ਕਿਸੇ ਲੇਖਕ ਦੀ ਸਮਾਜਿਕ ਚੇਤਨਾ ਤੇ ਵਿਚਾਰਧਾਰਾ ਉਸ ਨੂੰ ਪ੍ਰਾਪਤ
ਸਮਾਜਿਕ ਯਥਾਰਥ ਤੇ ਉਸ ਅੰਦਰਲੀਆਂ ਸੰਵੇਦਨਤਾਮਕ ਬਿਰਤੀਆਂ ਦੇ ਦਵੰਦਾਤਮਕ
ਸਬੰਧਾਂ ਵਿਚੋਂ ਉਪਜੀ ਅਨੁਭੂਤੀ ਦਾ ਹੀ ਪ੍ਰਤੀਬਿੰਬ ਹੁੰਦੀ ਹੈ । ਇਸ ਤਰਾਂ
ਲੇਖਕ ਦੀ ਸਮਾਜਿਕ ਹੋਂਦ ਹੀ ਉਸ ਦੇ ਸਮਾਜਿਕ ਚਿੰਤਨ ਦਾ ਨਿਰਧਾਰਨ ਕਰਦੀ
ਹੈ। ਪੂੰਜੀਵਾਦੀ ਤਰਜ਼ ਦੇ ਵਿਕਾਸ ਦੀ ਤੇਜ ਰਫਤਾਰ ਪ੍ਰੀਕ੍ਰਿਆ ਨੇ ਜਿੱਥੇ
ਸਾਡੇ ਦੇਸ਼ ਦੇ ਸਮਾਜਿਕ, ਆਰਥਿਕ , ਰਾਜਨੀਤਕ ਤੇ ਸਭਿਆਚਾਰਕ ਖੇਤਰਾਂ ਦੀ
ਸੰਸਥਾਗਤ ਪਹਿਚਾਣ ਨੂੰ ਨਵੇਂ ਅਰਥਾਂ ਦਾ ਧਾਰਨੀ ਬਣਾਇਆ ਹੈ ਉਥੇ ਲੇਖਕ ਦੇ
ਅਸਤਿੱਤਵ ਨੂੰ ਵੀ ਪ੍ਰਭਾਵਿਤ ਕੀਤਾ ਹੈ । ਅੱਜ ਵਧੇਰੇ ਲੇਖਕ ਦੁਰਾਹੇ ਤੇ
ਖੜੇ ਦੁੱਬਿਧਾਗ੍ਰਸਤ ਮਾਨਸਿਕਤਾ ਹੰਢਾ ਰਹੇ ਹਨ। ਇੱਕ ਪਾਸੇ ਪੂੰਜੀਵਾਦੀ
ਯੁੱਗ ਦੇ ਖਪਤ ਸੱਭਿਆਚਾਰ ਵੱਲੋਂ ਦਿੱਤੇ ਜਾ ਰਹੇ ਸ਼ੋਹਰਤ ਤੇ ਪੈਸੈ ਦੇ
ਪ੍ਰਲੋਭਨ ਉਸ ਨੂੰ ਆਪਣੇ ਵੱਲ ਖਿੱਚ ਰਹੇ ਹਨ ਤਾਂ ਦੂਜੇ ਪਾਸੇ ਉਹਨਾਂ ਦਾ
ਆਪਣਾ ਪੂਰਵਜੀ ਪਿੱਛੋਕੜ ਉਹਨਾਂ ਅੰਦਰਲੀ ਮਾਨਵੀ ਵੇਦਨਾਂ ਤੇ ਸੰਵੇਦਨਾਂ
ਨੂੰ ਜੀਵਤ ਰੱਖਣ ਲਈ ਯਤਨਸ਼ੀਲ ਹੈ। ਸਾਡੇ ਅੱਜ ਦੇ ਅਧਿਐਨ ਦੇ ਕਵੀ ਦਰਸ਼ਨ
ਦਰਵੇਸ਼ ਦੀਆਂ ਕਵਿਤਵਾਂ ਦੇ ਸੁਹਿਰਦ ਪਾਠ ਤੋਂ ਬਾਦ ਅਸੀਂ ਯਕੀਨ ਨਾਲ ਦਾਅਵਾ
ਕਰ ਸਕਦੇ ਹਾਂ ਕਿ ਉਸ ਅੰਦਰ ਪ੍ਰਬਲ ਰੂਪ ਵਿੱਚ ਕਾਰਜ਼ਸ਼ੀਲ ਮਾਨਵੀ
ਸੰਵੇਦਨਾਵਾਂ ਉਸ ਨੂੰ ਦੁਬਿਧਾ ਭਰੀ ਸਥਿਤੀ ਵਿੱਚੋ ਕੱਢ ਕੇ ਉਸ ਦੇ ਕਾਵਿ
ਚਿੰਤਨ ਨੂੰ ਮਨੁੱਖ ਤੇ ਮਨੁੱਖਤਾ ਹਿੱਤੂ ਸਾਹਿਤ ਧਾਰਾ ਨਾਲ ਜੋੜਦੀਆਂ ਹਨ ।
ਆਪਣੇ ਕਾਵਿ ਸੰਗ੍ਰਿਹ ' ਉਦਾਸ ਸਿਰਲੇਖ' ਦੇ ਪ੍ਰਕਾਸ਼ਨ ਤੋਂ ਲੱਗਭੱਗ ਦੋ
ਦਹਾਕਿਆਂ ਦੇ ਲੰਮੇ ਵਕਫੇ ਤੋਂ ਬਾਦ ਉਹ ਆਪਣੇ ਦੂਸਰੇ ਕਾਵਿ ਸੰਗ੍ਰਹਿ '
ਕੁੜੀਆਂ ਨੂੰ ਸਵਾਲ ਨਾ ਕਰੋ' ਲੈ ਕੇ ਪਾਠਕਾਂ ਦੇ ਰੂ-ਬਰੂ ਹੋਇਆ ਹੈ ਤਾਂ
ਉਸ ਦੀ ਮਨੋ-ਸੰਵਾਦੀ ਅਵੱਸਥਾ ਵਿਚੋਂ ਝਲਕਦੇ ਮਾਨਵੀ ਵੇਦਨਾਂ, ਸੰਵੇਦਨਾਂ
ਤੇ ਉਦਾਸੀ ਦੇ ਰੰਗ ਹੋਰ ਵੀ ਗੂੜੇ ਹੋਏ ਵਿਖਾਈ ਦੇਂਦੇ ਹਨ। ਉਸਦੀ ਕਵਿਤਾ
ਦੀ ਹਲਫ- ਬਿਆਨੀ ਅਨੁਸਾਰ ਕੋਈ ਮਨੁੱਖ ਜਿਨਾਂ ਸੰਵੇਦਨਸ਼ੀਲ ਹੈ , ਉਨਾਂ ਹੀ
ਬੇਚੈਨ ਤੇ ਉਦਾਸ ਹੈ । ਸਮਕਲੀਨ ਸਮਾਜਿਕ ਵਿੱਵਸਥਾ ਦੀ ਵਿਅਕਤੀਗਤ ਤਰਜ਼ੀਹਾਂ
ਵਾਲੀ ਉਸਾਰੂ ਪ੍ਰੀਕ੍ਰਿਆ ਉਸ ਨੂੰ ਮਾਨਸਿਕ ਤੌਰ ਤੇ ਖੰਡਿਤ ਕਰਦੀ ਹੈ ਤਾਂ
ਕਵਿਤਾ ਉਸ ਦੀ ਹਮਰਾਹ ਬਣ ਕੇ ਉਸ ਦੀ ਬੇਚੈਨੀ ਤੇ ਉਦਾਸੀ ਨੂੰ ਆਪਣੇ ਵਿਚ
ਪਨਾਹ ਦਿੰਦੀ ਹੈ ਤੇ ਉਸ ਅੰਦਰਲੀ ਟੁੱਟ-ਭੱਜ ਤੇ ਤਿੜਕਣ ਦਾ ਸਿਰਨਾਵਾਂ ਵੀ
ਬਣਦੀ ਹੈ-
ਨਜ਼ਮ ਦੀ ਅੱਖ 'ਚ ਨਮੀ ਤੈਰਦੀ ਹੈ
ਤੇ ਉਸ ਅੰਦਰ
ਬੜਾ ਕੁਝ ਤਿੜਕਣ ਜਿਹਾ ਵਾਪਰ ਰਿਹੈ
ਸਾਹਾਂ 'ਚ ਬਲਦੀਆਂ
ਮੋਹ ਦੀਆਂ ਬੱਤੀਆਂ ਗੁੱਲ ਹੋ ਗਈਆਂ ਨੇ
ਜਿਸਮ ਕੰਡਿਆਂ ਦੀ ਪਗਡੰਡੀ 'ਤੇ ਰੀਂਗ ਰਿਹੈ
ਦਰਵੇਸ਼ ਨਜ਼ਮ ਨੂੰ ਰੂਹਾਨੀ ਤ੍ਰਿਪਤੀ ਦੇ ਅਗੰਮੀ ਸਰੋਤ ਵੱਜੋਂ ਸਵੀਕਾਰਦਾ
ਹੈ।ਨਜ਼ਮ ਲਿਖਣ ਦੇ ਸਿਰਜਨਾਤਮਕ ਪਲ ਉਸ ਨੂੰ ਮਹਿਬੂਬ ਨੂੰ ਖਤ ਲਿਖਣ , ਤੱਤੀ
ਰੇਤ 'ਤੇ ਲੋਟਣੀਆਂ ਮਾਰਦੇ ਹੋਏ ਮਾਂ ਤੋਂ ਝਿੜਕਾਂ ਖਾਣ ਜਾਂ ਯਾਰਾਂ ਦੀ
ਬੁੱਕਲ ਵਿਚ ਬਾਘੀਆਂ ਪਾਉਣ ਜਿਹਾ ਸਕੂਨ ਦੇਂਦੇ ਹਨ। ਪਰ ਜਦੋਂ ਮੌਸਮ ਉਸ ਦੇ
ਨਾਲ ਉਸ ਦੀ ਕਾਇਨਾਤ ਲਈ ਵੀ ਨਾ-ਖੁਸ਼ਗਵਾਰ ਹੋ ਜਾਵੇ ਤਾਂ ਉਸ ਅੰਦਰਲਾ
ਕਾਵਿਕ ਆਵੇਗ ਉਸ ਨੂੰ ਰਾਹਤ ਪਹੁੰਚਾਉਣ ਦੀ ਬਜਾਏ ਹੋਰ ਉਦਾਸ ਕਰ ਜਾਂਦਾ ਹੈ
।ਪੰਜਾਬ ਦੇ ਕਾਲੇ ਦੌਰ ਦੇ ਨਾਂਅ ਨਾਲ ਜਾਣੇ ਜਾਂਦੇ ਸਮੇ ਦੀਆਂ ਅਮਾਨਵੀ
ਪ੍ਰਵਿਰਤੀਆਂ ਵੀ ਭਾਵੇਂ ਉਸ ਦੀ ਨਜ਼ਮ ਵਿਚ ਪਨਾਹਗੀਰ ਬਣੀਆਂ ਹਨ ਪਰ ਆਪਣੇ
ਸੁਪਨਿਆਂ ਤੇ ਅਕੀਦਿਆਂ ਤੋਂ ਉਲਟ ਜਾ ਕੇ ਲਿੱਖੀ ਨਜ਼ਮ ਉਸ ਨੂੰ ਨਜ਼ਮ ਨਹੀਂ
ਸਗੋਂ ਨਜ਼ਮ ਦੀ ਤਲਾਸ਼ ਵਿਚ ਭਟਕਦੀ ਕੋਈ ਪਿਆਸੀ ਰੂਹ ਜਾਪਦੀ ਹੈ-
ਹੁਣ ਮੈਂ ਜੋ ਵੀ ਲਿੱਖਦਾ ਹਾਂ
ਉਹ
ਭੈਣ ਦੇ ਹੱਥਾਂ ਚੋਂ ਨੋਚੀ ਰੱਖੜੀ ਹੈ
ਭਰਾ ਦੀਆ ਤਲੀਆਂ 'ਤੇ ਨੱਚ ਰਿਹਾ ਜ਼ਹਿਰ ਹੈ
ਮਾਂ ਦੀਆ ਅੱਖਾਂ 'ਚ ਬਰਫ ਹੋਈ ਉਡੀਕ ਹੈ
ਬਾਪ ਦੀਆ ਮੁੱਛਾਂ 'ਚ ਅਟਕਿਆ ਅੱਥਰੂ ਹੈ
ਸਿਵਿਆਂ ਦੀ ਲੋਰੀ ਹੈ
-ਨਜ਼ਮ ਨਹੀਂ ਹੈ।
ਕਵੀ ਕਾਲੇ ਦਿਨਾਂ ਤੇ ਨਾਖੁਸ਼ਗਵਾਰ ਮੌਸਮਾਂ ਦੀ ਯਾਦ ਨੂੰ ਕਿਸੇ ਅਜ਼ੀਜ਼
ਦੀ ਬੇ-ਵਫਾਈ ਵਾਂਗ ਆਪਣੇ ਜ਼ਿਹਨ ਵਿਚ ਤਾਂ ਸੁੱਰਖਿਅਤ ਰੱਖੀ ਬੈਠਾ ਹੈ ਪਰ
ਉਹ ਨਹੀਂ ਚਾਹੁੰਦਾ ਕਿ ਉਸ ਤੋਂ ਬਾਦ ਵਾਲੀ ਪੀੜ੍ਹੀ ਤੇ ਇਹਨਾਂ ਦਿਨਾਂ ਤੇ
ਮੌਸਮਾਂ ਦਾ ਕਾਲਾ ਪ੍ਰਛਾਵਾਂ ਪਵੇ । ਆਪਣੀ ਨਜ਼ਮ 'ਕਾਲਿਆ ਦਿਨਾਂ 'ਚ'ਰਾਹੀਂ
ਉਹ ਇਹਨਾਂ ਦਿਨਾਂ ਦੌਰਾਨ ਵਾਪਰੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ
ਵਰਤਾਰੇ ਦੇ ਹਿਰਦੇ ਵੇਧਕ ਵੇਰਵੇ ਇਹਨਾਂ ਮਰਮਸਪਰਸ਼ੀ ਸਬਦਾਂ ਰਾਹੀ ਪੇਸ਼
ਕਰਦਾ ਹੈ-
ਕੀ ਕੁੱਝ ਨਹੀੰ ਹੋਇਆ ਇਹਨਾਂ ਦਿਨਾਂ 'ਚ
ਮੋਹ ਦੇ ਹੁੰਗਾਰੇ ਖੂਨ 'ਚ ਭਿੱਜ ਗਏ
ਮਾਤਮ ਦੀ ਆਮਦ ਹੋਈ
ਕਬਰਸਤਾਨ ਘਰਾਂ ਵਾਂਗ ਉੱਗ ਆਏ
ਸਿਰਾਂ ਤੇ ਪਹਿਚਾਣ ਦੇ ਝੰਡੇ ਚੜ੍ਹ ਗਏ-
ਰੰਗਾਂ ਦੀ ਸਕੀਰੀ ਟੁੱਟ ਗਈ ਸੁਪਨਿਆਂ ਨਾਲੋਂ
ਰੱਜਕੇ ਨੰਗੀ ਬਦਨਾਮ ਹੋਈ
ਤੇ ਫਿਰ ਉਹ ਨਵੀਂ ਪੀੜ੍ਹੀ ਦੇ ਸੁਪਨਿਆਂ ਦੇ ਹਾਣ ਦੀਆਂ ਨਜ਼ਮਾਂ ਲਿਖ ਕੇ
ਉਸ ਦੇ ਚੰਗੇਰੇ ਤੇ ਸ਼ਾਨਦਾਰ ਭਵਿੱਖ ਸਿਰਜਣ ਵਿਚ ਆਪਣਾ ਮਾਨਸਿਕ ਤੇ
ਕ੍ਰਿਆਤਮਕ ਯੋਗਦਾਨ ਪਾਉਣ ਦੀ ਗੱਲ ਕਰਦਾ ਹੈ-
ਜਾਹ
ਤੂੰ ਵਿਹੜੇ 'ਚ ਖੇਡ ਹਾਲੀਂ
ਆਪਣੇ ਖਿਡਾਉਣਿਆ ਨਾਲ
ਮੈਂ ਕੋਸ਼ਿਸ਼ ਕਰਦਾ ਹਾਂ
ਕੋਈ ਨਜ਼ਮ ਲਿੱਖ ਸਕਾਂ
ਤਾਰਿਆਂ ਉਪਰ ਹੱਸਦੇ ਅਸ਼ਮਾਨ ਜਿਹੀ
ਕਿਸੇ ਮਮਤਾ ਦੀ ਪਹਿਚਾਣ ਜਿਹੀ
ਦਰਿਆ ਦੀ ਠੰਡੀ ਹਿੱਕ ਜਿਹੀ
ਨਿੱਘੇ ਜਿਹੇ ਦਿਨ ਦੀ ਛਿੱਕ ਜਿਹੀ
ਤੇ ਤੂੰ ਉਸ ਨੂੰ
ਹੋਰ ਵੀ ਕੁਵੇਲੇ ਬੈਠ ਕੇ ਸੁਣ ਸਕੇਂ
ਦਰਵੇਸ਼ ਦੀਆਂ ਕਵਿਤਾਵਾਂ ਉਸ ਦੇ ਅੰਤਹਕਰਨ ਵਿਚ ਪਈਆਂ ਰੂਹਾਨੀ
ਅਤ੍ਰਿਪਤੀਆਂ ਨੂੰ ਨਸ਼ਰ ਕਰਦੀਆ ਹਨ ਤਾਂ ਇਸ ਸਹਿਜ ਸੱਚ ਦਾ ਖੁਲਾਸਾ ਹੁੰਦਾ
ਹੈ ਕਿ ਬਾਹਰੀ ਤੌਰ ਤੇ ਸੁੱਖ-ਸੁਵਿਧਾਵਾਂ ਭਰਪੂਰ ਜੀਵਨ ਜਿਉਣ ਦਾ ਵਿਖਾਵਾ
ਕਰ ਰਹੇ ਆਜੋਕੇ ਮਨੁੱਖ ਦਾ ਮਾਨਸਿਕ ਵਜੂਦ ਪੂਰੀ ਤਰਾਂ ਬਿਖਰ ਚੁੱਕਾ ਹੈ ।
ਪਲ ਪਲ ਮਰ ਕੇ ਜਿਉਣ ਦਾ ਦੁਖਾਂਤ ਭੋਗ ਰਿਹਾ ਮਨੁੱਖ ਆਪਣੇ ਆਪ ਆਪ
ਨੂੰ ਸਬੂਤਾ ਵਿਖਾਉਣ ਦਾ ਹਰ ਸੰਭਵ ਯਤਨ ਕਰਦਾ ਹੈ ਪਰ ਅਧੂਰੇਪਣ ਦਾ ਅਹਿਸਾਸ
ਉਸਦਾ ਉਸ ਦਾ ਪਿੱਛਾ ਨਹੀਂ ਛੱਡਦਾ। ਕਵੀ ਅਨੁਸਾਰ ਮੋਹ- ਮੁਹੱਬਤ ਦੇ
ਵਿਸ਼ਮਾਦੀ ਪਲ ਹੀ ਉਸ ਨੂੰ ਉਸ ਦੀ ਸਮੁੱਚਤਾ ਦਾ ਅਹਿਸਾਸ ਕਰਵਾ ਸਕਦੇ ਹਨ-
ਕਿਸ ਦਿਨ ਆਉਣਾ ਚਾਹੇਂਗੀ ਤੂੰ
ਮੈਂ ਉਸੇ ਹੀ ਦਿਨ ਲਈ
ਸਾਬਤ-ਸਬੂਤਾ
ਸਾਲਮ ਦਾ ਸਾਲਮ
ਆਪਣੇ ਆਪ ਨੂੰ ਜਿਉਂਦਾ ਰੱਖਾਂਗਾ
ਬਾਕੀ ਦਿਨਾਂ ਦਾ ਕੀ ਹੈ
ਮਰਕੇ ਵੀ ਜਿਊਂਏ ਜਾ ਸਕਦੇ ਨੇ
ਮਾਂ ਦੀ ਮਮਤਾ ਤੇ ਮਹਿਬੂਬ ਦੀ ਮੁਹੱਬਤ ਉਸ ਦੇ ਜੀਵਨ ਤੇ ਉਸਦੀਆਂ
ਕਵਿਤਾਵਾਂ ਵਿਚ ਏਨੇ ਰਚੇ ਮਿਚੇ ਨੇ ਕਿ ਜ਼ਜ਼ਬਾਤਾਂ ਦੇ ਹਾਣ ਦੇ ਇਹ ਦੋਹੇਂ
ਰਿਸ਼ਤੇ ਉਸ ਲਈ ਸ਼ਿੱਦਤ ਦੇ ਹਾਣ ਦੀ ਰਾਹਤ ਹੋ ਨਿਬੜਦੇ ਨੇ। ਮਹਾਂ ਨਗਰੀ ਭੀੜ
ਵਿਚ ਗੁਆਚਿਆ ਜਦੋਂ ਉਹ ਆਪਣੇ ਚੇਤਿਆਂ ਵਿਚ ਆਪਣੇ ਪਿੰਡ ਵਿਚਲੇ ਘਰ ਦੇ ਨਕਸ਼
ਉਘੇੜਦਾ ਹੈ ਤਾਂ ਘਰ ਵਿਚ ਬੈਠੀ ਮਾਂ ਦੀ ਨਿੱਘੀ ਯਾਦ ਮਹਾਂ ਨਗਰੀ ਭੀੜ ਵਿਚ
ਵੀ ਉਸ ਦੀ ਉਂਗਲ ਫੜ ਕੇ ਉਸਦੀ ਅਗਵਾਈ ਕਰਦੀ ਜਾਪਦੀ ਹੈ-
ਮਾਂ ਆ ਰਹੀ ਹੈ
ਰੋਟੀ ਉੱਪਰ ਗੁੜ ਰੱਖੀ
ਭੀੜ ਵਿੱਚ ਮੈਨੂੰ
ਉਂਗਲ ਫੜ ਕੇ ਤੁਰਨ ਲਈ ਆਖਦੀ ਹੈ।
ਮਾਨਵੀ ਸੰਵੇਦਨਾਂ ਕਿਸੇ ਵਿਅਕਤੀ ਨੂੰ ਮਨੁੱਖ ਕਹਾਉਣ ਦਾ ਦਰਜ਼ਾ ਦੇਂਦੀ
ਹੈ ਤੇ ਉਸ ਅੰਦਰਲੀ ਮਨੁੱਖਤਾ ਦੇ ਨਕਸ਼ ਉਘੇੜਦੀ ਹੈ । ਭਾਵੇਂ ਇਹ ਸੰਵੇਦਨਾਂ
ਹਰ ਮਨੁੱਖ ਅੰਦਰ ਮੌਜੂਦ ਹੈ ਪਰ ਇਸ ਦੇ ਚਰਮ ਬਿੰਦੂ ਤੱਕ ਹਰ ਕੋਈ ਨਹੀਂ
ਪਹੁੰਚ ਸਕਦਾ। ਮਹਿਬੂਬ ਨੂੰ ਆਪਣੇ ਅਹਿਸਾਂਸਾ ਦੇ ਹਾਣ ਦਾ ਹੋ ਕੇ ਰਹਿਣ ਦਾ
ਵਾਸਤਾ ਪਾਉਂਦੇ ਦਰਵੇਸ਼ ਅੰਦਰਲੀ ਸੰਵੇਦਨਸ਼ੀਲਤਾ ਏਨੀ ਤੀਬਰ ਹੈ ਕਿ ਮਹਿਬੂਬ
ਦੇ ਚਿਹਰੇ 'ਤੇ ਉਕਰੀ ਕੋਈ ਵੀ ਚਿੰਤਾ ਜਾਂ ਗਮ ਦੀ ਲਕੀਰ ਉਸ ਦੇ ਆਪਣੇ
ਚਿਹਰੇ 'ਤੇ ਉਕਰੀ ਜਾਦੀ ਹੈ ਤੇ ਉਹ ਉਸਦਾ ਚਿਹਰਾ ਤਲੀਆਂ ਲੈ ਕੇ ਪਲੋਸਦਾ
ਉਹ ਆਪਣੇ ਚਿਹਰੇ ਨੂੰ ਜ਼ਖਮੀ ਕਰ ਲੈਣ ਦੇ ਅਹਿਸਾਸ ਹੰਢਾਉਣ ਲੱਗਦਾ ਹੈ-
ਨਿੱਤਰੀ ਜਿਹੀ ਨਜ਼ਰ ਵਾਲੀਏ
ਤੈਨੂੰ ਮੇਰੀਆਂ ਨਿਸ਼ਾਨੀਆਂ ਦੀ ਸਹੁੰ
ਮੇਰਿਆ ਅਹਿਸਾਂਸਾ ਦੇ ਹਾਣ ਦੀ ਹੋ ਕਿ ਰਹੀਂ
ਕਿਤੇ ਤਲੀਆਂ .ਚ ਲੈ ਕੇ ਤੇਰਾ ਚਿਹਰਾ ਪਲੋਸਦਾ
ਮੈਂ ਆਪਣੇ ਚਿਹਰੇ 'ਤੇ ਜ਼ਖਮ ਨਾ ਸਿਰਜ ਲਵਾਂ
ਮਾਨਵੀ ਸੰਵੇਦਨਾਂ ਦੇ ਧਰਾਤਲ 'ਤੇ ਕੁੜੀਆਂ ਤੇ ਕਵਿਤਾਵਾਂ ਦਰਵੇਸ਼ ਲਈ
ਇਕੋ ਜਿਹੇ ਅੱਰਥ ਰੱਖਦੀਆ ਹਨ। ਕਵਿਤਾਵਾਂ ਵਾਂਗ ਕੁੜੀਆਂ ਅੰਦਰਲੀ
ਸੰਵੇਦਨਾਂ , ਸੂਖਮਤਾ , ਮਾਰਮਿਕਤਾ ਤੇ ਤਰਲਤਾ ਉਹਨਾਂ ਦੇ ਵਿਅਕਤੀਤੱਵ ਨੂੰ
ਇਕ ਵਿਸੇਸ਼ ਪਹਿਚਾਣ ਦੇਂਦੀ ਹੈ। ਕਵੀ ਨਹੀਂ ਚਾਹੁੰਦਾ ਕਿ ਆਜੋਕਾ ਸਮਾਜ
ਕਵਿਤਾਵਾਂ ਵਰਗੀਆਂ ਕੁੜੀਆਂ ਕੋਲੋਂ ਉਹਨਾਂ ਦੀ ਸਹਿਜਤਾ ਤੇ ਸੁਭਾਵਿਕਤਾ
ਨੂੰ ਪ੍ਰਭਾਵਿਤ ਕਰਨ ਵਾਲੇ ਸੁਆਲ ਪੁੱਛ ਕੇ ਉਹਨਾਂ ਦੀ ਵਿਸ਼ੇਸ਼ਤਾ ਖੋਹੇ ਤੇ
ਉਹਨਾਂ ਦੀ ਸਦੀਆਂ ਤੋਂ ਚਲੀ ਆ ਰਹੀ ਗੁਲਾਮੀ ਉਸੇ ਤਰਾਂ ਕਾਇਮ ਰਹੇ-
ਨਾ-ਨਾ
ਕੁੜੀਆ ਨੂੰ ਸੁਆਲ ਨਾ ਕਰੋ
ਕਿ ਸੁਆਲ ਕੀਤਿਆਂ ਉਹ ਤੁਹਾਥੋਂ
ਕਵਿਤਾ ਵਾਂਗ ਲਿੱਖੀਆਂ ਨਹੀਂ ਜਾਣੀਆਂ
ਸੁਆਲ ਕੀਤਿਆਂ
ਕੁੜੀਆਂ ਜਾ ਲੁਕਣਗੀਆਂ ਬਗੀਚਿਆਂ'ਚ
ਫੁੱਲਾਂ ਟਹਿਣੀਆਂ ਉਹਲੇ
ਪੱਤੇ ਪੱਤੇ ਤੇ ਕਿਆਰੀਆਂ ਕੀਤੀ ਗੋਡੀ 'ਚ
ਉਹ ਭੱਜ ਕੇ ਜਾ ਬੈਠਣਗੀਆਂ
ਭਾਵੇਂ
ਦਰਵੇਸ਼ ਦੀਆਂ ਕਵਿਤਾਵਾਂ ਉਸਦੇ ਮੋਹ- ਮਹੁੱਬਤੀ ਤੇ ਨਿੱਜ਼ੀ ਸਰੋਕਾਰਾਂ ਨੂੰ
ਵਧੇਰੇ ਅਹਿਮੀਅਤ ਪ੍ਰਦਾਨ ਕਰਦੀਆਂ ਹਨ ਪਰ ਜਦੋਂ ਉਹ ਮਨੁੱਖ, ਮਨੁੱਖਤਾ ਤੇ
ਮਨੁੱਖੀ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਚੁੱਕੀ ਦੇਸ਼ ਦੀ
ਅਰਥਿਕ,ਸਮਾਜਿਕ ਤੇ ਰਾਜਨੀਤਕ ਵਿੱਵਸਥਾ ਨੂੰ ਮੁਖਾਤਿਬ ਹੁੰਦਾ ਹੈ ਤਾਂ ਉਸ
ਦੀ ਪਹਿਚਾਣ ਇਕ ਜਾਗਰੂਕ ਤੇ ਚਿੰਤਨਸ਼ੀਲ ਮਨੁੱਖ ਵਿਚ ਤਬਦੀਲ ਹੋ ਜਾਦੀ ਹੈ।
ਰਾਜ ਸੱਤਾ ਤੇ ਕਾਬਜ਼ 'ਕੁਰਸੀਆਂ' ਦੇ ਦੇਸ਼ ਤੇ ਲੋਕ ਵਿਰੋਧੀ ਖਾਸੇ ਉਘੇੜਣ
ਦੇ ਨਾਲ ਨਾਲ ਉਹ ਦੇਸ਼ ਵਾਸੀਆਂ ਨੂੰ ਸਵੈ-ਮਾਣ ਤੇ ਵਫ਼ਾ ਦੇ ਅਰਥਾਂ ਤੋਂ ਵੀ
ਜਾਣੂ ਕਰਵਾਉਂਦਾ ਹੈ –
ਤੂੰ ਤਾਂ ਕਦੇ ਸੋਚਿਆ ਨਹੀਂ ਹੋਣਾ ਮੇਰੇ ਦੇਸ਼
ਕਿ ਤੇਰਿਆਂ ਸਾਹਾਂ ਨੂੰ ਕਦੀਂ
ਕੁਰਸੀਆਂ ਦੀ ਜ਼ਮੀਰ ਨੋਚਣ ਲੱਗ ਪਵੇਗੀ
ਤੇ ਤੇਰੀਆਂ ਅੱਖਾਂ ਅੱਗੇ
ਸਿਆਸਤ ਦਾ ਮਿਰਾਸੀ ਊਂਘ ਰਿਹਾ ਹੋਵੇਗਾ
ਤੇਰੇ ਵਾਰਿਸ ਸ਼ਾਹ ਤੇ ਪੀਲੂ
ਵਿਰਲਾਪ ਕਰਨਗੇ ਤੇਰੀ ਭਟਕਦੀ ਰੂਹ 'ਤੇ
ਤੇ ਤੇਰੇ ਮਿਰਜ਼ਾ ਤੇ ਕੌਲਾਂ
ਸਹਿਮ ਸਹਿਮ ਪੁੱਛਣਗੇ
ਸਵੈ-ਮਾਣ ਤੇ ਵਫ਼ਾ ਦੇ ਅਰਥ।
ਕਵੀ ਆਪਣੇ ਨਜ਼ਮ ਲਿੱਖਣ ਦੇ ਪ੍ਰਯੋਯਨ ਨੂੰ ਕੇਵਲ ਆਪਣੇ ਨਿੱਜ ਦੇ
ਅੰਤਰੀਵੀ ਤੇ ਬਾਹਰੀ ਪਰਗਟਾਵੇ ਤੱਕ ਹੀ ਸੀਮਤ ਨਹੀਂ ਰੱਖਦਾ । ਜਦੋਂ ਉਸ ਦਾ
ਨਿੱਜ ਆਪਣੀ ਸਮਾਜਿਕ ਜ਼ਰੂਰਤਾਂ ਲਈ ਲੋਕ ਸਮੂਹ ਨਾਲ ਜੁੜਦਾ ਹੈ ਤਾਂ ਉਹ
ਸਮੂਹ ਦਾ ਹੀ ਹਿੱਸਾ ਬਣ ਕੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਨ ਲੱਗ
ਪੈਂਦਾ ਹੈ । ਮੰਡੀ ਵਿਚ ਹੁੰਦੀ ਮਿਹਨਤਕਸ਼ ਮਜਦੂਰਾਂ ਤੇ ਕਿਸਾਨੀ ਦੀ ਲੁੱਟ
ਉਸ ਨੂੰ ਆਪਣਾ ਨਿੱਜ ਤਿਆਗ ਕੇ ਸਮੂਹ ਦੀ ਆਵਾਜ਼ ਬਨਣ ਲਈ ਪ੍ਰੇਰਿਤ ਕਰਦੀ ਹੈ
। ਆਪਣਾ ਕਿਸਾਨੀ ਪਿਛੋਕੜ ਹੁੰਦਿਆਂ ਜਦੋ ਓਹ ਪੁੱਤਾ ਵਾਂਗ ਪਾਲੀ ਫਸਲ ਦੀ
ਸ਼ਰੇਆਮ ਹੋ ਰਹੀ ਲੁੱਟ ਨੂੰ ਵੇਖਦਾ ਹੈ ਤਾਂ ਉਹ ਕਿਸਾਨ ਦੇ ਹੱਕ ਵਿਚ ਹਾਂ
ਦਾ ਨਾਹਰਾਂ ਮਾਰਨ ਤੇ ਤਲਖ ਕਵਿਤਾਵਾਂ ਲਿਖਣ ਲਈ ਮਜਬੂਰ ਹੋ ਜਾਂਦਾ ਹੈ-
ਮਿੱਟੀ ਦੀ ਮਹਿਕ ਜਦੋਂ ਮੰਡੀਆ ,ਚ ਰੁਲਦੀ
ਸ਼ਾਹਾਂ ਦੀ ਬੋਲੀ ਨਮਕ ਦੇ ਭਾਅ ਤੁਲਦੀ
ਧਰਤੀ ਦੇ ਮੱਥੇ ਕੋਈ ਦਾਗ਼ ਹਰਾ ਹੁੰਦਾ
ਫਸਲਾਂ ਦੇ ਜ਼ਖਮ
ਤੁਹਾਡੇ ਘਰ ਵੱਲ ਤੱਕਦੇ ਨੇ
ਮੈਂ ਤਦ ਲਿਖਦਾ ਹਾਂ।
ਦਰਵੇਸ਼ ਆਪਣੀਆ ਕਾਰੋਬਾਰੀ ਜ਼ਰੂਰਤਾ ਲਈ ਮੁੰਬਈ ਵਰਗੇ ਮਹਾਂਨਗਰ ਦੀ ਤੇਜ
ਰਫਤਾਰ ਜੀਵਨ ਜਾਂਚ ਨੂੰ ਅਪਨਾਉਣ ਦੀ ਸੁਚੇਤ ਕੋਸ਼ਿਸ਼ ਕਰਦਾ ਹੈ ਪਰ ਉਸ ਦੇ
ਅਵਚੇਤਨ ਵਿਚ ਬੈਠਾ ਪਿੰਡ ਉਸ ਦੇ ਅਚਾਰ ਵਿਵਹਾਰ , ਸੋਚ ਤੇ ਵਿਚਾਰਧਾਰਾਂ
ਨੂੰ ਆਪਣੀ ਪਕੜ ਤੋਂ ਮੁਕਤ ਨਹੀਂ ਕਰਦਾ। ਮਹਾਂ ਨਗਰੀ ਜੀਵਨ ਜਾਂਚ ਉਸ ਨੂੰ
ਪੇਂਡੂ ਜੀਵਨ ਜਿਹਾ ਰੂਹਾਨੀ ਰੱਜ ਨਹੀਂ ਦੇਂਦੀ ਸਗੋਂ ਉਸ ਦੀ ਭਟਕਣਾ ਵਿੱਚ
ਹੋਰ ਵਾਧਾ ਕਰਦੀ ਹੈ। ਉਹ ਸਮਝਦਾ ਹੈ ਕਿ ਮਹਾਂ ਨਗਰੀ ਚੇਤਨਾਂ ਉਸ ਦੀਆਂ
ਪਦਾਰਥਕ ਪ੍ਰਾਪਤੀਆਂ ਵਿੱਚ ਤਾਂ ਵਾਧਾ ਕਰ ਸਕਦੀ ਹੈ ਪਰ ਉਸ ਨੂੰ ਗੰਨੇ ਦਾ
ਰਸ ਪੀਣ ਤੇ ਛੱਲੀਆਂ ਦੇ ਨਰਮ ਦਾਣੇ ਖਾਣ ਦਾ ਸੁਆਦ ਨਹੀ ਦੇ ਸਕਦੀ ।ਮੁੰਬਈ
ਦੇ ਸਮੁੰਦਰ ਦੇ ਕਿਨਾਰੇ ਤੇ ਤੁਰਨ ਦੇ ਨਜ਼ਾਰੇ ਉਸ ਨੂੰ ਦੀ ਕੱਚੀ ਨਹਿਰ ਤੇ
ਸੈਰ ਕਰਨ ਵਰਗਾ ਆਨੰਦ ਨਹੀਂ ਦੇ ਸਕਦੇ-
ਕਿਹੋ ਜਿਹਾ ਸ਼ਹਿਰ ਹੈ ਇਹ
ਗੰਨੇ ਦਾ ਰਸ
ਭੁਨੀਆਂ ਛੱਲੀਆ ਵੇਚਣ ਵਾਲਾ
ਚਾਹ ਦੀ ਦੁਕਾਨ
ਅਖਬਾਰ ਦਾ ਖੋਖਾ
ਕਿਧਰੇ ਕੁੱਝ ਵੀ ਨਹੀਂ ਹੈ---
ਉਹ ਪਿੰਡ ਨੂੰ ਭੂਗੋਲਿਕ ਇਕਾਈ ਦੀ ਬਜਾਏ ਸਾਂਝੀਵਾਲਤਾ, ਹਮਦਰਦੀ, ਮੋਹ
-ਮੁਹੱਬਤੀ ਭਾਵਨਾਵਾਂ , ਸਮਰਪਣ ਤੇ ਸਾਦਗੀ ਦੇ ਪ੍ਰਤੀਕਾਤਮਕ ਚਿੰਨ੍ਹ ਵਜੋਂ
ਸਵਿਕਾਰਦਾ ਹੈ। ਜਦੋ ਨਵੇਂ ਵਿਸਵੀ ਯੁਗ ਦੀ ਚੇਤਨਾ ਨੇ ਪਿੰਡ ਦੇ ਉਕਤ
ਗੁਣਾਂ ਨੂੰ ਖਤਮ ਕਰਕੇ ਇਹਨਾਂ ਦਾ ਪੂੰਜੀਵਾਦੀ ਤਰਜ਼ ਤੇ ਸ਼ਹਿਰੀ ਕਰਨ ਕੀਤੇ
ਜਾਣ ਦਾ ਰਾਹ ਅਪਣਾ ਲਿਆ ਤਾਂ ਦਰਵੇਸ਼ ਲਈ ਇਹ ਚਿੰਤਾ ਦਾ ਵਿਸ਼ਾ ਹੋ ਨਿਬੜਿਆ।
ਪਿੰਡ ਦੀ ਪੂੰਜੀ ਅਧਾਰਿਤ ਵਿਕਾਸ ਪ੍ਰੀਕ੍ਰਿਆ ਤੇ ਨਵੀਨੀਕਰਨ ਨੂੰ ਉਹ ਕੈਰੀ
ਨਜ਼ਰ ਨਾਲ ਵੇਖਦਾ ਹੈ । ਮੋਹ – ਮੁਹੱਬਤ ਤੇ ਪਿਆਰ ਤੇ ਅਣਖ ਦਾ ਸਿਰਨਾਵਾਂ
ਦੱਸਣ ਵਾਲੀ ਪਿੰਡ ਦੀ ਪੁਰਾਣੀ ਪਹਿਚਾਣ ਗੁਆਚਣ ਦਾ ਹੇਰਵਾ ਉਸ ਦੀਆ ਕਈ
ਕਵਿਤਾਵਾਂ ਤੇ ਗੀਤਾਂ ਵਿਚ ਸ਼ਾਮਿਲ ਹੈ –
ਦੇਸੀ ਘਿਉ ਦੇ ਥੰਦੇ ਘੜੇ ਹੁਣ ਨਹੀਉਂ ਲੱਭਣੇ
ਤੇਲ ਵਾਲੇ ਦੀਵੇ ਨਹੀਂ ਬਨੇਰਿਆ ਤੇ ਜਗਣੇ
ਡਾਟਾਂ ਲੇ ਦਰਵਾਜਿਆ 'ਤੋਂ ਮਿਟ ਗਏ
ਸਾਡੇ ਦਾਦੇ ਪੜਦਾਦਿਆਂ ਦੇ ਨਾਂ ਮਿੱਤਰਾ
ਉਹਨਾਂ ਚੁਲ੍ਹਿਆਂ ਦੇ ਸਾਰੇ ਲਿਉੜ ਖੁਰ ਗਏ
ਜਿੱਥੇ ਰੋਟੀਆਂ ਲਾਹੁੰਦੀ ਸੀ ਮੇਰੀ ਮਾਂ ਪੁੱਤਰਾ।
ਭਾਵੇਂ ‘ਕੁੜੀਆਂ ਨੂੰ ਸੁਆਲ ਨਾ ਕਰੋ' ਸੰਗ੍ਰਿਹ ਦੀਆਂ ਕਵਿਤਾਵਾਂ ਦਾ
ਅਭਿਵਿਅਕਤੀਗਤ ਪਸਾਰ ਕਵੀ ਦੇ ਵਿਚਾਰਾਂ ਦੀ ਮੌਲਿਕਤਾ ਤੇ ਸੱਜਰੇਪਣ ਨੂੰ
ਦ੍ਰਿਸ਼ਟੀਗੋਚਰ ਕਰਦਾ ਹੈ ਪਰ ਕਈ ਵਾਰ ਇਹ ਮੌਲਿਕਤਾ ਤੇ ਨਵੀਨਤਾ ਪਾਠਕਾ ਦੀ
ਬੁੱਧੀ ਪ੍ਰੀਖਿਆ ਲੈਣ ਵਾਲੀ ਵੀ ਹੋ ਨਿਬੜਦੀ ਹੈ। ਉਸ ਦੀ ਕਵਿਤਾ ਦੇ
ਅੰਤਰਮੁਖੀ ਸਰੋਕਾਰਾਂ ਦਾ ਵਿਖਿਆਤਮਕ ਮੁਹਾਂਦਰਾ ਸਿਰਜਣ ਲਈ ਪਾਠਕਾਂ ਨੂੰ
ਉਸ ਵਾਂਗ ਹੀ ਅੰਤਰ ਧਿਆਨ ਹੋਣ ਦੀ ਲੋੜ ਪੈਂਦੀ ਹੈ ਤੇ ਅਜਿਹੀ ਅੰਤਰਮੁਖੀ
ਪਾਠਕੀ ਦ੍ਰਿਸ਼ਟੀ ਹਰ ਪਾਠਕ ਦੇ ਹਿੱਸੇ ਨਹੀਂ ਆਉਂਦੀ । ਇਸ ਲਈ ਉਸ ਦੀਆਂ
ਕੁੱਝ ਕਵਿਤਾਵਾਂ ਕੇਵਲ ਉਸ ਤੇ ਉਸ ਵਰਗੇ ਹੋਰ ਅਤਿ ਸੰਵੇਦਨਸ਼ੀਲ ਪਾਠਕਾਂ ਦੀ
ਸੁਹਜ ਸਤੁੰਸ਼ਟੀ ਹੀ ਕਰਵਾ ਸਕਦੀਆਂ ਹਨ । ਮੈਂ ਦਰਵੇਸ਼ ਨੂੰ ਨਿਮਰ ਬੇਨਤੀ
ਕਰਾਂਗਾ ਕਿ ਉਹ ਕੇਵਲ ਇਹ ਆਸ ਨਾ ਰੱਖੇ ਕਿ ਪਾਠਕ ਉਸ ਦੀ ਅੰਤਰੀਵੀ
ਬੌਧਕਿਤਾ ਦੇ ਹਾਣੀ ਬਣ ਕੇ ਉਸ ਦੀ ਕਵਿਤਾ ਨੂੰ ਇਸ ਦੇ ਹਿੱਸੇ ਆਉਂਦਾ ਪਿਆਰ
ਤੇ ਸਤਿਕਾਰ ਦੇਣ , ਸਗੋਂ ਇਹ ਕੋਸ਼ਿਸ ਵੀ ਕਰੇ ਕਿ ਉਸ ਦੀ ਕਵਿਤਾ ਵੀ ਆਮ
ਪਾਠਕ ਦੀ ਸੂਝ ਤੇ ਸਮਝ ਨਾਲ ਹੋਰ ਨੇੜਤਾ ਪੈਦਾ ਕਰ ਸਕੇ।
ਉਸ ਦੀ ਕਾਵਿ ਸਿਰਜਣਾ ਦਾ ਕਾਵਿਕ ਆਵੇਗ ਆਮ ਕਰਕੇ ਸ਼ਾਂਤ ਵਹਿੰਦੀ ਨਦੀ
ਵਰਗਾ ਸੰਗੀਤਮਈ ਹੁੰਦਾ ਹੈ ਪਰ ਕਿਸੇ ਵੇਲੇ ਇਹ ਉਚੀਆਂ ਨੀਵੀਆਂ ਪਹਾੜੀਆਂ
ਵਿੱਚੋਂ ਲੰਘਦੀ ਜਲਧਾਰਾ ਵਾਂਗ ਸ਼ੋਰੀਲਾ ਵੀ ਹੋ ਜਾਂਦਾ ਹੈ , ਅਜਿਹੇ ਸਮੇਂ
ਉਸ ਦੀਆ ਕਵਿਤਾਵਾਂ ਵਿਚਲੀ ਸਹਿਜ ਰਵਾਨਗੀ ਤੇ ਲੈਅ ਗਾਇਬ ਹੋਣ ਲੱਗਦੀ ਹੈ
ਤੇ ਉਹ ਟੁਕੜਿਆਂ ਦੇ ਰੂਪ ਵਿੱਚ ਰਚਾਏ ਬੌਧਿਕ ਸੰਵਾਦ ਦਾ ਪ੍ਰਭਾਵ ਦੇਣ ਲੱਗ
ਪੈਂਦੀਆਂ ਹਨ। ਉਸ ਦੀ ਕਵਿਤਾ ਵਿਚਲਾ ਬਿੰਬ ਵਿਧਾਨ ਨਿਵੇਕਲਾ ਤੇ ਮੌਲਿਕ ਹੈ
ਅਤੇ ਉਸ ਦੀ ਕਵਿਤਾ ਦੇ ਸੁਹਜ ਸੁਆਦ ਵਿਚ ਵਾਧਾ ਕਰਨ ਵਾਲਾ ਵੀ ਹੈ ਪਰ ਇਕ
ਦੋ ਕਵਿਤਾਵਾਂ ਵਿਚ ਵਰਤੇ ਬਿੰਬ ਤੇ ਪ੍ਰਤੀਕ ਉਸ ਤੋਂ ਸਪਸ਼ਟਤਾ ਦੀ ਮੰਗ ਵੀ
ਕਰਦੇ ਹਨ ।ਉਦਾਹਰਣ ਵਜੋਂ ਜਦੋਂ ਉਹ ਕੁਰਸੀਆ ਦੀ ਜ਼ਮੀਰ ਦੀ ਗੱਲ ਕਰਦਾ ਹੈ
ਤਾਂ ਪਾਠਕਾਂ ਦੇ ਜ਼ਿਹਨ ਵਿੱਚ ਇਹ ਸੁਆਲ ਜ਼ਰੂਰ ਪੈਦਾ ਹੁੰਦਾ ਹੈ ਕਿ ਕੀ
ਸਥਾਪਤੀ ਤੇ ਰਾਜਸੀ ਤਾਕਤ ਦਾ ਪ੍ਰਤੀਕ ਸਮਝੀਆਂ ਜਾਂਦੀਆ ਕੁਰਸੀਆਂ ਕੋਲ ਕੋਈ
ਜ਼ਮੀਰ ਨਾਂਅ ਦੀ ਚੀਜ਼ ਵੀ ਹੁੰਦੀ ਹੈ ।
ਪੁਸਤਕ ਵਿਚ ਸ਼ਾਮਿਲ ਸਾਹਿਤਕ ਗੀਤਾਂ ਦੀ ਭਾਸ਼ਾ ਆਪਣੇਪਣ ਦਾ ਅਹਿਸਾਸ
ਜਗਾਉਣ ਵਾਲੀ ਹੈ ਤੇ ਇਹਨਾਂ ਵਿਚਲੇ ਸਮਾਜਿਕ ਸਰੋਕਰ ਦਰਵੇਸ਼ ਨੂੰ ਉਸ
ਸਮਾਜਿਕ ਤੇ ਪਰਿਵਾਰਕ ਫਰਜ਼ਾਂ ਪ੍ਰਤੀ ਪੁਰੀ ਤਰਾਂ ਸੁਚੇਤ ਹੋਣ ਦਾ
ਸਰਟੀਫਿਕੇਟ ਦੇਂਦੇ ਹਨ । ਕਵਿਤਾਵਾਂ ਦੇ ਮੁਕਾਬਲੇ ਵਿੱਚ ਉਸ ਦੇ ਗੀਤਾਂ ਦਾ
ਲੋਕ ਮੁਹਾਵਰਾ ਹਰ ਤਰਾਂ ਦੇ ਪਾਠਕ ਵਰਗ ਨੂੰ ਆਪਣੇ ਵੱਲ ਖਿੱਚਦਾ ਹੈ ।
ਦਰਵੇਸ਼ ਦੇ ਵਜੂਦ ਦਾ ਹੀ ਹਿੱਸਾ ਜਾਪਦੇ ਉਸ ਦੇ ਦੋਸਤ ਕਵੀ ਮੋਹਨ ਸਪਰਾ ,
ਅਤੈ ਸਿੰਘ , ਸਵਰਨਜੀਤ ਸਵੀ ਤੇ ਅਮਰਦੀਪ ਗਿੱਲ ਦੇ ਕਾਵਿ ਚਿੱਤਰ ਵੀ ਇਸ
ਪੁਸਤਕ ਦਾ ਇਤਿਹਾਸਕ ਭਾਗ ਨੇ। ਇਹ ਕਾਵਿ ਚਿੱਤਰ ਉਕਤ ਸ਼ਾਇਰਾਂ ਦੀ
ਬਹੁ-ਰੰਗੀ , ਬਹੁ-ਪਸਾਰੀ ਤੇ ਬਹੁ- ਮੰਤਵੀ ਸ਼ਖਸ਼ੀਅਤ ਨੂੰ ਭਲੀਭਾਂਤ ਰੂਪਮਾਨ
ਕਰ ਜਾਂਦੇ ਨੇ । ਦਰਵੇਸ਼ ਦਾ ਇਹ ਕਾਵਿ ਸੰਗ੍ਰਿਹ ਨਵੀਂ ਪੰਜਾਬੀ ਕਵਿਤਾ ਵਿਚ
ਅਹਿਸਾਸ ਦੇ ਪੱਧਰ ਤੇ ਹੋਰ ਨਵਾਂਪਣ ਲਿਆਉਣ ਵਾਲਾ ਹੈ ਉਸ ਦੀ ਕਵਿਤਾ ਭਾਵੇਂ
ਮਾਨਵੀ ਵੇਦਨਾ ਤੇ ਸੰਵੇਦਨਾਂ ਦੀ ਉਦਾਸ ਤਸਵੀਰ ਉਘੇੜਦੀ ਹੈ ਪਰ ਉਸ ਦੀ
ਉਦਾਸੀ ਤੇ ਚਿੰਤਾ ਚਿੰਤਨ ਸ਼ੀਲਤਾ ਵਿਚ ਪਰਵਰਤਿਤ ਹੋ ਕੇ ਅੰਤ ਲੋਕ
ਕਲਿਆਣਕਾਰੀ ਤੇ ਮਾਨਵਤਾਵਾਦੀ ਰਾਹਾਂ ਦੀ ਨਿਸ਼ਾਨਦੇਹੀ ਕਰਨ ਦੇ ਰਾਹ ਪੈ
ਜਾਂਦੀ ਹੈ।ਭਾਵੇਂ ਬਾਲੀਵੁਡ ਦੇ ਰੁਝੇਵੇਂ ਉਸ ਅਤੇ ਪੰਜਾਬੀ ਕਵਿਤਾ ਦੇ
ਪਾਠਕਾਂ ਵਿਚਕਾਰ ਦੂਰੀ ਵਧਾਉਣ ਵਾਲੇ ਸਿੱਧ ਹੋਏ ਨੇ, ਫਿਰ ਵੀ ਉਮੀਦ ਕਰਦਾਂ
ਹਾਂ ਕਿ ਉਹ ਆਪਣੀ ਤੀਜੀ ਕਾਵਿ ਪੁਸਤਕ ਦੇਣ ਵੇਲੇ ਪਹਿਲਾਂ ਜਿਨਾਂ ਵਕਫਾ
ਨਹੀਂ ਪਾਵੇਗਾ।
ਨਿਰੰਜਣ ਬੋਹਾ
ਕੱਕੜ ਕਾਟੇਜ਼, ਮਾਡਲ ਟਾਊਨ
ਬੋਹਾ (ਮਾਨਸਾ)
ਮੋਬਾਈਲ- 89682-82700 |