ਪੁਸਤਕ
ਦਾ ਨਾਮ - ਸੇਵਾ ਸਿਮਰਨ ਦੀ ਮੂਰਤਿ :ਸੰਤ ਬਾਬਾ ਨਿਧਾਨ ਸਿੰਘ (ਜੀਵਨ ਤੇ
ਸਿਧਾਂਤਕ ਪੱਖ)
ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਪ੍ਰਕਾਸ਼ਕ -ਸੰਤ ਬਾਬਾ ਨਿਧਾਨ ਸਿੰਘ ਜੀ ਕਲਚਰਲ ਸੁਸਾਇਟੀ ਨਾਰਥ ਅਮਰੀਕਾ
(ਰਜਿ.)
ਮੁੱਲ -150 / ਰੁਪੈ (3 ਡਾਲਰ)
ਸਫੇ - 140
ਮਿਲਣ ਦਾ ਪਤਾ - ਸਿੰਘ ਬ੍ਰਦਰਜ਼ ਅੰਮ੍ਰਿਤਸਰ
ਸਿੱਖ ਧਰਮ ਦਾ ਆਗਾਜ ਸਮਾਜ ਦੀ ਨਿਗਰ ਚੁੱਕੀ ਅਵੱਸਥਾ
ਕਾਰਣ ਦੁਖੀ ਹੋਈ ਲੋਕਾਈ ਦੀ ਪੁਕਾਰ ਸੁਣ ਕੇ ਨਿਰੰਕਾਰ ਵੱਲੋਂ ਗੁਰੂ ਨਾਨਕ ਦੇਵ
ਜੀ ਨੂੰ ਸੰਸਾਰ ਵਿੱਚ ਭੇਜਣ ਨਾਲ ਹੋਇਆ । ਗੁਰੂ ਨਾਨਕ ਜੋਤ ਨੇ ਰੱਬੀ ਹੁਕਮ
ਅਧੀਨ ਨਿਰੰਤਰ 230 ਸਾਲ ਦੀ ਘਾਲਣਾ ਉਪਰੰਤ ਖਾਲਸੇ ਦੇ ਰੂਪ ਵਿੱਚ ਇਕ ਆਦਰਸ਼ਕ
ਇਨਸਾਨ ਦੀ ਸਿਰਜਣਾ ਕੀਤੀ ਜਿਸ ਨੂੰ ਅਕਾਲ ਪੁਰਖ ਦੀ ਫੌਜ ਹੋਣ ਕਰਕੇ ਸੰਤ
ਸਿਪਾਹੀ ਦੀ ਸੰਗਿਆ ਹਾਸਲ ਹੋਈ । ਗੁਰੂ ਸਾਹਿਬਾਨ ਨੇ ‘ਹਸੰਦਿਆਂ ਖੇਲੰਦਿਆ
ਪਹਿਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤਿ’ ਦੇ ਉਪਦੇਸ਼ ਦੁਆਰਾ ਪ੍ਰਵਿਰਤੀ ਮਾਰਗ
ਤੇ ਚਲ ਕੇ ਸੰਸਾਰਿਕ ਜੀਵਨ ਬਸਰ ਕਰਨ ਦੀ ਸਿਖਿਆ ਦਿੱਤੀ ।
ਇਸ ਮਾਰਗ ਤੇ ਚਲਦਿਆਂ ਅਨੇਕਾਂ ਗੁਰਸਿੱਖਾਂ ਨੇ
ਇਤਿਹਾਸ ਦੇ ਪੰਨਿਆਂ ਉੱਤੇ ਆਪਣੀਆਂ ਅਮਿੱਟ ਪੈੜਾਂ ਛੱਡੀਆਂ ਹਨ । ਇਹਨਾਂ ਮਹਾਨ
ਸਿੱਖਾਂ ਵਿੱਚੋਂ ਹੀ ਬਾਬਾ ਨਿਧਾਨ ਸਿੰਘ ਜੀ ਦਾ ਨਾਮ ਵੀ ਸ਼ਾਮਲ ਹੈ ਜਿੰਨ੍ਹਾਂ
ਨੇ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤਿ ਸਮਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਜੂਰ
ਸਾਹਿਬ ਵਿਖੇ ਲੰਗਰ ਦੀ ਸੇਵਾ ਆਰੰਭ ਕਰਕੇ ਇਕ ਵਿਸ਼ੇਸ਼ ਨਾਮਣਾ ਖੱਟਿਆ ਹੈ। ਆਪ ਜੀ
ਦੁਆਰਾ ਆਰੰਭ ਕੀਤੀ ਲੰਗਰ ਦੀ ਸੇਵਾ ਅੱਜ ਹਜੂਰ ਸਾਹਿਬ ਵਿਖੇ ਇਕ ਵਿਸ਼ਾਲ ਰੂਪ
ਅਖਿਤਿਆਰ ਕਰ ਚੁੱਕੀ ਹੈ ਅਤੇ ਤਖਤ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਆਉਣ
ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਨਾਲ-ਨਾਲ ਰਿਹਾਇਸ਼ ਲਈ ਵੀ ਬੜੇ ਵੱਡੇ ਪੱਧਰ
ਤੇ ਪ੍ਰਬੰਧ ਚਲ ਰਹੇ ਹਨ । ਇਸ ਮਹਾਨ ਆਤਮਾ ਦੇ ਜੀਵਨ ਬਾਰੇ ਸੰਗਤਾਂ ਨੂੰ ਬਹੁਤ
ਘੱਟ ਜਾਣਕਾਰੀ ਮਿਲਦੀ ਸੀ ।ਇਸ ਪੁਸਤਕ ਰਾਹੀਂ ਆਪ ਦੁਆਰਾ ਕੀਤੀ ਘਾਲ ਕਮਾਈ ਤੇ
ਸੇਵਾ ਸਿਮਰਨ ਨਾਲ ਇਕ-ਮਿਕ ਹੋਈ ਸ਼ਖਸ਼ੀਅਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ ਲਈ
ਅਕਾਦਮਿਕ ਪੱਧਰ ਦਾ ਇਹ ਪਹਿਲਾ ਉਪਰਾਲਾ ਹੈ ਜਿਸ ਦੁਆਰਾ ਆਪ ਵਰਗੀ ਮਹਾਨ ਸਖਸ਼ੀਅਤ
ਨੂੰ ਬਣਦਾ ਸਨਮਾਨ ਦੇਣ ਦਾ ਯਤਨ ਕੀਤਾ ਗਿਆ ਹੈ ।
ਇਸ ਪੁਸਤਕ ਦੇ ਤਿੰਨ ਭਾਗ ਬਣਾਏ ਗਏ ਹਨ । ਪਹਿਲੇ ਭਾਗ
ਵਿੱਚ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਤੇ ਉਨ੍ਹਾਂ ਦੁਆਰਾ ਕੀਤੀ ਗਈ
ਘਾਲਣਾ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰਨ ਵਾਲੇ ਲੇਖ ਸ਼ਾਮਲ ਹਨ । ਇਸ ਵਿੱਚ
ਪਹਿਲਾ ਲੇਖ ਸੇਵਾ ਸਿਮਰਨ ਦੀ ਮੂਰਤਿ ਸੰਤ ਬਾਬਾ ਨਿਧਾਨ ਸਿੰਘ ਜੀ ਜਥੇਦਾਰ
ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਰਾਂ ਦਾ ਲਿਖਿਆ
ਹੋਇਆ ਹੈ । ਜਿਸ ਵਿੱਚ ਆਪ ਨੇ ਸੰਤਾਂ ਦੁਆਰਾ ਕੀਤੀ ਸੇਵਾ ਤੇ ਬੰਦਗੀ ਦਾ
ਬਾਖੂਬੀ ਚਿੱਤਰ ਪੇਸ਼ ਕੀਤਾ ਹੈ । ਦੂਜਾ ਲੇਖ ਸ੍ਰੋ : ਗੁ: ਪ੍ਰ: ਕਮੇਟੀ ਦੇ
ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੰਗਰ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ
ਸੰਤਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਦਿੱਤੀ ਗਈ ਹੈ । ਇਸ
ਵਿੱਚ ਤੀਜਾ ਲੇਖ ਸ੍ਰ: ਸਤਪਾਲ ਸਿੰਘ ਨਡਾਲੋਂ ਦੁਆਰਾ ਸੰਤ ਬਾਬਾ ਨਿਧਾਨ ਸਿੰਘ
ਜੀ ਦੇ ਜੀਵਨ ਬ੍ਰਿਤਾਂਤ ਨੂੰ ਵਿਸਥਾਰ ਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ । ਸ੍ਰ:
ਓਅੰਕਾਰ ਸਿੰਘ ਨੇ ਵੀ ਸੰਤ ਬਾਬਾ ਨਿਧਾਨ ਸਿੰਘ ਦੇ ਜੀਵਨ ਨੂੰ ਗੁਰੂ ਘਰ ਦੇ ਇਕ
ਮਹਾਨ ਸੇਵਕ ਵਜੋਂ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਹੈ ।
ਸ੍ਰ.ਗੁਰਚਰਨ ਸਿੰਘ ਸੰਘਾ ਨੇ ਸੰਤਾਂ ਦੇ ਹਜੂਰ ਸਾਹਿਬ ਨਿਵਾਸ ਤੇ ਸੇਵਾ
ਬਾਰੇ ਬਾਖੂਬੀ ਚਾਨਣਾ ਪਾਇਆ ਹੈ। ਡਾ. ਅਨੁਰਾਗ
ਸਿੰਘ ਨੇ ਸੰਤਾਂ ਦੀ ਜਨਮ ਭੂਮੀ ਨਡਾਲੋਂ ਤੋਂ ਕਰਮ ਭੂਮੀ ਹਜ਼ੂਰ ਸਾਹਿਬ ਤੱਕ ਦੇ
ਸਫਰ ਨੂੰ ਸੰਖੇਪ ਤੇ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ ।
ਪੁਸਤਕ ਦੇ ਦੂਸਰੇ ਭਾਗ ਵਿੱਚ ਸੰਤ ਬਾਬਾ ਨਿਧਾਨ ਸਿੰਘ
ਜੀ ਦੇ ਸਮਕਾਲੀ ਹੋਏ ਮਹਾਂਪੁਰਖਾਂ ਦੇ ਜੀਵਨ ਸ਼ਾਮਲ ਕੀਤੇ ਗਏ ਹਨ । ਇਸ ਭਾਗ
ਵਿੱਚ ਸੰਤ ਬਾਬਾ ਅਤਰ ਸਿੰਘ ਜੀ ਸੰਤ ਬਾਬਾ ਨੰਦ ਸਿੰਘ ਜੀ , ਸੰਤ ਬਾਬਾ ਦੀਵਾਨ
ਸਿੰਘ ਨਡਾਲੋਂ ਤੇ ਭਾਈ ਰਣਧੀਰ ਸਿੰਘ ਬਾਬਤ ਲੇਖ ਸ਼ਾਮਲ ਹਨ ।
ਇਸ ਪੁਸਤਕ ਦੇ ਆਖਰੀ ਭਾਗ ਵਿੱਚ ਸਿਧਾਂਤਕ ਪੱਖ ਨੂੰ
ਸਪੱਸ਼ਟ ਕਰਨ ਵਾਲੇ ਲੇਖ ਸ਼ਾਮਲ ਕੀਤੇ ਗਏ ਹਨ । ਪਹਿਲਾ ਲੇਖ ਗੁਰਮਤਿ ਵਿੱਚ ਭਗਤੀ
ਤੇ ਸੰਕਲਪ ਬਾਰੇ ਹੈ । ਦੂਜਾ ਲੇਖ ਸੇਵਾ ਦੇ ਸੰਕਲਪ ਨੂੰ ਸਪੱਸ਼ਟ ਕਰਦਾ ਹੈ ।
ਤੀਸਰਾ ਲੇਖ ਲੰਗਰ ਦੀ ਮਹਾਨਤਾ ਨੂੰ ਉਜਾਗਰ ਕਰਦਾ ਹੈ ।ਚੌਥਾ ਲੇਖ ਦਸਵੰਧ ਦੀ
ਸਿੱਖ ਧਰਮ ਵਿਚ ਮਹਾਨਤਾ ਨੂੰ ਦਰਸਾਉਂਦਾ ਹੈ।ਪੰਜਵਾਂ ਲੇਖ ਗੁਰਮਤਿ ਵਿੱਚ ਸੰਤ
ਦੇ ਸੰਕਲਪ ਦੀ ਵਿਆਖਿਆ ਕਰਦਾ ਹੈ । ਅੰਤਿਮ ਭਾਗ ਦੇ ਇਹ ਸਾਰੇ ਲੇਖ ਸੰਤ ਬਾਬਾ
ਨਿਧਾਨ ਸਿੰਘ ਜੀ ਦੇ ਜੀਵਨ ਵਿੱਚ ਕੀਤੇ ਗਏ ਕਾਰਜਾਂ ਨਾਲ ਸਬੰਧ ਰੱਖਣ ਵਾਲੇ ਹਨ
ਜਿਸ ਕਰਕੇ ਇਨ੍ਹਾਂ ਬਾਰੇ ਗੁਰਬਾਣੀ ਅੰਦਰ ਪ੍ਰਗਟਾਏ ਗਏ ਵਿਚਾਰਾਂ ਨੂੰ ਅਧਾਰ
ਬਣਾ ਕੇ ਗੁਰਮਤਿ ਦੇ ਨਜ਼ਰੀਏ ਨੂੰ ਸਪੱਸ਼ਟ ਕਰਨ ਦਾ ਇਕ ਉਪਰਾਲਾ ਕੀਤਾ ਗਿਆ ਹੈ
।ਸੰਤ ਬਾਬਾ ਨਿਧਾਨ ਸਿੰਘ ਦੇ ਜੀਵਨ ਨੂੰ ਵਾਚਿਆਂ ਤੇ ਇਨ੍ਹਾਂ ਲੇਖਾਂ ਵਿਚ
ਗੁਰਬਾਣੀ ਦੇ ਪ੍ਰਗਟਾਏ ਗਏ ਵਿਚਾਰਾਂ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਆਪ ਦਾ
ਜੀਵਨ ਗੁਰਬਾਣੀ ਦੀਆਂ ਸਿਖਿਆਵਾਂ ਦੇ ਅਨੁਕੂਲ ਸੀ।
ਸੰਤ ਬਾਬਾ ਨਿਧਾਨ ਸਿੰਘ ਜੀ ਕਲਚਰਲ ਸੁਸਾਇਟੀ ਨਾਰਥ
ਅਮਰੀਕਾ ਵਲੋਂ ਇਸ ਪੁਸਤਕ ਦੇ ਪਹਿਲੇ ਐਡੀਸ਼ਨ ਦੀ ਸੇਵਾ ਕਰਾਈ ਗਈ ਹੈ।
ਪੁਸਤਕ ਦੇ ਸੰਪਾਦਕ ਪਰਮਜੀਤ ਸਿੰਘ ਸਰੋਆ ਇਸ ਸਾਰੀ ਸਮਗਰੀ ਨੂੰ
ਖੂਬਸੂਰਤ ਢੰਗ ਨਾਲ ਪੇਸ਼ ਕਰਨ ਤੇ ਪੁਸਤਕ ਨੂੰ ਆਦਰਸ਼ਕ ਦਿਖ ਪ੍ਰਦਾਨ ਕਰਨ ਲਈ
ਵਧਾਈ ਦੇ ਹਕਦਾਰ ਹਨ । ਸੇਵਾ ਸਿਮਰਨ ਦੇ
ਪਾਂਧੀਆਂ ਲਈ ਇਹ ਪੁਸਤਕ ਇਕ ਸਾਂਭਣਯੋਗ ਸੁਗਾਤ ਹੈ।ਇਹ ਪੁਸਤਕ ਗੁਰਮਤਿ ਸਾਹਿਤ
ਦੇ ਖੇਤਰ ਵਿਚ ਵਿਲਖਣ ਸਥਾਨ ਰਖਣ ਵਾਲੇ ਪ੍ਰਕਾਸ਼ਕ ਸਿੰਘ ਬ੍ਰਦਰਜ਼ ਅੰਮ੍ਰਿਤਸਰ
ਤੋਂ ਮਿਲ ਸਕਦੀ ਹੈ।
ਡਾ. ਸ਼ਾਹਿਬ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ
|