|
ਇੱਸ ਨਾਵਲ ਦਾ ਰਚਨਹਾਰ 'ਬਿੰਦਰ ਕੋਲੀਆਂ ਵਾਲ' ਦਾ ਪਛੋਕੜ ਦੁਆਬੇ ਦੇ
ਜ਼ਿਲਾ ਕਪੂਰਥਲਾ ਪੰਜਾਬ ਦੇ ਇੱਕ ਆਮ ਜਿਹੇ ਕਿਰਸਾਣੀ ਕਿਤੇ ਵਾਲੇ ਪ੍ਰਿਵਾਰ
ਨਾਲ ਹੈ। ਉੱਸ ਦਾ ਪੂਰਾ ਨਾਮ ਹਰਜਿੰਦਰ ਸਿੰਘ ਢੋਟ ਹੈ ਜੋ ਅੱਜ ਤੋਂ 23 ਕੁ
ਸਾਲ ਪਹਿਲਾਂ ਕਈ ਹੋਰਨਾਂ ਪੰਜਾਬੀ ਨੌਜਵਾਨਾਂ ਵਾਂਗ ਉਹ ਵੀ ਆਪਣੇ ਪ੍ਰਿਵਾਰ
ਦੇ ਭਵਿੱਖ ਨੂੰ ਸੁਨਹਿਰੀ ਬਨਾਉਣ ਲਈ ਏਜੰਟਾਂ ਦੇ ਟੇਟੇ ਚੜ੍ਹ ਕੇ ਆਪਣਾ
ਜੀਵਣ ਦਾਅ ਤੇ ਲਾ ਕੇ ਅਨੇਕਾਂ ਜਫਰ ਜਾਲਦਾ ਇਟਲੀ ਪਹੁੰਚਿਆ ਅਤੇ ਅਨੇਕਾਂ
ਔਕੜਾਂ ਅਤੇ ਤੰਗੀਆਂ ਤੁਰਸ਼ੀਆਂ ਝੱਲ ਕੇ ਜੀਵਣ ਨਾਲ ਸੰਘਰਸ਼ ਕਰਦਾ ਹੋਇਆ
ਆਪਣੇ ਪੈਰਾਂ ਤੇ ਹੌਲੀ 2 ਖੜਾ ਹੋਇਆ। ਉੱਸ ਨੇ ਆਪਣਾ ਅਤੇ ਆਪਣੇ ਨਾਲ ਦੇ
ਕਈ ਹੋਰ ਸਾਥੀਆਂ ਦਾ ਵਿਦੇਸ਼ਾਂ ਵਿੱਚ ਪਹੁੰਚਣ ਤੱਕ ਦਾ ਅਨੇਕਾਂ ਕਸ਼ਟ ਸਹਾਰਣ
ਦਾ ਸਮਾ ਆਪਣੀਆਂ ਯਾਦਾਂ ਦੀ ਗੰਢ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਜਿੱਸ
ਨੂੰ ਹੱਥਲੇ ਨਾਵਲ ਵਿੱਚ ਬੜੀ ਸਰਲਤਾ ਅਤੇ ਸੁਚੱਜੇ ਢੰਗ ਨਾਲ ਤਿਆਰ ਕਰਕੇ
ਪਾਠਕਾਂ ਦੇ ਰੂਬਰੂ ਹੋ ਰਿਹਾ ਹੈ। ਉਹ ਸਮੇ 2 ਸਿਰ ਆਪਣੇ ਗੀਤਾਂ ਅਤੇ
ਕਵਿਤਾਵਾਂ ਵਿੱਚ ਵੀ ਹੋਰ ਕਈ ਵਿਸ਼ਿਆਂ ਤੇ ਲਿਖ ਕੇ 'ਸਾਹਿਤ ਸੁਰ ਸੰਗਮ
ਸਭਾ' ਦੀਆਂ ਬੈਠਕਾਂ ਅਤੇ ਸਾਹਿਤਕ ਸਮੇਲਨਾਂ ਵਿੱਚ ਵੀ ਆਪਣੇ ਗੀਤਾਂ ਅਤੇ
ਕਵਿਤਾਵਾਂ ਰਾਹੀਂ ਦਰਸਾ ਕੇ ਵਾਹਵਾ ਖੱਟਦਾ ਆ ਰਿਹਾ ਹੈ। ਅੱਜ ਤੋਂ ਦੋ ਕੁ
ਸਾਲ ਪਹਿਲਾਂ ਉਹ ਆਪਣਾ ਇੱਕ ਕਾਵਿ ਸੰਗ੍ਰਹਿ “ ਸੋਚ ਮੇਰੀ” ਵੀ ਪਾਠਕਾਂ
ਨੂੰ ਭੇਟ ਕਰ ਚੁਕਾ ਹੈ। 'ਸਾਹਿਤ ਸੁਰ ਸੰਗਮ ਸਭਾ ਇਟਲੀ' ਨਾਲ ਉਹ ਦੋ ਕੁ
ਸਾਲ ਤੋਂ ਜੁੜਿਆ ਆ ਰਿਹਾ ਹੈ। ਉਹ ਮਿੱਠ ਬੋਲੜਾ , ਸੰਜੀਦਾ , ਸਾਊ ਅਤੇ
ਠੰਡੇ ਸੁਭਾ ਦਾ ਮਾਲਕ ਹੈ।
ਬੇਸ਼ੱਕ ਉਹ ਆਪਣੀਆਂ ਰਚਨਾਂਵਾਂ ਰਾਂਹੀਂ ਕਿਸੇ ਵੀ ਵੈੱਬ ਸਾਈਟ ਨਾਲ ਘੱਟ
ਹੀ ਜੁੜ ਸਕਿਆ ਪਰ ਫੇਸ ਬੁੱਕਾਂ ਰਾਂਹੀਂ ਉਹ ਆਪਣੀਆਂ ਕਵਿਤਾਂਵਾਂ ਅਤੇ
ਗੀਤਾਂ ਰਾਂਹੀਂ ਸਮੇ 2 ਸਿਰ ਆਪਣੇ ਸਾਥੀਆਂ ਨਾਲੋਂ ਪਿੱਛੇ ਨਹੀਂ ਰਹਿੰਦਾ
ਹੈ। ਇੱਸ ਦੇ ਇਲਾਵਾ 'ਸਾਹਿਤ ਸੁਰ ਸੰਗਮ' ਦੇ ਹੁਣ ਤੱਕ ਛੱਪ ਚੁਕੇ ਚਾਰ
ਕਾਵਿ ਸੰਗ੍ਰਹਿਆਂ ਰਾਂਹੀ ਉਹ ਆਪਣੀਆਂ ਵਧੀਆਂ ਰਚਨਾਂਵਾਂ ਲੈ ਕੇ ਪੰਜਾਬੀ
ਮਾਂ ਬੋਲੀ ਦੀ ਸੇਵਾ ਵਿੱਚ ਉੱਹ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਬਣਦਾ ਯੋਗ
ਦਾਨ ਪਾ ਰਿਹਾ ਹੈ। ਉੱਸ ਦੇ ਲਿਖੇ ਗੀਤ 'ਸਾਹਿਤ ਸੁਰ ਸੰਗਮ' ਦੇ ਗੀਤਾਂ ਦੀ
ਸੀ. ਡੀ “ਸੁਨੇਹੇ “ ਦੇ ਗੀਤਾਂ ਵੀ ਰੀਕਾਰਡ ਹੋ ਚੁਕੇ ਹਨ।
“ ਅਣ ਪਛਾਤੇ ਰਾਹਾਂ ਦੇ ਪਾਂਧੀ” ਉੱਸ ਦਾ 160 ਪੰਨਿਆਂ ਅਤੇ ਸਤਾਰਾਂ
ਕਾਂਡਾਂ ਵਾਲਾ ਪਲੇਠੀ ਦਾ ਨਾਵਲ ਹੈ।
ਬੇਸ਼ੱਕ ਉੱਸ ਨੇ ਨਾਵਲ ਲਿਖਣ ਦੇ ਖੇਤਰ ਵਿੱਚ ਨਵੇਂ 2 ਕਦਮ ਰੱਖੇ ਹਨ
ਫਿਰ ਵੀ ਉਹ ਇੱਸ ਨਵੇਂ ਲਿਖੇ ਨਾਵਲ ਵਿੱਚ ਕੁੱਝ ਵਿਲੱਖਣਤਾ ਲੈ ਕੇ ਜ਼ਰੂਰ
ਆਇਆ ਹੈ। ਸੱਭ ਤੋਂ ਪਹਿਲੀ ਗੱਲ ਕਿ ਉੱਸ ਨੇ ਆਪਣੇ ਇੱਸ ਨਾਵਲ ਵਿੱਚ
ਲੱਚਰਤਾ ਅਤੇ ਅਸਲੀਲਤਾ ਨੂੰ ਅਪਣੀ ਕਲਮ ਨਾਲ ਕਿਤੇ ਵੀ ਛੋਹਣ ਵੀ ਨਹੀਂ
ਦਿੱਤਾ, ਦੂਸਰੀ ਵੱਡੀ ਗੱਲ ਕਿ ਬਿਨਾਂ ਕਿਸੇ ਸ਼ਬਦ ਜਾਲ ਬੁਣੇ ਅਤੇ ਵਾਧੂ
ਮਿਰਚ ਮਿਸਾਲਾ ਲਾਉਣ ਤੋਂ ਬਿਨਾਂ ਆਪਣੀ ਗੱਲ ਨੂੰ ਜਾਂ ਆਪਣੇ ਮੰਤਵ ਨੂੰ
ਪਾਠਕਾਂ ਤੱਕ ਪਹੰਚਾਉਣ ਲਈ ਸਾਦ ਮੁਰਾਦੇ ਢੰਗ ਨਾਲ ਆਪਣੇ ਪਾਠਕਾਂ ਨਾਲ
ਸਾਂਝ ਪਾਉਣ ਦੇ ਉਸਾਰੂ ਯਤਨ ਕਰਨ ਵਿੱਚ ਸਫਲ ਹੋਣਾ ਲੋਚਦਾ ਹੈ। ਤੀਜੀ ਗੱਲ
ਕਿ ਉਹ ਨਾਵਲ ਦੀ ਵਾਰਤਾ ਨੂੰ ਹੋਰ ਰੰਗੀਨ ਬਨਾਉਣ ਲਈ ਇੱਕ ਕਵੀ ਅਤੇ
ਗੀਤਕਾਰ ਹੋਣ ਦੇ ਨਾਤੇ ਆਪਣੇ ਨਾਵਲ ਦੇ ਵਿਸ਼ੇ ਵਸਤੂ ਨੂੰ ਹੋਰ ਸੁਹਜ ਕਲਾ
ਨਾਲ ਸ਼ੰਗਾਰਣ ਲਈ ਕਿਸੇ ਹੋਰ ਦੇ ਨਹੀਂ ਸਗੋਂ ਆਪਣੇ ਹੀ ਸ਼ੇਅਰਾਂ ਵਿੱਚ
ਸੁਆਰਣ ਦਾ ਯਤਨ ਕਰਦਾ ਹੈ। ਇੱਕ ਵੱਡੀ ਗੱਲ ਹੋਰ ਇਹ ਵੀ ਹੈ ਇੱਸ ਨਾਵਲ ਦੇ
ਰਚਨਹਾਰ ਨੇ ਇਸ ਨਾਵਲ ਦੇ ਪਾਤ੍ਰਾਂ ਨੂੰ ਸਿਰਜ ਕੇ ਉਨ੍ਹਾਂ ਨੂੰ ਦੂਰੋਂ
ਵੇਖ ਸੁਣ ਕੇ ਹੀ ਨਹੀਂ ਲਿਖਿਆ, ਸਗੋਂ ਉਹ ਆਪ ਇੱਸ ਨਾਵਲ ਦੀ ਕਾਹਾਣੀ ਦਾ
ਪਾਤਰ ਵੀ ਹੈ ਭਾਵ ਉੱਸ ਨੇ ਬਹੁਤ ਕੁੱਝ ਵਿਦੇਸ਼ ਆਉਣ ਤੱਕ ਦਾ ਦੁਖਾਂਤ ਆਪਣੇ
ਤਨ ਤੇ ਹੰਢਾਇਆ ਵੀ ਹੈ ਜਿੱਸ ਦੀ ਰਵਾਣਗੀ ਵਿੱਚ ਉਹ ਕਈ ਵਾਰ ਆਪਣੇ ਇੱਸ
ਦੁਖਾਂ ਅਤੇ ਤਕਲੀਫਾਂ ਵੇਲੇ ਓੜਕਾਂ ਦੀ ਹਾਲਤ, ਕਈ 2 ਦਿਨਾਂ ਤੱਕ ਭੁਖੇ
ਪਿਆਸੇ ਅਤੇ ਜਾਨ ਨੂੰ ਜੋਖਮਾਂ ਵਿੱਚ ਪਾਉਣ ਵਾਲੇ ਦਿਨ ਕੱਟਣ ਵੇਲੇ ਦੀ
ਤ੍ਰਾਸਮਈ ਘਟਨਾਂਵਾਂ ਨੂੰ ਉੱਸ ਨੇ ਬੜੇ ਹੀ ਸਾਦਾ ਪਰ ਰੌਚਕ ਢੰਗ ਨਾਲ
ਸਿਰਜਿਆ ਹੈ ਅਤੇ ਇੱਸ ਦਾ ਵਿਸਥਾਰ ਵੀ ਆਪਣੇ ਸਿਧੇ ਪੱਧਰੇ ਢੰਗ ਨਾਲ ਕਰਦਾ
ਹੈ ਉੱਸ ਦੀ ਸਰਲ ਲਿਖਤ ਨੂੰ ਸਮਝਣ ਵਿੱਚ ਪਾਠਕ ਨੂੰ ਸਹਿਜੇ ਹੀ ਪੜ੍ਹਦੇ 2
ਨਾਲੋ ਨਾਲ ਸਹਿਜੇ ਹੀ ਸਮਝ ਆਈ ਜਾਂਦੀ ਹੈ।
ਇੱਸ ਨਾਵਲ ਵਿਚਲੀ ਕਹਾਣੀ ਦੇ ਮੋਮੋ ਠੱਗਣੇ ਆੜ੍ਹਤੀਏ ਦੇ ਮੁਨੀਮ ਦੇ
ਡਾਇਲਾਗ ਵੀਪੜ੍ਹਨ ਯੋਗ ਹਨ, “ ਵੇਖ ਕਰਤਾਰ ਸਿਆਂ, ਆਪਣੀ ਕਈ ਵਰ੍ਹਿਆਂ ਦੀ
ਸਾਂਝ ਆ, ਜ਼ਿਮੀਂਦਾਰੀ ਵਿੱਚ ਘਾਟੇ ਵਾਧੇ ਸਦਾ ਚਲਦੇ ਹੀ ਰਹਿੰਦੇ ਆ, ਕਿਤੇ
ਚਾਰ ਪੈਸੇ ਆੜ੍ਹਤੀਏ ਵੱਲ ਟੁੱਟ ਗਏ, ਆਪਣੇ ਵਿੱਚ ਕਦੇ ਕੋਈ ਫਰਕ ਨਹੀਂ ਆਇਆ
,ਸਦਾ ਹੀ ਭਰਾਵਾਂ ਵਾਲਾ ਰਿਸ਼ਤਾ ਰੱਖਿਆ ਆਪਾਂ। ਅੱਜ ਮੈਂ ਭਰਾਂਵਾਂ ਦੀ
ਤਰ੍ਹਾਂ ਤੈਨੂੰ ਇੱਕ ਸਲਾਹ ਦੇਂਦਾ ਹਾਂ, ਤੇਰਾ ਮੁੰਡਾ ਮੀਤ ਹੁਣ ਜਵਾਨ ਹੋ
ਗਿਆ ਪੜ੍ਹਿਆ ਲਿਖਿਆ ਵੀ ਆ, ਨਾਲੇ ਸਿਹਤ ਪੱਖੋਂ ਵੀ ਬਣਦਾ ਠਣਦਾ ਆ, ਜੇ
ਤੂੰ ਮੇਰੀ ਮੰਨੇਂ ਤਾਂ ਇਹਨੂੰ ਕਿਸੇ ਬਾਹਰਲੇ ਮੁਲਕ ਭੇਜ ਦੇ, ਕਿਸੇ
ਤ੍ਰੀਕੇ, ਜਿਵੇਂ ਦੁਬਈ ਜਰਮਨ ਇੰਗਲੈਂਡ, ਜਾਂ ਫਿਰ ਕੇਨੇਡਾ ਅਮਰੀਕਾ, ਤੂੰ
ਵੀ ਫਿਰ ਬਾਕੀ ਦੀ ਜ਼ਿੰਦਗੀ ਸੌਖੀ ਕੱਟੀਂ।“
ਇਨ੍ਹਾਂ ਅਣ ਜਾਣੇ ਰਾਹਾਂ ਦੇ ਪੰਧ ਤੇ ਚਲਦੇ, ਅਨੇਕਾਂ ਦੁਖ ਤਕਲੀਫਾਂ
ਸਹਾਰਣ ਵਾਲੇ ਸਮੇਂ ਦੇ ਕਈ ਤਲਖ ਤਜਰਬੇ ਵੀ ਜਦੋਂ ਉਹ ਪਾਠਕਾਂ ਨਾਲ ਸਾਂਝੇ
ਕਰਦਾ ਹੈ ਤਾਂ ਪੜ੍ਹ ਕੇ ਇੱਕ ਵਾਰ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਹਨ ।
ਰਾਹ ਵਿੱਚ ਜਦੋਂ ਵੀ ਕੋਈ ਓਪਰਾ ਉਨ੍ਹਾਂ ਨਾਲ ਹਮਦਰਦੀ ਜਤਾਉਣ ਵਾਲਾ ਮਿਲ
ਜਾਂਦਾ ਹੈ ਤਾਂ ਉੱਸ ਦੇ ਅੰਦਰੋਂ ਉੱਸ ਦੀ ਕਵਿਤਾ ਦੇ ਬੋਲ ਵੀ ਆਪ ਮੁਹਾਰੇ
ਹੀ ਫੁੱਟ ਪੈਂਦੇ ਹਨ। ਉਦਾਹਰਣ ਵਜੋਂ ਵੇਖੋ ,
ਅੱਜ ਭਰਿਆ ਏ ਦਿਲ ਸਭ ਅੰਦਰੋ ਅੰਦਰੀ,
ਛਮ ਛਮ ਕਰਕੇ ਅੱਖੀਆਂ ਵਿੱਚੋਂ ਹੰਝੂ ਵਹਿੰਦੇ ਸੀ,
ਕਿਤੇ ਸੁਣ ਨਾ ਲਵੇ ਕੋਈ ਕਿਤੇ ਸਾਡੇ ਹਉਕਿਆਂ ਨੂੰ,
ਬਸ ਅੰਦਰੋ ਅੰਦਰ, ਸਾਰੇ ਦੁੱਖ ਸਹਿੰਦੇ ਸੀ।
( ਪੰਨਾ 58)
“ ਹੁੰਦੀ ਮੌਤ ਜੇ ਜ਼ਿੰਦਗੀ ਦੇ ਹੱਥ ਵਿੱਚ,
ਸ਼ਾਇਦ ਅਸੀਂ ਕਦ ਦੇ ਮਰ ਗਏ ਹੁੰਦੇ,
ਜ਼ਿੰਦਗੀ ਦੀ ਬੇਵਫਾਈ ਦੇਖ ਹੁਣ ਤੱਕ,
ਮੌਤ ਸਾਡੇ ਨਾਲ ਵਫਾ ਕਰਦੀ ਰਹੀ।
(ਪੰਨਾ 59 )
“ ਕਦੇ ਕਦੇ ਇੱਸ ਦੁਨੀਆਂ ਤੇ ਆਪਣੇ ਵੀ ਧੋਖਾ ਕਰ ਜਾਂਦੇ,
ਪਰ ਕਈ ਗੈਰ, ਆਪਣੇ ਹੋਣ ਦਾ ਫਰਜ਼ ਨਿਭਾ ਜਾਂਦੇ”
ਅਤੇ
“ ਵੇਖ ਕੇ ਝੂਠੀ ਚਮਕ ਨੂੰ ਅਸੀਂ ਆਪਣਾ ਆਪ ਉਜਾੜ ਲਿਆ,
ਵੇਖ ਕੇ ਸਾਡੀ ਹਾਲਤ ,ਭੁੱਖ ਨੇ ਆਪਣੇ ਆਪ ਨੂੰ ਮਾਰ ਲਿਆ”।
(ਪੰਨਾ 61)
ਉੱਸ ਦੀ ਇੱਸ ਨਾਵਲ ਵਿਚਲੀ ਕਹਾਣੀ ਉੱਸ ਦੀ ਇੱਕਲੇ ਦੀ ਤ੍ਰਾਸਦੀ ਦੀ
ਕਹਾਣੀ ਹੀ ਨਹੀਂ, ਸਗੋਂ ਹੋਰ ਵੀ ਰੋਟੀ ਰੋਜ਼ੀ ਅਤੇ ਘਰੋਗੀ ਤੰਗੀਆਂ
ਤੁਰਸੀਆਂ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਬਨਾਉਣ ਲਈ ਆਪਣੇ ਵੱਸਦੇ
ਰੱਸਦੇ ਘਰ ਘਾਟ ਛੱਡ ਕੇ ਕਈ ਠੱਗ ਅਤੇ ਬੇਤਰਸ ਏਜੰਟਾਂ ਹੱਥ ਚੜ੍ਹ ਕੇ
ਵਿਦੇਸ਼ਾਂ ਵਿੱਚ ਪਹੁੰਚਣ ਦੀ ਕਈ ਨੌਜਵਾਨਾਂ ਦੀ ਦਿੱਲ ਕੰਬਾਊ ਦਰਦ ਕਹਾਣੀ
ਹੈ ਜਿੱਸ ਨੂੰ ਪੜ੍ਹਦਿਆਂ ਮੇਰੀਆਂ ਵੀ ਕਈ ਵਾਰ ਅੱਖਾਂ ਸੇਜਲ ਹੋਈਆਂ ਹਨ।
ਇੱਸ ਨਾਵਲ ਨੂੰ ਪੰਜਾਬ ਵਿੱਚ ਰਹਿੰਦੇ ਲੋਕਾਂ ਦੇ ਵੱਧ ਤੋਂ ਵੱਧ ਹੱਥਾਂ
ਵਿੱਚ, ਉਨ੍ਹਾਂ ਦਾ ਧਿਆਨ ਵਿਦੇਸ਼ਾਂ ਵਿੱਚ ਜਾਣ ਦੀ ਅੰਨ੍ਹੀ ਦੌੜ ਨੂੰ
ਸੁਚੇਤ ਕਰਨ ਲਈ ਪਹੁੰਚਾਇਆ ਜਾਣਾ ਚਾਹੀਦਾ ਹੈ, ਤਾਂ ਜੋ ਵਿਦੇਸ਼ ਵਿੱਚ
ਡਾਲਰਾਂ , ਯੋਰੂਆਂ ਦੀ ਚਮਕ ਦਮਕ ਕਿਤੇ ਉਨ੍ਹਾਂ ਦੀ ਕੀਮਤੀ ਜਵਾਨੀ ਨੂੰ ਹੀ
ਹੜਪ ਕਰਨ ਜਾਣ ਦਾ ਕਾਰਣ ਨਾ ਬਣ ਜਾਵੇ। ਜੇ ਉਨ੍ਹਾਂ ਜੇ ਜ਼ਰੂਰ ਹੀ ਬਾਹਰ ਵੀ
ਜਾਣਾ ਹੋਵੇ ਤਾਂ ਬੜੀ ਪੁੱਛ ਪੜਤਾਲ ਨਾਲ ਸਹੀ ਤ੍ਰੀਕੇ ਨਾਲ ਵਿਦੇਸ਼ਾਂ ਨੂੰ
ਮੂੰਹ ਕਰਨ,ਅਤੇ ਐਵੈਂ ਹੀ ਭੰਗ ਭਾੜੇ ਆਪਣੇ ਕੀਮਤੀ ਜੀਵਣ ਦਾਅ ਤੇ ਲਾਉਣ
ਤੋਂ ਬਚਣ ਦਾ ਯਤਨ ਕਰਨ ।
ਉੱਸ ਦੇ ਹੱਥਲੇ ਨਾਵਲ ਵਿੱਚ ਇੱਕ ਖਾਸ ਗੱਲ ਜੋ ਮੈਂ ਇਹ ਵੀ ਵੇਖੀ ਹੈ
ਕਿ ਉਹ ਇਹ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਇਟਲੀ ਵਿੱਚ ਬਹੁਤ ਸਾਰੇ
ਪੰਜਾਬੀ ਕਾਮੇ ਲੇਖਕ ਕਵੀ ਹਨ ਜਾਂ ਫਿਰ ਵਾਰਤਕ ਲੇਖਕ ਜਾਂ ਛੋਟੀ ਮੋਟੀ
ਕਹਾਣੀ ਜਾਂ ਲੇਖ ਲਿਖਣ ਵਾਲੇ ਹਨ, ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ
ਆਪਣਾ ਬਣਦਾ ਯੋਗਦਾਨ ਪਾ ਰਹੇ ਹਨ, ਪਰ ਇੱਟਲੀ ਦੇ ਲੇਖਕਾਂ ਵਿੱਚ ਉੱਸ ਨੇ
ਇਹ ਨਾਵਲ ਲਿਖਣ ਦੀ ਜੋ ਪਹਿਲ ਕੀਤੀ ਹੈ ਉਹ ਬੜੀ ਪ੍ਰਸ਼ੰਸਾ ਯੋਗ ਹੈ। ਖਾਸ
ਕਰਕੇ 'ਸਾਹਿਤ ਸੁਰ ਸੰਗਮ ਸਭਾ ਇੱਟਲੀ' ਦੇ ਲੇਖਕਾਂ ਵਿੱਚੋਂ ਤਾਂ ਬਿੰਦਰ
“ਕੋਲੀਆਂ ਵਾਲ” ਉੱਸ ਦੇ ਇੱਸ ਪਲੇਠੇ ਨਾਵਲ “ਅਣ ਪਛਾਤੇ ਰਾਹਾਂ ਦੇ ਪਾਂਧੀ”
ਲਿਖਣ ਤੇ ਤਾਂ ਉਹ ਛੁਪਿਆ ਰੁਸਤਮ ਹੀ ਨਿਕਲਿਆ ਹੈ ਜੋ ਕਿ ਸਾਡੇ ਸਾਰਿਆਂ
ਵਾਸਤੇ ਬੜੀ ਹੀ ਮਾਣ ਵਾਲੀ ਗੱਲ ਹੈ।
ਮੈਂ ਪੁਰ ਉਮੀਦ ਹਾਂ ਕਿ ਬਿੰਦਰ “ਕੋਲੀਆਂ ਵਾਲ “ ਨਾਵਲ ਦੇ ਖੇਤਰ ਵਿੱਚ
ਹੋਰ ਸੁਚੇਤ ਹੋ ਕੇ ਅਗੇਰੇ ਵਧਦਾ ਹੋਇਆ, ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ
ਦੇ ਸਾਹਿਤ ਭੰਡਾਰ ਵਿੱਚ ਵਾਧਾ ਕਰਦਾ ਰਹੇਗਾ।
ਰਵੇਲ ਸਿੰਘ +3272382827 |