ਬੱਚਿਆਂ ਦੀਆਂ ਕਵਿਤਾਵਾਂ ਲਿਖਣ ਲਈ ਲੇਖਕ ਨੂੰ ਖ਼ੁਦ ਬੱਚਾ ਬਣਨਾ ਪੈਂਦਾ
ਹੈ ਕਿਉਂਕਿ ਬੱਚਿਆਂ ਦੇ ਮਨ ਦਾ ਅਜੇ ਪੂਰਾ ਵਿਕਾਸ ਨਹੀਂ ਹੋਇਆ ਹੁੰਦਾ।
ਕੁਲਵੰਤ ਖਨੌਰੀ ਆਪ ਬੱਚਿਆਂ ਦਾ ਅਧਿਆਪਕ ਹੈ ਇਸ ਲਈ ਉਸਨੂੰ ਬੱਚਿਆਂ ਦੀਆਂ
ਲੋੜਾਂ ਅਤੇ ਮਾਨਸਿਕ ਅਵਸਥਾ ਬਾਰੇ ਜਾਣਕਾਰੀ ਹੈ। ਪਿਆਰ ਪੰਘੂੜਾ ਉਸਦੀ
ਕਵਿਤਾਵਾਂ ਦੀ ਇਹ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸਨੇ ‘‘ਬਚਪਨ ਦੇ
ਆੜੀ’’ ਕਵਿਤਾਵਾਂ ਦੀ ਪੁਸਤਕ ਪ੍ਰਕਾਸ਼ਤ ਕੀਤੀ ਸੀ। ਇਸ ਤੋਂ ਇਲਾਵਾ ਉਸਦੀਆਂ
ਕਵਿਤਾਵਾਂ ਚਾਰ ਸਾਂਝੇ ਕਾਵਿ ਸੰਗ੍ਰਹਿ ਵਿਚ ਵੀ ਪ੍ਰਕਾਸ਼ਤ ਹੋਈਆਂ ਹਨ।
ਬੱਚਿਆਂ ਨੂੰ ਕੋਈ ਵੀ ਗੱਲ ਸਮਝਾਉਣ ਲਈ ਉਨਾਂ ਦੀ ਮਾਨਸਿਕ ਸਥਿਤੀ
ਅਨੁਸਾਰ ਲਿਖਣਾ ਪੈਂਦਾ ਹੈ।
ਇਹ 56 ਪੰਨਿਆਂ ਦੀ ਸਚਿਤਰ ਪੁਸਤਕ "ਨਵਰੰਗ ਪਬਲੀਕੇਸ਼ਨਜ਼ ਸਮਾਣਾ" ਨੇ
ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦੀ ਕੀਮਤ 60 ਰੁਪਏ ਹੈ, ਜਿਸ ਵਿਚ 19
ਕਵਿਤਾਵਾਂ ਹਨ। ਇਨਾਂ ਕਵਿਤਾਵਾਂ ਨੂੰ ਬੱਚਿਆਂ ਨੂੰ ਸਮਝਾਉਣ ਲਈ ਹਰ ਕਵਿਤਾ
ਨਾਲ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਪੁਸਤਕ ਦਾ ਮੁੱਖ ਅਤੇ ਅਖ਼ੀਰਲਾ
ਟਾਈਟਲ ਰੰਗਦਾਰ ਹਨ। ਪਹਿਲੇ ਟਾਈਟਲ ਉਪਰ ਇੱਕ ਪੰਘੂੜਾ, ਹਾਥੀਆਂ ਦਾ ਟੋਲਾ,
ਕਾਰ, ਘੜੀ ਅਤੇ ਪੰਜਾਬੀ ਅੱਖਰ ਲਿਖੇ ਹੋਏ ਹਨ ਤਾਂ ਜੋ ਬੱਚਿਆਂ ਵਿਚ
ਟਾਈਟਲ ਕਵਰ ਵੇਖਕੇ ਪੁਸਤਕ ਪੜਨ ਦੀ ਉਤਸਕਤਾ ਪੈਦਾ ਹੋ ਸਕੇ।
ਉਸਨੇ ਇਹ ਪੁਸਤਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੀ ਹੈ। ਸਮਰਪਣ
ਵੀ ਕਵਿਤਾ ਦੇ ਰੂਪ ਵਿਚ ਕੀਤਾ ਗਿਆ ਹੈ। ਇਸ ਪੁਸਤਕ ਦੀਆਂ ਸਾਰੀਆਂ ਹੀ
ਕਵਿਤਾਵਾਂ ਬੱਚਿਆਂ ਲਈ ਪ੍ਰੇਰਨਾ ਸਰੋਤ ਹਨ। ਕਵਿਤਾਵਾਂ ਦੇ ਵਿਸ਼ੇ ਵੀ
ਬੱਚਿਆਂ ਲਈ ਸਿਦਖਆਦਾਇਕ ਹਨ। ਪੁਸਤਕ ਦੀ ਪਹਿਲੀ ਕਵਿਤਾ ਹੀ ਕੀੜੀ ਬਾਰੇ
ਹੈ, ਜਿਸਤੋਂ ਬੱਚਿਆਂ ਨੂੰ ਸਿਖਿਆ ਮਿਲਦੀ ਹੈ ਕਿ ਇੱਕ ਛੋਟੀ ਜਿਹੀ ਕੀੜੀ
ਸਖਤ ਮਿਹਨਤ ਕਰਦੀ ਹੈ, ਕੰਧਾਂ ਉਪਰ ਵੀ ਚੜ ਸਕਦੀ ਹੈ ਅਤੇ ਆਪਣੇ ਹੱਥਾਂ
ਨਾਲ ਕਿਰਤ ਕਰਨ ਦੀ ਸਿਖਿਆ ਦਿੰਦੀ ਹੈ। "ਮਾਂ" ਕਵਿਤਾ ਵਿਚ ਮਾਂ ਦੀ
ਮਹੱਤਤਾ ਦਰਸਾਈ ਗਈ ਹੈ ਕਿ ਉਹ ਆਪ ਦੁੱਖ ਝਲਕੇ ਬੱਚਿਆਂ ਦੀ ਰੱਖਿਆ ਕਰਦੀ
ਹੈ। "ਨੰਨੇ-ਮੁੰਨੇ" ਕਵਿਤਾ ਵਿਚ ਦੱਸਿਆ ਗਿਆ ਹੈ ਕਿ ਹਰ ਘਰ ਵਿਚ ਬੱਚੇ ਦਾ
ਹੋਣਾ ਜ਼ਰੂਰੀ ਹੈ। ਪਿਆਰੇ ਬੱਚੇ ਕਵਿਤਾ ਵਿਚ ਬੱਚਿਆਂ ਨੂੰ ਸਕੂਲ ਭੇਜਣ ਵਿਚ
ਮਾਂ ਵੱਲੋਂ ਕੀਤੀ ਜਾਂਦੀ ਮੁਸ਼ੱਕਤ ਦਾ ਜ਼ਿਕਰ ਕੀਤਾ ਗਿਆ ਹੈ। ਸੋਹਣੀ ਵਰਦੀ
ਪਾ ਕੇ ਤਿਆਰ ਕਰਕੇ ਸਮੇਂ ਸਿਰ ਸਕੂਲ ਭੇਜਿਆ ਜਾਂਦਾ ਹੈ। ਇਹ ਵੀ ਦੱਸਿਆ ਹੈ
ਕਿ ਜਿਹੜੇ ਬੱਚੇ ਜਲਦੀ ਉਠ ਕੇ ਤਿਆਰ ਹੁੰਦੇ ਹਨ, ਸਫਲਤਾ ਉਨਾਂ ਦੇ ਪੈਰ
ਚੁੰਮਦੀ ਹੈ। ਬਿੱਲੀ-ਮਾਸੀ ਕਵਿਤਾ ਵੀ ਰੌਚਿਕ ਹੈ, ਬਿੱਲੀ ਦੇ ਮਾਧਿਅਮ
ਰਾਹੀਂ ਬੱਚੇ ਨੂੰ ਸਕੂਲ ਜਾਣ ਅਤੇ ਖੇਡਣ ਲਈ ਪ੍ਰੇਰਿਆ ਗਿਆ ਹੈ।
ਕੁੱਤੇ ਅਤੇ ਬਿੱਲੀ ਦੀ ਦੁਸ਼ਮਣੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਵੀਂ
ਸਾਈਕਲੀ ਬੱਚੇ ਨੂੰ ਸਕੂਲ ਜਾਣ ਲਈ ਪ੍ਰੇਰਿਤ ਕਰਦੀ ਹੈ ਅਤੇ ਇਹ ਵੀ ਦਰਸਾਇਆ
ਗਿਆ ਹੈ ਕਿ ਇਸ ਵੁਪਰ ਕੋਈ ਪੈਟਰੋਲ ਦਾ ਖ਼ਰਚਾ ਨਹੀਂ ਹੁੰਦਾ।
ਪੁਸਤਕ ਦਾ ਸੈਂਟਰ ਸਪਰੈਡ ਤਸਵੀਰਾਂ ਨਾਲ ਭਰਿਆ ਪਿਆ ਹੈ
ਜਿਨਾਂ ਵਿਚ ਸ਼ਬਦਾਂ ਬਾਰੇ ਤਸਵੀਰਾਂ ਰਾਹੀਂ ਜਾਦਕਾਰੀ ਦਿੱਤੀ ਗਈ ਹੈ।
ਵਿਦਿਆ ਕਵਿਤਾ ਵਿਚ ਇਸ ਦੀ ਕੀ ਮਹੱਤਤਾ ਹੈ, ਜੀਵਨ ਵਿਚ ਖ਼ੁਸ਼ਹਾਲੀ ਅਤੇ
ਰੌਸ਼ਨੀ ਵਿਦਿਆ ਰਾਹੀਂ ਹੀ ਆ ਸਕਦੀ ਹੈ। ਬਾਲ ਸਭਾ ਕਵਿਤਾ ਵੀ ਬੱਚਿਆਂ ਵਿਚ
ਮਨਪ੍ਰਚਾਵਾ ਕਿਵੇਂ ਕਰਨਾ ਹੈ ਬਾਰੇ ਸੂਚਨਾ ਦਿੱਤੀ ਗਈ ਹੈ। ਮਨਪ੍ਰਚਾਣਾ
ਸਿਹਤ ਲਈ ਵੀ ਜ਼ਰੂਰੀ ਹੈ। ਮੱਲਾਂ ਮਾਰਨ ਵਾਲੀ ਕਵਿਤਾ ਲੜਕੀਆਂ ਨੂੰ ਉਤਸ਼ਾਹ
ਕਰਨ ਵਾਲੀ ਹੈ ਕਿ ਲੜਕੀਆਂ ਸਮਾਜ ਦਾ ਬਰਾਬਰ ਦਾ ਹਿੱਸਾ ਹਨ। ਇਸ ਕਵਿਤਾ
ਨਾਲ ਮਹੰਤਵਪੂਰਨ ਇਸਤਰੀਆਂ ਦੀਆਂ ਤਸਵੀਰਾਂ ਲਾ ਕੇ ਦਿਲਚਸਪ ਬਣਾਇਆ ਗਿਆ
ਹੈ। ਇਹ ਸਾਰੀਆਂ ਇਸਤਰੀਆਂ ਮਦਰ ਟਰੇਸਾ, ਕਲਪਨਾ ਚਾਵਲਾ ਅਤੇ ਕਿਰਨ ਬੇਦੀ
ਆਦਿ ਪ੍ਰੇਰਨਾ ਸਰੋਤ ਹਨ। ਨਮਰਤਾ, ਸਲੀਕਾ, ਸ਼ਹਿਨਸ਼ੀਲਤਾ ਅਤੇ ਹਿੰਮਤ ਗਹਿਣੇ
ਹਨ, ਜਿਨਾਂ ਨਾਲ ਸਫਲਤਾ ਮਿਲਦੀ ਹੈ। ਜਹਾਜ਼, ਸਾਡੀ ਮੁੰਨੀ, ਆਟੇ ਦੀ ਚਿੜੀ,
ਮੈਡਮ ਜੀ, ਤਿਉਹਾਰ, ਕਤੂਰਾ ਅਤੇ ਕੂਲਰ ਸਿਖਿਆਦਾਇਕ ਕਵਿਤਾਵਾਂ ਹਨ। ਜਲ
ਕਵਿਤਾ ਵਰਤਮਾਨ ਸਮੇਂ ਵਿਚ ਜਲ ਦੀ ਦੁਵਰਤੋਂ ਰੋਕਣ ਦੀ ਨਸੀਹਤ ਦਿੰਦੀ ਹੈ।
ਡਿਸਕਵਰੀ ਚੈਨਲ ਕਵਿਤਾ ਬੱਚਿਆਂ ਵਿਚ ਹੋਰ ਟੀ.ਵੀ.ਦੇ ਪ੍ਰੋਗਰਾਮਾ ਨਾਲੋਂ
ਸਭ ਤੋਂ ਜ਼ਿਆਦਾ ਜਾਣਕਾਰੀ ਵਿਚ ਵਾਧਾ ਕਰਨ ਬਾਰੇ ਸਿਖਿਆ ਦਿੰਦੀ ਹੈ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕੁਲਵੰਤ ਖਨੌਰੀ ਦਾ ਇਹ ਉਦਮ
ਸ਼ਲਾਘਾਯੋਗ ਹੈ ਕਿਉਂਕਿ ਬੱਚੇ ਪੜਨ ਨਾਲੋਂ ਖੇਡਣ ਵਿਚ ਜ਼ਿਆਦਾ ਦਿਲਚਸਪੀ
ਲੈਂਦੇ ਹਨ, ਇਸ ਲਈ ਕਵਿਤਾਵਾਂ ਅਤੇ ਤਸਵੀਰਾਂ ਰਾਹੀਂ ਉਹ ਪੜਨ ਵਿਚ ਰੁਚੀ
ਲੈ ਸਕਦੇ ਹਨ। ਇਹ ਕਵਿਤਾਵਾਂ ਬੱਚਿਆਂ ਦੀ ਮਾਨਸਿਕਤਾ ਅਨੁਸਾਰ ਹੀ ਲਗਦੀਆਂ
ਹਨ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|