ਲਵੀਨ ਕੌਰ ਗਿੱਲ ਬਚਪਨ ਤੋਂ ਹੀ ਨਵੀਂਆਂ ਪ੍ਰਿਤਾਂ ਪਾਉਣ ਵਾਲੀ ਲੜਕੀ
ਹੈ।
ਉਸ ਦਾ ਜਨਮ ਲੁਧਿਆਣਾ ਵਿਖੇ 10 ਸਤੰਬਰ 1982 ਨੂੰ ਪਿਤਾ ਅਜਾਇਬ ਸਿੰਘ
ਗਿੱਲ ਅਤੇ ਮਾਤਾ ਸੁਰਿੰਦਰ ਕੌਰ ਗਿੱਲ ਦੇ ਘਰ ਹੋਇਆ। ਆਪਦਾ ਆਮ ਸਾਧਾਰਣ
ਦਿਹਾਤੀ ਪਰਿਵਾਰ ਹੈ। ਉਸਨੇ ਦਸਵੀਂ ਤੱਕ ਦੀ ਪੜਾਈ ਪਬਲਿਕ ਹਾਈ ਸਕੂਲ
ਗ੍ਰੀਨਲੈਂਡ ਤੋਂ ਪਾਸ ਕੀਤੀ। ਇਸ ਤੋਂ ਬਾਅਦ 1990 ਵਿਚ ਕੈਨੇਡਾ ਪਰਵਾਸ ਕਰ
ਗਈ। ਜਨਰਲਿਜ਼ਮ ਦੀ ਪੜਾਈ ਮਿਸੀਸਾਊਸਾ ਅਨਟਾਰੀਓ ਕੈਨੇਡਾ ਤੋਂ ਕੀਤੀ। ਸਮਾਜ
ਨੂੰ ਅੰਗ ਬਦਲਣ ਲਈ ਅੰਗ ਦਾਨ ਕਰਨ ਵਾਲਿਆਂ ਦੀ ਘਾਟ ਕਰਕੇ ਆ ਰਹੀਆਂ
ਮੁਸ਼ਕਲਾਂ ਨੂੰ ਮਹਿਸੂਸ ਕਰਦਿਆਂ ਉਸਨੇ ਭਰ ਜਵਾਨੀ ਵਿਚ ਹੀ ਅੰਗ ਦਾਨ ਕਰਨ
ਨੂੰ ਪ੍ਰੇਰਨ ਲਈ ਨਾਰਥ ਏਸ਼ੀਅਨ ‘ਅਮਰ ਕਰਮਾ ਆਰਗਨ ਡੋਨੇਸ਼ਨ ਸੋਸਾਇਟੀ’ ਬਣਾਈ
ਹੈ, ਜਿਹੜੀ ਕੈਨੇਡਾ ਦੀ ਪਹਿਲੀ ਅਜਿਹੀ ਸੰਸਥਾ ਹੈ ਅਤੇ ਉਹ ਉਸਦੀ ਫਾਊਂਡਰ
ਪਰਧਾਨ ਹੈ। ਆਪ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਦਿਨ ਇਹ ਸੋਸਾਇਟੀ ਇਕ
ਲਹਿਰ ਬਣ ਚੁੱਕੀ ਹੈ। ਇਸ ਸੋਸਾਇਟੀ ਨੇ ਇਕ ਮੈਂਬਰ ਤੋਂ ਸ਼ੁਰੂ ਹੋ ਕੇ
ਕਾਫਲੇ ਦਾ ਰੂਪ ਧਾਰਨ ਕਰ ਲਿਆ ਹੈ।
ਲਵੀਨ ਕੌਰ ਗਿੱਲ ਦੀ ਭਾਸ਼ਣ ਦੇਣ ਦੀ ਯੋਗਤਾ ਅਤੇ ਪ੍ਰਣਾਲੀ ਵਿਲੱਖਣ ਹੈ,
ਜਿਹੜੀ ਆਪਣੀ ਬੋਲੀ ਅਤੇ ਵਿਚਾਰਧਾਰਾ ਦੀ ਕਾਬਲੀਅਤ ਨਾਲ ਲੋਕਾਂ ਨੂੰ ਅੰਗ
ਦਾਨ ਕਰਨ ਲਈ ਪ੍ਰੇਰ ਕੇ ਤਿਆਰ ਕਰ ਲੈਂਦੀ ਹੈ, ਆਪ ਦੇ ਇਸ ਗੁਣ ਕਰਕੇ ਅੱਜ
ਅੰਗਦਾਨ ਸੰਸਥਾ ਅਮਰ ਕਰਮਾ ਆਰਗਨ ਡੋਨੇਸ਼ਨ ਸੋਸਾਇਟੀ ਦੇ 60 ਤੋਂ ਉਪਰ
ਮੈਂਬਰ ਹਨ। ਉਹ ਇੱਕ ਉਤਸ਼ਾਹੀ ਸ਼ਖ਼ਸੀਅਤ ਹੈ, ਜਿਹੜੀ ਆਪਣੇ ਤੋਂ ਵੱਡੀ ਉਮਰ
ਲੋਕਾਂ ਨੂੰ ਵੀ ਸਮਾਜ ਸੇਵਾ ਕਰਨ ਲਈ ਪ੍ਰੇਰਨ ਵਿਚ ਸਫਲ ਹੋ ਜਾਂਦੀ ਹੈ। ਉਹ
ਇੱਕ ਚੰਗੀ ਉਦਮੀ ਵੀ ਹੈ, ਜਿਸ ਨੇ ਆਪਣੀ ਲੋਕ ਸੰਪਰਕ ਦੀ ਇਕ ਸੰਸਥਾ ਬਣਾਈ
ਹੋਈ ਹੈ। ਉਹ ਆਪਣਾ ਕੰਮ ਆਪ ਕਰਨ ਦੀ ਹਾਮੀ ਹੈ। ਉਹ ਇਸਤਰੀਆਂ ਨੂੰ ਆਪਦੇ
ਪੈਰਾਂ ਤੇ ਖੜੇ ਹੋਣ ਲਈ ਪ੍ਰੇਰਦੀ ਹੈ। ਉਹ ਸਮਝਦੀ ਹੈ ਕਿ ਇਸਤਰੀਆਂ ਆਤਮ
ਨਿਰਭਰ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਉਨਾਂ ਨਾਲ ਅਨਿਅਏ ਹੋਣ ਤੋਂ ਹਟੇਗਾ
ਅਤੇ ਸਮਾਜ ਵਿਚ ਬਰਾਬਰਤਾ ਮਿਲੇਗੀ। ਵਿਦਿਆਰਥੀ ਜੀਵਨ ਵਿਚ ਹੀ ਉਹ
ਵਾਲੰਟੀਅਰ ਬਣਕੇ ਲੋਕ ਭਲਾਈ ਦੇ ਕਾਰਜਾਂ ਵਿਚ ਜੁਟੀ ਹੋਈ ਹੈ। ਉਦੋਂ ਤੋਂ
ਹੀ ਉਹ ਗ਼ਰੀਬ ਲੋਕਾਂ ਵਿਸ਼ੇਸ਼ ਤੌਰ ਤੇ ਇਸਤਰੀਆਂ ਦੀ ਸੇਵਾ ਕਰਨ ਲਈ ਰੈਡ
ਕਰਾਸ ਅਤੇ ਹੋਰ ਕਈ ਸੰਸਥਾਵਾਂ ਵਿਚ ਸਮਾਜ ਸੇਵਾ ਦਾ ਕੰਮ ਕਰਦੀ ਆ ਰਹੀ ਹੈ।
ਸਮਾਜਕ ਕੰਮਾਂ ਲਈ ਉਹ ਮੋਹਰੀ ਦਾ ਕੰਮ ਕਰ ਰਹੀ ਹੈ। ਉਹ ਬਚਪਨ ਤੋਂ ਹੀ
ਅਡਵੈਂਚਰਿਸ ਹੈ। ਉਹ ਹਮੇਸ਼ਾ ਹਰ ਕੰਮ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦੀ
ਹੈ। ਉਸਦਾ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਸੀ। ਉਹ ਇਹ ਵੀ ਮਹਿਸੂਸ ਕਰਦੀ
ਸੀ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਕਰਨ ਲਈ ਪੁਸਤਕਾਂ ਪੜਨਾ ਅਤੇ ਲੋਕਾਂ
ਵਿਚ ਗਿਆਨ ਦਾ ਚਾਨਣ ਫੈਲਾਉਣ ਲਈ ਪੁਸਤਕਾਂ ਵੇਚਣ ਦੀ ਦੁਕਾਨ ਖੋਲੀ ਜਾਵੇ
ਜਾਂ ਫਿਰ ਸ਼ੋਸਲ ਵਰਕਰ ਦੇ ਤੌਰ ਤੇ ਕੰਮ ਕਰੇ। ਉਹ ਸਰਕਸ ਵਿਚ ਕੰਮ ਕਰਨ
ਬਾਰੇ ਸੋਚਦੀ ਸੀ। ਪ੍ਰੰਤੂ ਅਜਿਹੇ ਸੁਪਨੇ ਸਜਾਉਂਦੀ ਉਹ ਕੈਨੇਡਾ ਪਹੁੰਚ
ਗਈ। ਆਪ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਵਿਤਾਵਾਂ ਵੀ ਲਿਖਦੀ ਹੈ ਅਤੇ ਆਪ
ਦੀਆਂ ਕਵਿਤਾਵਾਂ ਦਾ ਆਧਾਰ ਸਮਾਜਿਕ ਬੁਰਾਈਆਂ ਹਨ, ਇਸਤਰੀ ਨੂੰ ਉਹ ਅਬਲਾ
ਨਹੀਂ ਸਗੋਂ ਆਦਮੀ ਦੇ ਬਰਾਬਰ ਬਣਾਉਣਾ ਲੋਚਦੀ ਹੈ। ਉਸਦੀਆਂ ਕਵਿਤਾਵਾਂ ਦੀ
ਕੇਂਦਰੀ ਬਿੰਦੂ ਇਸਤਰੀ ਹੀ ਹੈ। ਵੈਸੇ ਗ਼ਰੀਬੀ, ਅਨਿਆਏ, ਬੇਰੋਜ਼ਗਾਰੀ ਅਤੇ
ਕਿਸਾਨੀ ਉਸਦੀਆਂ ਕਵਿਤਾਵਾਂ ਵਿਚ ਮੁਖ ਵਿਸ਼ੇ ਹਨ। ਉਹ ਦਰਿਆਵਾਂ ਦੇ ਵਹਿਣ
ਦੇ ਉਲਟ ਚਲਣ ਦੀ ਸਮਰੱਥਾ ਰੱਖਣ ਲਈ ਔਰਤਾਂ ਨੂੰ ਪ੍ਰੇਰਦੀ ਹੈ। ਪ੍ਰਚਲਿਤ
ਰਸਮਾਂ ਰਿਵਾਜਾਂ ਦੇ ਉਲਟ ਚਲਕੇ ਮਿਥਾਂ ਨੂੰ ਤੋੜਕੇ ਨਵੇਂ ਰਾਹ ਬਣਾਉਣ ਲਈ
ਕਵਿਤਾਵਾਂ ਲਿਖਦੀ ਹੈ। ਉਹ ਚਿੰਤਨ ਤੇ ਵਿਚਾਰਧਾਰਾ ਪ੍ਰਧਾਨ ਕਵਿਤਾ ਲਿਖਦੀ
ਹੈ। ਭਰੂਣ ਹੱਤਿਆ ਵਰਗੀ ਨਾਮੁਰਾਦ ਸਮਾਜਿਕ ਬੁਰਾਈ ਦੇ ਵਿਰੁਧ ਉਸ ਨੇ
ਪੰਜਾਬੀ ਦੇ ਪੰਜਾਬ ਵਿਚੋਂ ਪ੍ਰਕਾਸ਼ਿਤ ਹੋ ਰਹੇ ਇੱਕ ਅਖ਼ਬਾਰ ਵਿਚ ਇਕ ਕਾਲਮ
2011 ਵਿਚ ਲਿਖਣਾ ਸ਼ੁਰੂ ਕੀਤਾ ਜਿਸਦਾ ਨਾਂ ਹੈ ‘ ਕਿਉਂਕਿ ਮੇਰੀ ਭਰੂਣ
ਹੱਤਿਆ ਨਹੀਂ ਹੋਈ ’। ਇਹ ਕਾਲਮ ਹਰ ਹਫ਼ਤੇ ਪ੍ਰਕਾਸ਼ਤ ਹੁੰਦਾ ਹੈ ਅਤੇ
ਪਾਠਕਾਂ ਵਿਚ ਹਰਮਨ ਪਿਆਰਾ ਹੈ। ਨਾਰੀ ਸੰਸਾਰ ਨੂੰ ਲਾਮਬੰਦ ਕਰਕੇ ਇਕ ਮੁੱਠ
ਹੋ ਕੇ ਉਹ ਭਰੂਣ ਹੱਤਿਆ ਦੇ ਖ਼ਿਲਾਫ ਔਰਤਾਂ ਨੂੰ ਲੜਨ ਲਈ ਪ੍ਰੇਰਦੀ ਹੈ। ਉਹ
ਭਾਵੇਂ ਕੈਨੇਡਾ ਵਿਚ ਆਪਣੇ ਜੀਵਨਸਾਥੀ ਅਜੀਤ ਸਿੰਘ ਦੇ ਨਾਲ ਰਹਿ ਰਹੀ ਹੈ
ਪ੍ਰੰਤੂ ਆਪਣੀ ਮਾਤ ਭੂਮੀ ਤੇ ਇਸਤਰੀਆਂ ਨਾਲ ਹੋ ਰਹੇ ਜ਼ੁਲਮਾਂ ਦੇ ਵਿਰੁਧ
ਲਗਾਤਾਰ ਆਵਾਜ਼ ਉਠਾ ਕੇ ਆਪਣਾ ਯੋਗਦਾਨ ਪਾਉਂਦੀ ਹੈ। ਉਹ ਵਿਦੇਸ਼ ਵਿਚ ਬੈਠਕੇ
ਪੰਜਾਬੀ ਸਭਿਅਚਾਰ ਅਤੇ ਸਭਿਅਤਾ ਦੀ ਪਹਿਰੇਦਾਰ ਬਣ ਗਈ ਹੈ। ਇਸਤਰੀ ਜ਼ਾਤੀ
ਤੇ ਸਮਾਜ ਵਿਚ ਹੋ ਰਹੇ ਜ਼ੁਲਮਾਂ ਦੇ ਵਿਰੁਧ ਹਮੇਸ਼ਾ ਅਵਾਜ਼ ਬੁਲੰਦ ਕਰਦੀ ਹੈ।
ਇਸਤਰੀਆਂ ਨੂੰ ਜਾਗ੍ਰਿਤ ਕਰਨ ਲਈ ਉਹ ਪ੍ਰਤੀਕਾਤਮਕ ਕਵਿਤਾਵਾਂ ਰਾਹੀਂ ਉਨਾਂ
ਨੂੰ ਵੰਗਾਰਦੀ ਹੋਈ ਲਿਖਦੀ ਹੈ।
ਇਜੜ ਵਿਚ ਚਰਦੀਓ ਭੇਡੋ, ਤੁਹਾਡਾ ਚੰਮ ਲਾਹ ਕੇ।
ਤੁਹਾਡਾ ਦੁੱਧ ਪੀ ਕੇ, ਛੱਡ ਦੇਣਾ ਹੈ ਤੁਹਾਨੂੰ ਫਿਰ ਖੁਰਲੀ ‘ਤੇ।
ਤੁਹਾਡੇ ਤਾਂ ਸਾਹ ਹੀ ਉਧਾਰੇ, ਚਲਦੇ ਨੇ ਨਿਰਦੇਸ਼ਾਂ ‘ਤੇ।
ਵਗਦੀਆਂ ਹਵਾਵਾਂ ਦੇ ਰੁਖ ਤੁਸੀਂ ਕੀ ਜਾਣੋ।
ਉਸ ਦੀਆਂ ਬਹੁਤੀਆਂ ਕਵਿਤਾਵਾਂ ਦੇ ਵਿਸ਼ੇ ਇਸਤਰੀ ਜ਼ਾਤੀ ਨਾਲ ਸੰਬੰਧਤ
ਹੁੰਦੇ ਹਨ। ਉਸ ਦੀ ਕਵਿਤਾਵਾਂ ਦੀ ਇੱਕ ਪੁਸਤਕ ‘ ਮੈਂ ਘਾਹ ਨਹੀਂ ’
ਪ੍ਰਕਾਸ਼ਤ ਹੋਈ ਹੈ। ਇਸ ਪੁਸਤਕ ਦੇ ਨਾਂ ਤੋਂ ਹੀ ਲਵੀਨ ਕੌਰ ਗਿੱਲ ਦੀ
ਵਿਚਾਰਧਾਰਾ ਦਾ ਪਤਾ ਲੱਗਦਾ ਹੈ। ਉਹ ਔਰਤ ਨੂੰ ਆਪਣੀ ਹੋਂਦ ਨੂੰ ਪਛਾਣਕੇ
ਆਪਣੇ ਹੱਕਾਂ ਲਈ ਲੜਨ ਦੀ ਤਾਕੀਦ ਕਰਦੀ ਹੈ। ਔਰਤ ਨੂੰ ਵੰਗਾਰਦੀ ਹੋਈ ਆਪਣੇ
ਅਸਤਿਤਵ ਨੂੰ ਬਰਕਾਰ ਰੱਖਣ ਲਈ ਆਪਣੀ ਕਵਿਤਾ ਵਿਚ ਲਿਖਦੀ ਹੈ।
ਮੈਂ ਘਾਹ ਨਹੀਂ
ਜੋ ਅਣਚਾਹੀ ਬੂਟੀ ਵਾਂਗ
ਪੁਟ ਦਿਓਗੇ
ਅਯਾਸ਼ੀ ਲਈ ਵਰਤੋਗੇ
ਲਹੂ ਲੁਹਾਣ ਕਰੋਗੇ
ਤੁਹਾਡੇ ਬਗੀਚੇ ਦੀ ਸਜਾਵਟ ਨਹੀਂ
ਤੁਹਾਡੀ ਹਵਸ਼ ਨੂੰ ਪਾਲਣ ਲਈ
ਉਹ ਆਪਣੀਆਂ ਕਵਿਤਾਵਾਂ ਵਿਚ ਲਿਖਦੀ ਹੈ ਕਿ ਔਰਤ ਅਨੇਕਾਂ ਰੂਪਾਂ ਮਾਂ,
ਪਤਨੀ, ਭੈਣ, ਨੂੰਹ, ਸੱਸ, ਨਣਦ ਅਤੇ ਭਰਜਾਈ ਬਣਦੀ ਹੋਈ ਬਹੁਤ ਦੁੱਖ
ਸਹਿੰਦੀ ਜੀਵਨ ਬਸਰ ਕਰਦੀ ਹੈ। ਫਿਰ ਵੀ ਉਸਨੂੰ ਕੋਈ ਖੇਦ ਨਹੀਂ ਪ੍ਰੰਤੂ
ਅਜਿਹੇ ਹਾਲਾਤ ਵਿਚ ਉਹ ਔਰਤਾਂ ਨੂੰ ਵਰਤਮਾਨ ਪ੍ਰਣਾਲੀ ਵਿਰੁਧ ਬਗ਼ਾਬਤ ਕਰਨ
ਲਈ ਉਕਸਾਉਂਦੀ ਹੈ। ਚਸ਼ਮਦੀਦ ਸਿਰਲੇਖ ਵਾਲੀ ਕਵਿਤਾ ਵਿਚ ਉਹ ਸਮਾਜਿਕ
ਪ੍ਰਦੂਸ਼ਣ ਦਾ ਜ਼ਿਕਰ ਕਰਦੀ ਹੋਈ ਕਹਿੰਦੀ ਹੈ ਕਿ ਇਨਸਾਨ ਨੂੰ ਸਹੀ ਸੋਚ ਤੇ
ਪਹਿਰਾ ਦੇਣਾ ਚਾਹੀਦਾ ਹੈ। ਮਨੁੱਖ ਲਈ ਸੁਜੱਗ ਹੋਣਾ ਜ਼ਰੂਰੀ ਹੈ, ਜਗਿਆਸੂ
ਬਣਕੇ ਹਾਲਾਤ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਜੇਕਰ ਉਹ ਬੇਬਸੀ ਵਿਚ ਰਿਹਾ
ਤਾਂ ਇਨਸਾਨੀਅਤ ਖ਼ਤਮ ਹੋ ਜਾਵੇਗੀ।
ਲਵੀਨ ਕੌਰ ਗਿੱਲ ਸੋਨ ਚਿੜੀ ਰਸਾਲੇ ਦੀ ਸੰਪਾਦਕ ਵੀ ਹੈ। ਉਹ ਵੱਖ-ਵੱਖ
ਅਖ਼ਬਾਰਾਂ ਲਈ ਲੇਖ ਵੀ ਇਸਤਰੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਲਿਖਦੀ
ਰਹਿੰਦੀ ਹੈ। ਇਹ ਨੌਜਵਾਨ ਲੜਕੀ ਬਜ਼ੁਰਗਾਂ ਲਈ ਵੀ ਮਾਰਗ ਦਰਸ਼ਕ ਬਣਕੇ ਉੱਭਰ
ਰਹੀ ਹੈ। ਉਸਦੀ ਡਿਕਸ਼ਨਰੀ ਵਿਚ ਅਸੰਭਵ ਸ਼ਬਦ ਹੀ ਸ਼ਾਮਲ ਨਹੀਂ ਹੈ। ਉਹ ਹਰ
ਅਸੰਭਵ ਕੰਮ ਨੂੰ ਸੰਭਵ ਵਿਚ ਬਦਲਣ ਦੇ ਸਮਰੱਥ ਹੈ। ਲੜਕੀਆਂ ਨੂੰ ਉਸ ਤੋਂ
ਪ੍ਰੇਰਨਾ ਲੈ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਹੈ। ਉਹ ਵਰਤਮਾਨ
ਸਮਾਜ ਵਿਚ ਕਰਾਂਤੀਕਾਰੀ ਤਬਦੀਲੀ ਲਿਆਉਣ ਦੀ ਆਸ਼ਾ ਨਾਲ ਲਗਾਤਾਰ ਕੋਸ਼ਿਸ਼ ਕਰ
ਰਹੀ ਹੈ।
ਕਿਉਂ ਬਾਰ ਬਾਰ ਜਤਾਉਂਦੇ ਹੋ
ਕਿ ਔਰਤ ਤੂੰ ਉਪਰ ਉੱਠ
ਮੈਂ ਕੋਈ ਨੀਵੇਂ ਥਾਂ ਨਹੀਂ
ਮੇਰੇ ਵੀ ਹੱਕ ਨੇ ਬਾਕੀ ਇਨਸਾਨਾ ਵਾਂਗ
ਮੇਰੇ ਵੀ ਫ਼ਰਜ ਤੇ ਜ਼ਿੰਮੇਵਾਰੀਆਂ ਨੇ
ਜਿਵੇਂ ਤੁਹਾਡੀਆਂ ਨੇ
ਮੈਂ ਵੀ ਇਕੱਲੀ ਮਾਂ ਨਹੀਂ ਹਾਂ
ਮੈਂ ਅਬਲਾ ਨਾ ਵਿਚਾਰੀ ਹਾਂ
ਵਕਤ ਆਉਣ ਤੇ ਝਾਂਸੀ ਹਾਂ
ਜ਼ੁਬਾਨ ਵੀ ਹੈ ਕਮਾਲ ਵੀ ਹੈ
ਸਿਰਫ਼ ਠੰਡੀ ਛਾਂ ਨਹੀਂ ਹਾਂ।
ਲਵੀਨ ਆਪਣੀ ਇੱਕ ਕਵਿਤਾ ਰੱਬ ਵਿਚ ਉਸ ਤੇ ਵੀ ਕਿੰਤੂ ਪ੍ਰੰਤੂ ਕਰਦੀ
ਹੋਈ ਕਹਿੰਦੀ ਹੈ ਕਿ ਰੱਬ ਵੀ ਕਾਰਪੋਰੇਟ ਸੈਕਟਰ ਦੇ ਕਬਜ਼ੇ ਵਿਚ ਹੈ, ਉਹ
ਵਪਾਰੀਆਂ ਨਾਲ ਮਿਲ ਗਿਆ ਹੈ, ਗ਼ਰੀਬਾਂ ਲਈ ਰੱਬ ਨਾਂ ਦੀ ਕੋਈ ਵਸਤੂ ਨਹੀਂ,
ਰੱਬ ਹੁਣ ਅਬਲਾ ਦੀ ਮਦਦ ਵੀ ਨਹੀਂ ਕਰਦਾ ਕਿਉਂਕਿ ਅਬਲਾਵਾਂ ਅਰਧ ਨਗਨ
ਅਵਸਥਾ ਵਿਚ ਫਿਰਦੀਆਂ ਹਨ। ਜੇਕਰ ਰੱਬ ਹੁੰਦਾ ਤਾਂ ਗ਼ਰੀਬਾਂ ਦੇ ਬੱਚੇ
ਭੁੱਖੇ ਨਾ ਫਿਰਦੇ। ਇਤਿਹਾਸ ਵਿਚ ਇਸਤਰੀ ਜ਼ਾਤੀ ਦੇ ਵਡਮੁਲੇ ਯੋਗਦਾਨ ਨੂੰ
ਉਹ ਹਮੇਸ਼ਾ ਯਾਦ ਰੱਖਦੀ ਹੋਈ ਇਸਤਰੀ ਜਾਤੀ ਨੂੰ ਆਪਣੇ ਵਿਰਸੇ ਤੇ ਪਹਿਰਾ
ਦੇਣ ਲਈ ਪ੍ਰੇਰਦੀ ਹੈ। ਪਰਵਾਸ ਵਿਚ ਸੈਟਲ ਹੋਣ ਲਈ ਲੜਕੀਆਂ ਵੱਲੋਂ ਆਪਣੇ
ਹੀ ਨਜ਼ਦੀਕੀਆਂ ਦੀਆਂ ਫਰਜੀ ਪਤਨੀਆਂ ਬਣਨ ਦੇ ਵਿਰੁਧ ਵੀ ਆਪਣੀ ਕਵਿਤਾ ਵਿਚ
ਲਿਖਦੀ ਹੈ।
ਮੈਂ ਰੋਜ਼ ਦੇਖਦੀ ਹਾਂ ਤੁਹਾਡੇ ਚਿੜੀਆਂ ਦੇ ਚੰਬੇ ਨੂੰ,
ਇਮੀਗਰੇਸ਼ਨ ਖ਼ਾਤਰ ਆਪਣੇ ਹੀ ਵੀਰਾਂ ਦੀ ਵਹੁਟੀ ਬਣਦਿਆਂ।
ਤੁਹਾਡੇ ਇਸ਼ਤਿਹਾਰੀ ਵਿਆਹਾਂ ਦੀ ਚੱਕੀ ਪਿਸਦਿਆਂ,
ਤੁਹਾਡੇ ਸੁੱਖਾਂ ਮੰਗੇ ਪੁਤਰਾਂ ਦੇ ਬੁਲਟਾਂ ਦਾ ਪੈਟਰੌਲ ਬਣਦਿਆਂ।
ਡਾਲਰ-ਡਾਲਰ ਲਈ ਖਪਦਿਆਂ, ਫੈਕਟਰੀਆਂ ਵਿਚ ਬਲਦਿਆਂ।
ਲਵੀਨ ਕੌਰ ਗਿੱਲ ਦਾ ਵਿਆਹ ਅਜੀਤ ਸਿੰਘ ਨਾਲ ਹੋਇਆ । ਉਨਾਂ ਦੇ ਇੱਕ
ਸਪੁੱਤਰ ਅਜ਼ਾਦ ਸਿੰਘ ਹੈ। ਲਵੀਨ ਨੌਜਵਾਨਾਂ ਲਈ ਆਪਣੀਆਂ ਸਰਗਰਮੀਆਂ ਕਰਕੇ
ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ। ਉਸਦੀਆਂ ਕਵਿਤਾਵਾਂ ਅਤੇ ਸਮਾਜ ਸੇਵਾ
ਦੇ ਕੰਮ ਇਹ ਸਾਬਤ ਕਰਦੇ ਹਨ ਕਿ ਉਹ ਔਰਤ ਜਾਤ ਨੂੰ ਆਪਣੇ ਪੈਰਾਂ ਤੇ ਖੜੇ
ਹੋ ਕੇ ਸਮਾਜ ਦੀਆਂ ਘਿਨਾਉਣੀਆਂ ਹਰਕਤਾਂ ਦਾ ਮੁਕਾਬਲਾ ਕਰਨ ਲਈ ਤਤਪਰ
ਰਹਿਣਾ ਚਾਹੀਦਾ ਹੈ। ਉਹ ਆਪਣੀ ਇੱਕ ਕਵਿਤਾ ਵਿਚ ਲਿਖਦੀ ਹੈ।
ਕਈ ਵਾਰ ਟੁੱਟਦੀ ਹਾਂ, ਕਈ ਵਾਰ ਜੁੜਦੀ ਹਾਂ।
ਜੋ ਲਹਿਰਾਂ ਹੜ ਕੇ ਆਉਂਦੀਆਂ ਨੇ, ਉਨਾਂ ਨਾਲ ਲੜਕੇ ਮੁੜਦੀ ਹਾਂ।
ਮੈਂ ਹਾਂ ਇਨਸਾਨ ਉਹ ਪੱਥਰ, ਲਾਜ਼ਮੀ ਫ਼ਰਕ ਏ ਆਖ਼ਿਰ।
ਉਹ ਤਾਂ ਸਦੀਆਂ ‘ਚ ਖ਼ੁਰਦੇ ਨੇ, ਮੈਂ ਤਾਂ ਹਰ ਰੋਜ਼ ਖ਼ੁਰਦੀ ਹਾਂ।
ਫੌਲਾਦ ਹੌਸਲਾ ਮੇਰਾ, ਜਦੋਂ ਬਦਲਾਂ ‘ਚ ਘਿਰਦੀ ਹਾਂ।
ਲਵੀਨ ਕੌਰ ਗਿੱਲ ਹਰ ਕੰਮ ਵਿਚ ਦਿਲਚਸਪੀ ਲੈ ਕੇ ਰੂਹ ਨਾਲ ਕਰਦੀ ਹੈ।
ਉਹ ਲਿਖਦੀ ਹੈ ਕਿ ਔਰਤ ਸਰੀਰਕ ਨਹੀਂ ਮਾਨਸਿਕ ਤੌਰ ਤੇ ਕੈਦ ਵਿਚ ਹੈ। ਇਸ
ਲਈ ਔਰਤ ਨੂੰ ਹੌਸਲਾ ਕਰਕੇ ਇਸ ਮਾਨਸਿਕ ਕੈਦ ‘ਚੋਂ ਬਾਹਰ ਆਉਣਾ ਚਾਹੀਦਾ ਹੈ
ਕਿਉਂਕਿ ਉਸਦੇ ਅਧਿਕਾਰ ਬਰਾਬਰ ਹਨ। ਉਹ ਲੜਕੀਆਂ ਦੇ ਮਾਪਿਆਂ ਨੂੰ ਕਹਿੰਦੀ
ਹੈ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਦਿੱਤੇ ਜਾਣ ਤਾਂ ਜੋ ਉਨਾਂ
ਨਾਲ ਵਿਤਕਰਾ ਨਾ ਹੋ ਸਕੇ। ਲੜਕੀਆਂ ਤੇ ਕੁਝ ਵੀ ਠੋਸਿਆ ਨਹੀਂ ਜਾਣਾ
ਚਾਹੀਦਾ। ਦੁੱਖ ਦੀ ਗੱਲ ਹੈ ਕਿ ਭਾਰਤੀ ਲੜਕੀਆਂ ਹਮੇਸ਼ਾ ਆਪਣੇ ਆਪ ਨੂੰ
ਪਤਨੀਆਂ, ਭੈਣਾ, ਮਾਵਾਂ ਅਤੇ ਆਦਮੀਆਂ ਨਾਲ ਹੋਰ ਰਿਸ਼ਤਿਆਂ ਦੇ ਸਿਰ ਹੀ
ਰਹਿੰਦੀਆਂ ਹਨ। ਉਨਾਂ ਨੂੰ ਸਮਝਣਾ ਚਾਹੀਦਾ ਹੈ ਉਨਾਂ ਦਾ ਵੀ ਕੋਈ ਅਸਤਿਤਵ
ਹੈ। ਜੇਕਰ ਉਨਾਂ ਦੀ ਸੋਚ ਠੋਸ ਤੇ ਉਚੀ ਹੋਵੇਗੀ ਤਾਂ ਉਨਾਂ ਨਾਲ ਅਨਿਆਂ
ਨਹੀਂ ਹੋ ਸਕਦਾ।
ਲਵੀਨ ਪੰਜਾਬ ਨਾਲ ਪੂਰੀ ਤਰਾਂ ਜੁੜੀ ਹੋਈ ਹੈ ਇਸ ਲਈ ਹਰ ਸਾਲ ਪੰਜਾਬ
ਹੀ ਨਹੀਂ ਸਾਰੇ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਜਾ ਕੇ ਖਾਸ ਤੌਰ ਤੇ
ਪੱਟੀਦਰਜ ਕਬੀਲਿਆਂ ਦੀਆਂ ਲੜਕੀਆਂ ਨੂੰ ਮਿਲਕੇ ਉਨਾਂ ਨੂੰ ਸਿਖਿਆ ਲੈਣ ਲਈ
ਉਤਸ਼ਾਹਤ ਕਰਦੀ ਹੈ ਤਾਂ ਜੋ ਉਹ ਵੀ ਸਮਾਜ ਵਿਚ ਆਪਣਾ ਸਥਾਨ ਬਣਾ ਸਕਣਾ ਉਹ
ਇਸਤਰੀਆਂ ਨੂੰ ਆਤਮ ਨਿਰਭਰ ਹੋਣ ਲਈ ਵੀ ਪ੍ਰੇਰਦੀ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
|