ਟੋਰੋਂਟੋ (ਜੰਜੂਆ) - ਬੀਤੇ ਦਿਨੀਂ ਪੰਜਾਬੀ ਫੋਰਮ ਕੈਨੇਡਾ ਵੱਲੋਂ ਕਲਮ
ਫਾਉਂਡੇਸ਼ਨ ਦੇ ਸਹਿਯੋਗ ਨਾਲ ਪਰੌਮੀਨੇਡ ਗੈਲਰੀ, 943-ਬੀ, ਲੇਕਸ਼ੋਰ ਰੋਡ
ਈਸਟ, ਮਿਸੀਸਾਗਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਵਾਸੀ ਲੇਖਕ
ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ ‘ਸਮਿਆਂ ਤੋ ਪਾਰ`
ਲੋਕ ਅਰਪਣ ਕੀਤੀ ਗਈ।
ਸਮਾਗਮ ਦੇ ਆਰੰਭ `ਚ ਪੰਜਾਬੀ ਫੋਰਮ ਕੈਨੇਡਾ ਦੇ ਤਾਹਿਰ ਅਸਲਮ ਗੋਰਾ ਨੇ
ਸਭ ਨੂੰ ਜੀ ਆਇਆਂ ਕਿਹਾ। ਉਨ੍ਹਾਂ ਪੰਜਾਬੀ ਫੋਰਮ ਕੈਨੇਡਾ ਦੇ ਪ੍ਰਧਾਨ
ਰਸ਼ੀਦ ਨਦੀਮ, ਕਲਮ ਫਾਉਂਡੇਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਜੰਜੂਆ ਅਤੇ ਲੇਖਕ
ਪਿਆਰਾ ਸਿੰਘ ਕੁੱਦੋਵਾਲ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਬਤ ਹੋਣ ਲਈ
ਸੱਦਾ ਦਿੱਤਾ। ਉਪਰੰਤ ਪੁਸਤਕ ਅਤੇ ਪਿਆਰਾ ਸਿੰਘ ਕੁੱਦੋਵਾਲ ਬਾਰੇ ਭਾਵ
ਪੂਰਨ ਢੰਗ ਨਾਲ ਚਾਨਣਾ ਪਾਉਂਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਕਵੀ ਸਮਾਜ ਦਾ
ਆਇਨਾ ਹੁੰਦੇ ਹਨ ਜੋ ਸਮੇਂ-ਸਮੇਂ ਤੇ ਸਮਾਜ ਨੂੰ ਨਵੀਂ ਸੇਧ ਦੇ ਸਕਦੇ ਹਨ।
ਠੀਕ ਇਸੇ ਤਰ੍ਹਾਂ ਹੀ ਪਿਆਰਾ ਸਿੰਘ ਕੁੱਦੋਵਾਲ ਨੇ ਸਮਾਜਿਕ ਕੁਰੀਤੀਆਂ ਅਤੇ
ਲੋਕ ਪੱਖੀ ਸਰੋਕਾਰਾਂ ਨੂੰ ਆਪਣੀ ਪੁਸਤਕ ‘ਸਮਿਆਂ ਤੋਂ ਪਾਰ` `ਚ ਕਲਮਬੰਦ
ਕਰਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ।
ਪਾਕਿਸਤਾਨ ਦੇ ਨਾਮਵਾਰ ਸ਼ਾਇਰ ਸਲੀਮ ਪਾਸ਼ਾ ਨੇ ਪਿਆਰਾ ਸਿੰਘ ਕੁੱਦੋਵਾਲ
ਦੀ ਪੁਸਤਕ ਬਾਰੇ ਆਪਣਾ ਅਲੋਚਨਾਤਮਕ ਪਰਚਾ ਪੜ੍ਹਿਆ ਅਤੇ ਪੁਸਤਕ ਬਾਰੇ ਬਹੁਤ
ਸੁਚਾਰੂ ਨੁਕਤੇ ਉਭਾਰੇ। ਚਰਚਾ ਨੂੰ ਅੱਗੇ ਤੋਰਦਿਆਂ ਕੁਲਜੀਤ ਸਿੰਘ ਜੰਜੂਆ
ਨੇ ਆਪਣਾ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਪਿਆਰਾ ਸਿੰਘ ਕੁੱਦੋਵਾਲ ਮੂਲ
ਰੂਪ `ਚ ਇਕ ਮਾਨਵਵਾਦੀ ਕਵੀ ਹੈ ਅਤੇ ਉਸ ਦੀਆਂ ਕਵਿਤਾਵਾਂ ਅਤੇ ਗਜ਼ਲਾਂ
ਜੀਵਨ ਦੇ ਚਿੰਤਨ ਦੀਆਂ ਰਚਨਾਵਾਂ ਹਨ। ਉਸ ਨੇ ਇਕ ਸੁਲਝੇ ਹੋਏ ਲੇਖਕ ਵਾਂਗ
ਆਪਣੇ ਫਰਜ਼ ਨੂੰ ਪਛਾਣਦੇ ਹੋਏ ਨਿਰਪੱਖ ਹੋ ਕੇ ਆਪਣੇ `ਸ਼ਬਦਾਂ ਅਤੇ ਕਲਮ`
ਦੁਆਰਾ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ, ਧਾਰਮਿਕ ਅਤੇ ਆਰਥਿਕ ਤੌਰ ਤੇ
ਅਣਹੋਣੀਆਂ ਤੇ ਵਧੀਕੀਆਂ ਦੇ ਖ਼ਿਲਾਫ਼ ਤੱਥਾਂ ਨੂੰ ਉਜਾਗਰ ਕਰਦੀ
`ਕਵਿਤਾਵਾਂ/ਗਜ਼ਲਾਂ ਦੀ ਚੰਗੇਰ` ਪੇਸ਼ ਕੀਤੀ ਹੈ ਜੋ ਨਿਰਸੰਦੇਹ ਹੀ `ਸਮਿਆਂ
ਤੋਂ ਪਾਰ` ਲੰਘ ਜਾਣ ਦੀ ਸ਼ਕਤੀ ਤੇ ਸਮਰੱਥਾ ਰੱਖਦੀ ਹੈ। ਉੱਘੇ ਲੇਖਕ ਅਤੇ
ਚਿੰਤਕ ਬਲਰਾਜ ਚੀਮਾ ਨੇ ਕਿਹਾ ਕਿ ਪਿਆਰਾ ਸਿੰਘ ਕੁੱਦੋਵਾਲ ਦੀਆਂ
ਕਵਿਤਾਵਾਂ ਮਾਨਵੀ ਸਰੋਕਾਰਾਂ ਨਾਲ ਜੁੜੀਆਂ ਰਚਨਾਵਾਂ ਹਨ ਜੋ ਦੇਸ਼ਕਾਲ ਦੀ
ਸੀਮਾ ਤੋਂ ਮੁਕਤ ਹਨ। ਡਾ: ਜਤਿੰਦਰ ਕੌਰ ਰੰਧਾਵਾ ਨੇ ਪੁਸਤਕ ਬਾਰੇ
ਬੋਲਦਿਆਂ ਕਿਹਾ ਕਿ ਪਿਆਰਾ ਸਿੰਘ ਕੁੱਦੋਵਾਲ ਵਰਗੇ ਸੁਹਿਰਦ ਲੇਖਕ ਪਰਵਾਸ
ਵਿਚ ਰਹਿ ਕੇ ਵੀ ਆਪਣੀ ਧਰਤ ਨਾਲ ਜੁੜੇ ਰਹਿਣ ਦਾ ਯਤਨ ਕਰਦੇ ਹਨ। ਪੰਜਾਬੀ
ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਹ ਇੱਕ ਚੰਗਾ
ਉਪਰਾਲਾ ਹੈ। ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਸੁਰਜਨ ਜ਼ੀਰਵੀ ਨੇ ਵੀ
ਪੁਸਤਕ ਦੀ ਗੁਣਵੱਤਾ ਬਾਰੇ ਵੱਖੋ-ਵੱਖਰੇ ਢੰਗ ਨਾਲ ਨੁਕਤੇ ਪੇਸ਼ ਕੀਤੇ।
ਮੀਡੀਆ ਪੱਤਰਕਾਰ ਅੰਕਲ ਦੁੱਗਲ ਨੇ ਪਿਆਰਾ ਸਿੰਘ ਕੁੱਦੋਵਾਲ ਨੂੰ ਵਧਾਈ
ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਲ ਵਿਚ ਆਪਣੀ ਮਿੱਟੀ ਪ੍ਰਤੀ ਬਹੁਤ
ਮੋਹ ਹੈ ਜਿਸ ਦੇ ਚੱਲਦਿਆਂ ਉਹ ਹਮੇਸ਼ਾ ਹੀ ਆਪਣੀਆਂ ਲਿਖਤਾਂ ਰਾਹੀਂ ਸਮਾਜ
ਨੂੰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ। ਗਲੋਬਲ ਪੰਜਾਬੀ
ਔਰਗਾਨਈਜੇਸ਼ਨ ਦੇ ਸ੍ਰਪਰਸਤ ਅਜੈਬ ਸਿੰਘ ਚੱਠਾ, ਪੰਜਾਬੀ ਫ਼ੋਰਮ
ਕੈਨੇਡਾ ਦੇ ਪ੍ਰਧਾਨ ਰਸ਼ੀਦ ਨਦੀਮ, ਕਲਮ ਫਾਉਂਡੇਸ਼ਨ ਦੀ ਐਗਜੈਕਟਿਵ ਕਮੇਟੀ
ਦੀ ਪ੍ਰਧਾਨ ਸੁਰਜੀਤ ਕੌਰ, ਰਫੀਕ ਬੇਗਮ, ਅਤੇ ਮਿਸਜ਼ ਬੇਗ ਨੇ ਵੀ ਪੁਸਤਕ
ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕ ਨੂੰ ਵਧਾਈਆਂ ਦਿੱਤੀਆਂ।
ਇਸ ਮੋਕੇ ਕਰਵਾਏ ਗਏ ਕਵੀ ਦਰਬਾਰ `ਚ ਕਵੀ ਤਾਹਿਰ ਅਸਲਮ ਗੋਰਾ, ਡਾ:
ਜਤਿੰਦਰ ਰੰਧਾਵਾ, ਬਸ਼ਰਤ ਰਿਹਾਨ, ਅੰਕਲ ਦੁੱਗਲ, ਮੁਹੰਮਦ ਯੂਸਫ਼, ਕੁਲਜੀਤ
ਸਿੰਘ ਜੰਜੂਆ, ਅਰੂਜ਼ ਆਰੋਜ਼, ਮੀਨਾ ਚੋਪੜਾ, ਸੁਰਜੀਤ ਕੌਰ, ਸਲੀਮ ਪਾਸ਼ਾ,
ਪਿਆਰਾ ਸਿੰਘ ਕੁੱਦੋਵਾਲ ਅਤੇ ਰਸ਼ੀਦ ਨਦੀਮ ਨੇ ਆਪਣੇ ਕਲਾਮ ਪੇਸ਼ ਕੀਤੇ।
ਲਗਾਤਾਰ ਸਾਢੇ ਚਾਰ ਘੰਟੇ ਚੱਲੇ ਇਸ ਸਮਾਗਮ ਦੇ ਅਖ਼ੀਰ `ਚ ਤਾਹਿਰ ਅਸਲਮ
ਗੋਰਾ ਨੇ ਆਏ ਹੋਏ ਸਭ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਦਾ ਤਹਿ
ਦਿਲੋਂ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਚਾਹ ਪਾਣੀ ਦਾ ਇੰਤਜ਼ਾਮ ਪੰਜਾਬੀ
ਫੋਰਮ ਕੈਨੇਡਾ ਵਲੋਂ ਅਤੇ ਡਿਨਰ ਦਾ ਪ੍ਰਬੰਧ ਗਲੋਬਲ ਪੰਜਾਬੀ ਔਰਗਾਨਈਜੇਸ਼ਨ
ਦੇ ਸ੍ਰਪਰਸਤ ਅਜੈਬ ਸਿੰਘ ਚੱਠਾ ਵਲੋਂ ਕੀਤਾ ਗਿਆ।
|