ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਪ੍ਰਵਾਸ ਕਰ
ਗਏ ਹਨ ਪ੍ਰੰਤੂ ਉਨਾਂ ਦੇ ਦਿਲ, ਦਿਮਾਗ, ਆਤਮਾਵਾਂ ਅਤੇ ਰੂਹਾਂ ਪੰਜਾਬ ਦੇ
ਪਿੰਡਾਂ, ਸ਼ਹਿਰਾਂ, ਬਾਜ਼ਾਰਾਂ, ਗਲੀਆਂ, ਮੁਹੱਲਿਆਂ, ਖੇਤਾਂ, ਤਬੇਲਿਆਂ,
ਵਿਹੜਿਆਂ ਅਤੇ ਸੱਥਾਂ ਵਿਚ ਹੀ ਗੇੜੇ ਮਾਰਦੀਆਂ ਰਹਿੰਦੀਆਂ ਹਨ। ਵੱਸਦੇ ਉਹ
ਪ੍ਰਦੇਸਾਂ ਵਿਚ ਹਨ ਪ੍ਰੰਤੂ ਪੰਜਾਬ ਦੀ ਧਰਤੀ ਨਾਲ ਬਾਖ਼ੂਬ ਜੁੜੇ ਰਹਿੰਦੇ
ਹਨ। ਉਨਾਂ ਦੀ ਰੂਹ ਆਪਣੀ ਮਾਤ ਭੂਮੀ ਨੂੰ ਹੀ ਸਿਜਦੇ ਕਰਦੀ ਰਹਿੰਦੀ ਹੈ,
ਇਸੇ ਕਰਕੇ ਉਹ ਆਪਣੀਆਂ ਕਲਮਾਂ ਰਾਹੀਂ ਪੰਜਾਬੀਆਂ ਦੇ ਅਮੀਰ ਵਿਰਸੇ ਦੀਆਂ
ਗਾਥਾਵਾਂ ਕਹਿੰਦੇ ਰਹਿੰਦੇ ਹਨ, ਜਿਹੜੇ ਆਪਣੇ ਸਰਬੱਤ ਦੇ ਭਲੇ ਵਾਲੇ ਪਾਕਿ
ਪਵਿਤਰ ਧਰਮ ਦੀ ਖ਼ਾਤਰ ਜਾਨਾ ਕੁਰਬਾਨ ਕਰ ਗਏ ਹਨ। ਅਜਿਹੇ ਇੱਕ ਕਲਮਕਾਰ ਹਨ
ਪਿਆਰਾ ਸਿੰਘ ਕੁੱਦੋਵਾਲ, ਜਿਨਾਂ ਨੇ ਆਪਣੀ ਜ਼ਿੰਦਗੀ ਦੇ ਵਿਸ਼ਾਲ ਤਜ਼ਰਬੇ ਨਾਲ
ਆਪਣੇ ਲੇਖਾਂ, ਨਾਟਕਾਂ ਅਤੇ ਮੁਖ ਤੌਰ ਤੇ ਕਵਿਤਾਵਾਂ ਰਾਹੀਂ ਪੰਜਾਬੀਆਂ
ਨਾਲ ਹੋ ਰਹੀਆਂ ਜ਼ਿਆਦਤੀਆਂ ਭਾਵੇਂ ਉਹ ਸਰਕਾਰੀ ਤੰਤਰ ਦੀਆਂ ਹੋਣ ਭਾਵੇਂ
ਆਪਣਿਆਂ ਵੱਲੋਂ ਹੀ ਆਪਣਿਆਂ ਨਾਲ ਕੀਤੀਆਂ ਹੋਣ ਦਾ ਪਰਦਾ ਫ਼ਾਸ਼ ਕਰਦੇ ਹਨ।
ਪਿਆਰਾ ਸਿੰਘ ਕੁੱਦੋਵਾਲ ਦਾ ਜਨਮ 1955 ਵਿਚ ਜਲੰਧਰ ਜਿਲੇ ਦੇ ਪਿੰਡ
ਕੁੱਦੋਵਾਲ ਵਿਚ ਲੱਖਾ ਸਿੰਘ ਠੇਕਦਾਰ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ।
ਉਨਾਂ ਐਮ.ਏ.ਪੰਜਾਬੀ ਡੀ.ਏ.ਵੀ.ਕਾਲਜ ਜਲੰਧਰ ਅਤੇ ਐਮ.ਏ.ਹਿੰਦੀ ਉਤਰ
ਪ੍ਰਦੇਸ ਤੋਂ ਪਾਸ ਕੀਤੀ। ਪਹਿਲਾਂ ਕਰਤਾਰਪੁਰ ਵਿਖੇ ਅਤੇ ਬਾਅਦ ਵਿਚ ਫਿਫਥ
ਸੈਂਚਰੀ ਸਕੂਲ ਮਸੂਰੀ ਵਿਚ ਪੜਾਉਣਾ ਸ਼ੁਰੂ ਕੀਤਾ। ਫਿਰ ਆਪ 1985 ਵਿਚ
ਥਾਈਲੈਂਡ ਚਲੇ ਗਏ, ਉਥੇ ਪਹਿਲਾਂ ਉਥੇ ਸਿੱਖ ਇੰਟਰਨੈਸ਼ਨ ਸਕੂਲ ਵਿਚ ਅਧਿਆਪਕ
ਦੇ ਤੌਰ ਤੇ ਅਤੇ ਬਾਅਦ ਵਿਚ ਬਤੌਰ ਪ੍ਰਿੰਸੀਪਲ 1985 ਤੋਂ 95 ਤੱਕ ਰਹੇ।
ਆਪ 1995 ਵਿਚ ਅਮਰੀਕਾ ਚਲੇ ਗਏ ਉਥੇ ਇੰਸ਼ੋਰੈਂਸ ਬਰੋਕਰ ਦੇ ਤੌਰ ਤੇ ਕੰਮ
ਕਰਦੇ ਰਹੇ ਅਤੇ 2007 ਵਿਚ ਕੈਨੇਡਾ ਸਿਫਟ ਕਰ ਗਏ ਅਤੇ ਆਪਣਾ ਕਾਰੋਵਾਰ ਕਰ
ਰਹੇ ਹਨ। ਇਥੇ ਆ ਕੇ ਸਾਹਿਤਕ ਸਰਗਰਮੀਆਂ ਵਧ ਗਈਆਂ ਅਤੇ ਸਾਹਿਤ ਸਪਾ
ਕੈਲੇਫੋਰਨੀਆਂ ਬੇਅ ਏਰੀਆ ਦੇ ਕਈ ਸਾਲ ਪ੍ਰਧਾਨ ਰਹੇ। ਕਾਮ ਲੈਂਗੂਏਜ਼
ਫਾਊਂਡੇਸ਼ਨ ਦੇ ਇੱਕ ਸਾਲ ਪ੍ਰਧਾਨ ਵੀ ਰਹੇ।
ਪਰਵਾਸ ਵਿਚ ਵਿਚਰਦਿਆਂ ਉਨਾਂ ਪੰਜਾਬੀ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ
ਜੋੜਕੇ ਰੱਖਣ ਲਈ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਬਾਰੇ ਇੱਕ ਨਾਟਕ ‘
ਸਰਹਿੰਦ ਫ਼ਤਿਹ ’ ਲਿਖਿਆ ਅਤੇ ਉਸ ਨੂੰ ਪ੍ਰਵਾਸ ਵਿਚ ਹੀ ਖੇਡਿਆ ਕਿਉਂਕਿ
ਪਰਦੇਸਾਂ ਵਿਚ ਸਾਡੇ ਬੱਚੇ, ਜਿਹੋ ਜਹੇ ਵਾਤਾਵਰਨ ਵਿਚ ਰਹਿੰਦੇ ਹਨ, ਉਸੇ
ਵਿਚ ਰੰਗੇ ਜਾਂਦੇ ਹਨ। ਉਸ ਪ੍ਰਭਾਵ ਨੂੰ ਘਟਾਉਣ ਦੇ ਮਨਸ਼ੇ ਨਾਲ ਉਨਾਂ ਇਸ
ਨਾਟਕ ਰਾਹੀਂ ਆਪਣੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇ ਕੇ ਉਨਾਂ ਨੂੰ ਫ਼ਖ਼ਰ
ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰਾਂ ਉਨਾਂ ਕਵਿਤਾ ਦੀਆਂ
ਪੁਸਤਕਾਂ ‘ਸਮਿਆਂ ਤੋਂ ਪਾਰ ’ ਕਾਵਿ ਸੰਗ੍ਰਹਿ (2009) ,‘ ਸੂਰਜ ਨਹੀਂ
ਮੋਇਆ’ ਕਾਵਿ ਸੰਗ੍ਰਹਿ (2014), ‘ ਬੰਦਾ ਬਹਾਦਰ ’ ਨਾਟਕ (2015) ਅਤੇ
ਸ਼ਾਹ ਮੁਖੀ ਵਿਚ ਦੋ ਪੁਸਤਕਾਂ ‘ ਕੀ ਨਦੀਆਂ ਦਾ ਨਾਂ ’ ਅਤੇ ‘ ਸਮਿਆਂ ਤੋਂ
ਪਾਰ ’ ਪ੍ਰਕਾਸ਼ਤ ਕਰਵਾਈਆਂ ਹਨ। ਉਸ ਦੀਆਂ ਕਵਿਤਾਵਾਂ ਵਿਚ ਪੰਜਾਬ ਦੇ ਕਾਲੇ
ਦਿਨਾ ਦੀ ਤ੍ਰਾਸਦੀ ਬਾਰੇ ਵੀ ਜ਼ਿਕਰ ਆਉਂਦਾ ਹੈ। 1984 ਦੇ ਕਤਲੇਆਮ ਅਤੇ
ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੀ ਹੂਕ ਉਸ ਦੀਆਂ ਕਵਿਤਾਵਾਂ ਦਾ ਵਿਸ਼ਾ
ਬਣਦੀ ਦਿਲਾਂ ਵਿਚ ਧੂਹ ਪਾਉਂਦੀ ਹੈ। ਕਾਲੇ ਦਿਨਾ ਬਾਰੇ ਲਿਖਦਿਆਂ ਉਹ
ਸਰਕਾਰੀ ਅਤੇ ਸਾਡੇ ਆਪਣਿਆਂ ਦੀ ਦਹਿਸ਼ਤ ਬਾਰੇ ਲਿਖਦਿਆਂ ਦੋਹਾਂ ਧਿਰਾਂ ਨੂੰ
ਜ਼ਿੰਮੇਵਾਰ ਮੰਨਦਾ ਹੈ ਕਿਉਂਕਿ ਖ਼ੂਨ ਤਾਂ ਪੰਜਾਬੀਆਂ ਦਾ ਹੀ ਵਹਿੰਦਾ ਰਿਹਾ
ਹੈ। ਕੱਟੜ ਧਾਰਮਿਕ ਲੋਕਾਂ ਤੇ ਵੀ ਉਹ ਕਿੰਤੂ ਪ੍ਰੰਤੂ ਕਰਦਾ ਹੈ ਕਿ ਉਹ
ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਉਹ ਲੋਕਾਂ ਦਾ ਸ਼ੋਸ਼ਣ ਕਰਦੇ
ਹਨ। ਪੰਜਾਬ ਵਿਚ ਕਿਸੇ ਸਮੇਂ ਭੰਗੜੇ ਪੈਂਦੇ ਸਨ ਹੁਣ ਪੰਜਾਬ ਕਬਰਸਤਾਨ
ਬਣਿਆ ਪਿਆ ਹੈ। ਧਰਮ ਦਾ ਨਾਂ ਵਰਤਣ ਵਾਲੇ ਬਾਬਿਆਂ ਦਾ ਰਾਜ ਬਣਿਆਂ ਰਿਹਾ
ਹੈ। ਉਹ ਅਖੌਤੀ ਬਾਬੇ ਨਫਰਤ ਫੈਲਾ ਰਹੇ ਹਨ।
ਨਫ਼ਰਤ ਹੀ ਗੁੜਤੀ, ਦੇਣੀ ਸਹੁੰ ਖਾ ਲਈ
ਕੁਝ ਬਾਬਿਆਂ ਨੇ ਵੰਡੀਆਂ, ਕੌਮਾ ਸਾਰੀਆਂ।
ਇਸਤਰੀ ਨਾਲ ਹੋ ਰਹੇ ਅਨਿਆਏ ਬਾਰੇ ਬੜੇ ਸਾਰਥਿਕ ਅਤੇ ਭਾਵਪੂਰਕ
ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਉਸ ਅਨੁਸਾਰ ਸਮੇਂ ਦੀ ਤਬਦੀਲੀ ਦਾ ਇਸਤਰੀ
ਦੀ ਦਸ਼ਾ ਤੇ ਦਿਸ਼ਾ ਉਪਰ ਕੋਈ ਬਹੁਤਾ ਸਾਰਥਿਕ ਅਸਰ ਨਹੀਂ ਹੋਇਆ। ਸ਼ਰਾਫਤ ਦਾ
ਮੁਖੌਟਾ ਪਾ ਕੇ ਲੋਕ ਇਸਤਰੀਆਂ ਨਾਲ ਜ਼ਾਲਮਾਨਾ ਵਿਵਹਾਰ ਅਜੇ ਵੀ ਕਰਦੇ ਹਨ।
ਭਰੂਣ ਹੱਤਿਆ ਲੜਕੀਆਂ ਦੀ ਹੀ ਕਿਉਂ ਹੁੰਦੀ ਹੈ, ਲੜਕਿਆਂ ਦੀ ਕਿਉਂ ਨਹੀਂ?
ਇਹ ਸਵਾਲ ਪੁਛਦਾ ਹੈ? ਵੱਡੇ ਤਾਕਤ ਵਾਲੇ ਅਤੇ ਹਰ ਅਮੀਰ ਗ਼ਰੀਬ ਔਰਤ ਨੂੰ ਹੀ
ਨਿਸ਼ਾਨਾ ਬਣਾਉਂਦਾ ਹੈ। ਡਾਕਟਰ ਭਰੂਣ ਹੱਤਿਆ ਕਰਨ ਨੂੰ ਆਪਣੀ ਡਿਊਟੀ ਕਹਿਕੇ
ਗਲੋਂ ਲਾਹੁੰਦੇ ਹਨ। ਇਹ ਕਿਹੜੀ ਇਨਸਾਨੀਅਤ ਹੈ? ਉਹ ਲਿਖਦਾ ਹੈ-
ਔਰਤ ਹੋਣ ਦੀ ਸਜ਼ਾ, ਹੋਈ ਕਦੇ ਵੀ ਘੱਟ ਨਾ,
ਉਦੋਂ ਸ਼ਰੇਆਮ ਸੀ, ਅੱਜ ਕੁੜੀਮਾਰ ਸ਼ਰੀਫ਼ ਨੇ।
ਉਹ ਔਰਤ ਨੂੰ ਜਾਗਰੂਕ ਕਰਨ ਦੀ ਆਪਣੀ ਕਵਿਤਾ ਰਾਹੀਂ ਕੋਸ਼ਿਸ਼ ਕਰਦਾ ਹੈ।
ਦੇਸ਼ ਦੀ ਅਜ਼ਾਦੀ ਬਾਰੇ ਉਹ ਲਿਖਦਾ ਹੈ ਕਿ ਦੇਸ਼ ਦੇ ਅਜ਼ਾਦ ਹੋਣ ਨਾਲ ਕੋਈ ਫ਼ਰਕ
ਨਹੀਂ ਪਿਆ ਕਿਉਂਕਿ ਲੋਕ ਅਜੇ ਵੀ ਗ਼ਰੀਬ ਹਨ। ਅਜ਼ਾਦੀ ਦੇ ਲਾਭ ਸਿਰਫ਼ ਅਮੀਰ
ਲੋਕਾਂ ਅਤੇ ਸਿਆਸਤਦਾਨਾ ਲਈ ਹੀ ਰਾਖਵੇਂ ਹਨ। ਦੇਸ਼ ਨੂੰ ਅਜ਼ਾਦ ਕਰਵਾਉਣ ਲਈ
ਦਿੱਤੀਆਂ ਕੁਰਬਾਨੀਆਂ ਅਜਾਈਂ ਗਈਆਂ ਜਾਪਦੀਆਂ ਹਨ ਕਿਉਂਕਿ ਭਰਿਸ਼ਟਾਚਾਰ
ਪਰਜਾਤੰਤਰ ਤੇ ਭਾਰੂ ਹੋ ਗਿਆ ਹੈ। ਅਜ਼ਾਦੀ ਘੁਲਾਟੀਆਂ ਦੇ ਸਪਨੇ ਚਕਨਾਚੂਰ
ਹੋ ਗਏ ਹਨ-
ਨਵੇਂ ਪੁਰਾਣੇ ਵਕਤਾਂ ਵਿਚ ਬਹੁਤਾ ਫ਼ਰਕ ਨਹੀਂ
ਉਦੋਂ ਵੀ ਲੋਕ ਗ਼ਰੀਬ ਸਨ ਅੱਜ ਵੀ ਗ਼ਰੀਬ ਹਨ।
ਸਿਆਸਤਦਾਨਾ ਨੂੰ ਉਹ ਆੜੇ ਹੱਥੀਂ ਲੈਂਦਾ ਹੈ। ਲੁੱਟ, ਖ਼ੋਹ ਅਤੇ
ਬਲਾਤਕਾਰ ਆਮ ਹੋ ਰਹੇ ਹਨ, ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ ਤੇ ਸਿਆਸਤਦਾਨ
ਸੁਤੇ ਪਏ ਹਨ। ਉਨਾਂ ਤੇ ਵਿਅੰਗ ਕਰਦਾ ਉਹ ਲਿਖਦਾ ਹੈ ਕਿ –
ਦਿਲ ਦਰਵਾਜ਼ੇ ਬੰਦ, ਦਿਮਾਗੀਂ ਜੰਦਰੇ, ਕੁੱਦੋਵਾਲ ਹੁਣ ਨੇਤਾ, ਸੁਖ ਨਾਲ
ਰਹਿੰਦੇ।
ਗ਼ਰੀਬਾਂ ਦੀ ਗ਼ਰੀਬੀ ਦਾ ਜ਼ਿਕਰ ਕਰਦਾ ਉਹ ਉਨਾਂ ਦੇ ਰਹਿਣ ਵਾਲੇ ਮਕਾਨਾ
ਦੀ ਦੁਰਦਸ਼ਾ ਬਾਰੇ ਬੜੀ ਬਾਰੀਕੀ ਨਾਲ ਲਿਖਦਾ ਹੈ-
ਮੇਰੀ ਬਸਤੀ, ਬਾਰਸ਼ ਕਦੇ ਉਡੀਕੇ ਨਾ, ਰਾਤ ਚਾਨਣੀ ਛੱਤਾਂ ਥਾਂਈਂ ਚੋਏ
ਚੰਨ।
ਪ੍ਰਵਾਸ ਦੀ ਜ਼ਿੰਦਗੀ ਬਾਰੇ ਲਿਖਦਾ ਹੈ ਕਿ ਬੇਰੋਜ਼ਗਾਰੀ ਕਰਕੇ ਕਾਫ਼ਲਿਆਂ
ਦੇ ਕਾਫ਼ਲੇ ਵਿਦੇਸ਼ਾਂ ਨੂੰ ਆਪਣੀਆਂ ਜ਼ਮੀਨਾ ਵੇਚ ਕੇ ਏਜੰਟਾਂ ਦੇ ਧੱਕੇ ਚੜਕੇ
ਆ ਰਹੇ ਹਨ। ਉਥੇ ਮਿਹਨਤ ਮਜ਼ਦੂਰੀ ਕਰਕੇ ਡਾਲਰ ਕਮਾਉਂਦੇ ਹਨ, ਕਈ ਵਾਰ ਆਦਮੀ
ਤੀਵੀਂ ਨੂੰ ਵੀ ਰੋਜ਼ਗਾਰ ਦੀਆਂ ਸ਼ਿਫਟਾਂ ਦੇ ਚਕਰ ਵਿਚ ਮਿਲਣ ਦਾ ਸਮਾਂ ਨਹੀਂ
ਮਿਲਦਾ, ਪਿਛੇ ਪੰਜਾਬ ਵਿਚ ਮਾਪੇ ਉਡੀਕਦੇ ਬ੍ਰਿਛ ਬਣ ਜਾਂਦੇ ਹਨ। ਕਈ ਵਾਰ
ਭੁੱਖਣ ਭਾਣੇ ਸੌਂ ਜਾਂਦੇ ਹਨ। ਪ੍ਰਦੇਸਾਂ ਵਿਚ ਬਾਬੇ ਸ਼ਬਦ ਸੁਣਾ ਕੇ ਸੌਖੇ
ਡਾਲਰ ਕਮਾਉਂਦੇ ਹਨ ਕਿਉਂਕਿ ਧਰਮ ਦੀ ਆੜ ਵਿਚ ਅਨੇਕਾਂ ਲੋਕ ਪ੍ਰਵਾਸ ਕਰ
ਰਹੇ ਹਨ-
ਬਾਬੇ ਸ਼ਬਦ ਸੁਣਾਵਣ ਆਪਣੇ, ਡਾਲਰਾਂ ਦੇ ਨਾਲ ਲੁੱਟਣ ਬੁੱਲੇ
ਪ੍ਰਵਾਸ ਵਿਚ ਮਿਹਨਤ ਇੱਕ ਦਿਨ ਰੰਗ ਲਿਆਉਂਦੀ ਹੈ। ਦੁੱਖ ਦੀ ਗੱਲ ਹੈ
ਕਿ ਆਪੋ ਆਪਣੇ ਖੇਤਰਾਂ ਵਿਚ ਮਾਹਿਰ ਨੌਜਵਾਨ ਆਪਣੇ ਦੇਸ਼ ਨੂੰ ਛੱਡਕੇ
ਵਿਦੇਸ਼ਾਂ ਨੂੰ ਆਪਣੀ ਲਿਆਕਤ ਨਾਲ ਮਾਲੋ ਮਾਲ ਕਰਦੇ ਹਨ, ਆਪਣੇ ਦੇਸ਼ ਦਾ ਭਲਾ
ਨਹੀਂ ਕਰਦੇ। ਉਨਾਂ ਨੌਜਵਾਨਾ ਦੀ ਤੁਲਨਾ ਉਹ ਸੋਨੇ ਨਾਲ ਕਰਦਾ ਹੈ, ਉਹ
ਲਿਖਦਾ ਹੈ-
ਵਕਤ ਦਾ ਗੇੜ, ਕੁਝ ਇਸ ਤਰਾਂ ਚਲ ਰਿਹਾ,
ਪੂਰਬ ‘ਚੋਂ ਨਿਕਲੇ ਸੋਨਾ, ਪੱਛਮ ‘ਚ ਚਲਦਾ ਜਾ ਰਿਹਾ।
ਪ੍ਰਵਾਸ ਵਿਚ ਨੌਜਵਾਨ ਪੀੜੀ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਮੂੰਹ ਮੋੜ
ਰਹੀ ਹੈ। ਦੇਸ਼ ਵਿਚ ਵੀ ਅੰਗਰੇਜ਼ੀ ਪੜਾਉਣ ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ।
ਉਹ ਇਹ ਵੀ ਲਿਖਦਾ ਹੈ ਕਿ ਪੰਜਾਬੀਆਂ ਨੂੰ ਆਪਣੇ ਵਿਰਸੇ ਦਾ ਹੇਰਵਾ ਹਮੇਸ਼ਾ
ਸਤਾਉਂਦਾ ਰਹਿੰਦਾ ਹੈ।
ਪਿਆਰਾ ਸਿੰਘ ਕੁੱਦੋਵਾਲ ਦੀ ਕਵਿਤਾ ਅਰਥ ਭਰਪੂਰ ਹੈ। ਉਹ ਮੌਕੇ ਦੀਆਂ
ਸਥਿਤੀਆਂ ਅਤੇ ਘਟਨਾਵਾਂ ਨੂੰ ਮੁਖ ਰੱਖਕੇ ਲਿਖਦਾ ਹੈ। ਉਸ ਦੀ ਕਵਿਤਾ
ਡੂੰਘੀ ਪ੍ਰੰਤੂ ਸਮਝ ਆਉਣ ਵਾਲੀ ਅਤੇ ਸਾਰਥਿਕ ਹੈ। ਆਪਣੀਆਂ ਕਵਿਤਾਵਾਂ
ਰਾਹੀਂ ਉਹ ਸਮਾਜ ਦੇ ਹੁਜਾਂ ਅਤੇ ਗੁਝੇ ਤੀਰ ਮਾਰਦਾ ਹੈ। ਉਹ ਗੁਰਬਖ਼ਸ਼ ਸਿੰਘ
ਪ੍ਰੀਤਲੜੀ ਤੋਂ ਪ੍ਰਭਾਵਤ ਲੱਗਦਾ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਮੁਹੱਬਤ
ਦੇ ਗੀਤ ਤਾਂ ਗਾਉਂਦੀਆਂ ਹਨ ਅਤੇ ਪਿਆਰ ਨੂੰ ਉਹ ਕਬਜ਼ਾ ਨਹੀਂ ਪਛਾਣ ਕਹਿੰਦਾ
ਹੈ।
ਕਬਜ਼ਾ ਕਰਨਾ ਧੁਰ ਤੋਂ, ਆਦਤ ਬੰਦੇ ਦੀ, ਕਬਜ਼ਾ ਕਰਕੇ ਰਿਸ਼ਤੇ ਕਈ ਗਵਾ
ਲੈਂਦੇ ਹਾਂ।
ਉਹ ਇਹ ਵੀ ਲਿਖਦਾ ਹੈ ਅੱਜ ਕਲ ਸਦਾਚਾਰ ਵਿਕਾਊ ਹੈ। ਮੁਹੱਬਤ ਵਿਚ ਗ਼ਮ
ਅਤੇ ਖ਼ੁਸ਼ੀ ਦੋਵੇਂ ਮਿਲਦੇ ਹਨ। ਇਸ਼ਕ ਵਿਚ ਸਹਿਮ, ਹੌਸਲਾ, ਹਾਸਾ, ਹੰਝੂ ਅਤੇ
ਉਦਾਸੀ ਮਿਲਦੇ ਹਨ ਜੋ ਮੁਹੱਬਤ ਦੇ ਗਹਿਣੇ ਹੁੰਦੇ ਹਨ। ਜ਼ਿੰਦਗੀ ਤੋਂ ਹਾਰ
ਨਹੀਂ ਮੰਨਣੀ ਚਾਹੀਦੀ। ਉਹ ਜੀਓ ਅਤੇ ਜਿਓਣ ਦਿਓ ਦੇ ਸੰਕਲਪ ਦਾ ਮੁੱਦਈ ਹੈ
ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਜ਼ਿੰਦਗੀ ਨੂੰ ਸੰਘਰਸ਼ ਸਮਝਦਾ ਹੈ
ਜ਼ੁਲਮ ਕਰਨਾ ਨਹੀਂ, ਨਾ ਹੀ ਸਹਿਣਾ ਕਿਸੇ ਦਾ, ਸਦਾ ਚੇਤੇ ਰੱਖਣਾ, ਜੋ
ਉਸ ਨੇ ਕਿਹਾ ਹੋਵੇ।
ਪਿਆਰਾ ਸਿੰਘ ਕੁੱਦੋਵਾਲ ਅਜਿਹਾ ਕਵੀ ਹੈ ਜਿਸ ਤੇ ਦੁਨੀਆਂ ਵਿਚ ਵਾਪਰ
ਹਰ ਘਟਨਾ ਡੂੰਘਾ ਪ੍ਰਭਾਵ ਪਾਉਂਦੀ ਹੈ, ਜਿਸ ਕਰਕੇ ਉਹ ਉਸ ਘਟਨਾ ਸੰਬੰਧੀ
ਆਪਣੀ ਕਵਿਤਾ ਰਾਹੀਂ ਸੰਦੇਹ ਪ੍ਰਗਟ ਕਰਦਾ ਹੈ। ਅੰਤਰਰਾਸ਼ਟਰੀ ਘਟਨਾਵਾਂ ਵੀ
ਉਸ ਲਈ ਚਿੰਤਾ ਦਾ ਵਿਸ਼ਾ ਬਣਦੀਆਂ ਹਨ। ਇਨਸਾਨੀ ਰਿਸ਼ਤਿਆਂ ਵਿਚ ਆ ਰਹੀ ਖਟਾਸ
ਬਾਰੇ ਵੀ ਉਹ ਲਿਖਦਾ ਹੈ
ਰਿਸ਼ਤਿਆਂ ਦੇ ਜੰਗਾਲੇ ਜਿੰਦਰੇ ਮੈਥੋਂ ਖੋਲ ਨਾ ਹੋਵੇ
ਇੱਥੇ ਹੀ ਬਸ ਨਹੀਂ ਉਹ ਤੰਗ ਦਿਲ ਇਨਸਾਨਾ ਬਾਰੇ ਵੀ ਬੜੀ ਗੂੜ ਗੰਭੀਰ
ਗੱਲ ਕਰਦਾ ਲਿਖਦਾ ਹੈ
ਇਸ ਤਨ ਅੰਦਰ
ਮਨ ਦੀ ਕੋਠੀ
ਜਿਸ ਦੁਆਲੇ
ਹੱਡ ਮਾਸ ਦੀ ਚਾਰਦੀਵਾਰੀ
ਨਾ ਕੋਈ ਬੂਹਾ
ਨਾ ਕੋਈ ਬਾਰੀ
ਨਾ ਕੋਈ ਝੀਤ ਕਿਰਨ ਦਿਖਾਵੇ
ਨਾ ਕੋਈ ਚੀਖ ਨਾ ਕੋਈ ਕਿਲਕਾਰੀ।
ਫਿਰ ਵੀ ਉਹ ਆਸਵੰਦ ਹੈ, ਨਿਰਾਸ਼ ਨਹੀਂ ਹੁੰਦਾ। ਅੰਨੇਰਗਰਦੀ,
ਜ਼ੋਰ-ਜ਼ਬਰਦਸਤੀ, ਧੱਕੇਸ਼ਾਹੀ, ਲੁੱਟ-ਘਸੁੱਟ ਅਤੇ ਮਾਰ ਧਾੜ ਸਦਾ ਨਹੀਂ
ਰਹੇਗੀ, ਇੱਕ ਨਾ ਇੱਕ ਦਿਨ ਬਗ਼ਾਬਤ ਹੋਵੇਗੀ , ਇਨਕਲਾਬ ਆਵੇਗਾ ਅਤੇ ਆਮ
ਜਨਤਾ ਨੂੰ ਇਨਸਾਫ ਮਿਲੇਗਾ। ਦੇਸ਼ਾਂ ਵਿਦੇਸ਼ਾਂ ਦੇ ਕਾਲੇ ਕਾਨੂੰਨਾਂ ਦਾ ਵੀ
ਉਹ ਪਾਜ ਉਘੇੜਦਾ ਹੈ। ਪੰਜਾਬ ਵਿਚ ਖ਼ਾਸ ਤੌਰ ਤੇ ਪੁਲਿਸ ਦੀਆਂ ਵਧੀਕੀਆਂ ਉਸ
ਦੀ ਕਵਿਤਾ ਦਾ ਕਈ ਵਾਰ ਵਿਸ਼ਾ ਬਣਦੀਆਂ ਹਨ। ਉਹ ਆਪਣੀਆਂ ਕਵਿਤਾਵਾਂ ਦੇ ਵੰਨ
ਸੁਵੰਨੇ ਅਤੇ ਗੰਭੀਰ ਵਿਸ਼ੇ ਚੁਣਦਾ ਹੈ। ਬਜ਼ੁਰਗਾਂ ਦਾ ਬੱਚਿਆਂ ਵੱਲੋਂ
ਨਿਰਾਦਰ ਵੀ ਉਸ ਨੂੰ ਪ੍ਰੇਸ਼ਾਨ ਕਰਦਾ ਹੈ। ਨਸ਼ਿਆਂ ਦੇ ਪ੍ਰਕੋਪ ਨੂੰ ਉਹ
ਨੌਜਵਾਨੀ ਨੂੰ ਲੱਗੇ ਘੁਣ ਦੀ ਤਰਾਂ ਮਹਿਸੂਸ ਕਰਦਾ ਹੈ। ਨਸਲੀ ਵਿਤਕਰੇ
ਸਾਰੇ ਦੇਸ਼ਾਂ ਵਿਚ ਉਸ ਲਈ ਚਿੰਤਾ ਦਾ ਕਾਰਨ ਬਣਦੇ ਹਨ। ਜੰਗ, ਨਫਰਤ,
ਘ੍ਰਿਣਾ ਅਤੇ ਦੁਸ਼ਮਣੀ ਨੂੰ ਇਨਸਾਨੀਅਤ ਦਾ ਕਾਤਲ ਮੰਨਦਾ ਹੈ ਜੋ ਅਨੇਕਾਂ
ਬੱਚਿਆਂ ਨੂੰ ਯਤੀਮ ਅਤੇ ਔਰਤਾਂ ਨੂੰ ਵਿਧਵਾਵਾਂ ਬਣਾਉਂਦੇ ਹਨ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
|