ਸਤਨਾਮ ਚੌਹਾਨ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ‘ਕਹੋ ਤਿਤਲੀਆਂ ਨੂੰ’
ਇਸਤਰੀ ਜਾਤੀ ਦੀ ਮਾਨਸਿਕਤਾ ਦਾ ਪ੍ਰਤੀਬਿੰਬ ਹੈ। ਭਾਵੇਂ ਸਮਾਜ ਇਸਤਰੀਆਂ
ਨੂੰ ਬਰਾਬਰਤਾ ਦੇ ਹੱਕ ਦੇਣ ਦੀ ਪ੍ਰੋੜਤਾ ਕਰਦਾ ਹੈ ਪ੍ਰੰਤੂ ਅਮਲੀ ਰੂਪ
ਵਿਚ ਇਹ ਸਾਰੀਆਂ ਕਾਗਜ਼ੀ ਦਿਖਾਵਾ ਮਾਤਰ ਗੱਲਾਂ ਹੀ ਹਨ। ਉਸ ਦੀ ਪੁਸਤਕ ਦੇ
88 ਪੰਨੇ ਅਤੇ 75 ਕਵਿਤਾਵਾਂ ਹਨ ਪ੍ਰੰਤੂ ਬਹੁਤੀਆਂ ਕਵਿਤਾਵਾਂ ਇਸਤਰੀ
ਜਾਤੀ ਨਾਲ ਸਮਾਜ ਵਿਚ ਰੋਜਾਨਾ ਜੀਵਨ ਵਿਚ ਵਿਚਰਦਿਆਂ ਹੋਇਆਂ ਉਨਾਂ ਨੂੰ ਆ
ਰਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਹੀ ਪ੍ਰਗਟਾਵਾ ਕਰ ਰਹੀਆਂ ਹਨ। 10
ਕਵਿਤਾਵਾਂ ਅਧਿਆਤਮਿਕ, 20 ਰੋਮਾਂਟਿਕ, 25 ਇਸਤਰੀਆਂ ਅਤੇ 15 ਸਮਾਜਿਕ
ਸਰੋਕਾਰਾਂ ਨਾਲ ਸੰਬੰਧਿਤ ਹਨ। ਇਹ ਪੁਸਤਕ ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ
ਪ੍ਰਕਾਸ਼ਿਤ ਕੀਤੀ ਹੈ। ਇਸਦੀ ਛਪਾਈ ਅਤੇ ਮੁੱਖ ਕਵਰ ਸੁੰਦਰ ਹੈ।
ਸਤਨਾਮ ਚੌਹਾਨ ਦੀ ਪਲੇਠੀ ਪੁਸਤਕ ਹੋਣ ਦੇ ਬਾਵਜੂਦ ਵੀ ਉਸ ਦੀਆਂ
ਕਵਿਤਾਵਾਂ ਉਸ ਦੇ ਸੁਜੱਗ, ਚੇਤਨ ਅਤੇ ਸੰਤੁਲਤ ਭਾਵਨਾਵਾਂ ਵਾਲੀ ਕਵਿਤਰੀ
ਹੋਣ ਦਾ ਪ੍ਰਭਾਵ ਦੇ ਰਹੀਆਂ ਹਨ। ਉਸ ਦੀਆਂ ਖੁਲੀਆਂ ਕਵਿਤਾਵਾਂ ਹੋਣ ਦੇ
ਬਾਵਜੂਦ ਵੀ ਸਾਰਥਕ ਹਨ, ਹਾਲਾਂ ਕਿ ਨਵੇਂ ਕਵੀਆਂ ਦੀ ਪਹਿਲੀ ਪੁਸਤਕ ਵਿਚ
ਅਨੇਕਾਂ ਰਦੀਫ, ਸੁਰ, ਤਾਲ ਅਤੇ ਬਹਿਰ ਆਦਿ ਦੀਆਂ ਖ਼ਾਮੀਆਂ ਰਹਿ ਜਾਂਦੀਆਂ
ਹਨ ਪ੍ਰੰਤੂ ਫਿਰ ਵੀ ਅਜਿਹੀਆਂ ਔਕੜਾਂ ਦੇ ਬਾਵਜੂਦ ਉਸਨੇ ਕਵਿਤਾ ਦੇ ਮਾਪ
ਦੰਡਾਂ ਤੇ ਖ਼ਰੀ ਉਤਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਵਿਸ਼ਿਆਂ ਦੀ ਚੋਣ ਕਰਨ
ਲੱਗਿਆਂ ਵੀ ਬੜੀ ਸੰਜੀਦਗੀ ਤੋਂ ਕੰਮ ਲੈਂਦਿਆਂ ਆਪਣੀ ਜ਼ਿੰਦਗੀ ਦੇ ਤਜ਼ਰਬੇ
ਨੂੰ ਆਧਾਰ ਬਣਾਇਆ ਹੈ। ਉਸਦੇ ਵਿਸ਼ੇ ਮੁਖ ਤੌਰ ਤੇ ਇਸਤਰੀ ਜਾਤੀ ਦੀਆਂ
ਮਾਨਸਿਕ ਉਲਝਣਾਂ, ਪੀੜਾਂ, ਸਮਾਜਿਕ ਤੇ ਆਰਥਿਕ ਸ਼ੋਸ਼ਣ, ਰੋਮਾਂਸ, ਦਾਜ
ਦਹੇਜ, ਬਲਾਤਕਾਰ ਅਤੇ ਸਮਾਜਿਕ ਅਨਿਆਏ ਹਨ। ਰੁਮਾਂਸ ਵੀ ਉਸਦਾ ਪਸੰਦੀਦਾ
ਵਿਸ਼ਾ ਹੈ ਜਿਸਨੂੰ ਉਹ ਜ਼ਿੰਦਗੀ ਦਾ ਆਧਾਰ ਸਮਝਦੀ ਹੈ ਪ੍ਰੰਤੂ ਉਸਦੀਆਂ
ਕਵਿਤਾਵਾਂ ਵਿਚ ਰੁਮਾਂਸ ਅਤੇ ਅਧਿਆਤਮਵਾਦ ਦਾ ਸੁਮੇਲ ਵਿਖਾਈ ਦਿੰਦਾ ਹੈ।
ਉਹ ਇਨਾਂ ਦੋਹਾਂ ਦੇ ਬਿਨਾਂ ਜੀਵਨ ਨੂੰ ਅਧੂਰਾ ਮੰਨਦੀ ਹੈ। ਉਸਦੀਆਂ ਕਈ
ਕਵਿਤਾਵਾਂ ਤਾਂ ਇਸ ਗਲ ਦਾ ਪ੍ਰਗਟਾਵਾ ਕਰਦੀਆਂ ਹਨ ਕਿ ਰੁਮਾਂਟਿਕ ਢੰਗ ਨਾਲ
ਕੀਤੇ ਪਿਆਰ ਦੀ ਪ੍ਰਾਪਤੀ ਤੋਂ ਬਾਅਦ ਜੋ ਸੰਤੁਸ਼ਟੀ ਮਿਲਦੀ ਹੈ, ਉਹ ਪਰਮ
ਪਰਮਾਤਮਾ ਦੀ ਪ੍ਰਾਪਤੀ ਦਾ ਦੂਜਾ ਨਾਂ ਹੈ। ਉਸ ਦੀਆਂ ਕਵਿਤਾਵਾਂ ਆਦਮੀ ਅਤੇ
ਔਰਤ ਦੇ ਰਿਸ਼ਤੇ ਨੂੰ ਸੰਪੂਰਨਤਾ ਦਾ ਨਾਂ ਦਿੰਦੀਆਂ ਹਨ। ਉਹ ਇੱਕ ਦੂਜੇ ਦੇ
ਪੂਰਕ ਹੋਣ ਤੋਂ ਬਾਅਦ ਹੀ ਮੁਕੰਮਲ ਬਣਦੇ ਹਨ। ਉਸਦੀ ਪੁਸਤਕ ਦੇ ਨਾਂ ਵਾਲੀ
ਕਵਿਤਾ‘ਕਹੋ ਤਿਤਲੀਆਂ ਨੂੰ’ ਪੁਸਤਕ ਵਿਚ ਅਖ਼ੀਰਲੀ ਕਵਿਤਾ ਹੈ। ਤਿਤਲੀਆਂ
ਨੂੰ ਲੜਕੀਆਂ ਲਈ ਇੱਕ ਚਿੰਨ ਦੇ ਤੌਰ ਤੇ ਵਰਤਿਆ ਹੈ, ਜਿਸ ਵਿਚ ਉਹ ਆਦਮੀ
ਦੀ ਸੌੜੀ ਸੋਚ ਤੇ ਵਿਅੰਗ ਕਰਦੀ ਹੋਈ ਲੜਕੀਆਂ ਨੂੰ ਆਪਣੇ ਆਪ ਨੂੰ ਬਚਾਉਣ
ਲਈ ਸਿਆਣਪ ਤੋਂ ਕੰਮ ਲੈ ਕੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਕਦਮ ਚੁੱਕਣ
ਲਈ ਪ੍ਰੇਰਦੀ ਹੈ ਤਾਂ ਜੋ ਆਪਣੀ ਇੱਜ਼ਤ ਨੂੰ ਬਚਾ ਸਕਣ। ਇਸ ਕਵਿਤਾ ਵਿਚ
ਆਦਮੀ ਅਤੇ ਔਰਤ ਦੇ ਵਿਅਕਤਿਤਵ ਦੀ ਮਾਨਸਿਕਤਾ ਨੂੰ ਦਰਸਾਉਣ ਵਾਲੀ ਸ਼ਬਦਾਵਲੀ
ਵਰਤਦੀ ਹੈ। ਵੈਸੇ ਵੀ ਸਤਨਾਮ ਚੌਹਾਨ ਦੀ ਸਾਰੀਆਂ ਕਵਿਤਾਵਾਂ ਵਿਚ ਮਲਵਈ ਆਮ
ਲੋਕਾਂ ਦੀ ਸਮਝ ਵਿਚ ਆਉਣ ਵਾਲੀ ਬੋਲੀ ਵਰਤੀ ਗਈ ਹੈ। ਉਸ ਦੀਆਂ ਕਵਿਤਾਵਾਂ
ਵਿਚ ਵਿਚਾਰਧਾਰਾ ਭਾਰੂ ਹੈ। ਇਸ ਤਰਾਂ ਲੱਗ ਰਿਹਾ ਹੈ ਕਿ ਉਸ ਨੇ ਇਨਾਂ
ਕਵਿਤਾਵਾਂ ਰਾਹੀਂ ਆਪਣੇ ਮਨ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹ ਦੋ
ਧੀਆਂ ਦੀ ਮਾਂ ਹੋਣ ਕਰਕੇ ਧੀਆਂ ਧਿਆਣੀਆਂ ਦਾ ਵਾਰ ਵਾਰ ਜ਼ਿਕਰ ਕਰਦੀ ਹੈ।
ਉਸਨੂੰ ਸਾਰੀਆਂ ਮਾਵਾਂ ਦੀਆਂ ਧੀਆਂ ਨੂੰ ਲੱਗਣ ਵਾਲੀ ਤੱਤੀ ਵਾਅ ਦਾ ਡਰ ਵੀ
ਖਾ ਰਿਹਾ। ਇਉਂ ਲੱਗ ਰਿਹਾ ਹੈ ਕਿ ਉਸ ਦੇ ਮਨ ਵਿਚ ਔਰਤ ਦੀ ਪੀੜ ਸਮੋਈ ਹੋਈ
ਹੈ। 'ਵਿਚਾਰੀ ਨਦੀ' ਸਿਰਲੇਖ਼ ਵਾਲੀ ਕਵਿਤਾ ਔਰਤ ਨੂੰ ਘਰ ਦੀ ਚਾਰਦੀਵਾਰੀ
ਵਿਚ ਬੰਦ ਰੱਖਣ ਕਰਕੇ ਔਰਤ ਦੀ ਬੇਬਸੀ ਦਾ ਇਜ਼ਹਾਰ ਕਰਦੀ ਹੈ। 'ਕੁੜੀਏ ਨੀ'
ਵਿਚ ਇਸਤਰੀ ਜਾਤੀ ਤੇ ਹੋ ਰਹੇ ਅਤਿਆਚਾਰਾਂ ਦਾ ਭਾਂਡਾ ਭੰਨਦੀ ਹੋਈ ਲਿਖਦੀ
ਹੈ ਕਿ ਔਰਤ ਦੀ ਇੱਜ਼ਤ ਸ਼ਰੇ ਬਾਜ਼ਾਰ ਲੁੱਟੀ ਜਾਂਦੀ ਹੈ, ਉਦੇ ਰੱਖਵਾਲੇ ਹੀ
ਜ਼ਾਲਮ ਬਣ ਜਾਂਦੇ ਹਨ ਅਤੇ ਇਨਸਾਨ ਹੈਵਾਨ ਦਾ ਰੂਪ ਧਾਰ ਲੈਂਦਾ ਹੈ। ਉਸਨੂੰ
ਦਲੇਰ ਅਤੇ ਬਹਾਦਰ ਬਣਨ ਲਈ ਪ੍ਰੇਰਦੀ ਹੈ।
ਚੌਹਾਨ
ਇਸਤਰੀਆਂ ਨੂੰ ਹਾਰ ਸ਼ਿੰਗਾਰ, ਦਾਜ ਅਤੇ ਹੋਰ ਇਛਾਵਾਂ ਤਿਆਗਕੇ ਮਾਪਿਆਂ ਤੇ
ਬੋਝ ਬਣਨ ਦੀ ਥਾਂ ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ
ਮਾਪੇ ਲੜਕੀਆਂ ਨੂੰ ਆਪਣੇ ਤੇ ਭਾਰ ਨਾਲ ਸਮਝਣ। ਆਪਣੀਆਂ ਕਵਿਤਾਵਾਂ ਰਾਹੀਂ
ਸਮਾਜ ਨੂੰ ਔਰਤ ਦੀ ਸੁਰੱਖ਼ਿਆ ਲਈ ਲਾਮਬੰਦ ਹੋ ਕੇ ਕੋਸ਼ਿਸ਼ਾਂ ਕਰਨ ਲਈ ਸਲਾਹ
ਦਿੰਦੀ ਲਗਦੀ ਹੈ। ਉਸਨੂੰ ਸਮਾਜਕ ਸਰੋਕਾਰਾਂ ਨਾਲ ਜੁੜੀ ਹੋਈ ਕਵਿਤਰੀ ਵੀ
ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਕੁਦਰਤ,
ਵਾਤਾਵਰਨ, ਪਾਣੀ ਦੀ ਸ਼ੁੱਧਤਾ ਦੀ ਸਮੱਸਿਆ, ਕਿਸਾਨ ਦੀ ਕਰਜ਼ੇ ਅਤੇ ਫਸਲਾਂ
ਦੇ ਖ਼ਰਾਬੇ ਕਰਕੇ ਦੁਰਦਸ਼ਾ ਦਾ ਵੀ ਜ਼ਿਕਰ ਆਉਂਦਾ ਹੈ। ਉਸ ਦੀਆਂ ਕਵਿਤਾਵਾਂ
ਵਿਚੋਂ ਸਤਨਾਮ ਚੌਹਾਨ ਦੇ ਦਿਲ ਵਿਚ ਗ਼ਰੀਬ, ਮਜ਼ਦੂਰ, ਕਿਸਾਨ, ਸ਼ਿਲਪਕਾਰ ਅਤੇ
ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਲਈ ਮੋਹ ਅਤੇ ਹਮਦਰਦੀ ਦੀ ਝਲਕ ਆਉਂਦੀ
ਹੈ। 'ਸੜਕ ਤੇ ਬੈਠਾ ਜੋਤਸ਼ੀ' ਵਾਲੀ ਕਵਿਤਾ ਵਿਚ ਉਹ ਸਮਾਜ ਨੂੰ ਵਹਿਮਾਂ
ਭਰਮਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕਰਦੀ ਹੈ ਕਿਉਂਕਿ ਉਹ ਕਹਿੰਦੀ ਹੈ ਕਿ
ਜਿਹੜਾ ਜੋਤਸ਼ੀ ਆਪਣੇ ਪਰਿਵਾਰ ਦਾ ਭਵਿਖ ਨਹੀਂ ਜਾਣਦਾ ਤਾਂ ਉਹ ਲੋਕਾਂ ਦਾ
ਭਵਿਖ ਕਿਵੇਂ ਦੱਸ ਸਕਦਾ ਹੈ। 'ਸਾਜਸ਼ਾਂ' ਨਾਂ ਦੀ ਕਵਿਤਾ ਵਿਚ ਕਵਿਤਰੀ
ਸਮਾਜ ਨੂੰ ਦੰਭੀ, ਧੋਖ਼ੇਬਾਜ, ਫ਼ਰੇਬੀ ਅਤੇ ਸਾਜਸ਼ਾਂ ਬਣਾਉਣ ਵਾਲਾ ਦਸਦੀ ਹੈ।
ਮੁਹੱਬਤ ਵੀ ਉਸਦਾ ਪਸੰਦੀਦਾ ਵਿਸ਼ਾ ਲਗਦਾ ਹੈ ਕਿਉਂਕਿ ਲਗਪਗ 30 ਕਵਿਤਾਵਾਂ
ਵਿਚ ਗੇੜ ਮੇੜ ਪਾ ਕੇ ਮੁਹੱਬਤ ਦਾ ਜ਼ਿਕਰ ਮਿਲਦਾ ਹੈ, ਉਸ ਦੀਆਂ ਕਵਿਤਾਵਾਂ
ਤੋਂ ਮਹਿਸੂਸ ਹੁੰਦਾ ਹੈ ਕਿ ਉਹ ਮੁਹੱੰਬਤ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ
ਸਮਝਦੀ ਹੈ, ਜਿਸ ਤੋਂ ਬਿਨਾਂ ਆਨੰਦ ਦੀ ਪ੍ਰਪਤੀ ਨਹੀਂ ਹੁੰਦੀ ਅਤੇ ਨਾ ਹੀ
ਜ਼ਿੰਦਗੀ ਮਹਿਕ ਵਾਲੀ ਹੁੰਦੀ ਹੈ। 'ਰਮਤਾ ਜੋਗੀ' ਨਾਂ ਦੀ ਕਵਿਤਾ ਵਿਚ ਜੋਗੀ
ਨੂੰ ਰੱਬ ਦਾ ਰੂਪ ਕਹਿੰਦੀ ਹੈ ਕਿਉਂਕਿ ਉਹ ਪ੍ਰਦੇਸੀਂ ਉਡ ਗਈਆਂ ਕੂੰਜਾਂ
ਅਤੇ ਬੀਤ ਗਈਆਂ ਬਹਾਰਾਂ ਵਰਗੇ ਹੁੰਦੇ ਹਨ। 'ਕੈਸੀ ਰੁੱਤ' ਵਿਚ ਲਿਖਦੀ ਹੈ
ਕਿ ਇਨਸਾਨ ਲੜਕੀਆਂ, ਬਜ਼ੁਰਗਾਂ ਅਤੇ ਰਿਸ਼ਤਿਆਂ ਬਾਰੇ ਹਮਦਰਦੀ ਦਾ ਵਿਖਾਵਾ
ਕਰਦਾ ਹੈ ਅਸਲ ਜ਼ਿੰਦਗੀ ਵਿਚ ਸਾਰਾ ਕੁਝ ਉਲਟ ਪੁਲਟ ਕਰਦਾ ਹੈ। ਮਾਸੂਮ ਦਿਲ
ਨਾਂ ਦੀ ਕਵਿਤਾ ਵਿਚ ਇਨਸਾਨ ਵੱਲੋਂ ਮੁਖੌਟੇ ਪਾਉਣ, ਲਾਰੇ ਲੱਪੇ ਲਾਉਣ ਅਤੇ
ਝੂਠ ਦਾ ਪਸਾਰਾ ਕਰਨ ਵਾਲਾ ਕਹਿੰਦੀ ਹੈ।
ਸਤਨਾਮ ਚੌਹਾਨ ਦੀ ਖਾਸੀਅਤ ਇਹ ਹੈ ਕਿ ਉਨਾਂ ਆਪਣੀਆਂ ਕਵਿਤਾਵਾਂ ਵਿਚ
ਚਿੰਤਾਮਿਕ ਢੰਗ ਦੀ ਵਰਤੋਂ ਕੀਤੀ ਹੈ। ਪਰਿਵਾਰਿਕ ਜ਼ਿੰਦਗੀ ਵੀ ਉਸਦੀ
ਸੁਖਾਲੀ ਹੈ ਕਿਉਂਕਿ ਉਸਦਾ ਇੰਜਿਨੀਅਰ ਪਤੀ ਜਗਰਾਜ ਸਿੰਘ ਸਾਹਿਤਕ ਵਿਚਾਰਾਂ
ਵਾਲਾ ਹੈ ਜਿਸ ਕਰਕੇ ਉਸਦੇ ਸਾਹਿਤਕ ਜੀਵਨ ਵਿਚ ਸਹਾਈ ਹੁੰਦਾ ਹੈ। ਦੋਵੇਂ
ਧੀਆਂ ਅਸ਼ਮੀਤ ਅਤੇ ਅਵਨੀਤ ਉਸ ਦੀਆਂ ਹਮਰਾਜ ਬਣਕੇ ਸਾਹਿਤਕ ਸਰਗਰਮੀਆਂ ਨੂੰ
ਵਿਉਂਤਣ ਵਿਚ ਸਹਾਈ ਹੁੰਦੀਆਂ ਹਨ। ਸਤਨਾਮ ਦੀਆਂ ਕਵਿਤਾਵਾਂ ਆਮ ਤੌਰ ਤੇ
ਸਾਹਿਤਕ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ
ਹਨ। ਰੇਡੀਓ ਅਤੇ ਟੀ.ਵੀ. ਉਪਰ ਹੋਣ ਵਾਲੇ ਕਵੀ ਦਰਬਾਰਾਂ ਵਿਚ ਵੀ ਸ਼ਾਮਲ
ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ। ਸਭ ਤੋਂ ਵੱਧ ਉਤਸ਼ਾਹ ਉਸ ਨੂੰ ਫੇਸ ਬੁਕ
ਦੇ ਹੁੰਗਾਰੇ ਨੇ ਦਿੱਤਾ ਹੈ ਜਿਥੇ ਪਾਠਕਾਂ ਨੇ ਉਸਦੀ ਕਲਮ ਦਾ ਸਤਿਕਾਰ
ਕਰਦਿਆਂ ਦਾਦ ਦਿੱਤੀ ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਭਾਵੇਂ ਉਸ ਦੀਆਂ ਕਵਿਤਾਵਾਂ ਨੂੰ
ਚੰਗਾ ਹੁੰਗਾਰਾ ਮਿਲਿਆ ਹੈ ਪ੍ਰੰਤੂ ਫਿਰ ਵੀ ਹੋਰ ਵਧੇਰੇ ਸੁਧਾਰ ਕਰਨ ਦੀ
ਲੋੜ ਹੈ ਤਾਂ ਜੋ ਉਸਦੀ ਲੇਖਣੀ ਵਿਚ ਪਰਪੱਕਤਾ ਆ ਸਕੇ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
|