ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਪੁਸਤਕ ਦਾ ਨਾਂ:  ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ
ਲੇਖਕ
: ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਪੰਨੇ
: 208
ਮੁਲ
: 250 ਰੁਪੈ
ਪ੍ਰਕਾਸ਼ਕ
: ਲਾਹੌਰ ਬੁੱਕ ਸ਼ਾਪ,ਲੁਧਿਆਣ

ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੀ ਰਾਜਧਾਨੀ, ਦਿੱਲੀ ਵਿਖੇ, ਨਵੰਬਰ 1984 ਵਿਚ ਸਿੱਖਾਂ ਦਾ ਯੋਜਨਾਬਧ ਢੰਗ ਨਾਲ ਕੀਤਾ ਗਿਆ ਵਹਿਸ਼ੀਆਨਾ ਕਤਲਿਆਮ, ਆਜ਼ਾਦ ਭਾਰਤ ਦੇ ਮੱਥੇ ‘ਤੇ ਇਕ ਕਲੰਕ ਹੈ। ਕਲੰਕ ਇਸ ਲਈ ਕਿਉਂ ਕਿ “ ਜਦੋਂ ਰੋਮ ਸੜ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ” ਅਤੇ ਇਸ ਕਤਲਿਆਮ ਨੂੰ ਤਤਕਾਲੀ ਪ੍ਰਧਾਨ ਮੰਤਰੀ, ਰਾਜੀਵ ਗਾਂਧੀ ਨੇ ਇਹ ਕਹਿ ਕੇ ਜਾਇਜ਼ ਠਹਿਰਾਇਆ, “ਜਦੋਂ ਕੋਈ ਸ਼ਕਤੀਸ਼ਾਲੀ ਦਰੱਖ਼ਤ ਡਿੱਗਦਾ ਹੈ, ਤਾਂ ਇਹ ਕੁਦਰਤੀ ਹੈ ਕਿ ਉਸ ਦੇ ਦੁਆਲੇ ਦੀ ਧਰਤੀ ਥੋੜਾ ਹਿਲਦੀ ਹੈ।”, ਇਸ ਦੀ ਸਾਜ਼ਸ਼ ਘੜਨ ਦਾ ਦੋਸ ਉਸ ਸਮੇਂ ਦੀ ਹੁਕਮਰਾਨ ਕਾਂਗਰਸ ਪਾਰਟੀ ‘ਤੇ ਲਗਦਾ ਆ ਰਿਹਾ ਹੈ ਅਤੇ ਇਸ ਭਿਆਨਕ ਕਤਲਿਆਮ ਦੇ ਮੁਖ ਦੋਸ਼ੀਆਂ ਨੂੰ ਹਾਲੇ ਤੱਕ ਕੋਈ ਸਜ਼ਾ ਨਹੀਂ ਹੋਈ। ਭਾਰਤ ਸਰਕਾਰ ਵੱਲੋਂ ਇਸ ਦੀ ਜਾਂਚ ਲਈ ਗਠਿਤ ਦੋ ਕਮਿਸ਼ਨ ਵੀ ਹਾਲੇ ਤਕ ਪੂਰੀ ਸੱਚਾਈ ਸਾਹਮਣੇ ਨਹੀਂ ਲਿਆ ਸਕੇ।

‘ਟਾਈਮਜ਼ ਆਫ ਇੰਡੀਆ’ ਦੇ ਸੀਨੀਅਰ ਸੰਪਾਦਕ, ਮਨੋਜ ਮਿੱਟਾ ਤੇ ਸੁਪਰੀਮ ਕੋਰਟ ਦੇ ਇਕ ਸੀਨੀਅਰ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ, ਹਰਵਿੰਦਰ ਸਿੰਘ ਫੂਲਕਾ ਵਲੋਂ, ਸਾਂਝੇ ਤੌਰ ‘ਤੇ ਲਿਖੀ ਗਈ ਪੁਸਤਕ ‘ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ’, ਇਸ ਕਤਲਿਆਮ ਵਿਚ ਕਾਂਗਰਸੀ ਲੀਡਰਾਂ ਦੀ ਸ਼ਮੂਲੀਅਤ, ਪੁਲਿਸ ਦੀ ਮਿਲੀਭੁਗਤ, ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਵਿਢੇ ਗਏ ਲੰਮੇ ਸੰਘਰਸ ਦੀ ਦਾਸਤਾਨ ਹੈ। ਇਹ ਪੁਸਤਕ ਅੰਗ੍ਰੇਜ਼ੀ ਵਿਚ ਲਿਖੀ ਗਈ ਸੀ। ਇਸ ਦਾ ਪੰਜਾਬੀ ਅਨੁਵਾਦ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਨੇ ਕੀਤਾ ਹੈ। ਲਾਹੌਰ ਬੁਕ ਸ਼ਾਪ ਨੇ ਇਸ ਨੂੰ ਪ੍ਰਕਾਸ਼ਤ ਕੀਤਾ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਸ੍ਰੀ ਮਿੱਟਾ, ਜੋ ਖੁਦ ਕਈ ਪ੍ਰਮੁਖ ਅੰਗ੍ਰੇਜ਼ੀ ਅਖ਼ਬਾਰਾਂ ਦੇ ਕਾਨੂੰਨੀ ਰੀਪੋਰਟਰ ਰਹੇ ਹਨ, ਨੇ ਆਪਣੇ ਵਰਗੇ ਕੁਝ ਹੋਰ ਨਿਰਪੱਖ ਤੇ ਨਿਡਰ ਪੱਤਰਕਾਰਾਂ ਦੀਆਂ ਉਸ ਸਮੇਂ ਦੀਆਂ ਅਖ਼ਬਾਰੀ ਰੀਪੋਰਟਾਂ ਅਤੇ ਖੋਜਕਾਰੀ ਪੱਤਰਕਾਰੀ ਰਾਹੀਂ, 31 ਅਕਤੂਬਰ 1984 ਨੂੰ, ਤਤਕਾਲੀ ਪ੍ਰਧਾਨ ਮੰਤਰੀ, ਇੰਦਰਾ ਗਾਂਧੀ, ਦੀ ਆਪਣੇ ਹੀ ਸੁਰੱਖਿਆ ਗਾਰਡਾਂ, ਹੱਥੋਂ ਹੋਈ ਕਥਿਤ ਹੱਤਿਆ ਪਿਛੋਂ, ਕਾਂਗਰਸ ਦੇ ਕਈ ਲੀਡਰਾਂ ਦੀ ਅਗਵਾਈ ਹੇਠ ਸਿੱਖਾਂ ਦੇ ਕਤਲਿਆਮ, ਉਹਨਾਂ ਦੇ ਘਰਾਂ, ਦੁਕਾਨਾਂ ਤੇ ਹੋਰ ਜਾਇਦਾਦਾਂ ਦੀ ਲੁਟ ਖਸੁੱਟ ਤੇ ਸਾੜ ਫੂਕ, ਧੀਆਂ ਭੈਣਾਂ ਦੀ ਬੇਪਤੀ ਤੇ ਸੰਮੂਹਕ ਬਲਾਤਕਾਰ, ਗੁਰਦੁਆਰਿਆਂ ਦੀ ਪਵਿੱਤਰਤਾ ਭੰਗ ਕਰਨ, ਲਾਸ਼ਾਂ ਨੂੰ ਖੁਰਦ-ਬੁਰਦ ਕਰਕੇ ਕਤਲਿਆਮ ਦੇ ਸਬੂਤ ਮਿਟਾਉਣ, ਪੁਲਿਸ ਵਲੋਂ ਘਟ ਗਿਣਤੀ ਸਿੱਖਾਂ ਨੂੰ ਬਚਾਉਣ ਦੀ ਬਜਾਏ ਉਹਨਾਂ ਨੂੰ ਨਿਹੱਥੇ ਕਰਨ ਅਤੇ ਗੁੰਡਾ ਅਨਸਰ ਨਾਲ ਮਿਲੀ-ਭੁਗਤ ਦਾ ਲੂ ਕੰਡੇ ਖੜ੍ਹੇ ਕਰਨ ਬਾਰੇ ਅੱਖੀ ਡਿੱਠਾ ਵਿਸਥਾਰ ਪੂਰਬਕ ਵਰਨਣ ਹੈ। ਦੂਸਰੇ ਹਿੱਸੇ ਵਿਚ ਸ੍ਰੀ ਫੂਲਕਾ ਵਲੋਂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਮੇ ਸੰਘਰਸ਼ ਦੌਰਾਨ ਰਾਜੀਵ ਗਾਂਧੀ ਦੀ ਸਰਕਾਰ ਤੇ ਉਸ ਅਧੀਨ ਦਿੱਲੀ ਪ੍ਰਸਾਸ਼ਨ, ਸਥਾਨਕ ਕਾਂਗਰਸੀ ਲੀਡਰਾਂ, ਪੁਲਿਸ ਅਧਿਕਾਰੀਆਂ ਅਤੇ ਕੁਝ ਕੁ ਵਿਕਾਊ ਜੱਜਾਂ ਵਲੋਂ ਪੈਰ ਪੈਰ ‘ਤੇ ਅੜਚਣਾਂ ਅਟਕਾਉਣ, ਸਰਕਾਰ ਵਲੋਂ ਗਠਿਤ ਪਹਿਲੇ ਜਾਚ ਕਮਿਸ਼ਨ ‘ਮਿਸ਼ਰਾ ਕਮਿਸ਼ਨ’ ਦੀ ਜਾਂਚ ਦੌਰਾਨ ਕਾਂਗਰਸੀ ਲੀਡਰਾਂ ਤੇ ਪੁਲਿਸ ਵਲੋਂ ਪੀੜਤ ਪਰਵਾਰਾਂ, ਜੋ ਵਧੇਰੇ ਕਰ ਕੇ ਵਿਧਵਾਵਾਂ ਸਨ, ਨੂੰ ਡਰਾਉਣ ਧਮਕਾਉਣ, ਗੁਮਰਾਹ ਕਰ ਕੇ ਆਪਣੇ ਹੱਕ ਵਿਚ ਝੂਠੇ ਹਲਫ਼ਨਾਮੇ ਪ੍ਰਾਪਤ ਕਰਨ, ਜਸਟਿਸ ਮਿਸ਼ਰਾ ਵਲੋਂ ਲਿਪਾ ਪੋਚੀ ਕਰਨ, ਕਾਨੂੰਨੀ ਕਦਰਾਂ ਕੀਮਤਾਂ ਨੂੰ ਅੱਖੋ ਪਰੋਖੇ ਕਰ ਕੇ, ਕਾਂਗਰਸੀ ਲੀਡਰਾਂ ਨੂੰ ਬਚਾਉਣ ਦੀ ਕਹਾਣੀ ਦਰਸਾਈ ਗਈ ਹੈ। ਇਸ ਲਿਪਾ ਪੋਚੀ ਕਾਰਨ ਜਸਟਿਸ ਮਿਸ਼ਰਾ ਨੂੰ ਇਨਾਮ ਵਜੋਂ ਪਹਿਲਾਂ ਕੌਮੀ ਮਨੁਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਅਤੇ ਫਿਰ ਰਾਜ ਸਭਾ ਦਾ ਮੈਬਰ ਬਣਾਇਆ ਗਿਆ।

ਅਗਲੀਆਂ ਅਤੇ 1998 ਦੀਆਂ ਲੋਕ ਸਭਾ ਚੋਣਾਂ ਵਿਚ ਹੋਈ ਕਾਂਗਰਸ ਦੀ ਹਾਰ ਪਿਛੋਂ ਆਈਆਂ ਗ਼ੈਰ ਕਾਂਗਰਸੀ ਸਰਕਾਰਾਂ ਵਲੋਂ ਸਿੱਖਾਂ ਦੇ ਅੱਲੇ ਜ਼ਖ਼ਮਾਂ ਉਤੇ ਮਲ੍ਹਮ ਲਗਾਉਣ ਦੇ ਯਤਨ ਕੀਤੇ ਗਏ ਅਤੇ ਸ੍ਰੀ ਫੂਲਕਾ ਅਤੇ ਮਨੁਖੀ ਅਧਿਕਾਰਾਂ ਦੀ ਰਖਿਆ ਕਰਨ ਵਾਲੇ ਅਨੇਕਾਂ ਹੋਰ ਮਹੱਤਵਪੂਰਨ ਸ਼ਖਸ਼ੀਅਤਾਂ ਦੇ ਯਤਨਾਂ ਸਦਕਾ, ਅਟੱਲ ਬਿਹਾਰੀ ਸਰਕਾਰ ਵਲੋਂ, ਜਸਟਿਸ ਨਾਨਾਵਤੀ ਦੀ ਰਹਿਨਮਾਈ ਹੇਠ ਸਥਾਪਤ ਕੀਤੇ ਗਏ ਜਾਂਚ ਕਮਿਸ਼ਨ ਨੇ ਭਾਵੇਂ ਸਾਜ਼ਸ਼ ਘੜਨ ਬਾਰੇ ਪੂਰੀ ਸੱਚਾਈ ਸਾਹਮਣੇ ਨਹੀਂ ਲਿਆਂਦੀ ਪਰ ਦੰਗਈਆਂ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਲੀਡਰਾਂ ਦੀ ਸ਼ਨਾਖਤ ਕਰ ਦਿਤੀ ਜਿਨ੍ਹਾਂ ਵਿਚ ਤਤਕਾਲੀ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ, ਸਾਬਕਾ ਕੇਂਦਰੀ ਮੰਤਰੀ ਐਚ. ਕੇ. ਐਲ. ਭਗਤ (ਜੋ ਮਰ ਚੁੱਕਾ ਹੈ), ਕਾਂਗਰਸ ਦੇ ਸ਼ਾਂਸਦ ਸੱਜਣ ਕੁਮਾਰ ਸਮੇਤ ਹੁਣ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਟਾਈਟਲਰ ਨੂੰ ਮੰਤਰੀ ਪਦ ਤੋਂ ਅਸਤੀਫਾ ਦੇਣਾ ਪਿਆ ਪਰ ਇਕ ਹੋਰ ਕੇਂਦਰੀ ਮੰਤਰੀ, ਕਮਲ ਨਾਥ, ਨੂੰ ਕਾਂਗਰਸ ਹਾਈ ਕਮਾਂਡ ਨੇ ਬਚਾ ਲਿਆ ਹੈ। ਸ੍ਰੀ ਫੁਲਕਾ ਨੇ ਆਤਮਾ ਸਿੰਘ ਲੁਬਾਣਾ ਤੇ ਅਵਤਾਰ ਸਿੰਘ ਹਿੱਤ ਵਰਗੇ ਅਕਾਲੀ ਦਲ (ਬਾਦਲ) ਦੇ ਲੀਡਰਾਂ ਨੂੰ ਨੰਗਾ ਕੀਤਾ ਹੈ, ਜਿਹਨਾਂ ਨੇ ਸ੍ਰੀ ਭਗਤ ਵਿਰੁਧ ਇਕ ਪ੍ਰਮੁਖ ਗਵਾਹ ਸਤਿਨਾਮੀ ਬਾਈ ਨੂੰ ਮੁਕਰਾਉਣ ਲਈ ਭਗਤ ਨਾਲ ਸੌਦਾ ਕਰ ਲਿਆ। ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰਹਿਲਾਦ ਸਿੰਘ ਚੰਦੋਕ ਨੇ ਸ੍ਰੀ ਟਾਈਟਲਰ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤਾ। ਇਸ ਲਈ ਇਹਨਾਂ ਲੀਡਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾ ਕੇ ਤਨਖਾਹ ਲਗਾਈ ਗਈ ਸੀ।

ਦੂਸਰੀ ਜਾਂਚ ਸਦਕਾ ਪੀੜਤਾਂ ਨੂੰ ਮੁਆਵਜ਼ਾ ਵਧਾ ਦਿਤਾ ਗਿਆ ਹੈ। ਦੂਸਰੀ ਰੀਪੋਰਟ ਨੂੰਮੌਜੂਦਾ ਸਰਕਾਰ ਵੱਲੋਂ ਪਾਰਲੀਮੈਟ ਵਿਚ ਪੇਸ਼ ਕਰਨ ਸਮੇ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਨੇ ਮੁਆਫੀ ਮੰਗਦੇ ਹੋਏ ਕਿਹਾ, “ਮੈਨੂੰ ਕੇਵਲ ਸਿੱਖ ਕੌਮ ਤੋਂ ਹੀ ਨਹੀਂ, ਸਗੋਂ ਸਮੁੱਚੀ ਭਾਰਤੀ ਕੌਮ ਕੋਲੋਂ ਮੁਆਫੀ ਮੰਗਣ ਵਿਚ ਕੋਈ ਝਿਜਕ ਨਹੀਂ ਕਿਉਂਕ ਜੋ 1984 ਵਿਚ ਵਾਪਰਿਆ ਸੀ, ਉਹ ਸਾਡੇ ਸੰਵਿਧਾਨ ਵਿਚ ਅੰਕਤ ਕੌਮੀਅਤ ਦੇ ਸੰਕਲਪ ਦੀ ਤਰਦੀਦ ਸੀ। ਆਪਣੀ ਸਰਕਾਰ ਵਲੋਂ, ਇਸ ਦੇਸ਼ ਦੇ ਸਮੂੰਹ ਲੋਕਾਂ ਵਲੋਂ, ਮੈਂ ਸ਼ਰਮਿੰਦਗੀ ਵਿਚ ਆਪਣਾ ਸਿਰ ਝੁਕਾਉਂਦਾ ਹਾਂ ਕਿ ਇਹੋ ਜਿਹੀ ਘਟਨਾ ਵਾਪਰੀ।”

ਇਹ ਪੁਸਤਕ ਸਿੱਖ ਇਤਿਹਾਸ ਦੇ ਇਕ ਅਤਿ ਹਿਰਦੇ-ਵੇਧਕ ਅਧਿਆਏ ਦੀ ਦਰਦਨਾਕ ਕਹਾਣੀ ਹੈ, ਜਿਸ ਨੂੰ ਪੜ੍ਹਦਿਆਂ ਅੱਖਾਂ ਨੰਮ ਹੋ ਜਾਂਦੀਆਂ ਹਨ ਤੇ ਜ਼ਜ਼ਬਾਤ ਬੇਕਾਬੂ ਹੁੰਦੇ ਜਾਂਦੇ ਹਨ । ਹਰ ਪੰਜਾਬੀ ਵਿਸ਼ੇਸ਼ ਕਰ ਹਰ ਸਿੱਖ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
- ਹਰਬੀਰ ਸਿੰਘ ਭੰਵਰ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)