ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਨਿਬੰਧ :
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ

ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵੱਲੋਂ ਸਫ਼ਰਨਾਮਾ ਸਾਹਿਤ ਬਹੁਤ ਹੀ ਘੱਟ ਰਚਿਆ ਗਿਆ ਹੈ. ਕੈਨੇਡੀਅਨ ਪੰਜਾਬੀ ਸਾਹਿਤਕਾਰ ਸਤਵੰਤ ਸਿੰਘ ਵੱਲੋਂ ਆਪਣੀਆਂ ਵਿਸ਼ਵ ਯਾਤਰਾਵਾਂ ਉੱਤੇ ਆਧਾਰਤ ਪੁਸਤਕ ‘ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ’ 2011 ਵਿੱਚ ਪ੍ਰਕਾਸਿ਼ਤ ਕੀਤੀ ਗਈ ਸੀ। ਇਹ ਵਿਸ਼ਵ ਯਾਤਰਾਵਾਂ ਸਤਵੰਤ ਸਿੰਘ ਨੇ ਵਡੇਰੀ ਉਮਰ ਵਿੱਚ ਕੀਤੀਆਂ ਹਨ। ਵਿਸ਼ਵ ਯਾਤਰਾਵਾਂ ਕਰਨ ਦੀ ਉਸਦੀ ਰੁਚੀ ਅਜੇ ਖਤਮ ਨਹੀਂ ਹੋਈ। ਅੱਸੀ ਸਾਲ ਦੀ ਉਮਰ ਦੇ ਨੇੜੇ ਪਹੁੰਚ ਜਾਣ ਦੇ ਬਾਵਜ਼ੂਦ ਸਤਵੰਤ ਸਿੰਘ ਅਜੇ ਵਿਸ਼ਵ ਦੇ ਬਾਕੀ ਰਹਿ ਗਏ ਹਿੱਸਿਆਂ ਦੀ ਯਾਤਰਾ ਕਰਨ ਲਈ ਵੀ ਵਿਉਂਤਾਂ ਬਣਾਈ ਬੈਠਾ ਹੈ। ਉਸ ਨੂੰ ਆਪਣੀਆਂ ਵਿਸ਼ਵ ਯਾਤਰਾਵਾਂ ਕਰਨ ਦੀ ਇਛਾ ਪੂਰੀ ਕਰਨ ਵਿੱਚ ਉਸ ਦੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਵੱਲੋਂ ਵੀ ਪੂਰਾ ਮਿਲਵਰਤਨ ਮਿਲਦਾ ਰਿਹਾ ਹੈ।

ਸਤਵੰਤ ਸਿੰਘ ਦੀ ਪੁਸਤਕ ‘ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ’ ਨ ਸਿਰਫ ਦੁਨੀਆਂ ਦੇ ਅਨੇਕਾਂ ਦੇਸ਼ਾਂ ਬਾਰੇ ਹੀ ਜਾਣਕਾਰੀ ਦਿੰਦੀ ਹੈ; ਬਲਕਿ ਇਹ ਪੁਸਤਕ ਇਨ੍ਹਾਂ ਦੇਸ਼ਾਂ ਬਾਰੇ ਸਮਾਜਿਕ, ਸਭਿਆਚਾਰਕ, ਰਾਜਨੀਤਕ, ਧਾਰਮਿਕ ਪੱਖਾਂ ਤੋਂ ਵੀ ਚਰਚਾ ਛੇੜਦੀ ਹੈ।

‘ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ’ ਪੁਸਤਕ ਬਾਰੇ ਚਰਚਾ ਇਸ ਪੁਸਤਕ ਵਿਚਲੇ ਨਿਬੰਧ ‘ਰਾਜਸਥਾਨ, ਗਵਾਲੀਅਰ ਦੀ ਯਾਤਰਾ’ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਨਿਬੰਧ ਵਿੱਚ ਸਤਵੰਤ ਸਿੰਘ ਇਸ ਨੁਕਤੇ ਵੱਲ ਸਾਡਾ ਧਿਆਨ ਦੁਆਂਦਾ ਹੈ ਕਿ ਇੰਡੀਆ ਦੇ ਲੋਕ ਧਾਰਮਿਕ ਪੱਖ ਤੋਂ ਵਿਸ਼ੇਸ਼ ਮਹੱਤਵ ਵਾਲੇ ਸ਼ਹਿਰਾਂ ਵਿੱਚ ਵੀ ਸਫਾਈ ਅਤੇ ਵਾਤਾਵਰਨ ਵੱਲੋਂ ਬਹੁਤ ਲਾਪ੍ਰਵਾਹੀ ਵਰਤਦੇ ਹਨ। ਪੇਸ਼ ਹੈ ਇਸ ਤੱਥ ਨੂੰ ਉਭਾਰਦੀ ਇੱਕ ਉਦਾਹਰਣ :

ਇਸ ਤੋਂ ਬਾਹਦ ਅਸੀਂ ਇਸੇ ਦਿਨ 12 ਮਾਰਚ ਨੂੰ ਅਜਮੇਰ ਤੋਂ 11 ਕਿਲੋਮੀਟਰ ਦੂਰੀ ‘ਤੇ ਅਤਿ ਮਹੱਤਵਪੂਰਣ ਅਸਥਾਨ ਪੁਸ਼ਕਰ ਨੂੰ ਦੇਖਣ ਲਈ ਚੱਲ ਪਏ। ਇਹ ਸਥਾਨ ਹਿੰਦੂਆਂ ਦੇ ਸਭ ਤੋਂ ਵੱਧ ਪਵਿੱਤਰ ਮੰਨੇ ਜਾਂਦੇ 5 ਧਾਮਾਂ ਵਿੱਚੋਂ ਇਕ ਹੈ। ਇਹ ਪੰਜ ਧਾਮ ਬਦਰੀਨਾਥ, ਪੁਰੀ, ਰਾਮੇਸ਼ਵਰਮ, ਦਵਾਰਕਾ ਅਤੇ ਪੁਸ਼ਕਰ ਦੇ ਹਨ। ਇਹਨਾਂ ਦੀ ਯਾਤਰਾ ਹਿੰਦੂਆਂ ਵਾਸਤੇ ਜੀਵਨ ਦਾ ਲਕਸ਼ ਮੰਨੀ ਜਾਂਦੀ ਹੈ...ਪੁਸ਼ਕਰ ਸ਼ਹਿਰ ਦੀ ਵੱਸੋਂ ਸਿਰਫ 10,000 ਹੈ ਅਤੇ ਤੁਸੀਂ ਹੈਰਾਨ ਹੋਵੋਗੇ ਕਿ ਪੁਸ਼ਕਰ ਵਿੱਚ ਆਉਣ ਵਾਲੇ ਯਾਤਰੀਆਂ ਵਿੱਚ ਗੋਰੇ ਵਿਦੇਸ਼ੀ ਲੋਕਾਂ ਦੀ ਬਹੁਤ ਜਿ਼ਆਦਾ ਸੰਖਿਆ ਸੀ ਜੋ ਲੱਗਭੱਗ ਸੈਂਕੜਿਆਂ ਦੀ ਗਿਣਤੀ ਵਿੱਚ ਸੀ। ਪੁਸ਼ਕਰ ਦਾ ਇੱਕੋ ਇਕ ਤੰਗ ਜਿਹਾ ਬਜ਼ਾਰ ਹੈ। ਝੀਲ ਦੇ ਨਾਲ ਨਾਲ ਪਖਾਨਿਆਂ ਅਤੇ ਪਿਸ਼ਾਬ ਦੀ ਬਦਬੂ ਨਾਲ ਬੁਰਾ ਹਾਲ ਹੋ ਰਿਹਾ ਸੀ।

ਇਸੇ ਹੀ ਨਿਬੰਧ ਵਿੱਚ ਇੱਕ ਹੋਰ ਜਗਾਹ ਸਤਵੰਤ ਸਿੰਘ ਇੰਡੀਆ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਪੱਖੋਂ ਦਿਖਾਈ ਜਾਂਦੀ ਲਾਪ੍ਰਵਾਹੀ ਦੀ ਇੱਕ ਬਹੁਤ ਹੀ ਗੰਭੀਰ ਉਦਾਹਰਣ ਪੇਸ਼ ਕਰਦਾ ਹੈ :

ਸਤਵੰਤ ਸਿੰਘ

ਹੁਣ ਮੈਂ ਤੁਹਾਡੇ ਨਾਲ ਉਸ ਸਥਾਨ ਦਾ ਜਿ਼ਕਰ ਕਰਨ ਲੱਗਿਆ ਹਾਂ ਜੋ ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਣ ਪ੍ਰਾਪਤੀ ਦਾ ਪਰਤੀਕ ਹੈ। ਇਹ ਪੋਖਰਾਨ ਦਾ ਸਥਾਨ ਹੈ ਜਿੱਥੇ ਤਿੰਨ ਵਾਰ ਐਟਮੀ ਬੰਬ ਧਮਾਕੇ ਕੀਤੇ ਗਏ। ਪਹਿਲਾ ਧਮਾਕਾ 13 ਮਈ 1974, ਦੂਜਾ 11 ਮਈ 1989 ਅਤੇ ਤੀਜਾ 13 ਮਈ 1998 ਵਿੱਚ ਕੀਤਾ ਗਿਆ। ਧਮਾਕੇ ਵਾਲੀ ਥਾਂ ਉੱਤੇ ਕੋਈ ਨਹੀਂ ਜਾ ਸਕਦਾ। ਉਸ ਸਥਾਨ ਤੋਂ 40 ਕਿਲੋਮੀਟਰ ਦੀ ਵਿੱਥ ‘ਤੇ ਪੋਖਰਨ ਦੀ ਆਰਮੀ ਗੈਲਰੀ ਹੈ। ਇਸ ਥਾਂ ਉੱਤੇ ਬੰਕਰ ਦੇਖੇ ਜਾ ਸਕਦੇ ਹਨ। ਇੱਥੇ ਉਹਨਾਂ ਪੁਰਸ਼ਾਂ ਦੀਆਂ ਖੋਪੜੀਆਂ ਰੱਖੀਆਂ ਹੋਈਆਂ ਹਨ ਜੋ ਧਮਾਕੇ ਸਮੇਂ ਉਸ ਸਥਾਨ ਉੱਤੇ ਸਨ ਅਤੇ ਜਿਹਨਾਂ ਨੂੰ ਧਮਾਕਿਆਂ ਦੇ ਕੀਤੇ ਜਾਣ ਦਾ ਪਤਾ ਨਹੀਂ ਸੀ। ਉਹਨਾਂ ਦਾ ਸਾਰਾ ਮਾਸ ਸੜ ਗਿਆ ਅਤੇ ਖੋਪੜੀਆਂ ਰਹਿ ਗਈਆਂ...ਕਹਿੰਦੇ ਹਨ ਕਿ ਰਾਜਸਥਾਨ ਦਾ ਗਵਰਨਰ ਦਰਬਾਰਾ ਸਿੰਘ ਇਸ ਧਮਾਕੇ ਵਾਲੀ ਥਾਂ ਉੱਤੇ ਜਦੋਂ ਆਇਆ ਤਾਂ ਉਸ ਉੱਤੇ ਇਸ ਸਥਾਨ ਦੀਆਂ ਜ਼ਹਿਰੀਲੀਆਂ ਗੈਸਾਂ ਜਾਂ ਪਰਦੂਸਿ਼ਤ ਵਾਤਾਵਰਣ ਦਾ ਅਜਿਹਾ ਅਸਰ ਹੋਇਆ ਕਿ ਉਹ ਛੇਤੀ ਹੀ ਸਦਾ ਲਈ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।

ਹੁਣ ਇਥੇ ਕਿਸੇ ਵੀ ਵਿਅਕਤੀ ਨੂੰ ਜਾਣ ਨਹੀਂ ਦਿੱਤਾ ਜਾਂਦਾ ਅਤੇ ਚੈੱਕ ਪੋਸਟਾਂ ਲੋਕਾਂ ਉੱਤੇ ਨਜ਼ਰ ਰੱਖਦੀਆਂ ਹਨ। ਇਸ ਸਥਾਨ ਉੱਤੇ ਲੱਗਭੱਗ 100 ਵਿਅਕਤੀ ਧਮਾਕਿਆਂ ਦੀ ਭੇਟ ਚੜ੍ਹੇ ਹਨ।

ਇੰਡੀਆ ਵਿੱਚ ਜਦੋਂ ਅੰਗਰੇਜ਼ਾਂ ਦੀ ਹਕੂਮਤ ਸੀ ਤਾਂ ਉਹ ਅੰਗਰੇਜ਼ ਸਰਕਾਰ ਵਿਰੁੱਧ ਬਗ਼ਾਵਤ ਕਰਨ ਵਾਲਿਆਂ ਨੂੰ ਦੇਸ਼ ਦੇ ਕਾਨੂੰਨ ਤੋਂ ਵੀ ਬਾਹਰ ਹੋ ਕੇ ਸਜ਼ਾਂਵਾਂ ਦਿੰਦੇ ਸਨ। ਅਦਾਲਤ ਵੱਲੋਂ ਜੇਕਰ ਕਿਸੇ ਨੂੰ ਕੈਦ ਦੀ ਸਜ਼ਾ ਦਿੱਤੀ ਜਾਂਦੀ ਸੀ ਤਾਂ ਉਹ ਕੈਦ ਦਾ ਸਮਾਂ ਪੂਰਾ ਹੋ ਜਾਣ ਤੋਂ ਬਾਹਦ ਵੀ ਵਿਅਕਤੀ ਨੂੰ ਰਿਹਾ ਨਹੀਂ ਕੀਤਾ ਜਾਂਦਾ ਸੀ। ਜਿਸ ਨਾਲ ਲੋਕਾਂ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਹੋਰ ਵੀ ਨਫ਼ਰਤ ਪੈਦਾ ਹੁੰਦੀ ਸੀ ਅਤੇ ਗੁੱਸਾ ਪੈਦਾ ਹੁੰਦਾ ਸੀ। ਪੇਸ਼ ਹੈ ਇਨ੍ਹਾਂ ਤੱਥਾਂ ਨੂੰ ਉਭਾਰਦੀ ਇੱਕ ਉਦਾਹਰਣ ਨਿਬੰਧ ‘ਮੇਰੀ ਸੁਪਨਿਆਂ ਦੀ ਧਰਤੀ : ਕੇਰਲ, ਅੰਡੇਮਾਨ, ਕਲਕੱਤਾ, ਮਦਰਾਸ ਦੀ ਯਾਤ੍ਰਾ’ ਵਿੱਚੋਂ :

ਅੰਡੇਮਾਨ, ਭਾਰਤ ਦੀ ਮੁਖ ਭੂਮੀ ਤੋਂ 1200 ਕਿਲੋਮੀਟਰ ਹੈ...ਬ੍ਰਿਟਿਸ਼ ਸਰਕਾਰ ਦੇ ਅਧਿਕਾਰੀਆਂ ਦੇ ਕੀਤੇ ਜ਼ੁਲਮਾਂ ਸਦਕਾ ਇਹ ਖੂਬਸੂਰਤ ਟਾਪੂ ਅਤਿਭਿਆਨਕ ਰੂਪ ‘ਚ ਕਾਲੇ ਪਾਣੀ ਦੇ ਨਾਮ ਨਾਲ ਬਦਨਾਮ ਹੋ ਗਏ। ਇਥੇ ਸਜ਼ਾ ਲਈ ਭੇਜੇ ਗਏ ਕੈਦੀ ਦੇ ਆਪਣੇ ਪਰੀਵਾਰ ਨਾਲ ਜ਼ਿੰਦਾ ਮਿਲਣ ਦੀ ਕੋਈ ਆਸ ਨਹੀਂ ਹੁੰਦੀ ਸੀ, ਭਾਵੇਂ ਉਸ ਕੈਦੀ ਨੇ ਅੰਗਰੇਜ਼ਾਂ ਦੇ ਅਸਹਿ ਅਤੇ ਅਕਹਿ ਜ਼ੁਲਮ ਸਹਿਕੇ ਆਪਣੀ ਲੰਬੀ ਸਜ਼ਾ ਭੀ ਕਿਉਂ ਨਾ ਪੂਰੀ ਕਰ ਲਈ ਹੋਵੇ। ਲਾਰਡ ਮਿਓ ਦਾ ਕਤਲ ਭੀ ਇਸੇ ਤਰ੍ਹਾਂ ਦੀ ਬੇਇਨਸਾਫੀ ਅਤੇ ਜ਼ੁਲਮ ਦਾ ਹੀ ਸਿੱਟਾ ਸੀ। ਬ੍ਰਿਟਿਸ਼ ਸਰਕਾਰ ਦੇ ਰਾਜ ਸਮੇਂ ਲਾਰਡ ਮਿਓ ਆਪਣੀ ਧਰਮ ਪਤਨੀ ਨਾਲ ਇਨ੍ਹਾਂ ਖੂਬਸੂਰਤ ਟਾਪੂਆਂ ਦੀ ਯਾਤ੍ਰਾ ਲਈ ਆਏ ਸੀ। ਮਾਊਂਟ ਹੈਰੀਅਤ ਦੀ ਚੋਟੀ ‘ਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਨਣਾ ਚਾਹੁੰਦਾ ਸੀ। ਚਾਰ ਘੰਟੇ ਇਸ ਚੋਟੀ ‘ਤੇ ਬਿਤਾਉਣ ਤੋਂ ਬਾਅਦ ਸ਼ਾਮ ਨੂੰ ਆਪਣੇ ਸਾਥੀਆਂ ਤੇ ਅਧਿਕਾਰੀਆਂ ਨਾਲ ਉਹ ਹੇਠਾਂ ਆਉਣ ਲੱਗੇ। ਉਹਨਾਂ ਦਾ ਸਮੁੰਦਰੀ ਜਹਾਜ਼ ਨਵ-ਵਿਆਹੀ ਸਜੀ ਦੁਲਹਣ ਦੀ ਤਰ੍ਹਾਂ ਸਜਾਇਆ ਗਿਆ ਸੀ ਅਤੇ ਉਹਨਾਂ ਦੇ ਮਾਣ ਲਈ ਵਧਾਈ ਸਮਾਰੋਹ ਹੋਣ ਜਾ ਰਿਹਾ ਸੀ। ਅਚਾਨਕ ਮਸ਼ਾਲਾਂ ਬੁਝਾ ਦਿਤੀਆਂ ਗਈਆਂ। ਨਾਚ ਗਾਣਿਆਂ ਦਾ ਪ੍ਰੋਗਰਾਮ ਇਕਦਮ ਬੰਦ ਹੋ ਗਿਆ। ਲਾਰਡ ਮਿਓ ਖ਼ੂਨ ਨਾਲ ਲੱਥ ਪੱਥ ਧਰਤੀ ‘ਤੇ ਪਿਆ ਤੜਫ ਰਿਹਾ ਸੀ। ਉਹਨਾਂ ਦੀ ਪਤਨੀ ਨੇ ਜਦੋਂ ਇਹ ਦ੍ਰਿਸ਼ ਤੱਕਿਆ ਤਾਂ ਇਕਦਮ ਬੇਹੋਸ਼ ਹੋ ਕੇ ਡਿਗ ਪਈ। ਬਚਾ ਅਧਿਕਾਰੀਆਂ (ਸੁਰੱਖਿਆ ਗਾਰਡਾਂ) ਦੇ ਚਿਹਰੇ ਪੀਲੇ ਪੈ ਗਏ। ਲਾਰਡ ਮਿਓ ਤੇ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਸੀ, ਆਪਣੀ 15 ਸਾਲਾਂ ਦੀ ਸਜ਼ਾ ਪੂਰੀ ਕਰ ਚੁੱਕਿਆ ਸਰਹੱਦੀ ਸੂਬਾ (ਪਾਕਿਸਤਾਨ) ਤੋਂ ਪਠਾਨ ਸ਼ੇਰ ਅਲੀ ਸੀ, ਜਿਸ ਦੇ ਦਿਲ ਵਿਚ ਘਰ ਵਾਪਸੀ ਦੀ ਅੱਗ ਬਲ ਰਹੀ ਸੀ ਪਰ ਉਸ ਨੂੰ ਆਪਣੇ ਘਰ ਵਾਪਸ ਨਹੀਂ ਸੀ ਜਾਣ ਦਿੱਤਾ ਗਿਆ। ਉਸ ਨੇ ਕਿਹਾ ਕਿ ਜਦੋਂ ਮੈਨੂੰ ਸਜ਼ਾ ਪੂਰੀ ਕਰਨ ‘ਤੇ ਘਰ ਵਾਪਸ ਨਹੀਂ ਜਾਣ ਦਿਤਾ ਤਾਂ ਤੂੰ ਭੀ ਆਪਣੇ ਘਰ ਵਾਪਸ ਨਹੀਂ ਪਹੁੰਚੇਂਗਾ। ਜਨਰਲ ਸਟੂਅਰਟ ਦੇ ਇਸ਼ਾਰੇ ‘ਤੇ ਅੰਗਰੇਜ਼ ਸਿਪਾਹੀਆਂ ਨੇ ਸ਼ੇਰ ਅਲੀ ਫੜ ਲਿਆ। ਜਦੋਂ ਇਹ ਖਬਰ ਇੰਗਲੈਂਡ ਪੁੱਜੀ ਤਾਂ ਮਹਾਰਾਣੀ ਨੇ ਜਨਰਲ ਸਟੂਅਰਟ ਨੂੰ ਹੁਕਮ ਦਿੱਤਾ ਕਿ ਇਸ ਖੂਨੀ ਪਠਾਨ ਨੂੰ ਤੜਫ਼ਾ-ਤੜਫ਼ਾ ਕੇ ਮਾਰ ਦਿੱਤਾ ਜਾਵੇ। ਇਹ ਗ਼ੈਰਤ ਵਾਲੇ ਆਦਮੀ ਦੀ ਨਾ ਭੁਲਣ ਵਾਲੀ ਸ਼ਹੀਦੀ ਦੀ ਘਟਨਾ ਹੈ ਜੋ ਸਦਾ ਹੀ ਭਾਰਤ ਦੇ ਆਜ਼ਾਦੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿਚ ਲਿਖੀ ਜਾਵੇਗੀ।

‘ਭਾਰਤ-ਪਾਕਿ ਗੁਰਧਾਮਾਂ, ਇਤਿਹਾਸਕ ਸਥਾਨਾਂ ਦੀ ਯਾਤਰਾ’ ਨਿਬੰਧ ਪੜ੍ਹਦਿਆਂ ਪੁਸਤਕ ਲੇਖਕ ਇਸ ਗੱਲ ਵੱਲ ਉਚੇਚਾ ਧਿਆਨ ਦੁਆਂਦਾ ਹੈ ਕਿ ਸਿੱਖ ਧਰਮ ਨਾਲ ਸਬੰਧਤ ਅਨੇਕਾਂ ਧਾਰਮਿਕ ਸਥਾਨਾਂ ਨੂੰ ਅੰਧ-ਵਿਸ਼ਵਾਸ ਉੱਤੇ ਆਧਾਰਤ ਕਲਪਿਤ ਕਹਾਣੀਆਂ ਨਾਲ ਜੋੜ ਦਿੱਤਾ ਗਿਆ ਹੈ। ਕਈ ਕਹਾਣੀਆਂ ਤਾਂ ਮਹਿਜ਼ ਚੁਟਕਲਿਆਂ ਤੋਂ ਵੱਧ ਹੋਰ ਕੁਝ ਨਹੀਂ ਜਾਪਦੀਆਂ। ਸਿੱਖ ਗੁਰੂਆਂ ਨਾਲ ਸਬੰਧਤ ਅਜਿਹੀਆਂ ਕਲਪਿਤ ਕਹਾਣੀਆਂ ਤਾਂ ਸਿੱਖ ਵਿਚਾਰਧਾਰਾ ਦੇ ਵੀ ਬਿਲਕੁਲ ਉਲਟ ਹਨ। ਪੇਸ਼ ਹਨ ਅਜਿਹੀਆਂ ਕਲਪਿਤ ਕਹਾਣੀਆਂ ਦੇ ਕੁਝ ਨਮੂਨੇ :

1.
ਫਿਰ ਨਾਲ ਹੀ ਬਾਬਰ ਦਾ ਕੈਦਖਾਨਾ ਵੇਖਿਆ ਜਿਥੇ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨਾਲ ਕੈਦ ਕੀਤੇ ਸਨ। ਇਥੇ ਹੀ ਜਦੋਂ ਚੱਕੀਆਂ ਆਪਣੇ ਆਪ ਚੱਲੀਆਂ ਜਾ ਰਹੀਆਂ ਸਨ ਤਾਂ ਬਾਦਸ਼ਾਹ ਬਾਬਰ ਨੇ ਇਹ ਕੌਤਕ ਵੇਖ ਕੇ ਬਾਬਾ ਜੀ ਨੂੰ ਰਿਹਾਅ ਕਰ ਦਿੱਤਾ ਤੇ ਭੁੱਲ ਬਖਸ਼ਾਈ।

2.
ਫਿਰ ਅਸੀਂ ਗੁਰਦੁਆਰਾ ਕਿਆਰਾ ਸਾਹਿਬ ਦੇ ਦਰਸ਼ਨ ਕੀਤੇ। ਇਥੇ ਗਊਆਂ ਤੇ ਮੱਝਾਂ ਚਰਾਂਦਿਆਂ ਹੋਇਆਂ ਇੱਕ ਕਿਸਾਨ ਦਾ ਖੇਤ, ਜੋ ਪਸ਼ੂਆਂ ਨੇ ਚਰ ਲਿਆ ਸੀ, ਗੁਰੂ ਸਾਹਿਬ ਨੇ ਆਪਣੀ ਆਤਮਕ ਸ਼ਕਤੀ ਦੁਆਰਾ ਹਰਾ ਕਰ ਦਿੱਤਾ ਸੀ।

3.
ਸੋ ਇਸ ਥਾਂ ਤੇ ਇੱਕ ਐਸੀ ਥਾਂ ਬਣੀ ਹੈ ਜਿਸ ਉੱਤੇ ਪੱਕੀਆਂ ਪੌੜੀਆਂ ਦੁਆਰਾ ਉੱਪਰ ਜਾ ਕੇ ਉੱਪਰ ਬੈਠ ਕੇ ਮੂਲ ਮੰਤਰ ਦਾ ਪਾਠ ਕਰੋ ਤਾਂ ਇਹ ਦੀਵਾਰ ਬਹੁਤ ਹਿਲਦੀ ਹੈ; ਜਿਵੇਂ ਭੂਚਾਲ ਵੇਲੇ ਚੀਜ਼ਾਂ ਹਿਲਦੀਆਂ ਹਨ। ਇਸ ਕਰਕੇ ਇਸ ਦੀਵਾਰ ਦਾ ਨਾਮ ਗੁਰਦੁਆਰਾ ਝੂਲਦੇ ਮਹਿਲ ਨਾਲ ਜਾਣਿਆ ਜਾਂਦਾ ਹੈ।

4.
ਇਸ ਸਰੋਵਰ ਦੀ ਪੁਟਾਈ ਸਮੇਂ ਦੀ ਇੱਕ ਸਾਖੀ ਪਰਚੱਲਤ ਹੈ ਕਿ ਧਰਤੀ ਹੇਠਾਂ ਇੱਕ ਮੱਠ ਨਿਕਲਿਆ ਸੀ। ਉਸ ਮੱਠ ਵਿੱਚ ਇੱਕ ਯੋਗੀ ਕਈ ਸਦੀਆਂ ਤੋਂ ਬੈਠਾ ਤਪ ਕਰ ਰਿਹਾ ਸੀ, ਜਿਸ ਦਾ ਮੱਥਾ ਸਿਤਾਰੇ ਦੀ ਤਰ੍ਹਾਂ ਚਮਕਦਾ ਸੀ। ਉਸ ਨੂੰ ਗੁਰੂ ਰਾਮਦਾਸ ਜੀ ਨੇ ਮੁਕਤੀ ਬਖਸ਼ੀ।

5.
ਫਿਰ ਅਸੀਂ ਗੁਰਦੁਆਰਾ ਟੋਭਾ ਭਾਈ ਸਾਲੋ ਜੀ ਦੇ ਦਰਸ਼ਨ ਕੀਤੇ। ਇਥੇ ਸਾਖੀ ਅਨੁਸਾਰ ਜਦੋਂ ਸੰਗਤ ਨੇ ਦੁੱਧ ਮੰਗਿਆ ਤੇ ਭਾਈ ਸਾਲੋ ਜੀ ਨੇ ਕਿਹਾ ਕਿ ਬੱਕਰੀ ਲੈ ਜਾਓ ਪਰ ਸੰਗਤ ਨੇ ਮਜ਼ਾਕ ਸਮਝਿਆ। ਭਾਈ ਸਾਲੋ ਜੀ ਨੇ ਬੱਕਰੀ ਵੱਡੀ ਕਰ ਦਿੱਤੀ ਤੇ ਸਾਰੇ ਭਾਂਡੇ ਦੁੱਧ ਨਾਲ ਭਰ ਗਏ। ਉਹਨਾਂ ਹੋਰ ਭਾਂਡੇ ਲਿਆਉਣ ਲਈ ਕਿਹਾ।

6.
ਇਥੇ ਹੀ ਗੁਰਦੁਆਰਾ ਬਾਉਲੀ ਸਾਹਿਬ ਵੇਖਿਆ। ਇਸ ਵਿੱਚ ਹੇਠਾਂ ਸਰੋਵਰ ਨੂੰ 84 ਪੌੜੀਆਂ ਜਾਂਦੀਆਂ ਹਨ। ਇੱਥੇ ਇਹ ਗੱਲ ਪ੍ਰਸਿੱਧ ਹੈ ਕਿ ਜੋ ਵੀ ਵਿਅਕਤੀ ਹਰ ਇੱਕ ਪੌੜੀ ਤੇ ਹਰ ਵਾਰ ਇਸ਼ਨਾਨ ਕਰਕੇ ਜਪੁਜੀ ਸਾਹਿਬ ਦਾ ਇੱਕ ਮਨ ਹੋ ਕੇ ਪਾਠ ਕਰੇਗਾ; ਭਾਵ 84 ਪੌੜੀਆਂ ‘ਤੇ ਜਪੁਜੀ ਸਾਹਿਬ ਦੇ 84 ਪਾਠ ਕਰੇਗਾ, ਉਹ ਚੌਰਾਸੀ ਲੱਖ ਜੂਨਾਂ ਤੋਂ ਛੁਟਕਾਰਾ ਪਾ ਲਵੇਗਾ।

7.
ਗੁਰਦੁਆਰਾ ਗਊ ਘਾਟ ਸਾਹਿਬ: ਇਹ ਗੁਰਦੁਆਰਾ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਵੀ ਪਹਿਲਾਂ ਦਾ ਹੈ। ਇਥੇ ਬਿਸੰਬਰਪੁਰ ਨਾਂ ਨਾਲ ਜਾਣਿਆ ਜਾਂਦਾ ਇੱਕ ਪਿੰਡ ਸੀ। ਇਥੇ ਗੁਰੂ ਨਾਨਕ ਦਾ ਇੱਕ ਸੱਚਾ ਭਗਤ ਜੈਤਾਮਲ ਰਹਿੰਦਾ ਸੀ। ਇਸ ਦੀ ਉਮਰ 350 ਸਾਲ ਹੋ ਗਈ ਸੀ। ਜਦੋਂ ਗੁਰੂ ਨਾਨਕ ਦੇਵ ਜੀ ਇਸ ਅਸਥਾਨ ‘ਤੇ ਆਏ ਤਾਂ ਉਸ ਨੇ ਉਹਨਾਂ ਨੂੰ ਮੁਕਤ ਕਰਨ ਲਈ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ ਕਿ ਅਸੀਂ ਗੁਰੂ ਤੇਗ਼ ਬਹਾਦਰ ਜੀ ਦੇ ਰੂਪ ਵਿੱਚ ਆ ਕੇ ਤੇਰੀ ਮੁਕਤੀ ਕਰਾਂਗੇ, ਉਦੋਂ ਤੱਕ ਜਗਤ ਦੇ ਸੁੱਖ ਭੋਗੇ। ਉਸਨੇ ਕਿਹਾ ਵੱਡੀ ਉਮਰ ਦਾ ਹੋਣ ਕਰਕੇ ਮੈਂ ਇਸ਼ਨਾਨ ਕਿਵੇਂ ਕਰਿਆ ਕਰਾਂਗਾ। ਗੁਰੂ ਜੀ ਨੇ ਕਿਹਾ ਕਿ ਗਊ ਦੇ ਰੂਪ ਵਿੱਚ ਗੰਗਾ ਜੀ ਉਸਦਾ ਇਸ਼ਨਾਨ ਕਰਵਾਉਂਦੀ ਰਹੇਗੀ। ਭਗਤ ਜੀ ਨੇ ਇਸ਼ਨਾਨ ਕੁੰਡ ਬਣਵਾਇਆ ਤੇ ਗਊ ਦੇ ਰੂਪ ਵਿੱਚ ਗੰਗਾ ਇਸ਼ਨਾਨ ਕਰਾਉਂਦੀ ਰਹੀ। ਇਸੇ ਕਰਕੇ ਇਸਦਾ ਨਾਮ ਗੁਰਦੁਆਰਾ ਗਊ ਘਾਟ ਹੋਇਆ। ਇਸ ਅਸਥਾਨ ‘ਤੇ ਦੋ ਨਾ-ਬਰਾਬਰ ਪਵਿੱਤਰ ਥੰਮ ਸਾਹਿਬ ਹਨ ਜੋ ਕਿ ਛੱਤ ਬਨਾਉਣ ਲੱਗਿਆਂ ਬਰਾਬਰ ਹੋ ਜਾਂਦੇ ਸਨ ਪਰ ਕੱਢਣ ਨਾਲ ਫਿਰ ਨਾ-ਬਰਾਬਰ ਹੋ ਜਾਂਦੇ ਸਨ। ਇਹ ਕਰਾਮਾਤੀ ਥੰਮ ਅਜੇ ਵੀ ਉਥੇ ਸੰਭਾਲ ਕੇ ਰੱਖੇ ਹੋਏ ਹਨ। ਉਸ ਨੂੰ ਮੁਕਤੀ ਪ੍ਰਦਾਨ ਕਰਨ ਸਮੇਂ ਗੁਰੂ ਤੇਗ਼ ਬਹਾਦਰ ਜੀ ਇੱਕ ਤਾਕੀ ਵਿਚੋਂ ਸੂਖਸ਼ਮ ਰੂਪ ਵਿੱਚ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਅਤੇ ਆਪਣੇ ਪ੍ਰਵਾਰ ਸਮੇਤ ਅੰਦਰ ਚਲੇ ਗਏ। ਆਪਣੇ ਹੱਥਾਂ ਨਾਲ ਖੂੰਡੀ ਗੱਡ ਕੇ ਘੋੜਾ ਬੰਨ੍ਹਿਆਂ ਤੇ ਗੁਰੂ ਨਾਨਕ ਦੇ ਆਸਨ ‘ਤੇ ਬੈਠ ਕੇ ਭਗਤ ਜੈਤਾਮਲ ਨੂੰ ਗੁਰੂ ਨਾਨਕ ਦੇ ਰੂਪ ਵਿੱਚ ਦਰਸ਼ਨ ਦੇ ਕੇ ਉਸ ਦੀ ਮੁਕਤੀ ਕੀਤੀ।

‘ਚੀਨ ਅਤੇ ਵੈਨਕੂਵਰ ਦੀ ਯਾਤਰਾ’ ਨਾਮ ਦੇ ਨਿਬੰਧ ਵਿੱਚ ਜਿੱਥੇ ਕਿ ਆਮ ਪਾਠਕ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਾਲੀ ਜ਼ਿੰਦਗੀ ਦੇ ਅਨੇਕਾਂ ਪੱਖਾਂ ਨਾਲ ਸਬੰਧਿਤ ਚੀਨ ਬਾਰੇ ਜਾਣਕਾਰੀ ਦਿੱਤੀ ਗਈ ਹੈ; ਉੱਥੇ ਹੀ ਚੀਨ ਨਾਲ ਸਬੰਧਤ ਕੁਝ ਅਜਿਹੀਆਂ ਗੱਲਾਂ ਵੀ ਦੱਸੀਆਂ ਗਈਆਂ ਹਨ ਜੋ ਪੰਜਾਬੀ ਪਾਠਕ ਦਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਪੇਸ਼ ਹਨ ਚੀਨ ਨਾਲ ਸਬੰਧਤ ਅਜਿਹੀਆਂ ਕੁਝ ਵਿਸ਼ੇਸ਼ ਗੱਲਾਂ:

1.
ਦੇਸ਼ ਵਿੱਚ ਮਰਦਾਂ ਦੀ ਔਸਤ ਉਮਰ 71 ਸਾਲ ਅਤੇ ਇਸਤਰੀਆਂ ਦੀ 74.5 ਸਾਲ ਹੈ। 1949 ਵਿੱਚ ਦੇਸ਼ ਦੀ ਔਸਤ ਉਮਰ ਸਿਰਫ 32 ਸਾਲ ਸੀ।

2.
ਅਸੀਂ ਹੋਟਲ ਦੇ ਕਮਰੇ ਦੀ ਤੇਰ੍ਹਵੀਂ ਮੰਜਿ਼ਲ ਤੋਂ ਜਦੋਂ ਥੱਲੇ ਵੇਖਦੇ ਸੀ ਤਾਂ ਸੜਕਾਂ ਉੱਤੇ ਸਾਈਕਲ ਹੀ ਸਾਈਕਲ ਜਾ ਰਹੇ ਹੁੰਦੇ ਸਨ। ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਕਿ ਚੀਨ ਵਿੱਚ ਸਾਈਕਲ ਚੱਲਣ ਦੀ ਵੱਖਰੀ ਲੇਨ ਹੁੰਦੀ ਹੈ ਅਤੇ ਪਾਰਕਿੰਗ ਲਈ ਵੀ ਵੱਖਰੇ ਸਥਾਨ ਹੁੰਦੇ ਹਨ। ਇਸੇ ਤਰ੍ਹਾਂ ਪੈਦਲ ਚੱਲਣ ਵਾਲਿਆਂ ਲਈ ਵੱਖਰੀ ਲੇਨ ਹੁੰਦੀ ਹੈ। ਚੀਨ ਵਿੱਚ ਸਾਈਕਲ ਦੀ ਸਵਾਰੀ ਬਹੁਤ ਹਰਮਨ ਪਿਆਰੀ ਹੈ ਜੋ ਪ੍ਰਦੂਸ਼ਣ ਨੂੰ ਵੀ ਨਹੀਂ ਫੈਲਾਉਂਦੀ। ਚੀਨ ਵਿੱਚ 90 ਕਰੋੜ ਤੋਂ ਵੀ ਵੱਧ ਸਾਈਕਲ ਹਨ ਅਤੇ ਕਾਰਾਂ ਸਿਰਫ 9 ਕਰੋੜ ਹਨ।

3.
ਅੱਠ ਅਗਸਤ 2007 ਨੂੰ ਅਸੀਂ ਚੀਨ ਦੀ ਸਭ ਤੋਂ ਵੱਧ ਪ੍ਰਸਿੱਧ ਅਤੇ ਦੁਨੀਆਂ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਗਿਣੀ ਜਾਣ ਵਾਲੀ 2200 ਸਾਲ ਤੋਂ ਵੱਧ ਪੁਰਾਣੀ ‘ਗਰੇਟ ਵਾਲ ਆਫ ਚਾਈਨਾ’ (ਚੀਨ ਦੀ ਮਹਾਨ ਦੀਵਾਰ) ਵੇਖਣ ਗਏ ਸਵੇਰੇ ਸਾਢੇ ਅੱਠ ਵਜੇ ਬਰੈਕਫਾਸਟ ਲੈ ਕੇ ਟੂਰਿਸਟ ਕੋਚ ਵਿੱਚ ਬੈਠ ਗਏ। ਕੰਧ ਦੀ ਚੌੜਾਈ ਬੇਸ ਲੈਵਲ ਤੋਂ ਇੱਕੀ ਫੁੱਟ ਹੈ ਅਤੇ ਉੱਤੇ ਜਾ ਕੇ ਸਾਢੇ ਸੋਲਾਂ ਫੁੱਟ ਚੌੜੀ ਹੈ। ਇਸ ਉਪਰ ਦੋ ਕਾਰਾਂ ਆਸਾਨੀ ਨਾਲ ਚੱਲ ਸਕਦੀਆਂ ਹਨ। ਇਸ ਕੰਧ ਦੀ ਉਚਾਈ 26 ਫੁੱਟ ਹੈ। ਇਹ ਕੰਧ ਕੁਇਨ ਵੰਸ ਦੇ ਬਾਦਸ਼ਾਹ ਨੇ ਤੀਜੀ ਸਦੀ ਪੂਰਬ ਈਸਵੀ ਵਿਚ ਬਣਾਉਣੀ ਸ਼ੁਰੂ ਕੀਤੀ ਸੀ। ਇਹ ਕੰਧ ਆਊਟਰ ਮੰਗੋਲੀਆ ਦੇ ਹਮਲਿਆਂ ਤੋਂ ਬਚਣ ਲਈ ਬਣਾਈ ਗਈ ਸੀ। ਇਸ ਦੇ ਉਸਾਰੀ ਕਰਨ ਵਿੱਚ ਲੱਗਭੱਗ 10 ਲੱਖ ਮਜਦੂਰ ਮੌਤ ਦੇ ਸਿ਼ਕਾਰ ਹੋਏ ਸਨ। ਮੋਢਿਆਂ ਉੱਤੇ ਰੱਖੀਆਂ ਵਹਿੰਗੀਆਂ ਦੇ ਦੋਵੇਂ ਪਲੜਿਆਂ ਵਿੱਚ ਭਾਰੇ ਭਾਰੇ ਪੱਥਰ ਲਿਜਾਏ ਜਾਂਦੇ ਸਨ। ਪੈਰ ਤਿਲਕਦੇ ਸਾਰ ਹੀ ਵਿਚਾਰਾ ਮਜ਼ਦੂਰ ਰੱਬ ਨੂੰ ਪਿਆਰਾ ਹੋ ਜਾਂਦਾ ਸੀ।

4.
ਇੱਥੇ ਵਸਤੂਆਂ ਦੀ ਖ੍ਰੀਦਣ ਸਮੇਂ ਬਹੁਤ ਸੌਦੇਬਾਜ਼ੀ ਚੱਲਦੀ ਸੀ। ਇੱਕ ਚੀਜ਼ ਦਾ ਮੁੱਲ 100 ਯੁਆਨ ਦੱਸ ਕੇ ਪੰਦਰਾਂ ਜਾਂ ਵੀਹ ਯੁਆਨ ਵਿੱਚ ਦੇ ਦਿੰਦੇ ਸਨ।

5.
ਇੱਥੇ ਇੱਕ ਬਾਦਸ਼ਾਹ ਵੂ ਦਾ ਭੇਤ ਭਰਿਆ ਮਕਬਰਾ ਹੈ ਜਿਸ ਵਿਚ ਉਸਦੀਆਂ ਕੀਮਤੀ ਤਲਵਾਰਾਂ ਵੀ ਦਫਨਾਈਆਂ ਹੋਈਆਂ ਹਨ। ਜਿਨਹਾਂ ਇੱਕ ਹਜ਼ਾਰ ਮਜ਼ਦੂਰਾਂ ਨੇ ਇਸ ਨੂੰ ਬਣਾਇਆ ਸੀ ਉਹਨਾਂ ਨੂੰ ਬਾਅਦ ਵਿੱਚ ਮਾਰ ਦਿੱਤਾ ਗਿਆ ਸੀ ਤਾਂ ਕਿ ਕਿਸੇ ਨੂੰ ਅੱਗੇ ਪਤਾ ਨਾ ਲੱਗੇ ਕਿ ਬਾਦਸ਼ਾਹ ਕਿੱਥੇ ਦਫਨਾਇਆ ਗਿਆ ਹੈ।

6.
ਕੋਚ ਰਾਹੀਂ ਅਜਿਹੀ ਥਾਂ ਉੱਤੇ ਗਏ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੇ ਅਸੀਂ ਇੱਕ ਟਰੇਨ ਵੇਖੀ ਜੋ ਮੈਗਲਵ ਟਰੇਨ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਚੁੰਬਕੀ ਟਰੇਨ ਕਹੀ ਜਾਂਦੀ ਹੈ। ਇਹ ਗੱਡੀ ਪੱਟੜੀ ਤੋਂ ਛੇ ਇੰਚ ਉੱਚੀ ਚੱਲਦੀ ਹੈ ਅਤੇ ਬਿਨਾਂ ਪਹੀਆਂ ਤੋਂ ਹੈ। ਇਸ ਗੱਡੀ ਦੀ ਰਫਤਾਰ ਅੱਠ ਮਿੰਟਾਂ ਦੇ ਵਿੱਚ ਹੀ 431 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ। ਚੁੰਬਕ ਨਾਲ ਚੱਲਣ ਵਾਲੀ ਟਰੇਨ ਸਭ ਤੋਂ ਪਹਿਲਾਂ ਜਾਪਾਨ ਵਿੱਚ ਚੱਲੀ ਸੀ।

ਯੂਰਪ ਦੇ ਵੱਖੋ ਵੱਖ ਦੇਸ਼ਾਂ ਦੀ ਯਾਤਰਾ ਬਾਰੇ ਚਰਚਾ ਕਰਦਿਆਂ ਹੀ ਸਤਵੰਤ ਸਿੰਘ ਥਾਂ ਥਾਂ ਦਿਲਚਸਪ ਤੱਥ ਪੇਸ਼ ਕਰਦਾ ਹੈ। ਹਾਲੈਂਡ ਬਾਰੇ ਗੱਲ ਕਰਦਿਆਂ ਉਹ ਲਿਖਦਾ ਹੈ:

ਅੰਤਰਰਾਸ਼ਟਰੀ ਕੋਰਟ ਇਸ ਦੇਸ਼ ਦੇ ਹੇਗ ਸ਼ਹਿਰ ਵਿਚ ਹੈ। ਇਹ ਦੇਸ਼ ਸੰਸਾਰ ਦੇ ਗੇਜ਼ (ਸਮਲਿੰਗੀ) ਦਾ ਕੇਂਦਰ ਹੈ। ਇੱਥੇ ਡਰੱਗਜ਼ ਅਤੇ ਸਾਰੇ ਨਸਿ਼ਆਂ ਦੀ ਖੁੱਲਮ ਖੁੱਲਾ ਆਮ ਵਰਤੋਂ ਦੀ ਆਗਿਆ ਹੈ। ਕਿਸੇ ਵੀ ਦੇਸ਼ ਦਾ ਨਸ਼ਾ ਖਰੀਦ ਕੇ ਚਾਹ ਕਾਫੀ ਦੀਆਂ ਦੁਕਾਨਾਂ ਤੇ ਬੈਠ ਕੇ ਖਾ ਸਕਦੇ ਹੋ। ਇਸ ਦੇਸ਼ ਦੀਆਂ ਪਣਚੱਕੀਆਂ ਜਗਤ ਪ੍ਰਸਿੱਧ ਹਨ।

ਸਵਿਟਜ਼ਰਲੈਂਡ ਬਾਰੇ ਜਾਣਕਾਰੀ ਦਿੰਦਿਆਂ ਸਤਵੰਤ ਸਿੰਘ ਲਿਖਦਾ ਹੈ:

ਇਹ ਦੇਸ਼ 1291 ਵਿੱਚ ਤਿੰਨ ਕੈਨਟਨਜ਼ (ਖੁਦ ਮੁਖਤਿਆਰ) ਪ੍ਰਾਂਤਾਂ ਦੇ ਮਿਲਣ ਨਾਲ ਬਣਿਆ ਹੈ। ਬਾਕੀ ਦੇ 20 ਕੈਨਟਨ ਬਾਅਦ ਵਿੱਚ 1979 ਤੱਕ ਨਾਲ ਰਲੇ। ਹੁਣ ਇਹ ਦੇਸ਼ ਕਈ ਖੁਦ ਮੁਖਤਿਆਰ ਪ੍ਰਾਂਤਾਂ ਤੇ ਆਧਾਰਤ ਹੈ। ਰੇਲਵੇ, ਸੈਨਾ ਅਤੇ ਪੋਸਟ ਆਫਸਿਜ਼ ਦੇ ਤਿੰਨ ਵਿਭਾਗ ਸਿੱਧੇ ਕੇਂਦਰੀ ਸਰਕਾਰ ਦੇ ਅਧੀਨ ਹਨ; ਬਾਕੀ ਸਾਰੇ ਵਿਭਾਗ ਇਹਨਾਂ ਕੈਨਟਨਜ਼ ਦੇ ਅਧੀਨ ਹਨ। ਇੱਕ 6 ਮੈਂਬਰੀ ਮੰਤਰੀ ਮੰਡਲ 6 ਸਾਲਾਂ ਲਈ ਚੁਣਿਆ ਜਾਂਦਾ ਹੈ। ਹਰ ਮੈਂਬਰ ਇੱਕ ਵਰਸ਼ ਲਈ ਪ੍ਰਧਾਨ ਮੰਤਰੀ ਬਣਦਾ ਹੈ। ਬਾਹਰਲੇ ਲੋਕਾਂ ਨੂੰ ਰਿਹਾਇਸ਼ ਪਰਮਿਟ ਵੀ ਇਹ ਪ੍ਰਾਂਤ ਆਪ ਦਿੰਦੇ ਹਨ। ਹਰ ਪ੍ਰਾਂਤ ਆਪਣੇ ਲਈ ਕੇਂਦਰੀ ਵਿਭਾਗ ਛੱਡ ਕੇ ਬਾਕੀਆਂ ਦੇ ਸਾਰੇ ਕਾਨੂੰਨ ਆਪ ਬਣਾਉਂਦਾ ਹੈ। ਜਦੋਂ ਕੋਈ ਮਹੱਤਵਪੂਰਨ ਆਰਥਿਕ ਜਾਂ ਰਾਜਨੀਤਕ ਕਾਨੂੰਨ ਜਾਂ ਫੈਸਲਾ ਲੈਣਾ ਹੋਵੇ ਤਾਂ ਦੇਸ਼ ਦੇ ਸਾਰੇ ਕੈਨਟਨਜ਼ ਵਿੱਚ ਰੀਫਰੈਂਡਮ (ਰਾਏਸ਼ੁਮਾਰੀ) ਦੁਆਰਾ ਕੀਤਾ ਜਾਂਦਾ ਹੈ।

ਇਟਲੀ ਬਾਰੇ ਜਾਣਕਾਰੀ ਦਿੰਦਿਆਂ ਸਤਵੰਤ ਸਿੰਘ ਪ੍ਰਸਿੱਧ ਸ਼ਹਿਰ ਫਲੋਰੈਂਸ ਬਾਰੇ ਲਿਖਦਾ ਹੈ:

ਸਾਰੇ ਸ਼ਹਿਰ ਵਿੱਚ ਤੁਹਾਨੂੰ ਜਗ੍ਹਾ ਜਗ੍ਹਾ ‘ਤੇ ਨਗਨ ਪੁਰਸ਼, ਇਸਤਰੀਆਂ ਦੇ ਬੁੱਤ ਨਜ਼ਰ ਆਉਂਦੇ ਹਨ: ਜੋ ਮਨੁੱਖ ਦੀਆਂ ਕਾਮ ਵਾਸ਼ਨਾਵਾਂ ਨੂੰ ਪਰਗਟ ਕਰਦੇ ਹਨ।

ਫਰਾਂਸ ਦੇ ਪ੍ਰਸਿੱਧ ਸ਼ਹਿਰ ਪੈਰਿਸ ਵਿੱਚ ਬਣੇ ਈਫਲ ਟਾਵਰ ਦਾ ਜਿ਼ਕਰ ਕਰਦਿਆਂ ਸਤਵੰਤ ਸਿੰਘ ਲਿਖਦਾ ਹੈ:

ਈਫਲ ਟਾਵਰ ਤਿੰਨ ਸੌ ਅਠਾਰਾਂ ਮੀਟਰ ਉੱਚਾ ਹੈ। ਰਾਤ ਦੀਆਂ ਰੌਸ਼ਨੀਆਂ ਵਿੱਚ ਭਿੰਨ ਭਿੰਨ ਪ੍ਰਕਾਰ ਦੀਆਂ ਰੰਗਦਾਰ ਘੁੰਮਦੀਆਂ ਲਾਈਟਾਂ, ਜੋ ਈਫਲ ਟਾਵਰ ਦੀ ਚੋਟੀ ਤੋਂ ਨਿਕਲਦੀਆਂ ਸਨ, ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰਦੀਆਂ ਸਨ। ਇਸ ਦੀ ਉਸਾਰੀ ਵੇਲੇ ਫੈਸ਼ਨ ਸਿਟੀ ਦੇ ਲੋਕਾਂ ਨੇ ਲੋਹੇ ਦੇ ਇਸ ਟਾਵਰ ਦੀ ਉਸਾਰੀ ਦਾ ਬਹੁਤ ਵਿਰੋਧ ਕੀਤਾ ਕਿ ਇਹ ਟਾਵਰ ਜੋ ਕਾਲੇ ਰੰਗ ਦੇ ਲੋਹੇ ਦਾ ਬਣਿਆ ਹੈ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜਦਾ ਹੈ ਫਿਰ ਹੌਲੀ ਹੌਲੀ ਵਿਰੋਧਤਾ ਖਤਮ ਹੁੰਦੀ ਗਈ।

ਹੁਣ ਤੱਕ ਚਰਚਾ ਅਧੀਨ ਆਏ ਦੇਸ਼ਾਂ ਦੀ ਯਾਤਰਾ ਤੋਂ ਬਿਨ੍ਹਾਂ ਸਤਵੰਤ ਸਿੰਘ ਨੇ ਕੈਨੇਡਾ ਦੇ ਪ੍ਰਾਂਤਾਂ ਕਿਊਬੈਕ, ਨਿਊਬਰੰਸਵਿਕ, ਪ੍ਰਿੰਸ ਐਡਵਰਡ ਆਈਲੈਂਡ ਅਤੇ ਬ੍ਰਿਟਿਸ਼ ਕੋਲੰਬੀਆ ਦੀ ਯਾਤਰਾ ਵੀ ਕੀਤੀ ਹੈ।

‘ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ’ ਪੁਸਤਕ ਦੇ ਅਖੀਰਲੇ ਹਿੱਸੇ ਵਿੱਚ ‘ਐਸਕੀਮੋ ਲੋਕਾਂ ਦੀ ਸੁੰਦਰ ਧਰਤੀ (ਟੁੰਡਰਾ) ਅਲਾਸਕਾ ਦੀ ਯਾਤਰਾ’ ਨਿਬੰਧ ਅਧੀਨ ਅਲਾਸਕਾ ਬਾਰੇ ਚਰਚਾ ਕੀਤਾ ਗਿਆ ਹੈ। ਅਲਾਸਕਾ ਬਾਰੇ ਸਤਵੰਤ ਸਿੰਘ ਕੁਝ ਅਜਿਹੀ ਮਹੱਤਵ-ਪੂਰਨ ਜਾਣਕਾਰੀ ਪੇਸ਼ ਕਰਦਾ ਹੈ:

1.
ਅਲਾਸਕਾ ਸ਼ਬਦ ਐਬਰਿਜਨਲ (ਆਦਿਵਾਸੀ) ਭਾਸ਼ਾ ਐਲਯੂਟ ਦੇ ਸ਼ਬਦ ਐਲੀਸੈਕਾ ਤੋਂ ਬਣਿਆ ਹੈ, ਜਿਸਦਾ ਅਰਥ ਮਹਾਨ ਭੂਮੀ ਹੈ।

2.
ਇਹ ਅਮਰੀਕਾ ਦੀ 49ਵੀਂ ਸਟੇਟ ਹੈ ਤੇ ਇਹ 3 ਜਨਵਰੀ 1958 ਨੂੰ ਬਣੀ ਸੀ। ਉਸ ਵੇਲੇ ਦੇ ਸੈਕਰੇਟਰੀ ਆਫ ਸਟੇਟ ਸੀਵਾਰਡ ਨੇ ਅਮਰੀਕਾ ਸਰਕਾਰ ਦੀ ਤਰਫੋਂ ਅਲਾਸਕਾ ਦਾ ਪਰਾਂਤ 1867 ਵਿੱਚ 72 ਲੱਖ ਅਮਰੀਕਨ ਡਾਲਰਾਂ ਵਿੱਚ ਰੂਸ ਤੋਂ ਮੁੱਲ ਲਿਆ ਸੀ।

3.
ਦੁਨੀਆਂ ਦੇ ਸਭ ਤੋਂ ਭਾਰੇ ਅਤੇ ਉੱਚੇ ਰਿੱਛ, ਇੱਥੇ ਸਮੁੰਦਰੀ ਤਟ ਦੇ ਨਜ਼ਦੀਕ ਰਹਿੰਦੇ ਹਨ ਜਿਨ੍ਹਾਂ ਨੂੰ ਗਰਿਜ਼ਲੀਜ਼ ਕਿਹਾ ਜਾਂਦਾ ਹੈ। ਇਹ 1200 ਪੌਂਡ ਭਾਰੇ ਤੇ 9 ਫੁੱਟ ਉੱਚੇ ਭੂਰੇ ਰੰਗ ਦੇ ਰਿੱਛ ਹਨ।

4.
ਇਥੇ ਆਰਕਟਿਕ ਸਰਕਲ ਦਾ ਬੋਰਡ ਲੱਗਿਆ ਹੋਇਆ ਸੀ ਜਿੱਥੇ ਅਸੀਂ ਚਾਰਾਂ ਨੇ ਖੜ੍ਹ ਕੇ ਫੋਟੋ ਖਿਚਵਾਈ। ਇਹ ਉਹ ਜਗ੍ਹਾ ਹੈ, ਜਿੱਥੇ 21 ਜੂਨ ਨੂੰ 24 ਘੰਟੇ ਸੂਰਜ ਚਮਕਦਾ ਹੈ।

5.
ਪਿੰਡ ਵਿੱਚ ਇੱਕ ਕਿੰਡਰਗਾਰਟਨ ਸਕੂਲ ਸੀ। ਰਿਚਰਡ ਨੇ ਦੱਸਿਆ ਕਿ ਇਸ ਪਿੰਡ ਦੇ 50 ਪ੍ਰਤੀਸ਼ਤ ਲੋਕ ਸ਼ੂਗਰ ਰੋਗ ਨਾਲ ਪੀੜਤ ਹਨ ਕਿਉਂਕਿ ਇਹ ਵੇਲ ਮੱਛੀ ਨੂੰ ਖਾਂਦੇ ਹਨ ਜਿਸ ਵਿੱਚ ਬਹੁਤ ਚਰਬੀ ਹੁੰਦੀ ਹੈ। ਮੋਟਾਪੇ ਕਾਰਨ ਡਾਏਬੀਟੀਜ਼ ਦੇ ਸਿ਼ਕਾਰ ਹੋ ਜਾਂਦੇ ਹਨ। ਇੱਕ ਥਾਂ ਪਿੰਡ ਵਿੱਚ 40/50 ਕੁੱਤੇ ਇੱਕੋ ਥਾਂ ਰਹਿੰਦੇ ਵੇਖੇ ਜੋ ਸਾਡਾ ਭੌਂਕ-ਭੌਂਕ ਕੇ ਸਵਾਗਤ ਕਰ ਰਹੇ ਸਨ।

ਸਤਵੰਤ ਸਿੰਘ ਨੇ ਆਪਣੇ ਤਜਰਬਿਆਂ ਦੇ ਆਧਾਰ ਉੱਤੇ ਵਿਸ਼ਵ ਯਾਤਰਾਵਾਂ ਕਰਨ ਵਾਲੇ ਲੋਕਾਂ ਨੂੰ ਕੁਝ ਚਿਤਾਵਨੀਆਂ ਵੀ ਦਿੱਤੀਆਂ ਹਨ - ਵਿਸ਼ੇਸ਼ ਕਰਕੇ ਏਅਰ ਟਰੈਵਲ ਕੰਪਨੀਆਂ ਦੇ ਲਾਲਚ ਭਰੇ ਵਤੀਰੇ ਬਾਰੇ।

1.
ਜਦੋਂ ਮੈਂ ਤੇ ਮੇਰੇ ਲੜਕੇ ਮਹਿੰਦਰਪਾਲ ਸਿੰਘ ਨੇ ਦੱਖਣੀ ਭਾਰਤ ਦੀ ਯਾਤਰਾ ‘ਤੇ ਜਾਣਾ ਸੀ ਤਾਂ ਉਦੋਂ ਏਅਰ ਫਰਾਂਸ ਦੀਆਂ ਟਿਕਟਾਂ 4 ਮਹੀਨੇ ਪਹਿਲਾਂ ਅਸੀਂ ਬੁੱਕ ਕਰਵਾਈਆਂ ਸਨ ਪਰ ਜਦੋਂ ਅਸੀਂ ਏਅਰਪੋਰਟ ‘ਤੇ ਪਹੁੰਚੇ ਤਾਂ ਫਰਾਂਸ ਏਅਰ ਲਾਈਨਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਦੇ ਵਿੱਚ ਕੋਈ ਸੀਟ ਖਾਲੀ ਨਹੀਂ। ਦੋ ਘੰਟੇ ਉਹਨਾਂ ਨਾਲ ਬਹਿਸ ਕਰਨ ਉਪਰੰਤ ਪੈਕੇਜ ਡੀਲ ਦੇ ਪੇਪਰ ਦਿਖਾਏ ਦੱਸਿਆ ਕਿ ਸਾਡਾ ਸਾਰਾ ਟੂਰ ਖਤਮ ਹੋ ਜਾਵੇਗਾ ਤਾਂ ਉਹਨਾਂ ਨੇ ਪਤਾ ਨਹੀਂ ਕਿਵੇਂ ਕੀਤਾ ਸਾਨੂੰ ਦੋ ਸੀਟਾਂ ਦਾ ਪਰਬੰਧ ਕਰ ਦਿੱਤਾ ਤੇ ਅਸੀਂ ਸਮੇਂ ਸਿਰ ਮਦਰਾਸ (ਚੈਨਈ) ਏਅਰ ਪੋਰਟ ‘ਤੇ ਪਹੁੰਚ ਗਏ।

2.
ਆਖ਼ਰ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੇਰੇ ਨਾਲ ਗਏ ਮੇਰੇ ਬੇਟੇ ਨੂੰ ਏਅਰ ਇੰਡੀਆ ਦੀ ਗਲਤੀ ਕਾਰਣ 2 ਅਪਰੈਲ 2008 ਨੂੰ ਏਅਰਪੋਰਟ ਤੋਂ ਵਾਪਿਸ ਮੁੜਨਾ ਪਿਆ ਅਤੇ ਉਹ ਕਾਫ਼ੀ ਖੱਜਲਖੁਆਰੀ ਬਾਅਦ 4 ਅਪਰੈਲ ਨੂੰ ਕੈਨੇਡਾ ਦੀ ਫਲਾਈਟ ਲੈ ਸਕਿਆ। ਏਅਰ ਇੰਡੀਆ ਦੇ ਸਟਾਫ ਦੀ ਲਾਪਰਵਾਹੀ ਕਾਰਣ ਬਹੁਤ ਯਾਤਰੀਆਂ ਨੂੰ ਖੁਆਰ ਹੋਣਾ ਪੈਂਦਾ ਹੈ। ਹਾਲਾਤ ਇਹ ਹਨ ਕਿ ਜਿਹੜੇ ਪਹਿਲਾਂ ਪਹੁੰਚ ਜਾਂਦੇ ਹਨ, ਉਹਨਾਂ ਨੂੰ ਚੜ੍ਹਾ ਲਿਆ ਜਾਂਦਾ ਹੈ ਅਤੇ ਬਾਕੀਆਂ ਨੂੰ , ਭਾਵੇਂ ਉਹਨਾਂ ਦੀਆਂ ਟਿਕਟਾਂ ਕਨਫਰਮ ਵੀ ਹੋਣ, ਛੱਡ ਦਿੱਤਾ ਜਾਂਦਾ ਹੈ...ਇਹ ਹਾਲ ਹੈ ਚਾਰ-ਚਾਰ ਮਹੀਨੇ ਪਹਿਲੇ ਲਈਆਂ ਟਿਕਟਾਂ ਦਾ। ਸੋ ਪੈਕੇਜ ਲੈ ਕੇ ਜਾਣ ਵਾਲਿਆਂ ਨੂੰ ਇਹਨਾਂ ਗੱਲਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ।

ਕੈਨੇਡੀਅਨ ਪੰਜਾਬੀ ਸਾਹਿਤਕਾਰ ਸਤਵੰਤ ਸਿੰਘ ਦੀ ਪੁਸਤਕ ‘ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ’, ਨਿਰਸੰਦੇਹ, ਇੱਕ ਦਿਲਚਸਪ ਪੁਸਤਕ ਹੈ। ਇਹ ਪੁਸਤਕ ਪੜ੍ਹਣ ਨਾਲ ਹੋਰ ਲੇਖਕਾਂ ਨੂੰ ਵੀ ਵਿਸ਼ਵ ਯਾਤਰਾਵਾਂ ਕਰਨ ਅਤੇ ਉਨ੍ਹਾਂ ਯਾਤਰਾਵਾਂ ਬਾਰੇ ਪੁਸਤਕਾਂ ਲਿਖਣ ਦਾ ਉਤਸ਼ਾਹ ਮਿਲੇਗਾ।

ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜਿ਼ਕਰਯੋਗ ਵਾਧਾ ਹੋਇਆ ਹੈ। ਪੰਜਾਬੀ ਪਾਠਕਾਂ ਨੂੰ ਮੈਂ ਇਹ ਵਧੀਆ ਪੁਸਤਕ ਪੜ੍ਹਣ ਦੀ ਸਿਫ਼ਾਰਸ਼ ਕਰਦਾ ਹਾਂ।

(ਮਾਲਟਨ, ਫਰਵਰੀ 26, 2012)


    ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆˆ ਅਭੁੱਲ ਵਿਸ਼ਵ ਯਾਤਰਾਵਾˆ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)