-ਸੁੰਦਰ ਘਰੇਲੂ ਬਗੀਚੀ ਦੇ 12 ਸਾਲਾਂ ਤੋਂ ਲਗਾਤਾਰ ਜੇਤੂ ਅਜੀਤ ਸਿੰਘ
ਚੱਗਰ ਨੂੰ ਸਮਰਪਿਤ ਕੀਤੀ ਗਈ ਹੈ।
-ਖਾਸੀਅਤ ਇਹ ਕਿ ਸਾਰੀਆਂ ਰਚਨਾਵਾਂ ਹਨ ਫੁੱਲਾਂ ਬਾਰੇ।
ਲੰਡਨ- ਗੁਰੂ ਨਾਨਕ ਯੂਨੀਵਰਸਲ ਸੇਵਾ (ਯੂ ਕੇ) ਦੇ ਉੱਦਮ, ਡਾ. ਤਾਰਾ
ਸਿੰਘ ਆਲਮ ਅਤੇ ਉਹਨਾਂ ਦੇ ਸਮੁੱਚੇ ਟੀਮ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ
ਨਾਲ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਦੁਆਰਾ ਸੰਪਾਦਿਤ ਕਾਵਿ-ਪੁਸਤਕ
"ਪੰਜਾਬੀਆਂ ਦੇ ਵਿਹੜੇ ਦਾ ਫੁੱਲ" ਹੰਸਲੋ ਵੈਸਟ ਸਥਿਤ ਉਮਰਾਓ ਅਟਵਾਲ ਦੇ
ਕਿੰਗਜਵੇਅ ਰੈਸਟੋਰੈਂਟ ਵਿਖੇ ਲੋਕ ਅਰਪਣ ਕੀਤੀ ਗਈ। ਇਸ ਸਮੇਂ ਆਯੋਜਿਤ
ਸਮਾਗਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਈਲਿੰਗ
ਕੌਂਸਲ ਦੇ ਮੇਅਰ ਤੇਜ ਰਾਮ ਬਾਘਾ, ਚਮਨ ਲਾਲ ਚਮਨ, ਡਾ. ਤਾਰਾ ਸਿੰਘ ਆਲਮ,
ਕੁਲਵੰਤ ਸਿੰਘ ਧਾਲੀਵਾਲ, ਗ੍ਰੇਟਰ ਲੰਡਨ ਅਸੈਂਬਲੀ ਮੈਂਬਰ ਡਾ. ਉਂਕਾਰ
ਸਹੋਤਾ, ਡਾ. ਸਾਥੀ ਲੁਧਿਆਣਵੀ, ਸ਼ਾਇਰਾ ਕੁਲਵੰਤ ਢਿੱਲੋਂ, ਕੌਂਸਲਰ ਹਰਲੀਨ
ਅਟਵਾਲ ਆਦਿ ਹਸਤੀਆਂ ਨੇ ਕੀਤੀ।
ਲੰਡਨ ਦੀ ਈਲਿੰਗ ਬਾਰੋਅ ਕੌਂਸਲ 'ਚੋਂ ਸੁੰਦਰ ਘਰੇਲੂ ਬਗੀਚੀ ਦਾ
ਲਗਾਤਾਰ 12 ਸਾਲਾਂ ਤੋਂ ਸਨਮਾਨ ਜਿੱਤਦੇ ਆ ਰਹੇ ਸ੍ਰ: ਅਜੀਤ ਸਿੰਘ ਚੱਗਰ
ਦੇ ਸਨਮਾਨ ਹਿਤ ਸੰਪਾਦਿਤ ਕੀਤੀ ਇਸ ਪੁਸਤਕ ਵਿੱਚ ਬਰਤਾਨੀਆ ਭਰ ਦੇ ਨਾਮਵਾਰ
ਕਵੀ, ਗ਼ਜ਼ਲਗੋ ਅਤੇ ਗੀਤਕਾਰਾਂ ਦੀਆਂ ਰਚਨਾਵਾਂ ਦਰਜ ਕੀਤੀਆਂ ਗਈਆਂ ਹਨ।
ਇਸ ਸਮੇਂ ਸੰਬੋਧਨ ਕਰਦਿਆਂ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਕਿਸੇ
ਵਿਅਕਤੀ ਦੀਆਂ ਪ੍ਰਾਪਤੀਆਂ ਬਦਲੇ ਕਿਤਾਬ ਰੂਪੀ ਸਨਮਾਨ ਦੇਣ ਦਾ ਉਪਰਾਲਾ
ਹੁਣ ਤੱਕ ਦਾ ਪਹਿਲਾ ਉੱਦਮ ਹੈ। ਅਜੀਤ ਸਿੰਘ ਚੱਗਰ ਦੀ ਹਰ ਵਰ੍ਹੇ ਦਰਜ਼
ਹੁੰਦੀ ਜਿੱਤ ਬਰਤਾਨੀਆ ਵਸਦੇ ਪੰਜਾਬੀ ਭਾਈਚਾਰੇ ਲਈ ਮਾਣਮੱਤੀ ਪ੍ਰਾਪਤੀ ਹੋ
ਨਿੱਬੜਦੀ ਹੈ। ਉਹਨਾਂ ਇਸ ਵਿਲੱਖਣ ਪੁਸਤਕ ਲਈ ਗੁਰੂ ਨਾਨਕ ਯੂਨੀਵਰਸਲ ਸੇਵਾ
ਦੀ ਸਮੁੱਚੀ ਟੀਮ ਅਤੇ ਸੰਪਾਦਕ ਮਨਦੀਪ ਖੁਰਮੀ ਨੂੰ ਹਾਰਦਿਕ ਵਧਾਈ ਪੇਸ਼
ਕੀਤੀ। ਸ੍ਰੀ ਵਰਿੰਦਰ ਸ਼ਰਮਾ ਨੇ ਜਿੱਥੇ ਪੁਸਤਕ ਦੀ ਪਹਿਲੀ ਕਾਪੀ ਸ੍ਰ:
ਅਜੀਤ ਸਿੰਘ ਚੱਗਰ ਨੂੰ ਅਦਬ ਸਹਿਤ ਭੇਂਟ ਕੀਤੀ ਉੱਥੇ ਪਾਲਜ਼ ਬੇਕਰੀ
ਸਾਊਥਾਲ ਵੱਲੋਂ ਇਸ ਸਮਾਗਮ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਕੇਕ ਕੱਟ
ਕੇ ਅਜੀਤ ਸਿੰਘ ਚੱਗਰ ਦਾ ਮੂੰਹ ਮਿੱਠਾ ਕਰਵਾਇਆ।
ਬੇਸ਼ੱਕ ਇੰਗਲੈਂਡ ਵਿੱਚ ਪੰਜਾਬੀ ਦੀਆਂ ਪੁਸਤਕਾਂ ਸੰਬੰਧੀ ਇੱਕ ਰਵਾਇਤ
ਹੀ ਬਣ ਗਈ ਹੈ ਕਿ ਲੇਖਕ ਆਪਣੇ ਪੱਲਿਉਂ ਪੈਸੇ ਖਰਚ ਕੇ ਵੀ ਪੁਸਤਕਾਂ ਮੁਫ਼ਤ
ਵੰਡਣ ਲਈ ਮਜ਼ਬੂਰ ਹੁੰਦੇ ਦੇਖੇ ਜਾਂਦੇ ਹਨ। ਇਸ ਪਿਰਤ ਦਾ ਰੁਖ ਮੋੜਨ ਲਈ
ਆਪਣੇ ਸੰਬੋਧਨ ਦੌਰਾਨ ਲੇਖਕ ਮਨਦੀਪ ਖੁਰਮੀ ਨੇ ਹਾਜਰੀਨ ਨੂੰ ਮੁਖਾਤਿਬ
ਹੁੰਦਿਆਂ ਕਿਹਾ ਕਿ ਜੇ ਅਸੀਂ ਸਚਮੁੱਚ ਹੀ ਮਾਂ ਬੋਲੀ ਪੰਜਾਬੀ ਦਾ ਮਾਨ
ਸਨਮਾਨ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਲੇਖਕਾਂ ਦੀਆਂ ਕਿਰਤਾਂ ਦਾ
ਮੁੱਲ ਪੁਸਤਕਾਂ ਖਰੀਦ ਕੇ ਪਾਉਣਾ ਪਵੇਗਾ। ਇੱਕ ਆਰਥਿਕ ਅਤੇ ਮਾਨਸਿਕ ਤੌਰ
‘ਤੇ ਤੰਦਰੁਸਤ ਲੇਖਕ ਹੀ ਉਸਾਰੂ ਵਿਚਾਰਾਂ ਨੂੰ ਪਾਠਕਾਂ ਅੱਗੇ ਪ੍ਰੋਸ ਸਕਦਾ
ਹੈ। ਉਹਨਾਂ ਅਪੀਲ ਕੀਤੀ ਕਿ ਜੇਕਰ ਹਾਜਰ ਪਾਠਕ ਇਸ ਪੁਸਤਕ ਨੂੰ ਖਰੀਦਦੇ ਹਨ
ਤਾਂ ਉਹਨਾਂ ਵੱਲੋਂ ਦਿੱਤੀ ਰਾਸ਼ੀ ਇੱਕ ਹੋਰ ਪੁਸਤਕ ਦੇ ਪ੍ਰਕਾਸਿ਼ਤ ਹੋਣ
ਵਿੱਚ ਸਹਾਈ ਹੋਵੇਗੀ। ਇਸ ਸਾਥ ਨਾਲ ਜਿੱਥੇ ਇੱਕ ਲੇਖਕ ਖੁਦ ਖਰਚਾ ਕਰਕੇ ਘਰ
ਫੁਕ ਤਮਾਸ਼ਾ ਦੇਖਣੋਂ ਬਚੇਗਾ, ਉੱਥੇ ਖਰੀਦ ਕੇ ਪੜ੍ਹਨ ਨਾਲ ਸਾਹਿਤ ਦੀ ਕਦਰ
ਵੀ ਹੋਵੇਗੀ। ਕਾਬਲੇ ਗੌਰ ਹੈ ਕਿ ਉਹਨਾਂ ਦੀ ਇਸ ਬੇਨਤੀ ਨੂੰ ਹਾਜਰੀਨ
ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਜਿਸ ਦੇ ਫਲਸਰੂਪ ਇੱਕ ਪਾਠਕ ਬੀਬੀ
ਹਰਵਿੰਦਰ ਫੁੱਲ ਵੱਲੋਂ 100 ਪੌਂਡ, ਕੌਂਸਲਰ ਮਹਿੰਦਰ ਕੌਰ ਮਿੱਢਾ ਵੱਲੋਂ
50 ਪੌਂਡ ਦੇਣ ਦੀ ਸ਼ੁਰੂਆਤ ਹੋਣ ਤੋਂ ਬਾਅਦ ਪਾਠਕਾਂ ਨੇ 500 ਪੌਂਡ ਦੀ
ਰਾਸ਼ੀ ਅਗਲੀ ਪੁਸਤਕ ਲਈ ਪ੍ਰਬੰਧਕਾਂ ਦੀ ਝੋਲੀ ਪਾ ਦਿੱਤੀ।
ਇਸ ਸਮੇਂ ਮੇਅਰ ਤੇਜ ਰਾਮ ਬਾਘਾ, ਸਾਬਕਾ ਮੇਅਰ ਰਾਜਿੰਦਰ ਮਾਨ, ਕੌਂਸਲਰ
ਹਰਲੀਨ ਅਟਵਾਲ, ਚਮਨ ਲਾਲ ਚਮਨ, ਡਾ. ਸਾਥੀ ਲੁਧਿਆਣਵੀ, ਉਮਰਾਓ ਅਟਵਾਲ,
ਗਾਇਕ ਚੰਨੀ ਸਿੰਘ (ਓ ਬੀ ਈ) ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਈਲਿੰਗ
ਕੌਂਸਲ ਦੇ ਡਿਪਟੀ ਲੀਡਰ ਸ੍ਰੀ ਰਣਜੀਤ ਧੀਰ, ਕੌਂਸਲਰ ਮਹਿੰਦਰ ਕੌਰ ਮਿੱਢਾ,
ਸਾਬਕਾ ਮੇਅਰ ਪ੍ਰੀਤਮ ਗਰੇਵਾਲ, ਗੁਰੂ ਨਾਨਕ ਯੁਨੀ: ਸੇਵਾ ਦੇ ਆਗੂ
ਸ੍ਰੀਮਤੀ ਅਮਰਜੀਤ ਕੌਰ ਆਲਮ, ਗਾਇਕ ਦੀਦਾਰ ਸਿੰਘ ਪ੍ਰਦੇਸੀ, ਪੱਤਰਕਾਰ
ਮਨਪ੍ਰੀਤ ਸਿੰਘ ਬੱਧਨੀ ਕਲਾਂ, ਗਾਇਕ ਰਾਜ ਸੇਖੋਂ, ਪਰਮਜੀਤ ਪੰਮੀ, ਸੁਖਵੀਰ
ਸੋਢੀ, ਰੂਪ ਦਵਿੰਦਰ, ਕੌਂਸਲਰ ਤੇਜਿੰਦਰ ਸਿੰਘ ਧਾਮੀ, ਨਾਵਲਕਾਰ
ਮਹਿੰਦਰਪਾਲ ਧਾਲੀਵਾਲ, ਮਨਜੀਤ ਕੌਰ ਪੱਡਾ, ਅਮਨਦੀਪ ਧਾਲੀਵਾਲ, ਪ੍ਰਦੀਪ
ਕੈਂਥ, ਪ੍ਰਸਿੱਧ ਹਾਸਰਸ ਕਲਾਕਾਰ ਬ੍ਰਿਜ ਮੋਹਨ, ਡਾ. ਹਰਜੀਤ ਸਿੰਘ ਸਿੱਧੂ,
ਡਾ. ਹਰਸ਼ਰਨ ਕੌਰ ਸਿੱਧੂ, ਸੁਖਵਿੰਦਰ ਸਿੰਘ ਮਠਾੜੂ, ਇੰਦਰਜੀਤ ਸਿੰਘ
ਮਠਾੜੂ, ਗੁਰਦੇਵ ਸਿੰਘ ਮਾਨ, ਸੁਰਜੀਤ ਸਿੰਘ ਜੁਟਲਾ, ਕੌਂਸਲਰ ਤੇਜਿੰਦਰ
ਸਿੰਘ ਧਾਮੀ, ਹਰਬੰਸ ਲਾਲ ਮਿੱਢਾ, ਡਾ. ਜਸਵਿੰਦਰ ਕੌਰ, ਕਸ਼ਮੀਰ ਕੌਰ
ਡੀਗਨ, ਹਰਬੰਸ ਘੜਿਆਲ, ਤਰਸੇਮ ਸਿੰਘ ਧਨੋਆ, ਮਨਜੀਤ ਸਿੰਘ ਜੁਟਲਾ, ਰਣਜੀਤ
ਸਿੰਘ ਸੂਰੀ, ਕੁੰਦਨ ਸਿੰਘ ਸੈਹਮੀ, ਦਵਿੰਦਰ ਸਿੰਘ ਚੱਗਰ, ਦਰਸਨ ਬੈਂਸ,
ਕਮਲਜੀਤ ਸਿੰਘ ਭੰਮਰਾ, ਦਲਜੀਤ ਸੈਹਮੀ, ਗੁਰਦੇਵ ਸਿੰਘ ਨੰਦਰਾ, ਦੇਸ ਰਾਜ
ਸਿੰਘ ਦੁਹੇਲੇ, ਦਲਜੀਤ ਗਰੇਵਾਲ, ਅਵਤਾਰ ਸਿੰਘ ਸੱਗੂ, ਅਜੀਤ ਸਿੰਘ ਫੁੱਲ,
ਜਸਵੰਤ ਸਿੰਘ ਸੋਹਲ, ਰਾਜ ਸੁਮਨ, ਮਨਜੀਤ ਸੁਮਨ ਲੀਡਜ, ਸਰਬਜੀਤ ਵਾਲੀਆ ਆਦਿ
ਵਿਸ਼ੇਸ਼ ਤੌਰ ‘ਤੇ ਹਾਜਰ ਹੋਏ।
ਜਿਕਰਯੋਗ ਹੈ ਕਿ ਇਸ ਪੁਸਤਕ ਲਈ ਪਾਲਜ਼ ਬੇਕਰੀ ਸਾਊਥਾਲ ਲਿਮਟਿਡ, ਇਮੇਜ
22 ਫਰਨੀਚਰ ਕੰਪਨੀ, ਸੇਫਟੈਕ ਸਿਸਟਿਮਜ ਹੇਜ, ਪਿੰਕ ਸਿਟੀ ਰੈਸਟੋਰੈਂਟ
ਹੇਜ, ਮਠਾੜੂ ਕੰਸਟਰੱਕਸ਼ਨਜ, ਹੋਮਿਓਪੈਥਿਕ ਹੈਲਥ ਕਲੀਨਿਕ (ਡਾ. ਸਨੀ
ਸਿੱਧੂ) ਵੱਲੋਂ ਸਾਂਝੇ ਤੌਰ ‘ਤੇ ਵਿੱਤੀ ਮਦਦ ਕੀਤੀ ਗਈ ਸੀ। ਹਾਜਰੀਨ ਨੇ
ਇਹਨਾਂ ਕਾਰੋਬਾਰੀ ਅਦਾਰਿਆਂ ਵੱਲੋਂ ਸਾਹਿਤਕ ਕਾਰਜ ਲਈ ਦਿੱਤੇ ਸਾਥ ਦੀ
ਰੱਜਵੀਂ ਪ੍ਰਸੰਸਾ ਵੀ ਕੀਤੀ। ਇਸ ਸਮੇਂ ਗਾਇਕ ਰਘਬੀਰ ਰਾਹੀ ਵੱਲੋਂ ਪੁਸਤਕ
ਵਿਚਲੇ ਚੁਣਵੇਂ ਗੀਤਾਂ ਰਾਹੀਂ ਹਾਜਰੀਨ ਦਾ ਮਨੋਰੰਜਨ ਕੀਤਾ। ਜਿਕਰਯੋਗ ਹੈ
ਕਿ ਸਾਹਿਬਦੀਪ ਪ੍ਰਕਾਸ਼ਨ ਭੀਖੀ ਵੱਲੋਂ ਪ੍ਰਕਾਸਿ਼ਤ ਕੀਤੀ ਉਕਤ ਪੁਸਤਕ
ਵਿਚਲੀਆਂ ਸਾਰੀਆਂ ਰਚਨਾਵਾਂ ਫੁੱਲਾਂ ਬਾਰੇ ਹੀ ਲਿਖੀਆਂ ਗਈਆਂ ਹਨ। ਇਸ
ਸਮੇਂ ਮੰਚ ਸੰਚਾਲਕ ਦੇ ਫਰਜ਼ ਡਾ. ਤਾਰਾ ਸਿੰਘ ਆਲਮ ਜੀ ਨੇ ਅਦਾ ਕੀਤੇ।
|