ਪੁਸਤਕ ਦਾ ਨਾਂ – ਕਾਲੇ ਦਿਨ: 1984 ਤੋਂ ਬਾਅਦ ਸਿੱਖ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ: ਲਾਹੌਰ ਬੁਕਸ, ਲੁਧਿਆਣਾ
ਸਫ਼ੇ: 192 ਮੁੱਲ: 225 ਰੁਪਏ
ਹੱਥਲੀ ਪੁਸਤਕ “ਕਾਲੇ ਦਿਨ: 1984 ਤੋਂ ਬਾਅਦ ਸਿੱਖ” ਪੰਜਾਬ ਦੇ
ਦੁਖਾਂਤ ਨਾਲ ਜੁੜੀ ਹੋਈ ਹੈ, ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ
ਹਰਬੀਰ ਸਿੰਘ ਭੰਵਰ ਦੁਆਰਾ ਲਿਖੀ ਗਈ ਹੈ, ਵਾਰਤਿਕ ਦੀ ਵਿਲੱਖਣ ਪੁਸਤਕ ਹੈ।
ਬਲਿਊ ਸਟਾਰ ਤੋਂ ਬਾਅਦ
ਸਿੱਖਾਂ ’ਤੇ ਹੋਏ ਜ਼ੁਲਮ-ਤਸ਼ੱਦਦ, ਬਾਬਾ ਸੰਤਾ ਸਿੰਘ ਵੱਲੋਂ ਅਖੌਤੀ ਕਾਰ
ਸੇਵਾ ਕਰਨ ਦੇ ਮਨਸੂਬੇ ਬਣਾਉਣੇ, ਸਿੰਘ ਸਾਹਿਬਾਨ ਤੇ ਖਾੜਕੂਆਂ ਵੱਲੋ
ਆਯੋਜਿਤ ਸਰਬਤ ਖਾਲਸਾ ਸਮਾਗਮ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ
ਨਵ-ਨਿਰਮਾਣ, ਪੰਜਾਬ ਵਿਚ ਖਾੜਕੂਆਂ ਤੇ ਸੁਰੱਖਿਆਂ ਫੋਰਸਾਂ ਵਲੋਂ
ਹੱਤਿਆਵਾਂ ਦਾ ਦੌਰ, ਦੇਸ਼ ਵਿਚ ਸਭ ਤੋਂ ਲੰਬੇ ਗਵਰਨਰੀ ਰਾਜ ਦੌਰਾਨ ਵਧੀਕੀਆ
ਤੇ ਮਨੁੱਖੀ ਅਧਿਕਾਰਾਂ ਦਾ ਘਾਣ, ਤੇ ਆਖਿਰ ਖਾੜਕੂ ਲਹਿਰ ਦੇ ਪੱਤਨ ਬਾਰੇ
ਬਾਖ਼ੂਬੀ ਚਾਨਣਾ ਪਾਇਆ ਗਿਆ ਹੈ। ਇਹ ਸਾਰੀ ਪੁਸਤਕ ਹੀ 1980 ਤੋਂ 1990 ਤੀਕ
ਚਸ਼ਮ-ਦੀਦ ਗਵਾਹ ਹੋਣ ਦੀ ਹਾਮੀ ਭਰਦੀ ਹੈ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੈਂਬਰ ਰਾਜ
ਸਭਾ ਸ੍ਰੀ ਤਰਲੋਚਨ ਸਿੰਘ ਨੇ ‘ਮੁੱਖ ਬੰਦ’ ਵਿਚ ਲਿਖਿਆ ਹੈ ਕਿ ਇਤਿਹਾਸ
ਨੂੰ ਸਹੀ ਰੂਪ ਵਿਚ ਪੁਸ਼ਤਾਂ ਤਕ ਪੁਜਦਾ ਕਰਨ ਦੀ ਸ਼ਕਤੀ ਭੰਵਰ ਜੀ ਕੋਲ ਹੈ;
ਇਸ ਲਈ ਪੀ.ਐਚ.ਡੀ. ਦੇ ਥੀਸਿਸ ਵਾਂਗ ਲਿਖਣਾ ਚਾਹੀਦਾ ਹੈ
ਕਿਉਂਕਿ ਉਹ ਇਸ ਖ਼ੂਨੀ ਸਾਕੇ ਬਾਰੇ ਹੋਰ ਵੀ ਬਹੁਤ ਕੁਝ ਜਾਣਦੇ ਹਨ। ਇਸ
ਪੁਸਤਕ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਬਹੁਤ ਹੀ ਘੱਟ ਅੱਖਰਾਂ ਵਿਚ
ਵੱਡੇ-ਵੱਡੇ ਮਸਲਿਆਂ ਬਾਰੇ ਵਰਨਣ ਕੀਤਾ ਗਿਆ ਹੈ, ਜੋ ਕਾਬਿਲ-ਏ-ਤਰੀਫ਼ ਹੈ।
ਚਾਲੀ-ਪੰਜਤਾਲੀ ਸਾਲਾਂ ਦੀ ਪੱਤਰਕਾਰੀ ਦਾ ਸਿੱਟਾ ਹੈ ਕਿ ਭੰਵਰ ਸਾਹਿਬ
ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੱਤਾ। ਬਹੁਤ ਸਾਰੀਆਂ
ਹਿਰਦੇਵੇਦਕ ਘਟਨਾਵਾਂ ਨੂੰ ਨੇੜਿਉਂ ਤੱਕਿਆ, ਅਖ਼ਬਾਰਾਂ ਲਈ ਰਿਪੋਰਟਿੰਗ
ਕੀਤੀ। ਲੰਮੇ ਸਮੇਂ ਤੀਕਰ ਅੰਮ੍ਰਿਤਸਰ ਵਿਖੇ ਰਹਿੰਦੇ ਹੋਏ ਵੱਖ-ਵੱਖ
ਅੰਗਰੇਜ਼ੀ ਅਖ਼ਬਾਰਾਂ, ਖ਼ਬਰ ਏਜੰਸੀਆਂ, ਬੀ.ਬੀ.ਸੀ. (ਲੰਦਨ) ਆਦਿ ਲਈ ਕੰਮ
ਕਰਦੇ ਰਹੇ।
ਅਖ਼ਬਾਰਾਂ, ਮੈਗਜ਼ੀਨਾਂ ਵਿਚ ਲਿਖਣ ਦੇ ਇਲਾਵਾ 6 ਪੁਸਤਕਾਂ ਲਿਖ ਕੇ
ਪੰਜਾਬੀ ਸਾਹਿਤ ਦਾ ਖ਼ਜਾਨਾ ਭਰਪੂਰ ਕੀਤਾ ਹੈ। ਪੁਸਤਕ “ਡਾਇਰੀ ਦੇ ਪੰਨੇ”
ਜੋ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਬਾਰੇ ਬਹੁਤ ਮਕਬੂਲ ਹੋਈ
ਹੈ, 8 ਐਡੀਸ਼ਨਾਂ ਛਪ ਚੁਕੀਆਂ ਹਨ। ਹੱਥਲੀ ਪੁਸਤਕ ਵੀ ਧੜਾ-ਧੜ ਵਿਕੇਗੀ।
ਲੇਖਕ ਨੂੰ ਲੱਖ ਮੁਬਾਰਕ!
ਦਲਵੀਰ ਸਿੰਘ ਲੁਧਿਆਣਵੀ
ਮੋ: 94170 01983
# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013.
|