ਆਲੋਚਨਾ:
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਪ੍ਰਕਾਸ਼ਕ: ਲਹੌਰ ਪਬਲਿਸ਼ਰ,
ਲੁਧਿਆਣਾ 2011
ISBN: 978-81-7647-283-8
ਰਾਣਾ ਬੋਲਾ
ਪੰਜਾਬੀ ਸਾਹਿਤ। ਓਹ ਛਪੱੜ ਦਾ ਪਾਣੀ ਜਿਹੜਾ ਇੱਕ ਸੌ ਸਾਲਾ ਤੋਂ - ਉੱਥੇ ਦਾ
ਉੱਥੇ ਹੀ ਖੜਾ ਹੈ। ਜਿਸ ਅਸਥਿਰ ਪਾਣੀ ਵਿੱਚ ਬੁੱਢੇ "ਲਿਖ਼ਾਰੀ" ਇਕ ਦੂਜੇ ਦੀ
ਪੂੱਛ ਫੜਕੇ ਮੱਝਾਂ ਵਾਂਗ ਡੋਬੇ ਲੈ ਲੈ, ਵਾਰੋ ਵਾਰੀ ਆਪਣੇ ਤੁਰਮ ਆਪ ਹੀ ਵਜਾਈ
ਜਾਂਦੇ ਨੇ। ਇਹ ਓਹ ਸਾਹਿਤ ਜਿਹੜਾ ਸੂਫ਼ੀ ਫ਼ਕੀਰਾਂ ਤੋਂ ਬਾਅਦ ਕੋਈ ਲਾਸ਼ ਦਿਆਂ
ਕੇਸਾਂ ਵਾਂਗ ਵੱਧਣ ਤੋਂ ਹੱਟ ਗਿਆ, ਕੋਈ ਸਾਧੇ ਪਾਣੀ ਤੋਂ ਸਜਾਈ ਬਰਫ਼ ਦੀ ਅਸਚਰਜ
ਮੂਰਤੀ ਤੋਂ ਪਿਘਲ ਕੇ ਦੁਬਾਰਾ ਸਾਧਾ ਪਾਣੀ ਹੋ ਗਿਆ। ਸੋਹਣੀ ਦਾ ਘੜਾ ਤਾਂ ਕੀ,
ਸੋਹਣੀ ਵੀ ਗੁਦਾਜ਼ ਹੋ ਗਈ!
ਇਹ ਤਕਸੀਰ ਪੰਜਾਬੀ ਨਾਵਲਾਂ ਦੇ ਕਦਾਮਤ ਪਸੰਦੀ
"ਲੇਖਕ" ਤੇ "ਕਵੀਆਂ" ਦੀ - ਜਿਨ੍ਹਾਂ ਨੂੰ ਇਕ ਪਿੰਡ, ਇੱਕ ਮੁੰਡਾ, ਇੱਕ ਕੁੜੀ,
ਪ੍ਰੇਮ, ਤੇ ਹਾਟ-ਅਟੈਕ ਵਜੋਂ ਮੌਤ, ਤੋਂ ਪਰੇ ਕੋਈ ਦੁਨੀਆ ਨਜ਼ਰ ਹੀ ਨੀ ਆਓਂਦੀ!
ਅਜਿਹੇ "ਲਿਖ਼ਾਰੀ" ਸੈਕਸਿਸਟ ਗੀਤਾਂ, ਨਾਵਲਾਂ
ਜ਼ਰੀਏ ਆਪਣੀ ਜਵਾਨੀ ਦੀਆਂ ਕਲਪਨਾਵਾਂ ਹੀ ਪੂਰੀਆਂ ਕਰੀ ਜਾ ਰਹੇ ਨੇ। ਮੇਰੇ
ਬੁੱਲ੍ਹ ਪੰਜਾਬ ਦੀ ਇਹ ਮਲੀਨ ਤੇ ਫ਼ਿੱਕੀ ਲੱਸੀ ਪੀਕੇ ਅੱਕ ਚੁੱਕੇ ਸਨ ਤੇ ਸੋਚਦਾ
ਸਾਂ ਕਿ ਯੂਨੈਸਕੋ ਗ਼ਲਤ ਹੈ ਕਿ
ਪੰਜਾਬੀ ਬੋਲੀ ਪੰਜਾਹਾਂ ਸਾਲਾਂ ਤਕ ਖ਼ਤਮ ਹੋ ਜਾਣੀ। ਕਿਉਂਕਿ
ਪੰਜਾਬੀ ਤਾਂ ਆਪਣੀਆਂ ਹੀ ਸਿਹਾਰੀਆਂ ਬਿਹਾਰੀਆਂ ਨਾਲ ਫਾਹਾ ਲੈਕੇ ਮਰ ਚੁੱਕੀ
ਹੈ। ਪਰ ਫੇਰ ਬੇਲੀਓ; ਪੰਜਾਬੀ ਬੋਲੀ ਦੇ ਫਾਟਕ ਹੇਠਾਂ ਦੀ ਚੋਰੀ ਚੋਰੀ ਲੰਘ ਆਇਆ
- ਰੁਪਿੰਦਰਪਾਲ ਸਿੰਘ ਢਿੱਲੋਂ...
ਸਾਡੇ ਧੰਨ-ਭਾਗ ਨੇ ਕਿ
ਇਹ ਇੰਗਲੈਂਡ ਦਾ ਜੰਮਪੱਲ ਲਿਖ਼ਾਰੀ ਜੋ ਅੰਗਰੇਜ਼ੀ ਸਾਹਿਤ ਵਿੱਚ ਮਾਹਿਰ ਹੈ,
ਔਕਸਫੋਡ ਯੂਨੀਵਰਸਿਟੀ ਦਾ ਫ਼ਾਜ਼ਿਲ, ਜਿਸ ਦੀ ਦਿਮਾਗ਼ੀ-ਤਜੌਰੀ ਲਾ-ਤਦਾਦ ਅੰਗ੍ਰੇਜ਼ੀ
ਲੇਖਕਾਂ ਦੇ ਅਧਿਐਨ ਭਰਪੂਰ ਹੈ, ਉਹ ਆਪਣੀ ਰੁਚੀ ਤੇ ਰੁਝਾਨ ਦੀ ਦਵਾ ਇਕ
ਵਿਲ਼ਾਇਤੀ ਵੈਦ ਵਾਂਗ ਵਫ਼ਾਤ ਦੇ ਦਰ ਬੈਠੀ ਪੰਜਾਬੀ ਵੱਲ ਲੈਕੇ ਆਇਆ। ਇਸ ਨੌਜਵਾਨ
ਦੀ ਸਥਿੱਤੀ ਸੀ ਕੇ ਅਂਗ੍ਰੇਜ਼ਾਂ ਦੇ ਇਲਾਕੇ ਜੰਮਣ ਸਦਕਾ ਕੋਈ ਪੰਜਾਬੀ ਕਲਾਸ ਨਾ
ਹੋਣ ਕਰਕੇ ਇਹਨੂੰ ਪੰਜਾਬੀ ਨਾ ਪੜ੍ਹਨੀ ਨਾ ਲਿੱਖਣੀ ਆਉਂਦੀ ਸੀ। ਸੋ ਆਪਣੇ ਵਤਨ
ਦੀ ਕੂਕ ਸੁਣਕੇ, ਇਹ ਮੁਸਾਫਿਰ ਆਪਣੀ ਬੋਲੀ ਵੱਲ ਤੁਰਿਆ, ਅਤੇ ਪੈਂਤੀ ਸਾਲਾਂ ਦੀ
ਉਮਰ ਵਿੱਚ, ਅਕੌਂਟਂਸੀ ਦੀ ਨੌਕਰੀ, ਇੱਕ ਟੱਬਰ (ਦੋ ਛੋਟੇ ਬੱਚੇ ਵੀ), ਦੀ
ਜੁੰਮੇਵਾਰੀ ਦੇ ਨਾਲ ਨਾਲ ਇਹਨੇ ਨਿਆਣਿਆਂ ਨੂੰ ਪੰਜਾਬੀ ਸਿੱਖਾਉਣ ਵਾਲੀ ਕਿਤਾਬ
ਖਰੀਦਕੇ ਆਪਣੇ ਆਪ ਪੰਜਾਬੀ ਸਿੱਖੀ - ਵਾਹ ਰੂਪ ਜੀ ਵਾਹ!
ਆਪਣੀ ਤਾਜ਼ੀ ਲਿੱਪੀ ਦੇ ਨਵਾਲੇ ਜੋੜ ਜੋੜ ਪੰਜਾਬੀ
ਵਿੱਚ ਇਬਰਤ-ਨਾਕ ਨਾਵਲਾਂ ਤੇ ਕਵਿਤਾਵਾਂ ਲਿੱਖਣ ਲੱਗਾ, ਪਰ ਸਿਰਫ਼ ਇੱਥੇ ਨਹੀਂ
ਗੱਲ ਮੁਕਦੀ! ਕਿਉਂਕੇ ਰੂਪ ਢਿੱਲੋਂ ਇੱਕ ਤਾਜ਼ੀ ਸੋਚ ਵੀ ਨਾਲ ਨਾਲ ਲੈਕੇ ਆਇਆ!
ਇਸ ਹਸਤੀ ਨੇ ਪੰਜਾਬੀ ਵਿੱਚ ਸਾਈਅਂਸ ਫ਼ਿਕਸ਼ਨ ਦਾ ਖੇਤਰ ਬਣਾਇਆ, ਉਸ ਦੇ
ਨਾਲ ਨਾਲ ਪੰਜਾਬੀ ਵਿੱਚ ਨਵੀਂ ਸ਼ਬਦਾਵਲੀ ਦਾ ਉੱਤਪਨ ਕੀਤਾ। ਇਸ ਦੀਆਂ ਕਹਾਣੀਆਂ
ਬੇਸ਼ਕ ਸਾਈਅਂਸ ਫ਼ਿਕਸ਼ਨ ਤੇ ਅਧਾਰਤ ਨੇ ਪਰ ਇਨ੍ਹਾਂ ਦੇ ਹੇਠਾਂ ਪੰਜਾਬ ਦੇ
ਪੰਜਾਬੀ ਤੇ ਪੰਜਾਬ ਤੋਂ ਬਾਹਰ ਪੰਜਾਬੀਆਂ ਦੀਆਂ ਸਮਸਿਆਵਾਂ ਦੀ ਲਹਿਰ ਹੈ। ਇਸ
ਲੇਖਕ ਦੇ ਹਰ ਲੇਖ ਵਿਚ ਔਰਤ ਦੀ ਬਰਾਬਰਤਾ, ਗ਼ਰੀਬਾਂ ਦੀ ਦਾਸਤਾਨ, ਜਮਾਤਾਂ ਦਾ
ਫ਼ਰਕ, ਤੇ ਹੋਰ ਜਗਪੀੜਤਮੂਕਾਂ ਆਦਿ ਕੋਈ ਨਾ ਕੋਈ ਸਿਖਿਆ-ਮੁਸਤੈਦੀ ਜ਼ਰੂਰ ਜ਼ਾਹਿਰ
ਹੁੰਦੀ ਹੈ।
ਰੂਪ ਦੀ ਨਾਬਿਰ ਕਲਮ ਨੇ ਬਹੁਤ ਸੰਘਰਸ਼ ਕੀਤਾ ਹੈ, ਤੇ
ਕਿਸੇ ਵੀ ਸਥਾਪਿਤ ਲੇਖਕ ਜਾਂ ਪ੍ਰਕਾਸ਼ਿਤ ਤੋਂ ਮਦਤ ਲੈਣ ਵਿੱਚ ਵੀ ਬਦਨਸੀਬ ਰਿਹਾ
ਹੈ, ਹਾਲਾਂਕਿ ਕੁਝ ਲੇਖਕਾਂ ਨੇ ਹੱਲਾ-ਸ਼ੇਰੀ ਤਾਂ ਕੀ ਬਦ-ਦੁਆਵਾਂ ਹੀ ਰੂਪ ਨੂੰ
ਦਿੱਤੀਆਂ ਨੇ। ਹਾਂ, ਰੂਪ ਦੀਆਂ ਕਹਾਣੀਆਂ ਵਿੱਚ ਸਪੈਲਿਂਗ ਤੇ
ਗਰੈਮਰ ਦੀਆਂ ਗ਼ਲਤੀਆਂ ਤੁਹਾਨੂੰ ਨਜ਼ਰ ਆਉਣਗੀਆਂ। ਪਰ ਸੋਚੋ, ਇਸ ਇਂਗਲੈਂਡ
ਦੇ ਜੰਮਪੱਲ ਨੇ ਆਪ, ਦੋ ਸਾਲਾਂ ਦੇ ਅੰਦਰ, ਇੱਕ ਕਿਤਾਬ ਤੋਂ, ਪੰਜਾਬੀ ਸਿੱਖੀ,
ਤੇ ਅਜੇ ਵੀ ਸਿੱਖ ਰਿਹਾ ਹੈ। ਇਸ ਦੀ ਪੰਜਾਬੀ ਵਿੱਚ ਸਮਝ ਤੇ ਅਕਾਂਖਿਆ ਸਿਰਫ
ਵੱਧ ਹੀ ਸਕਦੀ ਹੈ ਨਾ? ਕਿਉਂ?
ਸੋ; ਇਹ ਹੈ "ਭਰਿੰਡ" ਦੀ ਹੋਂਦ ਦੀ ਕਹਾਣੀ, ਤੇ ਇਸ
ਬਾਗ਼ੀ ਕਿਤਾਬ ਦਾ ਹੋਰ ਮੁਲਾਂਕਣ ਕਰਨ ਦੀ ਲੋੜ ਨਹੀਂ ਮੈਨੂੰ, ਇਹ ਹੀ ਕਾਫ਼ੀ ਹੈ,
ਮੈਂ ਵੀ ਰੂਪ ਵਾਂਗ ਇੰਗਲੈਂਡ ਦਾ ਜੰਮਪੱਲ ਹਾਂ ਤੇ ਮੈਨੂੰ ਉਸ ਤੇ ਫਖ਼ਰ ਹੈ।
ਮੈਨੂੰ ਸੱਚ-ਮੁੱਚ ਜਾਪਦਾ ਹੈ ਕੇ ਪਹਿਲੀ ਵਾਰ ਪੰਜਾਬੀ ਨੂੰ ਕੋਈ ਇਂਟਰਨੈਸ਼ਨਲ
ਸਾਹਿਤ ਦੇ ਮਿਆਰ ਤੇ ਅਨੁਵਾਦ ਮੁਨਾਸਿਬ, ਸਾਮੱਗਰੀ ਦਿੱਤੀ ਗਈ ਹੈ।
ਮੇਰੀ ਸਭਨੂੰ ਇਹ ਹੀ ਬੇਹਨਤੀ ਹੈ ਕੇ ਰੂਪ ਦੀ ਕਿਤਾਬ
ਖਰੀਦੋ, ਇਹ ਪੰਜਾਬੀ ਦੀ ਨਵੀਂ ਪਰਦੇਸੀ-ਲਹਿਰ ਨੂੰ ਹੱਲਾ-ਸ਼ੇਰੀ ਦਿਓ, ਵੈਸੇ ਵੀ
ਮੈਂ ਜਾਣਦਾ ਹਾਂ ਕੇ ਪੰਜਾਹਾਂ ਸਾਲਾਂ ਤਕ ਲੋਕ ਆਖਣ ਗੇ ਤਾਂ ਸਹੀ "ਰੂਪ ਢਿਲੋਂ
ਇਸ ਆ ਲੈਜੰਡ!"
ਰਾਣਾ ਬੋਲਾ |