ਇਕ
ਪੁਸਤਕ, ਦੋ ਦ੍ਰਿਸ਼ਟੀਕੋਨ
-“ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੇ ਪਾਠ ਦੀਆਂ ਅਸੀਮ ਪਰਤਾਂ ਨੂੰ ਪਛਾਨਣ
ਵਾਲੀ ਪੁਸਤਕ”-
ਪੁਸਤਕ: ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦਾ ਸੰਰਚਨਾਤਮਕ ਅਧਿਐਨ
ਲੇਖਕ: ਮੁਨੀਸ਼ ਕੁਮਾਰ ਪੰਨੇ: 120 ਮੁੱਲ: 175 ਭਾਰਤੀ ਰੁਪਏ
ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ
ਪਲੱਈਅਰ ਗਾਰਡਨ ਮਾਰਕਿਟ, ਚਾਂਦਨੀ ਚੌਕ, ਦਿੱਲੀ 110 006, ਭਾਰਤ –
ਪ੍ਰਕਾਸ਼ਨ-ਵਰ੍ਹਾ: 20111: ਆਦਿ ਸ਼ਬਦ – ਡਾ. ਸੁਤਿੰਦਰ ਸਿੰਘ ਨੂਰ
ਮੁਨੀਸ਼ ਕੁਮਾਰ ਦੀ ਇਸ ਪੁਸਤਕ ਵਿਚ, ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦਾ
ਸੰਰਚਨਾਤਮਕ ਅਧਿਐਨ, ਦੇ ਦੋ ਭਾਗ ਹਨ: ਪਹਿਲੇ ਭਾਗ ਵਿਚ ਸੰਰਚਨਾਵਾਦ ਦੇ
ਸਿਧਾਂਤਕ ਪਰਿਪੇਖ ਅਤੇ ਵਿਕਾਸ ਨੂੰ ਵਿਚਾਰਿਆ ਗਿਆ ਹੈ ਅਤੇ ਦੂਜੇ ਭਾਗ ਵਿਚ
ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦਾ ਇਸ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਕੀਤਾ ਗਿਆ ਹੈ!
ਇਸ ਵਿਸ਼ਲੇਸ਼ਣ ਵਿਚ ਸੰਰਚਨਾਤਮਕ ਵਿਧੀ ਅਤੇ ਉਸ ਦੇ ਕਾਵਿ-ਨਾਟਕਾਂ ਦੇ ਵਿਕਾਸ,
ਦੋਹਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ! ਸੰਰਚਨਾਵਾਦ ਬਾਰੇ ਪੰਜਾਬੀ ਵਿਚ ਚਰਚਾ
ਡਾ. ਹਰਿਭਜਨ ਸਿੰਘ ਅਤੇ ਡਾ. ਹਰਜੀਤ ਸਿੰਘ ਗਿੱਲ ਤੋਂ ਸ਼ੁਰੂ ਹੋਇਆ! ਜਿਸ ਵਿਚ
ਦੋ ਤਰ੍ਹਾਂ ਦੀ ਦ੍ਰਿਸ਼ਟੀ ਸਾਮ੍ਹਣੇ ਆਈ! ਡਾ. ਹਰਿਭਜਨ ਸਿੰਘ ਨੇ ਸੰਰਚਨਾਵਾਦ
ਨੂੰ ਵਿਚਾਰਦਿਆਂ ਉਸ ਵਿਚਲੀਆਂ ਰੂਪਵਾਦੀ ਯੋਗਤਾਵਾਂ ਦੀ ਵਧੇਰੇ ਪਹਿਚਾਣ ਕੀਤੀ
ਅਤੇ ਉਨ੍ਹਾਂ ਦਾ ਕੰਮ ਉੱਤਰ-ਸੰਰਚਨਾਵਾਦ ਤੋਂ ਪਹਿਲਾਂ ਤਕ ਦੇ ਵਿਕਾਸ ਵੱਲ
ਵਧੇਰੇ ਰੁਚਿਤ ਰਿਹਾ! ਡਾ. ਹਰਜੀਤ ਸਿੰਘ ਗਿੱਲ ਦਾ ਸੰਬੰਧ ਕਿਉਂਕਿ ਲਗਾਤਾਰ
ਫਰਾਂਸ ਅਤੇ ਯੂਰਪ ਵਿਚ ਹੋ ਰਹੇ ਵਿਕਾਸ ਨਾਲ ਰਿਹਾ, ਇਸ ਲਈ ਉਨ੍ਹਾਂ ਨੇ
ਸੰਰਚਨਾਵਾਦ ਨੂੰ ਰੂਪਵਾਦ ਤੋਂ ਅਗਲੇਰੇ ਪੜਾਵਾਂ ਵਿਚ ਵਿਚਾਰਿਆ! ਇਸ ਲਈ
ਉੱਤਰ-ਸੰਰਚਨਾਵਾਦ ਵੀ ਉਨ੍ਹਾਂ ਦਾ ਖੇਤਰ ਰਿਹਾ ਅਤੇ ਚਿਹਨ-ਵਿਗਿਆਨ ਨੂੰ ਉਨ੍ਹਾਂ
ਨੇ ਡਾ. ਹਰਿਭਜਨ ਸਿੰਘ ਤੋਂ ਅਗਲੇਰੇ ਪੂਰੇ ਵਿਸਥਾਰ ਵਿਚ ਵਿਚਾਰਿਆ! ਦਿੱਲੀ
ਸਕੂਲ ਦੀ ਆਲੋਚਨਾ ਵਿਚ ਡਾ. ਤਰਲੋਕ ਸਿੰਘ ਕੰਵਰ ਅਤੇ ਹੋਰ ਆਲੋਚਕਾਂ ਨੇ ਵੀ ਇਸ
ਪਾਸੇ ਧਿਆਨ ਦਿੱਤਾ! ਮੁਨੀਸ਼ ਕੁਮਾਰ ਨੇ ਸੰਰਚਨਾਵਾਦ ਦੇ ਸਿਧਾਂਤਕ ਪਰਿਪੇਖ ਨੂੰ
ਇਸੇ ਵਿਕਾਸ ਦੀ ਦ੍ਰਿਸ਼ਟੀ ਤੋਂ ਵਿਚਾਰਿਆ ਹੈ! ਇਉਂ ਉਸ ਦੇ ਧਿਆਨ ਵਿਚ ਦਿੱਲੀ
ਸਕੂਲ ਕੇਵਲ ਪਿਛੜੀ ਆਲੋਚਨਾ ਵਿਚ ਨਹੀਂ ਰਹਿੰਦਾ, ਸਗੋਂ ਸੰਰਚਨਾਵਾਦ ਅਤੇ
ਉੱਤਰ-ਸੰਰਚਨਾਵਾਦ ਬਾਰੇ ਜੋ ਵਿਸਥਾਰ ਹੋਇਆ ਹੈ, ਉਹ ਵੀ ਧਿਆਨ ‘ਚ ਰਹਿੰਦਾ ਹੈ!
ਉਹ ਰੂਪਵਾਦ ਵਲ ਪਿਛਾਂਹ ਨਹੀਂ ਮੁੜਦਾ, ਸਗੋਂ ਵਿਚਾਰਧਾਰਾ ਅਤੇ ਸੰਰਚਨਾਵਾਦ ਤੇ
ਉੱਤਰ-ਸੰਰਚਨਾਵਾਦ ਨਾਲ ਜੁੜੀਆਂ ਸੰਕਲਪੀ ਗੱਲਾਂ ਨੂੰ ਵੀ ਧਿਆਨ ਵਿਚ ਰੱਖਦਾ ਹੈ!
ਇਸ ਪਰਿਪੇਖ ਨੂੰ ਆਪਣੀ ਚੇਤਨਾ ‘ਚ ਰੱਖਦਿਆਂ ਉਹ ਰਵਿੰਦਰ ਰਵੀ ਦੇ
ਕਾਵਿ-ਨਾਟਕਾਂ(“ਬੀਮਾਰ ਸਦੀ”, “ਦਰ ਦੀਵਾਰਾਂ”, “ਅੱਧੀ ਰਾਤ ਦੁਪਹਿਰ” ਅਤੇ
“ਮਖੌਟੇ ਤੇ ਹਾਦਸੇ”) ਦਾ ਅਧਿਐਨ ਕਰਦਾ ਹੈ! ਪੰਜਾਬੀ ਵਿਚ ਕਾਵਿ-ਨਾਟਕਾਂ ਦਾ
ਅਧਿਐਨ ਪਹਿਲਾਂ ਵੀ ਕੀਤਾ ਗਿਆ ਹੈ ਪਰ ਸੰਰਚਨਾਵਾਦੀ ਵਿਧੀ ਨੂੰ ਆਧਾਰ ਬਣਾ ਕੇ
ਨਹੀਂ ਕੀਤਾ ਗਿਆ! ਉਸ ਨੇ ਸੰਰਚਨਾਵਾਦੀ ਵਿਧੀ ਨੂੰ ਆਧਾਰ ਬਣਾਉਂਦਿਆਂ ਇਨ੍ਹਾਂ
ਕਾਵਿ-ਨਾਟਕਾਂ ਤੇ ਇਨ੍ਹਾਂ ਦੀ ਸੰਰਚਨਾ ਦਾ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ!
ਜਿਸ ਵਿਚ ਇਨ੍ਹਾਂ ਕਾਵਿ-ਨਾਟਕਾਂ ਦੀ ਵਿਆਕਰਣ ਉਵੇਂ ਧਿਆਨ ਵਿਚ ਰਹਿੰਦੀ ਹੈ,
ਜਿਵੇਂ ਦੈਰਿਦਾ “ਆਫ ਗ੍ਰਾਮੇਤਾਲੋਜੀ” ਵਿਚ ਜ਼ਿਕਰ ਕਰਦਾ ਹੈ! ਰੋਲਾਂ ਬਾਰਤ ਨੇ
ਜਿਵੇਂ ਸ਼/ਗ਼ ਵਿਚ ਕੋਡ ਪਹਿਚਾਣੇ ਸਨ ਅਤੇ ਉਨ੍ਹਾਂ ਦੇ ਅੰਤਰਗਤ ਰਚਨਾ ਦੀ ਭਾਸ਼ਾ
ਦਾ ਅਧਿਐਨ ਵੀ ਕੀਤਾ ਸੀ ਤੇ ਵਿਚਾਰ-ਪ੍ਰਬੰਧ ਦਾ ਵੀ!
ਰਵਿੰਦਰ ਰਵੀ ਆਪਣੇ ਕਾਵਿ-ਨਾਟਕਾਂ ਵਿਚ ਕੁਝ ਪ੍ਰਤੀਕਾਂ ਤੇ ਚਿਹਨਾਂ ਦਾ
ਸੰਸਾਰ ਬਣਾਉਂਦਾ ਹੈ ਅਤੇ ਉਨ੍ਹਾਂ ਦੇ ਰਾਹੀਂ ਉਹ ਸਮੱਸਿਆ ਜਾਂ ਯਥਾਰਥ ਦੀ
ਪਹਿਚਾਣ ਕਰਨ ਦਾ ਯਤਨ ਕਰਦਾ ਹੈ! ਇਸੇ ਲਈ ਉਸ ਦੇ ਕਾਵਿ-ਨਾਟਕ ਸਾਧਾਰਨ ਕਿਸਮ ਦੇ
ਸੰਵਾਦ ਨਾਲ ਸੰਬੰਧਤ ਨਹੀਂ ਹੁੰਦੇ ਸਗੋਂ ਉਨ੍ਹਾਂ ਵਿੱਚੋਂ ਜੋ ਨਾਟਕੀ ਪੈਰਾਡਾਈਮ
ਉੱਸਰਦਾ ਹੈ, ਉਹ ਵਿਸ਼ੇਸ਼ ਕਿਸਮ ਦਾ ਹੁੰਦਾ ਹੈ ਅਤੇ ਬੌਧਿਕ ਚੇਤਨਾਂ ਵੀ ਉਨ੍ਹਾਂ
ਨਾਲ ਜੁੜੀ ਹੁੰਦੀ ਹੈ! ਇਸੇ ਲਈ ਉਸ ਦੇ ਕਾਵਿ-ਨਾਟਕ ਪੰਜਾਬੀ ਵਿਚ ਰਚੇ ਗਏ ਹੋਰ
ਕਾਵਿ-ਨਾਟਕਾਂ ਨਾਲੋਂ ਵੱਖਰਤਾ ਸਥਾਪਤ ਕਰਦੇ ਹਨ! ਮੁਨੀਸ਼ ਕੁਮਾਰ ਉਨ੍ਹਾਂ ਦੇ ਇਸ
ਕੜੀਦਾਰ ਪ੍ਰਬੰਧ ਦੀ ਪਹਿਚਾਣ ਕਰਦਾ ਹੈ! ਇਉਂ ਸੰਰਚਨਾਤਮਕ ਵਿਧੀ ਦੀ ਤਕਨੀਕੀ
ਚੇਤਨਾਂ ਵੀ ਹਰ ਸਮੇਂ ਉਸ ਦੇ ਮਨ ‘ਚ ਰਹਿੰਦੀ ਹੈ!
ਇਸ ਅਧਿਐਨ ਵਿਚ ਇਕ ਗੱਲ ਵਿਸ਼ੇਸ਼ ਤੌਰ ‘ਤੇ ਉੱਭਰ ਕੇ ਆਉਂਦੀ ਹੈ ਕਿ ਤਕਨੀਕੀ
ਸ਼ਬਦਾਵਲੀ ਨੂੰ ਉਹ ਆਪਣੇ ਸਿਧਾਂਤਕ ਪਰਿਪੇਖ ‘ਚ ਪੂਰੀ ਤਰ੍ਹਾਂ ਸਪਸ਼ਟ ਕਰ ਦਿੰਦਾ
ਹੈ ਅਤੇ ਜਦੋਂ ਉਹ ਕਾਵਿ-ਨਾਟਕਾਂ ਦਾ ਸੰਰਚਨਾਤਮਕ ਅਧਿਐਨ ਕਰਦਾ ਹੈ ਤਾਂ ਉਹ
ਤਕਨੀਕੀ ਸ਼ਬਦਾਵਲੀ ਨੂੰ ਬਾਰ ਬਾਰ ਅੱਗਰਭੂਮੀਂ ‘ਤੇ ਨਹੀਂ ਲਿਆਉਂਦਾ! ਅਕਸਰ
ਪੰਜਾਬੀ ਆਲੋਚਕਾਂ ਵਿਚ ਇਹ ਦੋਸ਼ ਵਾਪਰ ਜਾਂਦਾ ਹੈ ਕਿ ਪਾਠਗਤ ਅਧਿਐਨ ਸਮੇਂ ਵੀ
ਪਾਠ ਇਕ ਪਾਸੇ ਪਿਆ ਰਹਿ ਜਾਂਦਾ ਹੈ ਅਤੇ ਉਸ ਸਮੇਂ ਦੀ ਗੱਲ ਕੇਵਲ ਤਕਨੀਕੀ
ਸ਼ਬਦਾਵਲੀ ਵਿਚ ਉਲਝ ਜਾਂਦੀ ਹੈ! ਇੱਥੈ ਤਕਨੀਕੀ ਚੇਤਨਾਂ ਵਿਸ਼ੇ ਵਿਚ ਰਚੀ ਮਿਚੀ
ਹੋਈ ਹੈ ਅਤੇ ਰਚਨਾ ਅੱਗਰਭੂਮੀ ‘ਤੇ ਰਹਿੰਦੀ ਹੈ! ਇਸ ਲਈ ਰਚਨਾ ਦੀ ਵਿਆਕਰਣ, ਉਸ
ਦਾ ਕਥਾ-ਪ੍ਰਬੰਧ, ਸੰਵਾਦ-ਵਿਧੀ, ਪ੍ਰਤੀਕ ਤੇ ਚਿਹਨ-ਪ੍ਰਬੰਧ ਨੂੰ ਸਮੀਖਿਆਕਾਰ
ਇਕ ਯੂਨਿਟ ਦੇ ਤੌਰ ‘ਤੇ ਦੇਖਦਾ ਹੈ ਤੇ ਅੱਗੇ ਲੈ ਜਾਂਦਾ ਹੈ! ਜਦੋਂ ਅਸੀਂ ਇਸ
ਦੇ ਕਾਵਿ-ਨਾਟਕ ਦਾ ਪੂਰਨ ਅਧਿਐਨ ਪੜ੍ਹ ਲੈਂਦੇ ਹਾਂ, ਤਾਂ ਉਹ ਕਾਵਿ-ਨਾਟਕ
ਸੰਪੂਰਨ ਤੌਰ ‘ਤੇ ਸਾਡੀ ਪਕੜ ‘ਚ ਆ ਜਾਂਦਾ ਹੈ! ਇਸ ਅਧਿਐਨ ਵਿਚ ਉਹ ਸੰਰਚਨਾਤਮਕ
ਵਿਧੀ ਨੂੰ ਵਿਧਾ ਦੇ ਅਧਿਐਨ ਨਾਲੋਂ ਵੀ ਵੱਖ ਨਹੀਂ ਕਰਦਾ! ਇਸੇ ਲਈ ਉਹ ਨਾਟਕ,
ਕਾਵਿ-ਨਾਟਕ ਕਿਉਂ ਹੈ? ਇਸ ਪ੍ਰਸ਼ਨ ਨੂੰ ਵੀ ਸੰਰਚਨਾਤਮਕ ਸੋਚ ‘ਚ ਸ਼ਾਮਿਲ ਕਰਦਾ
ਹੈ!
ਇਸ ਲਈ ਮੁਨੀਸ਼ ਕੁਮਾਰ ਦੀ ਇਸ ਪੁਸਤਕ ਨੂੰ ਨਵੀਂ ਪੰਜਾਬੀ ਆਲੋਚਨਾ ਵਿਚ
ਸ਼ਾਮਿਲ ਕੀਤਾ ਜਾ ਸਕਦਾ ਹੈ! ਇਸ ਪੁਸਤਕ ਦੀ ਸਾਰਥਕਤਾ ਇਸ ਗੱਲ ਵਿਚ ਵੀ ਹੈ ਕਿ
ਉਹ ਆਪਣੀ ਆਲੋਚਨਾਤਮਕ ਸ਼ੈਲੀ ਵਿਚ ਸੰਚਾਰ ਵਜੋਂ ਪੂਰੀ ਤਰ੍ਹਾਂ ਚੇਤੰਨ ਹੈ
ਕਿਉਂਕਿ ਕਈ ਵਾਰ ਅਜਿਹੀ ਪੰਜਾਬੀ ਆਲੋਚਨਾ ਸੰਚਾਰ ਦੀਆਂ ਗੁੰਝਲਾਂ ਵਿਚ ਉਲਝਕੇ
ਰਹਿ ਜਾਂਦੀ ਹੈ! ਇਸ ਲਈ ਉਸ ਦੇ ਇਸ ਯਤਨ ਨੂੰ ਭਵਿੱਖਮੁਖੀ ਆਲੋਚਨਾ ਨਾਲ ਸੰਬੰਧਤ
ਕੀਤਾ ਜਾ ਸਕਦਾ ਹੈ!
ਮੈਨੂੰ ਉਮੀਦ ਹੈ ਕਿ ਉਸ ਦੇ ਇਸ ਅਧਿਐਨ ਨੂੰ ਪਾਠਕ, ਵਿੱਦਿਆਰਥੀ ਅਤੇ
ਅਧਿਆਪਕ ਇਸ ਦ੍ਰਿਸ਼ਟੀ ਤੋਂ ਸਹਿਜੇ ਹੀ ਸਵੀਕਾਰ ਕਰਨਗੇ!
ਸੁਤਿੰਦਰ ਸਿੰਘ ਨੂਰ(ਡਾ.) -
ਉਪ-ਪ੍ਰਧਾਨ, ਸਾਹਿਤ ਅਕਾਦਮੀ, ਦਿੱਲੀ
2.: ਸ਼ਬਦ ਦਰ ਸ਼ਬਦ – ਡਾ. ਜਸਪਾਲ ਕੌਰ
ਸ਼ਬਦ-ਲੀਲ੍ਹਾ ਪਾਠਕ/ਸਮੀਖਿਅਕ ਨੂੰ ਆਪਣੀ ਅਸੀਮਾਂ ਅੰਦਰ ਕੈਦ ਰੱਖਦੀ ਹੈ!
ਪਾਠਕ/ਸਮੀਖਿਆਕਾਰ ਆਪਣੀ ਹਰ ਪੜ੍ਹਤ ਤੋਂ ਨਵੀਆਂ ਸੰਭਾਵਨਾਵਾਂ ਤਲਾਸ਼ਦਾ ਹੈ!
ਕਲਮੀ ਸਫਰ ਤੋਂ ਕਾਵਿ-ਸ਼ਾਸਤਰੀ ਪਛਾਣਾਂ ਤੀਕ ਰਚਨਾ ਲਗਾਤਾਰ ਆਪਣੇ ਅਰਥਾਂ ਦੀ
ਤਲਾਸ਼ ਲਈ ਪਾਠਕ ਦੇ ਰੂ-ਬ-ਰੂ ਰਹਿੰਦੀ ਹੈ! ਅੱਜ ਜਦੋਂ ਦੁਨੀਆਂ ਦੀ ਪਛਾਣ ਇਕ
ਵਿਸ਼ਵ-ਪਿੰਡ ਵਜੋਂ ਕੀਤੀ ਜਾ ਰਹੀ ਹੈ ਤਾਂ ਸੂਚਨਾ ਤਕਨਾਲੋਜੀ ਦੇ ਇਸ ਯੁੱਗ ਵਿਚ
ਸਾਹਿਤਕ ਸੰਸਾਰ ਵਿਸ਼ਵ ਸਰੋਕਾਰਾਂ ਨਾਲ ਸੰਵਾਦ ਕਰਦਾ ਨਜ਼ਰੀਂ ਪੈਂਦਾ ਹੈ! ਅਜਿਹੇ
ਵੇਲੇ ਪਾਠਕੀ ਪੜ੍ਹਤਾਂ ਵੀ ਨਵੀਆਂ ਸੰਭਾਵਨਾਵਾਂ/ਵੰਗਾਰਾਂ ਨਾਲ ਇਕਸੁਰ ਹੋ
ਰਹੀਆਂ ਹਨ! ਅਜੋਕੀ ਪਾਠਗਤ ਅਧਿਐਨ ਵਾਲੀ ਮਾਨਸਿਕਤਾ ਨੇ ਪਾਠ ਦੇ ਅਹਿਮ ਨੂੰ
ਸਵੀਕਾਰਦਿਆਂ ਚਿੰਤਨ-ਮਨਨ ਦੀਆਂ ਨਵੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ!
ਨਤੀਜਨ ਅੱਜ ਪਾਠ ਹੀ ਵਿਸ਼ਾਲ ਕੈਨਵਸ ਅਖਤਿਆਰ ਨਹੀਂ ਕਰ ਰਿਹਾ , ਸਗੋਂ ਪੜ੍ਹਤਾਂ
ਵੀ ਵਿਸ਼ਾਲ ਕੈਨਵਸ ਨੂੰ ਚਿਤਰਦੀਆਂ ਹਨ!
ਰਵਿੰਦਰ ਰਵੀ ਦਾ ਰਚਨਾ-ਸੰਸਾਰ ਪੌਰਾਣਿਕ ਦੁਨੀਆਂ ਤੋਂ ਵਿਸ਼ਵੀਕਰਣ ਤੀਕ ਦੀਆਂ
ਸਥਿਤੀਆਂ/ਪ੍ਰਸਥਿਤੀਆਂ ਨੂੰ ਆਪਣੀ ਵਿਸ਼ਾਲ ਕੈਨਵਸ ‘ਤੇ ਚਿਤਰਦਾ ਹੈ! ਰਵਿੰਦਰ
ਰਵੀ ਦੇ ਕਾਵਿ-ਨਾਟਕਾਂ ਦਾ ਸੰਰਚਨਾਤਮਕ ਅਧਿਐਨ ਅਜਿਹਾ ਹੀ ਖੋਜ-ਭਰਪੂਰ ਯਤਨ ਹੈ
ਜਿਹੜਾ ਪਾਠ ਦੀਆਂ ਅਸੀਮ ਪਰਤਾਂ ਨੂੰ ਪਛਾਣਨ ਵਲ ਰੁਚਿਤ ਹੈ! ਸਮੀਖਿਆਕਾਰ ਨੇ
ਪਾਠ ਦੀਆਂ ਸੂਖਮਤਾਵਾਂ ਤੀਕ ਪਹੁੰਚ ਕਰਦਿਆਂ ਜਿੱਥੇ ਪਾਠ ਦੀਆਂ ਬਹੁ
ਸੰਭਾਵਨਾਵਾਂ ਨੂੰ ਪਾਠਕਾਂ ਸਾਹਵੇਂ ਉਭਾਰਿਆ ਹੈ, ਉੱਥੇ ਇਹ ਉਸ ਦੀ ਬੌਧਿਕ
ਪ੍ਰਤਿਭਾ ਨੂੰ ਵੀ ਜ਼ਾਹਿਰ ਕਰਦਾ ਹੈ! ਇਕ ਵਿਲੱਖਣ ਵਿਧਾ, ਕਾਵਿ-ਨਾਟਕ ਦੀ
ਖੋਜ-ਕਾਰਜ ਵਜੋਂ ਚੋਣ, ਆਪਣੇ ਆਪ ਵਿਚ ਚੁਣੌਤੀ ਭਰਪੂਰ ਹੈ! ਦੋ ਵੱਖਰੀਆਂ
ਵਿਧਾਵਾਂ ਸੰਬੰਧੀ ਗਹਿਨ-ਅਧਿਐਨ ਇਸ ਵਿਧਾ ਲਈ ਲਾਜ਼ਮੀਂ ਬਣ ਜਾਂਦਾ ਹੈ! ਮੁਨੀਸ਼
ਆਪਣੇ ਅਧਿਐਨ-ਵਿਸ਼ਲੇਸ਼ਣ ਵੇਲੇ ਜਿੱਥੇ ਕਾਵਿ ਨਾਲ ਸੰਵਾਦੀ ਜ਼ਾਵੀਏ ਤੋਂ ਮੁਖਾਤਿਬ
ਹੁੰਦਾ ਹੈ, ਉੱਥੇ ਨਾਟਕੀ ਜੁਗਤਾਂ ਵੀ ਉਸ ਦੇ ਅਧਿਐਨ ਦਾ ਕੇਂਦਰ-ਬਿੰਦੂ ਬਣਦੀਆਂ
ਹਨ!
ਇੱਥੇ ਭਾਵੇਂ ਕੁਝ ਚੋਣਵੇਂ ਕਾਵਿ-ਨਾਟਕਾਂ ਨੂੰ ਅਧਿਐਨ-ਵਿਸ਼ਲੇਸ਼ਣ ਵਜੋਂ ਲਿਆ
ਗਿਆ ਹੈ, ਪਰ ਰਵੀ ਦੇ ਕਾਵਿ-ਨਾਟਕਾਂ ਨੂੰ ਸਮਝਣ ਲਈ ਇਹ ਖੋਜ-ਕਾਰਜ ਪਾਠਕਾਂ ਲਈ
ਅਹਿਮ ਕਿਹਾ ਜਾ ਸਕਦਾ ਹੈ! ਵਿਧਾ ਦੀ ਪਰਖ-ਪੜਚੋਲ ਦੇ ਨਾਲ-ਨਾਲ ਮੁਨੀਸ਼ ਨੇ
ਸਿਧਾਂਤਕ ਪਰਿਪੇਖ ਬਾਰੇ ਵੀ ਪੁਖਤਗੀ ਨਾਲ ਵਿਚਾਰ-ਚਰਚਾ ਕੀਤੀ ਹੈ! ਰਚਨਾਵਾਂ ਦੀ
ਕਾਵਿ-ਸ਼ਾਸਤਰੀ ਪਛਾਣ ਨੂੰ ਉਸਾਰਦਿਆਂ ਉਹ ਸਿਧਾਂਤ ਨੂੰ ਸਤਹੀ ਪੱਧਰ ‘ਤੇ ਨਹੀਂ
ਰੱਖਦਾ ਸਗੋਂ ਉਹ ਗਹਿਣਤਾ ਵਿਚ ਜਾਂਦਾ, ਰੋਲਾਂ ਬਾਰਤ ਦੇ ਮਾਡਲ ਨੂੰ ਆਧਾਰ
ਬਣਾਉਂਦਾ ਹੈ! ਹਾਲਾਂਕਿ ਕਿਸੇ ਪਾਠ ਉੱਪਰ ਕਿਸੇ ਵੀ ਮਾਡਲ ਨੂੰ ਇੰਨ ਬਿੰਨ ਲਾਗੂ
ਨਹੀਂ ਕੀਤਾ ਜਾ ਸਕਦਾ ਕਿਉਂਕਿ ਹਰ ਪਾਠ ਆਪਣੇ ਚੌਗਿਰਦੇ ਨਾਲ ਸੰਵਾਦ ਵਿੱਚੋਂ
ਰੂਪ ਅਖਤਿਆਰ ਕਰਦਾ ਹੈ! ਪਾਠ-ਪੜ੍ਹਤ ਲਈ ਉਸ ਧਰਾਤਲ ਨੂੰ ਸਮਝਣਾ ਵੀ ਜ਼ਰੂਰੀ ਹੈ!
ਲੇਖਕ ਦੋਂਹਾਂ ਗੱਲਾਂ ਪ੍ਰਤੀ ਸੁਚੇਤ ਹੈ ਤੇ ਦੋਂਹਾਂ ਵਿਚਕਾਰ ਇਕ ਸੰਤੁਲਨ ਨੂੰ
ਕਾਇਮ ਰੱਖਣ ਵਿਚ ਕਾਮਯਾਬ ਵੀ ਹੁੰਦਾ ਹੈ! ਪਾਠ ਉੱਤੇ ਸਿਧਾਂਤਕ ਗੱਲਾਂ ਭਾਰੂ
ਨਹੀਂ ਹੂੰਦੀਆਂ ਸਗੋਂ ਉਹ ਸਹਿਜ ਵਿਚ ਪਾਠ ਦੇ ਲੈਂਗ ਤੀਕ ਪਹੁੰਚ ਕਰਨ ਦਾ ਯਤਨ
ਕਰਦਾ ਹੈ! ਪਾਠ ਅੰਦਰਲੀਆਂ ਅੰਤਰੀਵ ਪਰਤਾਂ ਨੂੰ ਤਲਾਸ਼ਦਾ ਸਮੀਖਿਆਕਾਰ ਲੋਕਧਾਰਾਈ
ਪੱਧਰ ਤੋਂ ਵਿਸ਼ਵੀਕਰਨ ਦੇ ਨਵੀਨ ਸਰੋਕਾਰਾਂ ਅਤੇ ਵੰਗਾਰਾਂ ਨਾਲ ਵੀ ਸੰਵਾਦ ਰਚਦਾ
ਹੈ!
ਸ਼ਬਦਾਂ ਨਾਲ ਸ਼ਬਦਾਂ ਦੀ ਇਹ ਖੇਡ ਰਚਣ ਲਈ ਇਸ ਨਵੇਂ ਕਲਮਕਾਰ ਕੋਲ ਸੰਜਮੀਂ
ਭਾਸ਼ਾ-ਸ਼ੈਲੀ ਤੇ ਆਪਣਾ ਵਿਲੱਖਣ ਅੰਦਾਜ਼ ਵੀ ਹੈ! ਪਾਠ ਦੀ ਪਾਠਕੀ ਪੜ੍ਹਤ ਨੂੰ
ਸਿਰਜਦਾ, ਰਚਨਾ ਨੂੰ ਵਿਰਚਿਤ ਕਰਦਾ, ਰਚਨਾ-ਵਿਰਚਨਾ-ਰਚਨਾ ਕਰਦਾ ਸਮੀਖਿਆਕਾਰ
ਜਿੱਥੇ ਸਮੀਖਿਆ-ਜਗਤ ਵਿਚ ਆਪਣਾ ਸੀਰ ਪਾ ਰਿਹਾ ਹੈ, ਉੱਥੇ ਚਿੰਤਨ-ਮਨਨ ਦੀ ਰਾਹੇ
ਤੁਰਦਾ ਵਿਸ਼ਵ-ਚਿੰਤਨੀ ਸਰੋਕਾਰਾਂ ਨਾਲ ਨਿੱਤ ਜੂਝ ਰਿਹਾ ਹੈ! ਪੰਜਾਬੀ ਸਾਹਿਤ
ਵਿਚ ਕਾਵਿ-ਸ਼ਾਸਤਰ ਪ੍ਰਤੀ ਉਸ ਦੀ ਸੁਹਿਰਦ ਲਗਨ, ਉਸ ਦੀ ਇਸ ਰਚਨਾ ਰਾਹੀਂ
ਆਪ-ਮੁਹਾਰੇ ਹੀ ਜ਼ਾਹਿਰ ਹੋ ਜਾਂਦੀ ਹੈ! ਜਿੱਥੇ ਪਾਠਕ-ਵਰਗ ਇਸ ਪੁਸਤਕ ਦਾ ਨਿੱਘਾ
ਸੁਆਗਤ ਕਰੇਗਾ, ਉੱਥੇ ਮੈਨੂੰ ਆਸ ਹੈ ਕਿ ਭਵਿੱਖ ਵਿਚ ਇਹ ਸੁਹਿਰਦ ਕਲਮਕਾਰ
ਚਿੰਤਨ-ਮਨਨ ਨਾਲ ਆਪਣੇ ਇਸ ਪ੍ਰਯਾਸ ਨੂੰ ਨਿਰੰਤਰ ਜਾਰੀ ਰੱਖੇਗਾ! ਇਸ ਪੁਸਤਕ
ਨੂੰ ਖੁਸ਼ਆਮਦੀਦ ਕਹਿੰਦਿਆਂ ਇਸ ਕੋਸ਼ਿਸ਼ ਲਈ ਮੈਂ ਕਲਮਕਾਰ ਨੂੰ ਹਾਰਦਿਕ ਵਧਾਈ ਵੀ
ਦਿੰਦੀ ਹਾਂ ਅਤੇ ਅਸੀਸ ਵੀ!
ਡਾ. ਜਸਪਾਲ ਕੌਰ -ਪੰਜਾਬੀ ਵਿਭਾਗ, ਦਿੱਲੀ
ਯੂਨਵਿਰਸਿਟੀ, ਦਿੱਲੀ, ਭਾਰਤ –
ਇੰਡੋ-ਕਨੇਡੀਅਨ ਟਾਇਮਜ਼, ਸਰੀ, ਬੀ.ਸੀ., ਕੈਨੇਡਾ –
ਦਸੰਬਰ 16-22, 2010 ਅੰਕ ਵਿਚ ਪ੍ਰਕਾਸ਼ਤ - |