ਜ਼ਿੰਦਗੀ
ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਹਾਇਕੂ, ਜਾਪਾਨੀ ਸਾਹਿਤ ਦਾ ਪੁਰਾਤਨ ਅਤੇ ਪ੍ਰਸਿੱਧ ਕਾਵਿ–ਰੂਪ ਹੈ। ਅੱਜ ਇਸ
ਕਾਵਿ–ਰੂਪ ਨੂੰ ਪੂਰੇ ਵਿਸ਼ਵ ਵਿਚ ਅਪਣਾਇਆ ਜਾ ਚੁੱਕਾ ਹੈ। ਪੰਜਾਬੀ ਵਿਚ ਇਸ
ਕਾਵਿ–ਰੂਪ ਨੂੰ ਮੁੱਢਲੇ ਰੂਪ ਵਿਚ ਲਿਆਉਣ ਦਾ ਸਿਹਰਾ ਪਰਮਿੰਦਰ ਸੋਢੀ ਦੇ ਸਿਰ
ਬੱਝਦਾ ਹੈ। ਇਸ ਸਮੇਂ ਇਹ ਵਿਸ਼ਾ ਪੰਜਾਬੀ ਸਾਹਿਤ ਵਿਚ ਪ੍ਰਦਾਸ਼ਿਤ ਹੋ ਚੁੱਕੀ ਹੈ
ਅਤੇ ਹਾਇਕੂ ਦੀਆਂ ਅਨੇਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਾਇਕੂ ਲਿਖਣ
ਵਾਲੇ ਲੇਖਕਾਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋ ਰਿਹਾ ਹੈ।
ਜਨਮੇਜਾ ਸਿੰਘ ਜੌਹਲ ਨੇ ਤਸਵੀਰਾਂ ਨਾਲ ਸ਼ਿੰਗਾਰ ਕੇ ਹਾਇਕੂ ਦੀ ਪੁਸਤਕ
'ਪੱਚਰਾਂ' ਪ੍ਰਕਾਸ਼ਿਤ ਕੀਤੀ ਹੈ। ਜਨਮੇਜਾ ਸਿੰਘ ਜੌਹਲ ਨੇ ਕਵਿਤਾ, ਕਹਾਣੀ, ਬਾਲ
ਸਾਹਿਤ ਤੋਂ ਇਲਾਵਾ ਵਾਰਤਕ ਰਚਨਾ ਵੀ ਕੀਤੀ ਹੈ ਅਤੇ ਫੋਟੋਗ੍ਰਾਫੀ ਬਾਰੇ
ਪੁਸਤਕਾਂ ਵੀ ਲਿਖੀਆਂ ਹਨ। 'ਅਣੂ' ਆਕਾਰ ਦੀ ਪੁਸਤਕ 'ਪੱਚਰਾਂ' ਵਿਚ ਜਨਮੇਜਾ
ਸਿੰਘ ਜੌਹਲ ਦੀ ਕਲਾ ਦੇ ਦੋ ਪੱਖ ਪ੍ਰਸਤੁਤ ਹੋਏ ਹਨ। ਫੋਟੋਗਰਾਫੀ ਅਤੇ ਕਵਿਤਾ।
ਇਸ ਲਘੂ ਅਕਾਰ ਦੀ ਪੁਸਤਕ ਵਿਚ ਜ਼ਿੰਦਗੀ ਦੇ ਵੱਡੇ ਵੱਡੇ ਸੱਚ ਪੇਸ਼ ਹੋਏ ਹਨ।
ਪਹਿਲੇ ਹਾਇਕੂ ਵਿਚ ਹੀ ਪੰਜਾਬੀ ਕਿਰਸਾਨੀ ਦੀ ਮਿਹਨਤ ਦਾ ਬਿਆਨ ਬਾਖੂਬੀ ਅਤੇ
ਬਹੁਤ ਹੀ ਸੌਖੇ ਸ਼ਬਦਾਂ ਵਿਚ ਕੀਤਾ ਗਿਆ ਹੈ:
ਸਿੱਖਰ ਦੁਪਹਿਰਾ
ਪੱਤਾ ਨਾ ਹਿੱਲੇ
ਖੁਰਪਾ ਚੱਲੇ।
ਜਨਮੇਜਾ ਸਿੰਘ ਜੌਹਲ ਕੋਲ ਵਿਚਾਰ ਵੀ ਹਨ ਅਤੇ ਕਲਾਮਈ ਢੰਗ ਨਾਲ ਉਹਨਾਂ ਦੀ
ਪੇਸ਼ਕਾਰੀ ਦਾ ਹੁਨਰ ਵੀ ਹੈ। ਉਹ ਜਿਸ ਵਿਧਾ ਵਿਚ ਵੀ ਲਿਖੇ, ਨਵੇਂ ਪੂਰਨੇ
ਪਾਉਂਦਾ ਹੈ। ਹਾਇਕੂ ਕਾਵਿ–ਵਿਧਾ ਵਿਚ ਵੀ ਉਸਨੇ ਅਜੋਕੇ ਸਮੇਂ ਦੇ ਜੀਵਨ ਦਾ
ਨਕਸ਼ਾ ਖਿੱਚਿਆ ਹੈ। ਅਜੋਕੀ ਜੀਵਨ ਜਾਚ ਦਾ ਵਰਣਨ ਕਰਦਾ ਉਹ ਕਹਿੰਦਾ ਹੈ:
ਹਵਾ ਰੁਮਕਦੀ
ਦੇਖ ਨਾ ਸਕਦੇ
ਏ.ਸੀ. ਕਮਰੇ।
ਪੁਰਾਤਨ
ਕਿੱਸਿਆਂ ਦੇ ਨਾਇਕ, ਨਾਇਕਾਵਾਂ ਦਾ ਆਚਰਣ ਹੁਣ ਇਕ ਅਚੰਭਾ ਲੱਗਦਾ ਹੈ। ਸਾਡੀ
ਜੀਵਨ–ਸ਼ੈਲੀ ਹੀ ਬਦਲ ਗਈ ਹੈ। ਇਸ ਬਦਲਾਅ ਨੂੰ ਪੇਸ਼ ਕਰਦਾ ਜਨਮੇਜਾ ਸਿੰਘ ਜੌਹਲ
ਲਿਖਦਾ ਹੈ:
ਕੱਚਾ ਘੜਾ
ਹੁਣ ਨੀਂ ਖੁਰਦਾ
ਮੋਬਾਇਲ ਆ ਗਏ।
ਅਤੇ
ਹੁਣ ਨਾ ਬਾਗੀਂ
ਚੂਰੀ ਆਉਂਦੀ
ਹੋਮ ਡਲਿਵਰੀ ਪੀਜ਼ਾ ਮਿਲਦਾ।
ਅੰਦਰੋਂ ਹੋਰ ਬਾਹਰੋਂ ਹੋਰ ਰੂਪ ਧਾਰੀ ਫਿਰਦੇ ਮਨੁੱਖ ਦਾ ਮੁਖੌਟਾ ਲਾਹੁੰਦਾ
ਦਿਖਾਵੇ ਦੀ ਧਾਰਮਿਕਤਾ ਅਤੇ ਸੰਕੀਰਣਤਾ 'ਤੇ ਟਿੱਪਣੀ ਕਰਦਾ ਸ਼ਾਇਰ ਕਹਿੰਦਾ ਹੈ:
ਤੂੰ ਮੇਰਾ ਰਾਖਾ
ਸਭਨੀਂ ਥਾਈਂ
ਘਰ ਨਾ ਆਈਂ
ਹਰ ਇਕ ਹਾਇਕੂ ਨਾਲ ਛਪੀ ਤਸਵੀਰ ਪਾਠਕ ਦੇ ਮਨ ਨੂੰ ਛੂੰਹਦੀ ਹੈ ਅਤੇ ਉਸਦੇ
ਸੁਹਜ–ਸਵਾਦ ਦੀ ਤ੍ਰਿਪਤੀ ਕਰਦੀ ਹੈ।
ਵੱਡੇ ਗੁਣ ਸਮੋਈ, ਇਸ ਲਘੂ ਆਕਾਰੀ ਪੁਸਤਕ ਦਾ ਅਦਬ ਕਰਨਾ ਬਣਦਾ ਹੈ।
ਸੁਰਿੰਦਰ ਰਾਮਪੁਰੀ
07/05/2012 |