|
ਕੋਈ ਵੀ ਲੇਖਕ ਜਦੋਂ ਕੋਈ ਰਚਨਾ ਲਿਖਦਾ ਹੈ, ਜੋ ਕੁਝ ਉਸ ਸਮੇਂ ਸਮਾਜ
ਵਿਚ ਵਾਪਰ ਰਿਹਾ ਹੁੰਦਾ ਹੈ, ਉਸਦਾ ਪ੍ਰਤੱਖ ਰੂਪ ਵਿਚ ਪ੍ਰਭਾਵ ਉਸਦੀ
ਲੇਖਣੀ ਤੇ ਪੈਂਦਾ ਹੈ। ਸੁਰਿੰਦਰ ਸੈਣੀ ਵੀ ਅਜਿਹੀ ਹੀ ਕਵਿਤਰੀ ਹੈ,
ਜਿਸਨੂੰ ਸਮਾਜਿਕ ਵਾਤਾਵਰਨ ਨੇ ਗਹਿਰਾ ਪ੍ਰਭਾਵਤ ਕੀਤਾ ਹੈ, ਜੋ ਉਸਦੀਆਂ
ਕਵਿਤਾਵਾਂ ਤੋਂ ਮਹਿਸੂਸ ਹੁੰਦਾ ਹੈ। ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ
ਪਿਆਰੇ ਨੂੰ’’ ਦੀਆਂ ਕਵਿਤਾਵਾਂ ਬਿਰਹਾ, ਮੁਹੱਬਤ ਅਤੇ ਅਹਿਸਾਸਾਂ ਦੀਆਂ
ਮਹਿਕਾਂ ਖਿਲਾਰਦੀਆਂ ਹੋਈਆਂ ਮਾਨਸਿਕ ਤ੍ਰਿਪਤੀ ਦਾ ਪ੍ਰਤੀਕ ਸਾਬਤ ਹੋ
ਰਹੀਆਂ ਹਨ। ਆਪਣੇ ਪਤੀ ਦੇ ਵਿਛੋੜੇ ਵਿਚ ਲਿਖੀਆਂ ਗਈਆਂ 94 ਕਵਿਤਾਵਾਂ
ਵਿਚੋਂ ਬਿਰਹਾ ਦੇ ਦਰਦ ਦੀ ਚੀਸ ਪੈਂਦੀ ਹੈ ਪ੍ਰੰਤੂ ਇਸ ਦੇ ਨਾਲ ਹੀ
ਸੰਤੁਸ਼ਟੀ ਦਾ ਵੀ ਪ੍ਰਭਾਵ ਮਿਲਦਾ ਹੈ। ਇਹ ਸੁਰਿੰਦਰ ਸੈਣੀ ਦੀ ਤੀਜੀ ਪੁਸਤਕ
ਹੈ। ਇਸ ਤੋਂ ਪਹਿਲਾਂ ਕਵਿਤਾਵਾਂ ਦੀਆਂ ਦੋ ਪੁਸਤਕਾਂ‘ ਚੰਨਾ ਦੂਰ ਦਿਆ’
ਅਤੇ ‘ਅੱਥਰੀ ਪੀੜ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ਸੁਰਿੰਦਰ ਸੈਣੀ ਦੀ
‘‘ਮਿੱਤਰ ਪਿਆਰੇ ਨੂੰ’’ ਪੁਸਤਕ ਦੇ ਨਾਮ ਨੇ ਹੀ ਕਾਫੀ ਕੁਝ ਸ਼ਪੱਸਟ ਕਰ
ਦਿੱਤਾ ਹੈ ਕਿ ਇਸ ਪੁਸਤਕ ਵਿਚ ਆਪਣੇ ਪਿਆਰੇ ਮਿੱਤਰ ਬਾਰੇ ਹੀ ਕਵਿਤਾਵਾਂ
ਹੋਣਗੀਆਂ। ‘‘ਮਿੱਤਰ ਪਿਆਰੇ ਨੂੰ’’ ਨਾਮ ਤੋਂ ਇੱਕ ਪ੍ਰਭਾਵ ਇਹ ਵੀ ਪੈਂਦਾ
ਹੈ ਕਿ ਇਹ ਪੁਸਤਕ ਧਾਰਮਿਕ ਹੋਵੇਗੀ। ਮਿੱਤਰ ਪਿਆਰਾ ਕੋਈ ਵੀ ਹੋ ਸਕਦਾ,
ਪਤੀ, ਦੋਸਤ ਜਾਂ ਪ੍ਰਮੇਸ਼ਰ। ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਗੁਰਬਾਣੀ ਦੀ
ਤੁਕ ‘‘ਤੇਰਾ ਕੀਆ ਮੀਠਾ ਲਾਗੇ ਹਰਿ ਨਾਮੁ ਪਦਾਰਥ ਨਾਨਕ ਮਾਂਗੇ’’ ਦੀ
ਵਿਚਾਰਧਾਰਾ ਤੇ ਪਹਿਰਾ ਦਿੰਦੀਆਂ ਲੱਗਦੀਆਂ ਹਨ ਕਿਉਂਕਿ ਆਪਣੇ ਪਤੀ ਦੇ
ਵਿਛੋੜੇ ਦੇ ਦਰਦ ਨੂੰ ਉਸਨੇ ਫਰਾਕ ਦਿਲੀ ਅਤੇ ਬਹਾਦਰੀ ਨਾਲ ਪ੍ਰਵਾਨ
ਕਰਦਿਆਂ ਆਪਣੇ ਪਤੀ ਨਾਲ ਬਿਤਾਏ ਸਮੇਂ ਦੇ ਸੁਨਹਿਰੀ ਅਹਿਸਾਸਾਂ ਨੂੰ ਪੱਲੇ
ਬੰਨਕੇ ਉਸ ਦੀ ਯਾਦ ਵਿਚ ਕਵਿਤਾਵਾਂ ਲਿਖਕੇ ਜੀਵਨ ਬਸਰ ਕਰਨ ਦਾ ਦਲੇਰੀ
ਵਾਲਾ ਫ਼ੈਸਲਾ ਕਰ ਲਿਆ। ਜਿਸ ਫ਼ੈਸਲੇ ਸਦਕਾ ਉਹ ਅੱਜ ਆਪਣਾ ਪਰਿਵਾਰਿਕ ਜੀਵਨ
ਖ਼ੁਸ਼ੀਆਂ ਅਤੇ ਖੇੜਿਆਂ ਨਾਲ ਸਾਹਿਤਕ ਸਰਗਰਮੀਆਂ ਰਾਹੀਂ ਬਸਰ ਕਰ ਰਹੀ ਹੈ।
ਇਹ ਕਵਿਤਾਵਾਂ ਸਬਰ ਤੇ ਸੰਤੋਖ ਦਾ ਆਸਰਾ ਲੈ ਕੇ ਉਸਨੂੰ ਸੰਤੁਸ਼ਟੀ ਨਾਲ
ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਥੇ ਹੀ ਬਸ ਨਹੀਂ ਸੁਰਿੰਦਰ
ਸੈਣੀ ਨੇ ਆਪਣੀ ਪੀੜ ਨੂੰ ਅਜਿਹੇ ਸੁੰਦਰ ਅਨੁਭਵ ਅਤੇ ਸ਼ਬਦਾਂ ਦੀ ਮਾਲਾ
ਪਹਿਨਾਈ ਹੈ ਕਿ ਜਿਹੜੀ ਵਿਛੋੜੇ ਦੇ ਦਰਦ ਨੂੰ ਸਹਿਨ ਕਰਨ ਦੀ ਸਮਰੱਥਾ
ਦਿੰਦੀ ਹੈ। ਗ਼ਮੀ ਅਤੇ ਵਿਛੋੜੇ ਦੇ ਦਰਦ ਵਾਲੀਆਂ ਕਵਿਤਾਵਾਂ ਵਿਚੋਂ ਵਿਯੋਗ
ਦੀ ਮਿੱਠੀ-ਮਿੱਠੀ ਖ਼ੁਸ਼ਬੂ ਆਉਂਦੀ ਹੈ, ਜੋ ਮਨੁੱਖੀ ਮਨ ਨੂੰ ਸਰਸਾਰ ਕਰਦੀ
ਹੈ। ਉਹ ਆਪਣੇ ਵਿਛੋੜੇ ਦੇ ਹਉਕੇ ਨੂੰ ਆਮ ਲੋਕਾਈ ਦੀ ਪੀੜਾ ਬਣਾਉਣ ਵਿਚ
ਸਫਲ ਹੋ ਗਈ ਹੈ ਕਿਉਂਕਿ ਪਿਆਰ ਵਿਚ ਪਰੁਚਿਆ ਹਰ ਇਨਸਾਨ ਬਿਰਹਾ ਦੀ ਅੱਗ ਦਾ
ਸੇਕ ਝੱਲ ਰਿਹਾ ਹੈ। ਕਵਿਤਰੀ ਔਖੇ ਸਮੇਂ ਤੇ ਦੁੱਖ ਉਪਰ ਕਾਬੂ ਪਾਉਣ ਲਈ
ਕਵਿਤਾ ਲਿਖਕੇ ਆਪਣੇ ਦਿਲ ਦੀ ਭੜਾਸ ਆਪ ਕੱਢ ਲੈਂਦੀ ਹੈ ਅਤੇ ਹੋਰਾਂ ਨੂੰ
ਇੰਜ ਕਰਨ ਲਈ ਪ੍ਰੇਰਦੀ ਹੈ। ਉਸ ਦੀ ਕਵਿਤਾ ਵਿਚ ਜੋਸ਼, ਹੋਸ਼, ਅਵਾਰਗੀ,
ਬਚਨਬੱਧਤਾ ਅਤੇ ਕਾਬੂ ਵੀ ਹੈ। ਗੱਲ ਨੂੰ ਕਹਿ ਵੀ ਦਿੰਦੀ ਹੈ ਪ੍ਰੰਤੂ ਉਸਦੀ
ਕਹੀ ਗੱਲ ਅੱਖੜਦੀ ਨਹੀਂ। ਉਸ ਦੀਆਂ ਕਵਿਤਾਵਾਂ ਦੀ ਖ਼ੂਬੀ ਇਸ ਗੱਲ ਵਿਚ ਹੈ
ਕਿ ਉਨਾਂ ਵਿਚੋਂ ਦਰਦ ਦੀ ਗਹਿਰਾਈ ਦੀ ਝਲਕ ਵੀ ਮਹਿਸੂਸ ਹੁੰਦੀ ਹੈ ਅਤੇ
ਸੁਰਿੰਦਰ ਸੈਣੀ ਦੀ ਰੂਹ ਦੀ ਹੂਕ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਵਿਛੋੜੇ
ਨੂੰ ਹੁਸੀਨ ਯਾਦਾਂ ਦੇ ਗਲੇਫ ਵਿਚ ਲਪੇਟ ਲੈਂਦੀ ਹੈ। ਪ੍ਰੰਤੂ ਇਸਦੇ ਨਾਲ
ਹੀ ਬਿਰਹਾ ਦੇ ਦਰਦ ਨੂੰ ਬਰਦਾਸ਼ਤ ਕਰਨ ਦਾ ਵੀ ਪ੍ਰਭਾਵ ਪੈਂਦਾ ਹੈ।
ਕਵਿਤਾਵਾਂ ਰੰਗ ਬਿਰੰਗੀਆਂ ਹਨ, ਉਨਾਂ ਵਿਚੋਂ ਖ਼ੁਸ਼ੀ, ਗ਼ਮੀ, ਦਰਦ, ਹੌਸਲਾ,
ਸੰਤੁਸ਼ਟੀ, ਹਨੇਰਾ, ਰੌਸ਼ਨੀ, ਡਰ ਅਤੇ ਬਹਾਦਰੀ ਦਾ ਸੰਦੇਸ਼ ਮਿਲਦਾ ਹੈ। ਜਦੋਂ
ਕਵਿਤਰੀ ਬਿਰਹਾ ਦੀ ਲਪੇਟ ਵਿਚ ਉਲਝੀ ਹੁੰਦੀ ਹੈ ਤਾਂ ਉਸ ਵਿਚੋਂ ਬਾਹਰ
ਨਿਕਲਣ ਲਈ ਉਹ ਆਪਣੇ ਮਿੱਤਰ ਪਿਆਰੇ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ
ਕਰਕੇ ਕਵਿਤਾ ਦਾ ਰੂਪ ਦਿੰਦੀ ਹੈ। ਉਸ ਦੀਆਂ ਕਵਿਤਾਵਾਂ ਵਰਤਮਾਨ ਸਮਾਜ ਦੀ
ਦਰਦਾਂ ਵਿਚ ਉਲਝੀ ਹੋਈ ਮਾਨਸਿਕਤਾ ਦਾ ਸੁਹਾਵਣਾ ਰੂਪ ਪੇਸ਼ ਕਰਦੀਆਂ ਹਨ। ਉਹ
ਆਸ਼ਾਵਾਦੀ ਕਵਿਤਰੀ ਹੈ। ਉਸਦਾ ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਉਸਾਰੂ ਹੈ, ਇਸ
ਕਰਕੇ ਹੀ ਗ਼ਮ ਅਤੇ ਬਿਰਹਾ ਦੀ ਪੀੜ ਨੂੰ ਬਰਦਾਸ਼ਤ ਕਰਕੇ ਜਿਾਓਣਾ ਲੋਚਦੀ ਹੈ।
ਉਮੀਦਾਂ ਦਾ ਆਲਮ ਨਾਂ ਦੀ ਕਵਿਤਾ ਵਿਚ ਉਹ ਲਿਖਦੀ ਹੈ:
ਗ਼ਮਾਂ ਦੀ ਪੀੜ ‘ਚ ਉਮੀਦਾਂ ਦਾ ਆਲਮ ਜਿਉਂਦਾ, ਹਰ ਦਰਦ ਦਿਲ ਦਾ ਹੁਣ ਕਰ
ਲਿਆ ਤੇਰੇ ਨਾਮ।
ਬਰਸ ਜਾਣ ਹੁਣ ਕਿਆਮਤ ਦੇ ਬੱਦਲ ਚਾਹੇ ਅੜਿਆ, ਹਰ ਆਉਣ ਵਾਲਾ ਮੁਕੱਦਰ ਹੁਣ
ਕਰ ਲਿਆ ਤੇਰੇ ਨਾਮ।
ਇੱਕ ਹੋਰ ‘ਆਸ ਦਾ ਆਸਰਾ’ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੀ ਹੈ:
ਵਗਦੀ ਹਨੇਰੀ ‘ਚ ਆਸ ਦਾ ਦੀਵਾ ਬਾਲ ਕੇ ਰੱਖ ਲਿਆ, ਖ਼ਵਾਹਿਸ਼ਾਂ ਨੂੰ
ਬੁੱਕਲ ‘ਚ ਆਸ ਦੇ ਆਸਰੇ ਰੱਖ ਲਿਆ
ਹਰ ਹਾਲਾਤ ਦਾ ਮੁਕਾਬਲਾ ਉਹ ਕਵਿਤਾ ਲਿਖਕੇ ਹੀ ਕਰਦੀ ਹੈ। ਜ਼ਿੰਦਗੀ ਨੂੰ
ਖ਼ੁਸ਼ੀ ਖ਼ੁਸ਼ੀ ਸਾਰਥਕ ਕੰਮਾ ਵਿਚ ਲਾ ਕੇ ਬਿਤਾਉਣ ਵਿਚ ਯਕੀਨ ਰੱਖਦੀ ਹੈ।
ਉਸਦੀ ਕਮਾਲ ਇਸ ਵਿਚ ਹੈ ਕਿ ਉਹ ਗ਼ਮਗੀਨ ਹਾਲਾਤ ਵਿਚੋਂ ਵੀ ਖ਼ੁਸ਼ਬੂ ਅਤੇ ਆਸ
ਦੀ ਕਿਰਨ ਲੱਭ ਲੈਂਦੀ ਹੈ। ਉਸਦੀਆਂ ਕਵਿਤਾਵਾਂ ਵਿਚ ਭਾਵੇਂ ਬਿਰਹਾ ਪ੍ਰਧਾਨ
ਹੈ ਪ੍ਰੰਤੂ ਬਿਰਹਾ ਨੂੰ ਉਹ ਅਧਿਆਤਮਕ ਰੰਗ ਵਿਚ ਰੰਗ ਦਿੰਦੀ ਹੈ। ਉਸਦੀ
ਕਵਿਤਾ ਅਹਿਸਾਸਾਂ ਦੀ ਕਵਿਤਾ ਹੈ। ਅਹਿਸਾਸ ਇੱਕ ਕਿਸਮ ਨਾਲ ਪਿਆਰ ਦਾ ਦੂਜਾ
ਨਾਮ ਹੁੰਦਾ ਹੈ। ਜਿਸਦੇ ਮਹਿਸੂਸ ਕਰਨ ਨਾਲ ਇਸ਼ਕ ਦੀ ਖ਼ੁਮਾਰੀ, ਮਹਿਕ,
ਹੁਲਾਰਾ, ਠੰਡਕ ਅਤੇ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ, ਜਿਸਦੀ ਉਦਾਹਰਨ ਹੈ:
ਕੀ ਦੱਸਾਂ ਤੇਰਾ ਸੁਪਨਾ ਕੀ ਪਹਾੜ ਢਾਹ ਗਿਆ, ਮੁੱਦਤਾਂ ਦੀ ਉਦਾਸੀ ਦੀ
ਮੈਲ ਉਹ ਲਾਹ ਗਿਆ।
ਕੋਈ ਸ਼ਬਦ ਨਾ ਮਿਲੇ ਉਸਦੇ ਮੇਚ ਦਾ ਹੁਣ, ਗੂੜੀ ਸਾਂਝ ਦਿਲਾਂ ਦੀ ਉਹ ਹੁਣ
ਪਾ ਗਿਆ।
ਖ਼ੁਮਾਰੀ ਉਮਰਾਂ ਦੀ ਝੋਲੀ ‘ਚ ਸਮੇਟ ਲਈ, ਚਾਨਣੀ ਰਾਤ ਉਹ ‘ਚ ਮਹਿਕਾਂ
ਖਿੰਡਾ ਗਿਆ।
ਖ਼ੁਸ਼ੀਆਂ ਦੇ ਫ਼ੁੱਲਾਂ ਦਾ ਮੇਲਾ ਜਿਹਾ ਦਿਲ ‘ਚ ਲਗਾ, ਹਾਸਿਆਂ ਦੀ ਪੰਡ ਨਾਲ
ਕਿਆਮਤਾਂ ਢਾਹ ਗਿਆ।
ਕਵਿਤਰੀ ਜਿੱਥੇ ਬਹੁਤੀਆਂ ਕਵਿਤਾਵਾਂ ਬਿਰਹਾ ਬਾਰੇ ਹੀ ਲਿਖਦੀ ਹੈ
ਪ੍ਰੰਤੂ ਉਥੇ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੀ ਲਿਖੀਆਂ
ਹਨ ਕਿਉਂਕਿ ਜਿਸ ਸਮਾਜ ਅਤੇ ਵਾਤਾਵਰਨ ਵਿਚ ਉਹ ਵਿਚਰ ਰਹੀ ਹੈ, ਉਸਦਾ
ਪ੍ਰਭਾਵ ਪੈਣਾ ਕੁਦਰਤੀ ਹੈ। ਨਸ਼ਿਆਂ, ਭਰੂਣ ਹੱਤਿਆ ਅਤੇ ਰਾਜਨੀਤਕ ਲੋਕਾਂ
ਦੇ ਵਿਵਹਾਰ ਬਾਰੇ ਵੀ ਕਵਿਤਾਵਾਂ ਲਿਖੀਆਂ ਗਈਆਂ ਹਨ। ਮਨੁੱਖਤਾ ਦੇ ਸਿਰਲੇਖ
ਹੇਠ ਲਿਖੀ ਕਵਿਤਾ ਵਿਚ ਕਵਿਤਰੀ ਦਾਜ, ਆਪਸੀ ਦੁਸ਼ਮਣੀ, ਨਸ਼ੇ, ਮਾਪਿਆਂ ਦਾ
ਸਤਿਕਾਰ, ਰਾਜਨੀਤੀ ਵਿਚ ਗਿਰਾਵਟ ਅਤੇ ਗ਼ਰੀਬੀ ਦਾ ਜ਼ਿਕਰ ਕਰਦੀ ਲਿਖਦੀ ਹੈ:
ਆਉ ਹੁਣ ਪਿਆਰ ਦਾ ਦੀਪ ਜਗਾਉ, ਜ਼ਿੰਦਗੀ ਦੇ ਵਿਹੜੇ ਖ਼ੁਸ਼ੀਆਂ ਲਿਆਉ।
ਇੱਜ਼ਤ ਦਾ ਦਾਜ ਬੰਨ ਕੇ ਧੀ ਡੋਲੀ ਪਾਉ, ਅਣਮੁੱਲੇ ਮਾਪਿਆਂ ਨੂੰ ਨਾ ਕਦੇ
ਭੁਲਾਉ।
ਬੇਸਹਾਰੇ ਦੀ ਜ਼ਿੰਦਗੀ ਦਾ ਆਸਰਾ ਬਣ ਜਾਉ, ਛੱਡਕੇ ਨਸ਼ੇ ਹੁਣ ਜਵਾਨੀ ਦੀ ਅਣਖ਼
ਜਾਗਾਉ।
ਚੀਕ ਚਿਹਾੜਾ ਸਭ ਪਾਸੇ ਖ਼ਾਮੋਸ਼ ਸਰਕਾਰਾਂ, ਡਿਗਦੇ ਨੂੰ ਮੋਢਾ ਦੇ ਕੇ ਉਸਦੀ
ਜਾਨ ਬਚਾਉ।
ਕੀ ਪਤਾ ਕਦੋਂ ਕਿਸਦਾ ਕੀ ਕੀ ਖੋਹ ਹੋ ਜਾਣਾ, ਦੁਸ਼ਮਣੀ ਤੇ ਨਫ਼ਰਤਾਂ ਦਾ ਨਾ
ਜ਼ਹਿਰ ਫ਼ੈਲਾਉ।
ਬੰਦ ਕਰ ਦੇਵੋ ਹੁਣ ਰਾਜਨੀਤੀ ਦੀ ਗੰਦੀ ਖੇਡ, ਮਨੁੱਖਤਾ ਲਈ ਸੋਨੇ ਦੀ ਇੱਕ
ਸੜਕ ਬਣਾਉ।
ਪੈਸਿਆਂ ਦੇ ਭਰੇ ਬੋਝੇ ਨਾ ਕਦੇ ਵੀ ਨਾਲ ਜਾਣੇ, ਮੁੜਕਾ ਪੂੰਝ ਗ਼ਰੀਬ ਦਾ
ਜੀਵਨ ਸਵਰਗ ਬਣਾਉ।
ਨੇਕੀ, ਬੇਆਸਰਿਆਂ ਦੀ ਮੱਦਦ, ਮਜਬਾਂ ਦੇ ਝਗੜੇ ਝੇੜੇ ਅਤੇ ਇਨਸਾਨੀਅਤ
ਦੇ ਗੁਣਾਂ ਨੂੰ ਪੱਲੇ ਬੰਨਣ ਦੀ ਪ੍ਰੇਰਨਾ ਦੇਣ ਵਾਲੀਆਂ ਕਵਿਤਾਵਾਂ ਵੀ ਉਹ
ਲਿਖਦੀ ਹੈ। ਪਿਆਰ ਮੁਹੱਬਤ ਹਰ ਕਵਿਤਾ ਦਾ ਆਧਾਰ ਹੁੰਦਾ ਹੈ। ਇਸੇ ਤਰਾਂ
ਸੁਰਿੰਦਰ ਸੈਣੀ ਦੀਆਂ ਕਵਿਤਾਵਾਂ ਵੀ ਪਿਆਰ ਮੁਹੱਬਤ ਤੋਂ ਵਿਹੂਣੀਆਂ ਨਹੀਂ
ਹਨ। ਮੁਹੱਬਤ ਅਹਿਸਾਸਾਂ ਅਤੇ ਜ਼ਜਬਿਆਂ ਦਾ ਦੂਜਾ ਨਾਂ ਹੀ ਹੁੰਦੀ ਹੈ, ਇਸ
ਲਈ ਉਹ ਕਿਸਮਤ ਦੇ ਪੈਂਡੇ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੀ ਹੈ:
ਜ਼ਜਬਾਤਾਂ ਦੀਆਂ ਵੀ ਧਾਹਾਂ ਨਿਕਲਣ, ਅੱਖੀਆਂ ਦਾ ਖੂਹ ਵੀ ਹੁਣ ਭਰਿਆ ਏ।
ਦੁੱਖਦੇ ਧੁੱਖਦੇ ਨੇ ਪਹਿਲੂ ਜ਼ਿੰਦਗੀ ਦੇ, ਅੰਦਰਲਾ ਦਿਲ ਵੀ ਹੁਣ ਮਰਿਆ ਏ।
ਪੱਲੇ ਪੈ ਗਏ ਨੇ ਹੁਣ ਕਿਸਮਤ ਦੇ ਪੈਂਡੇ, ਹਾਵਾਂ ਤੇ ਹੌਕਿਆਂ ਮਨ ਹੁਣ
ਡਰਿਆ ਏ।
ਇਸੇ ਤਰਾਂ ‘ਕੌੜਾ ਸੱਚ’ ਕਵਿਤਾ ਵਿਚ ਲਿਖਦੀ ਹੈ:
ਠੇਡੇ ਠੋਕਰਾਂ ਬਿਨ ਇਸ਼ਕ ਦੇ ਬੂਟੇ ਨੂੰ ਫਲ ਨਾ ਲਗਦਾ,
ਇਸ਼ਕ ਦੀ ਪੈਲੀ ਦੀ ਗੋਡੀ ਦਿਲ ਦੀ ਦਵਾਈ ਹੋ ਜਾਂਦੀ।
ਹਾਸੇ ਤੇ ਦੁੱਖ ਵੀ ਜ਼ਿੰਦਗੀ ਦੇ ਹੁਸਨ ਦੀ ਸਚਾਈ ਹੋ ਜਾਂਦੀ।
‘ਚਾਵਾਂ ਦੀ ਜੰਝ’ ‘ਰੁੱਸੇ ਸੱਜਣ’ ਅਤੇ ‘ਪ੍ਰੀਤਾਂ ਦੀ ਮਹਿਕ’ ਨਾਮ
ਵਾਲੀਆਂ ਕਵਿਤਾਵਾਂ ਵਿਚ ਵੀ ਇਸ਼ਕ ਮੁਹੱਬਤ ਦੀ ਗੱਲ ਕੀਤੀ ਗਈ ਹੈ। ਕੁਝ
ਕਵਿਤਾਵਾਂ ਦੇ ਸਿਰਲੇਖਾਂ ਵਿਚ ਮੁਹੱਬਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਇਸ਼ਕੇ ਦੀ ਤੱਕੜੀ ‘ਚ ਤੁੱਲੇ ਗਏ, ਸੈਣੀ ਜਿੰਦ ਆਪਣੀ ਵੀ ਵਾਰ ਗਈ।
ਕਵਿਤਰੀ ਦਾ ਪਿਛੋਕੜ ਪਿੰਡਾਂ ਦਾ ਹੋਣ ਕਰਕੇ ਆਪਣੀਆਂ ਕਵਿਤਾਵਾਂ ਵਿਚ
ਉਸਨੇ ਠੇਠ ਪੰਜਾਬੀ ਦੇ ਸ਼ਬਦ ਵਰਤੇ ਹਨ ਜਿਵੇਂ ਕਿ: ਪੰਘੂੜਾ, ਚੂਰੀ, ਚਰੀ,
ਤਿੜਕੇ, ਆਲਣੇ, ਤਿਲ, ਤਾਂਘ, ਚੌਂਕੜੀ, ਭੜਥੂ, ਪਰਨਾਲੇ, ਬੰਜਰ, ਝਰਨੇ,
ਟਟੋਲੀ, ਟੀਂ ਟੀਂ, ਹਿਰਵੇ, ਕਿਣਮਿਣ, ਧੂਣੀ, ਕਰੂੰਬਲੀ, ਠੇਡੇ, ਚੂੰਡੀ,
ਫੰਡਰ, ਤੜਪ, ਚਰਖੀ, ਭਾਂਡਾ, ਖਰੁੰਡ, ਪੋਣੇ, ਵਿੰਗ-ਤੜਿੰਗ, ਛਿਕੂ ਅਤੇ
ਤੂਫ਼ਾਨ ਆਦਿ ਜੋ ਕਿ ਹਰ ਪਾਠਕ ਦੀ ਸਮਝ ਵਿਚ ਆ ਜਾਂਦੇ ਹਨ।
ਸਮੁੱਚੇ ਦੇਸ਼ ਖ਼ਾਸ ਤੌਰ ਤੇ ਪੰਜਾਬ ਵਿਚ ਕਿਸਾਨਾ ਵੱਲੋਂ ਕੀਤੀਆਂ ਜਾ
ਰਹੀਆਂ ਖ਼ੁਦਕਸ਼ੀਆਂ ਇਸ ਗੱਲ ਦਾ ਗਵਾਹ ਹਨ ਕਿ ਦੇਸ਼ ਦੀ ਅਜ਼ਾਦੀ ਦੇ 68 ਸਾਲ
ਬਾਅਦ ਵੀ ਅਜ਼ਾਦੀ ਦੀਆਂ ਬਰਕਤਾਂ ਸਮੁੱਚੇ ਸਮਾਜ ਨੂੰ ਮਿਲ ਨਹੀਂ ਸਕੀਆਂ।
ਸਗੋਂ ਕੁਝ ਚੋਣਵੇਂ ਲੋਕ ਹੀ ਅਜ਼ਾਦੀ ਦਾ ਆਨੰਦ ਮਾਣ ਰਹੇ ਹਨ। ਗ਼ਰੀਬ ਹੋਰ
ਗ਼ਰੀਬ ਹੋਈ ਜਾ ਰਹੇ ਹਨ। ਗ਼ਰੀਬੀ ਵਹਿਮਾਂ ਭਰਮਾਂ ਵਿਚ ਲੋਕਾਈ ਨੂੰ ਧੱਕ ਰਹੀ
ਹੈ। ਸੱਚ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ। ਬੇਈਮਾਨ, ਰਿਸ਼ਵਤਖ਼ੋਰ,
ਧੋਖਬਾਜ ਅਤੇ ਫਰੇਬੀ ਲੋਕ ਪ੍ਰਧਾਨ ਬਣੇ ਫਿਰਦੇ ਹਨ। ਕਵਿਤਰੀ ਨੂੰ ਇਨਾਂ
ਹਾਲਾਤ ਨੇ ਪ੍ਰਭਾਵਤ ਕੀਤਾ ਜਿਸ ਕਰਕੇ ਉਸਨੇ ਕਿਸਾਨ ਬਾਰੇ ਅੰਨਦਾਤਾ
ਸਿਰਲੇਖ ਦੀ ਕਵਿਤਾ ਵਿਚ ਲਿਖਿਆ ਹੈ:
ਗੋਡੇ ਗੋਡੇ ਗ਼ਰੀਬੀ ‘ਚ ਵੀ, ਇਮਾਨਦਾਰੀ ਦੀ ਫ਼ਸਲ ਬੀਜਦਾ ਹੈ।
ਗ਼ਰੀਬੀ ਦੀ ਭੁੱਖ ‘ਚ ਮਿਹਨਤ ਦੀ ਬੁਰਕੀ, ਨਾਲ ਪੈਰ ਪੈਰ ‘ਤੇ ਤਿਲਕਦਾ ਹੈ।
ਕਰਜ਼ਦਾਰੀਆਂ ਇਸ ਵਿਚ ਆਪਣਾ ਮੈਲਾ ਕੁਚੈਲਾ ਚੋਲਾ ਨਿਚੋੜ ਲੈਂਦੀਆਂ ਹਨ।
ਸ਼ਰਮਿੰਦਗੀ ਦੇ ਕਫ਼ਨ ‘ਚ ਅੱਜ ਇਹ ਅੰਨਦਾਤਾ, ਖ਼ੁਦਕਸ਼ੀਆਂ ਦੇ ਰਾਹ ਪੈ ਗਿਆ
ਹੈ।
ਲਾਹਨਤ ਹੈ ਅਜ਼ਾਦ ਦੇਸ਼ ਅਤੇ ਸਮਾਜ ‘ਤੇ, ਜਿਸਦੀ ਬੁੱਕਲ ‘ਚ ਇਨਾਂ ਦੀਆਂ
ਲਾਸ਼ਾਂ, ਸੜਿਆਂਦ ਮਾਰ ਰਹੀਆਂ ਹਨ।
ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਮਿਹਨਤ, ਮੁਸ਼ੱਕਤ, ਸਬਰ ਸੰਤੋਖ਼
ਕਰਨ, ਅਲਾਮਤਾਂ, ਵਹਿਮਾਂ ਭਰਮਾਂ, ਖ਼ਹਿਸ਼ਾਂ, ਐਬਾਂ, ਕਰਮ ਕਾਂਡਾਂ ਤੋਂ
ਖਹਿੜਾ ਛੁਡਾਉਣ ਅਤੇ ਨੇਕੀ ਦਾ ਰਸਤਾ ਅਪਨਾਉਣ ਦੀ ਨਸੀਹਤ ਦਿੰਦੀਆਂ ਹਨ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ‘‘ਮਿੱਤਰ ਪਿਆਰੇ ਨੂੰ’’ ਪੁਸਤਕ ਬਿਰਹਾ,
ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾ ਰਹੀ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|