ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')

ਸੀਮੋਨ ਵੇਅਲ ਨੇ ਲਿਖਿਆ ਹੈ ਕਿ ਕਲਪਨਾ ਅਤੇ ਫਿਕਸ਼ਨ ਸਾਡੀ ਜ਼ਿੰਦਗੀ  ਦਾ ਹੀ ਤਿੰਨ ਚੌਥਾਈ ਹਿੱਸਾ ਹਨ। ਇਕ ਸਫ਼ਲ ਲੇਖਕ ਦੀ ਪ੍ਰਾਪਤੀ ਇਸੇ ਗੱਲ ਵਿਚ ਹੈ ਕਿ ਉਹ ਆਮ ਜ਼ਿੰਦਗੀ  ਵਿਚ ਵਾਪਰਦੀਆਂ ਘਟਨਾਵਾਂ ਅਤੇ ਕਲਪਨਾ ਦਾ ਆਪਣੀ ਮੁਹਾਰਤ ਨਾਲ਼ ਕਿਵੇਂ ਸੁਮੇਲ ਕਰਦਾ ਹੈ! 'ਦ ਐਲਕੇਮਿਸਟ' ਦੇ ਲੇਖਕ ਪਾਓਲੋ ਦੇ ਲਿਖਣ ਅਨੁਸਾਰ; ਹਰ ਆਮ ਇਨਸਾਨ ਦੀ ਜ਼ਿੰਦਗੀ  ਦੀ ਕਹਾਣੀ ਵੀ ਆਮ ਤੋਂ ਵੱਖਰੀ ਤੇ ਸ਼ਾਨਦਾਰ ਬਣ ਸਕਦੀ ਹੈ, ਜੇਕਰ ਉਸ ਦੇ ਮਨ ਵਿਚ ਕੁਝ ਵੱਖਰਾ ਕਰਨ ਦੀ ਚਾਹ ਹੈ! ਇਹ ਰਾਹ ਚਾਹੇ ਸੌਖਾ ਨਹੀਂ, ਪਰ ਸ਼ਿਵਚਰਨ ਜੱਗੀ ਕੁੱਸਾ 'ਰਾਤ' ਨੇ ਆਪਣੇ ਆਪ ਨੂੰ ਏਸੇ ਵੱਖਰੀ ਰਾਹ 'ਤੇ ਤੋਰਦਿਆਂ ਨੀਂਦ 'ਚ ਆਉਂਦੇ ਸੁਪਨਿਆਂ ਨੂੰ ਆਪਣੀ ਕਲਮ ਦੀ ਜ਼ੁਬਾਨ ਬਖ਼ਸ਼ੀ ਹੈ! ਏਸੇ ਕਰਕੇ ਓਹਦਾ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਵੀ ਕਹਾਣੀ ਤੋਂ ਨਾਵਲ ਬਣ ਗਿਆ ਸੀ! ਸ਼ਾਇਦ ਏਸੇ ਸਫ਼ਰ ਕਰਕੇ ਉਸ ਦੀ ਕਲਮ 'ਪਾਰਸ' ਬਣ ਗਈ ਹੈ ਅਤੇ ਇਸ ਕਲਮ ਦੀ ਕੁੱਖੋਂ ਜੰਮੇਂ ਸ਼ਬਦ ਸੁਨਿਹਰੇ ਨੇ।

ਜਿਲ੍ਹਾ ਮੋਗਾ ਦੇ ਪਿੰਡ ਕੁੱਸਾ ਵਿਚ ਪੈਦਾ ਹੋਇਆ ਸ਼ਿਵਚਰਨ ਪੱਚੀ ਸਾਲ ਖ਼ੂਬਸੂਰਤ ਦੇਸ਼ ਆਸਟਰੀਆ 'ਚ ਬਿਤਾ ਕੇ ਅੱਜ ਕੱਲ੍ਹ ਇੰਗਲੈਂਡ ਰਹਿੰਦਾ ਹੈ। ਉਸ ਨਾਲ਼ ਗੱਲ ਕਰਦਿਆਂ ਇੰਜ ਲੱਗਦਾ ਹੈ ਜਿਵੇਂ ਸਾਉਣ ਦੇ ਪਹਿਲੇ ਛਰਾਟੇ ਨਾਲ਼ ਭਿੱਜ ਗਏ ਹੋਵੋਂ, ਜਿਵੇਂ ਕਾਗਜ਼ ਦੀਆਂ ਕਿਸ਼ਤੀਆਂ ਮੀਂਹ ਦਾ ਪਾਣੀ ਛੱਡ ਸਮੁੰਦਰ ਵੱਲ ਤੁਰ ਪਈਆਂ ਹੋਣ, ਜਿਵੇਂ ਹਵਾ ਨੇ ਫ਼ੁੱਲਾਂ ਤੋਂ ਖ਼ੁਸ਼ਬੂ ਚੁਰਾ ਕੇ ਚਾਰੇ ਪਾਸੇ ਬਖ਼ੇਰ ਦਿੱਤੀ ਹੋਵੇ। ਜਿਵੇਂ ਰਾਧਾ, ਸ਼ਿਆਮ ਦੀ ਬੰਸਰੀ ਦੀ ਤਾਨ 'ਤੇ ਮੰਤਰ-ਮੁਗਧ ਹੋ ਕੇ ਨੱਚ ਉਠੀ ਹੋਵੇ! ਸੀਤ ਰੁੱਤੇ ਕੋਸੀ-ਕੋਸੀ ਧੁੱਪ ਵਰਗਾ ਦੋਸਤ ਸ਼ਿਵਚਰਨ, ਦੋਸਤੀ ਦੇ ਬਾਲ਼ੇ ਇਕ ਦੀਵੇ ਨੂੰ ਸੂਰਜ ਬਣਾ ਦਿੰਦਾ ਹੈ, ਤੁਹਾਡੀ ਇਕ ਸਤਰ ਤੋਂ ਸ਼ੁਰੂ ਕੀਤੀ ਦੋਸਤੀ ਦੇ ਹਰਫ਼ਾਂ ਨੂੰ ਅਰਥ ਦੇ ਕੇ ਪੂਰਾ ਨਾਵਲ ਬਣਾ ਤੁਹਾਨੂੰ ਮੋੜਦਾ ਹੈ, ਤੁਹਾਡੇ ਬਿਨਾ ਜਾਣੇਂ, ਤੁਹਾਡਾ ਨਾਮ ਨਾਵਲ ਦੀ ਭੂਮਿਕਾ ਜਾਂ ਅੰਤਿਕਾ 'ਚ ਕਿਤੇ ਨਾ ਕਿਤੇ ਜ਼ਰੂਰ ਦਰਜ਼ ਕਰ ਜਾਂਦਾ ਹੈ। ਪੁੰਨਿਆਂ ਦੇ ਚੰਦ ਨੂੰ ਲਕੋਈ ਬੈਠੀ ਹਨ੍ਹੇਰੀ ਕੰਦਰਾ ਦੇ ਬਾਹਰ ਤੁਹਾਡੇ ਨਾਮ ਦੇ ਨੀਲੇ, ਗੁਲਾਬੀ ਫ਼ੁੱਲ ਲਾ ਤੁਹਾਨੂੰ ਖ਼ੁਸ਼ਆਮਦੀਦ ਕਹਿ ਕੇ ਮਾਣ ਮਹਿਸੂਸ ਕਰਦਾ ਹੈ। ਯਾਰ-ਦੋਸਤ ਉਸ ਨੂੰ ਬੜੇ ਅਜ਼ੀਜ਼ ਨੇ, ਕਵੀ ਆਸੀ ਦੇ ਲਿਖਣ ਮੁਤਾਬਿਕ:

ਡੀਕ ਸਕਦਾ ਹਾਂ
ਕਈ ਸਮੁੰਦਰ
ਪੰਜਿਆਂ 'ਚ ਲੈ ਕੇ ਉਡ ਜਾਵਾਂ
ਧਰਤੀ ਵਰਗੇ ਕਈ ਗ੍ਰਹਿ
ਮੈਂ ਚੀਰ ਜਾਵਾਂਗਾ ਹਰ ਕਾਲਖ਼
ਆਖਰੀ ਸੂਰਜ ਦੀ ਖਾਤਿਰ
ਪਰ ਤੂੰ ਇਕ ਵਾਰ ਤਾਂ ਕਹਿ
"...ਤੂੰ ਮੁਹੱਬਤ ਖਾਤਿਰ
ਐਨਾਂ ਕੁ ਵੀ ਉੱਡ ਸਕਦੈਂ..!"

ਬਹੁਤੀ ਵਾਰ ਉਹ ਤੁਹਾਨੂੰ ਫਿਲਮ "ਕਾਸਟ ਅਵੇਅ" ਦੇ ਨਾਇਕ ਟੌਮ ਹੈਂਕਸ ਦੀ ਤਰ੍ਹਾਂ ਸਮੁੰਦਰ 'ਚ ਘਿਰੇ ਟਾਪੂ 'ਤੇ ਬੈਠਾ ਇਕੱਲਾ ਬਣਵਾਸ ਕੱਟਦਾ ਮਹਿਸੂਸ ਹੋਵੇਗਾ, ਕਦੇ ਤੁਰ-ਤੁਰ ਕੇ ਥੱਕਿਆ ਲੱਗੇਗਾ, ਕਦੇ ਬ੍ਰਹਿਮੰਡ ਦੇ ਇਕ ਟੁਕੜੇ ਨੂੰ ਆਪਣੇ ਅਨੁਸਾਰ ਸਿਰਜਦਾ ਦੁਮੇਲ ਵੱਲ ਜਾਂਦਾ ਅਣਥੱਕ ਪ੍ਰਤੀਤ ਹੋਵੇਗਾ, ਕਦੇ ਦੁਨਿਆਵੀ ਬੰਧਨ ਤੋੜ ਆਲ੍ਹਣਾਂ ਛੱਡ ਜਾਣ ਦੀ ਗੱਲ ਕਰੇਗਾ, ਪਰ ਅਗਲੇ ਹੀ ਪਲ ਬੋਟਾਂ ਦਾ ਫਿ਼ਕਰ ਕਰ ਆਦਰਸ਼ਾਂ ਤੇ ਮਰਿਆਦਾਵਾਂ ਨਿਭਾਉਣ ਦੀ ਹਾਮੀਂ ਭਰੇਗਾ, ਕਦੇ ਕਿਸੇ ਦਰੱਖ਼ਤ ਥੱਲੇ ਸਮਾਧੀ ਲਾ ਕੇ ਬਹਿਣ ਦਾ ਅਤੇ ਕਦੇ ਸ਼ਾਂਤਮਈ ਝੀਲ ਦੇ ਪਾਣੀ 'ਚ ਗੀਟੀ ਮਾਰ ਹਲਚਲ ਪੈਦਾ ਕਰ, ਸ਼ੂਕਦੇ ਸਮੁੰਦਰ 'ਚ ਲਹਿ ਜਾਣ ਦਾ ਸੁਝਾਅ ਦੇਵੇਗਾ! ਨਾਵਲਾਂ, ਕਹਾਣੀਆਂ, ਲੇਖਾਂ 'ਚ ਸਮਾਜ ਅਤੇ ਪਾਤਰਾਂ ਦੀ ਸਖ਼ਸ਼ੀਅਤ ਦਾ ਹਰ ਪੱਖ ਉਭਾਰਨ ਵਾਲ਼ਾ ਕਈ-ਕਈ ਦਿਨ ਕਿਸੇ ਵਿਸ਼ੇ ਨੂੰ ਛੂਹੇਗਾ ਨਹੀਂ, ਪਰ ਜੇ ਤੁਸੀਂ ਕਹੋਂ ਤਾਂ ਨਾਵਲ ਦੇ ਚਾਰ-ਪੰਜ ਕਾਂਡ ਇਕੱਠੇ ਹੀ ਲਿਖ ਧਰੇਗਾ। ਪੇਂਡੂ ਭਾਸ਼ਾ ਅਤੇ ਹਾਸ-ਵਿਅੰਗ ਦੇ ਟੋਟਕਿਆਂ ਜਿਵੇਂ "...ਛੱਡ ਗਾਉਣ ਦਾ ਖਹਿੜਾ ਕੀ ਚਮਕੀਲਾ ਬਣਜੇਂਗਾ..." ਨਾਲ਼ ਗੱਲਬਾਤ ਅਤੇ ਲਿਖਤਾਂ 'ਚ ਰੰਗ ਭਰਨ ਵਾਲ਼ਾ ਸ਼ਿਵਚਰਨ, ਅਸਲ ਵਿਚ ਦਾਰਸ਼ਨਿਕ ਸੋਚ ਦਾ ਧਾਰਨੀ ਹੈ। ਗ਼ਜ਼ਲ ਉਸ ਦੇ ਸਿਰ ਉਤੋਂ ਜਹਾਜ ਵਾਂਗ ਲੰਘ ਜਾਂਦੀ ਹੈ, ਕਵਿਤਾ ਉਹ ਭਾਵਨਾਂ ਦੇ ਵਹਿਣ 'ਚ ਆ ਕੇ ਲਿਖਦਾ ਹੈ, ਵਾਰਤਿਕ ਨੂੰ ਹੱਡਾਂਰੋੜੀ ਦਾ ਰਸਤਾ ਦੱਸਦਾ ਹੈ।

ਸ਼ਿਵਚਰਨ ਆਪਣੇ ਨਾਵਲਾਂ ਵਿਚ ਬੇਜੋੜ ਰਿਸ਼ਤਿਆਂ 'ਤੇ ਕਰਾਰੀਆਂ ਚੋਟਾਂ ਕਰਦਾ ਹੈ। ਏਸੇ ਕਰਕੇ ਉਸ ਦੇ ਨਾਵਲਾਂ ਵਿਚਲੇ ਰਿਸ਼ਤੇ ਬਹੁਤੀ ਵਾਰ 'ਕੋਬਰੇ' ਤੋਂ ਵੀ ਵੱਧ ਜ਼ਹਿਰੀਲੇ ਜਾਪਦੇ ਹਨ ਅਤੇ ਆਮ ਪਾਠਕਾਂ ਦੀ ਰੂਹ ਨੂੰ ਝੰਜੋੜਨ ਲਈ ਡੰਗ ਵੀ ਮਾਰਦੇ ਹਨ! ਰਿਸ਼ਤਿਆਂ ਵਿਚਲੀ ਦੁਰਗੰਧ ਤੋਂ ਦੂਰ ਜਾਣ ਲਈ ਅਤੀਤ ਦੀ ਕਸਤੂਰੀ ਮਗਰ ਭੱਜਦੇ ਹਨ। ਉਸ ਦੇ ਪਾਤਰ ਅਤੀਤ ਵਿਚ ਸਾਹ ਲੈ ਕੇ ਜਿ਼ਆਦਾ ਖ਼ੁਸ਼ੀ ਮਹਿਸੂਸ ਕਰਦੇ ਹਨ। ਉਸ ਦੇ ਪਾਤਰ ਪੇਂਡੂ ਜ਼ਿੰਦਗੀ  ਦੇ ਆਮ ਪਾਤਰ ਹਨ। ਪਾਤਰਾਂ ਦੀਆਂ ਸਖ਼ਸ਼ੀਅਤਾਂ, ਆਲ਼ੇ ਦੁਆਲ਼ੇ ਦਾ ਬਰੀਕੀ ਨਾਲ਼ ਸ਼ੁੱਧ ਮਲਵਈ ਭਾਸ਼ਾ 'ਚ ਸਰਲ ਵਰਨਣ ਕਾਬਿਲੇ-ਤਾਰੀਫ਼ ਹੈ। ਸ਼ਿਵਚਰਨ ਉਹਨਾਂ ਸਫ਼ਲ ਨਾਵਲਕਾਰਾਂ ਦਾ ਮੋਹਰੀ ਹੈ, ਜੋ ਆਪਣੇ ਪਾਠਕਾਂ ਦੀ ਇੱਕੋ ਸਮੇਂ ਬਹੁਤੇ ਕਿਰਦਾਰਾਂ ਨਾਲ਼ ਸਾਂਝ ਪੁਆ ਕੇ ਭੰਬਲ਼ਭੂਸੇ 'ਚ ਕਦਾਚਿੱਤ ਨਹੀਂ ਪਾਉਂਦੇ!

"ਜੱਟ ਵੱਢਿਆ ਬੋਹੜ ਦੀ ਛਾਵੇਂ" ਤੋਂ ਨਾਵਲਾਂ ਦਾ ਸਫ਼ਰ ਸ਼ੁਰੂ ਕਰਕੇ ਨਾਵਲ "ਹਾਜੀ ਲੋਕ ਮੱਕੇ ਵੱਲ ਜਾਂਦੇ" ਉਸ ਦਾ ਸੋਲ੍ਹਵਾਂ ਨਾਵਲ ਹੈ। ਮੁੱਖ ਪਾਤਰ ਹਰਦੇਵ ਦਾ ਗ਼ੈਰ-ਕਾਨੂੰਨੀ ਢੰਗ ਨਾਲ਼ ਬਾਹਰ ਚਲੇ ਜਾਣਾਂ, ਪ੍ਰੀਤੋ ਦਾ ਬਾਬਰ ਨਾਲ਼ ਵਿਆਹ ਤੋਂ ਬਾਅਦ ਵਿਧਵਾ ਹੋ ਜਾਣਾਂ, ਹਰਦੇਵ ਦਾ ਇੰਗਲੈਂਡ 'ਚ ਸੈੱਟ ਹੋ ਕੇ ਵੀ ਖਾਲੀ ਹੱਥ ਪਰਤ ਆਉਣਾਂ...ਤੇ ਅੰਤ ਬਾਬਾ ਬੁੱਲ੍ਹੇ ਸ਼ਾਹ ਦੀ ਕਾਫੀ ਅਨੁਸਾਰ "ਮੇਰਾ ਰਾਂਝਣ ਮਾਹੀ ਮੱਕਾ" ਦੇ ਅਨੁਸਾਰ ਨਾਵਲ ਦੀ ਸਮਾਪਤੀ ਬੇਹੱਦ ਪ੍ਰਭਾਵਸ਼ਾਲੀ ਅਤੇ ਖ਼ੂਬਸੂਰਤ ਹੈ।

ਨਾਵਲ "ਹਾਜੀ ਲੋਕ ਮੱਕੇ ਵੱਲ ਜਾਂਦੇ" ਦੀ ਸ਼ੁਰੂਆਤ ਬਹੁਤ ਹੀ ਭਾਵਪੂਰਣ ਹੈ। ਜਦੋਂ ਮੁੱਖ ਪਾਤਰ ਹਰਦੇਵ, ਜੋ ਕਿ ਨੌਜਵਾਨ ਵਰਗ ਦੀ ਸੋਚ ਦੀ ਤਰਜ਼ਮਾਨੀ ਕਰਦੈ, ਵਰ੍ਹਿਆਂ ਬਾਅਦ ਪਿੰਡ ਪਰਤ ਕੇ ਆਉਂਦਾ ਹੈ, ਤਾਂ ਸ਼ਿਵਚਰਨ ਦੇ ਅੱਤਿ ਖ਼ੂਬਸੂਰਤ ਸ਼ਬਦ ਮੱਲੋ-ਮੱਲੀ ਪ੍ਰਦੇਸੀਂ ਬੈਠੇ ਪਾਠਕਾਂ ਦੀਆਂ ਅੱਖੀਆਂ ਨਮ ਕਰ ਜਾਂਦੇ ਨੇ। ਮੈਂ ਖ਼ੁਦ ਦੂਜੀ ਵਾਰ ਨਾਵਲ ਪੜ੍ਹਦੀ ਵੀ ਆਪਣੀਆਂ ਅੱਖੀਆਂ ਦੀਆਂ ਨਦੀਆਂ ਨੂੰ ਵਹਿਣੋਂ ਰੋਕ ਨਾ ਸਕੀ। ਦੁਨੀਆਂ ਨੂੰ 'ਅਲਵਿਦਾ' ਕਹਿ ਚੁੱਕੀ ਮਾਂ ਨੂੰ ਚੇਤੇ ਕਰਦਿਆਂ ਹਰਦੇਵ ਦੇ ਪਾਤਰ 'ਚੋਂ ਸ਼ਿਵਚਰਨ ਦਾ ਆਪਾ ਝਲਕਦਾ ਹੈ।

ਲੇਖਕ ਦੇ ਨਾਵਲਾਂ ਵਿਚਲੇ ਸਰੀਰਕ ਰਿਸ਼ਤਿਆਂ ਦਾ ਚਿਤ੍ਰਣ, ਮਰਦ ਪ੍ਰਧਾਨ ਸਮਾਜ ਵਿਚ ਔਰਤਾਂ 'ਤੇ ਹੁੰਦੇ ਜ਼ੁਲਮਾਂ, ਧੀ ਨੂੰ ਪੁੱਤ ਦੇ ਬਰਾਬਰ ਦਰਜਾ ਨਾ ਮਿਲਣਾਂ, ਮਾਂ ਦੇ ਮਰਨ ਤੋਂ ਬਾਅਦ ਪ੍ਰੀਤੋ ਦੀ ਪੇਕੇ ਪਿੰਡੋਂ ਸਾਂਝ ਖਤਮ ਹੋ ਜਾਣੀ, ਧੀਆਂ ਪ੍ਰਤੀ ਸਮਾਜ ਦੀ ਅਣਗਹਿਲੀ ਅਤੇ ਬੇਰੁੱਖੀ ਦਾ ਕੋਝਾ ਰੂਪ ਪਾਠਕਾਂ ਸਾਹਮਣੇਂ ਲਿਆਉਂਦਾ ਹੈ। ਸ਼ਿਵਚਰਨ ਖੁੱਲ੍ਹ ਕੇ ਲਿਖਣ ਵਾਲ਼ਾ ਨਿੱਡਰ ਲੇਖਕ ਹੈ। ਸਰੀਰਕ ਰਿਸ਼ਤਿਆਂ ਦੀ ਸੱਚਾਈ ਬਿਆਨ ਕਰਦਾ ਝਿਜਕਦਾ ਨਹੀਂ ਅਤੇ ਆਮ ਬੋਲ ਚਾਲ ਦੀ ਭਾਸ਼ਾ 'ਚ ਗਾਲ਼ਾਂ ਦਾ ਬੇਬਾਕੀ ਨਾਲ਼ ਜਿ਼ਕਰ ਕਰਦਾ ਹੈ।

ਗ਼ੈਰ-ਕਾਨੂੰਨੀ ਢੰਗ ਨਾਲ਼ ਹਰਦੇਵ ਦਾ ਪਹਿਲਾਂ ਗਰੀਸ, ਫੇਰ ਆਸਟਰੀਆ ਚਲੇ ਜਾਣਾਂ, ਠੰਢੇ ਮੌਸਮ ਦਾ ਵਰਨਣ ਆਤਮਾਂ ਨੂੰ ਵਿਲਕਣ 'ਤੇ ਮਜਬੂਰ ਕਰ ਦਿੰਦਾ ਹੈ। ਬੇਗਾਨਾ ਮੁਲਖ, ਬੇਗਾਨੀ ਭਾਸ਼ਾ, ਕਹਿਰ ਦੀ ਠੰਢ...ਇਹ ਕਾਂਡ ਪੜ੍ਹਦਿਆਂ ਇੰਜ ਲੱਗਿਆ ਜਿਵੇਂ ਮੈਂ ਖ਼ੁਦ ਕਿਸੇ ਗਲੇਸ਼ੀਅਰ ਹੇਠ ਦੱਬੀ ਗਈ ਹੋਵਾਂ, ਜਿੱਥੇ ਪ੍ਰਦੇਸੀਂ ਕਮਾਈਆਂ ਕਰਨ ਆਏ ਸਰਵਣ ਪੁੱਤਾਂ ਦੀਆਂ ਭੇਦ-ਭਰੀਆਂ ਸ਼ੱਕੀ ਹਾਲਾਤਾਂ 'ਚ ਗੁੰਮ ਹੋਣ ਦਾ ਰਾਜ਼ ਕਦੇ ਵੀ ਨਹੀਂ ਲੱਭ ਸਕਿਆ ਅਤੇ ਉਹਨਾਂ ਦੀ ਯਾਦ 'ਚ, ਜਿ਼ਹਨ 'ਚ ਧੀਮੇਂ-ਧੀਮੇਂ ਜਲ਼ਦੇ ਚਰਾਗਾਂ 'ਚ ਤੇਲ ਪਾਉਣ ਵਾਲ਼ੇ ਵੀ ਪਤਾ ਨਹੀਂ ਕਦੋਂ ਜਹਾਨੋਂ ਕੂਚ ਕਰ ਗਏ। ਯੌਰਪ ਵਿਚ ਪੱਕੇ ਹੋਣ ਖ਼ਾਤਿਰ ਬਿਨਾਂ ਕਾਗਜ਼-ਪੱਤਰਾਂ ਦੇ ਰੈਸਟੋਰੈਂਟਾਂ ਤੇ ਪੀਜ਼ਾ ਸਟੋਰਾਂ 'ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਮੁੰਡਿਆਂ ਦਾ ਜਿ਼ਕਰ ਬੜੇ ਸੁਆਲ ਖੜ੍ਹੇ ਕਰਦਾ ਹੈ। ਹਰਦੇਵ ਦੀ ਅਪੀਲ ਫ਼ੇਲ੍ਹ ਹੋ ਜਾਣੀ ਅਤੇ ਇੰਡੀਆ ਡਿਪੋਰਟ ਹੋ ਕੇ ਆਉਣਾ, ਫ਼ੇਰ ਆਪਣੇ ਤੋਂ ਕਿਤੇ ਵੱਡੀ ਉਮਰ ਦੀ ਮੀਤੀ ਨਾਲ਼ ਵਿਆਹ ਅਤੇ ਪੱਕੇ ਹੋਣ ਤੋਂ ਬਾਅਦ ਮੀਤੀ ਨਾਲ਼ ਤਲਾਕ ਅਤੇ ਫ਼ੇਰ ਆਪਣੇ ਤੋਂ ਵੱਧ ਪੜ੍ਹੀ-ਲਿਖੀ, ਧਨਾਢ ਪਿਉ ਦੀ ਲਾਡਲੀ ਧੀ ਦੀਪ ਨਾਲ਼ ਵਿਆਹ...ਸਭ ਸਮਾਜ ਦੇ ਮੱਥੇ 'ਤੇ ਦਗ਼ਦੇ ਹੋਏ ਸਵਾਲ ਅਤੇ ਉੱਚੜ-ਉੱਚੜ ਪੈਂਦੇ ਨਾਸੂਰ ਹਨ!

ਅਖੌਤੀ ਬਾਬਿਆਂ ਦੀ ਸ਼ਿਵਚਰਨ ਰੱਜ ਕੇ ਮੁਖ਼ਾਲਫ਼ਤ ਕਰਦਾ ਹੈ। ਔਲ਼ਾਦ ਦੀ ਝਾਕ 'ਚ ਭਟਕਦੀ ਮੀਤੀ ਦਾ ਇਕ ਬਾਬੇ ਵੱਲੋਂ ਕੀਤਾ ਜਾਂਦਾ ਸਰੀਰਕ ਸ਼ੋਸ਼ਣ, ਤਿੰਨ ਬੱਚਿਆਂ ਦੇ ਬਾਪ 53 ਸਾਲਾ ਬਰਾੜ ਨਾਲ਼ ਕੈਨੇਡਾ ਸੈੱਟ ਹੋਣ ਦੇ ਲਾਲਚ ਵਿਚ ਇਕ ਹੋਰ ਕੁੜੀ ਸੀਤਲ ਦਾ ਮਾਂ ਬਣਨ ਦੇ ਹੱਕ ਦਾ ਬੱਚੇਦਾਨੀ ਕਢਵਾ ਕੇ ਨਿਰਾਦਰ ਕਰਨਾ....ਨਿੱਤ ਨਵੇਂ ਆਕਾਸ਼ ਖੋਜਣ ਵਾਲਿਆਂ ਦੀ ਸੋਚ 'ਤੇ ਕਰਾਰੀ ਚੋਟ ਨਹੀਂ ਤਾਂ ਹੋਰ ਕੀ ਹੈ? ਮੈਂ ਸੋਚਦੀ ਹਾਂ ਕਿ ਇਕ ਕੁੱਖ ਸੁੰਨੀ ਹੋਣ ਕਰਕੇ ਵਸ ਨਹੀਂ ਸਕੀ ਅਤੇ ਦੂਸਰੀ ਕੈਨੇਡਾ ਵਸਣ ਖ਼ਾਤਿਰ ਕੁੱਖ ਦੀ ਕੁਰਬਾਨੀ ਦੇ ਦਿੰਦੀ ਹੈ।

ਹਰਦੇਵ ਦਾ ਦੀਪ ਨਾਲ਼ ਵਿਆਹ ਕਰਕੇ ਧੋਖਾ ਖਾਣਾ, ਸੀਤਲ ਦਾ ਕੈਨੇਡਾ ਜਾ ਕੇ ਬਰਾੜ ਦੇ ਟੱਬਰ ਦੀ ਨੌਕਰਾਣੀਂ ਬਣ ਕੇ ਰਹਿ ਜਾਣਾ ਅਤੇ ਕੀੜੇ ਮਾਰ ਦੁਆਈ ਨਾਲ਼ ਸੀਤਲ ਅਤੇ ਉਸ ਦੀ ਮਾਂ ਦਾ ਸ਼ਰਮੋਂ-ਸ਼ਰਮੀਂ ਮਰ ਜਾਣਾਂ, ਹਰਦੇਵ ਦਾ ਪ੍ਰੀਤੋ ਨਾਲ਼ ਵਿਆਹ, ਨਾਵਲ ਦੀ ਕਹਾਣੀ ਹਰੇਕ ਪਾਤਰ ਅਤੇ ਉਹਨਾਂ ਨਾਲ਼ ਜੁੜੀਆਂ ਘਟਨਾਵਾਂ ਅਤੇ ਪਾਠਕਾਂ ਦੀਆਂ ਭਾਵਨਾਵਾਂ ਨਾਲ਼ ਪੂਰਾ-ਪੂਰਾ ਨਿਆਂ ਕਰਦੀ ਹੈ। ਕਹਾਣੀ ਨੂੰ ਸਮਾਜਿਕ ਰੰਗਾਂ 'ਚ ਰੰਗਦਾ ਹੋਇਆ ਲੇਖਕ ਅਧਿਆਤਮਕ ਛੋਹਾਂ ਵੀ ਦੇ ਜਾਂਦੈ, ਜਦੋਂ ਹਰਦੇਵ ਪ੍ਰੀਤੋ ਨੂੰ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਨੂੰ ਆਖਦਾ ਹੈ। ਨਾਵਲ ਦਾ ਨਾਂ ਵੀ ਕਹਾਣੀ ਅਤੇ ਉਸ ਨਾਲ਼ ਸਬੰਧਿਤ ਆਖਰੀ ਕਾਂਡ ਨਾਲ਼ ਪੂਰਾ-ਪੂਰਾ ਨਿਆਂ ਕਰਦਾ ਹੈ। ਪੰਜਾਹਾਂ ਤੋਂ ਟੱਪੇ ਹਰਦੇਵ ਨੂੰ ਅੰਤ ਪ੍ਰੀਤੋ ਦੇ ਨਾਲ਼ ਬਾਕੀ ਉਮਰ ਕੱਟਣ ਦਾ ਖਿ਼ਆਲ ਹੀ ਸੌ ਮੱਕਿਆਂ ਦਾ ਹੱਜ ਹੈ। ਸ਼ਿਵਚਰਨ ਦੇ ਕਹਿਣ ਮੁਤਾਬਿਕ ਲੇਖਕ ਤਾਂ ਸਿਰਫ਼ ਸ਼ੁਰੂਆਤ ਕਰਦਾ ਹੈ, ਬਾਅਦ 'ਚ ਪਾਤਰ ਆਪ ਕਹਾਣੀ ਨੂੰ ਅੱਗੇ ਤੋਰਦੇ ਹਨ।

ਕਿਤੇ ਪੜ੍ਹਿਆ ਸੀ ਕਿ ਜਿਵੇਂ ਕਿਸੇ ਅਜਾਇਬ ਘਰ 'ਚ ਰੱਖਿਆ ਜਹਾਜ, ਜਹਾਜ ਨਹੀਂ ਅਖਵਾ ਸਕਦਾ, ਓਸੇ ਤਰ੍ਹਾਂ ਉਹ ਲੇਖਕ ਨਹੀਂ, ਜੋ ਕਿਸੇ ਦੇਸ਼ ਦਾ ਵਾਸੀ ਨਹੀਂ ਅਤੇ ਓਸ ਦੇਸ਼ ਨੂੰ ਅਤੇ ਓਥੋਂ ਦੀ ਭਾਸ਼ਾ ਨੂੰ ਪਿਆਰ ਨਹੀਂ ਕਰਦਾ ਅਤੇ ਜਿਸ ਲੇਖਕ ਦੀ ਭਾਸ਼ਾ 'ਤੇ ਮੁਹਾਰਤ ਨਹੀਂ, ਉਹ ਓਸ ਪਾਗ਼ਲ ਇਨਸਾਨ ਦੀ ਤਰ੍ਹਾਂ ਹੈ, ਜੋ ਤੇਜ਼ ਵਹਿੰਦੀ ਨਦੀ ਵਿਚ ਕੁੱਦ ਤਾਂ ਪੈਂਦਾ ਹੈ, ਪਰ ਉਸ ਨੂੰ ਤੈਰਨਾ ਨਹੀਂ ਆਉਂਦਾ। ਸ਼ਿਵਚਰਨ ਦੀ ਠੇਠ ਪੰਜਾਬੀ ਪੇਂਡੂ ਮਲਵਈ ਭਾਸ਼ਾ 'ਤੇ ਬੇਮਿਸਾਲ ਮੁਹਾਰਤ ਦਾ ਸਬੂਤ ਉਸ ਦੀਆਂ ਲਿਖਤਾਂ ਹਨ। ਆਪਣੇ ਨਾਵਲਾਂ ਵਿਚ ਜਿੱਥੇ ਉਹ ਪਾਠਕਾਂ ਦੇ ਸੁਆਦ ਲਈ ਗਰਮਾ-ਗਰਮ ਕੌਫ਼ੀ ਤਿਆਰ ਕਰਦੈ, ਓਥੇ ਉਸ ਵਿਚ ਜਾਇਕੇ ਲਈ ਦਾਲ਼ਚੀਨੀ ਪਾਊਡਰ ਪਾਉਣਾ ਵੀ ਨਹੀਂ ਭੁੱਲਦਾ। ਨਾਵਲ ਵਿਚਲੀ ਖੁੰਢ-ਚਰਚਾ ਪੀੜ੍ਹੀਆਂ ਦਰਮਿਆਨ ਪੁਲ਼ ਦਾ ਕੰਮ ਕਰਦੀ ਹੈ ਅਤੇ ਜਿੱਥੇ ਸਮਾਜਿਕ ਕੁਰੀਤੀਆਂ ਦਾ ਭਾਂਡਾ ਭੰਨਦੀ, ਓਥੇ ਹੀ ਚਲੰਤ ਰਾਜਨੀਤੀ 'ਤੇ ਵੀ ਚੋਟ ਕਰਦੀ, ਮਹਿਕ ਭਰੀ ਪੌਣ ਦੀ ਤਰ੍ਹਾਂ ਪੇਂਡੂ ਮਲਵਈ ਭਾਸ਼ਾ ਦਾ ਸੁਆਦ ਅਤੇ ਸੰਦੇਸ਼ ਲੈ ਕੇ ਆਉਂਦੀ ਹੈ। ਗੁਰਬਾਣੀਂ 'ਚੋਂ ਢੁਕਵੀਆਂ ਉਦਾਹਰਣਾਂ ਵੀ ਨਾਵਲ 'ਚ ਖ਼ੂਬ ਮਿਲ਼ਦੀਆਂ ਹਨ।

ਨਾਵਲ ਦਾ ਖ਼ੂਬਸੂਰਤ ਸਰਵਰਕ ਸੁਖਵੰਤ ਨੇ ਤਿਆਰ ਕੀਤਾ ਹੈ ਅਤੇ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਾਲ਼ੇ ਇਸ ਨੂੰ ਛਾਪਣ ਜਾ ਰਹੇ ਹਨ। ਸ਼ਿਵਚਰਨ ਅਤੇ ਉਸ ਦੇ ਸਮੁੱਚੇ ਪਾਠਕ ਵਰਗ ਨੂੰ ਇਸ ਨਵੇਂ ਨਾਵਲ ਦੇ ਪ੍ਰਕਾਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ! ਸਾਹਿਤ ਦਾ ਰੌਸ਼ਨ ਗਗਨ ਉਸ ਦੇ ਖਿ਼ਆਲਾਂ ਦੀ ਉਡਾਨ ਨੂੰ ਹੌਸਲਿਆਂ ਦੇ ਮਜਬੂਤ ਪਰ ਬਖ਼ਸ਼ੇ ਅਤੇ ਨਵੀਆਂ ਮੰਜਿ਼ਲਾਂ ਵੱਲ ਉਸ ਦੀ ਕਲਮ ਦਾ ਕਾਫ਼ਲਾ ਏਦਾਂ ਹੀ ਨਿਰੰਤਰ ਤੁਰਦਾ ਰਹੇ...ਆਮੀਨ!! ਵਾਅਦੇ ਅਨੁਸਾਰ ਸ਼ਿਵਚਰਨ ਦੇ ਅਜ਼ੀਜ਼ ਪਾਠਕਾਂ ਅਤੇ ਦੋਸਤਾਂ ਲਈ ਚੰਦ ਸਤਰਾਂ....

ਦੋਸਤਾ
ਮੇਰੇ ਸ਼ਹਿਰ ਤਾਂ
ਖ਼ੁਸ਼ੀ....

ਤੜਕਸਾਰ
ਦਰੱਖ਼ਤਾਂ ਦੇ ਤਣਿਆਂ ਥੱਲੇ
ਨਰਮ ਕੂਲ਼ੇ ਘਾਹ ਵਾਂਗ
ਉਗਦੀ ਹੈ

ਤਿੱਖੜ ਦੁਪਿਹਰੇ
ਕੌਫ਼ੀ ਵਿਚ
ਸ਼ੂਗਰ ਕਿਊਬ ਬਣ
ਘੁਲ਼ ਜਾਂਦੀ ਹੈ

ਸ਼ਾਮ ਢਲਦਿਆਂ ਹੀ
ਐਰੋਮਾਥੈਰੇਪੀ ਦੀ
ਮੋਮਬੱਤੀ ਵਾਂਗ
ਪਿਘਲ ਜਾਂਦੀ ਹੈ

ਤੇ...
ਰਾਤ ਦੇ ਸੱਨਾਟੇ 'ਚ
ਕੰਧਾਂ 'ਤੇ ਸਟੱਕੋ ਵਿਚਲੇ
ਚੱਕਰਾਂ ਵਿਚ
ਕੈਦ ਹੋ ਜਾਂਦੀ ਹੈ!!

ਸ਼ੁਭ ਇੱਛਾਵਾਂ ਸਹਿਤ
ਤਨਦੀਪ ਤਮੰਨਾਂ
(ਕੈਨੇਡਾ)

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)