ਕਿਰਪਾਲ ਸਿੰਘ ਪੂਨੀ ਦੀਆਂ ਪੰਜ ਪੁਸਤਕਾਂ ‘ਖਾਬਾਂ ਦੀ ਸਰਗਮ’,
‘ਮੁਹੱਬਤ ਦਾ ਗੀਤ’, ‘ਤੇਰੇ ਪਰਤ ਆਉਣ ਤੀਕ’, ‘ਤੇਰਾ ਪਲ’ ਅਤੇ ‘ਪਰਵਾਜ਼ ਤੇ
ਪਰਵਾਸ’ ਮੇਰੇ ਪਾਠ-ਕਰਮ ਵਿਚ ਆਈਆਂ ਹਨ। ਸੰਨ 2004 ਵਿਚ ਉਸਦਾ ਪਲੇਠਾ
ਕਾਵਿ ਸੰਗ੍ਰਹਿ ‘ਖਾਬਾਂ ਦੀ ਸਰਗਮ’ ਛਪਿਆ। ਇਸ ਤੋਂ ਪਹਿਲਾਂ ਕਵੀ ਦੀ ਕੋਈ
ਵੀ ਕਾਵਿ-ਪੁਸਤਕ ਪੜ੍ਹਨ ਸੁਣਨ ਵਿਚ ਨਹੀਂ ਆਈ। ਪਲੇਠੀ ਪੁਸਤਕ ਦੇ ‘ਦੋ
ਸ਼ਬਦ’ ਦੇ ਸਿਰਲੇਖ ਵਿਚ ਕਵੀ ਆਪ ਮੰਨਦਾ ਹੈ ਕਿ ਉਸਨੇ ਕਵਿਤਾ ਲਿਖਣੀ ਪਰਵਾਸ
ਧਾਰਨ ਤੋਂ ਪਹਿਲੋਂ ਹੀ ਅਰੰਭੀ ਹੋਈ ਸੀ ਅਤੇ ਕਵਿਤਾ ਵਿਚ ਪੁਖਤਗੀ ਪ੍ਰਵਾਸ
ਧਾਰਨ ਤੋਂ ਢੇਰ ਚਿਰ ਬਾਅਦ ਆਈ। ਉਸਦੀ ਕਵਿਤਾ ਵਿਚ ਬਹੁਤ ਸਾਰੇ ਖਿਆਲ, ਹਾਵ
ਭਾਵ ਪੂਰਬੀ ਅਤੇ ਪੱਛਮੀ ਤਜ਼ਰਬਿਆਂ ਦਾ ਮਿਲਗੋਭਾ ਹੈ। ਅਜਿਹਾ ਪੜ੍ਹਨ ਵਿਚ
ਆਇਆ ਹੈ ਕਿ ਬਹੁਤੇ ਕਵੀ ਧਾਰਮਿਕ ਘਟਨਾਵਾਂ, ਗੁਰੂਆਂ ਪੀਰਾਂ, ਦੇਸ਼-ਭਗਤਾਂ,
ਸਮਾਜਕ ਪਰਮ-ਮਨੁੱਖ, ਸੂਰਬੀਰ, ਨਾਇਕ, ਮਹਾਂਬੀਰ ਜਾਂ ਰਾਜਨੀਤਕ ਨੇਤਾਵਾਂ
ਦੇ ਜੀਵਨ ਤੋਂ ਪ੍ਰਭਾਵਤ ਹੋ ਕੇ ਕਵਿਤਾ ਲਿਖਣਾ ਆਰੰਭਦੇ ਹਨ ਪਰ ਕਿਰਪਾਲ
ਪੂਨੀ ਦੀ ਮੁੱਢਲੀ ਸਮੁੱਚੀ ਕਵਿਤਾ ਹੀ ਮਨੁੱਖੀ ਮਾਨਸਕਤਾ, ਮਨੁੱਖੀ ਅਨੁਭਵ,
ਮਨੁੱਖੀ ਚੇਤਨਾ, ਮਨੁੱਖੀ ਸੰਘਰਸ਼ ਅਤੇ ਮਨੁੱਖੀ ਕਿਰਦਾਰ ਨੂੰ ਇਕ
ਵਿਅੰਗਾਤਮਕ ਅਤੇ ਸੰਕੇਤਾਮਿਕ ਚਿੰਨ੍ਹਾਂ ਨਾਲ ਸ਼ਿੰਗਾਰੀ ਪੜ੍ਹੀ ਜਾਂਦੀ ਹੈ।
ਅਜਿਹੇ ਮਿਆਰ ਨੂੰ ਪੰਜਾਬੀ ਅੰਦਰ ਪ੍ਰਗਤੀਸ਼ੀਲ ਸਾਹਿਤ ਆਖਿਆ ਜਾਂਦਾ ਹੈ।
ਜਿਹੜਾ ਇਤਹਾਸਕ ਕਾਵਿ ਨੂੰ ਪਿਛਾਂਹ ਛੱਡਦਾ ਹੋਇਆ ਸਿਰਜਨਾਤਮਿਕ-ਕਾਵਿ
ਅਖਵਾਉਦਾ ਹੈ। ਅਜਿਹੇ ਸਾਹਿਤ ਦੀ ਅਭਿਵਿਅਕਤੀ ਕਰਨੀ ਇਸ ਗੱਲ ਦੀ ਗਵਾਹੀ
ਭਰਦੀ ਹੈ ਕਿ ਕਵੀ ਕੋਲ ਵਿਸ਼ਾਲ ਸ਼ਬਦਾਵਲੀ, ਗਹਿਰਾ ਅਧਿਐਨ, ਅਨੁਭਵ ਅਤੇ
ਕਵਿਤਾ ਕਹਿਣ ਦੀ ਪ੍ਰਚੰਡ ਚੇਤਨਾ ਹੈ।
ਡਾ: ਦੀਪਕ ਮਨਮੋਹਨ ਸਿੰਘ ਇਸ ਪ੍ਰਚੰਡ ਚੇਤਨਾ ਬਾਰੇ ਲਿਖਦਾ ਹੈ;’
ਕਿਰਪਾਲ ਸਿੰਘ ਪੂਨੀ ਸਹਿਜਤਾ ਨਾਲ ਕਾਵਿ-ਰਚਨਾ ਕਰਨ ਵਾਲਾ ਕਵੀ ਹੈ। ਇਸ
ਕਰਕੇ ਉਹ ਘੱਟ ਪਰ ਬਗ਼ੈਰ ਉਚੇਚ ਤੋਂ ਲਿਖਦਾ ਹੋਇਆ, ਆਪਣੇ ਜ਼ਜ਼ਬਿਆਂ ਨੂੰ ਹੀ
ਸ਼ਾਇਰੀ ਦੀ ਜ਼ੁਬਾਨ ਦੇਣ ਦੀ ਕੋਸ਼ਿਸ਼ ਕਰਦਾ ਹੈ।’
‘ਖਾਬਾਂ ਦੀ ਸਰਗਮ’ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਤਾਤਵਿਕ,
ਵਿਚਾਰਧਾਰਾ ਅਤੇ ਜਾਂ ਫਿਰ ਉਸ ਸੰਕਲਨ ਦਾ ਸਾਹਿਤਕ ਮਹਤੱਵ ਕੀ ਹੈ, ਇਸ
ਬਾਰੇ ਮੈਂ ਇਸ ਆਪਣੇ ਲੇਖ ਵਿਚ ਤੁਲਨਾਤਮਕ ਅਧਿਐਨ ਉਸਦੀਆਂ ਪੰਜਾਂ ਪੁਸਤਕਾਂ
ਨੂੰ ਮੁੱਖ ਰੱਖ ਕੇ ਕਰਾਂਗਾ।
ਕਵੀ ਪੂਨੀ ਦੀ ਕਵਿਤਾ ਲਿਖਣ ਪ੍ਰੀਕਿਰਿਆ ਵਿਚ ਸਹਿਜ ਹੈ। ਇਹ ਸਹਿਜ
ਉਸਦੀ ਵਿਦਵਤਾ, ਡੂੰਘਾ ਅਧਿਐਨ, ਸ਼ਬਦਾਵਲੀ ਭੰਡਾਰ, ਵਿਦਿਅਕ ਅਨੁਭਵ ਅਤੇ
ਜੀਵਨ ਸ਼ੈਲੀ ਦੀਆਂ ਸਮੱਸਿਆਵਾਂ ਦਾ ਉਸ ਕੋਲ ਕੋਸ਼ ਕਰਕੇ ਹੀ ਹੈ। ਉਸਨੇ ਕਈ
ਤਰ੍ਹਾਂ ਦੇ ਸੁਪਨੇ ਤਰਾਸ਼ੇ ਹੋਏ ਹਨ ਜਿਹੜੇ ਰੁਮਾਂਟਕ ਕਾਵਿ ਸਿਰਜ ਜਾਂਦੇ
ਹਨ। ਇਸ ਰੁਮਾਂਟਿਕ ਕਾਵਿ ਰਾਹੀਂ ਕਵੀ ਨੇ ਆਪਣੀ ਅੱਥਰੀ ਜੁਆਨੀ ਵਿਚ
ਪੁੱਟੀਆਂ ਪੁਲਾਘਾਂ, ਉਸਦੇ ਨਫ਼ੇ ਨੁਕਸਾਨ, ਜੁਆਨੀ ਵਿਚ ਹੋਣ ਵਾਲੀਆਂ
ਗਲਤੀਆਂ ਦਾ ਵਿਸ਼ਲੇਸ਼ਾਣਤਮਕ ਨਿਰਣਾ ਅਤੇ ਜੁਆਨੀ ਵਿਚ ਹੀ ਕਵੀ ਨੂੰ ਬੁਢਾਪੇ
ਵੱਲ ਤੋਰਨ ਦੇ ਯਤਨਸ਼ੀਲ ਤਜਰਬਿਆਂ ਦੀ ਭਵਿੱਖ-ਬਾਣੀ ਕੀਤੀ ਹੈ ਜਿਹੜੀ ਕਵੀ
ਨੂੰ ਆਪਣੀ ਉਮਰ ਤੋਂ ਅੱਗੇ ਲੈ ਜਾਂਦੀ ਹੈ।
ਜੇ ਮੈਂ ਦੁਨੀਆਂ ਭਾਂਪਦਾ
ਨਾਲ ਵਿਚਾਰਾਂ ਦੇ
ਜ਼ਜ਼ਬਾਤ ਦੀ ਦਲ
ਅੰਦਰ ਧਸ ਜਾਂਦਾ ਹਾਂ
ਅਜ ਮੈਂ ਜਿਸਨੂੰ ਸਮਝਾਂ
ਬਿਲਕੁਲ ਸੱਚੀ ਗੱਲ
ਕੱਲ੍ਹ ਨੂੰ ਮੈਨੂੰ ਜਾਪਦੀ
ਉਹ ਹੀ ਝੂਠ ਨਿਰਾ (ਪੰਨਾ 12
ਖ਼ਾਬਾਂ ਦੀ ਸਰਗਮ)
ਅਸਲੀਅਤ ਭਰੀ ਜਿੰਦਗੀ ਨੂੰ ਭੋਗਦਾ ਕਵੀ ਆਪਣੇ ਬਹੁਤ ਸਾਥੀਆਂ ਨੂੰ
ਮਿਲਦਾ ਹੈ। ਉਨ੍ਹਾਂ ਨਾਲ ਗੱਲਾਂ ਗੱਲਾਂ ਵਿਚ ਇਸ ਗੁਜਰਦੇ ਜੀਵਨ ਬਾਰੇ
ਸੰਵਾਦ ਰਚਾਉਂਦਾ ਹੈ ਕਿ ਜਿਸ ਹਾਲ ਵਿਚ ਤੁਸੀਂ ਰਹਿੰਦੇ ਹੋ ਉਸ ਹਾਲ ਵਿਚ
ਹੀ ਆਪਣੇ ਜੀਵਨ ਨੂੰ ਢਾਲੋ। ਕੁਦਰਤ ਦੇ ਕਰਿਸ਼ਮੇ ਅਤੇ ਨਜਾਰਿਆਂ ਨੂੰ ਮਾਣੋ।
ਜਿਸ ਸਥਿੱਤੀ ਵਿਚ ਰਹਿੰਦੇ ਹੋ ਉਸ ਸਥਿੱਤੀ ਨੂੰ ਮਾਣੋ। ਉਹ ਗੱਲ ਨੂੰ ਭਲੀ
ਭਾਂਤ ਸਵੀਕਾਰਦਾ ਹੈ ਕਿ ਕਈ ਸਾਥੀ ਉਚੇ ਮਿਆਰ ਨੂੰ ਪਾਉਣਾ ਹੀ ਸੁੱਖ ਸਮਝਦੇ
ਹਨ। ਕਵੀ ਦਾ ਵਿਚਾਰ ਹੈ ਕਿ ਮਨੁੱਖ ਉਚੇ ਮਿਆਰ ਨੂੰ ਪਾਉਂਦਾ ਪਾਉਂਦਾ ਨਿੱਤ
ਨਵੇਂ ਦੁੱਖਾਂ ਵਿਚ ਘਿਰਿਆ ਰਹਿੰਦਾ ਹੈ। ਇਸ ਕਰਕੇ ਜਿਸ ਵੀ ਦਸ਼ਾ ਵਿਚ ਹੋ
ਉਸ ਸਮੇਂ ਪੈਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰੋਗੇ ਤਦ ਹੀ ਤੁਸੀ
ਸੁਖ-ਸ਼ਾਂਤੀ ਪਰਾਪਤ ਕਰ ਸਕਦੇ ਹੋ। ਸਮੇਂ ਤੋਂ ਅੱਗੇ ਤੁਰਨਾ ਮਨੁੱਖ ਨੂੰ
ਹਮੇਸ਼ਾ ਹੀ ਦੁਖ ਦਿੰਦਾ ਹੈ।
ਓ ਮੁਸਾਫਰ ਜ਼ਿੰਦਗੀ ਦੇ
ਜ਼ਿੰਦਗੀ ਨੂੰ ਘੋਖ ਪਹਿਲੇ
ਰਸਤਾ ਬੜਾ ਵਿਕਰਾਲ ਹੈ
ਕੋਈ ਸਾਥ ਲੈਣ ਦੇ। (ਪੰਨਾ
77 ਮੁਹੱਬਤ ਦਾ ਗੀਤ)
ਕਵੀ ਪੁਰਾਣੇ ਅਤੇ ਘਸੇ ਪਿਟੇ ਸਮਾਜ ਦੀਆਂ ਘਸ ਪਿਟੀਆਂ ਕਦਰਾਂ ਕੀਮਤਾਂ
ਨੂੰ ਭੁਲਣਾ ਚਹੁੰਦਾ ਹੋਇਆ ਵਰਤਮਾਨ ਸਮੇਂ ਦੇ ਨਾਲ ਤੁਰਨਾ ਚਹੁੰਦਾ ਹੈ।
ਕਿਤਨਾ ਬਦਲ ਗਿਆ ਅੱਜ ਦਾ ਰਾਂਝਾ
ਅਤੇ ਕਿਤਨੀ ਬਦਲ ਗਈ ਹੈ ਉਸਦੀ ਹੀਰ।
ਐਪਰ ਅਸੀਂ ਲੋਕ ਉਸ ਸਦੀਆਂ ਬੁੱਢੇ
ਰਾਂਝੇ ਅਤੇ ਉਸਦੀ ਹੀਰ ਨੂੰ ਹੀਰ ਅਤੇ
ਰਾਂਝੇ ਹੋਣ ਦਾ ਗੁਨਾਹ ਕਰੀ ਜਾਂਦੇ ਹਾਂ।
(ਪੰਨਾ 26 ਤੇਰਾ ਪਲ)
ਕਿਰਪਾਲ ਸਿੰਘ ਪੂੰਨੀ ਉਪਰ ਗੁਰਬਾਣੀ ਦਾ ਡੂੰਘਾ ਪ੍ਰਭਾਵ ਹੈ। ਕਵੀ ਨੇ
ਗੁਰਬਾਣੀ ਨੂੰ ਆਪਣੀ ਲੇਖਣੀ ਵਾਸਤੇ ਇਕ ਸਾਧਨ ਬਣਾਇਆ ਹੈ। ਕਵੀ ਦੀ
ਵਿਚਾਰਧਾਰਾ ਅਧਿਆਤਮਿਕਵਾਦੀ ਨਹੀਂ ਹੈ ਪਰ ਜਿਹੜੇ ਵਿਚਾਰ ਮਨੁੱਖਤਾ ਦੇ
ਸੰਦਰਭ ਵਿਚ ਉਚਾਰੇ ਗਏ ਹਨ ਉਨ੍ਹਾਂ ਵਿਚਾਰਾ ਨੂੰ ਵਿਗਿਆਨ ਅਤੇ ਮਨੁੱਖ
ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਬਹੁਤ ਹੀ ਗੰਭੀਰਤਾ ਨਾਲ ਕਵੀ ਆਪਣੀਆਂ
ਕਵਿਤਾਵਾਂ ਦਾ ਕਾਰਜ ਬਣਾਉਦਾ ਹੈ। ਕਵੀ ਨਾ ਤਾਂ ਆਸਤਕ ਹੈ ਅਤੇ ਨਾਹੀ
ਨਾਸਤਕ ਹੈ। ਉਹ ਗੁਰਬਾਣੀ ਦੇ ਵਿਚਾਰਾਂ ਨੂੰ ਹੂ ਬਹੂ ਨਹੀ ਚਿਤਰਦਾ ਸਗੋਂ
ਉਸ ਵਿਚੋਂ ਕਿਸੇ ਇਕ ਅਟੱਲ ਸਚਾਈ ਦੀ ਪਕੜ ਕਰਦਾ ਹੈ ਅਤੇ ਫਿਰ ਉਸ ਅਟੱਲ
ਸਚਾਈ ਦੇ ਆਧਾਰ ਤੋਂ ਲੈ ਕੇ ਉਸ ਅਟੱਲ ਸਚਾਈ ਦੇ ਆਰ ਪਾਰ ਤੱਕ ਚਲੇ ਜਾਂਦਾ
ਹੈ। ਇਸ ਆਰ ਪਾਰ ਦੀ ਖੋਜ ਵਿਚੋਂ ਜੋ ਤੱਤ ਉਸਦੇ ਸਾਹਮਣੇ ਆਉਂਦੇ ਹਨ ਉਹ
ਤੱਤ ਹੀ ਉਸਦੀ ਕਵਿਤਾ ਹੈ। ਕਵੀ ਦੇ ਅਧਿਐਨ ਅੰਦਰ ਇਕ ਪਰਮ ਮਨੁੱਖ ਦੇ ਜੇਤੂ
ਸੰਘਰਸ਼ ਦਾ ਪਹਿਲੂ ਹੈ। ਕਵੀ ਮਨੁੱਖੀ ਫਿਤਰਤ ਨੂੰ ਸਮਝਦਾ ਹੋਇਆ ਨਫਰਤ ਅਤੇ
ਪਿਆਰ ਦੀ ਫਿਤਰਤ ਦਾ ਆਪਣੀਆਂ ਕਵਿਤਾਵਾਂ ਅੰਦਰ ਇਕ ਬੈਲੇਂਸ ਸਿਰਜਦਾ ਹੈ।
ਮਨੁੱਖ ਦੀਆਂ ਗਿਆਨ ਸ਼ਕਤੀਆਂ ਦੀਆਂ ਹਰਕਤਾਂ ਦਾ ਇਕ ਐਸਾ ਪੈਨੋਰਾਮਾ
ਬਣਾਉਂਦਾ ਹੈ ਜਿਸ ਰਾਹੀਂ ਪਰਮ ਮਨੁੱਖ ਦੀ ਝਲਕ ਵੇਖੀ ਜਾ ਸਕਦੀ ਹੈ। ਮਨੁੱਖ
ਦੇ ਮਨ ਵਿਚ ਉਥਲ ਪੁੱਥਲ ਹੋ ਰਹੀਆਂ ਸੋਚਾਂ ਦਾ ਪਾਸਾਰ ਜਿਹੜਾ ਮਨੁੱਖ ਦੇ
ਮਾਨਸਿਕ ਰੋਗਾਂ ਦਾ ਆਧਾਰ ਬਣਦਾ ਹੈ ਅਜਿਹੇ ਆਧਾਰ ਨੂੰ ਕਵੀ ਆਪਣੀਆਂ
ਕਵਿਤਾਂ ਰਾਹੀਂ ਨਿੰਦਦਾ ਹੈ। ‘ਇਕ ਚੁੱਪ ਸੌ ਸੁਖ’ ਮੁਹਾਵਰਾ ਭਾਵੇਂ
ਪੰਜਾਬੀ ਸਮਾਜ ਅੰਦਰ ਬਹੁਤ ਵਿਚਾਰਾਂ ਉਪ੍ਰੰਤ ਹੋਂਦ ਵਿਚ ਆਇਆ ਸੀ ਪਰ ਇਕ
ਚੁੱਪ ਹੀ ਜਿਹੜੀ ਮਨੁੱਖ ਨੂੰ ਕਈ ਗਲਤ-ਫਹਿਮੀਆਂ ਅੰਦਰ ਧਕੇਲ ਸਕਦੀ ਹੈ।
ਇਸੇ ਲਈ ਕਵੀ ਆਪਣੀਆਂ ਰਚਨਾਵਾਂ ਅੰਦਰ ਇਕ ਚੁੱਪ ਦੀ ਅਸਵੀਕ੍ਰਿਤੀ ਅਤੇ
ਨਿਸਚੈਆਤਮਕ ਵਿਚਾਰਾਂ ਦੀ ਬਰਾਬਰਤਾ ਸਿਰਜਦਾ ਹੈ। ਮਨੁੱਖ ਦੇ ਜੀਵਨ ਅੰਦਰ
ਕਈ ਦੈਵੀ ਸ਼ਕਤੀਆਂ ਆਪਣਾ ਦਬਾ ਪਾਉਂਦੀਆਂ ਹਨ। ਇਹ ਦਬਾ ਉਸ ਸਥਿੱਤੀ ਉਪਰ
ਨਿਰਭਰ ਹੁੰਦਾ ਹੈ ਕਿ ਮਨੁੱਖ ਦਾ ਪਾਲਣ ਪੋਸਣ ਅਤੇ ਧਾਰਮਿਕ ਵਿਸ਼ਵਾਸ਼ ਕਿਹੋ
ਜਿਹਾ ਹੈ? ਕਵੀ ਨ੍ਹੇਰਾ ਨਾਮੀ ਕਵਿਤਾ ਵਿਚ ਇਸ ਦਬਾ ਦਾ ਵਿਸ਼ਲੇਸ਼ਣ ਕਰਦਾ
ਲਿਖਦਾ ਹੈ।
ਕੁਝ ਨ੍ਹੇਰਾ ਆਪਣੇ ਅੰਦਰ ਦਾ, ਕੁਝ ਨ੍ਹੇਰਾ ਆਸੇ ਪਾਸੇ ਦਾ
ਕੁਝ ਨ੍ਹੇਰਾ ਹਾਵੇ ਹਉਕੇ ਦਾ, ਕੁਝ ਨ੍ਹੇਰਾ ਠੱਠੇ ਹਾਸੇ ਦਾ
ਕੁਝ ਨ੍ਹੇਰਾ ਜਾਣੇ ਪਛਾਣੇ ਦਾ, ਬਾਕੀ ਨ੍ਹੇਰਾ ਅਣਜਾਣੇ ਦਾ
ਕਿਉਂ ਦਾਨੋਂ ਦਹਿੰਸਰ ਬਹੁ-ਮੁੱਖੀਆ ਹਰ ਰੂਪ ਕਰੂਪ ਬਣਾਉਂਦਾ ਏ
(ਪੰਨਾ 17
ਖ਼ਾਬਾਂ ਦੀ ਸਰਗਮ)
ਕਈ ਵਾਰ ਕਵੀ ਨਾਲ ਕੋਈ ਦੁਖਦਾਈ ਘਟਨਾ ਬੀਤ ਜਾਂਦੀ ਹੈ ਤਾਂ ਉਹ ਸਭ ਕੁਝ
ਤਿਆਗਣ ਵਾਸਤੇ ਤਿਆਰ ਹੋ ਜਾਂਦਾ ਹੈ। ਮਹਾਤਮਾ ਬੁੱਧ ਵਾਂਗ ਉਸਦੇ ਮਨ ਅੰਦਰ
ਵਿਰਾਗ ਇਸ ਤਰ੍ਹਾਂ ਘਰ ਕਰ ਜਾਂਦਾ ਹੈ ਕਿ ਉਹ ਇਸ ਰੰਗ-ਬਰੰਗੀ ਦੁਨੀਆਂ ਤੋਂ
ਦੂਰ ਜਾਣਾ ਲੋਚਦਾ ਹੈ। ਕਵੀ ਦਾ ਹਿਰਦਾ ਕਦੇ ਪੱਥਰ ਵਰਗਾ ਹੋ ਜਾਂਦਾ ਹੈ
ਅਤੇ ਕਈ ਵਾਰ ਨਿੱਕੀ ਨਿੱਕੀ ਘਟਨਾ ਨੂੰ ਵੇਖ ਕੇ ਉਹ ਬਹੁਤ ਉਤਾਵਲਾ ਹੋ
ਜਾਂਦਾ ਹੈ।
ਤੇਰੇ ਸਵਰਨ-ਨਗਰ ਨੂੰ ਤਜ ਕੇ
ਜਦ ਮੈਂ ਜੰਗਲ ਨੂੰ ਚਲਿਆ ਸਾਂ।
ਮੈਂ ਬੀਤੇ ਦੀਆਂ ਯਾਦਾਂ ਬਦਲੇ
ਆਪਣੀ ਉਮਰ ਦਾ ਹੁੰਦਲ ਹਿੱਸਾ,
ਸ਼ਹਿਰ ਤੇਰੇ ਨੂੰ ਦੇ ਚੱਲਿਆਂ ਸਾਂ
ਹੁਣ ਮੇਰੇ ‘ਤੇ ਹੋਰ ਤੇਰਾ ਕੋਈ ਕਰਜ ਨਹੀਂ ਹੈ
ਹੁਣ ਮੇਰੇ ‘ਤੇ ਹੋਰ ਤੇਰਾ ਅਧਿਕਾਰ ਨਹੀਂ ਹੈ।
(ਪੰਨਾ 26 ਮੁਹੱਬਤ ਦਾ ਗੀਤ)
ਕਵੀ ਪਹਿਲਾਂ ਕਿਸੇ ਵਿਚਾਰਧਾਰਾ ਨੂੰ ਅੰਤਰਮੁੱਖੀ ਹੋ ਕੇ ਆਪਣੀ ਆਤਮਾ
ਨਾਲ ਸੰਵਾਦ ਰਚਾਉਂਦਾ ਹੈ। ਇਸ ਸੰਵਾਦ ਰਾਹੀਂ ਜੋ ਵੀ ਨਿਰਣਾਤਮਕ ਵਿਚਾਰ
ਉਜਾਗਰ ਹੁੰਦੇ ਹਨ ਉਹ ਉਨ੍ਹਾਂ ਨੂੰ ਬਾਹਰਮੁੱਖੀ ਸਮੱਸਿਆਵਾਂ ਅਤੇ ਵਰਤਾਰਿਆ
ਨਾਲ ਮੁੜ ਸੰਵਾਦ ਰਚਾ ਕੇ ਇਕ ਸਾਂਝਾ ਸੰਘਰਸ਼ ਚਲਾਉਦਾ ਹੈ ਜਿਸ ਨਾਲ ਪਾਠਕ
ਦੇ ਦਿਲ ਅੰਦਰ ਮਨੁੱਖਤਾ ਵਾਸਤੇ ਹਮਦਰਦੀ ਉਤਪੰਨ ਹੁੰਦੀ ਹੈ। ਇਥੇ ਹੀ ਬਸ
ਨਹੀਂ ਕਵੀ ਅਜਿਹੇ ਸੰਕਲਪ ਸਿਰਜਦਾ ਵਿਰੋਧਾਭਾਸ ਰਾਹੀਂ ਵੀ ਗੁਜਰਦਾ ਹੈ।
ਕਵੀ ਵਾਸਤੇ ਵਿਰੋਧਾਭਾਸ ਹੀ ਹੈ ਜਿਸਨੂੰ ਵਿਕਾਸ ਕਿਹਾ ਜਾ ਸਕਦਾ ਹੈ।
ਕਵੀ ਦੀਆਂ ਕਾਵਿ ਟੁਕੜੀਆਂ ਦੇ ਸਿਰਲੇਖਾਂ ਅੰਦਰ ਮਨੋ-ਵਿਗਿਆਨਕ ਸੰਦਰਭ
ਨਾਲ ਸੰਬੰਧਤ ਵਿਸ਼ਾ ਵਸਤੂ ਹੈ। ਉਹ, ਐ ਮਨ ਮੇਰੇ ਦੇ ਸਿਧਾਂਤ ਨੂੰ ਉਨ੍ਹਾਂ
ਯੁਕਤੀਆਂ ਨਾਲ ਵਰਤਦਾ ਹੈ ਜਿਨ੍ਹਾਂ ਨਾਲ ਉਸਦੇ ਮਾਨਸਿਕ ਤਣਾਓ ਨੂੰ ਤਾਂ
ਉਧੇੜੇਗਾ ਹੀ ਪਰ ਨਾਲ ਨਾਲ ਮਨ ਵਿਚ ਵਸੇ ਤਰ੍ਹਾਂ ਤਰ੍ਹਾਂ ਦੇ ਬਦ-ਗੁਹਰ,
ਬਦ-ਗੁਮਾਨੀ, ਬਦ-ਜ਼ਿਹਨ ਅਤੇ ਬਦਜ਼ੇਬ ਫੁਰਨਿਆਂ ਨੂੰ ਪੁਣ ਛਾਣ ਕੇ
ਬਾਹਰਮੁੱਖੀ ਵਰਤਾਰਿਆਂ ਨਾਲ ਜੋੜਦਾ ਹੋਇਆ ਮਨੁੱਖਤਾਂ ਦੇ ਸਹਿਯੋਗ ਦੀ
ਵਾਰਤਾ ਪਾਉਂਦਾ ਹੈ। ਮਨ ਵਿਚ ਉੱਠੇ ਜ਼ਜਬਾਤਾਂ ਵਿਚ ਹੜਕੰਪ, ਚੁੱਪ ਵਿਚ
ਡੂੰਘੀ ਤਨਹਾਈ, ਹਨੇਰੇ ਵਿਚ ਚਾਨਣ ਵਰਤਾਉਂਣ ਦੀ ਇੱਛਾ ਪ੍ਰਗਟ ਕਰਨ ਵਾਲਾ
ਕਵੀ ਹੈ ਕਿਰਪਾਲ ਸਿੰਘ ਪੂਨੀ। ਬ੍ਰਿਹੋ, ਵਿਛੋੜਾ, ਵਿਯੋਗ ਆਦਿ ਉਸਦੇ
ਇਰਾਦਿਆਂ ਤੋਂ ਦੂਰ ਹੀ ਰਹਿੰਦੇ ਹਨ। ਮਨ ਮੰਦਰ, ਮਨ-ਮੂਰਤ ਆਦਿ ਸੰਕਲਪਾਂ
ਨੂੰ ਕਵੀ ਦੇ ਅਗਾਂਹ ਵਧੂ ਜੀਵਨ ਨਾਲ ਸਮਿਲਤ ਕਰਦਾ ਹੈ। ਕਵੀ ਕਿਸੇ ਦੂਸਰੇ
ਦੇ ਨੁਕਸ ਕੱਢਣ ਜਾਂ ਦਸਣ ਦਾ ਆਦੀ ਨਹੀਂ ਹੈ ਸਗੋਂ ਉਹ ਆਪਣੇ ਮਨ ਦੇ ਦਰਪਣ
ਅੰਦਰ ਝਾਤੀ ਮਾਰਦਾ ਆਪ ਮੁਹਾਰੇ ਕਹਿੰਦਾ ਹੈ ਕਿ ਮੇਰਾ ਮਾਨਵਵਾਦੀ ਅਖਵਾਉਣ
ਦਾ ਓਨਾਂ ਹੱਕ ਨਹੀਂ ਜਿੰਨਾਂ ਮੈਂ ਆਪ ਸਮਝਦਾ ਹਾਂ। ਕਵੀ ਦਾ ਯਕੀਨ ਹੈ ਕਿ
ਮਨੁੱਖ ਅੰਦਰ ਜੋ ਘਾਟਾਂ ਹਨ ਉਨ੍ਹਾਂ ਨੂੰ ਪੂਰਿਆਂ ਕਰਨ ਵਾਸਤੇ ਹੀ ਨਿੱਤ
ਚਲ ਰਿਹਾ ਹੈ। ਉਸਦੀ ਤ੍ਰਿਸ਼ਨਾ ਉਸਨੂੰ ਟਿਕਣ ਨਹੀਂ ਦਿੰਦੀ। ਬਹਿਣ ਨਹੀਂ
ਦਿੰਦੀ। ਅਧੂਰਾ ਜੀਵਨ ਹੀ ਮਨੁੱਖ ਦੀ ਜਾਨ ਹੈ।
ਹਿਜ਼ਰ ਬਾਂਝ ਨਾ ਜੀਵਨ ਪੂਰਾ
ਮੁਰਸ਼ਦ ਬਾਂਝ ਨਾ ਹੋਵੇ ਚੇਲਾ
ਲਾਟ ਬਿਨ੍ਹਾਂ ਨਾਂ ਰਿਸ਼ਮਾਂ ਹੋਵਣ
ਯਾਰ ਬਿਨ੍ਹਾਂ ਫਿਰ ਕਾਹਦਾ ਮੇਲਾ
(ਪੰਨਾ 58 ਖ਼ਾਬਾਂ ਦੀ ਸਰਗਮ)
ਕਵੀ ਮਾਨਸਿਕ ਦੁਬਧਾ ਬਾਰੇ ਬਹੁਤ ਸੰਵੇਦਨਸ਼ੀਲ ਹੈ। ਉਸਦਾ ਪੱਕਾ ਅਕੀਦਾ ਹੈ
ਕਿ ਸੰਸਾਰ ਨਾਸ਼ਵਾਨ ਹੈ। ਜਦ ਇਸ ਦੁਨੀਆਂ ਵਿਚ ਰਹਿਣਾ ਹੀ ਨਹੀਂ ਤਾਂ ਸੰਸਾ
ਕਿਹੜੀ ਗੱਲ ਦਾ ਕਰਨਾ ਹੈ। ਤੁਸੀਂ ਕਿਸੇ ਕੋਲੋਂ ਕੀ ਲੈਣਾ ਅਤੇ ਕੀ ਦੇਣਾ
ਹੈ? ਅੱਖ ਦੀ ਫੋਰ ਨਾਲ ਹੀ ਸਾਰਿਆਂ ਨੇ ਇਸ ਜੱਗ ਛੱਡ ਜਾਣਾ ਹੈ। ਜਿਵੇਂ
ਸਾਰੇ ਦਰਿਆ ਸਾਗਰ ਵਿਚ ਜਾ ਕੇ ਪੈਂਦੇ ਹਨ ਠੀਕ ਇਸੇ ਤਰ੍ਹਾਂ ਸਭ ਇਨਸਾਨਾਂ
ਨੇ ਕਿਸੇ ਅਣਦੇਖੇ ਦੇਸ਼ ਵਿਚ ਚਲੇ ਜਾਣਾ ਹੈ।
ਯਾਰੋ ਮੇਰਾ ਇਸ ਦੁਨੀਆਂ ਨਾਲ ਕੀ ਰਿਸ਼ਤਾ ਕੀ ਲਾਂਝਾ
ਮੈਂ ਤਾਂ ਛੱਡ ਕੇ ਭਰਿਆ ਮੇਲਾ ਧੁੱਦਲ ਸਿਰ ਪਟਕਾਣਾ।
(ਪੰਨਾ
33 ਮੁਹੱਬਤ ਦਾ ਗੀਤ)
ਕਿਰਪਾਲ ਸਿੰਘ ਪੂਨੀ ਇਕ ਪਾਸੇ ਤਾਂ ਭੂਹੇਰਵੇ ਅਤੇ ਮੁਹੇਰਵੇ ਨੂੰ ਆਪਣੀ
ਪਲੇਠੀ ਪੁਸਤਕ ‘ਖਾਬਾਂ ਦੀ ਸਰਗਮ’ ਰਾਹੀ ਵਭਿੰਨ ਨਿਬੰਧਾਂ ਰਾਹੀ ਪ੍ਰਗਟ
ਕਰਦਾ ਹੈ ਅਤੇ ਨਾਲ ਨਾਲ ਹੀ ਉਹ ਆਪਣੇ ਪਰਵਾਸੀ ਜੀਵਨ ਦੀਆਂ ਝਲਕਾਂ ਵੀ
ਵਿਖਾਉਦਾ ਹੈ। ਇਸ ਤਰ੍ਹਾਂ ਦੋਨਾਂ ਸਥਿੱਤੀਆਂ ਨੂੰ ਸਿਰਜਦਾ ਆਪਣੇ ਰਚਨਾਤਮਕ
ਕਾਰਜ ਵਿਚ ਸੰਤੁਲਨਤਾ ਬਣਾਈ ਰਖਦਾ ਹੈ।
ਕਿਰਪਾਲ ਪੂਨੀ ਦੀ ਕਵਿਤਾ ਦੇ ਅਤਿ ਗੁੰਝਲਦਾਰ ਰਚਨਾਤਮਕ ਕਾਰਜ ਵਿਚ ਜਿਸ
ਵਿਚਾਰ ਬਾਰੇ ਕਵਿਤਾ ਦਾ ਮੁੱਖ ਸਰੋਕਾਰ ਹੁੰਦਾ ਹੈ ਕਵੀ ਉਸ ਸਰੋਕਾਰ ਨੂੰ
ਚਿੱਤਰ-ਸੰਕੇਤ, ਚਿੱਤਰ ਲਿੱਪੀ ਅਤੇ ਚਿੱਤਰ-ਚਿੰਨ੍ਹਾਂ ਰਾਹੀ ਬੜੇ ਸਹਿਜ
ਅਤੇ ਆਸਾਨ ਢੰਗ ਨਾਲ ਪੇਸ਼ ਕਰਦਾ ਹੈ। ਪਾਠਕ ਉਸਦੀ ਕਵਿਤਾ ਦੇ ਮੁੱਖ ਥੀਮ
ਜਿਹੜਾ ਪਾਠਕ ਕੋਲੋਂ ਕਵੀ ਵਲੋਂ ਗੁਪਤ ਰੱਖਿਆ ਗਿਆ ਹੈ, ਪਾਠਕ ਉਸ ਮੁੱਖ
ਥੀਮ ਨੂੰ ਸ਼ਾਬਦਿਕ ਚਿੱਤਰਾਂ ਰਾਹੀ ਗ੍ਰਹਿਣ ਕਰਦਾ ਹੈ। ਇਸ ਤਰ੍ਹਾਂ ਕਰਦਾ
ਕਵੀ ਸ਼ਬਦਾਂ ਰਾਹੀਂ ਚਿੱਤਰ ਬਣਾਉਦਾ ਹੋਇਆ ਚਿੱਤਰ-ਸੰਕੇਤ ਕਲਾਕਾਰ ਬਣ
ਜਾਂਦਾ ਹੈ। ‘ਤਲਾਸ਼’ ਕਵਿਤਾ ਦਾ ਕਵੀਓ-ਵਾਚ ਪੜ੍ਹੋ;
ਉਨ੍ਹਾਂ ਚੁੱਪ-ਚਾਪ ਖੜ੍ਹੇ ਰੁੱਖਾਂ ਥੱਲੇ
ਉਨ੍ਹਾਂ ਵਿਰਲਿਆਂ ਪ੍ਰਛਾਂਵਿਆਂ ਅੰਦਰ
ਕਾਲੀਆਂ ਬੋਲੀਆਂ ਰਾਤਾਂ ਅੰਦਰ
ਜੋ ਡਰੇ ਹੋਏ ਬੱਚੇ ਵਾਂਗੂੰ ਚੁੱਪ ਸਨ
ਪਤਾ ਨਹੀਂ ਕਿਉਂ ਐਪਰ ਪਤਾ ਨਹੀਂ ਕਿਉਂ
ਹਨੇਰੇ ਵਿਚ ਵੀ ਤੈਨੂੰ ਭਾਲਦਾ ਰਹਿਨਾਂ
ਸ਼ਾਇਦ ਮੇਰੇ ਮਨ ਅੰਦਰ ਵੀ ਨ੍ਹੇਰਾ ਹੈ
ਮੈਂ ਲਭਦਾ ਲਭਦਾ ਸ਼ਾਇਦ
ਆਪਣੇ ਆਪ ਨੂੰ ਭਾਲ ਰਿਹਾ ਹਾਂ
(ਪੰਨਾ 21 ਖ਼ਾਬਾਂ ਦੀ ਸਰਗਮ)
‘ਅੰਬਾਂ ਵਾਲੇ ਖੂਹ ‘ਤੇ’ ਵੀ ਇਕ ਸੰਕੇਤਕ ਕਵਿਤਾ ਹੈ। ਚਾਨਣੀ ਰਾਤ ਹੈ।
ਦੋ ਪ੍ਰੇਮੀ ਉਮਰਾਂ ਦੇ ਤਕਾਜੇ ਨਾਲ ਹਰ ਉਮਰ ਵਿਚ ਅੰਬਾਂ ਵਾਲੇ ਖੂਹ ਉਪਰ
ਮਿਲਦੇ ਹਨ। ਹਰ ਉਮਰ ਬਚਪਨ, ਜੁਆਨੀ ਅਤੇ ਬੁਢਾਪੇ ਅੰਦਰ ਮਿਲਣ ਦੇ ਦ੍ਰਿਸ਼ਾਂ
ਨੂੰ ਜਿਸ ਕਾਵਿਕ ਵਿਧੀ ਨਾਲ ਦਰਸਾਇਆ ਹੈ ਉਹ ਸਚ ਮੁੱਚ ਹੀ ਕਲਾਤਮਕ ਅਤੇ
ਸਾਹਿਤਕ ਹੈ।
ਪਰਬਲ ਹੋ ਝਲਾਰ ਤੋਂ ਚੰਨੀਏ ਕਲ-ਕਲ ਵਗਦਾ ਨੀਰ।
ਹੁਸਨ ਜੁਆਨੀ ਜ਼ੋਰ ਹੰਢਾਉਦਾ, ਢਲ ਢਲ ਜਾਏ ਸਰੀਰ।
ਚੜ੍ਹਦਾ ਚੜ੍ਹਦਾ ਚੰਦਾ ਚੰਨੀਏ, ਲਹਿ ਪੱਛਮ ਨੂੰ ਧਾਇਆ।
ਹੁਸਨ,ਜੁਆਨੀ ਮੱਚ ਕੇ ਬੁੱਝ ਗਈ ਦਰਦ ਬੁਢਾਪਾ ਪਾਇਆ।
ਤੇਰੀ ਪ੍ਰੇਮ ਕਹਾਣੀ ਚੰਨੀਏ, ਆਪ ਮੁਹਾਰੇ ਬੋਲੇ
ਅੰਬਾਂ ਵਾਲੇ ਖੂਹ ਦੇ ਉਤੇ ਚੁੱਪ ਚੁੱਪ ਹੌਲੇ ਹੌਲੇ।
(ਪੰਨਾ
42 ਮੁਹੱਬਤ ਦਾ ਗੀਤ)
ਕਵੀ ਦਾ ਗਿਆਨ ਕਿਸੇ ਵੀ ਮਜ਼ਮੂਨ ਪ੍ਰਥਾਇ ਜਾਂ ਉਹ ਅੰਤਰਮੁੱਖੀ ਹੈ ਅਤੇ
ਜਾਂ ਫਿਰ ਉਹ ਬਾਹਰਮੁਖੀ ਹੈ ਕਿਸੇ ਗੱਲੋਂ ਵੀ ਸੀਮਤ ਨਹੀਂ ਹੈ ਅਤੇ ਨਾ ਹੀ
ਕਵਿਤਾ ਵਿਚ ਆਏ ਕਿਸੇ ਵਿਚਾਰ ਅੰਦਰ ਕਚਿਆਈ ਹੈ। ਇਸ ਦਾ ਮੁੱਖ ਕਾਰਨ ਇਹ ਹੈ
ਕਿ ਕਵਿਤਾਵਾਂ ਦੇ ਰਚਨਾਤਮਕ ਅਤੇ ਸਿਰਜਨਾਤਮਕ ਕਾਰਜ ਅੰਦਰ ਯਥਾਰਥਿਕਤਾ ਹੈ।
ਕਿਸੇ ਯਥਾਰਥ ਨੂੰ ਬਿਆਨਣ ਵਾਸਤੇ ਕੋਈ ਵੀ ਵਿਚਾਰ ਜਾਂ ਕੋਈ ਵੀ ਸ਼ਬਦਾਵਲੀ
ਹਮੇਸ਼ਾ ਪ੍ਰਾਸੰਗਕ ਹੀ ਹੁੰਦੀ ਹੈ। ਕਵੀ ਸਰੀਰ ਨਾਲ ਸੰਬੰਧਤ ਗਿਆਨ ਨੂੰ
ਆਪਣੀ ਕਵਿਤਾਵਾਂ ਰਾਹੀਂ ਬਹੁ-ਵਿਧ ਢੰਗਾਂ ਨਾਲ ਵਰਨਣ ਕਰਦਾ ਹੈ। ਜੇਕਰ
ਕਿਸੇ ਸਰੀਰ ਨੂੰ ਕੋਈ ਦੁੱਖ ਹੈ ਤਾਂ ਇਹ ਸਿਲਸਿਲਾ ਵਿਅਕਤੀਗਤ ਹੈ। ਇਸ
ਵਿਅਕਤੀਗਤ ਵਿਚਾਰ ਨੂੰ ਕਵੀ ਹੌਲੇ ਨਾਲ ਨਹੀਂ ਲੈਂਦਾ ਸਗੋਂ ਉਸ ਵਿਚਾਰ ਨੂੰ
ਉਹ ਸਰਬ-ਸਾਂਝ ਵਿਚ ਬਦਲ ਕੇ ਲਿਖਦਾ ਹੈ। ਇਹ ਹੀ ਉਸਦੀ ਕਵਿਤਾ ਦੀ ਇਕ
ਪਕਿਆਈ ਕਰਕੇ ਵੀ ਜਾਣੀ ਜਾ ਸਕਦੀ ਹੈ। ਕਵਿਤਾਵਾਂ ਅੰਦਰ ਉਸਦੀ ਕਲਾ ਦੀ ਇਹ
ਪਕਿਆਈ ਉਸ ਸਮੇਂ ਤੋਂ ਹੀ ਜਿਸ ਸਮੇਂ ਉਸਨੇ ਕਵਿਤਾ ਨੂੰ ਲਿਖਣ ਦਾ ਸਾਹਸ
ਕੀਤਾ ਸੀ। ਆਪਣੇ ਇਸ ਵਿਚਾਰ ਦੀ ਪੁਸ਼ਟੀ ਵਾਸਤੇ ਮੈਂ ‘ਨਵ-ਜੰਮੇ ਬੱਚੇ ਦਾ
ਬਿਆਨ’ ਕਵਿਤਾ ਦੀਆਂ ਕੁਝ ਸਤਰਾਂ ਲਿਖਣੀਆਂ ਕੀਤੀਆਂ ਹਨ।
ਮੈਂ ਜਨਮਾਂ ਦੀ ਭਟਕਣ ਸਹਿ ਕੇ
ਜੁੱਗਾਂ ਦੀ ਗਰਦਸ਼ ‘ਚੋਂ ਜਾਇਆ
ਮੈਂ, ਅੱਜ ਅੰਦਰ ਕੱਲ੍ਹ ਦੀ ਹੋਣੀ
ਕੱਲ੍ਹ ਅਜੇ ਜੋ ਆਇਆ ਨਹੀਂ
ਜਿਸ ਹਾਲੇ ਰੰਗ ਵਿਖਾਇਆ ਨਹੀਂ
ਮੈਂ, ਵਰਤਮਾਨ ਵਿਚ ਹਾਜ਼ਰ ਹਾਂ
(ਪੰਨਾ 22 ਖ਼ਾਬਾਂ ਦੀ ਸਰਗਮ)
ਵਰਤਮਾਨ ਵਿਚ ਵਿਚਰਦਾ ਕਵੀ ਮੁਹੱਬਤ ਵੱਲ ਖਿਚਿਆ ਜਾਂਦਾ ਹੈ। ਮੁਹੱਬਤ
ਦੇ ਕਈ ਰੰਗ ਵੇਖਦਾ ਹੈ। ਸਭ ਤਰ੍ਹਾਂ ਦੇ ਪੜਾਵਾਂ ਵਿਚੀ ਲੰਘਦਾ ਕਵੀ
ਮੁਹੱਬਤ ਦਾ ਜਦ ਗੀਤ ਗਾਉਣ ਲਗਦਾ ਹੈ ਤਾਂ ਉਸਨੂੰ ਇਹ ਗੀਤ ਬਹੁਤ ਲੰਮੇ
ਲਗਦੇ ਹਨ। ਉਹ ਜਿਉਂ ਜਿਉਂ ਵਾਧੂ ਮੁਹੱਬਤ ਤੋਂ ਦੂਰ ਵੱਲ ਭਜਦਾ ਹੈ ਕਵੀ
ਤਿਉਂ ਤਿਉਂ ਮਹੁਬੱਤ ਦੀ ਜਿੱਲ੍ਹ ਅੰਦਰ ਧਸਦਾ ਜਾਂਦਾ ਹੈ। ਨਸ਼ੇ ਦੀ ਤੋਟ
ਵਾਂਗ ਉਸਦੇ ਅੰਗ ਮੁਹੱਬਤ ਤੋਂ ਦੂਰ ਰਹਿ ਕੇ ਟੁੱਟਣ ਲਗਦੇ ਹਨ। ਉਸਦਾ ਮਨ
ਤੜ੍ਹਪ ਉਠਦਾ ਲਿਖਦਾ ਹੈ।
ਐ ਮਨ ਮੇਰੇ! ਤੂੰ ਕਿਉਂ ਡੁੱਲਿਆ, ਯਾਦ ਸੱਜਣ ਦੀ ਵਿਚ ਰਹੇਂ ਭੁਲਿਆ।
ਦੁਨੀਆਂ ਮੌਜ ਬਹਾਰਾਂ ਕਰਦੀ, ਤੂੰ ਹਿਜਰਾਂ ਵਿਚ ਰੁਲਿਆ ਘੁਲਿਆ।
ਕੈਸੀ ਤੰਦ ਹੈ ਇਸ਼ਕ ਨਗੀਨਾ, ਬਿਨ ਚੀਰੇ ਜੋ ਚੀਰੇ ਸੀਨਾ।
ਬ੍ਰਿਹੋਂ ਦੀ ਚੀਸ ਝੰਬੇ, ਬਹੁਤ ਝੰਬੇ
ਮੁਹੱਬਤ ਦੇ ਗੀਤ ਲੰਬੇ।
ਮੰਜਲ ਦੇ ਰਾਹ ਅਚੰਭੇ ਬਹੁਤ ਅਚੰਭੇ।
(ਪੰਨਾ 82 ਮੁਹੱਬਤ ਦਾ ਗੀਤ)
ਕਵੀ ਦੇ ਮਨ ਵਿਚ ਰਾਸ਼ਟਰੀ-ਭਾਵਨਾ ਪ੍ਰਬੱਲ ਹੈ ਪਰ ਉਸ ਨੂੰ ਆਪਣੀਆਂ
ਕਵਿਤਾਵਾਂ ਰਾਹੀ ਪ੍ਰਗਟ ਕਰਨ ਦਾ ਢੰਗ ਕਵੀ ਦਾ ਆਪਣਾ ਹੈ। ਕਵੀ ਸਿੱਧੇ ਤੌਰ
ਉਪਰ ਆਪਣੇ ਦੇਸ਼ ਦੇ ਤਰਾਨੇ ਜਾਂ ਨੱਗਮੇ ਨਹੀਂ ਗਾਉਂਦਾ ਸਗੋਂ ਉਹ ਆਪਣੇ
ਰਾਸ਼ਟਰ ਦੀਆਂ ਉਪਲੱਬਧੀਆਂ ਦੇ ਸੋਹਲੇ ਗਾਉਂਦਾ ਹੈ। ਕਵੀ ਦਾ ਆਪਣੀ ਰਾਸ਼ਟਰੀ
ਭਾਵਨਾ ਨੂੰ ਉਜਾਗਰ ਕਰਨ ਦਾ ਇਹ ਇਕ ਸਾਹਿਤਕ ਢੰਗ ਹੈ ਜਿਸਨੂੰ ਟੂਲ ਬਣਾ ਕੇ
ਕਵੀ ਨੇ ਅਥਾਹ ਸਾਹਿਤ ਦੀ ਰਚਨਾ ਕੀਤੀ ਹੈ। ਕਵੀ ਲਿਖਦਾ ਹੈ;
ਕੌਣ ਦੱਸੇ ਹਿੰਦੀਆਂ ਤਾਈਂ
ਹਿੰਦ ਹਾਲੇ ਵੀ ਸੋਨ-ਚਿੜੀ
ਉਹ ਹੀ ਵਾਦੀ, ਉਹ ਹੀ ਮੌਸਮ
ਉਹ ਗੰਗਾ ਉਹ ਹਿਮਾਲੜੀ
(ਪੰਨਾ 23 ਖ਼ਾਬਾਂ ਦੀ ਸਰਗਮ)
ਕਵੀ ਲਿਖਦਾ ਹੈ ਕਿ ਭਾਰਤ ਨੂੰ ਆਜਾਦੀ ਮਿਲਣ ਤੇ ਸਭ ਧਰਮਾਂ ਵਾਲੇ ਆਪੋ
ਆਪਣੇ ਧਰਮ ਨੂੰ ਤਰਜੀਹ ਦਿੰਦੇ ਸਨ ਕਿ ਸਾਡਾ ਧਰਮ ਹੀ ਇਕ ਚੰਗਾ ਰਾਸ਼ਟਰਵਾਦ
ਬਣਾ ਸਕਦਾ ਹੈ। ਭਾਰਤ ਦੇ ਵਿਧਾਨ ਨੂੰ ਨਹਿਰੂ, ਇੰਦਰਾ, ਰਜੀਵ ਅਤੇ ਸੰਜੇ
ਗਾਂਧੀ ਨੇ ਇਸ ਵਿਧਾਨ ਨੂੰ ਭਾਰਤ ਵਿਚ ਪੱਕਿਆਂ ਕੀਤਾ। ਛੇਤੀ ਹੀ ਆਜਾਦੀ ਨੇ
ਆਮ ਜੰਤਾਂ ਨੂੰ ਭੁਲਕੇ ਧਨਾਢਾ ਦਾ ਲੜ ਫੜ ਲਿਆ।
ਵੱਡਿਆਂ ਲੋਕਾਂ ਦੇ ਖੁਲ੍ਹੇ ਵਿਹੜਿਆਂ
ਅਤੇ ਉਚੇ ਮਹੱਲਾਂ, ਮਨਾਰਿਆਂ ਵਿਚ
ਖੇਲ੍ਹਦੀ ਪਲਦੀ ਅਤੇ ਸੰਵਰਦੀ ਨੂੰ
ਭੁੱਲ ਗਿਆ ਚੇਤਾ, ਸੜਕਾਂ ਉਤੇ ਸੌਂਦੇ
ਢਿਡੋਂ ਭੁੱਖੇ, ਜਿਸਮੋਂ ਅਤੇ ਅਕਲੋਂ
ਨਿਤਾਣੇ ਅਤੇ ਦੁਰਬਲ ਲੋਕਾਂ ਦਾ।
(ਪੰਨਾ 30 ਤੇਰਾ ਪਲ)
ਭਾਰਤ ਵਿਚ ਬੇਇਨਸਾਫੀ, ਮਾਰ-ਧਾੜ ਅਤੇ ਆਪ-ਹੁਦਰੀ ਪਈ ਹੋਈ ਹੈ। ਇਨ੍ਹਾਂ
ਸਭ ਗੈਰਕਾਨੂੰਨੀ ਧੰਦਿਆਂ ਨੂੰ ਤੱਕ ਕੇ ਕਵੀ ਦਾ ਮਨ ਤ੍ਰਭਕ ਪੈਂਦਾ ਹੈ।
ਇਹ ਗੋਬਿੰਦ ਸਾਗਰ ਦਾ ਪਾਣੀ
ਕਿਸਨੇ ਲਾਲੋ ਲਾਲ ਕਰ ਛੱਡਿਆ ਹੈ
ਅੱਜ ਹਿਮਾਲਾ ਤੋਂ ਪਾਣੀ ਨਹੀਂ ਵਗਦਾ
ਕਿਸੇ ਮਜ਼ਲੂਮ ਦੀ ਰੱਤ ਵਗਦੀ ਹੈ।
(ਪੰਨਾ 43 ਤੇਰੇ ਪਰਤ ਆਉਣ ਤੀਕ)
ਕਵੀ ਦਾ ਆਪਣੀ ਜਨਮ ਭੋਂ ਪੰਜਾਬ ਨਾਲ ਡੂੰਘਾ ਲਗਾਓ ਹੈ। ਪੰਜਾਬ ਦੇ
ਲੋਕ-ਨਾਚ, ਚਾਰੇ ਰੁੱਤਾਂ, ਜੰਗਲ ਬੇਲੇ, ਕਿੱਕਰ ਟਾਹਲੀ ਆਦਿ ਦਰੱਖਤ,
ਬੋੜ੍ਹ ਪਿੱਪਲ ਆਦਿ ਦੀਆਂ ਘਣੀਆਂ ਛਾਵਾਂ, ਅਥਰੇ ਦਰਿਆ, ਪਰਬਤ ਉਤਸਵ ਅਤੇ
ਲੋਕਾਂ ਨਾਲ ਉਸਦਾ ਡਾਢਾ ਪਿਆਰ ਹੈ। ਉਹ ਆਪਣੇ ਅਤੀਤ ਨੂੰ ਚਿਤਵਦਾ ਆਪਣਾ
ਉਦਰੇਵਾਂ ਪ੍ਰਗਟ ਕਰਦਾ ਲਿਖਦਾ ਹੈ।
ਯਾਦ ਹੈ ਮੈਨੂੰ ਸੁੰਦਰ ਸੁੰਦਰ ਨਿੱਘਾ ਰੁੱਤ ਬਹਾਰਾਂ ਦਾ।
ਚਹੁੰ ਪਾਸੀ ਪੌਣਾਂ ਮਹਿਕਦੀਆਂ, ਭਰ ਜੋਬਨ ਗੁਲਜ਼ਾਰਾਂ ਦੀ।
ਫੁੱਲਾਂ ਵਾਂਗੂੰ ਝੂਮਦੀਆਂ, ਰੂਪ ਅਲ੍ਹੜ ਮਟਿਆਰਾਂ ਦਾ
ਉਸਦੀ ਝਾਲ ਨਾ ਝੱਲੀ, ਡੁਲ੍ਹਦੇ ਹੁਸਨ ਸ਼ਬਾਬ ਦੀ।
ਸੁਣ ਅੰਬਰ ਚੜ੍ਹਦੇ ਤਾਰਿਾ, ਗੱਲ ਦੱਸਾਂ ਦੇਸ ਪੰਜਾਬ ਦੀ।
(ਪੰਨਾ
43 ਮੁਹੱਬਤ ਦਾ ਗੀਤ)
ਹੇਰਵਾ ਅਤੇ ਉਦਰੇਵਾਂ ਕਿਰਪਾਲ ਸਿੰਘ ਪੂਨੀ ਦੇ ਕਾਵਿ ਸੰਸਾਰ ਵਿਚੋਂ
ਸਿਮ ਰਿਹਾ ਹੈ ਪਰ ਇਹ ਸੇਮ ਪਾਠਕ ਦੇ ਮਨ ਵੱਲ ਓਪਰੀ ਜਿਹੀ ਜਾਂਦੀ ਹੈ। ਇਸ
ਓਪਰੇਪਨ ਵਿਚ ਉਸਦੀਆਂ ਭੁੱਲੀਆਂ ਵਿਸਰੀਆਂ ਯਾਦਾਂ ਹਨ। ਉਸਦਾ ਬਚਪਨ ਅਤੇ
ਜੋਬਨ ਹੈ। ਉਸਦੇ ਹਮਜਮਾਤੀ ਦੋਸਤ ਮਿਤਰ ਅਤੇ ਸਾਕ ਸੰਬੰਧੀ ਹਨ। ਉਸਦੇ ਵੱਡੇ
ਵਢੇਰੇ ਬਜੁਰਗ ਹਨ। ਉਸਦਾ ਦੇਸ਼ ਹੈ। ਉਸਦਾ ਪਿੰਡ, ਮੇਲੇ ਉਤਸਵ, ਮੌਸਮ,
ਰੁੱਤਾਂ, ਨਦੀਆਂ ਨਾਲੇ ਪਹਾੜ ਅਤੇ ਘਰ ਦੀ ਸਿੱਕ ਹੈ। ਕਵੀ ਉਪ੍ਰੋਕਤ ਸਭ
ਦੀਆਂ ਯਾਦਾਂ ਵਿਚ ਤੜਫਦਾ ਨਹੀਂ ਹੈ ਸਗੋਂ ਉਹ ਪੱਛਮ ਵਿਚ ਰਹਿੰਦਿਆਂ ਅਜਿਹੇ
ਸਭ ਕੁਝ ਦਾ ਤੁਲਨਾਤਮਕ ਮੁਲਾਂਕਣ ਕਰਦਾ ਆਪਣੇ ਮਨ ਦੇ ਬਲਬਲਿਆਂ ਵਿਚ
ਸੰਤੁਲਨ ਬਣਾਈ ਰੱਖਦਾ ਹੈ। ਇਹ ਮੁਲਾਂਕਣ ਕਵੀ ਦੇ ਉਦਰੇਵਿਆਂ ਨੂੰ ਪਾਠਕ ਦੇ
ਮਨ ਵਿਚ ਵਸਣ ਤੱਕ ਨਹੀਂ ਦਿੰਦਾ। ਪਰਵਾਸ ਭੋਗਦਿਆਂ ਆਪਣੇ ਅਤੀਤ ਨੂੰ ਵੀ
ਨਹੀਂ ਭੁੱਲਿਆ ਅਤੇ ਨਾ ਹੀ ਉਹ ਵਰਤਮਾਨ ਸਥਿੱਤੀਆਂ, ਘਟਨਾਵਾਂ ਅਤੇ ਸਥਾਨਾਂ
ਨੂੰ ਅੱਖੋਂ ਪਰੋਖੇ ਕਰ ਸਕਿਆ ਹੈ। ਦੋਨਾਂ ਵਿਰਤੀਆਂ ਨੂੰ ਬਰਾਬਰ ਤੋਰਨਾ
ਕਵੀ ਦੀਆਂ ਕਵਿਤਾਵਾਂ ਨੂੰ ਕਲਾਤਮਕ ਬਣਾਉਂਦਾ ਹੈ। ‘ਪਿੱਪਲ੍ਹ ਥੱਲੇ’
ਕਵਿਤਾ ਕਵੀ ਨੂੰ ਰਵਾਇਤੀ ਕਵੀਆਂ ਨਾਲ ਤਾਂ ਜੋੜਦੀ ਹੀ ਹੈ ਅਤੇ ਨਾਲ ਨਾਲ
ਹੀ ਇਹ ਕਵਿਤਾ ਵਿਚ ਭੂਹੇਰਵੇ ਅਤੇ ਮੁਹੇਰਵੇ ਦੀ ਵੀ ਇਕ ਵਧੀਆ ਮਿਸਾਲ ਹੈ।
‘ਪਿੱਪਲ੍ਹ ਥੱਲੇ’ ਕਵਿਤਾ ਸਚਿੱਤਰ ਜਾਂ ਚਿੱਤਰਮਈ ਤਾਂ ਹੈ ਹੀ ਪਰ ਇਸ
ਕਵਿਤਾ ਰਾਹੀਂ ਪਾਤਰ ਉਸਾਰੀ ਅਤੇ ਦ੍ਰਿਸ਼-ਚਿਤਰਣ ਵੀ ਕਮਾਲ ਦੀ ਕੀਤੀ ਹੋਈ
ਪੜ੍ਹੀ ਜਾਂਦੀ ਹੈ। ਮੇਲੇ ਦਾ ਸਾਰਾ ਦ੍ਰਿਸ਼ ਪਾਠਕ ਦੇ ਅੱਖਾਂ ਮੁਹਰਿਓ ਫਿਲਮ
ਤਰ੍ਹਾਂ ਲੰਘਦਾ ਹੈ। ਹੇਰਵੇ ਅਤੇ ਉਦਰੇਵੇਂ ਦੇ ਸੱਚ ਦੀ ਕੁੜੱਤਨ ਨੂੰ ਕਵੀ
ਸ਼ਹਿਦ ਮਿੱਠੀ ਕਾਲਪਨਿਕ ਸ਼ਬਦਾਵਲੀ ਨੂੰ ਸਤਰਾਂ ਵਿਚ ਲਪੇਟ ਕੇ ਪ੍ਰੁਸਤੁੱਤ
ਕਰਦਾ ਹੈ। ਮੁਸ਼ਕਲ ਨਾਲ ਹੀ ਪਾਠਕ ਇਹ ਸਮਝ ਸਕਦਾ ਹੈ ਕਿ ਕਵੀ ਕੋਈ ਆਪਣੀ
ਯਾਦ ਦੁਹਰਾ ਰਿਹਾ ਹੈ। ਉਸਦੇ ਸੰਪੂਰਨ ਕਾਵਿ ਅੰਦਰ ਇਹ ਕਲਾ ਵਰਤਦੀ ਦਿਸਦੀ
ਹੈ ਕਿ ਉਹ ਹੇਰਵੇ ਅਤੇ ਉਦਰੇਵੇਂ ਨੂੰ ਕਿਸੇ ਨਾ ਕਿਸੇ ਗਲਤੀ ਦੇ ਲੜ ਲਾ ਕੇ
ਆਪ ਮੁਕਤ ਹੋ ਜਾਂਦਾ ਹੈ। ਹੇਠਾਂ ਕਾਵਿ ਕਥਨੀ-ਬਦਨੀ ਦੇ ਕਥਾਨਕ ਵਿਚ ਪਾਤਰ
ਉਸਾਰੀ ਦਾ ਨਮੂਨਾ ਪੜ੍ਹਨਯੋਗ ਹੈ।
ਸਿੱਧੇ ਸਾਦੇ ਪੇਂਡੂ ਮੁੰਡਿਆ
ਪੈਰ ਜੁਆਨੀ ਪਾਇਆ
ਸਿਰ ਕੂਚੇ ਭੰਵੀਰੀਆਂ ਛੱਲੇ
ਨੈਣੀ ਕਜਲਾ ਪਾਇਆ
ਘੋਟ ਘੋਟ ਕੇ ਬੰਨਣ ਪੱਗਾਂ
ਭਹੁ-ਰੰਗੀ ਲਾ ਮਾਇਆ
ਤਨ ਭਰ ਹੋ ਗਏ ਛੈਲ-ਸ਼ਬੀਲੇ
ਅਕਲ ਤਜਰਬਾ ਸਾਇਆ
ਇਸ ਪਿਛੋਕੜ ਵਿਚੋਂ ਉਪਜੀ
ਉਸਦੀ ਦਰਦ ਕਹਾਣੀ
ਭਰ ਗਰਮੀ ਦੀ ਰੁੱਤੇ ਲਗਦੀ
ਪਿੱਪਲ ਥੱਲੇ ਢਾਣੀ
(ਪੰਨਾ 25 ਖ਼ਾਬਾਂ ਦੀ ਸਰਗਮ)
ਜਦ ਸਾਰਾ ਦਿਨ ਬਿਹਾ ਕੇ ਸ਼ਾਮਾਂ ਪੈਂਦੀਆਂ ਹਨ ਤਾਂ ਨੌਜੁਆਨ ਸ਼ਰਾਬ ਪੀਣ
ਲਗਦੇ ਹਨ ਤਾਂ ਅੰਤ ਵਿਚ ਕਿਸੇ ਮੁਟਿਆਰ ਬਦਲੇ ਯਾਰਾਂ ਦਾ ਯਾਰਾਂ ਨਾਲ ਝਗੜਾ
ਹੋ ਜਾਂਦਾ ਹੈ ਅਤੇ ਮੌਤਾਂ ਹੋ ਜਾਂਦੀਆਂ ਹਨ ਅਤੇ ਮਾਰਨ ਵਾਲਾ ਉਮਰ ਭਰ
ਵਾਸਤੇ ਭਗੌੜਾ ਹੋ ਜਾਂਦਾ ਹੈ।
ਹੋਸ਼ ਆਈ ਤੱਕਿਆ ਭਾਣਾ
ਮੇਰੀਆਂ ਛੁੱਟੀਆਂ ਧਾਹਾਂ
ਕੱਢ ਪਾਣੀ ਮੂੰਹ ਪਾਣੀ ਲਾਇਆ
ਜਖਮੀਂ ਕੂਕਣ ਆਹਾਂ
ਕਰ ਸਭਨਾ ਨੂੰ ਰਤਾ ਸੁਖਾਲੇ
ਪਿੰਡ ਦੀਆਂ ਫੜੀਆਂ ਰਾਹਾਂ
ਮੰਦੇ ਭਾਗ ਇਹ ਮੰਦੀ ਬੋਤਲ
ਮੰਦੀ ਘੜੀ ਵਿਹਾਣੀ
ਭਰ ਗਰਮੀ ਦੀ ਰੁੱਤੇ ਲਗਦੀ
ਪਿੱਪਲ ਥੱਲੇ ਢਾਣੀ
(ਪੰਨਾ 30 ਖ਼ਾਬਾਂ ਦੀ ਸਰਗਮ)
ਕਿਰਪਾਲ ਸਿੰਘ ਪੂਨੀ ਨੇ ਪੰਜਾਬ ਦੀ ਗੰਦੀ ਸਿਆਸਤ ਬਾਰੇ ਤਾਂ ਲਿਖਿਆ
ਲਿਖਿਆ ਹੀ ਹੈ ਪਰ ਪਰਵਾਸ ਭੋਗਦਾ ਹੋਇਆ ਪਰਵਾਸੀ ਰਾਜਨੀਤੀ ਬਾਰੇ ਏਨਾ
ਚਿੰਤਕ ਹੈ ਕਿ ਵਲੈਤ ਵਿਚ ਘੱਟ-ਗਿਣਤੀ ਦੇ ਵਿਰੁੱਧ ਅੱਗ ਉੱਗਲ ਕੇ ਵੋਟ
ਹਥਿਆਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਦਾ। ਆਪਣੀ ਕਵਿਤਾ ‘ਦੁੰਬੇ’ (ਕੁਰਬਾਨੀ
ਦੇ ਬੱਕਰੇ) ਵਿਚ ਕਵੀ ਈਨਕ ਪਾਵਲ ਜਿਹੜਾ ਟੋਰੀ ਪਾਰਟੀ ਦਾ ਖਾਸ ਬੁਲਾਰਾ ਸੀ
ਉਸਦੀਆਂ ਕੁਝ ਨਸਲਵਾਦੀ ਨੀਤੀਆਂ ਉਪਰ ਆਪਣੀ ਉਂਗਲ ਧਰਦਾ ਹੈ। ਕਵੀ ਦੀ ਇਸ
ਕਵਿਤਾ ਵਿਚ ਭਾਰਤੀ ਲੋਕਾਂ ਲਈ ਇਕ ਧੀਰਜ ਹੈ ਅਤੇ ਨਾਲ ਹੀ ਇਕ ਸੁਨੇਹਾ ਵੀ
ਹੈ। ਕਵਿਤਾ ਬਕਰੀਦ ਉਤਸਵ ਤੋਂ ਸ਼ੁਰੂ ਹੁੰਦੀ ਹੈ ਜਿਸ ਦਿਨ ਅੱਲਾ ਨੂੰ ਖੁਸ਼
ਕਰਨ ਵਾਸਤੇ ਬੱਕਰੇ ਜਾਨੋ ਮਾਰੇ ਜਾਂਦੇ ਹਨ। ਠੀਕ ਇਸੇ ਤਰ੍ਹਾਂ ਕਵੀ ਇਸ
ਪੱਖ ਪ੍ਰਤੀ ਬਹੁਤ ਜਾਗਰੂਕ ਹੈ ਕਿ ਜੋ ਈਨਕ ਪਾਵਲ ਜ਼ਹਿਰ ਫੈਲਾ ਰਿਹਾ ਹੈ ਉਹ
ਸਿਰਫ ਬਹੁ-ਗਿਣਤੀ ਨੂੰ ਖੁਸ਼ ਕਰਕੇ ਆਪਣੀ ਵੋਟ ਪੱਕੀ ਕਰ ਰਿਹਾ ਹੈ। ਉਹ
ਧੀਰਜ ਦਿਵਾਉਂਦਾ ਹੈ ਕਿ ਸਾਨੂੰ ਪੂਰਬੀ ਲੋਕਾਂ ਨੂੰ ਕਿਸੇ ਚਿੰਤਾਂ ਕਰਨ ਦੀ
ਲੋੜ ਨਹੀਂ ਦੂਜੇ ਪਾਸੇ ਨੈਸ਼ਨਲ ਫਰੰਟ ਵਾਲੇ ਵੀ ਉਸਦੇ ਮੁਕਾਬਲੇ ਵਿਚ ਆਣ
ਖੜੇ ਹੋਏ ਹਨ। ਆਪਣੇ ਸਾਥੀਆਂ ਨੂੰ ਇਕ ਸੁਨੇਹਾ ਦੇ ਕੇ ਖਬਰਦਾਰ ਵੀ ਕਰਦਾ
ਹੈ।
ਦੇਖੀ ਕਾਲਿਆ, ਜਰਾ ਕੁ ਹੋਸ਼ ਕਰਕੇ
ਮੰਨ ਲਿਆ ਤੇਰਾ ਏਡਾ ਜੋਰ ਕੋਈ ਨਾ
ਆਪਣੇ ਜੋਸ਼ ਨੂੰ ਜ਼ਰਾ ਨਾਲ ਹੋਸ਼ ਵਰਤੀਂ
ਹੋਸ਼ ਬਿਨ੍ਹਾਂ ਤੇਰਾ ਹੋਰ ਕੋਈ ਨਾ ਪੰਨਾ 40 ਖ਼ਾਬਾਂ ਦੀ ਸਰਗਮ
ਹੁਣ ਉੱਠ ਖੜ੍ਹੋ ਬੇਗੈਰਤੋ ਵੇਲਾ ਹੈ ਇਹ
ਸ਼ੇਰਾਂ ਵਾਂਗੂ ਜੀਉਣ ਲਈ ਸੰਸਾਰ ਵਿਚ
ਕੁਝ ਕਰਨ ਦਾ ਫਿਰ ਮਰਨ ਦਾ ਵੇਲਾ ਹੈ ਇਹ।
(ਪੰਨਾ 81 ਖ਼ਾਬਾਂ ਦੀ ਸਰਗਮ)
ਪਰਵਾਸ ਭੋਗਦਿਆਂ ਮਜਦੂਰੀ ਕਰਦਿਆਂ ਜੋ ਸਮੱਸਿਆਵਾਂ ਕਾਲੇ ਲੋਕਾਂ ਨੂੰ
ਸਹਿਣੀਆਂ ਪੈਂਦੀਆਂ ਹਨ ਉਨ੍ਹਾਂ ਸਮੱਸਿਆਵਾਂ ਦੇ ਸਾਰਥਿਕ ਹੱਲ ਕਵਿਤਾਵਾਂ
ਵਿਚ ਪ੍ਰਗਟਾਏ ਪੜ੍ਹੇ ਜਾਂਦੇ ਹਨ। ਖੋਪੇ ਲੱਗੇ ਬਲਦ ਵਾਂਗ ਰਾਤ ਦਿਨ ਕੰਮਾਂ
ਕਾਰਾਂ ਵੱਲ ਰੁੱਝੇ ਰਹਿਣਾ ਪਰਵਾਸੀਆਂ ਦੀ ਇਕ ਵੱਡੀ ਸਮੱਸਿਆ ਰਹੀ ਹੈ। ਇਸ
ਸਮੱਸਿਆਂ ਨੇ ਪਰਵਾਸੀਆਂ ਕੋਲੋਂ ਦੂਜੀ ਪੀੜ੍ਹੀ ਖੋਹ ਲਈ ਹੈ। ਕਈ ਵਿਪਾਰੀ
ਲੋਕਾਂ ਨੇ ਪੌਂਡਾਂ ਦੇ ਢੇਰਾਂ ਹੇਠ ਆਪਣੇ ਬੱਚੇ ਦੱਬ ਲਏ ਹਨ। ਬਦਲਦੇ ਕਲਚਰ
ਅਤੇ ਕਦਰਾਂ ਕੀਮਤਾਂ ਨਾਲ ਕਵੀ ਆਪਣੀਆਂ ਕਵਿਤਾਵਾਂ ਰਾਹੀਂ ਸੰਵਾਦ ਰਚਾਉਂਦਾ
ਹੈ। ਉਸਦਾ ਇਹ ਸੰਵਾਦ ਜਦ ਜੀਵਨ ਦੀ ਖੁਸ਼ਹਾਲੀ ਵੱਲ ਲੈ ਕੇ ਜਾਂਦਾ ਹੈ ਤਾਂ
ਉਹ ਆਪਣੇ ਆਪ ਨੂੰ ਵਿਕਾਸ-ਸ਼ੀਲ ਦੇਸ਼ ਦਾ ਵਾਸੀ ਸਮਝਣ ਲਗਦਾ ਹੈ ਪਰ ਉਸ ਸਮੇਂ
ਉਸਨੂੰ ਆਪਣੀ ਹੱਡ-ਭੰਨਵੀ ਮਿਹਨਤ ਭੁੱਲ ਚੁੱਕੀ ਹੁੰਦੀ ਹੈ। ਉਸ ਨੂੰ ਉਹ
ਰੰਝ ਨਹੀਂ ਰਹਿੰਦਾ ਜਿਹੜਾ ਉਸਨੇ ਆਪਣੇ ਖੂਨ ਪਸੀਨਾ ਵਹਾ ਕੇ ਕਮਾਈ ਕੀਤੀ
ਸੀ ਉਸ ਦਾ ਰਿਜਕ ਘੱਟ ਮਿਲਿਆ ਹੈ ਪਰ ਉਹ ਚੰਗੇ ਸਮੇਂ ਆਉਣ ਦੀ ਉਡੀਕ ਵਿਚ
ਲਗਾਤਾਰ ਮਿਹਨਤ ਕਰ ਰਿਹਾ ਹੈ।
ਰੋਜ ਸਵੇਰੇ ਭਲਕੇ ਵਾਂਗੂ
ਮੈਂ ਦੁਨੀਆਂ ਦੀ ਮੰਡੀ ਜਾਵਾਂ
ਆਪਣੀ ਉਮਰ ‘ਚੋਂ ਇਕ ਦਿਨ ਕੱਢ ਕੇ,
ਤਕੜੇ ਸ਼ਾਹੂਕਾਰ ਦੀ ਹੱਟੀ
ਲਗਦੇ ਭਾਅ ਨਿੱਤ ਵੇਚ ਕੇ ਆਵਾਂ
ਮੈਂ ਦੁਨੀਆਂ ਦੀ ਮੰਡੀ ਜਾਵਾਂ
(ਪੰਨਾ 47 ਖ਼ਾਬਾਂ ਦੀ ਸਰਗਮ)
ਕਿਰਪਾਲ ਸਿੰਘ ਪੂਨੀ ਦੀਆਂ ਕਵਿਤਾਵਾਂ ਦਾ ਅਧਿਐਨ ਦਸਦਾ ਹੈ ਕਿ ਕਵੀ
ਬਹੁਤ ਰੁਮਾਂਟਿਕ ਕਾਵਿ-ਰਚਨਾ ਵੀ ਕਰਦਾ ਹੈ। ਕਵੀ ਦੀ ਕਾਵਿ-ਕੌਸ਼ਲਤਾ ਅਤੇ
ਕਲਾ-ਕੌਸ਼ਲਤਾ ਬਰਾਬਰ ਬਰਾਬਰ ਪਹਿਲੇ ਕਾਵਿ ਸੰਗ੍ਰਹਿ ਖ਼ਾਬਾਂ ਦੀ ਸਰਗਮ ਤੋਂ
ਹੀ ਇਕ ਸਥਾਪਤ ਮਿਆਰ ਤੋਂ ਆਰੰਭ ਹੁੰਦੀ ਹੈ। ਕਈ ਆਲੋਚਕ ਕਵੀ ਪੂਨੀ ਦੇ
ਕਾਵਿ ਅਤੇ ਕਲਾ ਉਪਰ ਨਿਸ਼ਾਨੀਆਂ ਸਵਾਲ ਲਾਉਂਣਗੇ ਤਾਂ ਸਿਰਫ ਆਪਣੀ ਵਿਦਵਤਾ
ਦਰਸਾਉਂਣ ਵਾਸਤੇ ਹੀ ਅਜਿਹਾ ਕਰਨਗੇ ਨਹੀ ਤਾਂ ਕਾਵਿ ਅਤੇ ਕਲਾ ਦੀ
ਹੀਣ-ਭਾਵਨਾ ਬਾਰੇ ਕੋਈ ਉਦਾਹਰਣ ਕਿਉਂ ਨਹੀਂ ਪੇਸ਼ ਕਰਦੇ। ਕਵੀ ਦਾ ਇਹ
ਰੁਮਾਂਸ ਹਵਸ ਰਹਿਤ ਹੈ। ਅਸ਼ਲੀਲਤਾ ਰਹਿਤ ਹੈ। ਹੁਸਨ ਨੂੰ ਸੁਲਾਹੁੰਦਾ ਉਹ
ਕੁਦਰਤ ਦੇ ਗੁਣ ਗਾਇਨ ਕਰਨ ਲਗਦਾ ਹੈ। ਦਰਅਸਲ ਵਿਚ ਉਹ ਕਿਸੇ ਹੁਸਨ ਨੂੰ
ਬਿਆਨ ਕਰਦਾ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਾਦਰ ਦੀ ਕਲਾ ਦੀ ਉਸਤਤ
ਕਰ ਰਿਹਾ ਹੁੰਦਾ ਹੈ।
ਨੀਲ ਨੀਵਾਣਾਂ ਘੋਰ ਡੂੰਘਾਣਾ
ਮਧ-ਪੀਤੇ, ਸੁੱਤ-ਨੈਣੀ
ਚੰਚਲ-ਚਹਿਲ, ਚੰਦਰਵਤ ਚਿਹਰਾ
ਸ਼ੋਖ-ਨਜ਼ਰ ਕੁਝ ਕਹਿਣੀ
ਸੂਖਮ, ਸੋਹਜ ਸਹਿਜ ਸੰਗ ਆਪਾ
ਕਲੀ ਵਾਂਗ ਮੁਸਕਾਏ।
(ਪੰਨਾ 52 ਖ਼ਾਬਾਂ ਦੀ ਸਰਗਮ)
ਹੇ ਹੁਸਨ! ਮੈਂ ਤੇਰਾ ਦੀਵਾਨਾ, ਮੈਂ ਹਾਂ ਤੇਰਾ ਸ਼ੁਦਾਈ
ਤੱਕ ਤੱਕ ਕੇ ਤੇਰੇ ਕਰਿਸ਼ਮੇਂ, ਮੈਂ ਤਾਂ ਹੋ ਗਿਆ ਫਿਦਾਈ
(ਪੰਨਾ
66 ਖ਼ਾਬਾਂ ਦੀ ਸਰਗਮ)
ਕਾਵਿ-ਸੰਗ੍ਰਹਿ ‘ਮੁਹੱਬਤ ਦਾ ਗੀਤ’ ਜਿਹੜਾ ਕਵੀ ਨੇ ਸੰਨ 2006 ਵਿਚ
ਛਪਵਾਇਆ ਸੀ, ਦੇ ਸੰਦਰਭ ਵਿਚ ਕੋਈ ਵਿਚਾਰ ਦੇਵਾਂ ਤਾਂ ਇਹੀ ਲਿਖਣਾ ਠੀਕ ਹੈ
ਕਿ ਇਸ ਸੰਕਲਨ ਰਾਹੀਂ ਵੀ ਬਹੁਤਾ ਰੁਮਾਂਟਿਕ-ਕਾਵਿ ਪੜ੍ਹਨ ਨੂੰ ਮਿਲਦਾ ਹੈ।
ਇਸ ਸੰਕਲਨ ਨੂੰ ਪੜ੍ਹ ਕੇ ਪਾਠਕ ਇਸ ਗੱਲ ਦਾ ਅੰਦਾਜਾ ਲਗਾ ਸਕਦਾ ਹੈ ਕਿ
ਕਵੀ ਕਿਰਪਾਲ ਸਿੰਘ ਪੂਨੀ ਦਾ ਵੀ ਇਕ ਧੜਕਦਾ ਦਿਲ ਹੈ। ਕਵੀ ਦੀਆਂ ਇਨ੍ਹਾਂ
ਰੁਮਾਂਟਿਕ ਕਵਿਤਾਵਾਂ ਵਿਚ ਸ਼ਿੰਗਾਰ-ਰਸ ਉਭਰ ਉਭਰ ਦਿਸਦਾ ਹੈ। ਸਰਲ ਅਤੇ
ਸੁਰੀਲੀ ਸ਼ਬਦਾਵਲੀ ਬੜੀ ਸਹਿਜ ਨਾਲ ਸਤਰ ਦਰ ਸਤਰ ਜੜੀ ਹੋਈ ਪੜ੍ਹੀ ਜਾਂਦੀ
ਹੈ। ਸ਼ਬਦ ਸਮਾਸ ਦਾ ਦੁਹਰਾ ਦਰਜ ਹੈ। ਇਸ਼ਕ ਵਿਚ ਰੰਗ ਰੱਤੇ ਅਲੰਕਾਰ ਹਨ।
ਕਵਿਤਾਵਾਂ ਰਾਹੀਂ ਸਮੇਂ ਅਤੇ ਸਥਾਨ ਦਾ ਉਹ ਦ੍ਰਿਸ਼ ਸਿਰਜਿਆ ਜਾਂਦਾ ਹੈ ਜਿਸ
ਵਿਚ ਪਾਠਕ ਆਪ ਨਾਇਕ ਬਣਿਆ ਕਵਿਤਾ ਦਾ ਅਨੰਦ ਮਾਣਦਾ ਹੈ। ਅਜਿਹੇ ਕਾਵਿ ਦੀ
ਸੁਰਚਨਾ ਕਰਨ ਸਮੇਂ ਮੈਂ ਇਹ ਗੱਲ ਪੱਕੀ ਤਰ੍ਹਾਂ ਮਹਿਸੂਸ ਕਰਦਾ ਹਾਂ ਅਤੇ
ਲਿਖਣ ਤੋਂ ਵੀ ਨਹੀਂ ਝਿਝਕਦਾ ਕਿ ਕਵੀ ਉਪਰ ਕਵਿਤਾ ਰਚਨ ਅਤੇ ਸ਼ਬਦਾਵਲੀ ਉਪਰ
ਪ੍ਰੋ: ਮੋਹਨ ਸਿੰਘ ਦਾ ਖਾਸਾ ਪ੍ਰਭਾਵ ਹੋਣ ਕਰਕੇ ਪਾਠਕ ਭੁੱਲੇਖਾ ਖਾ
ਜਾਂਦਾ ਹੈ ਕਿ ਉਹ ਪ੍ਰੋ: ਮੋਹਨ ਸਿੰਘ ਨੂੰ ਪੜ੍ਹ ਰਿਹਾ ਹੁੰਦਾ ਹੋਵੇ।
ਅਸਾਂ ਨਾ ਵੇਖੇ ਅੰਗ ਲਗਾ ਕੇ
ਅਸਾਂ ਨਾ ਸੋਹਜ ਹੰਢਾਏ।
ਨਾ ਮੇਰੇ ਨੈਣਾਂ ਦੀ ਗਰਮੀ
ਉਸਦਾ ਦਿਲ ਪਿਘਲਾਏ।
ਪ੍ਰੀਤ ਪਿਆਸੇ ਹੋਟ ਸਰਾਪੇ
ਕੰਬ ਕੰਬ ਵੈਣ ਸੁਣਾਵਣ।
ਦੋ ਹੰਝੂ ਪਲਕਾ ਵਿਚ ਅਟਕੇ
ਜੰਮ ਜੰਮ ਖੁਰ ਖੁਰ ਜਾਵਣ।
(ਪੰਨਾ 23 ਮੁਹੱਬਤ ਦਾ ਗੀਤ)
ਕਾਵਿ-ਸੰਗ੍ਰਹਿ ‘ਤੇਰਾ ਪਲ’ ਵਿਚ ਕਵੀ ਕਿਸੇ ਝੁਮੇਲਿਆਂ ਵਿਚ ਹੀ ਗੁਆਚ
ਗਿਆ ਹੈ। ਉਸ ਉਪਰ ਝੁਮੇਲੇ ਏਨੇ ਕਾਬਜ ਹੋ ਗਏ ਹਨ ਕਿ ਉਸ ਨੂੰ ਉਹ ਥਾਂ
ਨਹੀਂ ਨਜ਼ਰ ਆਉਂਦੀ ਜਿਥੋਂ ਉਹ ਪਿਆਰ ਲੱਭ ਸਕੇ। ਕਵੀ ਦਾ ਇਹ ਸਤਰ ਲਿਖਣ ਦਾ
ਭਾਵ ਇਹ ਵੀ ਹੈ ਕਿ ਵਰਤਮਾਨ ਵਿਚ ਇਹ ਸਾਰੀ ਦੁਨੀਆਂ ਪਿਆਰ ਵਿਹੁਣੀ ਹੋ ਗਈ
ਹੈ।
ਇਸ ਜਲ ਰਹੇ ਸੰਸਾਰ ‘ਚੋਂ
ਦੱਸ! ਪਿਆਰ ਕਿਥੋਂ ਭਾਲੀਏ।
ਉਹ ਨਜ਼ਰ ਕਿਥੋਂ ਭਾਲੀਏ
ਉਹ ਯਾਰ ਕਿਥੋਂ ਭਾਲੀਏ।
(ਪੰਨਾ 94 ਤੇਰਾ ਪਲ)
ਦਰਅਸਲ ਵਿਚ ਕਵੀ ਵਿਅਕਤੀਗਤ ਤੌਰ ਉਪਰ ਕਿਸੇ ਹੁਸਨ ਉਪਰ ਨਹੀਂ ਮਰਦਾ,
ਕਿਸੇ ਨੂੰ ਆਪਣਾ ਦਿਲ ਫੜਾਉਂਦਾ ਜਾਂ ਕਿਸੇ ਦਾ ਦਿਲ ਲੈਂਦਾ ਪ੍ਰਤੀਤ ਨਹੀਂ
ਹੁੰਦਾ। ਕਵੀ ਦੀਆਂ ਕਵਿਤਾਵਾਂ ਕਲਪਨਾਮਈ ਹਨ। ਉਹ ਰੁਮਾਂਟਿਕ ਕਵਿਤਾ ਲਿਖਦਾ
ਕਿਸੇ ਹੋਰ ਦੇ ਪਿਆਰ ਨੂੰ ਆਪਣਾ ਪਿਆਰ ਸਮਝਦਾ ਹੈ ਕਿਸੇ ਹੋਰ ਦੇ ਦਰਦ ਨੂੰ
ਉਹ ਆਪਣਾ ਦਰਦ ਸਮਝਦਾ ਹੈ। ਉਸਦੇ ਜੀਵਨ ਦਾ ਮੰਤਵ ਦੁਨੀਆਵੀ ਇਸ਼ਕ ਕਮਾਉਂਣਾ
ਨਹੀਂ ਸਗੋਂ ਉਸਦਾ ਇਸ਼ਕ ਦੇਸ਼ ਨਾਲ ਹੈ। ਪਰਿਵਾਰ ਨਾਲ ਹੈ। ਸਮਾਜ ਨਾਲ ਹੈ।
ਸੱਭਿਆਚਾਰ ਨਾਲ ਹੈ ਅਤੇ ਉਹ ਇਸ ਦੁਨੀਆਂ ਨੂੰ ਸੁੰਦਰ ਬਣਿਆ ਹੋਇਆ ਵੇਖਣਾ
ਚਹੁੰਦਾ ਹੈ। ਤਦ ਹੀ ਤਾਂ ਉਹ ਲਿਖਦਾ ਹੈ।
ਕੀ ਹੁੰਦਾ ਗਲ ਮੇਰੇ ਹੁੰਦੀ
ਜੇ ਸੱਜਣਾ ਬਾਂਹ ਤੇਰੀ।
ਹਿਜਰਾਂ ਮਾਰੀ ਹੋਰ ਨਾ ਰੁਲਦੀ
ਹੁਸਨ ਜਵਾਨੀ ਮੇਰੀ।
(ਪੰਨਾ 25 ਮੁਹੱਬਤ ਦਾ ਗੀਤ)
ਜੋਬਨ ਰੁੱਤੇ ਮਰਦ ਔਰਤ ਦਾ ਆਪਸੀ ਖਿੱਚ ਹੋ ਜਾਣਾ ਕੁਦਰਤੀ ਹੁੰਦਾ ਹੈ।
ਕਵੀ ਨੇ ਮਨੁੱਖ ਅੰਦਰ ਮਮਤਾ ਅਤੇ ਵਾਤਸਲ ਪਿਆਰ ਦਾ ਵਿਸ਼ਲੇਸ਼ਣ ਕਰਦਿਆਂ ਇਸ
ਪਿਆਰ ਦੀਆਂ ਕਈ ਅਵੱਸਥਾਵਾਂ ਲਿਖੀਆਂ ਹਨ। ਮਨੁੱਖ ਦੀ ਮਾਨਸਿਕ ਦਿਸ਼ਾ ਅਤੇ
ਦਸ਼ਾ ਨੂੰ ਸਮਝਦਾ ਹੋਇਆ ਲਿਖਦਾ ਹੈ ਕਿ ਉਹ ਕਈ ਨਾ ਕਈ ਤਰ੍ਹਾਂ ਕਿਸੇ ਨਾ
ਕਿਸੇ ਮੋਹ ਜਾਲ ਵਿਚ ਫਸਿਆ ਹੋਇਆ ਇਸ ਦੁਨੀਆਂ ਵਿਚ ਭਰਮਣ ਕਰ ਰਿਹਾ ਹੈ।
ਮਨੁੱਖ ਮੋਹ ਵਿਚ ਘਿਰਿਆ ਹੋਇਆ ਆਪਣੇ ਸਾਹਾਂ ਦੀ ਜੀਵਨ ਪੂੰਜੀ ਆਣੇ ਮਨ ਦੀ
ਇੱਛਾ ਅਨੁਸਾਰ ਕਾਰਜਾ ਉਪਰ ਲਾ ਰਿਹਾ ਹੈ। ਸਾਡਾ ਮੋਹ ਆਪਣੇ ਮਾਪਿਆਂ ਨਾਲ
ਹੁੰਦਾ ਹੈ। ਆਪਣੇ ਬੱਚਿਆਂ ਨਾਲ ਹੁੰਦਾ ਅਤੇ ਫਿਰ ਉਹੀ ਮੋਹ ਵਾਸ਼ਨਾ ਬਣ ਕੇ
ਘਰਵਾਲੀ ਨਾਲ ਹੋ ਜਾਂਦਾ ਹੈ। ਭਾਈਚਾਰਾ, ਸਮਾਜ, ਆਪਣੇ ਆਲੇ ਦੁਆਲੇ ਵੱਲ
ਖਿੱਚ ਦੇਸ਼ ਪ੍ਰਤੀ ਵਫਾਦਾਰੀ ਅਤੇ ਦੇਸ਼-ਭਗਤੀ ਵੀ ਇਕ ਤਰ੍ਹਾਂ ਦਾ ਸਾਡੇ
ਦਿਲਾਂ ਅੰਦਰ ਮੋਹ ਛਲਕਦਾ ਹੈ। ਕਿਸਾਨ ਨੂੰ ਆਪਣੀ ਜਮੀਨ ਨਾਲ ਮੋਹ ਹੈ। ਇਸ
ਮੋਹ ਨੂੰ ਕਵੀ ਕਿਸੇ ਮਨੁੱਖ ਅੰਦਰ ਉਛਲ ਰਿਹਾ ਜਵਾਰ-ਭਾਟਾ ਕਹਿੰਦਾ ਹੈ। ਇਸ
ਮੋਹ ਕਾਰਨ ਹੀ ਤੁਸੀਂ ਖੁਸ਼ੀ, ਵੇਦਨਾ, ਵਿਰਲਾਪ ਅਤੇ ਰੁਦਨ ਵਰਗੇ ਜੰਜਾਲਾ
ਵਿਚ ਫਸਦੇ ਹੋ। ਭਾਵੇਂ ਕਵੀ ਦੇ ਮਨ ਵਿਚ ਕਵਿਤਾ ਲਿਖਣ ਲੱਗਿਆ ਮਾਇਆ ਦੇ
ਮੋਹ ਦਾ ਸੰਕਲਪ ਸਾਹਮਣੇ ਸੀ ਪਰ ਇਸ ਸੰਕਲਪ ਨੂੰ ਕਵੀ ਅਸਿੱਧੇ ਤੌਰ ਉਪਰ
ਵਰਨਣ ਕਰਦਾ ਹੈ। ਮਨੁੱਖ ਨੂੰ ਅਜਿਹੇ ਮੋਹ ਤੋਂ ਬਾਹਰ ਆ ਜਾਣ ਵਾਸਤੇ ਗੁਹਾਰ
ਲਾਉਂਦਾ ਹੈ।
ਤੁਸੀਂ ਦੇਖੋ ਤਾਂ ਸਹੀ
ਜਰਾ ਕੁ ਮਮਤਾ, ਮੋਹ ਦੇ
ਜੰਜ਼ਾਲ ਨੂੰ ਤੋੜ ਕੇ
ਤੁਹਾਡੀ ਜਿੰਦਗੀ ਦਾ
ਨੁਕਤਾ-ਏ-ਨਜ਼ਰੀਆ
ਕਿੰਜ ਬਦਲਦਾ ਹੈ।
ਜੀਵਨ ਦੇ ਉਸ ਚੁਰਸਤੇ
ਉਤੇ ਖੜੋ ਕੇ ਤੁਸੀਂ
ਜ਼ਰੂਰ ਕੋਈ ਨਵੀਂ
ਦਿਸ਼ਾ ਭਾਲੋਂਗੇ ਅਤੇ
ਨਵੇਂ ਰਾਹ ਖੋਜੋਗੇ।
(ਪੰਨਾ 42 ਤੇਰੇ ਪਰਤ ਆਉਣ ਤੀਕ)
ਵਲੈਤ ਵਰਗਾ ਮੁਲਕ ਹੋਵੇ ਅਤੇ ਸ਼ਰਾਬ ਕਬਾਬ ਦੀ ਕੋਈ ਗੱਲ ਨਾ ਛਿੜੇ ਇਸ
ਤਰ੍ਹਾਂ ਵੀ ਕਵੀ ਚੁੱਪ ਨਹੀਂ ਸੀ ਰਹਿ ਸਕਦਾ। ਕਵੀ ਨੇ ਰਿੰਦ, ਸਾਕੀ, ਸ਼ਰਾਬ
ਕਬਾਬ ਬਾਰੇ ਵੀ ਕਈ ਕਵਿਤਾਵਾਂ ਲਿਖੀਆਂ ਹਨ। ‘ਤਾਏ ਵਾਲਾ ਪੱਬ’ ਕਵਿਤਾ ਇਸ
ਪੁਸਤਕ ਵਿਚ ਇਕ ਖਾਸ ਮੁਹੱਤਵ ਰੱਖਦੀ ਹੈ ਕਿਉਂਕਿ ਪਰਵਾਸੀ ਮਜਦੂਰਾਂ ਦਾ
ਸ਼ਾਮਾਂ ਨੂੰ ਪਬਲਿਕ-ਬਾਰਾਂ ਤੋਂ ਬਿਨ੍ਹਾਂ ਇਕੱਠੇ ਹੋਣ ਵਾਲੀ ਕੋਈ ਹੋਰ
ਚੰਗੀ ਥਾਂ ਨਹੀਂ ਸੀ। ਜਿਥੇ ਦਿਨ ਭਰ ਦੀ ਥਕਾਵਟ ਲਾਹੁਣ ਵਾਸਤੇ ਕੁਝ ਬੀਅਰ
ਅਤੇ ਕੁਝ ਵਿਸਕੀ ਦੀਆਂ ਚੁਸਕੀਆਂ ਭਰਦੇ ਅਤੇ ਆਪਣੇ ਸਾਥੀਆਂ ਨਾਲ ਬੈਠ ਕੇ
ਆਪਣਾ ਦੁਖ ਸੁਖ ਫੋਲਦੇ ਸਨ ਅਤੇ ਕੋਈ ਕੋਈ ਨਾਲ ਹੀ ਖੁਲ੍ਹ-ਦਿਲੀਆਂ ਗੋਰੀਆਂ
ਮੁਟਿਆਰਾਂ ਨਾਲ ਵੀ ਆਪਣਾ ਅੱਖ-ਮੁਟੱਕਾ ਕਰਦੇ ਸਨ।
ਤਾਏ ਵਾਲੇ ਪੱਬ ਦੇ ਖੂੰਜੇ
ਸ਼ਾਮੀਂ ਦਿਨੇ ਦੁਪਹਿਰੇ
ਆਉਂਦੇ ਜਾਂਦੇ ਬੈਠਣ ਪੀਵਣ
ਲੁੱਟਣ ਖੂਬ ਨਜਾਰੇ
ਗਮਨੀ ਦੀ ਅੱਖ ਵਰਗੀ ਦਾਰੂ
ਡੁਲ੍ਹਦੀ ਆਪ ਮੁਹਾਰੇ
(ਪੰਨਾ 95 ਖ਼ਾਬਾਂ ਦੀ ਸਰਗਮ)
ਕਵੀ ਪੂਨੀ ਦੀ ਜਿੰਨੀ ਜਾਣਕਾਰੀ ਹੈ ਉਸ ਤੋਂ ਕਿਤੇ ਵੱਧ ਕਵੀ ਕੋਲ ਸ਼ਬਦ
ਭੰਡਾਰ ਹੈ। ਇਸ ਵਿਚਾਰ ਨੂੰ ਤਾਂ ਕਵੀ ਆਪ ਹੀ ਮਹਿਸੂਸ ਕਰਦਾ ਹਾਂ ਕਿ
ਕਵਿਤਾ ਕਿਸੇ ਜੋਰ ਨਾਲ ਨਹੀਂ ਲਿਖਦਾ। ਕੋਈ ਵਿਚਾਰ ਉਸਦੇ ਮਨ ਵਿਚ ਬਹੁਤ ਹਲ
ਚਲ ਮਚਾਉਂਦਾ ਹੋਵੇਗਾ। ਜਦ ਉਸਦੀ ਅੰਤਰ-ਆਤਮਾ ਅੰਦਰ ਕੋਈ ਮੂਰਤ ਸੰਪੂਰਨ
ਹੋਣ ਲਗਦੀ ਹੈ ਤਾਂ ਕਵੀ ਕਵਿਤਾ ਨੂੰ ਕਾਗਜ ਉਪਰ ਉਤਾਰਨ ਲਗਦਾ ਹੈ। ਕਵਿਤਾ
ਤਾਂ ਪਹਿਲਾਂ ਹੀ ਉਹਦੀ ਅੰਤਰ-ਆਤਮਾ ਅੰਦਰ ਲਿਖ ਚੁੱਕੀ ਹੁੰਦੀ ਹੈ ਪਰ ਕਾਗਜ
ਉਪਰ ਸਿਰਫ ਉਤਾਰਾ ਹੀ ਕਰਦਾ ਹੈ। ਉਤਾਰਾ ਕਰਦਿਆਂ ਕਵੀ ਲੋੜ ਅਨੁਸਾਰ
ਸ਼ਬਦਾਵਲੀ ਲਿਖੀ ਜਾਂਦਾ ਹੈ। ਉਹ ਸ਼ਬਦਾਂ ਨੂੰ ਇਸ ਪ੍ਰਕਾਰ ਜੜਦਾ ਹੈ ਕਿ ਨਾ
ਤਾਂ ਉਹ ਸਤਰ ਵਿਚੋਂ ਕੱਢਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਸਤਰ ਵਿਚ ਕੋਈ
ਹੋਰ ਸ਼ਬਦ ਪਾਇਆ ਜਾ ਸਕਦਾ ਹੈ। ਸ਼ਬਦਾ ਨੂੰ ਚਿਣਦਾ ਉਹ ਖਿਆਲ ਰਖਦਾ ਹੈ ਕਿ
ਸੰਗੀਤਕ ਲੈਅ ਵਿਚ ਕੋਈ ਰੋਕ ਨਾ ਆਵੇ। ਕਾਵਿ ਸੰਗ੍ਰਹਿ ‘ਤੇਰਾ ਪਲ’ ਵਿਚ
ਭਾਵੇ ਖੁਲ੍ਹੀਆਂ ਕਵਿਤਾਵਾਂ ਹੀ ਦਰਜ ਹਨ ਪਰ ਉਨ੍ਹਾਂ ਕਵਿਤਾਵਾਂ ਵਿਚ ਲੈਅ
ਦੀ ਕਿਸੇ ਪਖੋਂ ਘਾਟ ਨਹੀਂ ਹੈ। ਖੁਲ੍ਹੀ ਕਵਿਤਾ ਦਾ ਰਚਨਾਤਮਕ ਕਾਰਜ ਕਰਦਾ
ਕਵੀ ਪ੍ਰੋ: ਪੂਰਨ ਸਿੰਘ ਦੀਆਂ ਪੈੜਾਂ ਦਬਦਾ ਨਜ਼ਰ ਆਉਂਦਾ। ਬੜੀ ਸਿੱਧ
ਪੱਧਰੀ, ਸਾਦ ਮੁਰਾਦੀ ਸਰਲ ਬੋਲੀ, ਸਾਫ ਅਤੇ ਮਿੱਠੀ ਸ਼ਬਦਾਵਲੀ ਵਰਤਦਾ ਉਹ
ਆਪਣੇ ਦਿਮਾਗ ਉਪਰ ਬਿਲਕੁਲ ਹੀ ਜੋਰ ਨਹੀਂ ਦਿੰਦਾ। ਹੇਠਾਂ ਲਿਖੀ ਚੱਪਣ
ਨਾਮੀ ਕਵਿਤਾ ਵਿਚ ਕਵੀ ਨੇ ਚੱਪਣ ਦੇ ਕਾਰਜ ਅਤੇ ਲੋੜਾਂ ਸਮੇਤ ਆਰੰਭ ਕਰਨ
ਵਾਸਤੇ ਕਿਸੇ ਵਿਅਕਤੀ ਦੇ ਨਾਮ ਦੇ ਪ੍ਰਤੀਕ ਦਾ ਆਸਰਾ ਲਿਆ ਹੈ।
ਚੱਪਣ ਕਿਸੇ ਦੇ ਮੱਥੇ ਉਤੇ
ਨਹੀਂ ਲਿਖਿਆ ਹੁੰਦਾ ਹੈ
ਐਪਰ ਫੇਰ ਵੀ ਆਮ ਜੰਤਾ
ਕਈਆਂ ਬੰਦਿਆਂ ਨੂੰ ਚੱਪਣ
ਆਖ ਕੇ ਬੁਲਾਉਂਦੀ ਹੈ।
ਚੱਪਣ ਨਾਉਂ ਤਾਂ ਸ਼ਾਇਦ ਹੀ
ਕਿਸੇ ਦਾ ਲਾਡਲਾ ਨਾਮ ਹੋਵੇ।
(ਪੰਨਾ 27 ਤੇਰਾ ਪਲ)
ਅਜਿਹੀਆਂ ਹੋਰ ਪ੍ਰਤੀਕਾਤਮਕ ਕਵਿਤਾਵਾਂ ਹਨ ਜਿਵੇਂ ਕੈਂਚੀ, ਗੋਲੀ ਅਤੇ
ਮੁਸਾਫਰ ਆਦਿ।
ਤਰਕਵਾਦੀ ਵਿਦਵਾਨਾਂ ਦਾ ਵਿਚਾਰ ਹੈ ਕਿ ਰੱਬ ਇਕ ਕਿਆਸਾ ਹੋਇਆ ਨਾਮ ਹੈ।
ਬ੍ਰਿਟਿਸ਼ ਫਿਲਾਸਫਰ ‘ਚਾਰਲਸ ਡਾਰਵਿਨ’ ਤੋਂ ਸਦੀਆਂ ਪਹਿਲਾਂ ਗਰੀਕ ਫਿਲਾਸਫਰ
‘ਐਨਾਐਕਸਮੰਦਰ’ ਇਸ ਧਰਤੀ ਉਪਰ ਮਨੁੱਖੀ ਜੀਵਨ ਆਜਾਨ ਪਦਾਰਥਾਂ ਤੋਂ ਵਿਕਾਸ
ਹੋ ਕੇ ਹੋਂਦ ਵਿਚ ਆਇਆ ਲਿਖਦਾ ਹੈ ਅਤੇ ਹੋ ਸਕਦਾ ਹੈ ਕਿ ਮਨੁੱਖ ਦਾ ਅਜੋਕਾ
ਸਰੂਪ ਜਾਨਵਰਾਂ ਦੇ ਵਿਕਾਸ ਉਪ੍ਰੰਤ ਬਣਿਆ ਹੈ। ਡਾਰਵਿਨ ਦਾ ਸਿਧਾਂਤ ਵੀ
ਇਹੋ ਹੀ ਹੈ ਕਿ ਮਨੁੱਖ ਦਾ ਸਰੂਪ ਲੱਖਾਂ ਸਾਲਾਂ ਦੇ ਵਿਕਾਸ ਨਾਲ ਹੋਇਆ ਹੈ।
‘ਕਾਰਲ ਮਾਰਕਸ’ ਦਾ ਸਿਧਾਂਤ ਰਾਹੀਂ ਪਤਾ ਚਲਦਾ ਹੈ ਕਿ ਇਸ ਦੁਨੀਆਂ ਵਿਚ ਦੋ
ਵਿਰੋਧੀ ਸ਼ਕਤੀਆਂ ਕੰਮ ਕਰਦੀਆਂ ਹਨ ਅਤੇ ਇਨਾਂ ਵਿਰੋਧੀ ਸ਼ਕਤੀਆਂ ਕਾਰਨ ਹੀ
ਦੁਨੀਆਂ ਦੀ ਹਰ ਵਸਤੂ ਆਪਣਾ ਰੂਪ ਬਦਲਦੀ ਹੈ। ਗੁਰਬਾਣੀ ਦਰਸ਼ਨ ਦਸਦਾ ਹੈ ਕਿ
ਮਨੁੱਖ ਪੰਜ-ਤੱਤ ਦਾ ਪੁਤਲਾ ਹੈ ਅਤੇ ਅੱਗ, ਪਾਣੀ, ਹਵਾ, ਆਕਾਸ਼ ਅਤੇ ਧਰਤੀ
ਪੰਜ ਵਿਰੋਧੀ ਤਾਕਤਾ ਨੂੰ ਪ੍ਰਮਾਤਮਾ ਨੇ ਇਕ ਥਾਂ ਬਿਠਾਲ ਦਿਤਾ ਹੈ। ਜੇਕਰ
ਡਾਰਵਿਨ ਦੀ ਥਿਊਰੀ ਨੂੰ ਮਨ ਲਈਏ ਤਾਂ ਸੰਦੇਹ ਪੈਦਾ ਹੁੰਦਾ ਹੈ ਕਿ ਉਹ
ਵਿਰੋਧੀ ਤਾਕਤਾਂ ਕਿਸ ਦੇ ਅਧੀਨ ਹਨ? ਮੇਰਾ ਇਨ੍ਹਾਂ ਸਿਧਾਂਤਾ ਬਾਰੇ ਲਿਖਣ
ਦਾ ਇਕੋ ਇਕ ਮਕਸਦ ਹੈ ਕਿ ਕਵੀ ਕਿਰਪਾਲ ਸਿੰਘ ਪੂਨੀ ਨੇ ਇਕ ਕਵਿਤਾ ਤਕਰਾਰ
ਨਾਮੀ ਵੀ ਲਿਖੀ ਹੈ। ਇਸ ਕਵਿਤਾ ਰਾਹੀਂ ਕਵੀ ਨੇ ਰੱਬ ਦੇ ਕਾਰਜਾਂ ਪ੍ਰਥਾਇ
ਕਈ ਤਰਾਂ ਦੇ ਗਿਲੇ ਸ਼ਿਕਵੇ ਅਤੇ ਸੰਦੇਹ ਪ੍ਰਗਟਾਏ ਹਨ। ਇਸ ਲੰਮੀ ਕਵਿਤਾ ਦੇ
ਪੰਜ ਭਾਗ ਹਨ। ਪਹਿਲੇ ਭਾਗ ਵਿਚ ਕਵੀ ਰੱਬ ਦੀ ਬਣਾਈ ਦੁਨੀਆਂ ਅੰਦਰ ਹੋ ਰਹੇ
ਭੇਦ-ਭਾਵ, ਦਗਾ ਝੂਠ ਮਕਾਰੀ, ਜੁਲਮ ਸਿਤਮ ਅਤੇ ਨਾ ਬਰਾਬਰਤਾ ਗੱਲ ਕੀ ਕਵੀ
ਦਾ ਵਿਚਾਰ ਹੈ ਕਿ ਇਸ ਦੁਨੀਆਂ ਦਾ ਸੰਤੁਲਨ ਵਿਗੜ ਚੁੱਕਿਆ ਹੈ। ਕਵੀ ਰੱਬ
ਵਲੋਂ ਥਾਪੀ ਗਈ ਨਾਬਰਾਬਰਤਾ ਵਾਲੀ ਨੀਤੀ ਬਾਰੇ ਲਿਖਦਾ ਹੈ।
ਮੈਂ ਮੁਨਕਰ ਹਾਂ ਨਿਤਾਣੇ ਲੋਕ ਜੱਗ ‘ਤੇ ਭਾਰ ਬਣ ਜਾਂਦੇ।
ਮੈਂ ਮੁਨਕਰ ਹਾਂ ਇਹਨਾਂ ਕਰਕੇ ਦੁਖੀ ਸੰਸਾਰ ਬਣ ਜਾਂਦੇ।
ਬੜੀ ਖੁਸ਼ਹਾਲ ਦੁਨੀਆਂ ਵਿਚ ਵਸੇ ਮੰਦਹਾਲ ਇਕ ਦੁਨੀਆ
ਝੁਗੀਆਂ ਢਾਰਿਆਂ ਵਿਚ ਵਸ ਰਹੀ ਕੰਗਾਲ ਇਕ ਦੁਨੀਆਂ।
(ਪੰਨਾ 88 ਮੁਹੱਬਤ ਦਾ ਗੀਤ)
ਦੂਜੇ ਭਾਗ ਵਿਚ ਰੱਬ ਦੀ ਸੁਰਤੀ ਨੂੀੰ ਭੰਗ ਕਰਦਾ ਪੁੱਛਦਾ ਹੈ ਕਿ ਕੀ
ਹੈਵਾਨ ਤੋਂ ਇਨਸਾਨ ਹੋਣਾ ਕਿਉਂ ਅਸੰਭਵ ਹੈ? ਜਦ ਕਿ ਇਨਸਾਨ ਤੋਂ ਹੈਵਾਨ
ਬਣਨਾ ਏਨਾ ਸੌਖਾ ਕੀਤਾ ਹੋਇਆ ਹੈ। ਕੀ ਤਾਕਤਵਰ ਜਰਵਾਣਿਆਂ ਨੂੰ ਸੋਝੀ ਨਹੀਂ
ਦੇ ਸਕਦਾ ਕਿ ਨਿਤਾਣਿਆਂ ਨੂੰ ਆਪਣੇ ਨਾਲ ਲੈ ਕੇ ਚਲਣ। ਰੱਬ ਨੂੰ ਵੰਗਾਰ
ਲਾਉਂਦਾ ਹੈ ਕਿ ਉਹ ਆਪਣੀ ਇਸ ਅਣਗਹਿਲੀ ਵੱਲ ਆਪਣਾ ਧਿਆਨ ਦੇਵੇਂ। ਰੱਬਾ
ਕਦੇ ਆਪਣਾ ਤੱਖਤੇ-ਤਾਊਸ ਉਪਰੋਂ ਉੱਠ ਕੇ ਆਪਣੀ ਬਣਾਈ ਦੁਨੀਆਂ ਵੱਲ ਵੀ
ਵੇਖ। ਤੇਰੀ ਆਤਮਾ ਇਸ ਤਰਕ ਨੂੰ ਮੰਨਦੀ ਕਿਉਂ ਨਹੀਂ ਹੈ। ਜੱਗ ਕਿਉਂ
ਨਾਸ਼ਵਾਨ ਹੈ? ਇਨਸਾਨ ਤੇਰਾ ਕਾਰਜ ਕਰਨੋਂ ਅਸਮਰਥ ਹੈ ਕਿਉਂ ਕਿ ਉਹ ਪੁੱਲ
ਹੇਠ ਗੁਜਰੇ ਪਾਣੀ ਵਾਂਗ ਸਿਰਫ ਇਕ ਵਾਰ ਹੀ ਇਸ ਦੁਨੀਆਂ ਵਿਚ ਆਉਂਦਾ ਹੈ।
ਤੀਜੇ ਭਾਂਗ ਵਿਚ ਕਵੀ ਕਹਿੰਦਾ ਹੈ ਕਿ ਮੇਰੀ ਦੁਨੀਆਂ ਦੀਆਂ ਹੱਦਾਂ
ਸੀਮਤ ਹਨ। ਤੇਰੀਆਂ ਅਨੇਕਾਂ ਧਰਤੀਆਂ, ਅੰਬਰ, ਚੰਦ ਸੂਰਜ ਤਾਰੇ, ਅਨੇਕਾ
ਸਾਗਰ, ਪਰਬਤ, ਜੰਗਲ ਅਤੇ ਥੱਲ ਹਨ। ਪਰ ਕਵੀ ਨੂੰ ਰੱਬ ਦਾ ਇਹ ਅਡੰਬਰ
ਵਿਅਰਥ ਲਗਦਾ ਹੈ। ਰੱਬਾ ਤੂੰ ਮੈਨੂੰ ਸਭ ਕੁਝ ਨਹੀਂ ਲਗਦਾ।
ਤੇਰੀ ਸੋਚ ਦੀ ਗੁੱਥੀ ਦੀ ਥੋੜੀ ਸਮਝ ਪੈਂਦੀ ਹੈ।
ਤੇਰੀ ਕਰਮ-ਸ਼ਕਤੀ ਦੀ ਸੀਮਾ ਦੀ ਹਾਥ ਪੈਂਦੀ ਹੈ।
ਮੈਂ ਮਹਿਸੂਸ ਕਰਦਾ ਹਾਂ ਤੂੰ ਸਭ ਕੁਝ ਕਰ ਨਹੀਂ ਕਰਦਾ।
ਬਹੁਤ ਕੁਝ ਛੱਡ ਦਿੰਦਾ ਏ ਵਿਚਾਲੇ, ਜਦ ਨਹੀਂ ਸਰਦਾ।
(ਪੰਨਾ 90 ਮੁਹੱਬਤ ਦਾ ਗੀਤ)
ਚੌਥੇ ਭਾਗ ਵਿਚ ਕਵੀ ਦੁਨੀਆਂ ਵਿਚ ਵੱਧ ਰਿਹਾ ਭ੍ਰਿਸ਼ਟਾਚਾ, ਜੁਲਮ ਅਤੇ
ਬੇਇਨਸਾਫੀ ਸਿਰਫ ਤੇ ਸਿਰਫ ਇਕ ਤੂੰ ਹੀ ਫੈਲਾ ਰਿਹਾਂ ਏ। ਕਵੀ ਰੱਬ ਨੂੰ
ਵਾਰ ਵਾਰ ਧਿਆਉਂਣ ਦਾ ਵਿਰੋਧ ਕਰਦਾ ਹੈ।
ਬੜਾ ਚਿਰ ਕੰਬਦੇ, ਕੰਢੇ ‘ਤੇ ਰੱਬ ਦਾ ਨਾਮ ਲੈਂਦੇ ਰਹੇ
ਚਲ, ਛੱਡ ਸਾਰੀਆਂ ਆਸਾਂ, ਸਹਾਰੇ ਸਭ ਵਗਾਹ ਮਾਰੋ।
(ਪੰਨਾ 91 ਮੁਹੱਬਤ ਦਾ ਗੀਤ)
ਕਵੀ ਕਹਿੰਦਾ ਹੈ ਕਿ ਰੱਬ ਦੇ ਆਸਰੇ ਉਪਰ ਨਿਰਭਰ ਨਾ ਹੋਵੇ। ਆਪਣੇ
ਸਾਹਾਂ ਦੇ ਭਰੋਸੇ ਅਤੇ ਆਪਣੀਆਂ ਬਾਹਾਂ ਦੇ ਬੱਲ ਨਾਲ ਅੱਗੇ ਵਧੀ ਚਲੋ।
ਕਿਸੇ ਭਗਵਾਨ ਨੇ ਬੇੜੇ ਪਾਰ ਨਹੀਂ ਲਾਉਂਣੇ ਤੁਹਾਨੂੰ ਆਪ ਚੱਪੂ ਲਾਉਣੇ
ਚਾਹੀਦੇ ਹਨ। ਏਨਾ ਵਿਸ਼ਾਲ ਚੱਕਰ ਖਿਚੋ ਕਿ ਜਿਸ ਵਿਚ ਸਾਰੀ ਦੁਨੀਆਂ ਸਮੋਂ
ਸਕੇ। ਕਵੀ ਇਸ ਖਿੰਡਰੀ ਪੁੰਡੀ ਦੁਨੀਆਂ ਨੂੰ ਇਕ ਹੋਇਆ ਵੇਖਣਾ ਚਹੁੰਦਾ ਹੈ।
ਹਰ ਇਕ ਇਨਸਾਨ ਨੂੰ ਬਿਲਕੁਲ ਇਕ ਸਮਾਨ ਕਰਨਾ ਹੈ।
ਤੇਰੀ ਅਧੂਰੀ ਘਾੜਤ ਨੂੰ ਅਸੀਂ ਰਲ ਮਿਲ ਪੂਰਾ ਕਰਨਾ ਹੈ।
ਤੇਰੀ ਬਹੁ-ਰੰਗੀ ਦੁਨੀਆਂ ‘ਚ ਨਵਾਂ ਰੰਗ ਭਰਨਾ ਹੈ।
ਨਵੀਂ ਇਕ ਪਿਰਤ ਪਾਉਣੀ ਹੈ ਨਵਾਂ ਇਕ ਕੰਮ ਕਰਨਾ ਹੈ।
(ਪੰਨਾ 92 ਮੁਹੱਬਤ ਦਾ ਗੀਤ)
ਪੁਸਤਕ ‘ਤੇਰਾ ਪਲ’ ਵਿਚ ‘ਬੇਚੈਨੀ, ਨੰਨ੍ਹੇ ਬੱਚੇ, ਨਦੀ ਅਤੇ ਕਿਨਾਰੇ,
ਅਤੇ ਮਨ ਦਾ ਸ਼ਮਾਂਦਾਨ ਆਦਿ ਬਹੁਤ ਕਲਾਤਮਿਕ, ਭਾਵਪੂਰਤ ਅਤੇ ਸਟੇਜੀ ਪ੍ਰਕਾਰ
ਦੀਆਂ ਕਵਿਤਾਵਾਂ ਦਰਜ ਹਨ। ਅਜਿਹੀਆਂ ਕਵਿਤਾਵਾਂ ਕਿਰਪਾਲ ਸਿੰਘ ਪੂਨੀ ਨੂੰ
ਰਵਾਇਤੀ ਕਵੀਆਂ ਦੀ ਕਤਾਰ ਦੇ ਪਿਛਲੇ ਪਾਸਿਓ ਪਹਿਲੇ ਨੰਬਰ ਉਪਰ ਖੜਾ
ਕਰਦੀਆਂ ਹਨ।
‘ਪਰਵਾਜ਼ ਤੇ ਪਰਵਾਸ’ ਪੁਸਤਕ ਦਾ ਪਾਠ ਕਰਦਿਆਂ ਵਿਦਵਾਨ ਪਾਠਕ ਭਲੀ ਭਾਂਤ
ਸਮਝ ਜਾਂਦਾ ਹੈ ਕਿ ਪੁਸਤਕ ਵਿਚ ਇਕ ਲੰਮੀ ਕਵਿਤਾ ਹੈ ਅਤੇ ਨਾਇਕ ‘ਪਰਦੇਸੀ
ਪੁੱਤ’ ਦਾ ਸਾਰਾ ਜੀਵਨ ਆਪਣੇ ਪਰਵਾਰ ਦੇ ਮੈਂਬਰਾਂ ਦੀ ਖੁਸ਼ਹਾਲੀ ਵਾਸਤੇ
ਗੁਜ਼ਰ ਜਾਂਦਾ ਹੈ। ਇਸ ਪੁਸਤਕ ਦੇ ਅਧਿਐਨ ਉਪ੍ਰੰਤ ਅਜਿਹੀ ਕਵਿਤਾ ਨੂੰ ਲੰਮੀ
ਕਵਿਤਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੰਮੀ ਕਵਿਤਾ ਰਾਹੀਂ ਜੀਵਨ ਵਿਗਿਆਨ
ਅਤੇ ਵਿਚਾਰਧਾਰਿਕ ਕਵਿਤਾਵਾਂ ਦਾ ਆਕਾਰਵਾਦੀ ਪ੍ਰਬੰਧ ਹੁੰਦਾ ਹੈ। ਅਜਿਹੀ
ਕਵਿਤਾ ਨੂੰ ਮਹਾਂ ਕਾਵਿ ਕਿਹਾ ਜਾਂਦਾ ਹੈ ਕਿਉਂਕਿ ‘ਪਰਦੇਸੀ ਪੁੱਤ’
ਪੰਜਾਬੀ ਸਮਾਜ ਨਾਲ ਸੰਬੰਧਤ ਹੈ, ਪਰ ਪ੍ਰਦੇਸੀ ਪੁੱਤ ਆਪਣੇ ਪਰਿਵਾਰ ਦੀ
ਆਰਥਿਕ ਸਥਿੱਤੀ ਨੂੰ ਸੁਧਾਰਦਾ ਹੋਇਆ ਆਪਣੇ ਮਾਪਿਆਂ ਅਤੇ ਭੈਣਾ ਭਰਾਵਾ
ਪ੍ਰਤੀ ਸਾਰੀ ਉਮਰ ਸੁਹਿਰਦ ਰਹਿੰਦਾ ਹੈ। ਇਸੇ ਕਰਕੇ ਉਹ ਇਕ ਵਖਰੀ ਅਤੇ
ਅਪਣੀ ਕਿਸਮ ਦਾ ਸਮਾਜਕ ਨਾਇਕ ਹੈ। ਉਹ ਇਕ ਅਜਿਹਾ ਪਰਵਾਸੀ ਹੈ ਜਿਹੜਾ
ਸਮਾਜਕ ਅਤੇ ਪਰਿਵਾਰਕ ਪ੍ਰਬੰਧ ਨੂੰ ਰਵਾਇਤੀ ਤੌਰ ਉਪਰ ਬਰਕਰਾਰ ਰੱਖਣ
ਵਾਸਤੇ ਵੀ ਇਕ ਨਾਇਕ ਵਲੋਂ ਜਾਣਿਆ ਜਾਵੇਗਾ ਕਿਉਂਕਿ ਪਰਦੇਸੀ ਪੁੱਤ ਨੇ
ਪੰਜਾਬ ਦੇ ਸਮਾਜਕ ਅਤੇ ਸੱਭਿਆਚਾਰਕ ਪ੍ਰਬੰਧ ਦਾ ਪ੍ਰਦੇਸਾਂ ਵਿਚ ਰਹਿ ਕੇ
ਵੀ ਪੁਨਰ ਸਥਾਪਨ ਕੀਤਾ ਹੈ ਅਤੇ ਪਰਦੇਸੀ ਪੁੱਤ ਦੀ ਸਮਾਜਕ ਅਤੇ ਸੱਭਿਆਚਾਰਕ
ਪਕੜ ਦਾ ਬ੍ਰਿਤਾਂਤ ਪਰਦੇਸੀ ਪੁੱਤ ਦੇ ਬੀਤਦੇ ਜੀਵਨ ਦੇ ਬਰਾਬਰ ਬੀਤ ਰਿਹਾ
ਹੈ। ਪਰਦੇਸੀ ਪੁੱਤ ਪੱਛਮੀ ਕਲਚਰ ਦੇ ਬਾਰੇ ਵੀ ਜਾਗਰੂਕ ਹੈ ਕਿਉਂਕਿ ਉਸਨੇ
ਆਪਣੀ ਦੂਜੀ ਪੀੜ੍ਹੀ ਨੂੰ ਪੱਛਮੀ ਕਲਚਰ ਤੋਂ ਬਚਾਈ ਰੱਖਿਆ ਹੈ। ਇਸ
ਮਹਾਂ-ਕਾਵਿ ਵਿਚ ਇਕੋ ਛੰਦ ਦੀਆਂ ਵਵਿੱਧ ਬਹਿਰਾਂ ਦਾ ਸਿਰਜਨਾਤਮਕ ਕਾਰਜ
ਬਰਾਬਰ ਚਲਦਾ ਹੈ। ਕਿਸੇ ਸਮਾਜ ਦਾ ‘ਆਮ ਮਨੁੱਖ’, ਇਕ ਨਾਇਕ ਦੇ ਤੌਰ ਉਪਰ
ਉਭਰਦਾ ਹੈ ਅਤੇ ਉਸਦਾ ਸੰਘਰਸ਼-ਸ਼ੀਲ ਜੀਵਨ ਦਾ ‘ਰੋਲ-ਮਾਡਲ’ ਕਾਵਿ ਰਾਹੀਂ
ਉਸਰਦਾ ਹੈ। ਇਹ ਨਾਇਕ ਇਕ ਵਿਸ਼ੇਸ਼ ਮਨੁੱਖ ਨਾ ਹੁੰਦਾ ਇਕ ਆਮ ਮਨੁੱਖ ਹੋਣ
ਕਰਕੇ ਇਸ ਮਹਾਂ-ਕਾਵਿ ਨੂੰ ਲੋਕਯਾਨ ਦਾ ਨਾਮ ਵੀ ਦਿਤਾ ਜਾ ਸਕਦਾ ਹੈ।
‘ਪਰਵਾਜ਼ ਤੇ ਪਰਵਾਸ’ ਪੁਸਤਕ ਦਾ ਨਾਇਕ ‘ਪਰਦੇਸੀ ਪੁੱਤ’ ਇਸ ਲੜੀ ਦਾ ਇਕ ਆਮ
ਵਿਅਕਤੀ ਹੈ ਜਿਸਦਾ ਸੰਘਰਸ਼-ਸ਼ੀਲ ਜੀਵਨ ਬਚਪਨ ਤੋਂ ਮਰਨ ਤੱਕ ਇਸ ਪੁਸਤਕ ਵਿਚ
ਫੈਲਿਆ ਹੋਇਆ ਹੈ। ਮਹਾਂ-ਕਾਵਿ ਦਾ ਨਾਇਕ ਪੰਜਾਬ ਵਿਚ ਰਹਿੰਦੇ ਆਪਣੇ
ਮਾਪਿਆਂ ਦੇ ਨਾਲ ਨਾਲ ਭੈਣਾਂ ਭਰਾਵਾਂ ਦੀਆਂ ਆਰਥਿਕ ਸਮੱਸਿਆਵਾਂ ਤੋਂ ਲੈ
ਕੇ ਵਿਹਾਰਕ ਰੀਤਾਂ ਰਸਮਾਂ ਅਨੁਸਾਰ ਉਨ੍ਹਾਂ ਦੇ ਸਾਰੇ ਕਾਰਜ ਨਿਜੱਠਣ ਦੇ
ਸੰਦਰਭ ਵਿਚ ‘ਪਰਦੇਸੀ ਪੁੱਤ’ ਇਕ ਸਮਾਜਕ ਨਾਇਕ ਵੀ ਉਜਾਗਰ ਹੁੰਦਾ ਹੈ। ਇਸ
ਕਰਕੇ ‘ਪਰਵਾਜ਼ ਤੇ ਪਰਵਾਸ’ ਪੁਸਤਕ ਨੂੰ ਮਹਾਂ-ਕਾਵਿ ਹੀ ਕਹਿ ਸਕਦੇ ਹਾਂ।
ਕਵੀ ਕਿਰਪਾਲ ਸਿੰਘ ਪੂਨੀ ਇਸ ਪੁਸਤਕ ਦੇ ਪੰਜਾਬੀ ਸਾਹਿਤ ਦੇ ਪ੍ਰਵੇਸ਼ ਦੇ
ਨਾਲ ਹੀ ‘ਮਹਾਂ-ਕਵੀ’ ਬਣ ਜਾਂਦਾ ਹੈ।
ਪੰਜਾ ਪੁਸਤਕਾਂ ਦੇ ਅਧਿਐਨ ਮਗਰੋਂ ਪਾਠਕ ਇਹ ਹੀ ਕਹਿ ਸਕਦਾ ਹੈ ਕਿ
ਕਿਰਪਾਲ ਸਿੰਘ ਪੂਨੀ ਆਪਣੀਆਂ ਕਵਿਤਾਵਾਂ ਅੰਦਰ ਪੂਰਬ ਅਤੇ ਪੱਛਮ ਦੇ ਦਿਬੰਦ
ਦਾ ਸੰਵੇਦਨਸ਼ੀਲ ਮੁਲਾਂਕਣ ਕਰਦਾ ਹੈ। ਪ੍ਰਵਾਸੀਆਂ ਨਾਲ ਰੰਗ ਨਸਲ ਦੇ ਬਿਨਾ
ਉਪਰ ਹੋ ਰਿਹਾ ਮਤ-ਭੇਦ, ਕੰਮਾਂ ਕਾਰਾਂ ਉਪਰ ਪ੍ਰਵਾਸੀਆਂ ਦੀ ਹੋ ਰਹੀ
ਦੁਰਦਸ਼ਾ, ਪਰਵਾਸੀ ਹੋਣ ਕਰਕੇ ਮਿਹਨਤ ਦਾ ਘੱਟ ਮਿਲਣਾ, ਪਰਵਾਸ ਭੋਗਦਿਆਂ
ਸਮਾਜਿਕ ਸਮੱਸਿਆਵਾਂ, ਸੱਭਿਆਚਾਰਕ ਵਿਸੰਗਤੀਆਂ, ਰਾਜਨੀਤਕ ਅਤੇ ਧਾਰਮਿਕ
ਵਿਹਾਰ ਦੇ ਵਰਨਣ ਵਾਸਤੇ ਆਪਣੇ ਵਿਚਾਰਾਂ ਨੂੰ ਪਾਂਸਕ ਰੱਖਦਾ ਹੈ। ਮਨੁੱਖਤਾ
ਦੀ ਖੁਸ਼ਹਾਲੀ ਵਾਸਤੇ ਹਾਅ ਦਾ ਨਾਹਰਾ ਲਾਉਂਦਾ ਹੈ। ਮੁਹੱਬਤ ਦੇ ਰੰਗ ਬਰੰਗੇ
ਪਸਾਰਾਂ ਦਾ ਸਹਿਜ ਅਤੇ ਸੁਹਜ ਨਾਲ ਵਰਨਣ ਹੈ। ਮੁਹੱਬਤ ਦੇ ਅਨੇਕਾਂ ਵਿਸ਼ਿਆਂ
ਨੂੰ ਦਰਸਾਉਣ ਵਾਸਤੇ ਵਿਭਿੰਨ ਰਸਾਂ ਵਿਚ ਲੁਪਤ ਸ਼ਬਦਾਵਲੀ ਪੜ੍ਹੀ ਜਾਂਦੀ
ਹੈ। ਕਵਿਤਾਵਾਂ ਵਿਚ ਕਵੀ ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਕਲਮਬੰਦ ਕਰਦਾ
ਵਿਸ਼ਵ ਭਰ ਵਿਚ ਹੋ ਰਹੇ ਮਨੁੱਖਤਾ ਦੇ ਘਾਣ ਨੂੰ ਨਿੰਦਦਾ ਹੈ। ਭਾਵੇਂ ਉਹ
ਅੰਤਰ-ਰਾਸ਼ਟਰੀ ਸਮੱਸਿਆਂਵਾਂ ਨੂੰ ਚਿਤਰਦਾ ਹੋਇਆ ਇਕ ਗਲੋਬਲ ਧੁੰਨ ਵਿਚ
ਕਵਿਤਾਵਾਂ ਰਚਦਾ ਹੈ ਪਰ ਉਸਦੀਆਂ ਕਵਿਤਾਵਾਂ ਦਾ ਮੁਖ ਥੀਮ ਸਮੁੱਚੀ
ਮਨੁੱਖਤਾ ਨਾਲ ਹੀ ਜੁੜਿਆ ਰਹਿੰਦਾ ਹੈ। ਭਾਵੇਂ ਉਸਦੇ ਸੰਵੇਦਨਸ਼ੀਲ
ਕਾਵਿ-ਸੰਸਾਰ ਦੀ ਪੁਛ ਪਰਤੀਤ ਦਿਖਦੀ ਹੈ ਪਰ ਕਵੀ ਦੀਆਂ ਕਵਿਤਾਵਾਂ ਰਾਹੀਂ
ਮਨੁੱਖੀ ਕਦਰਾਂ ਕੀਮਤਾ ਅਤੇ ਮਨੁੱਖ ਦੀਆਂ ਭਾਵਨਾਵਾਂ ਨੂੰ ਪਾਠਕ ਭਲੀ ਭਾਂਤ
ਪੜ੍ਹ ਸਕਦਾ ਹੈ। ਉਸਦੀਆਂ ਕਵਿਤਾਵਾਂ ਦੇ ਥੀਮ ਅੰਦਰ ਇਕ ਪਰਕਾਰ ਦਾ
ਮਨੁੱਖਤਾ ਹਤਾਇਸ਼ੀ ਦਰਸ਼ਨ ਹੀ ਝਲਕਦਾ ਹੈ। ਪ੍ਰਤੀਕਾਤਮਕ ਕਵਿਤਾਵਾਂ ਦੇ ਨਾਲ
ਨਾਲ ਸੰਬੋਧਨੀ ਸੁਰ ਵਾਲੀਆਂ ਕਵਿਤਾਵਾਂ ਦੀ ਭਰਮਾਰ ਹੈ। ਕਿਰਪਾਲ ਸਿੰਘ
ਪੂਨੀ ਦਾ ਕਾਵਿ ਸੰਸਾਰ ਇਕ ਆਬਸ਼ਰ ਦੀ ਤਰ੍ਹਾਂ ਹੈ ਜਿਹੜਾਂ ਪਹਿਲਾਂ ਝਰਨੇ
ਦੇ ਪਵਿਤਰ ਪਾਣੀਆਂ ਵਾਂਗ ਉਚਾਈਆਂ ਉਤਰਦਾ ਹਇਆਂ ਹੇਠਾਂ ਨੀਵੇਂ ਥਾਂ ਉਪਰ
ਮਹਾਂ-ਕੁੰਭ ਬਣਾਉਦਾ ਹੋਇਆ ਮਹਾਂ-ਕਾਵਿ ਦੇ ਰੂਪ ਵਿਚ ਬਰਾਬਰ ਲੈਵਲ ਉਪਰ ਵਗ
ਰਿਹਾ ਹੈ। ਕਵਿਤਾਵਾਂ ਦੀਆਂ ਕਈ ਸਤਰਾਂ ਮੁਹਾਵਰੇ ਬਣ ਜਾਣ ਦਾ ਮਾਦਾ
ਰਖਦੀਆਂ ਹਨ। ਕਈ ਕਵਿਤਾਵਾਂ ਪ੍ਰਸ਼ਨੋਤਰੀ ਵੀ ਲਿਖੀਆਂ ਹਨ। ਛੰਦ ਮੁਕਤ
ਕਵਿਤਾਵਾਂ ਦੀ ਬਹੁਤਾਤ ਨਜ਼ਰ ਆਉਦੀ ਹੈ। ਛੰਦ ਰਹਿਤ ਕਵਿਤਾਵਾਂ ਅੰਦਰ
ਅਲੰਕਾਰ ਹਨ। ਸ਼ਿੰਗਾਰ, ਭੀਵਤਸ, ਵਾਤਸਲ, ਵੀਰ-ਰਸ ਅਤੇ ਕਰੁਣਾ ਰਸ ਹਨ। ਲੈਅ
ਇਸ ਪਰਕਾਰ ਮੰਨੀ ਜਾ ਸਕਦੀ ਹੈ ਕਿ ਛੰਦ ਰਹਿਤ ਕਵਿਤਾ ਨੂੰ ਵੀ ਗਾਇਆ ਜਾ
ਸਕਦਾ ਹੈ। ਕਵਿਤਾਵਾਂ ਦੀ ਅਭਿਵਿਅਕਤੀ ਸਪੱਸ਼ਟ ਰੂਪ ਵਿਚ ਚਰਚਾ ਕਰਦੀ ਹੈ ਕਿ
ਕਵੀ ਦੇ ਕਵਿਤਾ ਰਚਨ ਦੇ ਸ਼ੌਂਕ ਦਾ ਅਰੰਭ ਹੀ ਅਸੀਮ ਮਿਆਰ ਤੋਂ ਅਰੰਭ ਹੋ ਕੇ
ਕਵੀ ਦਾ ਸਿਰਜਨਾਤਮਕ ਕਾਰਜ ਛੰਦਾਂ-ਬੰਦੀ ਤੋਂ ਮੁਕਤ ਇਕ ਕਲਾਤਮਿਕ ਕਾਵਿ
ਵਿਚ ਬਦਲਦਾ ਦਿਸ ਰਿਹਾ ਹੈ। ਉਸਦਾ ਆਰੰਭਕ ਕਾਵਿ ਕਵੀ ਨੂੰ ਪੰਜਾਬੀ ਸਾਹਿਤ
ਅੰਦਰ ਇਕ ਮਾਨਵ-ਵਾਦੀ ਕਵੀ ਸਥਾਪਤ ਤਾਂ ਕਰਦਾ ਹੀ ਹੈ ਨਾਲ ਨਾਲ ਉਸਦਾ
ਆਰੰਭਕ ਕਾਵਿ ਉਸਦੀ ਪ੍ਰਤਿਭਾ ਨੂੰ ਪ੍ਰਤੀਬਿੰਬਤ ਵੀ ਕਰਦਾ ਹੈ। ਕਵੀ ਰੱਬ
ਦੀ ਹੋਂਦ ਤੋਂ ਮੁਨਕਰ ਨਹੀਂ ਹੈ ਪਰ ਆਪਣੀਆਂ ਕਵਿਤਾਵਾਂ ਰਾਹੀਂ ਮਨੁੱਖ ਨੂੰ
ਰੱਬ ਦੀ ਮਿਹਰ ਪਰਾਪਤ ਕਰਨ ਵਾਸਤੇ ਅਰਦਾਸਾਂ ਕਰਨ ਦੇ ਹੱਕ ਵਿਚ ਨਹੀਂ ਹੈ।
ਉਸਦਾ ਅਕੀਦਾ ਹੈ ਕਿ ਆਪਣੇ ਜੀਵਨ ਪ੍ਰਵਾਹ ਵਾਸਤੇ ਜੋ ਲੋੜੀਂਦੇ ਪਦਾਰਥ ਹਨ
ਉਨ੍ਹਾਂ ਨੂੰ ਪਰਾਪਤ ਕਰਨ ਵਾਸਤੇ ਮਨੁੱਖ ਨੂੰ ਆਪ ਹੰਭਲਾ ਮਾਰਨਾ ਚਾਹੀਦਾ
ਹੈ। ਮਨੁੱਖ ਆਪਣੀਆਂ ਲੋੜਾਂ ਨੂੰ ਪੂਰ ਕੇ ਹੀ ਸੁਖੀ ਰਹਿ ਸਕਦਾ ਹੈ। ਮਾਨਵ
ਦੇ ਜੀਵਨ ਦਾ ਇਹੋ ਹੀ ਇਕ ਆਦਰਸ਼ਕ ਕਾਰਜ ਹੈ। ਮਾਨਸਿਕ ਤਣਾਓ ਉਤਾਰਨ ਵਾਸਤੇ,
ਮਾਨਵਤਾ ਦੇ ਹੱਕਾਂ ਵਾਸਤੇ ਜੂਝਣ ਦੇ ਬੱਲ ਅਤੇ ਮਨੋ-ਵਿਗਿਆਨਕ ਸਿਧਾਂਤਾ
ਨਾਲ ਕਵੀ ਦਾ ਕਾਵਿ-ਸੰਸਾਰ ਲਿਸ਼ਕਦਾ ਪ੍ਰਤੀਤ ਹੋ ਰਿਹਾ ਹੈ। ਕਵਿਤਾਵਾਂ
ਰਾਹੀਂ ਰਾਸ਼ਟਰੀ ਸੱਦ-ਭਾਵਨਾ ਅਸਿੱਧੇ ਢੰਗ ਨਾਲ ਪੜ੍ਹੀ ਜਾਂਦੀ ਹੈ। ਕਵੀ
ਸਿੱਧੇ ਤੌਰ ਉਪਰ ਆਪਣੀ ਜਨਮ ਭੂਮੀ ਪੰਜਾਬ ਜਾਂ ਭਾਰਤ ਵਰਸ਼ ਦੇ ਗੁਣ ਨਹੀਂ
ਗਾਉਦਾ ਪਰ ਉਸਦਾ ਦੇਸ਼ ਅਤੇ ਦੇਸ਼ ਵਾਸੀਆਂ ਵਾਸਤੇ ਉਦਰੇਵਾਂ ਕਵਿਤਾਵਾਂ ਵਿਚ
ਵਿਚਾਰਧਾਰਿਕ ਹੈ। ਕਵੀ ਨੇ ਪਰੋਖ ਤੌਰ ਉਪਰ ਬਹੁਤ ਸਾਰੀਆਂ ਰੁਮਾਂਟਿਕ
ਕਵਿਤਾਵਾਂ ਦੀ ਅਭਿਵਿਅਕਤੀ ਕੀਤੀ ਹੈ। ਅਜਿਹਾ ਕਾਵਿ ਉਸਦੀ ਕਾਵਿ-ਪੁਸਤਕ
‘ਮੁਹੱਬਤ ਦਾ ਗੀਤ’ ਵਿਚ ਬਹੁਤਾਤ ਨਜ਼ਰ ਆਉਂਦੀ ਹੈ। ਕਵੀ ਦਾ ਦਰਸ਼ਨ ਮਨੁੱਖ
ਨੂੰ ਆਤਮ-ਅਨੰਦਤ ਹੋਣ ਲਈ ਉਕਸਾਉਦਾ ਹੈ। ਸਵੈ-ਪਰਾਪਤੀ ਲਈ ਹੁਸ਼ਿਆਰ ਕਰਦਾ
ਹੈ। ਹੱਕਾਂ ਨੂੰ ਸਵੈ-ਜਤਾਉਂਣ ਦਾ ਸਿਧਾਂਤ ਦਿੰਦਾ ਹੈ। ਹਰ ਮੁਸ਼ਕਲ ਨੂੰ
ਨਿਪਟਾਉਣ ਵਾਸਤੇ ਹਰ ਸਮੇਂ ਸਵੈ-ਕੇਂਦਰਤ ਰਹਿਣ ਲਈ ਕਹਿੰਦਾ ਹੈ ਅਤੇ
ਖਬਰਦਾਰ ਕਰਦਾ ਹੈ ਕਿ ਸਵੈ-ਕੇਂਦਰਤ ਓਨਾਂ ਹੀ ਹੋਇਆ ਜਾਵੇ ਜਿਸ ਦੇ
ਫਲ-ਸਰੂਪ ਮਨੁੱਖ ਆਪ ਸੁਆਰਥੀ ਨਾ ਹੋ ਜਾਵੇ। ਆਤਮ-ਵਿਸ਼ਵਾਸੀ ਬਣਨ ਵਾਸਤੇ
ਗੁਹਾਰ ਲਾਉਂਦਾ ਹੈ। ਆਤਮ-ਨਿਗ੍ਰਹ ਅਤੇ ਆਤਮ-ਸੰਜਮ ਰੱਖਣ ਲਈ ਮਸ਼ਵਰੇ ਦਿੰਦਾ
ਹੈ। ਮਨੁੱਖ ਨੂੰ ਹਰ ਸਮੇਂ ਆਤਮ-ਨਿਰਭਰ ਹੋਣ ਲਈ ਜਾਗਰੂਕ ਕਰਦਾ ਹੈ। ਕਵੀ
ਦਾ ਕਾਵਿ-ਸੰਸਾਰ ਦਸਦਾ ਹੈ ਕਿ ਕਵੀ ਇਸ ਮਨੁੱਖਾਂ ਜੀਵਨ ਨੂੰ ਸਵੱਰਗ ਵਿਚ
ਬਦਲਣ ਵਾਸਤੇ ਕਰਮਸ਼ੀਲ ਹੁੰਦਾ ਹੋਇਆ ਇਨ੍ਹਾਂ ਸਿਧਾਂਤਾ ਨੂੰ ਅਮਲੀ ਤੌਰ ਉਪਰ
ਆਪ ਹੰਢਾ ਰਿਹਾ ਹੈ। ਪਰਮ ਮਨੁੱਖ ਬਣਨ ਵਾਸਤੇ ਮੈਂ ਸਮਝਦਾ ਹਾਂ ਅਤੇ
ਪਾਠਕਾਂ ਨੂੰ ਜ਼ੋਰਦਾਰ ਅਪੀਲ ਵੀ ਕਰਦਾ ਹਾਂ ਕਿ ਕਵੀ ਕਿਰਪਾਲ ਸਿੰਘ ਪੂਨੀ
ਦੇ ਕਾਵਿ-ਜਗਤ ਦੇ ਆਪ ਭਾਗੀ ਹੋ ਕੇ ਆਪਣੇ ਜੀਵਨ ਵਿਚ ਕੁਝ ਕਰ ਬੈਠਣ ਦੀ
ਤਾਕ ਵਿਚ ਰਹਿਣ। ਸਮੁਚੇ ਤੌਰ ਉਪਰ ਕਵੀ ਦਾ ਸੰਪੂਰਨ ਕਾਵਿ ਪੜ੍ਹਨ ਨਾਲ ਹੀ
ਤੁਸੀਂ ਇਕ ਜਿੰਮੇਦਾਰ ਮਨੁੱਖ ਦਾ ਕਿਰਦਾਰ ਨਿਭਾ ਸਕਣ ਦੇ ਯੋਗ ਹੋ ਸਕਦੇ
ਹੋ। ਕਿਰਪਾਲ ਸਿੰਘ ਪੂਨੀ ਦੇ ਸਹਿਜ ਅਤੇ ਸੁਹਜ ਨਾਲ ਸਿਰਜੇ ਕਾਵਿ-ਸੰਸਾਰ
ਅੰਦਰ ਸੰਤੁਲਨ ਅਤੇ ਵਿਗਿਆਨਕ ਤਸ਼ਬੀਹਾਂ, ਮਾਨਵਤਾ ਅਤੇ ਮਾਨਵ-ਵਾਦੀ ਸੁਧਾਰਕ
ਪ੍ਰਵਿਰਤੀਆਂ, ਤਰਕਸ਼ੀਲ ਚੋਣਵੇਂ ਵਿਚਾਰ ਅਤੇ ਤਰੱਕੀ-ਪਸੰਦ ਪਰਾਪਤੀ ਪਰਾਪਤ
ਕਰਨ ਵਾਸਤੇ ਰੂਹ ਦੀ ਖੁਰਾਕ ਵਾਸਤੇ ਇਕ ਬਹੁਤ ਹੀ ਮਿਆਰੀ ਸਾਹਿਤਕ ਐਨਰਜੀ
ਹੈ। |