਗੇ
ਹਿੰਦੂ ਮੁਸਲਮਾਂ, ਜਾਂ ਫਿਰ ਸਿੱਖ ਈਸਾਈ
ਇਨ੍ਹਾਂ ‘ਚੋਂ ਕੋਈ ਲੱਭ ਮਿਰੀ ਜਾਨ ਬੰਦਾ
ਇਹ ਦੁਨਿਆ ਬੇ-ਰਹਿਮ ਬੜੀ ਹੈ
ਦਿਲ ਦਾ ਭੇਦ ਛੁਪਾ ਕੇ ਰੱਖੀਂ
ਮਾਂ ਬੋਲੀ ਪੰਜਾਬੀ ਤਾਈਂ
ਦਿਲ ਦੇ ਵਿਚ ਵਸਾ ਕੇ ਰੱਖੀਂ
ਦਿਲ ਦੀ ਜਦ ਹਵੇਲੀ ਭਰਦੀ ਸੋਚਾਂ ਨਾਲ
ਆਪਣੀ ਵੀ ਫਿਰ ਓਦੋਂ ਸੁਣਦੀ ‘ਵਾਜ ਨਹੀਂ
ਸੱਚੇ ਲਫ਼ਜ਼ ਬੋਲਣ ਦਾ, ਹਿਆਂ ਜੋ ਕਰ ਨਹੀਂ ਸਕਿਆ
ਕਿਹਾ ਲੋਕਾਂ ਬੜਾ ਬੁਜ਼ਦਿਲ ਸਚਾਈ ਜਰ ਨਹੀਂ ਸਕਿਆ
ਦੂਰ ਖੜੈਂ ਕਿਉਂ ਆ ਨੇੜੇ ਤੇ ਲੱਗ ਗਲੇ
ਨਾ ਤੂੰ ਘੁੱਗੀ ਮੈਂ ਵੀ ਤਾਂ ਕੋਈ ਬਾਜ਼ ਨਹੀਂ
ਕਰ ਹਿੰਮਤ ਲੈ ਟੱਕਰ ਨਾਲ ਜ਼ਮਾਨੇ ਦੇ
ਐਵੇਂ ਨਾ ਰੋ ਰੋ ਕੇ ਵਕਤ ਲੰਘਾਇਆ ਕਰ
ਜੋੜ ਕੇ ਤੀਲੇ ਬਣਾਇਆ ਆਸਿ਼ਆਨਾ ਰਹਿਣ ਦੇ
ਖੁਦ ਵੀ ਜੀ ਤੇ ਜੀਣ ਦਾ ਮੇਰਾ ਬਹਾਨਾ ਰਹਿਣ ਦੇ
ਉੱਪਰਲੇ ਮਕਤਾ ਵਿਚ ਜਿੱਥੇ “ਜੀਓ ਤੇ ਜੀਣ ਦਿਓ” ਦੇ ਜੀਵਨ ਸਿਧਾਂਤ ਨੂੰ
ਨਵੇਂ ਪਰਤੀਕਾਂ ਤੇ ਨਵੇਕਲੇ ਅੰਦਾਜ਼ ਵਿਚ ਦਰਸਾਇਆ ਗਿਆ ਹੈ ਉੱਥੇਂ ਬਾਕੀ
ਦੇ ਸਿ਼ਅਰਾਂ ਵਿਚ, ਸਰੋਕਾਰ, ਵਿਸ਼ਾਵਸਤੂ, ਗ਼ਜ਼ਲੀਤ, ਸ਼ਅਰੀਅਤ ਤੇ ਗ਼ਜ਼ਲ
ਦੇ ਗੁਣ, ਜਿਵੇਂ ਜਿੱਦਤ, ਨੁਦਰਤ, ਬਲਾਗ਼ਤ, ਇਸ਼ਤਿਆਰਾ, ਤੇਵਰ, ਤਨਜ਼,
ਸ਼ੋਖੀ, ਤਾਸੀਰ, ਮਨਜ਼ਰ ਨਿਗਾਰੀ, ਖ਼ੂਬਸੂਰਤ ਬਿਆਨ ਢੰਗ, ਆਦਿ ਵੀ ਹਨ ਜੋ
ਬੜੀ ਆਸਾਨੀ ਨਾਲ ਦੇਖੇ ਤੇ ਪਰਖੇ ਜਾ ਸਕਦੇ ਹਨ ।
ਸੋਖੇ ਦੀਆਂ ਗ਼ਜ਼ਲਾਂ ਵਿਚ ਸਿਰਫ਼ ਇਹੀ ਸਿ਼ਅਰ ਨਹੀਂ ਹਨ ਜਿਨ੍ਹਾਂ ‘ਤੇ
ਸੋਖੇ ਦੀ ਗ਼ਜ਼ਲਗੋਈ ਦੇਖੀ, ਪਰਖੀ ਤੇ ਅਧਾਰਤ ਕੀਤੀ ਜਾ ਸਕਦੀ ਹੈ ਬਲਕਿ,
ਹਰ ਗ਼ਜ਼ਲ ਵਿਚ ਤਿੰਨ ਤਿੰਨ, ਚਾਰ ਚਾਰ ਸਿ਼ਅਰ ਐਸੇ ਹਨ ਜਿਨ੍ਹਾਂ ਨੂੰ
ਵੰਨਗੀਆਂ ਵਜੋ ਪੇਸ਼ ਕੀਤਾ ਜਾ ਸਕਦਾ ਹੈ ਜੋ ਮੈਂ ਪਰਚੇ ਦੀ ਲੰਬਾਈ ਦੇ ਡਰ
ਕਾਰਨ ਦਰਜ ਨਹੀਂ ਕੀਤੇ ।
ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਹੈ - ਜਿੱਥੇ ਸੰਤੋਖ ਸਿੰਘ ਹੇਅਰ ਕੋਲ
ਗੀਤ ਕਹਿਣ ਦਾ ਢੰਗ ਹੈ ਉੱਥੇ ਉਸ ਕੋਲ ਕਵਿਤਾ ਰਚਣ ਦਾ ਤਰੀਕਾ ਵੀ ਹੈ ।
ਇਨ੍ਹਾਂ ਦੋਹਾਂ ਹੁਨਰਾਂ ਤੋਂ ਇਲਾਵਾ ਉਸ ਕੋਲ ਇਕ ਤੀਸਰਾ ਫ਼ਨ ਵੀ ਹੈ ਜਿਸ
ਨੂੰ ਗ਼ਜ਼ਲਗੋਈ ਕਿਹਾ ਜਾਂਦਾ ਹੈ ਤੇ ਸਰਹੱਦੀ ਸਾਹਿਬ ਦੇ ਕਥਨ ਅਨੁਸਾਰ
‘ਸੋਖਾ ਇਸ ਵਿਚ ਨਿਪੁੰਨ’ ਵੀ ਹੈ ।
ਨਚੋੜ ਵਜੋਂ, ਸੰਤੋਖ ਸਿੰਘ ਹੇਅਰ ਦੀ ਰਚਨਾ, ਰਚਨਾ ਵਿਧੀ, ਸ਼ੈਲੀ,
ਜੀਵਨ ਦਰਸ਼ਨ ਤੇ ਸਿਧਾਂਤ ਨੂੰ ਸਮਝਣ ਲਈ ਕਾਵਿ ਸੰਗ੍ਰਹਿ ‘ਏਦਾਂ ਨਾ ਸੋਚਿਆ
ਸੀ’ ਵਿਚ ਉਸ ਵਲੋਂ ਲਿਖੇ - ਮੇਰੇ ਵੱਲੋਂ – ਦੇ ਅੰਤ ਵਿਚ ਲਿਖੇ ਸਾਹਿਰ
ਲੁਧਿਆਣੀ ਦੇ ਸਿ਼ਅਰ ਤੋਂ ਵੀ ਦੇਖਿਆ ਜਾ ਸਕਦਾ ਹੈ –
ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ
ਕੁਛ ਖ਼ਾਰ ਕੰਮ ਤੋ ਕਰ ਗਏ ਗੁਜ਼ਰੇ ਜਿਧਰ ਸੇ ਹਮ
ਧੰਨਵਾਦ
ਨਦੀਮ ਪਰਮਾਰ
ਬਰਨਬੀ ਬੀ। ਸੀ। ਕੈਨੇਡਾ
604 298 2920 |