ਇਕ ਵਿਲੱਖਣ ਪੁਸਤਕ-
ਮਾਂ ਬੋਲੀ ਪੰਜਾਬੀ ਅਤੇ ਲੋਕ ਵਿਰਸੇ ਦਾ ਦਰਪਣ ਪੁਸਤਕ-
" ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ "
ਸੰਗ੍ਰਿਹ ਕਰਤਾ- ਜਨਮੇਜਾ ਸਿੰਘ ਜੌਹਲ
ਲੋਕ-ਸਾਹਿਤ ਲੋਕਾਂ ਦੀ ਸਿਰਜਣਾ ਹੈ ਜੋ ਮੌਖਿਕ ਪੱਧਰ ’ਤੇ ਪ੍ਵਾਹਮਾਨ
ਹੁੰਦੀ ਹੋਈ ਪ੍ਵਾਨ ਚੜ੍ਹਦੀ ਹੈ ਅਤੇ ਸਿਰੜੀ ਲੋਕਾਂ ਦੀ ਖੇਤਰੀ ਤੇ
ਦਸਤਾਵੇਜੀ ਖੋਜ-ਪੱਧਤੀ ਸਦਕਾ ਜਦੋਂ ਕਿਤਾਬੀ ਰੂਪ ਧਾਰਨ ਕਰ ਲੈਂਦੀ ਹੈ ਤਾਂ
ਸਦੀਵੀਂ ਬਣ ਜਾਂਦੀ ਹੈ। ਇਸੇ ਪ੍ਰਸੰਗਿਕਤਾ ’ਚ ਜਨਮੇਜਾ ਸਿੰਘ ਜੌਹਲ ਨੇ
ਹਥਲੀ ਪੁਸਤਕ ਵਿਚ ਲੋਕ-ਕਾਵਿ ਰੂਪਾਂ ਵਿਚੋਂ ਕੇਵਲ ਨਿੱਕੀਆਂ ਬੋਲੀਆਂ ਨੂੰ
ਅੰਕਿਤ ਕਰਕੇ ਵਿਲੱਖਣ ਕਾਰਜ ਕਰ ਵਿਖਾਇਆ ਹੈ। ਨਿੱਕੀਆਂ 'ਬੋਲੀਆਂ'
ਬੁਨਿਆਦੀ ਤੌਰ ’ਤੇ ਇਕ ਸਤਰੀ ਹੀ ਹੁੰਦੀਆਂ ਹਨ ਪਰੰਤੂ ਇਨ੍ਹਾਂ ਨੂੰ ਹੋਰ
ਵਧਾਉਣ ਖਾਤਰ ਇਸ ਇਕ ਮੂਲ ਸਤਰ ਤੋਂ ਪਹਿਲਾਂ ਜਾਂ ਮਗਰਲੇ ਪਾਸੇ ਦੁਹਰਾਓ
ਜਾਂ ਹੋਰ ਸ਼ਬਦਾਂ ਦੀ ਜੜ੍ਹਤ ਨਾਲ ਵਧਾਅ ਲਿਆ ਜਾਂਦਾ ਹੈ। ਪਰ ਮੂਲ
ਵਿਚਾਰਧਾਰਕ ਪੱਖ ਮੂਲ ਇਕ ਸਤਰ ’ਚ ਨਿਹਿਤ ਹੁੰਦਾ ਹੈ। ਵਿਗਿਆਨਕ
ਦ੍ਰਿਸ਼ਟੀਕੋਣ ਨੂੰ ਧਾਰਨ ਕਰਦਿਆਂ ਜਨਮੇਜਾ ਸਿੰਘ ਜੌਹਲ ਨੇ ਤਕਰੀਬਨ ਡੇਢ
ਹਜ਼ਾਰ ਨਿੱਕੀਆਂ ਬੋਲੀਆਂ ਨੂੰ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਤਰਤੀਬ ਦੇ
ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਸਭ ਬੋਲੀਆਂ ਪੰਜਾਬੀ ਲੋਕ ਜੀਵਨ ਦੇ
ਹਰ ਪੱਖ ਦਾ ਦਰਪਣ ਹਨ। ਇਕਾਂਗੀ ਜੀਵਨ ਸ਼ੈਲੀ ਦੇ ਤੌਰ ਤਰੀਕਿਆਂ ਤੋਂ ਲੈ ਕੇ
ਘਰ, ਪਰਿਵਾਰ, ਪਰਿਵਾਰਕ ਰਿਸ਼ਤਿਆਂ, ਗਲੀ-ਮੁਹੱਲੇ, ਪਿੰਡ, ਗਲ ਕੀ ਹਰ
ਪ੍ਰਕਾਰ ਦੇ ਸਮਾਜਕ , ਸਭਿਆਚਾਰਕ, ਨੈਤਿਕ, ਰਾਜਸੀ, ਆਰਥਿਕ, ਧਾਰਮਿਕ
ਵਰਤਾਰੇ, ਚੱਜ ਆਚਾਰ, ਵਰਤੋਂ-ਵਿਹਾਰ, ਖਾਣ-ਪੀਣ, ਪਹਿਣਨ ਹੰਢਾਉਣ,
ਪਾਉਣ-ਲਾਉਣ ਆਦਿ ਸਭਨਾਂ ਵਰਤ-ਵਰਤਾਰਿਆਂ ਦਾ ਜ਼ਿਕਰ ਮਾਣਮੱਤੇ ਅੰਦਾਜ਼ ’ਚ (
ਇਨ੍ਹਾਂ ਵਿਚ ) ਸਮਾਇਆ ਅਤੇ ਪ੍ਰਗਟਾਇਆ ਗਿਆ ਹੁੰਦਾ ਹੈ। ਕੁਝ ਕੁ ਬੋਲੀਆਂ
ਦਾ ਰਸ ਮਾਣਦੇ ਹੋਏ ਵਾਚੋ ਕਿ ਇਨ੍ਹਾਂ ਦਾ ਘੇਰਾ ਕਿਤਨਾ ਵਿਸ਼ਾਲ ਹੈ-
- ਉੱਠ ਗਿਆ ਬਸਰੇ ਨੂੰ, ਸੁੱਕਾ ਪਲੰਘ ਚੁਬਾਰੇ ਵਿਚ ਗੂੰਜੇ।
- ਉੱਤੇ ਡੋਰੀਆ ਗੰਢੇ ਦੀ ਛਿੱਲ ਵਰਗਾ, ਰੋਟੀ ਲੈ ਕੇ ਦਿਉਰ ਦੀ ਚੱਲੀ
।
- ਅਸਾਂ ਬਾਜਰੇ ਤੋਂ ਘੱਗਰਾ ਸੁਆਣਾ, ਬਾਜਰਾ ਨਾ ਉਜਾੜੋ ਤੋਤਿਉ ।
- ਸੌਣ ਮਹੀਨੇ ਦਿਨ ਗਿੱਧੇ ਦੇ, ਕੁੜੀਆਂ ਰਲ ਕੇ ਆਈਆਂ ।
- ਹੌਲੀ ਬੋਤਾ ਤੋਰ ਸੱਜਣਾ, ਮੇਰੇ ਸੱਜਰੇ ਵਿਨ੍ਹਾਏ ਕੰਨ ਦੁੱਖਦੇ ।
ਪਤੀ-ਪਤਨੀ, ਦਿਓਰ-ਭਰਜਾਈ, ਨਣਦ-ਭਾਬੀ, ਸੱਸ-ਨੂੰਹ, ਜੇਠ-ਜਿਠਾਣੀ ਅਤੇ
ਹੋਰ ਅਨੇਕਾਂ ਪ੍ਰਕਾਰ ਦੇ ਰਿਸ਼ਤਿਆਂ ਦਾ ਵਰਣਨ ਇਨ੍ਹਾਂ ਵਿਚੋਂ ਉੱਮਡ ਉੱਮਡ
ਪੈਂਦਾ ਹੈ। ਇਥੋਂ ਤੱਕ ਕਿ ਪ੍ਰਵਾਨਿਤ ਅਤੇ ਅਪ੍ਰਵਾਨਿਤ ਰਿਸ਼ਤਿਆਂ ਦੇ
ਦੁਖ਼ਦ-ਸੁਖ਼ਦ ਅਨੁਭਵਾਂ, ਅਹਿਸਾਸਾਂ ਅਤੇ ਪ੍ਗਟ ਭਾਵਨਾਵਾਂ ਦਾ ਜਜ਼ਬਾ ਵੀ
ਇਨ੍ਹਾਂ ’ਚੋਂ ਡੁਲ੍ਹ ਡੁਲ੍ਹ ਪੈਂਦਾ ਹੈ। ਚੋਰੀ-ਯਾਰੀ ਜਾਂ ਹੋਰ ਦਿਲੀ
ਗੁੱਭਗੁਭਾਟਾਂ ਦੇ ਕਲਪਨਾ ਮੁੱਖੀ ਸਰੂਪ ਨੂੰ ਵੀ ਇਹ ਬੋਲੀਆਂ ਪ੍ਗਟ ਕਰਦੀਆਂ
ਹਨ। ਲੋਕ-ਧਰਮ, ਲੋਕ-ਫ਼ਲਸਫਾ ਅਤੇ ਨੈਤਿਕ ਚੱਜ-ਆਚਾਰ ਅਤੇ ਚਰਿੱਤਰ ਦੇ
ਵਿਭਿੰਨ ਪੱਖਾਂ ਦਾ ਸੂਤ੍ਰਿਕ ਸ਼ੈਲੀ ’ਚ ਪ੍ਰਗਟਾਵਾ ਵੀ ਸਹਿਜੇ ਮਾਣਿਆ
ਮਹਿਸੂਸਿਆ ਅਤੇ ਸੁਣਿਆ ਜਾ ਸੱਕਣਾ ਸੰਭਵ ਹੁੰਦਾ ਹੈ। ਕੁਝ ਬੋਲੀਆਂ ਹਨ-
- ਉੱਚੇ ਬੈਠ ਕੇ ਗੁਰਾਂ ਨੇ ਤੀਰ ਮਾਰਿਆ, ਰੁੜ੍ਹੀ ਜਾਂਦੀ ਹਿੰਦ
ਰੱਖਲੀ ।
- ਉੱਚੇ ਭਵਨ ਦੇਵੀਏ ਤੇਰੇ, ਦਿਸਦੇ ਆਨੰਦਪੁਰੋਂ।
- ਰੱਬ ਮਿਲਦਾ ਗਰੀਬੀ ਦਾਵ੍ਹੇ, ਦੁਨੀਆਂ ਮਾਣ ਕਰਦੀ।
- ਮਰਨ ਗਰੀਬਾਂ ਦੇ ਤਕੜੇ ਦੀ ਸਰਦਾਰੀ।
- ਹੀਰਾ ਜਨਮ ਫੇਰ ਨੀ ਥਿਉਂਦਾ, ਭੰਗ ਭਾੜੇ ਖੋ ਨਾ ਦੇਈਂ।
ਲੋਕ-ਨਾਚਾਂ, ਲੋਕ-ਖੇਡਾਂ, ਲੋਕ-ਰੁਝੇਵਿਆਂ, ਕੰਮਾਂ-ਧੰਦਿਆਂ,
ਦੂਰ-ਦੁਰਾਡ ਦੀ ਨੌਕਰੀ ਆਦਿ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਬੋਲੀਆਂ
ਉਪਲੱਬਧ ਹਨ। ਇਸ ਤੋਂ ਛੁੱਟ ਅਨੇਕਾਂ ਗਹਿਣਿਆਂ, ਕੱਪੜੇ-ਲੱਤਿਆਂ ਅਤੇ
ਹਾਰ-ਸ਼ਿੰਗਾਰ ਦੀ ਪ੍ਰਾਪਤੀ ਵਾਸਤੇ ਉਮੰਗਾਂ ਅਤੇ ਪ੍ਰਾਪਤੀ ਹੋਣ ਉਪਰੰਤ
ਹਾਸਿਲ ਹੁੰਦੇ ਖੁਸ਼ੀ-ਖੇੜਿਆਂ ਦਾ ਵੀ ਇਨ੍ਹਾਂ ਬੋਲੀਆਂ ’ਚ ਜ਼ਿਕਰ ਹੈ।
- ਮੁੰਡਾ ਗੁੱਤ ਦੀ ਪਰਾਂਦੀ ਨਾਲੋਂ ਛੋਟਾ, ਬੰਦ ਪਾਵਾਂ ਕੀਹਦੇ ਆਸਰੇ।
- ਰਾਤੀਂ ਮੇਰੀ ਵੰਗ ਟੁੱਟ ਗਈ, ਸੁਪਨੇ ਗਈ ਮੁਕਲਾਵੇ।
- ਮੈਨੂੰ ਨੱਚਦੀ ਨੂੰ ਦੇਖਣ ਆਇਆ, ਕਾਲਾ ਭੂੰਡ ਜਿਹਾ।
- ਮੈਂ ਆਰਸੀ ਦਾ ਕੌਲ ਬਣਾਇਆ, ਅੱਧੀ ਰਾਤੀਂ ਪਾਣੀ ਮੰਗਿਆ।
ਪੰਜਾਬੀਆਂ ਦੀ ਬਹਾਦਰੀ, ਸੂਰਮਗਤੀ ਅਤੇ ਅਣਖ-ਗੈਰਤ ਨੂੰ ਵੀ ਇਹ ਬੋਲੀਆਂ
ਲੋਕ-ਨਾਇਕ ਦੁੱਲਾ, ਜੱਗਾ ਡਾਕੂ, ਜੀਊਣਾ ਮੌੜ ਆਦਿ ਨਾਲ ਸੰਬੰਧਿਤ ਬੋਲੀਆਂ
ਜ਼ਰੀਏ ਪ੍ਰਗਟ ਕਰਦੀਆਂ ਹਨ ਅਤੇ ਵੀਰਾਂ ( ਭਰਾਵਾਂ ) ਦੀ ਬਹਾਦਰੀ ਦਾ ਇਜ਼ਹਾਰ
ਵੀ ਇਹ ਲੋਕ-ਬੋਲੀਆਂ ਮੁਹਾਵਰੇਦਾਰ ਭਾਸ਼ਕ ਸਤਰਾਂ ਦੇ ਮਾਧਿਅਮ ਰਾਹੀਂ
ਕਰਦੀਆਂ ਹਨ। ਕੁਝ ਕੁ ਉਦਾਹਰਣਾਂ ਹਾਜ਼ਰ ਹਨ-
- ਜੱਗੇ ਮਾਰਿਆ ਸੈਦਪੁਰ ਡਾਕਾ, ਤਾਰਾਂ ਖੜਕ ਗਈਆਂ।
- ਬੋਤਾ ਮਾਹੀ ਦਾ ਨਜ਼ਰ ਨਾ ਆਵੇ, ਉੱਡਦੀ ਧੂੜ ਦਿਸੇ।
- ਮਿੱਤਰਾਂ ਦੀ ਲੂਣ ਦੀ ਡਲੀ, ਮਿਸ਼ਰੀ ਕਰਕੇ ਜਾਣੀਂ।
ਗਿਆਨ-ਵਿਗਿਆਨ, ਸੂਚਨਾ ਤਕਨਾਲੋਜੀ ਤੋਂ ਪ੍ਰਾਪਤ ਸੁੱਖ-ਸਹੂਲਤਾਂ ਆਦਿ
ਦਾ ਵੀ ਇਨ੍ਹਾਂ ਨਿੱਕੀਆਂ ਮੁਹੱਬਤੀ ਬੋਲੀਆਂ ’ਚ ਜ਼ਿਕਰ ਹੈ ਅਤੇ
ਰਾਜਸੀ-ਪ੍ਰਸ਼ਾਸਨਿਕ ਵਰਤਾਰੇ ਦਾ ਵੀ ਖੂਬ ਬਿਆਨ ਹੈ ਜਿਵੇਂ-
- ਜਦੋਂ ਖੁਲ੍ਹ ਗਈਆਂ ਲੋਕ ਕਚਹਿਰੀਆਂ, ਨਿਆਂ ਹੋਊ ਜੰਤਾ ਦਾ।
ਨੈਤਿਕ ਚੱਜ ਆਚਾਰ ਨੂੰ ਪ੍ਰਗਟਾਂਦੀਆਂ ਇਹ ਦੋ ਬੋਲੀਆਂ ਵੀ ਗੌਲਣਯੋਗ ਹਨ
ਕਿ-
- ਝੂਠਾ ਨੇਮ ਨਾ ਚੁੱਕੀਂ ਭਰਜਾਈਏ, ਬਰਮੇਂ ਦੇ ਹੇਠ ਖੜ੍ਹਕੇ।
- ਝੋਲੀ ਚੁੱਕਾਂ ਦਾ ਸਾਥ ਨਹੀਂ ਦੇਣਾ, ਪੰਥ ਭਾਵੇਂ ਸਿਰ ਮੰਗ ਲੇ।
ਸੁਹਜ-ਸੁਹੱਪਣ, ਮਖੌਲ ਠੱਟਾ, ਪਿਆਰ, ਮਿਲਾਪ, ਵਿਛੋੜਾ, ਸਿਫ਼ਤ,
ਉਲਾਂਭਾ, ਰੁਸੇਵਾਂ, ਮਣਤ ਮਨੌਤ ਨੂੰ ਵੀ ਇਨ੍ਹਾਂ ਬੋਲੀਆਂ ’ਚੋਂ
ਥਾਂ-ਪੁਰ-ਥਾਂ, ਡਲ੍ਹਕਾਂ ਮਾਰਦਾ ਹੋਇਆ ਵਾਚਿਆ ਜਾ ਸਕਦਾ ਹੈ। ਮਨੁੱਖ ਨੂੰ
ਸਰਲ, ਸਪੱਸ਼ਟ ਅਤੇ ਪਿਆਰ- ਮੁਹੱਬਤ ਭਰਿਆ ਜੀਵਨ-ਢੰਗ ਸਿਖਾਉਣ ਅਤੇ ਹਰ
ਹਾਲਾਤ ’ਚ ਸੁੱਖੀ-ਸਾਂਦੀ ਜੀਊਣ ਦੇ ਸਬਰ-ਸੰਤੋਖ ਨੂੰ ਵੀ ਇਹ ਬੋਲੀਆਂ ਖੂਬ
ਉਘਾੜਦੀਆਂ ਹੋਈਆਂ ਅਖੁੱਟ ਸਚਾਈਆਂ ਪੇਸ਼ ਕਰ ਜਾਂਦੀਆਂ ਜਾਪੀਆਂ ਹਨ।
ਮੁਹੱਬਤੀ ਬੋਲੀਆਂ ਦੇ ਇਸ ਸੰਗ੍ਹਿ ਦੀ ਅੰਤਿਮ ਬੋਲੀ ਹੈ ਕਿ
- ਵੈਰੀ ਹੋਣਗੇ ਢਿੱਡਾਂ ਨੂੰ ਪਾੜ ਖਾਣੇ, ਧਰਤੀ ਤਾਂ ਮਾਂ ਲੱਗਦੀ।
ਪਰੰਤੂ ਅਜਿਹੀਆਂ ਬੋਲੀਆਂ ਦੇ ਇਕੱਤਰੀਕਰਨ ਦਾ ਇਹ ਅੰਤ ਨਹੀਂ ਹੈ।
ਜਨਮੇਜਾ ਸਿੰਘ ਜੌਹਲ ਦਾ ਇਹ ਨਿੱਘਰ ਉਪਰਾਲਾ ਅਗਲੇ ਐਸੇ ਹੀ ਸੰਗ੍ਰਿਹ ਲਈ
ਤੱਤਪਰ ਹੈ।
ਪਤਾ-ਡਾ. ਜਗੀਰ ਸਿੰਘ ਨੂਰ 9814209732, ਏ-9, ਚਾਹਲ ਨਗਰ,
ਫਗਵਾੜਾ-144401
|