ਪੰਜਾਬੀ ਆਰਸੀ ਸਰੀ – ਕੈਨੇਡਾ ( ਦਵਿੰਦਰ ਪੂਨੀਆ ) – 21 ਜੁਲਾਈ,
2013 ਦਿਨ ਐਵਤਾਰ ਨੂੰ ਸਰੀ ਦੇ ਨਾਦ ਫਾਊਂਡੇਸ਼ਨ ਵਿਖੇ ਪੰਜਾਬੀ ਆਰਸੀ
ਰਾਈਟਰਜ਼ ਕਲੱਬ ਇੰਟਰ. ਵੱਲੋਂ ਇਕ ਸ਼ਾਨਦਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ
ਗਿਆ, ਜਿਸ ਵਿਚ ਸਰੀ, ਬੀ.ਸੀ. ਵਸਦੀ ਸ਼ਾਇਰਾ ਤਨਦੀਪ ਤਮੰਨਾ ਦਾ ਬਹੁ-ਚਰਚਿਤ
ਪਲੇਠਾ ਕਾਵਿ -ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਕੀਤਾ ਗਿਆ ਅਤੇ
ਰਵਿੰਦਰ ਰਵੀ, ਪਰਮਿੰਦਰ ਸੋਢੀ ਨੂੰ ‘ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ’
ਨਾਲ਼ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਦੁਪਹਿਰ ਡੇਢ ਵਜੇ ਤੋਂ ਸ਼ੁਰੂ ਹੋ ਕੇ
ਸ਼ਾਮ ਦੇ ਪੰਜ ਵਜੇ ਤੱਕ ਚੱਲਿਆ, ਜਿਸ ਵਿਚ 125 ਦੇ ਕਰੀਬ ਸਾਹਿਤ ਪ੍ਰੇਮੀਆਂ
ਨੇ ਸ਼ਿਰਕਤ ਕੀਤੀ।
ਸਮਾਗਮ ਦੇ ਸ਼ੁਰੂ ਵਿਚ ਸਰੀ ਵਸਦੇ ਸ਼ਾਇਰ ਜਸਬੀਰ ਮਾਹਲ ਹੁਰਾਂ ਨੇ ਆਏ
ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਟੈਰੇਸ, ਬੀ.ਸੀ. ਵਸਦੇ
ਲੇਖਕ ਰਵਿੰਦਰ ਰਵੀ ਹੁਰਾਂ ਦੀ ਸਰਪ੍ਰਸਤੀ ਵਿਚ ਚੱਲ ਰਿਹਾ ਆਰਸੀ ਕਲੱਬ
ਮਿਆਰੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਕਈ ਵਰ੍ਹਿਆਂ ਤੋਂ ਵਚਨ-ਬੱਧ ਹੈ।
ਮਾਹਲ ਨੇ ਦੱਸਿਆ ਇਹ ਕਲੱਬ ਦਾ ਪੰਜਵਾਂ ਸਮਾਗਮ ਹੈ ਫੇਰ ਉਸਨੇ ਆਰਸੀ ਵੱਲੋਂ
ਰਵਿੰਦਰ ਰਵੀ, ਪਰਮਿੰਦਰ ਸੋਢੀ, ਚਰਨ ਸਿੰਘ ਅਤੇ ਤਨਦੀਪ ਤਮੰਨਾ ਨੂੰ
ਪ੍ਰਧਾਨਗੀ ਮੰਡਲ ਵਿਚ ਆਪਣੀਆਂ ਸੀਟਾਂ ‘ਤੇ ਸੁਸ਼ੋਭਿਤ ਹੋਣ ਦਾ ਸੱਦਾ
ਦਿੱਤਾ। ਦਵਿੰਦਰ ਪੂਨੀਆ ਨੇ ਰਵਿੰਦਰ ਰਵੀ ਨੂੰ ਟੈਰੇਸ ਤੋਂ ਅਤੇ ਪਰਮਿੰਦਰ
ਸੋਢੀ ਨੂੰ ਜਾਪਾਨ ਤੋਂ ਉਚੇਚੇ ਤੌਰ ‘ਤੇ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ
ਪ੍ਰਵਾਨ ਕਰਨ ‘ਤੇ ਸ਼ੁਕਰੀਆ ਅਦਾ ਕਰਦਿਆਂ, ਕਲੱਬ ਵਿਚ ਖ਼ੁਸ਼ਆਮਦੇਦ ਕਿਹਾ।
ਸਭ ਤੋਂ ਪਹਿਲਾਂ ਜਸਬੀਰ ਮਾਹਲ ਨੇ ਰਵਿੰਦਰ ਰਵੀ ਨੂੰ ਤਨਦੀਪ ਤਮੰਨਾ ਦੀ
ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ। ਰਵੀ ਨੇ ਤਨਦੀਪ
ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਇਕ ਦੀਵਾ ਇਕ ਦਰਿਆ’ ਦੇ ਕਿਤਾਬੀ ਰੂਪ ਵਿਚ
ਪ੍ਰਕਾਸ਼ਿਤ ਹੋਣ ਨਾਲ਼ ਕਵਿਤਾ ਦੇ ਖੇਤਰ ਵਿਚ ਪੈਦਾ ਹੋਇਆ ਖ਼ਲਾਅ ਭਰ ਗਿਆ ਹੈ।
ਤਮੰਨਾ ਨੇ ਆਪਣੀ ਖ਼ੂਬਸੂਰਤ ਆਮਦ ਨਾਲ਼ ਖੜ੍ਹੇ ਪਾਣੀਆਂ ਵਿਚ ਢੀਮ ਮਾਰ ਕੇ
ਜ਼ੋਰਦਾਰ ਹਲਚਲ ਅਤੇ ਲਹਿਰਾਂ ਪੈਦਾ ਕਰ ਦਿੱਤੀਆਂ ਹਨ।ਉਸ ਨੇ ਇਹ ਵੀ ਕਿਹਾ
ਕਿ ਇਸ ਕਾਵਿ-ਸੰਗ੍ਰਿਹ ਨਾਲ਼ ਪੰਜਾਬੀ ਵਿਚ ਕਵਿਤਾ ਰਚਣ ਵਾਲ਼ੀਆਂ ਸ਼ਾਇਰਾਵਾਂ
ਦੀ ਸਫ਼ ਵਿਚ ਉਹ ਮੂਹਰੇ ਜਾ ਖਲੋਈ ਹੈ। ਕਿਉਂਕਿ ਇੰਡੀਆ, ਇੰਗਲੈਂਡ, ਅਮਰੀਕਾ
ਅਤੇ ਕੈਨੇਡਾ ਵਿਚ ਵਸਦੀਆਂ ਬਹੁਤੀਆਂ ਕਵਿੱਤਰੀਆਂ ਚੁੱਪ ਹੋ ਗਈਆਂ ਹਨ,
ਤਨਦੀਪ ਦੀ ਆਮਦ ਸ਼ੁੱਭ ਸ਼ਗਨ ਅਤੇ ਖ਼ੂਬਸੂਰਤ ਇਜ਼ਾਫ਼ਾ ਹੈ, ਅਸੀਂ ਇਸਨੂੰ ਖ਼ਾਮੋਸ਼
ਨਹੀਂ ਹੋਣ ਦਿਆਂਗੇ।ਫੇਰ ਰਵਿੰਦਰ ਰਵੀ ਨੇ ਆਪਣੇ ਸਾਹਿਤਕ ਸਫ਼ਰ ਬਾਰੇ
ਵਿਸਤਾਰ ਸਹਿਤ ਚਾਨਣਾ ਪਾਇਆ।
ਇਸ ਉਪਰੰਤ ਸਟੇਜ ਸਕੱਤਰ ਮਾਹਲ ਨੇ ਤਨਦੀਪ ਦੀ ਕਿਤਾਬ ਦੇ ਲੋਕ ਅਰਪਣ
ਸਿਲਸਿਲੇ ‘ਚ ਜਾਪਾਨ ਤੋਂ ਉਚੇਚੇ ਤੌਰ ‘ਤੇ ਪਧਾਰੇ ਲੇਖਕ ਪਰਮਿੰਦਰ ਸੋਢੀ
ਨੂੰ ਸੱਦਾ ਦਿਤਾ।ਸੋਢੀ ਨੇ ਕਿਹਾ ਕਿ ਕਿਤਾਬ ਪੜ੍ਹਦਿਆਂ ਉਸ ਨੂੰ ਤਨਦੀਪ ਦੀ
ਸ਼ਾਇਰੀ ਵਿਚ ਨਾਰੀਵਾਦ ਦੇ ਹੱਕ ਵਿਚ ਕੋਈ ਬਨਾਵਟੀਪਣ ਨਹੀਂ ਲੱਗਿਆ ਜੋ
ਸ਼ਾਇਰਾਵਾਂ ਦੀ ਲੇਖਣੀ ਦਾ ਮੁੱਖ ਹਿੱਸਾ ਹੁੰਦਾ ਹੈ ਅਤੇ ਆਮ ਵੇਖਣ ਨੂੰ
ਮਿਲ਼ਦਾ ਹੈ, ਬਲਕਿ ਜੇ ਬਿਨਾ ਤਨਦੀਪ ਦਾ ਨਾਮ ਲਿਆਂ ਇਹ ਨਜ਼ਮਾਂ ਪੜ੍ਹੀਆਂ
ਜਾਣ ਤਾਂ ਪਤਾ ਨਹੀਂ ਲੱਗੇਗਾ ਕਿ ਉਹ ਸ਼ਾਇਰ ਹੈ ਜਾਂ ਸ਼ਾਇਰਾ, ਸੋ ਉਸ ਦੀ
ਸ਼ਾਇਰੀ ‘ਤੇ ਮਹਿਲਾ ਸ਼ਾਇਰਾ ਹੋਣ ਦਾ ਠੱਪਾ ਲਗਾਉਣਾ ਵਾਜਿਬ ਨਹੀਂ ਹੋਵੇਗਾ,
ਉਸ ਨੇ ਬਹੁਤੇ ਸਥਾਪਿਤ ਸ਼ਾਇਰਾਂ ਤੋਂ ਵੀ ਉਮਦਾ ਸ਼ਾਇਰੀ ਦਾ ਨਮੂਨਾ ਇਸ
ਕਿਤਾਬ ਵਿਚ ਪੇਸ਼ ਕੀਤਾ ਹੈ।ਉਸ ਦੀ ਸ਼ਾਇਰੀ ਇਸਤਰੀਵਾਦੀ ਉਲਾਰ ਨਹੀਂ, ਬਲਕਿ
ਮੁਹੱਬਤ ਦਾ ਸੰਵਾਦ ਰਚਾਉਂਦੀ ਮਨੁੱਖਵਾਦੀ ਸ਼ਾਇਰੀ ਹੈ। ਇਸ ਉਪਰੰਤ ਪਰਮਿੰਦਰ
ਸੋਢੀ ਨੇ ਸੰਖੇਪ ਵਿਚ ਆਪਣੇ ਸਾਹਿਤਕ ਜੀਵਨ ਬਾਰੇ ਦੱਸਿਆ ਅਤੇ ਆਪਣੇ
ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਿਹ ‘ਪਲ ਛਿਣ ਜੀਣਾ’ ਵਿੱਚੋਂ ਇਕ ਨਜ਼ਮ ਸਾਂਝੀ
ਕੀਤੀ।
ਰਿਚਮੰਡ ਵਸਦੇ ਬੌਧਿਕ ਸ਼ਾਇਰ ਚਰਨ ਸਿੰਘ ਨੇ ਕਿਹਾ ਕਿ ਤਨਦੀਪ ਦੀ ਸ਼ਾਇਰੀ
ਦਾ ਸੋਮਾ ਵਿਅਕਤੀਗਤ ਤੋਂ ਸਰਬ-ਵਿਆਪਕ ਹੋ ਜਾਂਦਾ ਹੈ। ਬਿੰਬ ਵਿਧਾਨ ਬਹੁਤ
ਵੱਖਰਾ ਅਤੇ ਤਾਜ਼ਾ ਨਰੋਆ ਹੈ। ਸ਼ਬਦਾਂ, ਅਰਥਾਂ ਅਤੇ ਚਿਤਰਕਾਰੀ ਦਾ ਮਿਸ਼ਰਣ
ਇਹ ਕਿਤਾਬ ਆਤਮ ਸੰਤੋਸ਼ ਦਾ ਨਹੀਂ, ਆਤਮ ਖੋਜ ਦਾ ਕਾਵਿ ਹੈ, ਜਿਸ ਦੀ ਪੜਚੋਲ
ਕਰਨ ਲਈ ਆਲੋਚਕਾਂ ਨੂੰ ਨਵੀਨ ਆਲੋਚਨਾ ਪ੍ਰਣਾਲੀ ਦੀ ਜ਼ਰੂਰਤ ਹੈ।
ਵੈਨਕੂਵਰ ਵਸਦੇ ਅੰਗਰੇਜ਼ੀ ਦੇ ਸ਼ਾਇਰ ਅਸ਼ੋਕ ਭਾਰਗਵ ਨੇ ਤਨਦੀਪ ਦੇ
ਕਾਵਿ-ਸੰਗ੍ਰਿਹ ਦਾ ਉਸ ਦੀ ਹੀ ਇਕ ਨਜ਼ਮ ‘ਜਦੋਂ ਆਪਾਂ ਜੁਦਾ ਹੋਏ’ ਪੜ੍ਹ ਕੇ
ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਇਸ ਨਜ਼ਮ ਵਿਚਲੇ ਬਿੰਬ ਅਨੁਸਾਰ, ਧੂੰਆਂ
ਚਿਮਨੀ ‘ਚੋਂ ਬਾਹਰ ਨਿਕਲ਼ ਰਿਹਾ ਸੀ, ਪਰ ਛੱਤ ਹੇਠਾਂ ਸ਼ਾਇਰੀ ਦੀ ਇਹ ਅੱਗ
ਮੁਸੱਲਸਲ ਬਲ਼ਦੀ ਰਹੇਗੀ।
ਮਨਜੀਤ ਮੀਤ ਨੇ ਕਿਤਾਬ ਬਾਰੇ ਵਿਚਾਰ ਪ੍ਰਗਟ ਕਰਦਿਆਂ ਤਨਦੀਪ ਦੀ ਸ਼ਾਇਰੀ
ਦੇ ਭਾਵਕ, ਬੌਧਿਕ ਅਤੇ ਕਾਵਿਕ ਤੱਤ ਦਾ ਵਿਸ਼ਲੇਸ਼ਣ ਕਰਦਿਆਂ, ਨਜ਼ਮਾਂ ਵਿਚਲੀ
ਸਤਰਬੰਦੀ ਅਤੇ ਲਫ਼ਜ਼ਾਂ ਦੀ ਬਾ-ਕਮਾਲ ਚੋਣ ‘ਤੇ ਜ਼ੋਰ ਦੇ ਕੇ ਗੱਲ ਅੱਗੇ
ਤੋਰੀ।ਮੀਤ ਨੇ ਕਿਹਾ ਕਿ ਇਹ ਹਰ ਕੋਣ ਤੋਂ ਨਵੀਂ ਅਤੇ ਵੱਖਰੀ ਸ਼ਾਇਰੀ ਦਾ
ਹੁਲਾਰਾ ਹੈ ਜਿਸ ਦਾ ਬਿੰਬ ਵਿਧਾਨ ਪਾਠਕ ਨੂੰ ਚਕਿਤ ਕਰ ਦਿੰਦਾ ਹੈ।
ਦਵਿੰਦਰ ਪੂਨੀਆ ਨੇ ਕਿਹਾ ਕਿ ਹਰ ਸ਼ਬਦ ਦੀ ਆਪਣੀ ਜੋਤ ਅਤੇ ਕੀਮਤ ਹੁੰਦੀ
ਹੈ, ਜਿਸਨੂੰ ਸਮਝਣਾ ਹਰੇਕ ਦੇ ਹਿੱਸੇ ਨਹੀਂ ਆਉਂਦਾ, ਖ਼ੁਸ਼ਕਿਸਮਤੀ ਨਾਲ਼ ਇਹ
ਤਨਦੀਪ ਦੇ ਹਿੱਸੇ ਆਇਆ ਹੈ। ਨਜ਼ਮਾਂ ਵਿਚ ਵਰਤੇ ਖ਼ਾਸ ਨਾਂਵ, ਇਤਿਹਾਸਕ ਅਤੇ
ਮਿਥਿਹਾਸਕ ਸੰਕੇਤ ਸੋਚ ਸਮਝ ਕੇ ਵਰਤੇ ਗਏ ਹਨ, ਜਿਵੇਂ ਵਰਤੇ ਜਾਣੇ ਚਾਹੀਦੇ
ਸਨ।
ਨਨਾਇਮੋ ਆਈਲੈਂਡ ਤੋਂ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ‘ਆਸਥਾ’ ਵਾਲ਼ੇ
ਸ਼ਾਇਰ ਤੇਜਵਿੰਦਰ ਬਰਾੜ ਨੇ ਕਿਹਾ ਕਿ ਤਨਦੀਪ ਦੀ ਕਵਿਤਾ ਜਸ਼ਨ ਦੀ ਕਵਿਤਾ ਹੈ
ਜੋ ਕਿਸੇ ਵਾਦ ਨਾਲ਼ ਮੇਲ਼ ਨਹੀਂ ਖਾਂਦੀ, ਇਸ ਦਾ ਮੁਹਾਂਦਰਾ ਬਿਲਕੁਲ ਵੱਖਰਾ,
ਬਿੰਬ ਖ਼ਾਲਸ ਅਤੇ ਬਹੁਤ ਪ੍ਰਭਾਵਸ਼ਾਲੀ ਹਨ। ਆਪਣੇ ਜਜ਼ਬਾਤ ਨੂੰ ਅੱਖਰਾਂ ਵਿਚ
ਚਿਣ ਦੇਣ ਦਾ ਇਹ ਮੁਹੱਬਤੀ ਹੁਨਰ ਉਸਦਾ ਹਾਸਿਲ ਹੈ। ਉਸ ਦੇ ਸ਼ਬਦਾਂ ਦੇ
ਪਰਿੰਦੇ ਮਿਥਿਹਾਸਕ, ਇਤਿਹਾਸਕ ਵੰਨਗੀਆਂ ਨੂੰ ਨਵਪ੍ਰਭਾਸ਼ਿਤ ਕਰਨ ਦੇ ਆਹਰ
ਵਿਚ ਪਾਠਕ ਦੇ ਮਨ ਅੰਦਰ ਕਿਧਰੇ ਖੌਰੂ ਪਾਉਣ ਲੱਗਦੇ ਹਨ।ਉਹ ਪਾਠਕ ਲਈ ਕਈ
ਕੁਝ ਅਣਕਿਹਾ ਛੱਡ ਜਾਂਦੀ ਹੈ, ਇਹ ਉਸਦੀ ਕਵਿਤਾ ਦਾ ਉਘੜਵਾਂ ਲੱਛਣ ਹੈ।ਉਸ
ਦੀਆਂ ਕਵਿਤਾਵਾਂ ਵਿਚ ਖ਼ਾਮੋਸ਼ੀ ਦੇ ਜਜ਼ੀਰੇ ਵੀ ਹਨ ਅਤੇ ਜ਼ਖ਼ਮੀ ਪਰਿੰਦਿਆਂ ਦਾ
ਰੁਦਨ ਵੀ। ਉਸ ਦੀ ਮੁਹੱਬਤੀ ਗੁਫ਼ਾ ਦੇ ਦਰਸ਼ਨ ਕਰਦਿਆਂ ਕੋਈ ਉਸ ਦੇ ਜਜ਼ਬਿਆਂ
ਦੇ ਸਮੁੰਦਰ ‘ਚ ਨਾ ਰਿੜ੍ਹੇ ਤਾਂ ਸਿਰੜ ਵਾਲ਼ਾ ਹੀ ਹੋਵੇਗਾ।
ਗ਼ਜ਼ਲਗੋ ਗੁਰਦਰਸ਼ਨ ਬਾਦਲ ਨੇ ਕਿਹਾ ਕਿ ਤਨਦੀਪ ਉਹਨਾਂ ਦੇ ਖ਼ਾਨਦਾਨ ਵਿਚ
ਸ਼ਾਇਰੀ ਨੂੰ ਸਮਰਪਿਤ ਤੀਸਰੀ ਪੀੜ੍ਹੀ ਹੈ। ਵਧਾਈ ਦਿੰਦਿਆਂ ਉਸ ਨੇ ਕਿਹਾ ਕਿ
ਇਹ ਬਹੁਤ ਖ਼ੁਸ਼ੀ ਅਤੇ ਮਾਣ ਵਾਲ਼ੀ ਗੱਲ ਹੈ ਕਿ ਉਸ ਤੋਂ ਅੱਗੇ, ਘਰ ਵਿਚ
ਸ਼ਾਇਰੀ ਦੀ ਜੋਤ ਤਨਦੀਪ ਨੇ ਜਗਦੀ ਰੱਖੀ ਹੈ ਤੇ ਆਸ ਹੈ ਕਿ ਉਹ ਕਦੇ ਨਾ ਕਦੇ
ਗ਼ਜ਼ਲ ਸੰਗ੍ਰਹਿ ਛਪਵਾ ਕੇ ਉਸ ਦੀ ਇੱਛਾ ਵੀ ਜ਼ਰੂਰ ਪੂਰੀ ਕਰੇਗੀ।
ਇਸ ਉਪਰੰਤ ਜਸਬੀਰ ਮਾਹਲ ਨੇ ਤਨਦੀਪ ਤਮੰਨਾ ਨੂੰ ਸੱਦਾ ਦਿੰਦਿਆਂ ਕਿਹਾ
ਕਿ ਤਨਦੀਪ ਮਹਿਫ਼ਲਾਂ, ਸਭਾਵਾਂ ਤੋਂ ਦੂਰ ਅਤੇ ਆਮ ਤੌਰ ‘ਤੇ ਖ਼ਾਮੋਸ਼ ਰਹਿਣ
ਵਾਲ਼ੀ ਸ਼ਾਇਰਾ ਹੈ ਜਿਸਨੇ ਪਹਿਲੇ ਕਾਵਿ-ਸੰਗ੍ਰਹਿ ਨਾਲ਼ ਕਵਿਤਾ ਦੇ ਖੇਤਰ ਵਿਚ
ਆਪਣਾ ਮੁਕਾਮ ਸੁਨਸ਼ਿਚਿਤ ਕਰ ਲਿਆ ਹੈ। ਤਨਦੀਪ ਨੇ ਰਵਿੰਦਰ ਰਵੀ, ਪਰਮਿੰਦਰ
ਸੋਢੀ ਅਤੇ ਸਾਰੇ ਹਾਜ਼ਿਰ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਆਪਣੇ ਬਚਪਨ,
ਸਿੱਖਿਆ ਅਤੇ ਸਾਹਿਤਕ ਸਫ਼ਰ ਬਾਰੇ ਵਿਸਤਾਰ ਅਤੇ ਢੁਕਵੇਂ ਲਫ਼ਜ਼ਾਂ ਵਿਚ ਜ਼ਿਕਰ
ਕੀਤਾ। ਉਸ ਨੇ ਕਿਹਾ ਕਿ ਘਰ ਵਿਚ ਗ਼ਜ਼ਲਗੋਈ ਦਾ ਮਾਹੌਲ ਸੀ, ਉਸ ਨੇ ਘਰ ਵਿਚ
ਆਉਂਦੀ ਗ਼ਜ਼ਲ ਦੀ ਹਰ ਕਿਤਾਬ ਬਚਪਨ ਤੋਂ ਹੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ,
ਏਸੇ ਕਰਕੇ ਉਸਨੂੰ ਗ਼ਜ਼ਲ ਨਾਲ਼ ਮੋਹ ਹੈ। ਪਰ ਆਪਣੇ ਜਜ਼ਬਾਤ ਦੇ ਪ੍ਰਗਟਾਅ ਲਈ
ਉਸ ਨੂੰ ਨਜ਼ਮ ਹੀ ਬਿਹਤਰ ਸਿਨਫ਼ ਲੱਗੀ ਹੈ ਅਤੇ ਕਵਿਤਾ ਲਿਖ ਕੇ ਉਸ ਨੂੰ
ਸੰਤੁਸ਼ਟੀ ਮਿਲ਼ਦੀ ਹੈ, ਚਾਹੇ ਉਸ ਨੇ ਕੁਝ ਛੰਦ ਬੱਧ ਅਤੇ ਪ੍ਰਗੀਤਕ ਰੰਗ ਦੀ
ਸ਼ਾਇਰੀ ‘ਤੇ ਵੀ ਕਲਮ ਅਜ਼ਮਾਈ ਕੀਤੀ ਹੈ, ਨਜ਼ਮ ਨਾਲ਼ ਉਸ ਦੀ ਰੂਹਾਨੀ ਮੁਹੱਬਤ
ਹੈ, ਕਿਉਂਕਿ ਇਸਦਾ ਕੈਨਵਸ ਬਹੁਤ ਵਿਸ਼ਾਲ ਹੈ, ਤੇ ਉਸ ਨੂੰ ਖੁੱਲ੍ਹੀਆਂ
ਕਾਵਿ-ਉਡਾਰੀਆਂ ਲਾਉਣ ਲਈ ਮਨ-ਭਾਉਂਦਾ ਅਸਮਾਨ ਮਿਲ਼ਦਾ ਹੈ। ਉਸ ਨੇ ਰਵਿੰਦਰ
ਰਵੀ, ਪਰਮਿੰਦਰ ਸੋਢੀ, ਦਰਸ਼ਨ ਦਰਵੇਸ਼, ਹਸਨ ਅੱਬਾਸੀ, ਸੁਰਿੰਦਰ ਸੋਹਲ,
ਪ੍ਰਤੀਕ ਆਰਟਿਸਟ, ਜਸਬੀਰ ਮਾਹਲ ਅਤੇ ਦਵਿੰਦਰ ਪੂਨੀਆ ਦਾ ਵਿਸ਼ੇਸ਼ ਤੌਰ ਤੇ
ਜ਼ਿਕਰ ਕਰਕੇ ਧੰਨਵਾਦ ਕੀਤਾ। ਉਸ ਨੇ ਆਪਣੀ ਰਿਲੀਜ਼ ਹੋ ਰਹੀ ਕਿਤਾਬ ‘ਇਕ
ਦੀਵਾ ਇਕ ਦਰਿਆ’ ਵਿੱਚੋਂ ਲਈ ਕਈ ਨਜ਼ਮਾਂ ਆਪਣੇ ਖ਼ੂਬਸੂਰਤ ਅੰਦਾਜ਼ ਅਤੇ
ਸੁਲ਼ਝੇ ਹੋਏ ਉਚਾਰਣ ਵਿਚ ਸਾਂਝੀਆਂ ਕਰਕੇ ਹਾਜ਼ਿਰ ਅਦੀਬਾਂ ਅਤੇ ਮਹਿਮਾਨਾਂ
ਵੱਲੋਂ ਭਰਪੂਰ ਵਾਹ ਵਾਹ ਖੱਟੀ।
ਗੁਰਵਿੰਦਰ ਧਾਲੀਵਾਲ ਨੇ ਤਨਦੀਪ ਨੂੰ ਵਧਾਈ ਦਿੰਦਿਆਂ ਉਸ ਦੀਆਂ ਹੀ ਦੋ
ਨਜ਼ਮਾਂ ‘ਬਜ਼ੁਰਗ’ ਅਤੇ ‘ਮੇਰੀ ਨਜ਼ਮ ਸਹਿਮੀ ਖੜ੍ਹੀ ਹੈ’ ਬਹੁਤ ਖ਼ੂਬਸੂਰਤ
ਅੰਦਾਜ਼ ਵਿਚ ਪੜ੍ਹੀਆਂ ਤੇ ਕਿਹਾ ਕਿ ਐਸੀ ਸ਼ਾਇਰੀ ਨਾਰਥ ਅਮਰੀਕਾ ਵਿਚ ਹੀ
ਨਹੀਂ, ਪੰਜਾਬੀ ਸਾਹਿਤ ਜਗਤ ਵਿਚ ਵੀ ਪਹਿਲੀ ਵਾਰ ਵੇਖਣ ਨੂੰ ਮਿਲ਼ੀ ਹੈ,
ਜਿਸ ਵਿਚ ਅੰਤਰ-ਰਾਸ਼ਟਰੀ ਪੱਧਰ ਦੀਆਂ ਸਮੱਸਿਆਵਾਂ ਨੂੰ ਏਨੇ ਚੰਗੇ ਅਤੇ
ਸੂਖ਼ਮ ਢੰਗ ਨਾਲ਼ ਸ਼ਾਇਰੀ ਵਿਚ ਢਾਲ਼ਿਆ ਗਿਆ ਹੈ।
ਹਰੀ ਸਿੰਘ ਤਾਤਲਾ ਨੇ ਵੀ ਕਿਤਾਬ ਵਿੱਚੋਂ ਇਕ ਨਜ਼ਮ ‘ ਸ਼ੁਕਰੀਆ ਤੁਹਾਡਾ’
ਪੜ੍ਹ ਕੇ ਤਨਦੀਪ ਨੂੰ ਵਧਾਈ ਦਿੱਤੀ। ਅਤੇ ਰੇਡਿਉ ਰੈੱਡ-ਐੱਫ਼. ਐੱਮ ਦੇ
ਹੋਸਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਦੀਬਾਂ ਨਾਲ਼ ਹੀ ਸਾਡੇ ਸਮਾਜ ਦੇ
ਨਕਸ਼-ਨੁਹਾਰ ਸੁੰਦਰ ਬਣਦੇ ਹਨ, ਸਾਨੂੰ ਤਨਦੀਪ ਵਰਗੇ ਨੌਜਵਾਨ ਲੇਖਕਾਂ ‘ਤੇ
ਮਾਣ ਹੋਣਾ ਚਾਹੀਦਾ ਹੈ ਜੋ ਏਥੋਂ ਦੀ ਜ਼ਿੰਦਗੀ ਨੂੰ ਆਪਣੇ ਨਿਵੇਕਲ਼ੇ ਅੰਦਾਜ਼
ਵਿਚ ਸਹੀ-ਸਹੀ ਪੇਸ਼ ਕਰ ਰਹੇ ਹਨ।
ਇਸ ਉਪਰੰਤ ਪਰਮਿੰਦਰ ਸੋਢੀ, ਰਵਿੰਦਰ ਰਵੀ ਅਤੇ ਚਰਨ ਸਿੰਘ ਵੱਲੋਂ
ਤਨਦੀਪ ਦੀ ਕਿਤਾਬ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਕੀਤੀ ਗਈ।ਫ਼ਿਲਮ ਨਿਰਦੇਸ਼ਕ
ਅਤੇ ਸ਼ਾਇਰ ਦਰਸ਼ਨ ਦਰਵੇਸ਼ ਦੀ ਕਿਤਾਬ ‘ਕੁੜੀਆਂ ਨੂੰ ਸਵਾਲ ਨਾ ਕਰੋ’ ਅਮਰੀਕਾ
ਵਸਦੇ ਸ਼ਾਇਰ ਕਮਲ ਦੇਵ ਪਾਲ ਦੀ ‘ ਦਿਨ ਪਰਤ ਆਉਣਗੇ’, ਸਪੇਨ ਵਸਦੇ ਲੇਖਕ
ਅਮਰੀਕ ਸਿੰਘ ਬੱਲ ਦੀ ‘ ਸ਼ੌਰਟ ਕੱਟ ਵਾਇਆ ਲੌਂਗ ਰੂਟ’ ਵੀ ਲੋਕ ਅਰਪਣ
ਕੀਤੀਆਂ ਗਈਆਂ।
ਪੰਜਾਬੀ ਆਰਸੀ ਰਾਈਟਰਜ਼ ਕਲੱਬ ਦੇ ਸਰਪ੍ਰਸਤ ਰਵਿੰਦਰ ਰਵੀ ਨੇ ਪਰਮਿੰਦਰ
ਸੋਢੀ ਨੂੰ ਕਲੱਬ ਵੱਲੋਂ ਮੋਮੈਂਟੋ, ਲੋਈ, ਮਾਣ-ਪੱਤਰ ਅਤੇ ਮੈਡਲ ਨਾਲ਼
ਪੰਜਾਬੀ ਬੋਲੀ, ਸਾਹਿਤ ਅਤੇ ਅਨੁਵਾਦ ਦੇ ਖੇਤਰ ਵਿਚ ਪਾਏ ਵਿਲੱਖਣ ਯੋਗਦਾਨ
ਲਈ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ। ਫੇਰ ਹਾਜ਼ਿਰ
ਅਦੀਬਾਂ ਨੇ ਰਲ਼ ਕੇ ਰਵਿੰਦਰ ਰਵੀ ਨੂੰ ਵੀ ਪੰਜਾਬੀ ਬੋਲੀ, ਸਾਹਿਤ ਦੇ ਖੇਤਰ
ਵਿਚ ਪਾਏ ਭਰਪੂਰ ਯੋਗਦਾਨ ਲਈ ਮੋਮੈਂਟੋ, ਲੋਈ, ਮਾਣ-ਪੱਤਰ ਅਤੇ ਮੈਡਲ ਨਾਲ਼
ਜੀਵਨ ਕਾਲ਼ ਪ੍ਰਾਪਤੀ ਪੁਰਸਕਾਰ ਪ੍ਰਦਾਨ ਕੀਤਾ।
ਸਾਰੇ ਸਮਾਗਮ ਵਿਚ ਸਟੇਜ ਸਕੱਤਰ ਦੀ ਜ਼ਿੰਮੇਦਾਰੀ ਜਸਬੀਰ ਮਾਹਲ ਨੇ
ਬਾਖ਼ੂਬੀ ਨਿਭਾਈ। ਇਸ ਸ਼ੁੱਭ ਮੌਕੇ ‘ਤੇ ਅਖ਼ਬਾਰ ‘ਸੱਚ ਦੀ ਆਵਾਜ਼’ ਤੋਂ
ਖ਼ੁਸ਼ਪਾਲ ਸਿੰਘ ਗਿੱਲ, ਫੁਲਵਾੜੀ ਮੈਗਜ਼ੀਨ ਤੋਂ ਕੁਲਦੀਪ ਸਿੰਘ ਮੱਲ੍ਹੀ,
ਸਿਆਟਲ ਤੋਂ ਗੁਰਬਿੰਦਰ ਬਾਜਵਾ, ਪੱਤਰਕਾਰ ਤੇ ਲੇਖਕ ਬਖ਼ਸ਼ਿੰਦਰ, ਉਰਦੂ
ਐਸੋਸੀਏਸ਼ਨ ਤੋਂ ਮੁਹੰਮਦ ਰਫ਼ੀਕ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ
ਦੀ ਵੀਡੀਓ ਕਵਰੇਜ ਸਹੋਤਾ ਵੀਡੀਓ ਐਂਡ ਫੋਟੋਗਰਾਫ਼ੀ ਨੇ ਕੀਤੀ। ਅੰਤ ਵਿਚ
ਜਸਬੀਰ ਮਾਹਲ ਨੇ ਆਏ ਹੋਏ ਮਹਿਮਾਨਾਂ, ਸਰੀ ਦੀਆਂ ਸਾਰੀਆਂ ਸਾਹਿਤ ਸਭਾਵਾਂ
ਅਤੇ ਉਸਦੇ ਨੁਮਾਇੰਦਿਆਂ, ਰੇਡਿਉ, ਟੀ.ਵੀ. ਅਤੇ ਪ੍ਰੈੱਸ, ਨਾਦ ਫਾਊਂਡੇਸ਼ਨ
ਦੇ ਅਮਰਜੀਤ ਸਿੰਘ, ਗਗਨਦੀਪ ਸਿੰਘ ਦਾ ਧੰਨਵਾਦ ਕਰਕੇ ਵਿਦਾ ਲਈ ਅਤੇ ਸਭ ਨੇ
ਰਲ਼ ਕੇ ਚਾਹ ਅਤੇ ਰਿਫ਼ਰੈਸ਼ਮੈਂਟਸ ਦਾ ਲੁਤਫ਼ ਉਠਾਉਂਦਿਆਂ ਤਨਦੀਪ ਦੀ ਕਿਤਾਬ
‘ਇਕ ਦੀਵਾ ਇਕ ਦਰਿਆ’ ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਇਆ।
|