‘ਮਨ
ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਗੁਰਿੰਦਰ
ਸਿੰਘ ਕਲਸੀ ਸਾਹਿਤਕ ਹਲਕਿਆਂ ਵਿਚ ਜਾਣਿਆ-ਪਛਾਣਿਆ ਨਾਂ ਹੈ। ਗ਼ਾਲਿਬ ਦੀ ਕਬਰ
’ਤੇ (1990), ਰੂਹਾਂ ਦੇ ਰੰਗ (1997) ਤੇ ਮੋਹ ਦੀਆਂ ਪੌਣਾਂ (2005) ਤੋਂ ਬਾਦ
ਮਨ ਦੀ ਕਾਤਰ ਉਸਦੀ ਚੌਥੀ ਕਾਵਿ-ਪੁਸਤਕ ਹੈ।ਹੱਥਲੀ ਪੁਸਤਕ ਵਿਚ ਉਹ ਪੰਜਾਬੀ
ਕਵਿਤਾ ਦੀ ਸਮੁੱਚੀ ਪਰੰਪਰਾ ਤੋਂ ਸ਼ਕਤੀ ਲੈ ਕੇ ਅਜੋਕੇ ਸਮਿਆਂ ਨੂੰ ਮੁਖ਼ਾਤਿਬ
ਹੁੰਦਾ ਹੈ। ਇਸ ਪੁਸਤਕ ਵਿਚ ਕਲਸੀ ਦੀ ਸ਼ਾਇਰੀ
ਵਿਚਲੀ ਸਹਿਜਤਾ ਤੇ ਸੁਭਾਵਿਕਤਾ ਉਸਦੀ ਕਾਵਿ-ਸ਼ੈਲੀ ਦਾ ਵਿਸ਼ੇਸ਼ ਆਧਾਰੀ ਲੱਛਣ
ਬਣਦੀ ਹੈ। ਉਸ ਨੂੰ ਕਵਿਤਾ ਉਵੇਂ ਹੀ ਉਤਰਦੀ ਪ੍ਰਤੀਤ ਹੁੰਦੀ ਹੈ ਜਿਵੇਂ ‘ਦਰਖਤ
ਨੂੰ ਪੱਤੇ’। ਇਸ ਦਾ ਅਹਿਸਾਸ ਕਰਦਾ ਹੋਇਆ ਉਹ ਖ਼ੁਦ ਵੀ ਕਹਿੰਦਾ ਹੈ-ਕਵਿਤਾ
ਉਹਨਾਂ ਦੀਆਂ ਮੰਨੇਗੀ?
ਇਹ ਤਾਂ ਕਵੀ ਵੀ
ਕੁਝ ਨਹੀਂ ਕਹਿ ਸਕਦਾ
ਕਿਉਂਕਿ
ਕਵਿਤਾ ਤਾਂ ਕਦੇ ਕਦੇ
ਕਵੀ ਦੀ ਵੀ ਨਹੀਂ ਮੰਨਦੀ।
(ਕੀ ਕਵਿਤਾ ਮੰਨੇਗੀ, ਪੰਨਾ-28)
ਇਹ ਸਹਿਜਤਾ ਤੇ ਸੁਭਾਵਿਕਤਾ ਉਸਦੀਆਂ ਪਿਆਰ ਕਵਿਤਾਵਾਂ ਵਿਚ ਹੋਰ ਵੀ
ਖ਼ੂਬਸੂਰਤੀ ਨਾਲ਼ ਅਗਰਭੂਮੀ ’ਤੇ ਆਉਂਦੀ ਹੈ-
ਚਿਰਾਂ ਦਾ ਵਾਕਿਫ਼ ਬੰਦਾ
ਲੱਗਣ ਲੱਗਿਆ
ਹੋਰ ਵੀ ਚੰਗਾ
ਉਸਦੇ ਮੂੰਹੋਂ ਤੇਰਾ ਜ਼ਿਕਰ ਸੁਣ ਕੇ
(ਚੰਗਾ ਲੱਗਣਾ, ਪੰਨਾ-85)
ਕਲਸੀ ਦੀ ਚਰਚਾ ਅਧੀਨ ਪੁਸਤਕ ਵਿਚ ਉਸਦੀ ਸ਼ਾਇਰੀ ਦੇ ਕਈ ਪਾਸਾਰ
ਦ੍ਰਿਸ਼ਟੀਗੋਚਰ ਹੁੰਦੇ ਹਨ। ਕਦੇ ਉਹ ਕੁਦਰਤ ਦਾ ਕਵੀ ਪ੍ਰਤੀਤ ਹੁੰਦਾ ਹੈ, ਕਦੇ
ਪਿਆਰ ਕਵਿਤਾ ਦਾ ਕਵੀ, ਕਦੇ ਨਾਰੀਵਾਦੀ ਸਰੋਕਾਰਾਂ ਦਾ ਕਵੀ, ਕਦੇ
ਸਮਾਜਕ-ਰਾਜਨੀਤਕ ਸਰੋਕਾਰਾਂ ਦਾ ਕਵੀ ਅਤੇ ਕਦੇ ਕੁਝ ਹੋਰ।ਜ਼ਿਆਦਾਤਰ ਕਵਿਤਾਵਾਂ
ਵਿਚ ਉਹ ਸੁਹਜ, ਸੰਵੇਦਨਾ ਤੇ ਚੇਤਨਾ ਦਾ ਸੁਮੇਲ ਕਰਨ ਵਿਚ ਸਫ਼ਲ ਰਿਹਾ
ਹੈ।ਸਮਕਾਲੀ ਵਸਤੂ ਸਥਿਤੀ ਦਾ ਚਿਤਰਨ ਕਰਦਿਆਂ ਉਹ ਬੜੀ ਬਾਰੀਕਬੀਨੀ ਤੱਂ ਕੰਮ
ਲੈਂਦਾ ਹੈ-
ਬੱਚੇ ਮਾਰਦੇ ਕਿਲਕਾਰੀਆਂ
ਮੇਰੇ ਮੋਢੇ ਤੋਂ ਝੋਲ਼ਾ ਉਤਰਦਿਆਂ ਹੀ
…
ਉਹ ਲੱਭਦੇ
ਟੂਥ ਪੇਸਟ ਨਾਲ਼ ਮਿਲ਼ਦਾ
ਨਵਾਂ ਟੂਥ ਬਰੱਸ਼
ਉਹ ਭਾਲ਼ਦੇ ਚਾਹ ਦੇ ਪੈਕਟ ਨਾਲ਼
ਨਿੱਕਾ ਸਟੀਲ ਚੱਮਚ
ਕਿਸੇ ਹੋਰ ਵਸਤ ਨਾਲ਼
ਸਾਬਣਦਾਨੀ, ਕੌਲੀ ਜਾਂ ਤੇਲ ਦੀ ਸ਼ੀਸ਼ੀ
ਉਹ ਸਮਝਦੇ ਇਹਨਾਂ ਵਸਤਾਂ ਨੂੰ
ਬਿਲਕੁਲ ਮੁਫ਼ਤ ਦੀਆਂ
ਬਾਜ਼ਾਰ ਬਾਹਰ ਖੜ੍ਹਾ
ਠਹਾਕੇ ਲਾ ਲਾ ਹੱਸਦਾ ਹੈ।
ਬਾਜ਼ਾਰ-ਵਿਵਸਥਾ ਦੀ ਚਕਾਚੌਂਧ ਨੇ ਸਿਰਫ਼ ਬੱਚਿਆਂ ਨੂੰ ਹੀ ਨਹੀਂ ਭਰਮਾਇਆ,
ਸਗੋਂ ਇਸਨੇ ਵੱਡਿਆਂ ਦੀ ਅੱਖਾਂ ਵਿਚ ਵੀ ਹਵਾਈ ਸੁਪਨੇ ਬੀਜ ਕੇ ਯਥਾਰਥ ਦੀ ਭੌਂ
ਤੋਂ ਦੂਰ ਕਰ ਦਿੱਤਾ ਹੈ। ਮੌਜੂਦਾ ਵਿਸ਼ਵੀਕਰਨ ਦੇ ਮਾਇਆ ਜਾਲ ਦੀ ਲਪੇਟ ਵਿਚ ਆਏ
ਮਨੁੱਖ ਦੇ ਪਰਸਪਰ ਰਿਸ਼ਤਿਆਂ ’ਤੇ ਕਿਸ ਕਦਰ ਬੇਗ਼ਾਨਾਪਣ ਹਾਵੀ ਹੋ ਗਿਆ ਹੈ, ਇਸਦਾ
ਕਾਵਿ-
ਚਿਤਰਨ ਵੀ ਕਲਸੀ ਨੇ ਬੜੀ ਕਲਾਤਮਿਕਤਾ ਨਾਲ਼ ਕੀਤਾ ਹੈ-
ਪਰ ਕਿਧਰੇ ਘਰ ਦਾ ਇਕ ਬੰਦਾ
ਬਹਿ ਗਿਆ ਹੈ ਰੁੱਸ ਕੇ
ਟੁੱਟ ਗਿਆ ਹੈ ਦਿਲ ਉਸਦਾ
ਕੋਈ ਨਹੀਂ ਚਾਹੁੰਦਾ
ਉਸ ਨੂੰ ਮਨਾਉਣਾ
(ਮੁਰੰਮਤ, ਪੰਨਾ-86)
ਫ਼ਾਲਤੂ ਸਮਾਨ ਦੀ ਜੂਨ ਭੋਗਦੇ ਅਜਿਹੇ ਮਨੁੱਖ ਦੀ ਹਾਰ ਨੂੰ ਕਲਸੀ ਬੜੇ
ਢੁਕਵੇਂ ਰੂਪਕਾਂ ਰਾਹੀ ਰੂਪਮਾਨ ਕਰਦਾ ਹੈ-
ਜ਼ਿੰਦਗੀ ਦੇ ਮੁਸਾਫ਼ਰਖਾਨੇ ’ਚ ਬੈਠੀ ਮਾਂ
ਕਿੰਨੀ ਉਦਾਸ ਹੈ।
ਉਸ ਦੇ ਚੁਪਾਸੇ ਭੀੜ ਹੈ
ਥਾਂ ਨਹੀਂ ਤਿਲ ਧਰਨ ਨੂੰ
ਪਰ ਉਹ ਇਕੱਲੀ ਹੈ
…
ਅਮੁੱਕ ਸਫ਼ਰ ਦੀ ਤਿਆਰੀ ’ਚ ਬੈਠੀ
ਕਰ ਰਹੀ ਹੈ ਉਡੀਕ
ਇਕ ਕਾਲ਼ੇ ਮੂੰਹ ਵਾਲ਼ੀ ਟਰੇਨ ਦੀ।
(ਟਰੇਨ, ਪੰਨਾ-61)
ਵਿਸ਼ਵੀਕਰਨ ਦਾ ਲੁਭਾਵਣਾ ਰੂਪ ਧਾਰਨ ਕਰਕੇ ਆਏ ਨਵ-ਸਾਮਰਾਜਵਾਦ ਦੇ ਮਨਸੂਬਿਆਂ
ਨੂੰ ਕਲਸੀ ਖ਼ੂਬ ਸਮਝਦਾ ਹੈ।ਇਹ ਮਾਇਆਧਾਰੀ ਆਪਣੇ ਮੁਫ਼ਾਦਾਂ ਦੀ ਪੂਰਤੀ ਲਈ ਕਿਸੇ
ਵੀ ਹੱਦ ਤੱਕ ਜਾ ਸਕਦੇ ਹਨ।ਵਿਸ਼ਵ ਦੀਆਂ ਤਮਾਮ ਮੰਡੀਆਂ ’ਤੇ ਇਹਨਾਂ ਦੀ ਇਕੋ
ਵੇਲ਼ੇ ਨਜ਼ਰ ਹੁੰਦੀ ਹੈ। ਬਕੌਲ ਕਲਸੀ-
ਇਸ ਦੁਨੀਆਂ ਦੀ ਕਿਸੇ ਨੁੱਕਰੇ
ਹੱਸ ਰਿਹਾ ਕੋਈ ਚਿਹਰਾ ਖੂੰਖਾਰ
ਤੱਕ ਰਿਹਾ ਆਤੰਕੀ ਸੋਚ ਦੇ
ਇੰਟਰਨੈੱਟ ’ਤੇ
ਦੁਨੀਆਂ ਵਿਚਲੇ ਹੋਰ ਬਜ਼ਾਰ।
(ਆਤੰਕੀ ਸਾਏ, ਪੰਨਾ-95)
ਕਲਸੀ ਜਿੱਥੇ ਵਡੇਰੇ ਸਮਾਜੀ-ਰਾਜਸੀ ਵਰਤਾਰਿਆਂ ਨੂੰ ਆਪਣੀ ਕਵਿਤਾ ਵਿਚ ਸਪੇਸ
ਪ੍ਰਦਾਨ ਕਰਦਾ ਹੈ, ਉੱਥੇ ਮਨੁੱਖ ਦੇ ਮੂਲ ਮਾਨਵੀ ਸਰੋਕਾਰਾਂ ਨੂੰ ਵੀ ਢੁਕਵੀਂ
ਸਪੇਸ ਦਿੰਦਾ ਹੈ।ਚਰਚਾ ਅਧੀਨ ਪੁਸਤਕ ਵਿਚ ਉਹ ਔਰਤ ਦੇ ਔਰਤ ਹੋਣ ਦੇ ਦਰਦ ਦੀ ਵੀ
ਬੜੇ ਮਾਰਮਿਕ ਬਿੰਬ ਰਾਹੀਂ ਦ੍ਰਿਸ਼ਕਾਰੀ ਕਰਦਾ ਹੈ-
ਰੋਟੀ ਖਾਣ ਤੋਂ ਬਾਦ ਰਤਾ ਸੁਸਤਾ ਕੇ
ਮੇਰੀ ਅੱਖ ਖੁਲ੍ਹਦੀ ਹੈ
ਘੜੀ ਸਾਢੇ ਗਿਆਰਾਂ ਵਜਾਊਦੀ ਹੈ
ਅਜੇ ਵੀ ਮੈਂ
ਤੱਕ ਰਿਹਾ ਹਾਂ ਉਸ ਨੂੰ
ਰਸੋਈ ’ਚ ਭਾਂਡੇ ਮਾਂਜਦਿਆਂ
ਤੇ ਨੀਂਦ ਨਾਲ਼ ਊਂਘਦਿਆਂ
ਸਵੇਰੇ ਸੂਰਜ ਦੀ ਪਹਿਲੀ ਕਿਰਨ ਨਾਲ਼
ਮੁੜ ਮੇਰੇ ਨਾਲ਼ ਹੋਵੇਗੀ ਉਹ
ਅਜੇ ਤਾਂ ਪਤਾ ਨਹੀਂ
ਕਦੋਂ ਸੋਵੇਗੀ ਉਹ।
(ਬਿਨ ਸਿਰਨਾਵਿਓਂ, ਪੰਨਾ-24)
ਕਲਸੀ ਦੀ ਇਸ ਪੁਸਤਕ ਵਿਚਲੀ ਸ਼ਾਇਰੀ ਦਾ ਕਲਾਤਮਿਕ ਪੱਖ ਵੀ ਵਿਸ਼ੇਸ਼ ਮਹੱਤਤਾ
ਦਾ ਲਖਾਇਕ ਹੈ।ਅਜੋਕੀ ਪੰਜਾਬੀ ਨਜ਼ਮ ਵਿਚ ਜਿੱਥੇ ਕੁਝ ਕਵੀ ਸਿਰਫ਼ ਬਿੰਬ ਸਿਰਜਣਾ
ਨੂੰ ਹੀ ਸ਼ਾਇਰੀ ਸਮਝਦੇ ਹਨ ਤੇ ਇਹ ਭੁੱਲ ਜਾਂਦੇ ਹਨ ਕਿ ਸਾਹਿਤ ਦਾ ਕੋਈ
ਸਮਾਜਕ-ਰਾਜਨੀਤਕ ਪ੍ਰਯੋਜਨ ਵੀ ਹੁੰਦਾ ਹੈ, ਉੱਥੇ ਕਲਸੀ ਦੀ ਸ਼ਾਇਰੀ ਵਿਚ ਅਜਿਹਾ
ਰੁਝਾਨ ਘੱਟ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ।ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ
ਜਿਵੇਂ ਪਲਕ ਦਾ ਵਾਲ, ਸੱਪ ਅਤੇ ਕੁੜੀ, ਬਿਨ ਸਿਰਨਾਵਿਓਂ, ਕਾਲ਼ਾ ਪਰਸ, ਸ਼ੁਰੂਆਤ,
ਪਰਾਏ ਮੁਲਕ ਅੰਦਰ, ਅਸਤ ਹੁੰਦਾ ਸੂਰਜ ਅਤੇ ਆਤੰਕੀ ਸਾਏ ਆਦਿ ਵਿਚ ਉਸ ਦੀ
ਬਿਰਤਾਂਤ ਜੁਗਤ ਵੀ ਧਿਆਨ ਖਿੱਚਦੀ ਹੈ। ਸਾਹਿਤਕ ਮਿੱਤਰਾਂ ਦੇ ਨਾਂ ਲਿਖੀਆਂ ਕੁਝ
ਕਵਿਤਾਵਾਂ ਦਾ ਪੱਧਰ ਭਾਵੇਂ ਉਸਦੀਆਂ ਬਾਕੀ ਕਵਿਤਾਵਾਂ ਤੋਂ ਕੁਝ ਊਣਾ ਹੈ, ਪਰ
ਕੁਝ ਚੀਜ਼ਾਂ ਕਵੀ ਦੀਆਂ ਨਿੱਜੀ ਵੀ ਹੁੰਦੀਆਂ ਨੇ, ਜਿਨ੍ਹਾਂ ਨਾਲ਼ ਉਸ ਦੀ ਭਾਵਕ
ਸਾਂਝ ਹੂੰਦੀ ਹੈ।
ਕੁੱਲ ਮਿਲਾ ਕੇ ਕਲਸੀ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ਪੜ੍ਹਨਯੋਗ ਤੇ
ਸਾਂਭਣਯੋਗ ਹੈ। ਇਹ ਪੁਸਤਕ ਨਿਸ਼ਚੇ ਹੀ ਉਸਦਾ ਨਾਂ ਪੰਜਾਬੀ ਦੇ ਸਮਰੱਥਾਵਾਨ
ਕਵੀਆਂ ਵਿਚ ਸ਼ਾਮਿਲ ਕਰਵਾਏਗੀ।ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ। |