|
|
‘ਬੱਦਲਾਂ ਤੋਂ ਪਾਰ` ਮਹਿੰਦਰ ਗਿੱਲ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ।
ਇਸ ਤੋਂ ਪਹਿਲਾਂ ਉਸਦੇ ‘ਮੇਰੇ ਲੋਕ` (1985), ‘ਬਿਨ ਬਰਸਾਤੀ ਮੇਘਲੇ`
(1989), ‘ਅੱਖ ਦੇ ਬੋਲ` (1998) ਤੇ ‘ਉਦੋਂ ਤੇ ਹੁਣ` (2009) ਛਪ ਚੁੱਕੇ
ਹਨ। ਇਸ ਪੁਸਤਕ ਨੂੰ ਗ੍ਰੇਸ਼ੀਅਸ ਬੁਕਸ, ਪਟਿਆਲਾ ਨੇ 2014 ਵਿਚ ਛਾਪਿਆ। ਇਸ
ਵਿਚ ਕੁਲ 52 ਖੁਲ੍ਹੀਆਂ ਨਜ਼ਮਾਂ ਹਨ ਅਤੇ ਇਸ ਦੇ 85 ਪੰਨੇ ਹਨ। ਮਹਿੰਦਰ
ਗਿੱਲ ਨੇ ਸਿਰਫ਼ ਕਵਿਤਾ ਹੀ ਲਿਖੀ ਹੈ। ਮੁੱਖ ਤੌਰ `ਤੇ ਉਹ ਨਿੱਕੀ ਖੁਲ੍ਹੀ
ਕਵਿਤਾ ਲਿਖਣ ਵੱਲ ਰੁਚਿਤ ਰਿਹਾ ਹੈ। ਉਸਦੀਆਂ ਇਹਨਾਂ ਕਵਿਤਾਵਾਂ ਵਿਚ
ਇਕਾਗਰ ਥੀਮਕ ਸੰਗਠਨ ਅਤੇ ਭਾਵ ਇਕਾਈ ਮੁਤਾਬਕ ਢੁੱਕਵੀਂ ਸਤਰਬੰਦੀ ਅਤੇ
ਲਾਜ਼ਮੀ ਥੀਮਕ ਪੈਟਰਨ ਅਨੁਕੂਲ ਪੈਰਾਬੰਦੀ ਹਾਜ਼ਰ ਰਹਿੰਦੀ ਹੈ ਅਤੇ ਸਮੁੱਚੀ
ਨਜ਼ਮ ਵਿਚ ਇਕ ਭਾਵਪੂਰਤ ਰਮਜ਼ ਭਰੀ ਗੋਲਾਈ ਦਾ ਨਮੂਨਾ ਹਾਜ਼ਰ ਹੁੰਦਾ ਹੈ।
ਉਸਦੀ ਕਵਿਤਾ ਵਿਚ ਗ਼ੈਰ-ਨਿਰੰਤਰ ਤੁਕਾਂਤ ਆਪਣੇ ਸਹਿਜ ਅਤੇ ਸੁਗਮ ਰੂਪ ਵਿਚ
ਸਾਹ ਵਾਂਗ ਰਮਿਆ ਹੋਇਆ ਹੈ। ਆਕਾਰ ਪੱਖੋਂ ਨਿੱਕੀ ਕਵਿਤਾ ਵਿਚ ਉਹ ਨਵੀਨ
ਦਾਰਸ਼ਨਿਕ ਅੰਤਰ-ਦ੍ਰਿਸ਼ਟੀਆਂ, ਵਰਤਮਾਨ ਜ਼ਮਾਨੇ ਦੇ ਪੁੱਠੇ-ਸਿੱਧੇ ਦਸਤੂਰਾਂ
ਨੂੰ ਨਵੇਂ ਨਿਛੋਹ ਕਾਵਿ ਬਿੰਬਾਂ, ਚਿੰਨ੍ਹਾਂ ਅਤੇ ਪ੍ਰਤੀਕਾਂ ਰਾਹੀਂ ਪੇਸ਼
ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਮਹਿੰਦਰ ਗਿੱਲ ਅਤਿ ਨਿੱਜੀ ਤੋਂ ਲੈ ਕੇ
ਮਨੁੱਖੀ ਸੱਭਿਅਤਾ ਦੇ ਮੂਲ ਵੱਡੇ ਸਵਾਲਾਂ ਦੇ ਪ੍ਰਪੰਚ ਨੂੰ ਸਮੁੱਚੀ
ਕਾਇਨਾਤ ਦੇ ਪ੍ਰਸੰਗ ਵਿਚ ਪੇਸ਼ ਕਰਦਾ ਹੈ। ਉਸਦੀ ਕਵਿਤਾ ਵਿਚ ਸਹਿਜ
ਸੂਖਮਤਾ, ਗੰਭੀਰ ਬੌਧਿਕ ਸਰੋਕਾਰਤਾ, ਦਾਰਸ਼ਨਿਕ ਨਿਗਰਤਾ ਅਤੇ ਭਰਪੂਰ
ਮਨੁਖੀਪਣ ਦਾ ਇਕ ਅਜਿਹਾ ਨਵਾਂ ਸਿਰਜਣਾਤਮਕ ਸਮਤੋਲ ਹੈ, ਜਿਸ ਤੱਕ ਰਸਾਈ
ਅਜੋਕੇ ਹਊਂ ਮਾਰੇ ਭਟਕਦੇ ਵਿਸ਼ਾਦਗ੍ਰਸਤ ਮਨੁੱਖ ਲਈ ਜੇ ਮੂਲੋਂ ਅਸੰਭਵ
ਨਹੀਂ, ਤਾਂ ਇਹ ਬੇਹੱਦ ਔਖੀ ਜ਼ਰੂਰ ਹੈ। ਪਰਵਾਸੀ ਬੰਦੇ ਲਈ ਤਾਂ ਇਸਦੀ
ਪ੍ਰਤੀਤੀ-ਪ੍ਰਾਪਤੀ ਉਸਦੀ ਦੋਹਰੀ ਹੋਂਦ ਸਥਿਤੀ ਸਦਕਾ ਹੋਰ ਵੀ ਮੁਸੀਬਤ ਭਰੀ
ਅਤੇ ਵੰਗਾਰਵੀਂ ਹੁੰਦੀ ਹੈ।
ਪਰਵਾਸੀ ਵਿਅਕਤੀ ਦੀ ਬਹੁ-ਸਥਾਨੀ ਸੰਬੰਧਤਾ, ਦੋ ਸੱਭਿਆਚਾਰਾਂ ਵਿਚ
ਜਿਉਣ ਵਿਚਰਨ ਦੀ ਜ਼ਰੂਰਤ-ਮਜ਼ਬੂਰੀ-ਮੌਕੇ, ਦੋ-ਵਤਨੀ ਅਤੇ ਇਸ ਨਾਲ ਜੁੜੇ ਹੋਰ
ਸੈਂਕੜੇ ਪੱਖ-ਪਾਸਾਰ ਉਸਦੀ ਹੋਂਦ-ਹਸਤੀ-ਸ਼ਨਾਖ਼ਤ ਨੂੰ ਨਿਰੰਤਰ ਵੰਗਾਰਵਾਂ
ਰੂਪ ਦੇਈ ਰੱਖਦੇ ਹਨ। ਆਪਣਾ ਮੂਲ ਘਰ, ਭਾਈਚਾਰਾ, ਦੇਸ਼ ਛੱਡਣ ਦੀ ਲੋੜ,
ਮਜ਼ਬੂਰੀ, ਚਾਹਤ ਅਤੇ ਪ੍ਰਦੇਸੀਂ ਵਸਣ ਦੀਆਂ ਦੁਸ਼ਵਾਰੀਆਂ, ਚੁਣੌਤੀਆਂ ਉਸਦੇ
ਅੰਤਰਮਨ ਵਿਚ ਅਜੀਬੋ-ਗਰੀਬ ਤਲਾਸ਼, ਵੇਦਨਾ, ਤਰਕ, ਘੜਮਸ ਅਤੇ ਗੁੰਝਲਾਂ
ਪੈਦਾ ਕਰਦੇ ਰਹਿੰਦੇ ਹਨ। ਪਰਵਾਸ ਕਾਰਨ ਪੈਦਾ ਹੋਈ ਹਜ਼ਾਰ-ਮੂੰਹੀਂ
ਉੱਥਲ-ਪੁੱਥਲ ਉਸ ਲਈ ਹਰ ਪਲ ਹਰ ਮੌਕੇ ਨਿਰੰਤਰ ਪੁੱਠੇ-ਸਿੱਧੇ ਟਕਰਾਵਾਂ,
ਸਥਿਤੀਆਂ, ਖਿੱਚਾਂ ਅਤੇ ਸੰਭਾਵਨਾਵਾਂ ਨੂੰ ਉਭਾਰੀ ਰੱਖਦੀ ਹੈ, ਅਜਿਹੀ
ਸਥਿਤੀ ਵਿਚ ਪਰਵਾਸੀ ਦਾ ਮਨ ਨਿਰੰਤਰ ਜਿੰਨੇ ਅੰਦਰਲੇ ਬਾਹਰਲੇ ਕਈ ਯੁੱਧ
ਲੜਦਾ ਹੈ, ਓਨੇ ਹੀ ਵਿਲੱਖਣ ਹੁੰਗਾਰੇ ਪੈਦਾ ਹੁੰਦੇ ਰਹਿੰਦੇ ਹਨ। ਮਹਿੰਦਰ
ਗਿੱਲ ਨੇ ਸੁਚੇਤ ਤੌਰ `ਤੇ ਮਿਥੇ ਥੀਮ ਵਜੋਂ ਬਹੁਤ ਘੱਟ ਨਜ਼ਮਾਂ ਵਿਚ
ਪਰਵਾਸੀ ਵਿਸ਼ੇ ਚੁਣੇ ਹਨ। ਪਰ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਕਵਿਤਾਵਾਂ
ਦੀ ਣਕਕਬ ਤਵਗਚਫਵਚਗਕ ਵਿਚ ਉਸਦੀ ਪਰਵਾਸੀ ਹੋਂਦ-ਹਸਤੀ-ਸ਼ਨਾਖ਼ਤ ਦੇ
ਬਹੁ-ਪੱਖੀ ਆਯਾਮ ਅਤੇ ਸੰਵਾਦ ਨਿਰੰਤਰ ਗਤੀਸ਼ੀਲ ਰਹਿੰਦੇ ਹਨ। ਮੁਸਲਸਲ
ਅਕਪਰਵਜ਼ਵਜਅਪ ਦੀ ਇਹੀ ਹੋਣੀ ਪਰਵਾਸੀ ਦੇ ਮਨ ਦੀ ਹਰ ਪਲ ਨਵ-ਨਿਰਮਾਣਕਾਰੀ
ਕਰਦੀ ਰਹਿੰਦੀ ਹੈ, ਜਿਸ ਦੇ ਦਿਲਚਸਪ ਅਤੇ ਮੁਲਵਾਨ ਝਲਕਾਰੇ ਗਿੱਲ ਕਾਵਿ
ਵਿਚ ਹਾਜ਼ਰ ਹਨ। ਉਸਦੀਆਂ ਪਹਿਲੀਆਂ ਦੋ ਕਾਵਿ ਪੁਸਤਕਾਂ ਦੇ ਨਾਂ ਜਿਵੇਂ
‘ਉਦੋਂ ਤੇ ਹੁਣ` ਤੇ ‘ਮੇਰੇ ਲੋਕ` ਸਪਸ਼ਟ ਭਾਂਤ ਇਸ ਸਥਿਤੀ ਦਾ ਅੰਤਰਸਾਰ
ਦਰਸਾਉਂਦੇ ਹਨ।
ਮਹਿੰਦਰ ਗਿੱਲ ਦੀ ਨਜ਼ਮਕਾਰੀ ਦਾ ਮੁੱਖ ਸਰੋਕਾਰ ਪਰਵਾਸੀ ਪੰਜਾਬੀ ਦੀ
ਉੱਭਰ ਰਹੀ ਬਹੁ-ਪੱਖੀ ਸ਼ਨਾਖ਼ਤ ਅਤੇ ਨਵੀਂ ਭਰਪੂਰਤਾ ਦੀ ਤਲਾਸ਼ ਅਤੇ ਸਮਕਾਲੀ
ਸੱਭਿਅਤਾ ਦੇ ਵਿਗਾੜ ਅਤੇ ਬੇਤਰਤੀਬੀਆਂ ਦੇ ਅੰਤਰ-ਸੰਵਾਦਾਂ ਵਿਚੋਂ ਉਗਮਦਾ
ਹੈ। ਉਹ ਆਮ ਸ਼ਾਇਰਾਂ ਵਾਂਗ ਆਮ ਦੁਸ਼ਵਾਰੀਆਂ, ਤੀਬਰ ਵਿਸ਼ਾਦਾਂ, ਬੇਸਿਰਪੈਰ
ਅਸੰਤੋਖ ਨੂੰ ਹੀ ਨਿਖੇਧਾਤਮਕ ਸੁਰ ਵਿਚ ਪ੍ਰਗਟਾਉਣ ਵਾਲਾ ਸ਼ਾਇਰ ਨਹੀਂ,
ਸਗੋਂ ਉਹ ਇਨ੍ਹਾਂ ਭਾਰੂ ਪ੍ਰਸਥਿਤੀਆਂ ਦੇ ਅੰਦਰਵਾਰ ਅਤੇ ਬਾਹਰਵਾਰ ਪਸਰੀ
ਚੰਗੀ ਜਾਂ ਮਾੜੀ ਮਨੁੱਖ ਤਹਿਜ਼ੀਬ ਦੀਆਂ ਪਰਤਾਂ ਨੂੰ ਨਿਗਰ ਮਾਨਵੀ ਵਿਵੇਕ
ਨਾਲ ਉਧੇੜਦਾ ਹੈ ਅਤੇ ਨਾਲੋ-ਨਾਲ ਉਚੇਰੇ ਮਨੁੱਖੀ ਜੀਵਨ ਦੇ ਆਧਾਰ-ਸ੍ਰੋਤ
ਅਤੇ ਸਰੂਪ ਨੂੰ ਵੀ ਫੋਕਸ ਵਿੱਚ ਰੱਖਦਾ ਹੈ। ਉਸ ਨੂੰ ‘ਸਭਿਅਤਾ ਦੀ ਖੱਟੀ`
ਦੀ ਡੂੰਘੀ ਟੋਹ ਵੀ ਹੈ। ਉਸ ਪਾਸ ਇਸ ਸਭਿਅਤਾ ਦੇ ਉਸਾਰੇ ਗਏ ਰਾਜ
ਪ੍ਰਬੰਧਾਂ ਅਤੇ ਧਾਰਮਿਕ ਵਿਵਸਥਾਵਾਂ ਦੇ ਸਹੀ-ਗਲਤ ਖਾਸੇ ਦੀ ਸੋਝੀ ਹੈ :
ਰੱਬਾਂ ਦੀ ਦੌੜ
ਬਾਜ਼ਾਰੀ
ਆਪਣੇ ਆਪਣੇ ਰੱਬ
ਦਾ ਰੌਲਾ
ਜੁੜ ਬੈਠਦੇ ਹੋ
ਪਵਿੱਤਰ ਅਸਥਾਨਾਂ `ਤੇ
ਆਪਣੀ
ਸ਼੍ਰੇਸ਼ਟਤਾ ਦਾ
ਗੀਤ ਅਲਾਪਣਾ (ਸਵਾਲ, ਪੰਨਾ 19)
ਪ੍ਰਾਪਤ ਨੁੰ ਸਵੀਕਾਰਨ ਅਤੇ ਰੱਦਣ ਦੀ ਮਨੋਬਿਰਤੀ ਹੋਰਾਂ ਮੂਲ
ਬਸ਼ਿੰਦਿਆਂ ਨਾਲੋਂ ਪਰਵਾਸੀ ਮਨੁੱਖ ਲਈ ਬੇਹੱਦ ਪੇਚੀਦਾ ਅਤੇ ਵੰਗਾਰਵੀਂ
ਹੁੰਦੀ ਹੈ। ਪਰਵਾਸੀ ਦੀ ਹੋਂਦ ਸਥਿਤੀ ਵਿਚ ਸਵੀਕਾਰਨ ਅਤੇ ਸਿਰਜਣ ਦਾ
ਉਚੇਰਾ ਰਚਨਾਤਮਕ ਸਮਤੋਲ ਤਲਾਸ਼ਣਾ, ਪ੍ਰਾਪਤ ਕਰਨਾ ਬੇਹੱਦ ਔਖਾ ਹੁੰਦਾ ਹੈ।
ਉਸਦੀ ਬਹੁ-ਸਭਿਆਚਾਰਕ ਵੰਗਾਰਵੀਂ ਪਰ ਤਿਲਕਵੀਂ ਸਥਿਤੀ ਅਤੇ
ਟੇਢੀਆਂ-ਮੇਢੀਆਂ ਮਨੋ-ਗੁੰਝਲਾਂ ਕਰਕੇ ਪਰਵਾਸੀ ਬੰਦਾ ਕਦੇ ਹੀਣਤਾ ਭਾਵ
ਅਧੀਨ ਆਪਣੇ ਮੂਲ ਸਮਾਜ, ਦੇਸ਼ ਅਤੇ ਭਾਈਚਾਰੇ ਨੂੰ ਨਫ਼ਰਤ ਨਾਲ ਕੋਸਦਾ ਰੱਦਦਾ
ਹੈ ਅਤੇ ਪਰਵਾਸੀ ਮੁਲਕ ਨੂੰ ਇਸੇ ਮਨੋ-ਗੁੰਝਲ ਕਰਕੇ ਸਲਾਹੁੰਦਾ ਹੈ, ਕਦੇ
ਇਸੇ ਸਿੱਕੇ ਦੇ ਦੂਸਰੇ ਪਾਸੇ ਇਕ ਹੋਰ ਪਰਵਾਸੀ ਮਨੋ-ਗੁੰਝਲ ਸਦਕਾ ਉਹ ਆਪਣੇ
ਮੁਲਕ, ਸਮਾਜ, ਧਰਮ ਦੀ ਹਰ ਮਾੜੀ ਤੋਂ ਮਾੜੀ ਚੀਜ਼ ਦੀ ਵੀ ਅੰਨ੍ਹੀ ਪ੍ਰਸੰਸਾ
ਕਰਦਾ ਹੈ ਅਤੇ ਮੇਜ਼ਬਾਨ ਮੁਲਕ ਦੀ ਹਰ ਚੀਜ਼ ਨੂੰ ਰੱਦਦਾ ਹੈ। ਇਹ ਦੋਵੇਂ
ਪੁਜ਼ੀਸ਼ਨਾਂ ਪਰਵਾਸੀ ਬੰਦੇ ਲਈ ਸਰਲ, ਸੁਭਾਵਕ ਅਤੇ ਸਥਿਤੀਮੂਲਕ ਤਾਂ ਹਨ, ਪਰ
ਆਪਣੀਆਂ ਉਚਤਮ ਸਥਿਤੀਮੂਲਕ, ਹੋਂਦਮੂਲਕ ਇਨਸਾਨੀ ਵਿਰਾਸਤੀ ਸ਼ਕਤੀਆਂ ਅਤੇ
ਸੰਭਾਵਨਾਵਾਂ ਨੂੰ ਤਲਾਸ਼ਣ ਅਤੇ ਭਰਪੂਰ ਜਿਊਣ ਲਈ ਦਰੁਸਤ ਨਹੀਂ। ਉਸਨੂੰ ਇਹ
ਦੋਹਰੀ ਵੰਗਾਰਵੀਂ ਪਰਵਾਸੀ ਹੋਂਦ ਸਥਿਤੀ ਦਾ ਅਜਬ ਭਵਸਾਗਰ ਤਰਨਾ ਹੀ ਹੁੰਦਾ
ਹੈ। ਜੇ ਉਹ ਨਹੀਂ ਤਰ ਸਕੇਗਾ ਤਾਂ ਮੰਝਧਾਰ ਵਿਚ ਡੁੱਬਣਾ ਉਸਦੀ ਅਟੱਲ ਹੋਈ
ਬਣ ਜਾਵੇਗਾ।
ਮਹਿੰਦਰ ਗਿੱਲ ਇਸ ਅਟੱਲਵੇਂ, ਅਸਾਵੇਂ, ਦਿਖਦੀਆਂ/ਅਣਦਿਖਦੀਆਂ
ਮੁਸੀਬਤਾਂ ਅਤੇ ਖ਼ਤਰਿਆਂ ਵਾਲੇ ਪਰਵਾਸੀ ਪਰਿਵੇਸ਼ ਨੂੰ ਇੱਕ ਸੁਚੱਜੀ ਬੌਧਿਕ
ਸਮਰਥਾ, ਭਰਪੂਰ ਇਨਸਾਨੀ ਵਿਵੇਕ, ਮੁਲਵਾਨ ਵਿਰਾਸਤੀ ਸਰੋਤਾਂ ਅਤੇ ਪਰਵਾਸੀ
ਪਰਿਵੇਸ਼ ਦੀਆਂ ਵੰਗਾਰਾਂ, ਮੌਕਿਆਂ ਅਤੇ ਸੰਭਾਵਨਾਵਾਂ ਦੀ ਅਜਿਹੀ ਕੁਠਾਲੀ
ਵਿਚ ਪਾ ਨਵ-ਨਿਰਮਾਣਕਾਰੀ ਦੇ ਰਾਹ ਤੁਰਦਾ ਹੈ, ਜਿਸ ਵਿਚ ਦੁਸ਼ਵਾਰੀਆਂ ਦਾ
ਦਰਦ ਤਾਂ ਹੈ, ਪਰ ਵਿਰਲਾਪ ਨਹੀਂ। ਜਿਸ ਵਿਚ ਨਵੇਂ ਮੁਲਕ ਦੇ ਓਪਰੇ
ਮੌਸਮਾਂ, ਰਿਸ਼ਤਿਆਂ, ਸਰੋਕਾਰਾਂ ਪ੍ਰਤੀ ਜਾਗਰੂਕਤਾ ਹੈ, ਮੂਲੋਂ ਨਿਸ਼ੇਧ
ਨਹੀਂ। ਜਿਸ ਵਿਚ ਆਪਣੇ ਪੰਜਾਬੀ ਹੋਣ ਦੇ ਉੱਚਤਮ ਸਰੋਤਾਂ ਦੀ ਸੋਝੀ ਹੈ,
ਅੰਨ੍ਹੀ ਸ਼ਰਧਾ ਨਹੀਂ। ਸਭ ਤੋਂ ਵਧੀਕ ਉਸ ਕੋਲ ਅਜਿਹੀ ਸਾਵੀਂ ਸੂਖ਼ਮ
ਦਾਰਸ਼ਨਿਕ ਦ੍ਰਿਸ਼ਟੀ ਹੈ ਤੇ ਨਾਲੋ ਨਾਲ ਡੂੰਘਾ ਅਤੇ ਪੀਡਾ ਮਾਨਵੀਪਣ ਦਾ
ਭਾਵਕ ਤਾਰਕਿਕ ਹੁੰਗਾਰਾ ਵੀ ਹੈ। ਜਿਹਨਾਂ ਸਦਕਾ ਉਹ ਇਨ੍ਹਾਂ ਪ੍ਰਤੀਕੂਲ
ਸਥਿਤੀਆਂ ਨੂੰ ਝੱਲ ਕੇ ਖ਼ੁਦ ਉਲਾਰ ਨਹੀਂ ਹੁੰਦਾ, ਸਗੋਂ ਨਵੇਂ, ਉਚੇਰੇ,
ਬਦਲਵੇਂ ਰਾਹ ਤਲਾਸ਼ਦਾ ਹੈ। ਇਸ ਪ੍ਰਥਾਏ ਉਸਦੀਆਂ ਨਜ਼ਮਾਂ ਵਿਚ ਸਮਾਂ, ਮੌਸਮ,
ਸੁਪਨੇ, ਸਫ਼ਰ, ਬੱਦਲ, ਪੌਣ, ਉਡਾਰੀ ਆਦਿ ਕਾਵਿ ਬਿੰਬ ਅਤੇ ਚਿੰਨ੍ਹ ਬੇਹੱਦ
ਪ੍ਰਭਾਵੀ ਹਨ। ਸਮੇਂ ਦੀ ਚਾਲ ਨੂੰ ਉਹ ਨਿਰੰਤਰ ਘੋਖਦਾ, ਪੜਤਾਲਦਾ ਅਤੇ
ਇਸਦੇ ਰੰਗਾਂ-ਰੂਪਾਂ ਨੂੰ ਮਹਿਸੂਸਦਾ ਹੈ। ਸਫ਼ਰ ਰਾਹ ਉਸਦੀ ਨਿਰੰਤਰ
ਗਤੀਸ਼ੀਲਤਾ ਦੇ ਫੱਬਵੇਂ ਪ੍ਰਤੀਕ ਬਣਦੇ ਹਨ। ਪੰਛੀ ਅਤੇ ਉਡਾਰੀ ਉਸਦੀ ਉਚੇਰੀ
ਇਨਸਾਨੀ ਜੁਸਤਜੂ ਦਾ ਰਮਜ਼ਮਈ ਪ੍ਰਗਟਾਵਾ ਕਰਦੇ ਹਨ। ਸੁਪਨੇ ਅਤੇ ਮੌਸਮਾਂ
ਬਾਰੇ ਉਸਦੀ ਨਜ਼ਮਕਾਰੀ ਬੇਹੱਦ ਪ੍ਰਮਾਣਿਕ ਅਤੇ ਬਹੁ-ਅਰਥੀ ਹੋ ਨਿਬੜਦੀ ਹੈ।
ਸੁਪਨੇ ਜੋ ਸਥੂਲ ਹਕੀਕਤ ਨਾ ਹੋ ਕੇ ਵੀ ਇੱਕ ਵੱਡੀ ਪ੍ਰਭਾਵੀ ਮਨੋ-ਹਕੀਕਤ
ਹੁੰਦੇ ਹਨ। ਸੁਪਨੇ ਜੋ ਹਰ ਬੰਦਾ ਹਰ ਥਾਂ ਲੈਂਦਾ ਹੈ, ਚਾਹੇ ਉਹ ਮਨ ਦੀ
ਚਾਹਤ ਹੀ ਬਣੇ ਰਹਿਣ, ਤਦ ਵੀ ਉਹ ਸਾਡਾ ਹਿੱਸਾ ਹੁੰਦੇ ਹਨ।
ਸੁਪਨੇ ਚਾਹੇ ਪਕੜ `ਚ ਨਹੀਂ
ਆਉਂਦੇ
ਪਰ ਸੁਪਨੇ ਕਦੇ ਮਰਦੇ ਨਹੀਂ। (ਪ੍ਰਗਤੀਸ਼ੀਲ, ਪੰਨਾ 17)
ਸੁਪਨੇ ਅਤੇ ਹਕੀਕਤਾਂ ਦਾ ਅਜਬ ਜੋੜ-ਮੇਲ ਮੁਢ ਤੋਂ ਮਨੁੱਖੀ ਜ਼ਿੰਦਗੀ
ਵਿਚ ਬੁਝਾਰਤ ਬਣਿਆ ਰਿਹਾ ਹੈ। ਹਕੀਕਤ, ਸੁਪਨੇ ਅਤੇ ਕਲਾ/ਕਵਿਤਾ ਦਾ ਆਪਣਾ
ਇਕ ਡੂੰਘਾ ਪਰ ਅਜੀਬ ਰਿਸ਼ਤਾ ਹੈ। ਮਹਿੰਦਰ ਗਿੱਲ ਦੀ ਸ਼ਾਇਰੀ ਵਿਚ ਹਕੀਕਤਾਂ
ਦਾਂ ਚਿੰਨ੍ਹਾਤਮਕ ਚਿਤਰਣ ਅਤੇ ਬੌਧਿਕ ਵਿਵੇਕ ਹਾਜ਼ਰ ਹੈ। ਸੁਪਨੇ ਪ੍ਰਤੀ
ਉਸਦੀ ਲਗਾਓ ਭਰੀ ਪ੍ਰਚੰਡ ਰੁਚੀ ਹਾਜ਼ਰ ਹੈ ਅਤੇ ਕਵਿਤਾ ਉਸ ਲਈ ਮਨੁੱਖ ਦੀ
ਅਖੰਡ ਭਰਪੂਰਤਾ, ਪ੍ਰਚੰਡ ਮਨੁੱਖੀ ਵੇਗ ਅਤੇ ਕਾਇਨਾਤੀ ਸੁਰ-ਸੁਮੇਲ ਦਾ
ਅਨੂਪਮ ਸਰੋਤ ਹੈ। ਮਹਿੰਦਰ ਗਿੱਲ ਕਵਿਤਾ ਨੂੰ ਜੀਵਨ ਦੀਆਂ ਸਿਰਜਨਾਤਮਕ
ਖ਼ੂਬੀਆਂ ਦੇ ਸਹਿਜ ਪ੍ਰਗਟਾਵੇ ਵਜੋਂ ਮਨੁੱਖ ਦੀਆਂ ਇਨਸਾਨੀ ਪ੍ਰਬਲ ਰੌਆਂ
ਅਤੇ ਚਾਹਤਾਂ ਦੇ ਮੂੱਲ ਹੁੰਗਾਰੇ ਵਜੋਂ ਚਿਤਵਦਾ ਹੈ। ਸਭਿਅਤਾ ਦੀਆਂ
ਬੇਤਰਤੀਬੀਆਂ, ਲੁੱਟਾਂ-ਖਸੁੱਟਾਂ, ਬਨਾਵਟਾਂ ਅਤੇ ਹੋਰ ਸੈਆਂ
ਵਿਸ਼ਾਦਾਂ-ਨਿਘਾਰਾਂ ਨੂੰ ਉਹ ਕਵਿਤਾ ਰਾਹੀਂ ਮੁਖਾਤਿਬ ਹੁੰਦਾ ਹੈ। ਕਵਿਤਾ
ਉਸਦੇ ਭਰਪੂਰ ਸਵੱਛ ਜੀਵਨ ਦਾ ਪ੍ਰਮੁੱਖ ਪ੍ਰੇਰਨਾ ਸਰੋਤ ਹੈ। ਅਜੋਕੇ
ਕਾਰੋਬਾਰੀ ਖਪਤਕਾਰੀ ਬੰਦੇ ਦਾ ਕਵਿਤਾ-ਕਲਾ ਤੋਂ ਟੁੱਟਣਾ ਅਸਲ ਵਿਚ ਜੀਵਨ
ਦੇ ਅਖੁੱਟ ਅਮੁੱਲ ਸਿਰਜਣਸ਼ੀਲ ਸ੍ਰੋਤਾਂ-ਆਧਾਰਾਂ ਤੋਂ ਟੁੱਟਣਾ ਹੀ ਹੈ।
ਨਿਰੋਲ ਆਰਥਕ-ਪਦਾਰਥਕ ਜੀਵਨ ਸ਼ੈਲੀ ਜਿਵੇਂ ਸਭ ਕਾਸੇ ਵਿਚੋਂ ਮਨੁੱਖੀਪਣ ਨੂੰ
ਖ਼ਤਮ ਕਰ ਰਹੀ ਹੈ, ਇਹ ਹਰੇਕ ਸੰਵੇਦਨਸ਼ੀਲ ਇਨਸਾਨ ਲਈ ਅਹਿਮ ਵੰਗਾਰਵਾਂ
ਸਰੋਕਾਰ ਹੈ। ਮਹਿੰਦਰ ਗਿੱਲ ਇਸ ਪ੍ਰਤੀ ਬੇਹੱਦ ਸੁਚੇਤ ਹੈ। ਉਸ ਲਈ ਕਵਿਤਾ
ਜੀਵਨ ਦੀ, ਇਨਸਾਨੀ ਬੁਲੰਦੀ ਤੇ ਭਰਪੂਰਤਾ ਦੀ, ਕਾਇਨਾਤੀ ਰਿਦਮ ਦੀ
ਇਕਸੁਰਤਾ ਦਾ ਸੋ੍ਰਤ ਹੈ :
- ਨੀਮ ਹਨੇਰਾ
ਕੁਰਸੀ
ਖੁਲ੍ਹੀ ਕਾਪੀ
ਬੰਦ ਅੱਖਾਂ ਦੀ
ਸੋਚ ਉਡਾਰੀ (ਕਵਿਤਾ ਦੀ ਭਾਲ ਵਿਚ, ਪੰਨਾ 27)
- ਚੁੱਪ ਰਹਿ, ਬੋਲ ਨਾ
ਆਪਣੀ ਕਵਿਤਾ
ਨੂੰ ਬੋਲਣ ਦੇ ਬੱਸ! (ਕਵੀ, ਪੰਨਾ 15)
- ਕਾਵਿ ਸਰੋਵਰ
ਸਵੱਸ਼, ਝਿਲਮਿਲ,
ਰੋੜ੍ਹੀ ਸੁੱਟੋ ਤਾਂ
ਹਜ਼ਾਰ ਤਰੰਗਾਂ ਜਾਦੂਮਈ। (ਦਾਰੂ, ਪੰਨਾ 67)
ਮਹਿੰਦਰ ਗਿੱਲ ਦੀ ਕਵਿਤਾ ਅਛੋਪਲੇ ਹੀ ਕੁੱਝ ਅਜਿਹੀਆਂ ਕਨਸੋਆਂ ਦਿੰਦੀ
ਹੈ ਜੋ ੳਸਦੀ ਇੰਗਲੈਂਡ ਵਿਚਲੇ ਪਰਵਾਸੀ ਜੀਵਨ ਅਤੇ ਮੌਸਮ ਦੇ ਨਵੇਂ
ਚਿੱਤਰਾਂ ਰਾਹੀਂ ਪਰਵਾਸੀ ਦੀ ਰੂਪਾਂਤਰਿਤ ਜੀਵਨ ਸ਼ੈਲੀ ਅਤੇ ਬਦਲ ਰਹੀ ਮੂਲ
ਮਾਨਸਿਕਤਾ ਦਾ ਨਕਸ਼ਾ ਉਲੀਕਦੇ ਹਨ। ਇਹ ਜ਼ਰੂਰੀ ਵੀ ਹੈ ਅਤੇ ਚੰਗਾ ਵੀ, ਪਰ
ਇਹ ਰੂਪਾਂਤਰਣ ਕਿਸ ਪ੍ਰਕਾਰ ਦਾ ਹੈ? ਇਹ ਸਵਾਲ ਬੜਾ ਅਹਿਮ ਹੈ। ਦੋ
ਪਹਿਲੂਆਂ ਤੋਂ ਉਸਦੀ ਇਹ ਮਨ ਦੀ ਨਵ-ਨਿਰਮਾਣਕਾਰੀ ਦਿਲਚਸਪ ਹੈ। ਪਹਿਲੀ ਦਾ
ਸੰਬੰਧ ਮੌਸਮ ਨਾਲ ਹੈ ਅਤੇ ਦੂਸਰੀ ਦਾ ਵਿਰਾਸਤ ਨਾਲ। ਮਹਿੰਦਰ ਗਿੱਲ ਦੀਆਂ
ਨਜ਼ਮਾਂ ਵਿਚ ਗਰਮ-ਸਰਦ ਮੌਸਮ ਦੀ ਚਾਹਤ-ਅਚਾਹਤ ਦੇ ਕੁੱਝ ਰੋਚਕ ਪ੍ਰਸੰਗ
ਹਾਜ਼ਰ ਹਨ। ਇੰਗਲੈਂਡ ਦੇ ਬੇਹੱਦ ਸਰਦ ਭਾਵ ‘ਹਿਮਾਇਆ ਮੌਸਮ` ਤੋਂ ਔਖ ਅਤੇ
ਸੂਰਜ ਨੂੰ ਇਸਨੂੰ ਗਰਮਾਉਣ ਦੀ ਪੁਰਜ਼ੋਰ ਪੁਕਾਰ ਇਹ ਦਰਸਾਉਂਦੀ ਹੈ ਕਿ
ਇੰਗਲੈਂਡ ਵਿਚ ਐਨੇ ਠੰਢੇ ਮੌਸਮ ਨੂੰ ਝੱਲਣਾ ਕਿੰਨਾ ਕਸ਼ਟਦਾਇਕ ਹੈ। ਇਸ ਵਿਚ
ਕਿਤਨੀ ਵਿਰਾਨੀ ਹੈ। ਉਹ ਗਰਮੀ ਚਾਹੁੰਦਾ ਹੈ, ਸੂਰਜ ਨੂੰ ਆਵਾਜ਼ਾਂ ਮਾਰਦਾ
ਹੈ। ਜਦਕਿ ਪੰਜਾਬ ਵਿਚ ਅਸੀਂ ਗਰਮੀ ਤੋਂ ਨਿਜਾਤ ਭਾਲਦੇ ਹਾਂ। ਸੂਰਜ ਨੂੰ
ਕੋਸਦੇ ਹਾਂ ਤੇ ਬੱਦਲਾਂ ਨੂੰ ਆਵਾਜ਼ਾਂ ਮਾਰਦੇ ਹਾਂ ਕਿ ਬਰਸਾਤ ਪਾਵੇ। ਸੂਰਜ
ਨੂੰ ਢੱਕ ਲਵੇ। ਮਹਿੰਦਰ ਗਿੱਲ ਹਵਾ ਨੂੰ ਅਵਾਜ਼ਾਂ ਮਾਰਦਾ ਹੈ ਕਿ ਉਹ
ਬੱਦਲਾਂ ਨੂੰ ਖਿੰਡਾ ਦੇਵੇ :
ਯਾਰੋ! ਹਵਾ ਨੂੰ ਕਹੋ
ਜ਼ਰਾ ਕੁ ਰੁਮਕੇ
ਬੱਦਲਾਂ ਨੂੰ ਕਰੇ ਦੋਫਾੜ
ਸੂਰਜ ਕਿਰਨਾਂ ਦੀ ਹੋਵੇ
ਵਰਖਾ।..... (ਰੁਮਕੇ ਜ਼ਰਾ, ਪੰਨਾ 84)
- ਹਿੰਮਾਇਆ ਮੌਸਮ
ਬਸ ਬਚਿਆ ਹੈ।
ਕੋਈ ਸੁਆਲ
ਨਾ ਪਿਘਲਾ ਸਕਿਆ
ਤੇਰੇ ਸੀਨੇ ਦੀ ਬਰਫ਼।
ਅੱਖਾਂ ਦੇ ਦਰਿਆ
ਜੰਮ ਗਏ
ਭੁੱਲ ਗਏ ਆਪਣੀ ਤੋਰ
ਕੋਈ ਤਰਲਾ
ਲੁਕੇ ਸੂਰਜ ਨੂੰ
ਭਰਮਾ ਨਾ ਸਕਿਆ। (ਲੁਕਿਆ ਸੂਰਜ, ਪੰਨਾ 24)
ਪਰਵਾਸੀ ਮਨ ਦੀ ਹੋ ਰਹੀ ਨਵ-ਨਿਰਮਾਣਕਾਰੀ ਪੱਖੋਂ ਮਹਿੰਦਰ ਗਿੱਲ ਦੀਆਂ
ਕਵਿਤਾਵਾਂ ਦਾ ਇਕ ਹੋਰ ਪਾਸਾਰ ਹੈ, ਮੂਲਵਾਸ ਅਤੇ ਪਰਵਾਸ ਦੇ ਬਹੁ-ਪੱਖੀ
ਸੰਵਾਦ ਵਿਚੋਂ ਵਿਰਾਸਤ ਪ੍ਰਤੀ ਉਸਦੀ ਸਰੋਕਾਰਤਾ ਅਤੇ ਦ੍ਰਿਸ਼ਟੀ ਦਾ। ਵਧੇਰੇ
ਪਰਵਾਸੀ ਲੇਖਕ ਹੀਣਤਾ ਭਾਵ ਦੇ ਦਾਬੇ ਹੇਠ ਆਪਣੇ ਮੂਲਵਾਸ ਨੂੰ ਮੂਲੋਂ ਰੱਦਣ
ਦੇ ਰਾਹ ਤੁਰਦੇ ਹਨ।
They construct the homeland as not only an area of
darkness,
confusion and violence, but a hopeless and doomed country,
which must be rejected.
(Perspectives on diaspora : Indian Fiction in English. Ed.
by Tejinder Kaur & N K Neb, Nurman Publication, Jalandhar,
2005, p. 163)
ਇਹ ਬੜੀ ਆਮ ਪਰ ਅਜਬ ਰੁਚੀ ਹੈ। ਅਸਲ ਵਿਚ ਕਿਸੇ ਨਾ ਕਿਸੇ ਤਰ੍ਹਾਂ
ਬੰਦੇ ਨੇ ਆਪਣੀ ਪਰਵਾਸ ਦੀ ਸਥਿਤੀ, ਚੋਣ, ਹੋਂਦ ਅਤੇ ਸ਼ਨਾਖ਼ਤਾਂ ਨੂੰ
ਵੱਖਰਿਆਉਣਾ ਅਤੇ ਸਥਾਪਿਤ ਕਰਨਾ ਹੁੰਦਾ ਹੈ। ਮੂਲੋਂ ਰੱਦਣ, ਨਫ਼ਰਤ ਕਰਨ ਦੀ
ਇਹ ਇੱਕ ਬੜੀ ਭਾਰੂ ਰੁਚੀ ਹੈ ਅਤੇ ਇਸ ਦੇ ਸੈਆਂ ਕੁਚੱਜੇ, ਹਸਾਉਣੇ ਅਤੇ
ਹਾਸੋਹੀਣੇ ਰੂਪ-ਰੰਗ ਸਾਹਿਤ ਵਿਚ ਹੀ ਨਹੀਂ, ਸਮੁੱਚੇ ਜੀਵਨ ਪ੍ਰਸੰਗਾਂ ਵਿਚ
ਪ੍ਰਾਪਤ ਹੁੰਦੇ ਰਹਿੰਦੇ ਹਨ। ਇਸ ਪੁਸਤਕ ਵਿਚੋਂ ਇਸ ਮਨੋ-ਸਥਿਤੀ ਦੇ ਇਸ
ਹਵਾਲੇ ਨਾਲ ਮੈਂ ਸਿਰਫ ਦੋ ਕਵਿਤਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ। ਪਹਿਲੀ
ਕਵਿਤਾ ਹੈ ‘ਅੰਗ`, ਜੋ ਇਸ ਪੁਸਤਕ ਦੀ ਪਹਿਲੀ ਨਜ਼ਮ ਹੈ। ‘ਅੰਗ` ਨਜ਼ਮ ਇਕ
ਅਜਿਹੀ ਸਾਲਮ ਅਤੇ ਭਰਪੂਰ ਇਨਸਾਨੀ ਹੋਂਦ ਦੀ ਚਾਹਤ ਰੱਖਦੀ ‘ਕਾਵਿ ਮੈਂ` ਦਾ
ਪ੍ਰਵਚਨ ਹੈ, ਜਿਸ ਨੂੰ ਨਵੇਂ ਥੋਪੇ ਗਏ ਓਪਰੇ-ਬਾਹਰੀ ਅੰਗ ਪ੍ਰਵਾਨ ਨਹੀਂ।
ਇਹ ਓਪਰੇ ਅੰਗ ਉਸਨੂੰ ਨਿਪੁੰਸਕ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਇਹ ਉਸਦੀ
ਸੁਚੱਜੀ ਹੋਂਦ ਦਾ ਹਿੱਸਾ ਨਹੀਂ ਬਣਦੇ। ਇਹਨਾਂ ਸੰਗ ਉਸਨੂੰ ਆਪਣਾ ਆਪ
ਕਬਾੜਖਾਨਾ ਜਾਪਦਾ ਹੈ। ਇਹ ਜੀਵਨ ਸਥਿਤੀ ਅਜੋਕੇ ਹਰੇਕ ਬੰਦੇ ਨੂੰ ਘੇਰੀ
ਅਤੇ ਉਲਝਾਈ ਬੈਠੀ ਹੈ। ‘ਅੰਗ` ਏਥੇ ਬਹੁ-ਅਰਥੀ ਮੈਟਾਫ਼ਰ ਹੈ, ਮਹਿਜ਼ ਸਰੀਰ
ਦਾ ਅੰਗ ਮਾਤਰ ਨਹੀਂ। ਆਪਣੀ ਹੋਂਦ ਹਸਤੀ ਦੀ ਸਮੁੱਚਤਾ ਲਈ ਸਾਰੇ ਅੰਗਾਂ ਦੀ
ਜੀਵੰਤਤਾ ਤੇ ਇਕਸੁਰਤਾ ਜ਼ਰੂਰੀ ਹੈ, ਤਾਂ ਹੀ ਉਹ ਇੱਕ ਸਾਵੀਂ-ਸੁਖਾਵੀਂ
ਇਨਸਾਨੀ ਹਸਤੀ ਬਣੇਗੀ। ਇਹ ਬਹੁ-ਅਰਥੀ ਮੈਟਾਫਰ ਸਰੀਰੀ ਅੰਗਾਂ ਤੋਂ ਫੈਲ ਕੇ
ਮਨੁੱਖੀ ਜ਼ਿੰਦਗੀ ਦੇ ਹਰੇਕ ਪਹਿਲੂ ਦੇ ਜੀਵੰਤ ਸੰਬੰਧਾਂ ਦਾ ਸੰਕੇਤਕ ਹੈ।
ਪਰਵਾਸੀ ਮਨੁੱਖ ਲਈ ਅਜਿਹੇ ਥੋਪੇ ਅੰਗਾਂ ਨੂੰ ਅਸਵੀਕਾਰਨਾ ਰੱਦਣਾ ਬਹੁਤ
ਜ਼ਿਆਦਾ ਸੰਕਟਮਈ ਹੁੰਦਾ ਹੈ, (ਹੁਣ ਤਾਂ ਸਭ ਮੂਲਵਾਸੀਆਂ ਲਈ ਵੀ ਇਹ ਵੱਡਾ
ਸੰਕਟ ਹੈ) ਪਰ ਇਹ ਹੈ ਜ਼ਰੂਰੀ। ਇਹ ਨਜ਼ਮ ਇੱਕ ਬੇਹੱਦ ਖ਼ੂਬਸੂਰਤ ਅਤੇ ਸਾਰਥਕ
ਕਾਵਿ ਬਿੰਬ ਸਿਰਜ ਕੇ ਅਜੋਕੀ ਮਨੁੱਖੀ ਹੋਂਦ-ਹਸਤੀ ਸਨਮੁਖ ਇੱਕ ਵੱਡੇ
ਵਿਕਰਾਲ ਸਵਾਲ ਅਤੇ ਇਸਦਾ ਸਹਿਜ ਉੱਚਾ ਵਿਵੇਕ ਸਿਰਜਦੀ ਹੈ :
ਮੇਰੇ `ਤੇ ਥੋਪ ਰਹੇ ਨੇ ਨਵੇਂ ਨਵੇਂ ਅੰਗ...
ਜੋ ਵੀ ਮਿਲਦਾ ਹੈ
ਹੂੰਝਦਾ ਜਾਂਦਾ ਹਾਂ
ਮੇਰਾ ਆਪਾ
ਬਣਿਆ ਕਬਾੜਖਾਨਾ
ਮੇਰੇ ਜਜ਼ਬਾਤ ਦਾ ਹਿੱਸਾ ਨਹੀਂ।
ਸਹਿਜ ਨਾ ਉੱਗੇ
ਅੰਗਾਂ ਨੂੰ ਆਖਰ ਕਿੱਦਾਂ ਵਾਹਵਾਂ? (ਅੰਗ, ਪੰਨਾ 9)
ਡਾ. ਮਹਿੰਦਰ ਗਿੱਲ ਨੇ ਪਰਵਾਸੀ ਹੋਂਦ-ਹਸਤੀ ਦੀ ਨਵ-ਨਿਰਮਾਣਕਾਰੀ ਲਈ
ਮੂਲਵਾਸ ਦੇ ਵਿਰਾਸਤੀ ਖਜ਼ਾਨੇ ਨੂੰ ਉੱਚੇਰੀ ਸੂਝ ਨਾਲ ਅਪਣਾਇਆ ਹੈ। ਉਸਦੀ
ਇਸ ਉੱਚੇਰੀ ਸੂਝ ਵਿਚ ਆਪਣੇ ਮੂਲਵਾਸ ਪ੍ਰਤੀ ਸੱਚਾ ਸੁੱਚਾ ਲਗਾਓ ਹੈ,
ਅੰਨ੍ਹੀ ਸ਼ਰਧਾ ਨਹੀਂ। ਇਹ ਅਸਲ ਵਿਚ ਗਾਇਤਰੀ ਸਪੀਵਕ ਚਕਰਾਵਰਤੀ ਦੇ ਸ਼ਬਦੀ
ਵਿਚ ੋਕ਼ਗਅਕਦ ਵੀਕ ਗਜਪੀਵ ਰ ਿਜਠਠਜਪਗ਼ਅਵ ਵਰ ਫਗਜਵਜ੍ਰਚਕ ਵਮਰ ਬ;਼ਫਕਤੋ
ਵਾਲੀ ਉੱਚਤਮ ਸਥਿਤੀ ਹੁੰਦੀ ਹੈ, ਜੋ ਉਹ ਸੈਆਂ ਮੁਸੀਬਤਾਂ, ਮਜ਼ਬੂਰੀਆਂ ਝਾਗ
ਕੇ ਪ੍ਰਾਪਤ ਕਰਨਯੋਗ ਹੁੰਦਾ ਹੈ। ਉਸਨੇ ਪੰਜਾਬੀ ਹੋਣ ਦੀਆਂ ਸੀਮਾਵਾਂ ਦਾ
ਜਸ ਗਾਇਣ ਨਹੀਂ ਕੀਤਾ, ਸਗੋਂ ਪੰਜਾਬੀ ਹੋਣ - ਥੀਣ ਦੇ ਬਲਸ਼ਾਲੀ
ਸ਼ਕਤੀ-ਸ੍ਰੋਤਾਂ ਅਤੇ ਸੰਭਾਵਨਾਵਾਂ ਨੂੰ ਅਪਣਾਇਆ ਹੈ। ਹਰ ਪ੍ਰਕਾਰ ਦੀਆਂ
ਭੈੜਾਂ ਚਾਹੇ ਇਹ ਧਾਰਮਿਕ ਸ਼ੇ੍ਰਣੀ ਦਾ ਪਾਖੰਡ ਹੋਵੇ, ਰਾਜ ਕਰਦੀ ਸ਼੍ਰੇਣੀ
ਦੀਆਂ ਦੰਭ ਤੇ ਚਾਲਾਂ ਹੋਣ, ਤਕੜਿਆਂ ਦੀ ਲੁੱਟ ਅਤੇ ਜੁਰਮ ਹੋਣ, ਸਭ ਦਾ
ਨਿਸ਼ੇਧ ਕੀਤਾ ਹੈ:
- ਬਾਗ ਤਬਾਹ, ਆਬਾਦ ਨੇ ਵਾੜਾਂ। (ਪਾੜਾ, ਪੰਨਾ 56)
- ਧਰਮੀ ਰਾਜੇ,
ਰਾਜਿਆਂ ਦਾ ਧਰਮ
ਮੇਰੀ ਚੁੱਪ ਨੂੰ
ਰਜ਼ਾਮੰਦੀ ਸਮਝ ਲੈਂਦਾ ਹੈ।
ਮੇਰੇ ਮਰਨ ਨੂੰ
ਆਪਣੀ ਸ਼ਾਨ ਵਿੱਚ
ਬਦਲ ਲੈਂਦਾ ਹੈ।
ਮੈਂ ਬਲੀ ਦਿੰਦਾ ਹਾਂ
ਉਹ ਜਿੱਤ ਦੇ ਜਸ਼ਨ ਕਰਦੇ ਨੇ। (ਤਥਾ ਅਸਤੂ, ਪੰਨਾ 56)
ਇਸ ਹਵਾਲੇ ਨਾਲ ਉਸਦੀ ਸਤਾਰਾਂ ਪੰਕਤੀਆਂ ਦੀ ਨਜ਼ਮ ‘ਤਖ਼ਤ ਹਜ਼ਾਰਾ` ਖ਼ਾਸ
ਜ਼ਿਕਰਯੋਗ ਹੈ। ਇਹ ਨਜ਼ਮ ਵਿਚ ਗਿੱਲ ਕੇ ਰਾਂਝੇ ਦੇ ਮੂਲਵਾਸ ਤਖ਼ਤ ਹਜ਼ਾਰੇ ਤੋਂ
ਆਪਣਾ ਵਸੇਬਾ ਛੱਡ ਹੀਰ ਦੇ ਪਿੰਡ-ਘਰ ਝੰਗ ਸਿਆਲ ਜਾ ਵੱਸਣ ਦੇ ਬਹੁਚਰਚਿਤ
ਲੋਕਧਾਰਾਈ ਬਿਰਤਾਂਤਕ ਪ੍ਰਸੰਗ ਨੂੰ ਨਵੇਂ ਅਰਥ ਦਿੱਤੇ ਹਨ। ਇਸ ਨਾਲ ਤਖ਼ਤ
ਹਜ਼ਾਰਾ ਮੂਲਵਾਸ ਦਾ ਇੱਕ ਬਹੁ-ਅਰਥੀ ਚਿਹਨ ਬਣ ਜਾਂਦਾ ਹੈ, ਜਿਸ ਵਿਚ
ਮੂਲਵਾਸ ਅਤੇ ਪਰਵਾਸ ਦੇ ਅੰਤਰ ਸੰਵਾਦ ਨੂੰ, ਇਸ ਵਿਚਲੇ ਅਸਾਵੇਂ ਸੰਬੰਧਾਂ
ਨੂੰ, ਵਾਪਸ ਪਰਤਣ ਦੀ ਰੀਝ ਅਤੇ ਨਾ ਪਰਤ ਸਕਣ ਨੂੰ ਅਤੇ ਨਾ ਪਰਤ ਸਕਣ ਦੇ
ਟੇਢੇ ਸੱਚ ਨੂੰ ਸਿਰੇ ਦੀ ਸਹਿਜਤਾ, ਅਤਿ ਸੰਜਮ ਪਰ ਬਹੁ-ਸੁਰੀ
ਪ੍ਰਤਿਧੁਨੀਆਂ ਵਿੱਚ ਪੇਸ਼ ਕੀਤਾ ਗਿਆ ਹੈ। ਨਜ਼ਮ ਦੀ ਡੂੰਘ ਸੰਰਚਨਾ ਘਰ
ਵਸੇਬਾ ਛੱਡਣ `ਤੇ ਵਾਪਸ ਨਾ ਪਰਤ ਸਕਣ ਦੇ ਦੁਖਾਵੇਂ ਅਮਲ ਨੂੰ ਵੀ ਪੇਸ਼
ਕਰਦੀ ਹੈ ਅਤੇ ਨਾ ਪਰਤਣ ਲਈ ਦਲੀਲ ਦੇ ਕੇ ਨਵਾਂ ਸੰਦੇਸ਼ ਵੀ ਦਿੰਦੀ ਹੈ।
ਮੈਟਾਫਰ ਦੀ ਪੱਧਰ `ਤੇ ਇਹ ਹਰੇਕ ਪਰਵਾਸੀ ਦੀ ਅਟੱਲ ਹੋਣੀ ਦੇ ਅੰਦਰਲੇ ਅਤੇ
ਬਾਹਰਲੇ ਸੱਚ ਨੂੰ ਜ਼ੁਬਾਨ ਦਿੰਦੀ ਹੈ। ਪਰ ਮਹਿੰਦਰ ਗਿੱਲ ਵਲੋਂ ਨਾ ਪਰਤਣ
ਲਈ ਦਿੱਤਾ ਗਿਆ ਤਰਕ ਬਹੁਤ ਮੁੱਲਵਾਨ ਹੈ। ਅਸਲ ਵਿੱਚ ਅਛੋਪਲੇ ਹੀ ਇਹ
ਸਮਾਕਾਲੀ ਵਿਸ਼ਵੀਕਰਨ ਦੀਆਂ ਸੰਸਾਰ ਮੰਡੀ ਬਣਾਉਣ ਦੀਆਂ ਤਰਕੀਬਾਂ ਦਾ ਸਹਿਜ
ਸੰਚਾਰ ਵੀ ਹੈ। ਆਰੰਭਿਕ ਪੰਕਤੀਆਂ ਹਨ:
ਤਖ਼ਤ ਹਜ਼ਾਰੇ ਪਰਤਣ ਦੀ
ਕੋਸ਼ਿਸ਼ ਨਾ ਕਰਨਾ
ਇਹਦੀਆਂ ਗਲੀਆਂ
ਹੁਣ ਝੰਗ ਸਿਆਲਾਂ ਦੇ
ਦਿਲਕਸ਼ ਨਜ਼ਾਰੇ ਨੇ।
ਅੰਤਿਮ ਪੰਕਤੀਆਂ ਹਨ:
ਹੌਲੀ ਹੌਲੀ ਖਰੀਦਦੇ ਨੇ
ਝੰਗ ਸਿਆਲ
ਵਿਕਦਾ ਹੈ ਸਹਿਜੇ ਸਹਿਜੇ
ਤਖ਼ਤ ਹਜ਼ਾਰਾ। (ਤਖ਼ਤ ਹਜ਼ਾਰਾ, ਪੰਨਾ 83)
ਤਖਤ ਹਜ਼ਾਰਾ ਬਹੁਅਰਥੀ ਚਿਹਨ ਹੈ, ਜੋ ਘਰ ਛੱਡ ਤੁਰੇ ਰਾਂਝੇ ਵਾਂਗ ਹਰੇਕ
ਪਰਦੇਸੀ ਲਈ, ਜੋ ਝੰਗ ਸਿਆਲ (ਦੂਸਰੇ ਥਾਂ, ਮੁਲਕ) ਹੀਰ ਪਾਉਣ, ਵਿਆਹੁਣ
ਸੁਪਨੇ ਪੂਰੇ ਕਰਨ ਤੁਰ ਜਾਂਦਾ ਹੈ। ਉਸਦਾ ਮੁੜ ਆਪਣੇ ਮੂਲਵਾਸ ਵੱਲ ਪਰਤਣਾ
ਸੰਭਵ ਨਹੀਂ ਹੁੰਦਾ, ਕਿਉਂਕਿ ਸਮੇਂ ਦਾ ਵਹਿਣ ਏਨਾ ਕੁੱਝ ਬਦਲ ਦਿੰਦਾ ਹੈ
ਕਿ ‘ਮੂਲ ਘਰ` ਵੀ ਉਹੀ ਨਹੀਂ ਰਹਿੰਦਾ, ਨਾ ਉਸਦਾ ਆਪਣਾ ਹੀ ਰਹਿੰਦਾ ਹੈ।
ਜ਼ਮਾਨੇ ਦੀਆਂ ਤਾਕਤਵਰ ਸ਼ਕਤੀਆਂ ਖਰੀਦ ਅਥਵਾ ਆਪਣੇ ਕਬਜ਼ੇ ਹੇਠ ਲੈ ਲੈਂਦੀਆਂ
ਹਨ। ਵਿਰਾਸਤੀ ਅਮੀਰ ਖ਼ਜ਼ਾਨੇ ਵਿਚੋਂ ਚਿਹਨ ਚੁਣਕੇ, ਇਹਨਾਂ ਨੂੰ ਆਪਣੀ ਹੋਂਦ
ਸਥਿਤੀ, ਵਰਤਮਾਨ ਪ੍ਰਸੰਗਿਕਤਾ ਅਤੇ ਭਵਿੱਖੀ ਰਮਜ਼ਾਂ ਵਾਲੇ ਬਹੁਅਰਥ ਦੇਣੇ
ਮਹਿੰਦਰ ਗਿੱਲ ਦੀ ਪ੍ਰਤਿਭਾਸ਼ੀਲ ਸ਼ਖ਼ਸੀਅਤ ਦਾ ਮਾਣਯੋਗ ਹਾਸਿਲ ਹੈ।
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
09/09/2014
|
ਦਾਇਰਿਆਂ ਤੋਂ ਪਾਰ ਜਾਣ ਦੀ
ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.)
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਮਹਿੰਦਰ ਗਿੱਲ ਸਮਕਾਲੀ ਪੰਜਾਬੀ ਕਵਿਤਾ ਵਿਚ ਵੱਖਰੀ ਕਾਵਿ-ਸ਼ੈਲੀ ਅਤੇ
ਵਿਚਾਰ-ਪ੍ਰਬੰਧ ਨੂੰ ਸਿਰਜਣ ਵਾਲਾ ਕਵੀ ਹੈ। ਲਗਭਗ ਤਿੰਨ ਦਹਾਕਿਆਂ ਤੋਂ
ਕਾਵਿ-ਰਚਨਾ ਕਰ ਰਹੇ ਇਸ ਸ਼ਾਇਰ ਦੀਆਂ ਇਸ ਤੋਂ ਪਹਿਲਾਂ ਚਾਰ
ਕਾਵਿ-ਪੁਸਤਕਾਂ; ਮੇਰੇ ਲੋਕ (1983), ਬਿਨ ਬਰਸਾਤੀਂ ਮੇਘਲੇ (1989), ਅੱਖ
ਦੇ ਬੋਲ (1995) ਅਤੇ ‘ੳਦੋਂ ਤੇ ਹੁਣ’ (2009) ਪ੍ਰਕਾਸਿ਼ਤ ਹੋ ਚੁੱਕੀਆਂ
ਹਨ। ਉਸ ਦੀ ਸਮੁੱਚੀ ਕਵਿਤਾ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਪਾਸੇ
ਤਾਂ ਪੰਜਾਬੀ ਕਵਿਤਾ ਦੇ ਬਰਤਾਨਵੀ ਰੂਪ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ
ਵਾਪਰੇ ਸਮਾਜਿਕ, ਵਿਚਾਰਾਤਮਕ ਅਤੇ ਸੁਹਜਾਤਮਕ ਫੇਰ ਬਦਲ ਨਾਲ ਰਿਸ਼ਤਾ ਜੋੜ
ਕੇ ਤੁਰਦੀ ਹੈ ਅਤੇ ਨਾਲ ਦੀ ਨਾਲ ਹੀ ਇਹ ਉਹਨਾਂ ਸਥਾਈ ਅਤੇ ਤਸਦੀਕੀ ਮਾਨਵੀ
ਮੁੱਲ-ਵਿਧਾਨ ਦੇ ਧਰਾਤਲ ਉਤੇ ਖੜੀ ਹੈ ਜੋ ਸਮਿਆਂ ਨਾਲ ਰਿਸ਼ਤਾ ਰੱਖਦਾ
ਹੋਇਆ ਵੀ ਸਮਿਆਂ ਤੋਂ ਪਾਰ ਜਾਣ ਦੀ ਵਿਸ਼ੇਸ਼ਤਾ ਰੱਖਦਾ ਹੈ। ‘ਬੱਦਲਾਂ ਤੋਂ
ਪਾਰ’ ਕਾਵਿ-ਸੰਗ੍ਰਹਿ ਦੀ ਕਵਿਤਾ ਇਸ ਮੁੱਲ-ਵਿਧਾਨ ਦੀ ਪੇਸ਼ਕਾਰੀ ਦੇ
ਵਰਤਮਾਨ ਸੰਦਰਭ ਨੂੰ ਮੁਖਾਤਿਬ ਹੋਣ ਵਾਲੀ ਕਵਿਤਾ ਦੇ ਰੂਪ ਵਿਚ ਦੇਖੀ ਜਾ
ਸਕਦੀ ਹੈ।
ਇਸ ਕਾਵਿ-ਸੰਗ੍ਰਹਿ ਦੇ ਅਧਿਐਨ ਸਮੇਂ ਅਸੀਂ ਆਪਣੀ ਗੱਲ ਉਸ ਦੀ ਲੰਮੀ
ਕਵਿਤਾ ‘ਬਿਨ ਬਰਸਾਤੀਂ ਮੇਘਲੇ’ ਦੇ ਹਵਾਲੇ ਨਾਲ ਵੀ ਸ਼ੁਰੂ ਕਰ ਸਕਦੇ ਹਾਂ।
ਇਹ ਦੋਵੇਂ ਰਚਨਾਵਾਂ ਆਪਣੇ ਆਪਣੇ ਸਮੇਂ ਦੇ ਬਰਤਾਨਵੀ ਪੰਜਾਬੀ ਭਾਈਚਾਰੇ ਦੇ
ਸੱਚ ਨੂੰ ਆਪਣੇ ਆਪਣੇ ਸੰਦਰਭਾਂ ਵਿਚ ਪੇਸ਼ ਕਰ ਰਹੀਆਂ ਹਨ; ਪਹਿਲੀ, ਉਸ
ਸਮੇਂ ਦੇ ਸੱਚ ਨੂੰ ‘ਬਿਨ ਬਰਸਾਤੀਂ ਮੇਘਲੇ’ ਦੇ ਇਸ਼ਤਿਆਰੇ ਨਾਲ ਬਿਆਨ ਕਰ
ਰਹੀ ਹੈ, ਜਦ ਕਿ ਦੂਜੀ ‘ਬੱਦਲਾਂ ਤੋਂ ਪਾਰ’ ਜਾਣ ਦੀ ਅਭਿਲਾਸ਼ਾ ਅਤੇ
ਜੁਸਤਜੂ ਦੇ ਪ੍ਰਤੀਕਾਂ ਨਾਲ ਰੂਪਮਾਨ ਕਰਦੀ ਹੈ। ਪਹਿਲੀ ਕਵਿਤਾ ਦਾ ਆਪਣਾ
ਸਮਾਜਿਕ ਅਤੇ ਰਚਨਾਤਮਕ ਸੰਦਰਭ ਹੈ ਅਤੇ ਦੂਜੀ ਕਵਿਤਾ ਦਾ ਆਪਣਾ। ਪਰ, ਇਹ
ਦੋਵੇਂ ਰਚਨਾਵਾਂ ਹੀ ਸੱਚ ਦੇ ਵਿਸ਼ੇਸ਼ ਕਾਲਿਕ ਸੰਦਰਭ ਦੀ ਸੀਮਾ-ਬੱਧਤਾ
ਨੂੰ ਮੁਖ਼ਾਤਬ ਹੋ ਕੇ ਇਸ ਤੋਂ ਪਾਰ ਜਾਣ ਦੀ ਲੋੜ ਅਤੇ ਅਹਿਮੀਅਤ ਨੂੰ
ਰੂਪਮਾਨ ਕਰ ਰਹੀਆਂ ਹਨ। ਮਹਿੰਦਰ ਗਿੱਲ ਦੀ ਕਾਵਿ-ਸੰਵੇਦਨਾ ਦੀ ਇਹ ਗਤੀ ਹੀ
ਉਸ ਦੀ ਸਮੁੱਚੀ ਕਾਵਿ-ਸਾਧਨਾ ਦੇ ਅੰਤਰੀਵੀ ਤਰਕ ਨੂੰ ਉਭਾਰਦੀ ਹੈ। ਉਸ ਦੀ
ਕਵਿਤਾ ‘ਅੰਗ’ ਸਮਕਾਲ ਤੇ ਪਾਰਕਾਲ ਦੀ ਇਸ ਵਿਚਾਰਾਤਮਕ ਖੇਡ ਦੇ ਅਸਰਦਾਰ
ਦ੍ਰਿਸ਼ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ;
ਮੇਰੇ ਤੇ ਥੋਪ
ਰਹੇ ਨੇ ਨਵੇਂ ਨਵੇਂ ਅੰਗ
ਕੀ ਹੋਰ ਰਿਹਾ ਹੈ, ਮੇਰੇ ਸਰੀਰ ਨੂੰ
ਮੈਂ ਨਹੀਂ ਸਨ ਮੰਗੇ
ਇਹ ਓਪਰੇ-ਓਪਰੇ ਅੰਗ
ਆਲੇ ਦੁਆਲਾ ਸ਼ਾਇਦ ਨਿਪੁੰਸਕ ਹੈ
ਕਿ ਅਚੇਤ ਬਾਹਰਲੇ ਨੂੰ ਲੋਚਾਂ
ਜੋ ਵੀ ਮਿਲਦਾ ਹੈ
ਹੂੰਝਦਾ ਜਾਂਦਾ ਹਾਂ
ਮੇਰਾ ਆਪਾ, ਬਣਿਆਂ ਕਬਾੜ ਖਾਨਾ
.....
ਮੈਨੂੰ ਜਚਦੇ ਤਾਂ ਹਨ
ਪਰ ਇਹਨਾਂ ਦੀ ਆਦਤ ਨਹੀਂ ਮੈਨੂੰ
ਮੇਰੇ ਜਜ਼ਬਾਤ ਦਾ ਹਿੱਸਾ ਨਹੀਂ
ਸਹਿਜ ਨਾਲ ਉਗੇ
ਅੰਗਾਂ ਨੂੰ
ਆਖਰ ਕਿੱਦਾਂ ਵਰਤਾਂ?
(ਮਹਿੰਦਰ ਗਿੱਲ; 2014, ਪੰਨਾ 9)
|
ਮਹਿੰਦਰ ਗਿੱਲ |
ਇਹ ਕਵਿਤਾ ਇਕ ਪਾਸੇ ਤਾਂ ਸਮਕਾਲੀ ਵਿਸ਼ਵੀਕ੍ਰਿਤ ਮੁਆਸ਼ਰੇ ਦੀ
ਉਪਭੋਗਤਾਵਾਦੀ ਸੰਵੇਦਨਾ ਦੀ ਪੇਸ਼ਕਾਰੀ ਕਰਦੀ ਹੈ ਅਤੇ ਨਾਲ ਦੀ ਨਾਲ ਉਸ
ਕੋਫ਼ਤ ਨੂੰ ਵੀ ਚਿਤਰ ਰਹੀ ਹੈ, ਜੋ ਇਹ ਸੰਵੇਦਨਸ਼ੀਲ ਮਨੁੱਖੀ ਜੀਵਨ ਵਿਚ
ਭਰ ਰਹੀ ਹੈ। ‘ਥੋਪੇ ਜਾ ਰਹੇ ਅੰਗ’ ਇਕ ਪਾਸੇ ਤਾਂ ਸਾਡੇ ਉਤੇ ਮੁਆਸ਼ਰੇ ਦਾ
ਅਰੋਪਣ ਹੈ ਅਤੇ ਨਾਲ ਦੀ ਨਾਲ ਸਾਡੇ ਹਿਰਸ ਨੁਮਾ ਚੇਤਨਾ ਦੀ ਤਲਬ ਅਤੇ ਸੀਮਾ
ਬੱਧਤਾ ਵੀ। ਇਸ ਕਰਕੇ ਅਸੀਂ ਇਹਨਾਂ ਨੂੰ ਸਵੀਕਾਰ ਵੀ ਕਰ ਰਹੇ ਹਾਂ ਅਤੇ
ਇਹਨਾਂ ਤੋਂ ਮੁਨਕਰ ਵੀ ਹੋ ਰਹੇ ਹਾਂ। ਅਸੀਂ ਇਹਨਾਂ ਨੂੰ ਲੋਚਦੇ ਵੀ ਹਾਂ
ਅਤੇ ਇਹ ਸਾਡੇ ‘ਸਵੈ’ ਨੂੰ ਕਬਾੜ੍ਹਖਾਨਾ ਵੀ ਬਣਾ ਰਹੇ ਹਨ। ਇਹੀ ਸਾਡੇ
ਸਮੇਂ ਦਾ ਸੱਚ ਹੈ।
‘ਬੱਦਲਾਂ ਤੋਂ ਪਾਰ’ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਸਾਡੀਆਂ ਇਹਨਾਂ
ਦੋਵਾਂ ਪ੍ਰਵਿਰਤੀਆਂ ਦੇ ਮਿਲਣ ਬਿੰਦੂ ਤੇ ਖਲੋ ਕੇ ਕਾਵਿ-ਅਰਥਾਂ ਦਾ
ਨਿਰਮਾਣ ਕਰਦੀਆਂ ਹਨ। ਇਸੇ ਵਾਸਤੇ ਇਹ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ
ਕਰਨ ਦੀ ਥਾਂ, ਦੋਹਾਂ ਵਿਚ ਸੰਤੁਲਨ ਸਿਰਜਣ ਦਾ ਸੰਦੇਸ਼ ਦਿੰਦੀਆਂ ਹਨ। ਇਹ
ਉਪਭੋਗ ਦੇ ਵਹਾਓ ਤੋਂ ਵੀ ਮੁਨਕਰ ਨਹੀਂ ਪਰ ਇਹ ਮਾਨਵਵਾਦੀ ਮੁੱਲ-ਵਿਧਾਨ ਦੀ
ਰੱਖਿਆ ਕਰਨ ਅਤੇ ਉਸ ਨੂੰ ਨਿਭਾਉਣ ਦੀ ਪ੍ਰਵਿਰਤੀ ਉਪਰ ਪਹਿਰਾ ਦੇਣ ਦੇ
ਭਾਵ-ਪ੍ਰਬੰਧ ਦੀ ਸਿਰਜਣਾ ਵੀ ਕਰਦੀਆਂ ਹਨ। ਇਹੀ ਸਥਿਤੀ ਹੀ ਸ਼ਾਇਦ ਸਮੇਂ
ਦੇ ਬੱਦਲਾਂ ਤੋਂ ਪਾਰ ਜਾਣ ਦੀ ਸਥਿਤੀ ਹੈ।
ਇਸ ਸਥਿਤੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਦੁਬਿਧਾਵਾਂ,
ਦੁਚਿੱਤੀਆਂ ਅਤੇ ਹੀਣ ਭਾਵਨਾ ਦੀਆਂ ਮਨੋ-ਸਥਿਤੀਆਂ ਤੋਂ ਪਾਰ ਜਾਣ ਦੀ
ਕੋਸਿ਼ਸ਼ ਵਿਚ ਨਿਰੰਤਰ ਗਤੀਮਾਨ ਹੈ। ਹਾਲਾਂਕਿ ਮਹਿੰਦਰ ਗਿੱਲ ਦੀ ਪਹਿਲੀ
ਕਵਿਤਾ ਵਿਚ ਪਰਵਾਸੀ ਹੋਣ ਦੀ ਦੁਬਿਧਾ ਅਤੇ ਚੌਗਿਰਦੇ ਦੀਆਂ ਸਿਤਮ
ਜ਼ਰੀਫੀਆਂ ਵਿਚ ਉਲਝੇ ਹੋਏ ਬੰਦੇ ਦੀਆਂ ਦੁਚਿੱਤੀਆਂ ਨਿਰੰਤਰ ਸਰਗਰਮ
ਰਹਿੰਦੀਆਂ ਹਨ, ਪਰ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਅਜਿਹੀਆਂ ਸਥਿਤੀਆਂ ਤੋਂ
ਪੂਰੀ ਤਰ੍ਹਾਂ ਮੁਕਤ ਹਨ। ਇਹ ਤਾਂ ਹਾਲਾਤ ਦੇ ਵਿਰੋਧਾਂ ਨੂੰ ਉਜਾਗਰ ਕਰਕੇ,
ਉਹਨਾਂ ਨਾਲ ਤਾਲਮੇਲ ਸਥਾਪਤ ਕਰਨ ਦੀ ਜਗਿਆਸਾ ਦੇ ਰਾਹਗੀਰ ਮਨੁੱਖ ਦੀਆਂ
ਗਤੀਵਿਧੀਆਂ ਨੂੰ ਨਿਆਂਸ਼ੀਲ ਬਣਾ ਰਹੀ ਹੈ;
ਕੀ ਕਹਾਂ ਇਹ ਸਮੇਂ ਨੂੰ
ਦਰਖਤ ਆਪਣੀ
ਛਾਂ ਨੂੰ ਸਿਰ ਤੇ ਚੁੱਕੀ
ਭਾਲਦੇ ਫਿਰਦੇ ਨੇ
ਉਸ ਨੂੰ
ਜਿਸ ਦੇ ਮੇਚ ਆ ਜਾਵੇ
ਇਹਨਾਂ ਦੀ ਛਾਂ।
(ਮਹਿੰਦਰ ਗਿੱਲ; 2014, ਪੰਨਾ 13)
ਇਸ ਤਰ੍ਹਾਂ ਇਹ ਕਵਿਤਾ ਕਿਸੇ ਸੁਪਨਮਈ ਸੰਸਾਰ ਜਾਂ ਅਦਭੁਤ ਭਾਵ-ਮੰਡਲ
ਦੀ ਕਲਪਨਾ ਨਹੀਂ ਕਰਦੀ। ਨਾ ਹੀ ਇਹ ਵਰਤਮਾਨ ਯਥਾਰਥ ਵਿਚ ਲੀਨ ਹੋਣ ਦੀ
ਖਸਲਤ ਜਾਂ ਅਕਾਂਖਿਆ ਨੂੰ ਮੁਖਾਤਿਬ ਹੈ। ਇਸ ਦੇ ਉਲਟ ਇਹ ਤਾਂ ਯਥਾਰਥ ਦੀ
ਤਹਿ ਵਿਚ ਛੁਪੀ ‘ਹਕੀਕਤ’ ਦੀ ਖ਼ਸਲਤ ਦੀ ਟੋਹ ਲਾਉਣ ਦੀ ਕੋਸਿ਼ਸ਼ ਕਰਦੀ
ਹੈ। ਇਸੇ ਕਰਕੇ ਇਹ ਯਥਾਰਥ ਦੀ ਪੇਸ਼ਕਾਰੀ ਅਤੇ ਯਥਾਰਥ ਦੀ ਹਕੀਕਤ ਵਿਚਲੀ
ਦੁਫੇੜ ਬਾਰੇ ਪੂਰੀ ਤਰ੍ਹਾਂ ਚੇਤਨ ਹੈ। ਹੋਰ ਸਪੱਸ਼ਟ ਸ਼ਬਦਾਂ ਵਿਚ ਕਿਹਾ
ਜਾਵੇ ਤਾਂ ਇਸ ਕਵਿਤਾ ਵਿਚ ਪੇਸ਼ ਮਨੁੱਖ ਮਹਾਂ ਕਾਰਜਾਂ ਦੇ ਦਾਅਵਿਆਂ ਨਾਲ
ਭਰੇ ਆਦਰਸ਼ ਦੀ ਸਿਰਜਨਾ ਕਰਨ ਦੀ ਥਾਂ, ਆਪਣੇ ਸੱਚ ਦੀਆਂ ਸੇਵਾਵਾਂ ਤੋਂ
ਚੇਤਨ ਹੋ ਕੇ ਸੱਚ ਨਾਲ ਨੈਗੋਸ਼ੀਏਟ ਕਰਦਾ ਹੈ;
ਪੂਜਿਆ
ਦਰਖਤਾ ਨੂੰ, ਨਦੀਆਂ ਨੂੰ
ਸੂਰਜਾਂ ਨੂੰ, ਤਾਰਿਆਂ ਨੂੰ
ਸੱਪਾਂ ਨੂੰ, ਅਗਨੀ ਨੂੰ
______
ਬੁੱਤਾਂ ਬਹੁਤਿਆਂ ਤੋਂ
ਪਹੁੰਚ ਗਿਆ ਮੈਂ ਇਕ ਤੇ
ਕੌਣ ਜਾਣੇ
ਇਕ ਤੋਂ ਮੈਂ
ਕਿਧਰ ਜਾਵਾਂਗਾ
(ਮਹਿੰਦਰ ਗਿੱਲ; 2014, ਪੰਨਾ 24)
ਇਸੇ ਨੈਗੋਸ਼ੀਏਸ਼ਨ ਦੀ ਸਰਗਰਮੀ ਵਿਚ ਹੀ ਕਵੀ ‘ਕਵਿਤਾ ਦੀ
ਭਾਲ’, ‘ਰਿਆਜ਼’, ‘ਕੈਨਵਸ’, ‘ਸੁਪਨੇ’, ਅਤੇ ‘ਤਥਾ ਅਸਤੂ’ ਆਦਿ ਵਰਗੀਆਂ
ਖੂਬਸੂਰਤ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ। ਪਰ, ਇਹ ਧਿਆਨ ਵਿਚ ਰੱਖਣਾ
ਜ਼ਰੂਰੀ ਹੈ ਕਿ ਮਹਿੰਦਰ ਗਿੱਲ ਦੀ ਕਾਵਿ ਸੰਵੇਦਨਾ ਵਿਚ ਨੈਗੋਸ਼ੀਏਸ਼ਨ
ਹਾਰ ਨੂੰ ਸਵੀਕਾਰ ਕਰਨ ਦਾ ਇਸ਼ਤਿਆਰਾ ਨਹੀਂ। ਇਸ ਦੇ ਉਲਟ ਇਹ ਸਥਿਤੀ ਤਾਂ
ਹਾਰਨ ਜਾਂ ਹਰਾਉਣ ਦੀ ਹਿਰਸ ਤੋਂ ਪਾਰ ਜਾਣ ਦੀ ਸਥਿਤੀ ਹੈ। ਇਕ ਦੂਜੇ ਨੂੰ
ਸਮਾਨਆਂਤਰ ਮੰਨਣ ਦੀ ਅਵਸਥਾ। ਆਪਣੇ ਆਪ ਵਿਚ ਬਿਰਾਜਮਾਨ ਐਬਾਂ, ਕਮੀਆਂ ਅਤੇ
ਸੀਮਾਵਾਂ ਨੂੰ ਸਵੀਕਾਰ ਕਰਨ ਦੇ ਨਾਲ ਨਾਲ ਦੂਸਰੇ ਦੀ ਸੰਪੂਰਨਤਾ ਦੇ ਰੂਬਰੂ
ਹੋਣ ਦੀ ਹਿੰਮਤ ਨੂੰ ਧਾਰਨ ਕਰਨ ਦੀ ਮਨੋਅਵਸਥਾ। ਦੂਸਰੇ ਦੇ ਦੂਸਰੇਪਨ ਨੂੰ
ਫਨਾਹ ਕਰਨ ਦੀ ਅਕਾਂਖਿਆ ਦੀ ਥਾਂ ਉਸ ਨਾਲ ਧੁਰ ਅੰਦਰ ਤਕ ਸੰਵਾਨ ਸਿਰਜਣ ਦੀ
ਅਭਿਲਾਸ਼ਾ। ਇਸ ਸੰਗ੍ਰਹਿ ਦੀਆਂ ਇਕ ਤੋਂ ਵੱਧ ਕਵਿਤਾਵਾਂ ਇਸ ਕਿਸਮ ਦੇ
ਕਾਵਿ ਅਰਥਾਂ ਦੀ ਰਚਨਾ ਕਰਦੀਆਂ ਹਨ;
ਜੁਆਹਰੀ ਪਰਖ ਕਰਦਾ ਹੈ
ਹੀਰੇ ਦਾ ਮੁੱਲ ਪੈਂਦਾ ਹੈ
ਕਵਿਤਾ ਦਾ ਪਾਰਖੂ
ਕਿਹੜਾ ਤਰਾਜ਼ੂ ਲੈ ਕੇ ਆਉਂਦਾ
____
ਰੱਤ ਨੂੰ ਪਛਣਨਾ ਹੈ
ਅਲੋਚਕ
ਜਾਂ, ਸ਼ਬਦਾਂ ਦੇ ਹਨੇਰੇ ਵਿਚ ਹੈ
ਇਸ ਦੀ ਸੰਵੇਦਨਾ
ਇਹ ਮੇਰੀ ਕੱਸਵੱਟੀ
ਆਲੋਚਕ ਤੂੰ ਤਾਂ ਪਰਖਿਆ ਜਾਂਦਾ ਹੈਂ
(ਮਹਿੰਦਰ ਗਿੱਲ; 2014, ਪੰਨਾ 60)
ਯਥਾਰਥ ਦੇ ਵਿਵੇਕ ਨਾਲ ਸੰਵਾਦ ਸਿਰਜਣ ਦੀ ਇਸ ਰੁਚੀ ਅਧੀਨ ਹੀ ਇਹ
ਕਵਿਤਾ ਇਸਦੇ ਸਾਕਾਰ ਦ੍ਰਿਸ਼ ਪ੍ਰਤੀ ਉਤੇਜਤ ਹੋਣ ਦੀ ਥਾਂ, ਉਸ ਪ੍ਰਤੀ
ਸਹਿਜਤਾ ਦਾ ਇਜ਼ਹਾਰ ਕਰਦੀ ਹੈ। ਇਹ ਸਹਿਜਤਾ ਯਥਾਰਥ ਦੀਆਂ ਤਹਿ ਵਿਚ
ਛੁਪੀਆਂ ਹਕੀਕਤਾਂ ਨੂੰ ਸਮਝਣ ਲਈ ਵੀ ਸੁਚੇਤ ਹੈ ਅਤੇ ਉਸ ਦੀਆਂ ਸੀਮਾਵਾਂ
ਨੂੰ ਬਿਆਨ ਕਰਨ ਲਈ ਵੀ। ਜਿਸ ਪ੍ਰਕਾਰ ਸਾਡੀ ਮੁਢਲੀ ਬਰਤਾਨਵੀ ਕਵਿਤਾ
ਪੱਛਮੀ ਸਮਾਜਕ ਯਥਾਰਥ ਪ੍ਰਤੀ ਆਕਰਸ਼ਮਈ ਜਾਂ ਖੌਫਮਈ ਰੁਝਾਨ ਰੱਖਣ ਦੀ
ਕਮਜ਼ੋਰੀ ਦਾ ਸਿ਼ਕਾਰ ਸੀ, ਇਹ ਕਵਿਤਾ ਇਸ ਵਿਚ ਸੁੰਤਲਨ ਸਿਰਜਣ ਲਈ ਸਰਗਰਮ
ਹੈ। ਜਿਥੇ ਇਹ ਪੱਛਮੀ ਮੁਆਸ਼ਰੇ ਦੇ ਚੰਗੇ ਗੁਣਾਂ ਨੂੰ ਉਭਾਰਦੀ ਹੈ ਉਥੇ ਉਸ
ਦੀ ਆਲੋਚਨਾ ਵੀ ਕਰਦੀ ਹੈ। ਇਸੇ ਪ੍ਰਕਾਰ ਇਹ ਪੂਰਬੀ ਜੀਵਨ-ਵਿਧੀ ਅਤੇ
ਸਮਾਜਕ ਆਰਥਕ ਯਥਾਰਥ ਦੇ ਵੀ ਵੱਖਰੇ ਕਿਸਮ ਦੇ ਦ੍ਰਿਸ਼ ਚਿਤਰਣ ਦੀ ਕੋਸਿ਼ਸ਼
ਕਰਦੀ ਹੈ। ਇਸ ਸੰਦਰਭ ਵਿਚ ਉਸ ਦੀ ਕਵਿਤਾ ‘ਤਰੱਕੀ’ ਨੂੰ ਵਿਚਾਰਨਾ
ਲਾਹੇਵੰਦ ਹੋਵੇਗਾ;
Detroit, ਦਿਵਾਲੀਆ, ਕਰਜ਼ਦਾਰ, ਏਦਾਂ ਡਿਗਦੇ ਨੇ ਹਿਮਾਲਾ
ਮੇਰਾ ਪਿੰਡ, ਉਮਰ ਛੇ ਸੌ ਸਾਲ, ਜਾਂ ਹਜ਼ਾਰ ਸਾਲ, ਪਤਾ ਨਹੀਂ,
ਕਦੇ ਨਾ ਹੋਇਆ ਦੀਵਾਲੀਆ
ਕਿੱਦਾਂ ਦੀ ਤਰੱਕੀ ਹੈ ਇਹ
(ਮਹਿੰਦਰ ਗਿੱਲ; 2014, ਪੰਨਾ 71)
ਜ਼ਾਹਿਰ ਹੈ ਕਿ ਇਹ ਕਵਿਤਾ ਕਿਸੇ ਵੀ ਥਾਂ ਉਤੇ ਰਹਿੰਦੇ ਪਰਵਾਸੀ,
ਮੂਲਵਾਸੀ ਜਾਂ ਡਾਇਸਪੋਰਕ ਸਬਜੈਕਟ ਦੀ ਧਿਰ ਬਣ ਕੇ ਆਪਣੇ ਕਾਵਿ
ਪ੍ਰਵਚਨ ਦਾ ਨਿਰਮਾਣ ਨਹੀਂ ਕਰਦੀ। ਇਸ ਦੇ ਉਲਟ ਇਸ ਵਿਚ ਇਹ ਸਾਰੀਆਂ
ਕੋਟੀਆਂ ਇਕ ਦੂਜੇ ਵਿਚ ਰਲ਼ ਮਿਲ਼ ਕੇ ਪਹਿਲੇ ਪੱਧਰ ਤੇ ਸਮਜਾਕ ਯਥਾਂਰਥ
ਦੀਆਂ ਬੇਤਰਤੀਬੀਆਂ ਦੀ ਪੇਸ਼ਕਾਰੀ ਕਰਦੀਆਂ ਹਨ। ਦੂਜੇ ਪੱਧਰ ਤੇ ਇਹ
ਮਾਨਵਵਾਦੀ ਮੁੱਲ-ਵਿਧਾਨ ਦਾ ਨਿਰਮਾਣ ਕਰਨ ਲਈ ਸਰਗਰਮ ਹਨ। ਇਹੀ ਵਜ੍ਹਾ ਹੈ
ਕਿ ਇਸ ਵਿਚ ਤਾਹਨ, ਮਿਹਣੇ, ਉਦਾਸੀਆਂ, ਬੇਵਸੀਆਂ ਅਤੇ ਵਿਡੰਬਨਾਵਾਂ ਦਾ
ਚਿਤਰਣ ਹੀ ਨਹੀਂ ਸਗੋਂ ਇਹਨਾਂ ਤੋਂ ਪਾਰ ਜਾਣ ਦੀ ਕੋਸਿ਼ਸ਼ ਹੈ। ਇਹ
ਕੋਸਿ਼ਸ਼ ਸਮਾਜਕ ਯਥਾਰਥ ਨਾਲ ਰਸਾਈ ਕਾਇਮ ਕਰਨ ਦੀ ਵੀ ਹੈ ਅਤੇ ਇਸ ਨੂੰ
ਦਿਸ਼ਾ ਪ੍ਰਦਾਨ ਕਰਨ ਵਾਲੇ ਵਿਚਾਰਾਂ ਨੂੰ ਪ੍ਰਸਤੁਤ ਕਰਨ ਦੀ ਵੀ।
ਯਥਾਰਥ ਦੀ ਸੁਚੇਤ ਦ੍ਰਿਸ਼ਟੀਕੋਨ ਤੋਂ ਵਿਆਖਿਆ ਤੇ ਪੇਸ਼ਕਾਰੀ ਕਰਨ ਤੋਂ
ਬਚਣ ਦੀ ਇਸ ਰੁਚੀ ਕਰਕੇ ਹੀ ਕਵੀ ਕਦੇ ਵੀ ਪੂਰਬ-ਪੱਛਮ, ਮੈਂ-ਤੁਸੀਂ,
ਮੂਲਵਾਸੀ-ਪਰਵਾਸੀ, ਸੱਚ-ਸੁਪਨੇ ਅਤੇ ਹਕੀਕਤ-ਆਦਰਸ਼ ਨੂੰ ਵਿਰੋਧੀ ਧਿਰਾਂ
ਦੇ ਰੂਪ ਵਿਚ ਪੇਸ਼ ਨਹੀਂ ਕਰਦਾ। ਇਸ ਦੇ ਉਲਟ ਇਥੇ ਗੁਰੂ ਅਰਜਨ ਦੇਵ,
ਮਹਾਤਮਾ ਬੁੱਧ, ਈਸਾ ਮਸੀਹ ਅਤੇ ਹਜ਼ਰਤ ਮੁਹੰਮਦ ਸਾਰੇ ਇਕੋ ਸੱਚ ਨੂੰ ਪੇਸ਼
ਕਰਨ ਵਾਲੇ ਦੈਵੀ ਪੁਰਸ਼ ਬਣਦੇ ਹਨ। ਸਿੱਟੇ ਵਜੋਂ ਇਹ ਕਵਿਤਾ ਦਾਇਰੇ ਰਚਣ
ਦੇ ਕਾਰਜ ਵਿਚ ਪੈਣ ਦੀ ਥਾਂ ਹਰ ਤਰ੍ਹਾਂ ਦੇ ਦਾਇਰਿਆਂ ਤੋਂ ਪਾਰ ਜਾਣ ਦੇ
ਕਾਵਿ-ਅਰਥਾਂ ਦੀ ਰਚਨਾ ਕਰਨ ਦੇ ਰਾਹੇ ਪੈਂਦੇ ਹਨ।
ਪਰ ਦਾਇਰਿਆਂ ਤੋਂ ਪਾਰ ਜਾਣ ਦਾ ਅਰਥ ਸੱਚ ਤੋਂ ਬੇਮੁੱਖ ਹੋਣਾ ਨਹੀਂ,
ਸਗੋਂ ਇਸ ਦੀ ਅਸਲੀਅਤ ਦੇ ਰੂਬਰੂ ਹੋਣਾ ਹੈ। ਆਪਣੇ ਸਮਕਾਲੀ ਸੰਦਰਭ ਵਿਚ ਇਹ
ਸੱਚ ਵਿਸ਼ਵੀਕ੍ਰਿਤ ਉਪਭੋਗਵਾਦ, ਪਾਸਾਰਵਾਦ ਅਤੇ ਦਮਨਕਾਰੀ ਮੰਡੀਕਰਨ ਦੇ
ਸੱਚੇ ਦੇ ਸਨਮੁੱਖ ਹੋਣਾ ਹੈ। ਇਹ ਸੱਚ ਨਾ ਕੇਵਲ ਮਨੁੱਖ ਦੇ ਸੁਚੇਤ ਵਿਹਾਰ
ਨੂੰ ਪੇਸ਼ ਕਰ ਰਿਹਾ ਹੈ ਸਗੋਂ ਉਸ ਦੀਆਂ ਸਭਿਆਚਾਰਕ ਯਾਦਾਂ, ਪਰੰਪਰਾਵਾਂ
ਅਤੇ ਅਵਚੇਤਨੀ ਕਿਰਿਆਵਾਂ-ਪ੍ਰਤੀਕਿਰਿਆਵਾਂ ਨੂੰ ਰੂਪਗਤ ਵੀ ਕਰ ਰਿਹਾ ਹੈ।
ਇਸ ਕਾਵਿ-ਸੰਗ੍ਰਹਿ ਦੀ ਕਵਿਤਾ ‘ਤਖ਼ਤ ਹਜ਼ਾਰਾ’ ਇਸ ਉਪਭੋਗਤਾਵਾਦੀ ਨਿਜ਼ਾਮ
ਦੇ ਦਿਸਦੇ ਪਾਸਾਰਾਂ ਅਤੇ ਅਦ੍ਰਿਸ਼ ਸਰੋਕਾਰਾਂ ਨੂੰ ਬਹੁ-ਅਰਥੀ
ਬਿੰਬ-ਵਿਦਾਨ ਅਧੀਨ ਇਸ ਤਰ੍ਹਾ ਪੇਸ਼ ਕਰਦੀ ਹੈ;
ਤਖ਼ਤ ਹਜ਼ਾਰੇ ਪਰਤਣ ਦੀ
ਕੋਸਿ਼ਸ਼ ਨਾ ਕਰਨਾ
ਇਹਦੀਆਂ ਗਲੀਆਂ
ਹੁਣ, ਝੰਗ ਸਿਆਲ ਦੇ
ਦਿਲਕਸ਼ ਨਜ਼ਾਰੇ ਨੇ
ਇਹਦੇ ਰੰਗਢੰਗ
ਹੋ ਗਏ ਨੇ ਝੰਗ ਸਿਆਲੀ
ਇਹਦੀ ਗੁੰਮਦੀ ਜਾਵੇ ਬੋਲੀ
ਹੌਲੀ ਹੌਲੀ ਖਰੀਦੇ ਦੇ ਨੇ
ਝੰਗ ਸਿਆਲ
ਵਿਕਦਾ ਹੈ ਸਹਿਜੇ ਸਹਿਜੇ
ਤਖ਼ਤ ਹਜ਼ਾਰਾ
(ਮਹਿੰਦਰ ਗਿੱਲ; 2014, ਪੰਨਾ 83)
ਜ਼ਾਹਿਰ ਹੈ ਕਿ ਇਥੇ ਤਖ਼ਤ ਹਜ਼ਾਰਾ ਇਕ ਬਹੁ-ਅਰਥੀ ਕਾਵਿ-ਪ੍ਰਤੀਕ ਹੈ।
ਹੁਣ ਇਹ ਰਾਂਝੇ ਦਾ ਉਹ ਤਖ਼ਤ ਹਜ਼ਾਰਾ ਨਹੀਂ ਜੋ ਝੰਗ ਸਿਆਲ ਦੇ ਅਸਰਾਂ ਤੋਂ
ਮੁਕਤ ਹੋ ਕੇ ਉਸ ਦੇ ਬਰਾਬਰ ਖੜਾ ਹੁੰਦਾ ਸੀ। ਹੁਣ ਤਾਂ ਇਹ ਮੰਡੀ ਦੀ ਵਸਤੂ
ਬਣ ਚੁੱਕਿਆ ਹੈ। ਇਥੇ ਰਾਂਝੇ ਦੇ ਇਸ਼ਕ ਤੋਂ ਲੈ ਕੇ ਉਥੋਂ ਦੇ ਚੌਧਰੀਆਂ
ਸੰਗ ਸਾਰਾ ਤਖ਼ਤ ਹਜ਼ਾਰੇ ਹੀ ਚੂਚਕ ਅਤੇ ਖੇੜਿਆਂ ਦੀ ਸਿੱਕਦਾਰੀ ਅਤੇ ਮਾਇਆ
ਦੇ ਬੱਦਲਾਂ ਵਿਚ ਉਪਭੋਗ ਦੀ ਵਸਤੂ ਬਣ ਗਿਆ ਹੈ। ਪਰ, ਇਸ ਕਵਿਤਾ ਦੀ
ਖੂਬਸੂਰਤੀ ਇਸ ਨੂੰ ਦ੍ਰਿਸ਼ ਪੇਸ਼ ਕਰਨ ਤੋਂ ਵੱਧ ਅਜਿਹੇ ਅਰਥਾਂ ਦੀ ਰਚਨਾ
ਕਰਨਾ ਹੈ, ਜਿਥੇ ਕਵਿਤਾ ਦਾ ਸੱਚ ਮੁਆਸ਼ਰੇ ਦੇ ਉਪਰੋਕਤ ਸੱਚ ਨੂੰ ਸਵੀਕਾਰ
ਕਰਨ ਦੀ ਥਾਂ ਉਸ ਪ੍ਰਤੀ ਨਾਬਰੀ ਦਾ ਹੁੰਘਾਰਾ ਭਰਨ ਦੇ ਭਾਵ-ਪ੍ਰਬੰਧ ਦੀ
ਸਿਰਜਣਾ ਕਰਦਾ ਹੈ।
ਉਪਰੋਕਤ ਵਿਚਾਰ ਚਰਚਾ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਮਹਿੰਦਰ
ਗਿੱਲ ਦਾ ਕਾਵਿ ਸੰਗ੍ਰਹਿ ‘ਬੱਦਲਾਂ ਤੋਂ ਪਾਰ’ ਸਮਕਾਲੀ ਪੰਜਾਬੀ ਕਵਿਤਾ ਦੇ
ਨਵੇਂ ਬਰਤਾਨਵੀ ਪ੍ਰਸੰਗ ਦੀ ਅਰਥਪੂਰਨ ਪੇਸ਼ਕਾਰੀ ਕਰ ਰਿਹਾ ਹੈ। ਇਹ ਇਥੋਂ
ਦੀ ਰਵਾਇਤੀ ਕਾਵਿ-ਸਿਰਜਣ ਦੀ ਪ੍ਰਕਿਰਿਆ ਤੋਂ ਵਿੱਥ ‘ਤੇ ਵੀ ਖੜਾ ਹੋ ਰਿਹਾ
ਹੈ ਅਤੇ ਉਸ ਨੂੰ ਨਵਾਂ ਕਾਵਿ-ਪ੍ਰਸੰਗ ਵੀ ਪ੍ਰਦਾਨ ਕਰ ਰਿਹਾ ਹੈ। ਦੂਜੇ
ਸ਼ਬਦਾਂ ਵਿਚ ਮਹਿੰਦਰ ਗਿੱਲ ਦੀ ਵਰਤਮਾਨ ਕਵਿਤਾ ਨਾਲ ਪੰਜਾਬੀ ਕਵਿਤਾ
ਮੂਲਵਾਦ-ਪਰਵਾਸ, ਪੂਰਬ-ਪੱਛਮ, ਨਿੱਜ-ਪਰ ਅਤੇ ਬੰਧਨਾਂ ਆਦਿ ਦਾਇਰਿਆਂ ਦੇ
ਮੰਜ਼ਰਾਂ ਦੀ ਸਿਰਜਣਾ ਕਰਨ ਦੀ ਥਾਂ ਇਸ ਤੋਂ ਪਾਰ ਜਾਣ ਦੇ ਅਰਥਾਂ ਦਾ
ਕਾਵਿ-ਨਿਰਮਾਣ ਕਰਦੀ ਹੈ। ਇਹ ਯਥਾਰਥ ਦੀ ਪੇਸ਼ਕਾਰੀ ਦੇ ਸੱਚ ਤੋਂ ਅੱਗੇ ਜਾ
ਕੇ ਯਥਾਰਥ ਦੀ ਹਕੀਕਤ ਦੇ ਰੂਬਰੂ ਹੋਣ ਲਈ ਸਰਗਰਮ ਹੈ। ਸ਼ਾਇਦ ਇਹ
ਪ੍ਰਵਿਰਤੀ ਹੀ ਭਵਿੱਖ ਵਿਚ ਰਚੀ ਜਾਣ ਵਾਲੀ ਪੰਜਾਬੀ ਕਵਿਤਾ ਦੇ ਬਰਤਾਨਵੀ
ਪ੍ਰਸੰਗ ਨੂੰ ਨਵੀਂ ਦਿਸ਼ਾ ਅਤੇ ਸਰੂਪ ਪ੍ਰਦਾਨ ਕਰਨ ਵਿਚ ਸਹਾਈ ਹੋਵੇਗੀ।
|