ਇਸ ਪੁਸਤਕ ਰਾਹੀਂ, ਉਜਾਗਰ ਸਿੰਘ ਨੇ ਪੰਜਾਬ ਦੀਆਂ 27 ਸਿਰਮੌਰ
ਸ਼ਖ਼ਸੀਅਤਾਂ ਨੂੰ ਪੇਸ਼ ਕੀਤਾ ਹੈ, ਜੋ ਅਮਰੀਕਾ, ਕੈਨੇਡਾ, ਬਰਤਾਨੀਆਂ,
ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਵਿਚ ਜਾ ਵਸੀਆਂ ਹਨ। ਪ੍ਰਸਤੁਤ
ਸ਼ਖ਼ਸੀਅਤਾਂ ਨੇ ਇਤਿਹਾਸਕਾਰੀ, ਸਾਹਿਤਕਾਰੀ, ਪੱਤਰਕਾਰੀ, ਗਾਇਕੀ, ਗੀਤਕਾਰੀ
ਅਤੇ ਸੰਗੀਤ ਦੇ ਖੇਤਰ ਵਿਚ ਵਿਲੱਖਣ ਕਿਸਮ ਦਾ ਯੋਗਦਾਨ ਪਾਇਆ ਹੈ। ਇਸ
ਪੁਸਤਕ ਵਿਚ ਲੇਖਕ ਨੇ 14 ਲੇਖਕਾਂ ਅਤੇ 13
ਲੇਖਿਕਾਵਾਂ ਦੇ ਮਾਰਮਿਕ ਰੇਖਾ ਚਿੱਤਰ ਲਿਖੇ ਹਨ। ਇਹ ਪਹੁੰਚ ਲੇਖਕ ਦੀ
ਸੰਤੁਲਿਤ ਸੋਚ ਅਤੇ ਨਿਰਪੱਖ ਦ੍ਰਿਸ਼ਟੀ ਦੀ ਸੂਚਕ ਆਖੀ ਜਾ ਸਕਦੀ ਹੈ ਕਿਉਂਕਿ
ਲੇਖਕ ਨੇ ਕੁਦਰਤ ਦੇ ਨਿਯਮਾਂ ਅਤੇ ਸਮਾਜ ਦੀਆਂ ਮੰਗਾਂ ਅਨੁਸਾਰ ਔਰਤ ਮਰਦ
ਨੂੰ ਬਰਾਬਰ ਦੀ ਥਾਂ ਦਿੱਤੀ ਹੈ। ਲੇਖਕ ਦੀ ਇਸ ਪੱਖੋਂ ਵੀ ਪ੍ਰਸੰਸਾ ਕਰਨੀ
ਬਣਦੀ ਹੈ ਕਿ ਉਹ ਅੱਧੇ ਖਾਲੀ ਗਿਲਾਸ ਨੂੰ ਦੇਖਣ ਦੀ ਵਿਜਾਏ, ਅੱਧੇ ਭਰੇ
ਹੋਏ ਗਿਲਾਸ ਨੂੰ ਦੇਖਦਾ ਹੈ। ਅੱਜ ਦੀ ਸਾਹਿਤਕਾਰੀ ਅਤੇ ਪੱਤਰਕਾਰੀ ਵਿਚ
ਵੱਡੀ ਪੱਧਰ ਤੇ ਸਮਾਜ ਅਤੇ ਮਨੁੱਖ ਦੀ ਨਾਂਹਵਾਚਕ ਪੇਸ਼ਕਾਰੀ ਕੀਤੀ ਜਾ ਰਹੀ
ਹੈ। ਹਾਂ ਵਾਚਕ ਪੇਸ਼ਕਾਰੀ ਤੋਂ ਲੇਖਕ ਦੀ ਜੀਵਨ ਦ੍ਰਿਸ਼ਟੀ ਸਪਸ਼ਟ ਹੋ ਜਾਂਦੀ
ਹੈ, ਕਿਉਂਕਿ ਇੱਕ ਭਰਪੂਰ ਤੇ ਭਰਿਆ ਭਰਾਇਆ ਮਨੁੱਖ ਹੀ ਦੂਜਿਆਂ ਪ੍ਰਤੀ
ਨਰੋਈ ਦ੍ਰਿਸ਼ਟੀ ਰੱਖ ਸਕਦਾ ਹੈ।
ਇਸ ਪੁਸਤਕ ਦੁਆਰਾ ਲੇਖਕ ਨੇ ਪਰਵਾਸੀ ਵਰਤਾਰੇ ਦੇ ਰੁਝਾਂਨ, ਆਕਰਸ਼ਣ ਅਤੇ
ਮਨੁੱਖੀ ਪ੍ਰਵਿਰਤੀਆਂ ਨੂੰ ਪੇਸ਼ ਕੀਤਾ ਹੈ ਜਿਸ ਤੋਂ ਪਰਵਾਸੀ ਮਨੁੱਖ ਦੀ
ਮਰਜ਼ੀ ਅਤੇ ਮਜ਼ਬੂਰੀ ਦੋਵੇਂ ਹੀ ਪ੍ਰਵਿਰਤੀਆਂ ਉਜਾਗਰ ਹੋ ਜਾਂਦੀਆਂ ਹਨ। ਇਸ
ਦੇ ਨਾਲ ਹੀ ਲੇਖਕ ਨੇ ਪੂਰਬ ਅਤੇ ਪੱਛਮ ਦੀ ਵਰਤਮਾਨ ਤਸਵੀਰ ਨੂੰ ਵੀ
ਉਭਾਰਿਆ ਹੈ, ਜਿਸ ਤੋਂ ਦੋਵਾਂ ਵਰਤਾਰਿਆਂ ਦੇ ਹਾਂ ਪੱਖੀ ਅਤੇ ਨਾਂਹ ਪੱਖੀ
ਜੀਵਨ ਅਮਲ ਦਾ ਸ਼ਪਸ਼ਟ ਤੌਰ ਤੇ ਪਤਾ ਲੱਗ ਜਾਂਦਾ ਹੈ। ਲੇਖਕ ਪੂਰਬ ਅਤੇ ਪੱਛਮ
ਦੀ ਇਤਿਹਾਸਕ ਦੇਣ ਅਤੇ ਇਨਾਂ ਸਮਕਾਲੀ ਮਸਲਿਆਂ ਨੂੰ ਭਲੀ ਭਾਂਤ ਜਾਣਦਾ ਹੈ,
ਇਸੇ ਕਰਕੇ ਉਹ ਅਜੋਕੇ ਸਮੇਂ ਵਿਚ ਪੂਰਬ ਅਤੇ ਪੱਛਮ ਦੀ ਇਕਪਾਸੜਤਾ ਦਾ ਤਿਆਗ
ਕਰਕੇ, ਦੋਵੇਂ ਸਿਧਾਂਤਾਂ ਦਾ ਸੁਮੇਲ ਅਤੇ ਸੰਗਮ ਚਾਹੁੰਦਾ ਹੈ ਤਾਂ ਕਿ
ਮਨੁੱਖ ਦੀ ਦੋਫਾੜ ਮਾਨਸਿਕਤਾ ਖ਼ਤਮ ਹੋ ਕੇ ਉਹ ਵਿਸ਼ਵਵਿਆਪੀ ਪ੍ਰਕਿਰਿਆ ਨਾਲ
ਇਕਮਿਕ ਹੋ ਸਕੇ।
ਇਸ ਪੁਸਤਕ ਵਿਚ ਉਹਨਾਂ ਪਰਵਾਸੀ ਪੰਜਾਬੀਆਂ ਦੇ ਜੀਵਨ ਮੂਲਕ ਰੇਖਾ
ਚਿੱਤਰ ਹਨ, ਜੋ ਪੱਛਵੀ ਮੁਲਕਾਂ ਵਿਚ ਪਰਵਾਸ ਕਰਨ ਉਪਰੰਤ ਪੰਜਾਬ ਦੀ ਧਰਤੀ,
ਧਰਮ ਅਤੇ ਸਭਿਆਚਾਰਕ ਵਿਰਾਸਤ ਸੰਬੰਧੀ ਲਗਾਤਾਰ ਲਿਖ ਰਹੇ ਹਨ। ਲੇਖਕਾਂ
ਦੀਆਂ ਲਿਖਤਾਂ ਵਿਚ ਵਰਤਮਾਨ ਸਮਾਜ ਦੇ ਮਸਲੇ ਵਿਚਾਰੇ ਗਏ ਹਨ ਜਿਨਾਂ ਵਿਚ
ਧਰਮ, ਰਾਜਨੀਤੀ, ਸਭਿਆਚਾਰ, ਸਾਹਿਤਕਾਰੀ, ਪੱਤਰਕਾਰੀ, ਗੀਤਕਾਰੀ, ਸੰਗੀਤ
ਅਤੇ ਔਰਤ ਜਗਤ ਦੇ ਤਮਾਮ ਮਸਲੇ ਉਭਰਕੇ ਸਾਹਮਣੇ ਆਏ ਹਨ। ਜੈਤੇਗ ਸਿੰਘ
ਅਨੰਤ, ਕਰਨਲ ਗੁਰਦੀਪ ਸਿੰਘ, ਜੀਤ ਕੱਦੋਂਵਾਲਾ, ਗੁਰਮਿੰਦਰ ਸਿੰਘ ਗੁਰੀ,
ਡਾ.ਅਮਰਜੀਤ ਸਿੰਘ ਟਾਂਡਾ, ਨਰਪਾਲ ਸਿੰਘ ਸ਼ੇਰਗਿਲ, ਪੂਰਨ ਸਿੰਘ ਪਾਂਧੀ,
ਗੁਰਜਤਿੰਦਰ ਸਿੰਘ ਰੰਧਾਵਾ, ਦਲਜੀਤ ਕਲਿਆਣਪੁਰੀ, ਗੁਰਮੀਤ ਸਿੰਘ ਸੰਧੂ,
ਪਿਆਰਾ ਸਿੰਘ ਕੁੱਦੋਵਾਲ, ਹਰਚੰਦ ਸਿੰਘ ਬਾਗੜੀ, ਗੈਰੀ ਟਰਾਂਟੋ ਅਤੇ
ਸੁਰਜੀਤ ਸਿੰਘ ਪੰਛੀ ਅਜਿਹੇ ਲੇਖਕ ਹਨ, ਜੋ ਸਮਾਜ ਦੇ ਅਜੋਕੇ ਮਸਲਿਆਂ
ਪ੍ਰਤੀ ਫ਼ਿਕਰਮੰਦ ਹੋ ਕੇ ਲਿਖ ਰਹੇ ਹਨ ਅਤੇ ਲਿਖਤਾਂ ਰਾਹੀਂ ਸਮਾਜ ਨੂੰ ਸੇਧ
ਦੇ ਰਹੇ ਹਨ।
ਪੁਸਤਕ ਵਿਚ ਸ਼ਾਮਲ ਲੇਖਕ ਹੁਣ ਵੀ ਪੰਜਾਬ ਨਾਲ ਪ੍ਰਤੀਬੱਧ ਹਨ, ਜੋ ਗੁਆਚ
ਰਹੇ ਅਮੀਰ ਸਭਿਆਚਾਰ ਬਾਰੇ ਅਤੇ ਅਣਗੌਲੇ ਪੱਖਾਂ ਬਾਰੇ ਲਿਖ ਰਹੇ ਹਨ। ਪੱਛਮ
ਦੀ ਧਰਤੀ ਤੇ ਬੈਠੇ ਲੇਖਕ ਪੰਜਾਬ ਨੂੰ ਰਸਾਤਲ ਵਲ ਗਰਕਣਾ ਨਹੀਂ ਦੇਖ ਸਕਦੇ।
ਉਹ ਆਪਣੀਆਂ ਲਿਖਤਾਂ ‘ਚ ਨਵੇਂ ਪੰਜਾਬ ਦਾ ਖ਼ਾਕਾ ਵੀ ਖਿਚ, ਬਣਾ ਰਹੇ ਹਨ
ਤਾਂ ਕਿ ਸੁਪਨਿਆਂ ਦੇ ਪੰਜਾਬ ਦੀ ਪੁਨਰ ਉਸਾਰੀ ਕੀਤੀ ਜਾ ਸਕੇ ਕਿਉਂਕਿ
ਪਰਵਾਸੀ ਪੰਜਾਬੀ ਜਿਸ ਪੰਜਾਬ ਨੂੰ ਛੱਡਕੇ ਗਏ ਸਨ, ਉਹਨਾਂ ਨੂੰ ਉਹ ਵੀ
ਨਹੀਂ ਲੱਭਦਾ, ਉਥੇ ਵੀ ਬਹੁਤ ਕੁਝ ਗੁਆਚ ਗਿਆ ਹੈ। ਜੈਤੇਗ ਸਿੰਘ ਅਨੰਤ
ਦੀਆਂ ਲਿਖਤਾਂ ਅਤੇ ਗੁਰਮੀਤ ਸਿੰਘ ਸੰਧੂ ਦਾ ਹਾਇਕੂ ਅਤੇ ਹਾਇਵਨ ਪੰਜਾਬ ਦੀ
ਜੋ ਤਸਵੀਰ ਪੇਸ਼ ਕਰਦੇ ਹਨ, ਉਥੇ ਉਹਨਾਂ ਦਾ ਆਪਣਾ ਘਰ ਹੀ ਗੁਆਚ ਗਿਆ ਹੈ।
ਅਗਲੀਆਂ ਪੀੜੀਆਂ ਲਈ ਘਰ ਦਾ ਜੀਅ ਪਰਾਹੁਣਾ ਬਣਕੇ ਰਹਿ ਗਿਆ ਹੈ। ਇਸ ਤਰਾਂ
ਪਰਵਾਸੀ ਪੰਜਾਬੀ ਲੇਖਕ ਆਪਣੇ ਓਪਰੇਪਣ ਅਤੇ ਬਿਗਾਨੇਪਣ ਦੀ ਖਾਈ ਭਰਨਾ
ਚਾਹੁੰਦੇ ਹਨ, ਉਹ ਆਪਣੀ ਮੂਲ ਪਛਾਣ ਗੁਆਉਣਾ ਨਹੀਂ ਚਾਹੁੰਦੇ, ਸਗੋਂ ਪਛਾਣ
ਨੂੰ ਵਧਾਉਣਾ ਅਤੇ ਲਿਸ਼ਕਾਉਣਾ ਚਾਹੁੰਦੇ ਹਨ। ਮਾਨਵੀ ਰਿਸ਼ਤਿਆਂ ‘ਚ ਵੱਧ
ਰਹੀਆਂ ਵਿਥਾਂ ਮਿਟਾਉਣੀਆਂ ਚਾਹੁੰਦੇ ਹਨ।
ਇਹ ਪੁਸਤਕ ਧਰਮ ਦੇ ਖੇਤਰ ਅੰਦਰ ਆ ਰਹੀ ਗਿਰਾਵਟ ਪ੍ਰਤੀ ਵੀ ਫ਼ਿਕਰਮੰਦ
ਹੈ ਕਿ ਅਜੋਕੇ ਸਮੇਂ ਵਿਚ ਸਿੱਖ ਧਰਮ ਦਾ ਵਧੀਆ ਤਰੀਕੇ ਨਾਲ ਪ੍ਰਚਾਰ,
ਪ੍ਰਸਾਰ ਨਹੀਂ ਹੋ ਰਿਹਾ। ਵਰਤਮਾਨ ਅਮਲ ਅਜਿਹਾ ਹੈ ਜਿਸ ਤੋਂ ਪਰਵਾਸੀ
ਪੰਜਾਬੀਆਂ ਅੰਦਰ ਧਰਮ ਸੰਚਾਲਕਾਂ ਪ੍ਰਤੀ ਸ਼ੰਕੇ ਤੇ ਸ਼ਿਕਵੇ ਲਗਾਤਾਰ ਵਧ ਰਹੇ
ਹਨ। ਲੈਫ਼.ਕਰਨਲ ਗੁਰਦੀਪ ਸਿੰਘ, ਹਰਚੰਦ ਸਿੰਘ ਬਾਗੜੀ ਅਤੇ ਸੁਰਜੀਤ ਸਿੰਘ
ਪੰਛੀ ਧਾਰਮਿਕ ਲਿਖਤਾਂ ਵਿਚ ਆ ਰਹੀਆਂ ਊਣਤਾਈਆਂ ਤੇ ਉਂਗਲ ਧਰਦੇ ਹਨ।
ਧਾਰਮਿਕ ਲੋਕਾਂ ਦੇ ਅਮਲ ਵਿਚ ਅਜਿਹੇ ਵਿਗਾੜ ਆ ਚੁੱਕੇ ਹਨ ਜਿਨਾਂ ਤੋਂ
ਬਚਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਲੇਖਕ ਲਿਖਦੇ ਹਨ ਕਿ ਕਈ ਵਾਰ ਧਾਰਮਿਕ
ਸਮਾਗਮਾ ਵਿਚ ਪਹੁੰਚੇ ਲੋਕਾਂ ਦਾ ਭਜਨ ਨਾਲੋਂ ਭੋਜਨ ਵਿਚ ਧਿਆਨ ਵਧੇਰੇ
ਕੇਂਦਰਿਤ ਹੁੰਦਾ ਹੈ। ਧਰਮ ਦੇ ਖੇਤਰ ਵਿਚ ਰਾਜਨੀਤਕ ਦਖ਼ਲ ਵਧੇਰੇ ਹੈ, ਜਿਸ
ਤੋਂ ਮੁਕਤ ਹੋਣ ਦੀ ਲੋੜ ਹੈ। ਇਉਂ ਉਜਾਗਰ ਸਿੰਘ ਨੇ ਇਸ ਪੁਸਤਕ ਵਿਚ ਉਹ
ਲੇਖਕ ਲਏ ਹਨ, ਜੋ ਸਮਾਜ ਦੇ ਗੰਭੀਰ ਮਸਲਿਆਂ ਦਾ ਅਧਿਐਨ ਕਰਕੇ ਖੋਜ ਕਰ ਰਹੇ
ਹਨ ਅਤੇ ਅੱਗੋਂ ਉਹਨਾਂ ਦੇ ਵਡਮੁਲੇ ਸਾਹਿਤ ਤੇ ਖੋਜਾਂ ਹੋ ਰਹੀਆਂ ਹਨ।
ਵਿਸ਼ਵੀਕਰਨ ਦੇ ਦੌਰ ਵਿਚ ਪੱਛਮੀ ਮੁਲਕ ਆਪਣੀ ਸਭਿਆਚਾਰਿਕ ਅਜਾਰੇਦਾਰੀ
ਵਧਾ ਰਹੇ ਹਨ। ਇਸੇ ਲਈ ਉਹ ਪੱਛੜੇ ਅਤੇ ਵਿਕਾਸਸ਼ੀਲ ਮੁਲਕਾਂ ਵਿਚ ਖ਼ਪਤ
ਸਭਿਆਚਾਰ ਨੂੰ ਪ੍ਰਫ਼ੁੱਲਤ ਕਰ ਰਹੇ ਹਨ। ਇਹੋ ਕਾਰਨ ਹੈ ਕਿ ਪੰਜਾਬੀ ਖਾਣਾ,
ਗਾਣਾ ਅਤੇ ਬਾਣਾ, ਬਦਲ ਜਾਣ ਕਰਕੇ ਪੰਜਾਬੀ ਸਭਿਆਚਾਰ ਰਸਾਤਲ ਵਲ ਜਾ ਰਿਹਾ
ਹੈ, ਜਿਸ ਪ੍ਰਤੀ ਪੰਜਾਬੀ ਗੀਤਕਾਰ ਜੀਤ ਕੱਦੋਂਵਾਲਾ, ਗੈਰੀ ਟਰਾਂਟੋ ਅਤੇ
ਗੁਰਮਿੰਦਰ ਸਿੰਘ ਗੁਰੀ ਪੂਰੀ ਤਰਾਂ ਸੁਚੇਤ ਹਨ, ਜੋ ਪੰਜਾਬੀ ਗੀਤਕਾਰੀ ਦੇ
ਝੰਡਾਬਰਦਾਰ ਹਨ। ਜੀਤ ਕੱਦੋਂਵਾਲਾ ਅਜਿਹਾ ਗੀਤਕਾਰ ਹੈ, ਜਿਸ ਦੇ 1000
ਗੀਤਾਂ ਵਿਚੋਂ ਚੋਣਵੇਂ ਗੀਤ ਨੁਸਰਤ ਫਤਿਹ ਅਲੀ ਖਾਂ, ਰਾਹਤ ਫਤਿਹ ਅਲੀ
ਖਾਂ, ਸੁਖਛਿੰਦਰ ਸ਼ਿੰਦਾ, ਜੈਜੀ ਬੀ ਆਦਿ
ਨੇ ਗਾਏ ਹਨ। ਇਹ ਗੀਤ ਲੱਚਰ ਅਤੇ ਅਸ਼ਲੀਲ ਗਾਇਕੀ ਦੇ ਮੂੰਹ ਤੇ ਕਰਾਰੀ ਚਪੇੜ
ਹਨ। ਦਲਜੀਤ ਕਲਿਆਣਪੁਰੀ ਅਤੇ ਪੂਰਨ ਸਿੰਘ ਪਾਂਧੀ ਅਨੁਸਾਰ ਗੀਤਕਾਰ ਅਤੇ
ਸੰਗੀਤ ਰੂਹ ਦੀ ਖ਼ੁਰਾਕ ਹਨ। ਪ੍ਰੰਤੂ ਗਾਇਕਾਂ ਕੋਲ ਸਮਾਜ ਦੇ ਉਹ ਨਾਇਕ
ਨਹੀਂ ਹਨ ਜਿਨਾਂ ਰਾਹੀਂ ਉਹ ਸਮਾਜ ਨੂੰ ਸੇਧ ਦੇ ਸਕਣ, ਅਜੋਕੇ ਗੀਤਕਾਰ
ਜੱਟ, ਵੈਲੀ, ਨਸ਼ੇ ਅਤੇ ਔਰਤ ਨੂੰ ਪੇਸ਼ ਕਰ ਰਹੇ ਹਨ। ਪੰਜਾਬੀ ਸਮਾਜ ਵਿਚੋਂ
ਨਰੋਈ ਤੇ ਰੂਹਾਨੀ ਗੀਤਕਾਰ ਗਾਇਬ ਹਨ, ਜੋ ਬੀਰ ਰਸ ਅਤੇ ਉਸਾਰੂ ਗੀਤ
ਗਾਉਂਦੇ ਹੋਣ। ਗੀਤ ਅਤੇ ਸੰਗੀਤ ਤਾਂ ਉਹ ਦਾਤ ਹੈ ਜੋ ਪ੍ਰਮਾਤਮਾ ਅਤੇ ਅਨੰਦ
ਦੀ ਪ੍ਰਾਪਤੀ ਵਿਚ ਵੀ ਸਾਧਨਾ ਬਣ ਜਾਂਦੇ ਹਨ। ਰਾਗੀ ਢਾਡੀ ਅਤੇ ਸੰਗੀਤਕਾਰ
ਜਦੋਂ ਸਾਜਾਂ ਨੂੰ ਵਜਾਉਂਦੇ ਹਨ ਤਾਂ ਦਿਲ ਵਿਚ ਪਿਆਰ ਦੇ ਝਰਨੇ ਫੁੱਟਣ ਲਗ
ਪੈਂਦੇ ਹਨ। ਇਸ ਪੁਸਤਕ ਵਿਚ ਉਜਾਗਰ ਸਿੰਘ ਨੇ ਗੀਤਕਾਰੀ, ਗਾਇਕੀ ਅਤੇ
ਸੰਗੀਤ ਦੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਹੈ।
ਉਜਾਗਰ ਸਿੰਘ ਨੇ, ਧਰਮ, ਰਾਜਨੀਤੀ, ਸਭਿਆਚਾਰ ਅਤੇ ਸਾਹਿਤ ਦੇ ਨਾਲ ਨਾਲ
ਉਹਨਾਂ ਪੱਤਰਕਾਰ ਲੇਖਕਾਂ ਦੀ ਜੀਵਨੀ ਬਾਰੇ ਲਿਖਿਆ ਹੈ, ਜੋ ਪੱਤਰਕਾਰੀ
ਰਾਹੀਂ ਸਮਾਜ ਵਿਚ ਨਿਰਣਾਇਕ ਭੂਮਿਕਾ ਨਿਭਾ ਰਹੇ ਹਨ। ਗੁਰਜਤਿੰਦਰ ਸਿੰਘ
ਰੰਧਾਵਾ ਤੇ ਜੈਤੇਗ ਸਿੰਘ ਅਨੰਤ, ਅਜਿਹੇ ਪੱਤਰਕਾਰ ਸੰਪਾਦਕ ਹਨ ਜੋ
ਜਮਹੂਰੀਅਤ ਦੇ ਚੌਥੇ ਥੰਮ ਵੱਜੋਂ ਕਾਰਜਸ਼ੀਲ ਹਨ। ਨਰਪਾਲ ਸਿੰਘ ਸ਼ੇਰਗਿਲ
ਅਜਿਹਾ ਕੌਮਾਂਤਰੀ ਪੱਤਰਕਾਰ ਵੱਜੋਂ ਉਭਰਦਾ ਹੈ, ਜਿਸਨੇ 1000 ਲੇਖ ਲਿਖੇ
ਹਨ, ਜੋ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨਾਲ ਸੰਬੰਧਤ ਹਨ। ਉਹ ਪੰਜਾਬੀ
ਲੋਕਾਂ ਨੂੰ ਸੇਧ ਦਿੰਦਾ ਹੈ ਕਿ ਬਿਗਾਨੇ ਮੁਲਕਾਂ ਵਿਚ ਗੁਰਦੁਆਰਿਆਂ ਨੂੰ,
ਗਿਆਨ, ਸਕੂਲ, ਸਭਿਆਚਾਰ ਅਤੇ ਮੇਲ ਮਿਲਾਪ ਦਾ ਕੇਂਦਰ ਬਣਾਇਆ ਜਾ ਸਕਦਾ ਹੇ।
ਇਹਨਾਂ ਪੱਤਰਕਾਰਾਂ ਦੇ ਲੇਖ ਅਤੇ ਲਿਖਤਾਂ ਪਰਵਾਸ ਅਤੇ ਨਸਲੀ ਵਿਤਕਰੇ ਦੀਆਂ
ਬਾਰੀਕੀਆਂ ਨੂੰ ਬਾਖ਼ੂਬੀ ਪੇਸ਼ ਕਰਦੇ ਹਨ ਜਿਸ ਤੋਂ ਸਮਾਜ ਦੀਆਂ ਸਾਰੀਆਂ
ਘਟਨਾਵਾਂ ਪਿੱਛੇ ਲੁਕੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਕਾਰਨ ਸਪਸ਼ਟ ਹੋ
ਜਾਂਦੇ ਹਨ।
ਇਸ ਪੁਸਤਕ ਵਿਚ ਧਰਮ ਅਤੇ ਵਿਗਿਆਨ ਦੀਆਂ ਧਾਰਾਵਾਂ ਦੇਖਣ ਪੜਨ ਨੂੰ
ਮਿਲਦੀਆਂ ਹਨ ਜਿਵੇਂ ਅਜੋਕੇ ਮਨੁੱਖ ਨੂੰ ਪੂਰਬ ਅਤੇ ਪੱਛਮ ਦੇ ਸੰਗਮ ਦੀ
ਜ਼ਰੂਰਤ ਹੈ, ਉਵੇਂ ਹੀ ਧਰਮ ਅਤੇ ਵਿਗਿਆਨ ਵੀ ਅਜੋਕੇ ਮਨੁੱਖ ਦੀ ਅਵਸਰਵਾਦੀ
ਲੋੜ ਹਨ। ਪਿਆਰਾ ਸਿੰਘ ਕੱਦੋਵਾਲ ਦੀਆਂ ਲਿਖਤਾਂ ਸਮਿਆਂ ਤੋਂ ਪਾਰ ਦਾ
ਚਿੰਤਨ ਮੰਥਨ ਕਰਨ ਲਈ ਪ੍ਰੇਰਦੀਆਂ ਹਨ। ਸੰਤੁਲਿਤ ਸੋਚ ਦੀਆਂ ਧਾਰਨੀ ਹੋਣ
ਕਰਕੇ ਧਰਮ ਅਤੇ ਬਾਬਿਆਂ ਦੇ ਪਾਖੰਡ ਨੂੰ ਨੰਗਿਆਂ ਕਰਦੀਆਂ ਹਨ। ਪਿਆਰ ਦਾ
ਸੰਦੇਸ਼ ਦਿੰਦੀਆਂ ਹਨ। ਡਾ.ਅਮਰਜੀਤ ਸਿੰਘ ਟਾਂਡਾ ਵਿਗਿਆਨਕ ਸੋਚ ਦਾ ਧਾਰਨੀ
ਅਤੇ ਸਰਬਾਂਗੀ ਕਲਾਕਾਰ ਹੈ। ਟਾਂਡਾ ਨਵੀਂਆਂ ਵਿਗਿਆਨਕ ਖੋਜਾਂ ਲਈ ਸੰਸਾਰ
ਪ੍ਰਸਿਧ ਵਿਗਿਆਨੀਆਂ ਦੀ ਸਿਖਰਲੀ ਕਤਾਰ ਵਿਚ ਸ਼ਾਮਲ ਹੈ। ਨਰਪਾਲ ਸਿੰਘ
ਸ਼ੇਰਗਿਲ ਪੱਤਰਕਾਰ ਅਤੇ ਜੀਤ ਕੱਦੋਂਵਾਲਾ ਗੀਤਕਾਰ ਅਮੀਰ ਵਿਰਾਸਤ ਲਈ ਇਕ
ਹਜ਼ਾਰ ਗੀਤ ਲਿਖਕੇ, ਭਾਰਤ ਅਤੇ ਪੰਜਾਬ ਲਈ ਬਦੇਸ਼ਾਂ ਵਿਚ ਪਛਾਣ ਬਣਾ ਰਹੇ
ਹਨ।
ਇਸ ਪੁਸਤਕ ਦਾ ਅਤਿ ਮਹੱਤਵਪੂਰਨ ਪੱਖ ਇਹ ਹੈ ਕਿ ਅੱਜ ਭਾਰਤ ਅਤੇ ਵਿਦੇਸ
ਵਿਚ ਔਰਤ ਦੀ ਅਜ਼ਾਦੀ ਅਤੇ ਹੱਕਾਂ ਦੀ ਮੰਗ ਲਈ ਜਦੋਜਹਿਦ ਚਲ ਰਹੀ ਹੈ। ਭਾਰਤ
ਵਿਚ 33 ਫ਼ੀ ਸਦੀ ਰਾਖਵਾਂਕਰਨ ਅਤੇ ਬਰਾਬਰਤਾ ਦੀ ਅਵਾਜ਼ ਵੀ ਉੱਠ ਰਹੀ ਹੈ,
ਲੇਕਿਨ ਉਜਾਗਰ ਸਿੰਘ ਨੇ ਇਸ ਪੁਸਤਕ ਰਾਹੀਂ ਔਰਤ ਲੇਖਕਾਵਾਂ ਤੇ ਕਵਿਤਰੀਆਂ
ਨੂੰ ਬਰਾਬਰਤਾ ਦੇ ਕੇ ਸਨਮਾਨਿਤ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਨੇ ਉਹ
ਸੰਘਰਸ਼ਸ਼ੀਲ ਔਰਤ ਲੇਖਕਾਵਾਂ ਸ਼ਾਮਲ ਕੀਤੀਆਂ ਹਨ, ਜੋ ਬਚਪਨ ਤੋਂ ਲੈ ਕੇ ਅੱਜ
ਵੀ ਸਿਰਜਣਾ ਦੇ ਖੇਤਰ ਵਿਚ ਸਰਗਰਮ ਹਨ।
ਬਲਬੀਰ ਕੌਰ ਢਿਲੋਂ, ਰਮਨ ਵਿਰਕ, ਗੁਰਦੀਸ਼ ਕੌਰ ਗਰੇਵਾਲ, ਪਰਨੀਤ
ਕੌਰ ਸੰਧੂ, ਸਿੱਧੂ ਰਮਨ, ਰਾਜ ਸੰਧੂ, ਸੁਰਿੰਦਰ ਕੌਰ ਬਿੰਨਰ, ਸੁਰਜੀਤ
ਕੌਰ, ਕਰਮਜੀਤ ਕੌਰ ਕਿਸਾਂਵਲ, ਭੁਪਿੰਦਰ ਕੌਰ ਨੱਤ, ਲਵੀਨ ਕੌਰ ਗਿੱਲ, ਗਗਨ
ਬਰਾੜ, ਪੂਰਬ ਅਤੇ ਪੱਛਮ ਦੇ ਜ਼ੁਲਮ ਖ਼ਿਲਾਫ਼ ਲੜ ਹੀ ਨਹੀਂ ਰਹੀਆਂ, ਬਲਕਿ ਔਰਤ
ਜਗਤ ਨੂੰ ਜਾਗ੍ਰਿਤ ਵੀ ਕਰ ਰਹੀਆਂ ਹਨ।
ਪੁਸਤਕ
ਵਿਚ ਸ਼ਾਮਲ ਲੇਖਕ ਕਵਿਤਰੀਆਂ ਔਰਤ ਦੀ ਜ਼ਿੰਦਗੀ ਦੀਆਂ ਹੂਕਾਂ ਲਿਖਣ ਵਾਲੀਆਂ
ਹਨ। ਦਿਲ ਅੰਦਰ ਮਚਲਦੀਆਂ ਭਾਵਨਾਵਾਂ, ਅਹਿਸਾਸ ਅਤੇ ਸੰਵੇਦਨਾਵਾਂ ਨੂੰ
ਕਾਵਿ ਕਲਾ ਰਾਹੀਂ ਉਜਾਗਰ ਕਰ ਰਹੀਆਂ ਹਨ। ਉਹ ਔਰਤ ਦੇ ਵਰਤਮਾਨ ਦਵੰਦ ਨੂੰ
ਪੇਸ਼ ਕਰਦੀਆਂ ਹਨ ਕਿ ਉਹਨਾਂ ਦਾ ਘਰ ਕਿਹੜਾ ਹੈ। ਪੂੰਜੀਵਾਦੀ ਸਮਾਜ ਅਤੇ
ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਅਜੇ ਵੀ ਗ਼ੁਲਾਮ ਬਣਾਇਆ ਜਾ ਰਿਹਾ ਹੈ,
ਘਰ ਦੇ ਪਿੰਜਰਿਆਂ ਵਿਚ ਕੈਦ ਰੱਖਿਆ ਜਾ ਰਿਹਾ ਹੈ। ਔਰਤ ਆਪਣੇ ਰੂਪ ਦੇ
ਵਿਖਾਵੇ ਲਈ ਗਹਿਣਿਆਂ ਨੂੰ ਵੀ ਬੇੜੀਆਂ ਅਤੇ ਹੱਥਕਡੀਆਂ ਸਮਝਣ ਲਗ ਪਈ ਹੈ।
ਉਸ ਅੰਦਰ ਬਗ਼ਾਬਤ ਦੀ ਜੰਗ ਮੱਘ ਰਹੀ ਅਤੇ ਪਿਆਰ ਦੀ ਉਮੰਗ ਨਾਲੋ ਨਾਲ ਚੱਲ
ਰਹੀ ਪ੍ਰਤੀਤ ਹੁੰਦੀ ਹੈ। ਵਿਸ਼ਵੀਕਰਨ ਦਾ ਦੌਰ ਔਰਤ ਲਈ ਪਰਿਵਾਰਿਕ ਟੁੱਟ
ਭੱਜ ਦੀ ਦਾਸਤਾਨ ਬਣਦਾ ਜਾ ਰਿਹਾ ਹੈ ਕਿਉਂਕਿ ਤਕਨਾਲੋਜੀਕਲ ਵਿਕਾਸ ਨੇ
ਮਨੁੱਖ ਔਰਤ ਨੂੰ ਸਵੈ ਨਾਲੋਂ ਅਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਗੂੜੀਆਂ
ਸਾਂਝਾਂ ਨਾਲੋਂ ਤੋੜਿਆ ਹੈ। ਢਿਲੋਂ, ਗਰੇਵਾਲ ਅਤੇ ਸੰਧੂ ਦੀਆਂ ਕਵਿਤਾਵਾਂ
ਪੀੜੀ ਪਾੜੇ ਅਤੇ ਪਰਿਵਾਰਿਕ ਪੁਆੜੇ ਨੂੰ ਬਰੀਕਵੀਨੀ ਨਾਲ ਪੇਸ਼ ਕਰਦੀਆਂ ਹਨ
ਕਿ ਬੱਚੇ ਕਰੈਚਾਂ , ਬਜ਼ੁਰਗ ਬਿਰਧ ਆਸ਼ਰਮ ਵਿਚ, ਨੌਜਵਾਨ ਪੀੜੀ ਕੁਰਾਹੇ ਪਈ
ਹੋਈ ਅਤੇ ਦੰਪਤੀ ਜੀਵਨ ਉਲਝਣ ਵਿਚ ਹੈ। ਔਰਤਾਂ ਪੂੰਜੀਵਾਦੀ ਵਰਤਾਰੇ ਦੀਆਂ
ਘੁੰਮਣ ਘੇਰੀਆਂ ਵਿਚ ਆਪਣੀਆਂ ਵੱਡਮੁਲੀਆਂ
ਹਸਰਤਾਂ ਨੂੰ ਗੁਆ ਚੁੱਕੀਆਂ ਹਨ।
ਇਸ ਪੁਸਤਕ ਵਿਚ ਸ਼ਾਮਲ ਕਵਿਤਰੀਆਂ ਦਾ ਥੀਸਸ ਇਹ ਹੈ ਕਿ ਜਿਸ ਸਮਾਜ ਵਿਚ
ਔਰਤਾਂ ਰਹਿ ਰਹੀਆਂ ਹਨ, ਉਥੇ ਉਹਨਾਂ ਦੇ ਬਾਹਰ ਪੂੰਜੀ ਦਾ ਫੈਲਿਆ ਹੋਇਆ
ਸੰਸਾਰੀਕਰਨ ਹੈ, ਅੰਦਰ ਤੜਪ ਰਿਹਾ ਇਕਲਾਪਾ ਹੈ। ਉਹ ਅਜੋੜ ਸਮਾਜ ਅਤੇ
ਰਿਸ਼ਤਿਆਂ ਦਾ ਸੰਤਾਪ ਅਤੇ ਤ੍ਰਾਸਦੀ ਭੋਗ ਰਹੀਆਂ ਹਨ। ਪਿਤਾ, ਪਤੀ ਅਤੇ
ਪੁੱਤਰ ਤਿੰਨਾਂ ਦੇ ਬੰਧਨ ਅਜੇ ਵੀ ਤੋੜਨੇ ਬਾਕੀ ਹਨ। ਜਿੱਥੇ ਔਰਤ ਨੂੰ
ਪ੍ਰੇਮ ਦੇ ਰਿਸ਼ਤੇ ਵੱਜੋਂ ਨਹੀਂ, ਜਿਸਮ ਦੀ ਤ੍ਰਿਪਤੀ ਲਈ ਇਸਤੇਮਾਲ ਕੀਤਾ
ਜਾਂਦਾ ਹੈ। ਇਹਨਾਂ ਕਵਿਤਰੀਆਂ ਨੇ ਅਜੋਕੇ ਯੁਗ ਦੀ ਨੈਤਿਕ ਗਿਰਾਵਟ ਨੂੰ
ਸਨਮੁਖ ਕੀਤਾ ਹੈ, ਜਿਥੇ ਮਾਪੇ ਖ਼ੁਦ ਆਪਣੀਆਂ ਧੀਆਂ, ਬਾਹਰਲੇ ਮੁਲਕਾਂ ‘ਚ
ਭੇਜਣ ਦੇ ਲਾਲਚ ਵਿਚ ਵੱਡੀ ਉਮਰ ਦੇ ਬੁੱਢਿਆਂ ਦੇ ਲੜ ਲਾ ਦਿੰਦੇ ਹਨ।
ਅਨੇਕਾਂ ਦੇਸ ਅਤੇ ਘਰ ਹਨ, ਜਿੱਥੇ ਪੰਜਾਬ ਦੀ ਲੂਣਾ ਸੰਤਾਪ ਹੰਢਾ ਰਹੀ ਹੈ।
ਕਵਿਤਰੀਆਂ ਸਰਬੱਤ ਦੇ ਭਲੇ ਦੀ ਸੋਚ ਦਾ ਪ੍ਰਸਾਰ ਕਰਨ ਲਈ ਪੂਰੀ ਤਰਾਂ
ਸਰਗਰਮ ਜਾਪਦੀਆਂ ਹਨ। ਕਵਿਤਰੀਆਂ ਦੇ ਇਹ ਸਵਾਲ ਵਾਜਬ ਜਾਪਦੇ ਹਨ, ਕਿ
ਧਾਰਮਿਕ ਗ੍ਰੰਥਾਂ ਵਿਚ ਔਰਤਾਂ ਨੂੰ ਬਰਾਬਰਤਾ ਦਾ ਸਥਾਨ ਮਿਲਿਆ ਹੋਇਆ ਹੈ
ਪ੍ਰੰਤੂ ਸਮਾਜ ਵਿਚ ਕਿਉਂ ਨਹੀਂ ਮਿਲਿਆ ਹੋਇਆ? ਉਸ ਨੂੰ ਪੈਰ ਦੀ ਜੁੱਤੀ
ਕਿਉਂ ਸਮਝਿਆ ਜਾਂਦਾ ਹੈ? ਔਰਤ ਹੀ ਔਰਤ ਦੀ ਦੁਸ਼ਮਣ ਕਿਉਂ ਹੈ? ਪੂੰਜੀਵਾਦ
ਅਤੇ ਮਰਦ ਦੀ ਪ੍ਰਧਾਨਗੀ ਕਿਵੇਂ ਖ਼ਤਮ ਹੋਵੇਗੀ। ਸਾਰਤੱਤ ਵੱਜੋਂ ਇਸ ਪੁਸਤਕ
ਵਿਚ ਸ਼ਾਮਲ ਕਵਿਤਰੀਆਂ, ਅਜ਼ਾਦੀ ਦੇ ਮਾਰਗ ਵੱਲ ਵੱਧਦੀਆਂ ਹੋਈਆਂ ਇਹ ਆਖ
ਰਹੀਆਂ ਹਨ ਕਿ ਉਹ ਘਾਹ ਨਹੀਂ ਹਨ, ਜੋ ਪੁੱਟੀ ਜਾ ਸਕੇ, ਲੱਤੜੀ ਜਾ ਸਕੇ।
ਅੱਜ ਦੀ ਔਰਤ ਕਵਿਤਰੀ ਜਾਗ ਪਈ ਹੈ, ਅਤੇ ਆਪਣੀਆਂ ਕਲਾ ਕ੍ਰਿਤਾਂ ਰਾਹੀਂ
ਔਰਤ ਅਤੇ ਸਮਾਜ ਨੂੰ ਜਗਾ ਵੀ ਰਹੀ ਹੈ।
ਇਸ ਤਰਾਂ ਇਹ ਪੁਸਤਕ ਪਰਵਾਸੀ ਪੰਜਾਬੀਆਂ ਦੇ ਹਰ ਪਹਿਲੂ ਦਾ ਬਿਰਤਾਂਤ
ਪੇਸ਼ ਕਰਨ ਵਾਲੀ ਹੈ। ਪਰਵਾਸੀ ਜੋ ਪਰਾਈਆਂ ਧਰਤੀਆਂ ਤੇ ਰਹਿੰਦੇ ਹੋਏ ਵੀ
ਆਪਣੀਆਂ ਅਤੀਤ ਦੀਆਂ ਯਾਦਾਂ ਅਤੇ ਭਵਿਖਮੁੱਖੀ ਸੁਪਨਿਆਂ ਨਾਲ ਜੁੜੇ ਹੋਏ
ਹਨ। ਬਾਹਰਲੇ ਮੁਲਕ ਵਿਚ ਰਹਿੰਦਿਆਂ ਹੋਇਆਂ ਵੀ ਉਹ ਆਪਣੇ ਪਿੰਡ, ਪੰਜਾਬ
ਅਤੇ ਮੁਲਕ ਨਾਲੋਂ ਟੁੱਟੇ ਹੋਏ ਨਹੀਂ। ਹੁਣ ਉਹ ਜਿੱਥੇ ਰਹਿੰਦੇ ਹਨ ਅਤੇ
ਜਿੱਥੋਂ ਗਏ ਹਨ ਉਹ ਉਹਨਾਂ ਸਭ ਥਾਵਾਂ ਦੀ ਖ਼ੈਰ ਮਨਾਉਂਦੇ ਹੋਏ ਸਰਬੱਤ ਦਾ
ਭਲਾ ਅਤੇ ਬਰਾਬਰਤਾ ਦੀ ਤਾਂਘ ਰੱਖ ਰਹੇ ਹਨ। ਉਜਾਗਰ ਸਿੰਘ ਇਸ ਪੁਸਤਕ
ਰਾਹੀਂ, ਇਕ ਲੋਕ ਪੱਖੀ ਅਤੇ ਨਿਰਪੱਖ ਸੰਸਾਰੀਕਰਨ ਅਤੇ ਸਮਾਜਵਾਦ ਦੀ ਨੀਂਹ
ਰੱਖਣ ਦੀ ਕੋਸ਼ਿਸ਼ ਕਰ ਰਿਹਾ ਜਾਪਦਾ ਹੈ। ਇਸ ਸਿਰਜਣਾਤਮਿਕ ਸੁਪਨੇ ਅਤੇ
ਕੋਸ਼ਿਸ਼ ਲਈ ਉਹ ਵਧਾਈ ਅਤੇ ਸ਼ੁਭ ਕਾਮਨਾਵਾਂ ਬੇਸ਼ੱਕ ਹੱਕਦਾਰ ਹੈ।
ਡਾ.ਲਕਸ਼ਮੀ ਨਰਾਇਣ ਭੀਖੀ
ਐਮ.ਆਈ.ਜੀ. 481,ਫ਼ੇਜ਼-1,ਅਰਬਨ ਅਸਟੇਟ, ਪਟਿਆਲਾ-147002
ਮੋਬਾਈਲ –96461-99530, 96461-11669
|