|
ਸੈਡੀ ਗਿੱਲ ਇੱਕ ਅਜਿਹੀ ਕਵਿਤਰੀ ਹੈ ਜਿਹੜੀ ਕਵਿਤਾਵਾਂ ਦੇ ਨਾਲ
ਪੇਂਟਿੰਗ ਕਰਨ ਵਿਚ ਵੀ ਮੁਹਾਰਤ ਰੱਖਦੀ ਹੈ। "ਨੀ ਮਾਂ" ਉਸਦੀ ਪਲੇਠੀ
ਕਵਿਤਾਵਾਂ ਅਤੇ ਪੇਂਟਿੰਗ ਦੀਆਂ ਕਲਾ ਕ੍ਰਿਤਾਂ ਦੀ ਰੰਗਦਾਰ ਸਚਿਤਰ
ਨਿਵੇਕਲੀ ਕਿਸਮ ਦੀ ਪੰਜਾਬੀ ਵਿਚ ਪਹਿਲੀ ਕਾਫੀ ਟੇਬਲ ਪੁਸਤਕ ਹੈ, ਜਿਸਦੀ
ਅਨੋਖ਼ੀ ਦਿੱਖ ਮਨੁੱਖੀ ਮਨਾਂ ਨੂੰ ਟੁੰਬਦੀ ਹੋਈ, ਉਨਾਂ ਵਿਚ ਹਲਚਲ ਪੈਦਾ
ਕਰਦੀ ਹੈ। ਉਸ ਦੀਆਂ ਪੇਂਟਿੰਗਜ਼ ਤੇ ਕਵਿਤਾਵਾਂ ਇਸ ਤਰਾਂ
ਹਨ ਜਿਵੇਂ ਇੱਕ ਮਿਆਨ ਵਿਚ ਜਿਵੇਂ ਦੋ ਤਲਵਾਰਾਂ ਹੁੰਦੀਆਂ ਹਨ। ਇੱਕ
ਵਿਅਕਤੀ ਵਿਚ ਅਜਿਹੇ ਕੋਮਲ ਕਲਾ ਅਤੇ ਕਵਿਤਾ ਲਿਖਣ ਦੇ ਗੁਣ ਹੋਣਾ ਵਿਲੱਖਣ
ਗੱਲ ਹੈ। ਸੈਂਡੀ ਦੀਆਂ ਕਵਿਤਾਵਾਂ ਵਿਚ ਮੁਹੱਬਤ ਦੀ ਹੂਕ, ਦਿਲ ਦਾ ਦਰਦ,
ਬਿਰਹਾ ਦੀ ਪੀੜ ਅਤੇ ਔਰਤ ਦੇ ਸਨੇਹ ਦੀਆਂ ਪਰਤਾਂ ਦਾ ਪ੍ਰਗਟਾਵਾ ਅਤੇ ਉਨਾਂ
ਦਾ ਵਿਸ਼ਲੇਸ਼ਣ ਹੈ, ਜਿਹੜਾ ਮਨੁੱਖਤਾ ਦੇ ਮਨਾਂ ਦੀ ਤ੍ਰਿਸ਼ਨਾ ਨੂੰ ਪਕੜਨ ਦੀ
ਕੋਸ਼ਿਸ਼ ਕਰਦਾ ਹੈ। ਇਹ ਪੁਸਤਕ ਰਵਾਇਤੀ ਪੁਸਤਕਾਂ ਵਰਗੀ ਨਹੀਂ ਹੈ ਅਤੇ ਨਾ
ਹੀ ਇਸ ਦਾ ਤਤਕਰਾ ਅਤੇ ਕਵਿਤਾਵਾਂ ਦੇ ਸਿਰਲੇਖ ਹਨ। ਬਿਹਤਰੀਨ ਮੁੱਖ
ਕਵਰ ਅਤੇ ਗਲੇਜ਼ਡ ਕਾਗਜ਼ ਲਗਾਇਆ ਗਿਆ ਹੈ। ਕਵਿਤਾਵਾਂ
ਪੜਦਿਆਂ ਹੀ ਉਸਦੀ ਅੰਤਰਆਤਮਾ ਦੇ ਦਰਸ਼ਨ ਹੋ ਜਾਂਦੇ ਹਨ। ਇਸ ਪੁਸਤਕ ਵਿਚ
ਸੈਂਡੀ ਦੀਆਂ 16 ਰੰਗਦਾਰ ਪੇਂਟਿੰਗਜ਼ ਹਨ ਜਿਨਾਂ ਵਿਚੋਂ 12
ਪੇਂਟਿੰਗਜ਼ ਇਸਤਰੀ ਦੀਆਂ ਵੱਖ ਵੱਖ ਮੁਦਰਾਵਾਂ ਨੂੰ
ਦਰਸਾਉਂਦੀਆਂ ਅਤੇ ਕੁਦਰਤ ਦੇ ਕਾਦਰ ਦੇ ਦ੍ਰਿਸ਼ਾਂ ਨੂੰ ਪ੍ਰਸਤਤ ਕਰਦੀਆਂ
ਹੋਈਆਂ ਪੰਜਾਬੀ ਵਿਰਸੇ ਵਿਚ ਲਬਰੇਜ਼ ਕਲਾ ਕ੍ਰਿਤਾਂ ਕਲਪਨਾ ਦੇ ਸੰਸਾਰ ਵਿਚ
ਪਹੁੰਚਾ ਦਿੰਦੀਆਂ ਹਨ। ਇਉਂ ਮਹਿਸੂਸ ਹੁੰਦਾ ਹੈ ਕਿ ਦਰਸ਼ਕ ਤੇ ਪਾਠਕ ਪੰਜਾਬ
ਦੇ ਪਿੰਡਾਂ ਦੇ ਵਿਚ ਵਿਚਰ ਰਿਹਾ ਹੈ। ਇਸ ਪੁਸਤਕ ਵਿਚ 79 ਕਵਿਤਾਵਾਂ
ਦੁਨੀਆਂ ਦੇ ਵੱਖ-ਵੱਖ ਰੰਗਾਂ ਨੂੰ ਦ੍ਰਿਸ਼ਟਾਂਤਿਕ ਰੂਪ ਦਿੰਦੀਆਂ ਹੋਈਆਂ
ਮਾਨਸਿਕ ਤ੍ਰਿਪਤੀ ਤੋਂ ਬਾਅਦ ਮਨੁੱਖੀ ਮਨ ਨੂੰ ਸਕੂਨ ਵਿਚ ਲੈ ਜਾਂਦੀਆਂ
ਹਨ। ਸੈਂਡੀ ਦੀਆਂ ਕਵਿਤਾਵਾਂ ਵਿਚੋਂ ਬਾਰਸ਼ ਦੀ ਕਿਣਮਿਣ, ਦਰਿਆਵਾਂ ਅਤੇ
ਸਮੁੰਦਰਾਂ ਦੇ ਪਾਣੀਆਂ ਦੀ ਝਰਨਾਹਟ, ਝਰਨਿਆਂ ਦੀ ਆਹਟ, ਬਾਗਾਂ, ਫੁੱਲਾਂ,
ਬੂਟਿਆਂ ਅਤੇ ਮੁਹੱਬਤ ਦੀ ਖ਼ੁਸ਼ਬੂ, ਪ੍ਰਕ੍ਰਿਤੀ ਦੇ ਦਰਸ਼ਨ, ਕੋਇਲਾਂ ਦੀ ਕੂ
ਕੂ ਅਤੇ ਰੰਗਾਂ ਦੀਆਂ ਤਰੰਗਾਂ ਦੀ ਮਹਿਕ ਸ਼ਰਸ਼ਾਰ ਕਰਦੀ ਹੈ। ਕਵਿਤਰੀ ਦੇ ਮਨ
ਅਤੇ ਦਿਲ ਦੀ ਸਵੱਛਤਾ ਉਸਦੀਆਂ ਕਵਿਤਾਵਾਂ ਵਿਚੋਂ ਝਲਕਦੀ ਨਜ਼ਰ ਆਉਂਦੀ ਹੈ।
ਆਪਣੀਆਂ ਕਵਿਤਾਵਾਂ ਵਿਚ ਉਹ ਇਨਸਾਨ ਨੂੰ ਕੁਦਰਤ ਦੇ ਦਿੱਤੇ ਤੋਹਫ਼ਿਆਂ ਦਾ
ਜ਼ਿਕਰ ਕਰਦੀ ਹੋਈ ਕੁਦਰਤ ਦੇ ਕ੍ਰਿਸ਼ਮਿਆਂ ਦਾ ਸਦਉਪਯੋਗ ਕਰਨ ਲਈ ਉਤਸ਼ਾਹਿਤ
ਕਰਦੀ ਹੈ। ਉਸ ਦੀਆਂ ਕਈ ਕਵਿਤਾਵਾਂ ਮਾਂ ਨੂੰ ਸਮਰਪਿਤ ਹਨ, ਉਹ ਮਾਂ ਨੂੰ
ਸਿਰਣਹਾਰੀ ਦੇ ਰੂਪ ਵਿਚ ਵੇਖਦੀ ਹੈ। ਇਹ ਪੁਸਤਕ ਉਸਨੇ ਆਪਣੀ ਮਾਂ ਸੁਰਿੰਦਰ
ਕੌਰ ਗਿੱਲ ਨੂੰ ਸਮਰਪਿਤ ਕੀਤੀ ਹੈ, ਇਸ ਲਈ ਉਹ ਆਪਣੀ ਕਵਿਤਾ ਵਿਚ ਮਾਂ ਦੀ
ਗੋਦ ਦਾ ਆਨੰਦ ਮਾਨਣ ਬਾਰੇ ਲਿਖਦੀ ਹੈ।
ਝਿੜਕ ਜਿਸਦੀ ਖ਼ੁਭਦੀ ਸੀ ਸੀਨੇ ਤੀਰ ਵਾਂਗੂੰ,
ਮਾਂ ਬਣੀ, ਅਸੀਸ ਵਾਂਗੂੰ ਅੱਜ ਉਹ ਮਾਂ ਮਾਣਾ।
ਕਿੰਨੀ ਵਾਰ ਮਰ ਕੇ ਵੀ ਜਿਉਂ ਰਿਹੈ ਹਾਲੇ,
ਜ਼ਰੂਰ ਇਹ ਮਾਂ ਦੀ ਜੂਨੇ ਪੈ ਕੇ ਆਇਆ।
ਉਸ ਦੀਆਂ ਕਵਿਤਾਵਾਂ ਸਮਾਜਿਕ ਤਾਣੇ ਬਾਣੇ ਤੇ ਡੂੰਘੀ ਚੋਟ ਮਾਰਦੀਆਂ
ਹਨ, ਜਦੋ ਉਹ ਲਿਖਦੀ ਹੈ ਕਿ ਅੱਜ ਦੇ ਯੁਗ ਵਿਚ ਚਮੜੀ ਤੇ ਦਮੜੀ ਦਾ ਮੁੱਲ
ਪੈਂਦਾ ਹੈ। ਇੱਥੇ ਸ਼ਰਾਫ਼ਤ, ਇਨਸਾਨੀਅਤ, ਕਾਬਲੀਅਤ ਦੇ ਗੁਣਾਂ ਦੀ ਕਦਰ ਨਹੀਂ
ਪੈਂਦੀ। ਜਿਥੇ ਇਨਸਾਨੀਅਤ ਅਤੇ ਯੋਗਤਾ ਦਾ ਮੁੱਲ ਪੈਂਦਾ ਹੈ, ਉਥੇ ਜ਼ਿੰਦਗੀ
ਅਨੰਦਮਈ ਅਤੇ ਰਸਦਾਇਕ ਬਣਕੇ ਇਨਸਾਨ ਸਵਰਗ ਵਿਚ ਪਹੁੰਚ ਜਾਂਦਾ ਹੈ। ਇੰਝ ਉਹ
ਸਾਡੀ ਪ੍ਰਣਾਲੀ ਤੇ ਗਹਿਰੇ ਤੀਰ ਮਾਰਦੀ ਹੈ।
ਚਮੜੀ ਤੇ ਦਮੜੀ ਦੇ ਇਸ ਸ਼ਹਿਰ ਵਿਚ,
ਰੂਹ ਤੇ ਦਿਲ ਦਾ ਤਾਲ ਲਿਖਾਂ ਕਿ ਨਾ ਲਿਖਾਂ।
ਮਹਿਲ ਇਸ ਕਦਰ ਵਧ ਰਹੇ ਨੇ ਸ਼ਹਿਰ ਵਿਚ,
ਹੁਣ ਬੇਘਰਿਆਂ ਦਾ ਹਾਲ ਲਿਖਾਂ ਕਿ ਨਾ ਲਿਖਾਂ।
ਗ਼ਰੀਬੀ ਅਮੀਰੀ ਦੇ ਪਾੜੇ ਦਾ ਜ਼ਿਕਰ ਆਪਣੀ ਕਵਿਤਾ ਵਿਚ ਉਸ ਨੇ ਬੜੇ ਹੀ
ਸੂਖ਼ਮ ਢੰਗ ਨਾਲ ਕੀਤਾ ਹੈ ਕਿ ਸਮਾਜ ਵਿਚ ਮਹਿਲਾਂ ਦੀ ਗਿਣਤੀ ਅਰਥਾਤ
ਅਮੀਰਾਂ ਦੀ ਗਿਣਤੀ ਹੇਠਾਂ ਗ਼ਰੀਬਾਂ ਦੀ ਜ਼ਿੰਦਗੀ ਦੱਬੀ ਗਈ ਹੈ। ਹੁਣ
ਬੇਘਰਿਆਂ ਦਾ ਹਾਲ ਲਿਖਣ ਦਾ ਦਿਲ ਹੀ ਨਹੀਂ ਕਰਦਾ ਜੋ ਕਿ ਲਿਖਣਾ ਅਤਿਅੰਤ
ਜ਼ਰੂਰੀ ਹੈ। ਉਹ ਇਹ ਵੀ ਮਹਿਸੂਸ ਕਰਦੀ ਹੈ ਕਿ ਜਦੋਂ ਸਮਾਜ ਵਿਚੋਂ ਵਿਤਕਰਾ
ਖ਼ਤਮ ਹੋ ਜਾਵੇਗਾ ਤਾਂ ਸਮਾਜਿਕ ਵਾਤਵਰਨ ਦੀਵਾਨਗੀ ਦਾ ਬਣ ਜਾਵੇਗਾ। ਸੈਂਡੀ
ਨੂੰ ਮੁਹੱਬਤਾਂ ਦੀ ਕਵਿਤਰੀ ਵੀ ਕਿਹਾ ਜਾ ਸਕਦਾ ਹੈ। ਉਸ ਦੀਆਂ ਬਹੁਤੀਆਂ
ਕਵਿਤਾਵਾਂ ਮੁਹੱਬਤਾਂ ਦੇ ਹੀ ਗੀਤ ਗਾਉਂਦੀਆਂ ਹਨ। ਭਾਵੇਂ ਸਮਾਜਿਕ
ਸਰੋਕਾਰਾਂ ਦੀ ਵੀ ਗੱਲ ਕਰਦੀ ਹੈ ਪ੍ਰੰਤੂ ਮੁੜ ਘਿੜ ਕੇ ਆਪਣੀ ਕਵਿਤਾ
ਮੁਹੱਬਤ ਨਾਲ ਜੋੜ ਕੇ ਹੀ ਖ਼ਤਮ ਕਰਦੀ ਹੈ। ਪਿਆਰ ਨੂੰ ਉਹ ਆਪਣੀਆਂ
ਕਵਿਤਾਵਾਂ ਵਿਚ ਰੱਬ ਦਾ ਰੂਪ ਮੰਨਦੀ ਹੈ। ਜਿਸ ਪ੍ਰਾਣੀ ਨੇ ਪਿਆਰ ਪਾ ਲਿਆ,
ਉਸਦੀ ਜ਼ਿੰਦਗੀ ਸਫਲ ਹੋ ਗਈ ਤੇ ਉਸ ਦਾ ਜੀਵਨ ਆਨੰਦਮਈ ਹੋ ਜਾਂਦਾ ਹੈ।
ਇਨਸਾਨ ਸਾਰੇ ਝਮੇਲਿਆਂ ਤੋਂ ਦੂਰ ਪ੍ਰਕ੍ਰਿਤੀ ਦੀ ਗੋਦ ਵਿਚ ਪਹੁੰਚ ਜਾਂਦਾ
ਹੈ। ਉਹ ਇੱਕ ਕਵਿਤਾ ਵਿਚ ਲਿਖਦੀ ਹੈ।
ਪਤੰਗਾ ਜਲ ਜਾਵੇ ਮਗਰ ਬਾਜ਼ ਨਾ ਆਵੇ, ਇਸ ਕਦਰ ਉਨੇ ਪਾਈ ਇਸ਼ਕ ਦੀ ਜ਼ਾਤ
ਸੀ।
ਪਰਮਾਤਮਾ ਦੀ ਪ੍ਰਾਪਤੀ ਦੇ ਢੰਗ ਤਰੀਕਿਆਂ ਨੂੰ ਵੀ ਉਹ ਪਿਆਰ ਦੀ
ਪ੍ਰਾਪਤੀ ਲਈ ਸਾਧਨ ਹੀ ਸਮਝਦੀ ਹੈ।
ਅਗਰਬੱਤੀ ਇਸ਼ਕੇ ਦੀ ਰੂਹ ਦੇ ਥਾਲੀਂ ਧਰ ਬੈਠੇ,
ਪੂਜਾ ਵਸਲਾਂ ਦੀ ਯਾਦ ਦੇ ਮੰਦਰੀਂ ਕਰ ਬੈਠੇ।
ਉਹ ਸਮਝਦੀ ਹੈ ਕਿ ਪਿਆਰ ਦੇ ਪੰਧ ਅਤੇ ਇਸ਼ਕੇ ਦੀ ਖ਼ੁਮਾਰੀ ਵਿਚ
ਤੂਹਮਤਾਂ, ਬਦਨਾਮੀ, ਤਣਜਾਂ, ਖ਼ੁਆਰੀਆਂ, ਰੋਣਾ ਧੋਣਾ ਅਤੇ ਕਿਆਸ ਅਰਾਈਆਂ
ਦਾ ਹੋਣਾ ਲਾਜ਼ਮੀ ਹੈ। ਔਰਤ ਦੀ ਕਿਸਮਤ ਵਿਚ ਸਿਸਕੀਆਂ ਹੀ ਹਨ। ਇਨਾਂ
ਸਾਰੀਆਂ ਊਜਾਂ ਦੇ ਬਾਵਜੂਦ ਵੀ ਪਿਆਰ ਦੀ ਖਿੱਚ ਪਿਛੇ ਮੁੜਨ ਦਾ ਨਾਉਂ ਨਹੀਂ
ਲੈਂਦੀ । ਪਿਆਰੇ ਪਿਆਰ ਵਿਚ ਐਨੇ ਮਸਤ ਹੋ ਜਾਂਦੇ ਹਨ ਤੇ ਦੁਨੀਆਂ ਦਾਰੀ
ਨੂੰ ਵੀ ਛਿੱਕੇ ਤੇ ਟੰਗ ਦਿੰਦੇ ਹਨ।
ਇਸ ਤਰਾਂ ਮੁਹੱਬਤ ਤੇ ਇਲਜ਼ਾਮ ਹੁੰਦੇ ਗਏ, ਅਸੀਂ ਹਰ ਗਲੀ ਕੂਚੇ ਬਦਨਾਮ
ਹੁੰਦੇ ਗਏ।
ਸੈਂਡੀ ਨੂੰ ਸ਼ਬਦਾਂ ਦੀ ਜਾਦੂਗਰਨੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ
ਉਸਦੇ ਸ਼ਬਦ ਸਰਲ ਅਤੇ ਆਮ ਲੋਕਾਂ ਦੇ ਸਮਝ ਆਉਣ ਵਾਲੇ ਹੁੰਦੇ ਹਨ, ਕਿਤੇ
ਕਿਤੇ ਗੁੱਝੇ ਤੀਰ ਵੀ ਮਾਰਦੇ ਨਜ਼ਰ ਆਉਂਦੇ ਹਨ, ਜੋ ਪਾਠਕ ਨੂੰ ਘੁੰਮਣਘੇਰੀ
ਵਿਚ ਪਾ ਦਿੰਦੇ ਹਨ। ਪਿਆਰੇ ਜਦੋਂ ਬਿਰਹਾ ਦਾ ਸੇਕ ਨਾ ਸਹਿੰਦੇ ਹੋਏ ਤੜਪਦੇ
ਹਨ ਤਾਂ ਅਜਿਹੀ ਸਥਿਤੀ ਵਿਚ ਉਹ ਖ਼ੂਬਸੂਰਤ ਸ਼ਬਦਾਂ ਨਾਲ ਇੱਕ ਕਵਿਤਾ ਵਿਚ
ਲਿਖਦੀ ਹੈ।
ਇਸ ਕਦਰ ਉਸ ਬੇਦਰਦੀ ਨੂੰ ਚਾਹੁੰਦੀ ਰਹੀ, ਮੱਛਲੀ ਜਾਲ ਵਿਚ ਵੀ
ਮੁਸਕਰਾਉਂਦੀ ਰਹੀ।
ਆਮ
ਤੌਰ ਤੇ ਇਸ਼ਕ ਵਾਲੀਆਂ ਕਵਿਤਾਵਾਂ ਵਿਚ ਬਿਰਹਾ ਦੇ ਰੋਣੇ ਧੋਣੇ ਹੀ ਭਾਰੂ
ਹੁੰਦੇ ਹਨ ਪ੍ਰੰਤੂ ਸੈਂਡੀ ਦੀਆਂ ਕਵਿਤਾਵਾਂ ਵਿਚ ਹਰ ਰੰਗ ਮਿਲਦਾ ਹੈ।
ਬਿਰਹਾ ਦੇ ਗੀਤ ਵੀ ਗਾਉਂਦੀ ਹੈ, ਖ਼ੁਸ਼ੀ ਦਾ ਇਜ਼ਹਾਰ ਵੀ ਕਰਦੀ ਹੋਈ
ਦੁਨੀਆਂਦਾਰੀ ਦੀ ਵੀ ਗੱਲ ਕਰਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਖ਼ੁਸ਼ੀ ਤੇ
ਗ਼ਮੀ ਦਾ ਸੁਮੇਲ ਹੈ। ਇਸ਼ਕ ਬਾਰੇ ਲਿਖਦੀ ਹੋਈ ਆਪਣੀ ਕਵਿਤਾ ਵਿਚ ਉਹ ਕਹਿੰਦੀ
ਹੈ ਕਿ ਕੀਤੇ ਇਸ਼ਕ ਦੀਆਂ ਯਾਦਾਂ ਹੀ ਆਨੰਦ ਤੇ ਖ਼ੁਸੀ ਦਿੰਦੀਆਂ ਹਨ।
ਇਸ਼ਕੇ ਦੀ ਸ਼ਹਿਨਾਈ ‘ਚ ਨਿੱਤ ਵਿਆਹਾਂ ਯਾਦਾਂ ਮੈਂ
ਤੋਹਫ਼ੇ ਵਿਚ ਉਡੀਕਾਂ ਵਾਲਾ ਬੇਦਰਦੀ ਨੇ ਦਰ ਦਿੱਤਾ।
ਲੇਖਕਾਂ ਦੇ ਕਿਰਦਾਰਾਂ ਬਾਰੇ ਵੀ ਉਹ ਆਪਣੀਆਂ ਕਵਿਤਾਵਾਂ ਵਿਚ ਕਿੰਤੂ
ਪ੍ਰੰਤੂ ਕਰਦੀ ਹੈ ਕਿ ਉਹ ਅੰਦਰੋਂ ਤੇ ਬਾਹਰੋਂ ਇਕੋ ਜਿਹੇ ਨਹੀਂ ਹੁੰਦੇ।
ਚਿੰਨਾਤਮਿਕ ਲਫ਼ਜਾਂ ਵਿਚ ਕਹਿੰਦੀ ਹੈ ਕਿ ਉਹ ਫੁੱਲਾਂ ਨੂੰ ਮਸਲ ਕੇ
ਕਿਤਾਬਾਂ ਵਿਚ ਸਜਾ ਦਿੰਦੇ ਹਨ ਇਹ ਉਨਾਂ ਦਾ ਫੁਲਾਂ ਨਾਲ ਪਿਆਰ ਦਾ
ਪ੍ਰਗਟਾਵਾ ਹੈ। ਉਸਦੀ ਕਮਾਲ ਹੈ ਕਿ ਨਫ਼ਰਤ ਨੂੰ ਖ਼ਤਮ ਕਰਨ ਲਈ ਲਿਖੀ ਗਈ
ਕਵਿਤਾ ਵਿਚ ਅਜਿਹੇ ਮਿਠਾਸ ਭਰੇ ਸ਼ਬਦ ਵਰਤਦੀ ਹੈ ਕਿ ਨਫ਼ਰਤ ਮਿਠਾਸ ਵਿਚ ਬਦਲ
ਜਾਂਦੀ ਹੈ।
ਸਮੇਂ ਦੇ ਅੰਬਰੋਂ ਚੁਗ ਕੇ ਬੱਦਲ ਮੋਹ ਵਾਲੇ, ਨਫ਼ਰਤ ਵਿਹੜੇ ਕਣੀਆਂ
ਬਣਕੇ ਵਰ ਬੈਠੇ।
ਬਹੁਤ ਸਾਰੇ ਕਵੀਆਂ ਅਤੇ ਕਵਿਤਰੀਆਂ ਦੀਆਂ ਕਵਿਤਾਵਾਂ ਤਾਂ ਪੜਨ ਸੁਣਨ
ਨੂੰ ਦਿਲਾਂ ਨੂੰ ਟੁੰਬਦੀਆਂ ਹਨ ਪ੍ਰੰਤੂ ਉਹ ਅਰਥ ਭਰਪੂਰ ਨਹੀਂ ਹੁੰਦੀਆਂ,
ਸੈਂਡੀ ਦੀਆਂ ਕਵਿਤਾਵਾਂ ਦੀ ਖ਼ਾਸੀਅਤ ਹੀ ਇਹੋ ਹੈ ਕਿ ਉਸ ਦੀ ਕਵਿਤਾ ਦਾ ਹਰ
ਸ਼ਬਦ ਅਰਥ ਭਰਪੂਰ ਹੁੰਦਾ ਹੈ। ਇਕ ਕਵਿਤਾ ਵਿਚ ਹੀ ਬਹੁਤ ਸਾਰੇ ਪੱਖਾਂ ਦੀ
ਜਾਣਕਾਰੀ ਦਿੱਤੀ ਹੁੰਦੀ ਹੈ। ਹਰ ਵਾਕ ਮਨਾਂ ਵਿਚ ਥਰਥਰਾਹਟ ਪੈਦਾ ਕਰ
ਦਿੰਦਾ ਹੈ। 1984 ਵਿਚ ਹੋਏ ਕਤਲੇਆਮ ਨਾਲ ਇਨਸਾਨੀਅਤ ਉਪਰ ਪਏ ਪ੍ਰਭਾਵਾਂ
ਬਾਰੇ ਦੋ ਸਤਰਾਂ ਵਿਚ ਹੀ ਸਾਰਾ ਨਰਸੰਹਾਰ ਬਿਆਨ ਕਰ ਜਾਂਦੀ ਹੈ।
ਤੜਪ, ਕਲਪ, ਹੂਕਾਂ, ਕੂਕਾਂ, ਵਹਿਸ਼ਤ ਦੀ ਇੰਤਹਾ
ਕਾਸ਼। ਚੁਰਾਸੀਆਂ ਦੀ ਕਾਲਖ਼ ਨਾ ਇੰਨੀ ਦੁਖਾਂਤ ਹੁੰਦੀ।
ਸਮਾਜ ਵਿਚ ਇਨਸਾਨੀਅਤ ਪ੍ਰਤੀ ਆ ਰਹੀ ਗ਼ੈਰਜ਼ਿੰਮੇਵਾਰਾਨਾ ਪ੍ਰਵਿਰਤੀ ਨੇ
ਮਨੁੱਖਤਾ ਨੂੰ ਸ਼ਰਮਸ਼ਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਬਰ ਸ਼ਰੀਫ਼ ਜਨਤਾ ਨਾਲ
ਜ਼ੋਰ ਜ਼ਬਰਦਸਤੀ ਵੀ ਕਰਦਾ ਹੈ ਤੇ ਉਸ ਨੂੰ ਰੋਣ ਵੀ ਨਹੀਂ ਦਿੰਦਾ। ਭਾਵ ਤਕੜੇ
ਦਾ ਸਤੀਂ ਵੀਹੀਂ ਸੌ ਹੁੰਦਾ ਹੈ। ਇਸ ਬਾਰੇ ਆਪਣੀ ਕਵਿਤਾ ਵਿਚ ਲਿਖਦੀ ਹੈ।
ਪਰਿੰਦੇ ਦਾ ਆਲਣਾ ਬਿਖੇਰ ਟਹਿਕਣ ਲਈ ਆਖੇ ਢਾਹ ਕੇ ਸਿਤਮਗ਼ਰ ਐਸਾ ਕਹਿਰ
ਗਿਆ।
ਇਸੇ ਪ੍ਰਵਿਰਤੀ ਦਾ ਅੱਗੇ ਖੁਲਾਸਾ ਕਰਦਿਆਂ, ਉਹ ਕਹਿੰਦੀ ਹੈ ਕਿ
ਇਨਾਸਨੀਅਤ ਵਿਚ ਗਿਰਾਵਟ ਇਸ ਕਦਰ ਆ ਗਈ ਹੈ ਕਿ ਰਿਸ਼ਤਿਆਂ ਦੇ ਅਰਥ ਹੀ ਬਦਲ
ਗਏ ਹਨ। ਰਿਸ਼ਤੇ ਨਾਤੇ ਸਿਰਫ ਕਹਿਣ ਕਹਾਉਣ ਜਾਂ ਉਦਾਹਰਨਾ ਦੇਣ ਜੋਗੇ ਹੀ
ਰਹਿ ਗਏ ਹਨ। ਅਮਲੀ ਤੌਰ ਤੇ ਸਭ ਕੁਝ ਖ਼ਤਮ ਹੋ ਗਿਆ ਹੈ। ਉਹ ਅੱਗੋਂ ਲਿਖਦੀ
ਹੈ ਕਿ ਜ਼ਿੰਦਗੀ ਜੀਣ ਦੀ ਆਸ ਨਾ ਛੱਡਿਓ, ਰੀਝਾਂ ਪੂਰੀਆਂ ਕਰਨ ਦੀ ਆਸ
ਰੱਖੋ, ਮਿੰਨਤਾਂ ਤਰਲੇ ਕਰਕੇ ਖ਼ੁਸ਼ਾਮਦੀ ਨਾਲ ਵਕਤ ਕੱਟ ਲਓ ਕਿਉਂਕਿ
ਰਿਸ਼ਤਿਆਂ ਦੇ ਤਣਾਓ ਨੇ ਭੈਣ ਭਰਾ ਵਿਚ ਵੀ ਵੰਡੀਆਂ ਪਾ ਦਿੱਤੀਆਂ ਹਨ।
ਗੀਤਾਂ ਦੇ ਵਿਚ ਜੀਵ ਦਾ, ਹੁਣ ਰਿਸ਼ਤਾ ਨਾਵਾਂ ਦਾ
ਤਿਓਹਾਰੀਂ ਹੈ ਮਿਲਣਾ ਬਸ ਭੈਣ ਭਰਾਵਾਂ ਦਾ।
ਰਿਸ਼ਤਿਆਂ ਦੀ ਮੰਡੀ ਇਥੇ ਰੋਜ਼ ਲੱਗੇ
ਵਫ਼ਾ ਲਈ ਕੋਈ ਜਹਾਂ ਖਾਸ ਚਾਹੁੰਦੀਆਂ।
ਸੈਂਡੀ ਦੀਆਂ ਕਵਿਤਾਵਾਂ ਅਨੁਸਾਰ ਨੈਤਿਕ ਕਦਰਾਂ ਕੀਮਤਾਂ ਵਿਚ ਆ ਰਹੀ
ਗਿਰਾਵਟ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਮਰਿਆਦਾ ਹੀ ਖ਼ਤਮ ਹੋ ਰਹੀ
ਹੈ। ਕਿਸੇ ਤੇ ਇਤਬਾਰ ਕਰਨ ਤੋਂ ਵੀ ਹਿਚਕਚਾਹਟ ਪੈਦਾ ਹੁੰਦੀ ਹੈ। ਡਰ ਲਗਦਾ
ਹੈ। ਇਸੇ ਕਰਕੇ ਉਹ ਲਿਖਦੀ ਹੈ।
ਮਰਿਆਦਾ ਦੇ ਦਾਇਰੇ ਉਨਾਂ ਕੀਤੇ ਖੋਖਲੇ, ਨਹੀਂ ਤੇ ਮਜ਼ਾਲ ਸੀ ਸੀਤਾ ਵੀ
ਹਾਰ ਜਾਏ।
ਉਸ ਅਨੁਸਾਰ ਸਮਾਜ ਨੂੰ ਸਮਾਜਿਕ ਬੁਰਾਈਆਂ ਘੁਣ ਵਾਂਗ ਚਿੰਬੜੀਆਂ ਹੋਈਆਂ
ਹਨ, ਇਸ ਕਰਕੇ ਹੀ ਸਮਾਜ ਵਿਚ ਉਲਝਣਾਂ ਅਤੇ ਸਮੱਸਿਆਵਾਂ ਪੈਦਾ ਹੋ ਗਈਆਂ
ਹਨ। ਉਹ ਮਹਿਸੂਸ ਕਰਦੀ ਹੈ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲੋਂ ਤਾਂ
ਸਮਾਜਿਕ ਬੁਰਾਈਆਂ ਜ਼ਿਆਦਾ ਖ਼ਤਰਨਾਕ ਹਨ।
ਭੁੱਖ, ਗ਼ਰੀਬੀ, ਅਤੇ ਬਲਾਤਕਾਰ ਕਈ ਰੋਗ ਨੇ, ਸਿਰਫ ਕੈਂਸਰ ਨਹੀਂ ਜੋ
ਜਾਨੋ ਮਾਰ ਜਾਵੇ।
ਉਸ ਦਾ ਜਨਮ ਲੁਧਿਆਣਾ ਵਿਖੇ ਮਾਤਾ ਸੁਰਿੰਦਰ ਕੌਰ ਗਿੱਲ ਅਤੇ ਪਿਤਾ
ਅਜੈਬ ਸਿੰਘ ਗਿੱਲ ਦੇ ਘਰ ਹੋਇਆ। ਉਨਾਂ ਦੇ ਪਿਤਾ ਦਾ ਜੱਦੀ ਪਿੰਡ ਗਿੱਲ
ਲੁਧਿਆਣਾ ਦੇ ਨਜ਼ਦੀਕ ਹੈ। ਉਸਦਾ ਨਾਂ ਸੰਦੀਪ ਕੌਰ ਗਿੱਲ ਹੈ ਪ੍ਰੰਤੂ
ਸਾਹਿਤਕ ਨਾਂ ਸੈਂਡੀ ਗਿੱਲ ਹੈ। ਉਸਨੇ ਬੀ.ਏ.ਤੱਕ ਦੀ ਪੜਾਈ ਕੀਤੀ ਹੋਈ ਹੈ।
ਉਸਦੀ ਜਾਣ ਪਹਿਚਾਣ ਪ੍ਰਿੰਸ ਆਹੂਜਾ (ਤੇਜਿੰਦਰ ਸਿੰਘ ਆਹੂਜਾ) ਨਾਲ
ਕੰਪਿਊਟਰ ਸਕੂਲ ਵਿਚ 1991 ਵਿਚ ਹੋਈ ਜਿਹੜੀ 2003 ਵਿਚ ਜਾ ਕੇ ਵਿਆਹ ਵਿਚ
ਬਦਲ ਗਈ। ਸੈਂਡੀ ਦੇ ਦੋ ਬੱਚੇ ਸਪੁੱਤਰ ਸਾਵਨ ਅਤੇ ਸਪੁੱਤਰੀ ਕਾਇਆ ਹਨ।
ਸਪੁੱਤਰੀ ਕਾਇਆ ਨੂੰ ਵੀ ਪੇਂਟਿੰਗ ਦਾ ਸ਼ੌਕ ਹੈ, ਉਹ ਵੀ
ਪੇਂਟਿੰਗਜ਼ ਕਰਦੀ ਹੈ। 1994 ਵਿਚ ਸੰਦੀਪ ਕੌਰ ਕੈਨੇਡਾ ਪਰਵਾਸ
ਕਰ ਗਈ ਅਤੇ ਉਸਨੇ ਆਪਣੇ ਆਪ ਨੂੰ ਸਥਾਪਤ ਕਰਨ ਲਈ ਮਿਹਨਤ ਕੀਤੀ ਅਤੇ ਆਪਣੇ
ਮਾਤਾ ਪਿਤਾ ਅਤੇ ਭੈਣ ਭਰਾ ਨੂੰ ਕੈਨੇਡਾ ਬੁਲਾ ਕੇ ਸੈਟਲ
ਕੀਤਾ। ਅੱਜ ਕਲ ਉਹ ਰੀਅਲ ਅਸਟੇਟ ਕੰਪਨੀ ਦੀ ਮਾਲਕ ਹੈ। ਸੈਂਡੀ ਗਿੱਲ ਦਸਦੀ
ਹੈ ਕਿ ਉਸਨੇ ਦਸਵੀਂ ਕਲਾਸ ਵਿਚ ਪੜਦਿਆਂ ਹੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ
ਦਿੱਤੀਆਂ ਸਨ ਪ੍ਰੰਤੂ ਉਹ ਉਨਾਂ ਕਹਾਣੀਆਂ ਨੂੰ ਸੁਣਾਉਂਦੀ ਨਹੀਂ ਸੀ। ਉਹ
ਕਹਾਣੀਆਂ ਕਿਧਰੇ ਗੁੰਮ ਹੋ ਗਈਆਂ। ਜ਼ਿੰਦਗੀ ਦੇ ਪਰਿਵਾਰਿਕ ਰੁਝੇਵਿਆਂ ਤੋਂ
ਸਮਾਂ ਕੱਢਕੇ ਉਸਨੇ 2013 ਵਿਚ ਦੁਬਾਰਾ ਕਲਮ ਚੁੱਕੀ ਅਤੇ ਕਵਿਤਾਵਾਂ ਲਿਖਣ
ਲੱਗੀ। ਉਹ ਬੜੇ ਮਾਣ ਨਾਲ ਦਸਦੀ ਹੈ ਕਿ ਉਸਦਾ ਜੀਵਨ ਸਾਥੀ ਉਸਦੀਆਂ
ਕਵਿਤਾਵਾਂ ਦਾ ਪਹਿਲਾ ਪਾਠਕ ਹੈ ਅਤੇ ਹਮੇਸ਼ਾ ਕਵਿਤਾਵਾਂ ਲਿਖਣ ਅਤੇ
ਪੇਂਟਿੰਗਜ਼ ਕਰਨ ਨੂੰ ਉਤਸ਼ਾਹਤ ਕਰਦਾ ਹੈ। 2015 ਵਿਚ ਉਸਦੀ ਪੁਸਤਕ ‘‘ ਨੀ
ਮਾਂ’’ ਪ੍ਰਕਾਸ਼ਤ ਹੋਈ ਹੈ। ਉਸਨੇ ਪੇਂਟਿੰਗਜ਼ ਕਰਨ ਦੀ
ਰਵਾਇਤੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਹੁਣ ਤੱਕ ਉਹ ਪੇਂਟਿੰਗਜ਼ ਦੀਆਂ
ਤਿੰਨ ਪ੍ਰਦਰਸ਼ਨੀਆਂ ਲਗਾ ਚੁੱਕੀ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
|