ਅਮਨਦੀਪ ਦੇ ਇਸ ਸੰਗ੍ਰਹਿ ਵਿਚ ਸਮੁੱਚੇ ਸੰਸਾਰ ਅੰਦਰ ਅਮਨ ਦੀ ਸਕਾਰਤਾ
ਲਈ ਚਾਹਤ ਭਰੀ ਅਰਜ਼ੋਈ ਵੀ ਹੈ ਤੇ ਅਜੋਕੇ ਘੜਮੱਸ ਵਾਲੇ ਜੀਵਨ ਵਿਚ ਸਵੈ ਨੂੰ
ਤਲਾਸ਼ਣ ਦੀ ਤੜਪ ਵੀ।ਯਾਦਾਂ ਰੱਤੇ ਗੀਤ ਵੀ ਨੇ, ਤੇ ਬਿਰਹਾ ਦੇ ਦਰਦ ਨਾਲ
ਲਬਰੇਜ਼ ਨਜ਼ਮਾਂ ਵੀ।ਜ਼ਿੰਦਗੀ ਦੀ ਜਦੋਜਹਿਦ ਦੀ ਲਗਾਤਾਰਤਾ ਵਿਚ ਆਸ਼ਾਵਾਦੀ
ਨਜ਼ਰੀਏ ਦਾ ਪੱਲਾ ਨਾ ਛੱਡਣ ਦਾ ਸੁਨੇਹਾ ਬਿਆਨਦੀਆਂ ਗਜ਼ਲਾਂ ਵੀ ਨੇ ਤੇ
ਕਲਪਨਾਵਾਂ ਦੇ ਸੰਸਾਰ ਅੰਦਰ ਚੰਨ ਨੂੰ ਫੜਣ ਦੀਆਂ ਬਾਤਾਂ ਵੀ। ਉਸ ਦੇ
ਸ਼ਬਦਾਂ ਵਿਚ ਰਵਾਨਗੀ ਹੈ ਤੇ ਜ਼ਜਬਾਤਾਂ ਵਿਚ ਤਰਲਤਾ ਵੀ।
ਉਸ ਦਾ ਆਸ਼ਾਵਾਦ 'ਅਮਨ ਦੇ ਬੱਦਲ' ਦੇ ਰੂਪ ਵਿਚ ਸਾਕਾਰ ਹੁੰਦਾ, ਸ਼ਬਦਾਂ
ਦਾ ਰੂਪ ਇੰਝ ਧਾਰਦਾ ਹੈ;
ਜਦੋਂ ਸਾਰੇ ਫੌਜੀ ਆਪਣੇ ਘਰ ਵਾਪਿਸ ਆਉਣਗੇ
ਉਂਦੋਂ ਸੰਸਾਰ 'ਤੇ ਅਮਨ ਦੇ ਬੱਦਲ ਛਾਉਣਗੇ।
ਅਜੋਕੇ ਸਮੇਂ ਦੀਆਂ ਸਮੱਸਿਆਵਾਂ ਤੇ ਚਿੰਤਾਵਾਂ ਖਾਸ ਕਰ ਵਾਤਾਵਰਣੀ
ਪ੍ਰਦੂਸ਼ਣ ਦੀ ਘਾਤਕ ਮਾਰ, ਕੁਦਰਤੀ ਸੰਰਖਿਅਣ ਦੀ ਅਹਿਮ ਲੋੜ ਤੇ
ਹਰੀ-ਕ੍ਰਾਂਤੀ ਦੇ ਮੁੜ ਆਗਾਜ਼ ਲਈ ਉਪਰਾਲਿਆਂ ਵਾਲਾ ਜੀਵਨ ਚਲਣ, ਜਿਹੇ ਵਿਸ਼ੈ
ਵੀ ਉਸ ਦੀ ਕਲਮ ਤੋਂ ਅਣਛੂੰਹ ਨਹੀਂ ਰਹੇ ਹਨ। ਇੰਝ ਉਸ ਦੇ ਨਿੱਜ ਦਾ ਦਰਦ,
ਇਸ ਕਾਵਿ ਸੰਗ੍ਰਹਿ ਅੰਦਰ, ਮੁਕਾਮ ਦਰ ਮੁਕਾਮ, ਤੈਅ ਕਰਦਾ ਹੋਇਆ ਮਾਨਵਤਾ
ਦੇ ਦਰਦ ਦਾ ਰੂਪ ਵਟਾ ਲੈਂਦਾ ਹੈ। ਜੋ 'ਨਾ ਕੋਈ ਹਿੰਦੂ, ਨਾ ਮੁਸਲਮਾਨ' ਦੇ
ਹੋਕੇ ਨਾਲ ਇਸ ਪੁਸਤਕ ਦੇ ਅੰਤਮ ਚਰਨ ਵਿਚ ਲਿਜਾ ਪਹੁੰਚਾਂਦਾ ਹੈ।
'ਨਾ ਕੋਈ ਹਿੰਦੂ, ਨਾ ਮੁਸਲਮਾਨ।'
ਇਸ ਵਿੱਚ ਕਿੰਨਾ ਸੱਚ ਤੇ ਕਿੰਨੀ ਜਾਨ !
ਜੇ ਸਭ ਕੋਈ ਇਸਨੂੰ ਸਮਝੇ ਤੇ ਜਾਣੇ
ਤਾਂ ਧਰਤੀ ਤੋਂ ਸਭ ਦੁੱਖ ਦਰਦ ਮਿਟ ਜਾਣ
ਨਾ ਕਿਤੇ ਮਜ਼ਹਬੀ ਦੰਗੇ ਹੋਣ
ਨਾ ਨਿਰਦੋਸ਼ਾਂ ਦੀਆਂ ਜਾਨਾਂ ਜਾਣ
ਬਾਬੇ ਨਾਨਕ ਦੇ ਸੁਪਨੇ ਫਿਰ ਸੱਚ ਹੋ ਜਾਣ !
ਇਸ ਨਿਵੇਕਲੇ ਕਾਵਿ-ਸੰਗ੍ਰਹਿ ਦੀਆਂ ਰਚਨਾਵਾਂ ਦੇ ਵਿਸ਼ਿਆਂ ਦਾ ਫੈਲਾਅ
ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤਕ ਫੈਲਿਆ ਹੋਇਆ
ਹੈ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ। ਆਸ
ਹੈ ਪੰਜਾਬੀ ਪਾਠਕ ਅਮਨਦੀਪ ਦੀ ਇਸ ਭੇਂਟ ਨੂੰ ਜੀ ਆਇਆਂ ਆਖਦੇ ਹੋਏ, ਇਸ ਦੀ
ਵਿਸ਼ਾ-ਵਸਤੂ ਨਾਲ ਇਕਸੁਰਤਾ ਮਹਿਸੂਸ ਕਰਣਗੇ ਤੇ ਅਮਨ-ਭਰਪੂਰ ਨਵ-ਮਾਨਵੀ
ਸਮਾਜ ਸਿਰਜਣ ਲਈ ਸੇਧ ਪ੍ਰਾਪਤ ਕਰ ਸਕਣਗੇ।
---------
ਲੇਖਕ ਵਲ੍ਹੋਂ :
ਬੱਸ ਅਤੀਤ ਦੇ ਖੰਡਰ ਨੇ-
ਭਵਿੱਖ ਦੇ ਬਿੱਖਰੇ ਹੋਏ
ਕੰਕਰ-ਪੱਥਰ ਨੇ-
...
ਪਰ ਇੱਕ ਆਸ ਵੀ ਹੈ - ਜੋ ਜਿੰਦਾ ਹੈ ਰੱਖਦੀ-
ਆਸ !
ਕਿੰਨ੍ਹਾਂ ਖੂਬਸੂਰਤ ਅਤੇ ਮਿੱਠਾ ਸ਼ਬਦ ਹੈ-
ਸੁਪਨਿਆਂ ਵਰਗਾ !
ਦਰਅਸਲ ਸੁਪਨੇ ਤੇ ਆਸ -
ਇਕ ਦੁਸਰੇ ਦੇ ਪੂਰਕ ਨੇ -
ਅਧੂਰੇ ਨੇ ਇੱਕ ਦੂਸਰੇ ਦੇ ਵਗੈਰ!
ਸੁਪਨੇ ਆਸ ਨੂੰ ਜਨਮ ਦਿੰਦੇ ਨੇ -
ਅਤੇ ਆਸ ਸੁਪਨਿਆਂ ਨੂੰ !
ਦੋਵੇਂ ਜ਼ਿੰਦਗੀ ਦੇ ਖੂਬਸੂਰਤ ਝਰੋਖਿਆਂ ਤੋਂ
ਪਰਦਾ ਨੇ ਉਠਾਉਂਦੇ ! |