ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਪੁਸਤਕ ਦਾ ਨਾਮ- ਚੁੱਪ ਨਦੀ ਤੇ ਮੈਂ
ਲੇਖਕ- ਸ਼ਤੀਸ਼ ਗੁਲਾਟੀ
ਪ੍ਰਕਾਸ਼ਕ- ਚੇਤਨਾ ਪ੍ਰਕਾਸ਼ਨ
ਚਰਚਾ ਕਰਤਾ- ਬਲਜਿੰਦਰ ਸੰਘਾ
ਚੁੱਪ ਮੈਂਨੂੰ ਨਿੱਜੀ ਤੌਰ ਤੇ ਵੀ ਸਕੂਨ ਦਿੰਦੀ ਹੈ। ਦੂਰ-ਦੂਰ ਤੱਕ
ਪਸਰੀ ਚੁੱਪ, ਧੁਰ ਅੰਦਰ ਤੱਕ ਲਹਿੰਦੀ ਚੁੱਪ, ਚੁੱਪ ਵਿਚਦੋਂ ਬੋਲਦੀ ਚੁੱਪ,
ਆਪਣੇ-ਆਪ ਵਿਚੋਂ ਬੋਲਦੀ ਚੁੱਪ, ਹੋਰਾਂ ਵਿਚੋਂ ਬੋਲਦੀ ਚੁੱਪ, ਵਹਿੰਦੇ
ਪਾਣੀ ਵਿਚਲੀ ਚੁੱਪ-ਚੁੱਪ ਹੋਈ ਚੁੱਪ, ਵਹਿੰਦੇ ਪਾਣੀ ਵਿਚੋਂ ਬੋਲਦੀ ਚੁੱਪ,
ਵੱਡ-ਵਡੇਰਿਆਂ ਵੱਲੋਂ ਲਗਾਏ ਰੁੱਖਾਂ ਅਤੇ ਉਹਨਾਂ ਦੀਆਂ ਪੀੜ੍ਹੀਆਂ ਦਾ
ਇਤਿਹਾਸ ਸਾਂਭੀ ਬੈਠੇ ਰੁੱਖਾਂ ਦੀ ਚੁੱਪ, ਸੈਂਕੜੈ ਸਾਲਾਂ ਤੋਂ ਬਜ਼ੁਰਗਾਂ
ਦੇ ਬਜੁ਼ਰਗਾਂ ਵੱਲੋਂ ਹੱਥੀ, ਫਿਰ ਬਲਦਾ, ਊਠਾਂ ਰਾਹੀ ਤੇ ਹੁਣ ਟਰੈਕਟਰਾਂ
ਰਾਹੀ ਵਾਹੀ ਜਾਂਦੀ ਖੇਤਾਂ ਦੀ ਮਿੱਟੀ ਦੀ ਚੁੱਪ, ਕਈ ਸਦੀਆਂ ਦਾ ਇਤਿਹਾਸ
ਸਾਂਭੀ ਬੈਠੀਆਂ ਪੁਰਾਣੀਆਂ ਇਮਾਰਾਤਾਂ ਦੀ ਚੁੱਪ। ਪਰ ਨਾਲ ਸ਼ਰਤ ਇਹ ਵੀ ਹੈ
ਕਿ ਇਹ ਚੁੱਪ ਕੁਦਰਤੀ ਹੋਵੇ ਤੇ ਹਵਾ ਦੇ ਬੁੱਲਿਆਂ ਸੰਗ ਅਜ਼ਾਦ ਵਹਿੰਦੀ
ਹੋਵੇ। ਬੰਦੂਖ ਦੀ ਨੋਕ ਤੇ ਬਣਾਈ ਚੁੱਪ ਜਾਂ ਕਿਸੇ ਹੋਰ ਹੱਥ-ਕੰਡੇ ਨਾਲ
ਪੈਦਾ ਕੀਤੀ ਚੁੱਪ, ਚੁੱਪ ਨਹੀਂ ਹੁੰਦੀ ਬਲਕਿ ਉਹ ਤਾਂ ਵਿਦਰੋਹੀ ਸ਼ੋਰ
ਪੈਦਾ ਕਰਦੀ ਹੈ ਤੇ ਇੱਥੇ ਆਣਕੇ ਚੁੱਪ ਦੀ ਪ੍ਰਭਿਸ਼ਾਂ ਵੀ ਬਦਲ ਜਾਂਦੀ ਹੈ
ਤੇ ਚੁੱਪ ਉਹ ਹੁੰਦੀ ਹੈ ਜੋ ਰੋਹ ਬਣਕੇ ਮੁੱਠੀਆਂ ਵਿਚ ਤਣਦੀ ਹੈ ਤੇ ਲੋਕ
ਲਹਿਰ ਬਣਕੇ ਬੋਲੀਆਂ ਸਰਕਾਰਾਂ, ਵਿਕੇ ਕਾਨੂੰਨਾਂ, ਅਨਿਆਂ ਦੇ ਖਿਲਾਫ਼
ਲੜਦੀ ਹੈ।
ਸ਼ਤੀਸ ਗੁਲਾਟੀ ਇਸ ਗ਼ਜ਼ਲ ਸੰਗ੍ਰਹਿ ‘ਚੁੱਪ ਨਦੀ ਤੇ ਮੈਂ’
ਵਿਚ ਵੀ ਅਜਿਹੀ ਚੁੱਪ ਦੀ ਗੱਲ ਕਰਦਾ ਹੈ, ਚੇਤਨਾ ਪ੍ਰਕਾਸ਼ਨ ਵੱਲੋਂ
ਪ੍ਰਕਾਸਿ਼ਤ ਇਸ ਗ਼ਜ਼ਲ ਸੰਗ੍ਰਹਿ ਵਿਚ ਉਹ ਚੁੱਪ ਰਹਿਕੇ ਸ਼ਬਦਾਂ ਰਾਹੀ ਉਸ
ਚੁੱਪ ਨੂੰ ਬਲਾਉਂਦਾ ਹੈ ਜੋ ਚੁੱਪ ਰਹਿਕੇ ਵੀ ਬੋਲਦੀ ਪਰ ਸਾਨੂੰ ਨਜ਼ਰ
ਨਹੀਂ ਆਉਂਦੀ ਕਿਉਂਕਿ ਅਸੀ ਸ਼ੋਰ ਦੇ ਆਦੀ ਹਾਂ। ਚੁੱਪ ਨਾਲ ਇਕ-ਮਿਕ ਹੋਣਾ,
ਚੁੱਪ ਦੇ ਸ਼ੋਰ ਨੂੰ ਸਮਝਣਾ ਮਨੁੱਖੀ ਮਨ ਦੀ ਗਹਿਰਾਈ ਵਿਚੋਂ ਹੀ ਪੈਂਦਾ
ਹੁੰਦਾ ਹੈ। ਇਸ ਵਿਚੋਂ ਇਸ ਗਜ਼ਲ ਸੰਗ੍ਰਹਿ ਦੇ ਲੇਖਕ ਦੀ ਅਤਿ ਸੂਖ਼ਮ
ਗਹਿਰਾਈ ਮਹਿਸੂਸ ਕਰਨ ਲਈ ਲੇਖਕ ਦੇ ਨਾਲ-ਨਾਲ ਤੁਰਨਾ ਬਹੁਤ ਜਰੂਰੀ ਹੈ।
ਪਰਿਵਾਰ ਵਿਚੋਂ ਮਿਲੀ ਲਿਖਣ ਦੀ ਚੇਟਕ ਵਾਲਾ ਇਹ ਸ਼ਾਇਰ ਇਸ ਗ਼ਜ਼ਲ
ਸੰਗ੍ਰਹਿ ਤੋਂ ਪਹਿਲਾ ‘ਚੁੱਪ ਦੇ ਖਿ਼ਲਾਫ਼’ ਅਤੇ ‘ਚੁੱਪ ਦੇ ਅੰਦਰ-ਬਾਹਹ’
ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕਿਆ ਹੈ।
ਮੇਰੀ ਇਸ ਗਜ਼ਲ ਸੰਗ੍ਰਹਿ ਨੂੰ ਪੜ੍ਹਨ ਅਤੇ ਘਰ ਦੀ ਲਾਇਬ੍ਰੇਰੀ ਦਾ
ਸ਼ਿੰਗਾਰ ਬਣਾਉਣ ਦੀ ਇੱਛਾ ਉਸ ਸਮੇਂ ਪੈਦਾ ਹੋਈ ਜਦੋਂ ਕਈ ਸਾਲ ਪਹਿਲਾ
ਸ਼ਾਇਦ 2006 ਦੀ ਗੱਲ ਹੈ। ਕੈਨੇਡਾ ਫੇਰੀ ਤੇ ਆਏ ਸ਼ਤੀਸ਼ ਗੁਲਾਟੀ ਨੇ ਇਸ
ਗ਼ਜ਼ਲ ਸੰਗ੍ਰਹਿ ਦੀ ਇਕ ਗ਼ਜ਼ਲ ਕੈਨੇਡਾ ਵਿਚ ‘ਪੰਜਾਬੀ ਲਿਖ਼ਾਰੀ ਸਭਾ
ਕੈਲਗਰੀ’ ਦੇ ਸਲਾਨਾ ਸਮਾਗਮ ਵਿਚ ਸੁਣਾਈ। ਗ਼ਜ਼ਲ ਦਾ ਇੱਕ ਸ਼ੇਅਰ ਦੇਖੋ -
ਉਹ ਭਾਵੇ ਪਾਰਦਰਸ਼ੀ, ਸੰਦਲੀ, ਨੀਲੀ, ਸੁਨਹਿਰੀ ਹੈ।
ਨਦੀ ਦੀ ਤੋਰ ਦੱਸ ਦਿੰਦੀ ਹੈ, ਉਹ ਕਿੰਨੀ ਕੁ ਗਹਿਰੀ ਹੈ।
ਜਦੋਂ ਉਹਨਾਂ ਇਹ ਗਜ਼ਲ ਸੁਣਾਈ ਤਾਂ ਸਰੋਤੇ ਗ਼ਜ਼ਲ ਦੇ ਸੇ਼ਅਰਾਂ ਵਿਚ
ਮੰਤਰ-ਮੁਗਧ ਹੋ ਗਏ ਤੇ ਗ਼ਜ਼ਲ ਦੇ ਸਾਰੇ ਸ਼ੇਅਰ ਸਰੋਤਿਆਂ ਦੀ ਮੰਗ ਤੇ
ਬਾਰ-ਬਾਰ ਸੁਣਾਏ ਗਏ। ਕਵੀ ਦਰਬਾਰ ਸ਼ੁਰੂ ਹੋਣ ਤੋਂ ਲੈਕੇ ਹਾਲ ਦੇ ਪਿੱਛੇ
‘ਚੇਤਨਾ ਪ੍ਰਕਾਸ਼ਨ’ ਦਾ ਕਿਤਾਬ ਸਟਾਲ ਲਗਾਈ ਖੜ੍ਹਾ ਸ਼ਤੀਸ਼ ਕਵੀ ਦਰਬਾਰ
ਲੁੱਟਕੇ ਲੈ ਗਿਆ। ਚੁੱਪ ਕਿਵੇਂ ਬੋਲਦੀ ਹੈ ਇਸਦੀ ਗੱਲ ਕਰਦੇ ਕੁਝ ਸ਼ੇਅਰ
ਦੇਖੋ-
ਇਹ ਚੁੱਪ ਰਹਿਕੇ ਵੀ ਆਪਣੇ ਭਾਵ ਲਿਖ ਦਿੰਦੀ ਹੈ ਸਫਿ਼ਆਂ ‘ਤੇ,
ਐ ਸੰਸਦ ਵਾਲਿਓ! ਜਨਤਾ ਨਾ ਗੂੰਗੀ ਹੈ ਨਾ ਬਹਿਰੀ ਹੈ।(ਸਫਾ 19)
ਉਹ ਰੌਲ਼ਾ ਪਾਕੇ ਵੀ ਗੁੰਮਨਾਮ ਹੀ ਰਹੇ, ਮਗਰ,
ਮੈਂ ਚੁੱਪ ਰਹਿੰਦਿਆਂ ਹੋਇਆ ਸਦਾ ਖ਼ਬਰ ‘ਚ ਹਾਂ। (ਸਫਾ 24)
ਇਹਨਾਂ ਦੀ ਚੁੱਪ ਦਾ ਸੰਸਾਰ ਵੀ ਹੈਰਾਨ ਕਰਦਾ ਹੈ,
ਪਤਾ ਨਹੀਂ ਕਿੰਨਾ ਕੁਝ ਅੰਦਰ ਸਮੇਟੀ ਰਖਦੀਆਂ ਨਦੀਆਂ।
ਸ਼ੁਰੂ ਵਿਚ ਹੋਈ ਗੱਲ ਵਾਂਗ ਇਸ ਗ਼ਜ਼ਲ ਸੰਗ੍ਰਹਿ ਦੀਆਂ ਗਜ਼ਲਾਂ ਵਿਚ
ਚੁੱਪ ਦੁਆਰਾ ਪ੍ਰਗਾਟਿਆਂ ਵਿਦਰੋਹ ਵੀ ਹੈ, ਚੁੱਪ ਦੀ ਤਾਕਤ ਵੀ ਹੈ, ਚੁੱਪ
ਦਾ ਸਬਰ ਵੀ ਹੈ। ਇਹ ਫਲਸਫਾ ਮਨੁੱਖੀ ਮਨ ਦੀ ਉਸ ਡੂੰਘਿਆਈ ਦੀ ਬਾਤ ਪਾਉਂਦਾ
ਹੈ ਜਿੱਥੇ ਸਬਰ-ਸੰਤੋਖ ਪੂਰੇ ਜਲੋਅ ਵਿਚ ਹੈ ਤੇ ਉਚ-ਨੀਚ, ਜਿੱਤ-ਹਾਰ
ਨਾਲੋਂ ਕਿਸੇ ਦੇ ਕੰਮ ਆਉਣ, ਕਿਸੇ ਲਈ ਜਿੱਤਿਆ ਮੈਦਾਨ ਛੱਡ ਦੇਣ ਦਾ ਤਿਆਗ
ਵੱਧ ਸੁੰਤਸ਼ਟੀ ਦਿੰਦਾ ਹੈ, ਸਿੱਧੇ ਸ਼ਬਦਾ ਵਿਚ ਕਿਸੇ ਦੀ ਹਾਰ ਨੂੰ ਜਿੱਤ
ਵਿਚ ਬਦਲਣਾ ਤੇ ਆਪਣੀ ਜਿੱਤ ਨੂੰ ਹਾਰ ਵਿਚ ਬਦਲਣਾ ਤੇ ਕਿਸੇ ਦੇ ਸਵੈ-ਮਾਣ
ਨੂੰ ਹੋਰ ਮਾਣ ਬਖਸ਼ਣਾ, ਇਸ ਤੇ ਢੁੱਕਦਾ ਕਮਾਲ ਦਾ ਸ਼ੇਅਰ ਦੇਖੋ-
ਮੇਰੇ ਸੁਪਨੇ ‘ਚ ਇਕ ਦਰਵੇਸ਼ ਆਵੇ,
ਤੇ ਆਖੇ, ਦਿਸਹਦੇ ਤੋਂ ਪਾਰ ਜਾਵੀਂ।
ਹਮੇਸ਼ਾਂ ਜਿੱਤ ਦੀ ਰੱਖੀਂ ਤਮੰਨਾ,
ਜਦੋਂ ਜਿੱਤਣ ‘ਤੇ ਆਵੇਂ, ਹਾਰ ਜਾਵੀਂ। (ਸਫਾ 79)
ਜਿਵੇਂ-ਜਿਵੇਂ ਸਮੇਂ ਵਿਚ ਚਾਲ ਤੇਜ ਹੋਈ ਹੈ ਤਾਂ ਹਰ ਖੇਤਰ ਵਿਚ
ਟੁੱਟ-ਭੱਜ ਹੋਈ ਹੈ। ਮਨੁੱਖੀ ਕਦਰਾਂ-ਕੀਮਤਾ ਦੇ ਮਿਹਣੇ ਬਦਲ ਗਏ ਹਨ,
ਲੁੱਚੇ-ਲੰਡੇ, ਫੁਕਰੇ, ਜੋੜ-ਭੰਨ ਕਰਨ ਵਾਲੇ, ਰੌਲਾ-ਰੱਪਾ ਪਾਉਣ, ਤਸਕਰ
ਅਤੇ ਜੋਕਰਾਂ ਵਰਗੇ ਲੋਕ ਸਮਾਜ ਦੇ ਆਗੂ ਤੇ ਵੱਡੇ-ਵੱਡੇ ਸਮਾਜ-ਸੇਵੀ ਅਤੇ
ਨੇਤਾ ਬਣ ਬੈਠੇ ਹਨ। ਦੁਨੀਆਂ ਦੀ 95 ਪ੍ਰਤੀਸ਼ਤ ਸਪੇਸ ਤੇ ਅਜਿਹੇ ਲੋਕਾਂ
ਦਾ ਗਲਬਾ ਹੈ ਤੇ ਅਜਿਹੇ ਹਾਲਤਾਂ ਵਿਚ ਸਹਿਜ, ਸੰਜਮ ਅਤੇ ਇਮਾਨਦਾਰੀ ਨਾਲ
ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਗੁੱਠੇ ਲੱਗੇ ਹੋਏ ਹਨ। ਹੁਣ ਮਖੋਟੇ
ਚਿਹਰਿਆਂ ਨੂੰ ਖਰੀਦਣ ਦੀ ਤਾਕਤ ਰੱਖਦੇ ਹਨ, ਬੜਾ ਕਮਾਲ ਦਾ ਸ਼ੇਅਰ ਇਸਦੀ
ਤਰਜਮਾਨੀ ਕਰਦਾ ਹੈ-
ਮਖੌਟੇ ਵੀ ਖਰੀਦਣ ਦੀ ਨਹੀਂ ਹੁਣ ਲੋੜ ਸ਼ਹਿਰਾਂ ਵਿਚ,
ਮਖੌਟੇ ਬੰਦਿਆਂ ਨੂੰ ਅੱਜ-ਕੱਲ੍ਹ ਪਰਚੇਜ਼ ਕਰਦੇ ਨੇ। (ਸਫਾ 21)
ਉਪਰੋਤਕ ਹਲਾਤਾਂ ਵਿਚ ਹੁਣ ਲੇਖਕਾਂ/ ਪੱਤਰਕਾਰਾਂ ਦੀ ਕਲਮ ਵੀ ਨਿਆਂ
ਨਹੀਂ ਕਰਦੀ ਤੇ ਬੁਰਿਆਈ, ਧੱਕੇਸ਼ਾਹੀ, ਅਨਿਆਂ ਅਤੇ ਕਾਣੀ-ਵੰਡ ਖਿਲਾਫ਼
ਨਹੀਂ ਬੋਲਦੀ, ਸ਼ੇਅਰ ਦੇਖੋ-
ਉਹ ਜਿਹੜੇ ਰੋਜ਼ ਅਪਣੀ ਕਲਮ ਨੂੰ ਤੇਜ਼ ਕਰਦੇ ਨੇ।
ਉਹ ਅਪਣੇ ਸ਼ਹਿਰ ‘ਤੇ ਹੀ ਲਿਖਣ ਤੋਂ ਪਰਹੇਜ਼ ਕਰਦੇ ਨੇ (ਸਫਾ 21)
ਸ਼ਾਇਰ ਚਟਾਨਾਂ ਵਾਂਗ ਖੜ੍ਹੇ ਬੇਈਮਾਨ ਤੇ ਜ਼ਬਰ ਕਰਨ ਵਾਲੇ ਹਾਕਮਾਂ ਲਈ
ਜਨਤਾਂ ਦੀ ਤਾਕਤ ਨੂੰ ਆਸ਼ਾਵਾਦੀ ਢੰਗ ਨਾਲ ਦੇਖਦਾ ਹੈ ਕਿ ਬੇਗਾਨੇ ਹੱਕ
ਮਾਰਕੇ, ਝੂਠ, ਬੇਈਮਾਨੀ, ਬੇਇਨਸਾਫ਼ੀ ਅਤੇ ਧੀਗਾਜ਼ੋਰੀ ਨਾਲ ਖੜ੍ਹੇ ਕੀਤੇ
ਮਹਿਲ ਵੀ ਸਮੇਂ ਦੇ ਨਾਲ ਨੀਹਾਂ ਤੋਂ ਖੋਖਲੇ ਹੋ ਜਾਂਦੇ ਹਨ-
ਤੁਸੀ ਚੱਟਾਨ ਦੇ ਵਾਂਗੂੰ ਖੜ੍ਹੇ ਤਾਂ ਹੋ ਗਏ ਹੋ, ਪਰ,
ਸੁਰੰਗਾਂ ਵੀ ਚਟਾਨਾਂ ‘ਚੋ ਅਸੀਂ ਬਣਦੀਆਂ ਤੱਕੀਆਂ। (ਸਫਾ 27)
ਕਿਤਾਬਾਂ ਪੜ੍ਹਨ ਵਾਲੇ ਮਨੁੱਖ ਇੱਕ ਜ਼ਿੰਦਗੀ ਵਿਚ ਹੀ ਕਈ ਜ਼ਿੰਦਗੀਆਂ ਦਾ
ਅਨੰਦ ਮਾਣ ਜਾਂਦੇ ਹਨ। ਉਹ ਸਹਿਜ ਹੋ ਜਾਂਦੇ ਹਨ, ਸ਼ਾਂਤ ਹੋ ਜਾਂਦੇ ਹਨ
ਅਤੇ ਨਿੱਕੀਆਂ-ਨਿੱਕੀਆਂ ਘਟਨਾਵਾਂ ਤੇ ਜ਼ਿੰਦਗੀ ਦੇ ਉਤਾਰ-ਚੜ੍ਹਾਵ ਤਾਂ ਕਿ
ਉਹ ਵੱਡੇ-ਵੱਡੇ ਹਾਦਸੇ ਵੀ ਸਾਹਿਜ ਨਾਲ ਜਰ ਜਾਂਦੇ ਹਨ। ਪਰ ਅੱਜ ਪੰਜਾਬੀ
ਅਸ਼ਾਂਤ ਹਨ, ਉਹ ਸਾਰੀ ਦੁਨੀਆਂ ਵਿਚ ਵੱਖ-ਵੱਖ ਦੇਸ਼ਾਂ ਵਿਚ ਪੰਜਾਬ ਵਸਾਈ
ਬੈਠੇ ਹਨ, ਆਪਣੀ ਮਿਹਨਤ ਨਾਲ ਆਰਥਿਕ ਪੱਖ ਤੋਂ ਉੱਪਰ ਉੱਠਣ ਤੋਂ ਬਾਅਦ ਵੀ
ਅਸ਼ਾਂਤ, ਅਸਹਿਜ, ਘਬਰਾਏ, ਚਿੰਤਤ, ਦੁਖੀ ਤੇ ਨਾ-ਖੁਸ਼ ਹਨ। ਹਰ ਵੇਲੇ
ਕਿਸੇ ਚਿੰਤਾ ਵਿਚ ਰਹਿੰਦੇ ਹਨ ਇੱਥੇ ਕੇਨੇਡੀਅਨ ਲੇਖਕ ਹਰੀਪਾਲ ਦੀ ਕਵਿਤਾ
ਦਾ ਸ਼ੇਅਰ ਯਾਦ ਆ ਰਿਹਾ ਹੈ ‘ਉਹ ਵਿਹਲੇ ਹੁੰਦੇ ਹਨ ਤਾਂ ਕੰਮ ਬਾਰੇ ਸੋਚਦੇ
ਹਨ ਤੇ ਕੰਮ ਤੇ ਹੁੰਦੇ ਹਨ ਵਿਹਲ ਬਾਰੇ ਸੋਚਦੇ ਹਨ’ ਬਿਲਕੁੱਲ ਢੁੱਕਦਾ ਹੈ।
ਉਹਨਾਂ ਦੇ ਦੁੱਖ ਦੇ ਬਹੁਤੇ ਕਾਰਨ ਵੀ ਬਹੁਤ ਬੌਣੇ ਹਨ। ਕਿਸੇ ਨੂੰ
ਆਪਣੇ ਗਵਾਂਢੀ ਦੇ ਵੱਡੇ ਘਰ ਦੀ ਦਿੰਤਾ ਹੈ, ਕਿਸੇ ਨੂੰ ਰਿਸ਼ਤੇਦਾਰ ਦੀ
ਵੱਡੀ ਗੱਡੀ ਦੀ ਚਿੰਤਾ ਹੈ, ਕਿਸੇ ਨੂੰ ਪਿਛਲੇ ਮਹੀਨੇ ਲੱਗੇ ਘੱਟ ਓਵਰ
ਟਾਇਮ ਦੀ ਨਿਰਾਸ਼ਾਂ ਹੈ , ਕਿਸੇ ਨੂੰ ਪਿਛਲੇ ਮਹੀਨੇ ਨਾਲੋਂ 2 ਡਾਲਰ ਵੱਧ
ਆਏ ਬਿਜਲੀ ਦੇ ਬਿੱਲ ਦੀ ਚਿੰਤਾ ਹੈ। ਉਹ ਇੰਡੀਆਂ ਤੋਂ ਆਏ 70 ਸਾਲਾਂ ਦੇ
ਬਾਪੂ ਨੂੰ ਵੀ ਡਾਲਰ ਕਮਾਉਣ ਵਾਲੀ ਮਸ਼ੀਨ ਦੇ ਰੂਪ ਵਿਚ ਦੇਖਦੇ ਹਨ। ਉਹ
ਏਨੇ ਨਿਰਮੋਹੇ ਹੋ ਗਏ ਹਨ ਕਿ ਮਾਂ ਤਾਂ ਹੀ ਚੰਗੀ ਲੱਗਦੀ ਹੈ ਜੇਕਰ ਉਹ
ਬੱਚੇ ਸਾਂਭਦੀ ਹੈ, ਨਾਲ ਪਾਰਟ ਟਾਈਮ ਕੰਮ ਕਰਦੀ ਹੈ ਅਤੇ ਜੇਕਰ ਪੈਨਸ਼ਨ
ਲੈਂਦੀ ਹੈ ਤਾਂ ਸਿੱਧੀ-ਅਸਿੱਧੀ ਪੁੱਤ ਦੇ ਖਾਤੇ ਵਿਚ ਜਮ੍ਹਾਂ ਕਰਵਾਉਂਦੀ
ਹੈ, ਨਹੀਂ ਤਾਂ ਮਾਵਾਂ ਨੂੰ ਘਰੋਂ ਕੱਢ ਦਿੰਦੇ ਹਨ। ਇਹ ਅਸ਼ਾਂਤੀ,
ਨਾ-ਮੁੱਕਣ ਵਾਲੀ ਦੌੜ, ਨਿਰਦਈਪੁਣਾ, ਡਾਲਰ ਬਿਰਤੀ ਦਾ ਹਾਵੀ ਹੋਣਾ ਇਸੇ
ਕਰਕੇ ਵਧ ਰਿਹਾ ਹੈ ਕਿਉਂਕਿ ਅਸੀ ਸਾਹਿਤ/ਕਿਤਾਬਾਂ ਨੂੰ ਆਪਣੀ ਜ਼ਿੰਦਗੀ
ਵਿਚੋਂ ਮਨਫ਼ੀ ਕਰ ਦਿੱਤਾ ਹੈ। ਇਸੇ ਕਰਕੇ ਸਾਡੀ ਸੌੜੀ ਤੇ ਭੋਗੀ ਸੋਚ ਪਸਾਰ
ਵੱਲ ਹੈ। ਅਸੀ ਸਾਹਿਤ ਤੋਂ ਸਿੱਖਿਆ ਲੈਣੀ ਛੱਡ ਦਿੱਤੀ ਹੈ ਸਾਹਿਜ ਨਾਲ
ਬੈਠਕੇ ਕਿਤਾਬਾਂ ਪੜ੍ਹਨੀਆਂ ਭੁੱਲ ਗਏ ਹਾਂ, ਜਿਸ ਕਰਕੇ ਸਾਡਾ ਇਖ਼ਲਾਕ
ਸੁੰਗੜ ਰਿਹਾ ਹੈ। ਜੋ ਕੁਝ ਪੁਸਤਕਾਂ ਦੁਨੀਆਂ ਬਾਰੇ ਕਹਿੰਦੀਆਂ ਹਨ ਅਸੀਂ
ਉਸ ਤੋਂ ਦੂਰ ਹੋਕੇ ਦੁਨੀਆਂ ਨੂੰ ਪੜਚੋਲਣ ਦੇ ਆਪਣੇ ਬੌਣੇ ਮਾਪਦੰਡ ਤਿਆਰ
ਕਰ ਲਏ ਹਨ ਜਿਹਨਾਂ ਦਾ ਜ਼ਿਕਰ ਉਪਰੋਤਕ ਕੀਤਾ ਜਾ ਚੁੱਕਾ ਹੈ, ਕਿਤਾਬਾਂ ਦੀ
ਅਹਿਮਤੀਅਤ ਨੂੰ ਦਰਸਾਉਦੇ ਕੁਝ ਸ਼ੇਅਰ ਦੇਖੋ-
ਮੈਂ ਦੁਨੀਆਂ ਨੂੰ ਪੜਚੋਲਦਾ ਹਾਂ, ਇੱਕ ਮੁੱਦਤ ‘ਤੋਂ,
ਤੇ ਮੈਨੂੰ ਇੱਕ ਪੁਸਤਕ ‘ਚੋਂ ਬੜਾ ਕੁਝ ਕਹਿ ਗਈ ਦੁਨੀਆਂ। (ਸਫਾ 36)
ਅਜੇ ਅਖ਼ਬਾਰ ਦੀ ਸੁਰਖ਼ੀ ਦਾ ਰਸ ਮਾਣ ਸਕਦਾਂ ਏਂ,
ਨਹੀਂ ਤੂੰ ਜਾਣਦਾ ਹਾਲੇ ਕਿ ਸਾਹਿਤ ਕੀ, ਗ਼ਜ਼ਲ ਕੀ ਹੈ।(ਸਫਾ 40)
ਇਹਨਾਂ ਵਿਚ ਖੁਸ਼ੀਆਂ ਵੀ ਹਨ, ਗਮ ਵੀ, ਕਠਿਨ ਹਾਲਾਤ ਵੀ,
ਪੁਸਤਕਾਂ ਅੰਦਰ ਸਮੁੱਚੀ ਜਿ਼ੰਦਗੀ ਮੌਜੂਦ ਹੈ। (ਸਫਾ 49)
ਬੇਸ਼ਕ ਦੁਨੀਆਦਾਰੀ ਵਿਚ ਮਿਹਨਤ ਕਰਨੀ, ਪਰਿਵਾਰ ਪਾਲਣੇ, ਰੁਪਏ, ਡਾਲਰ,
ਪੌਂਡ ਕਮਾਉਣੇ ਜਰੂਰੀ ਹਨ, ਪਰ ਆਪਣੇ-ਆਪ ਦੀ, ਆਪਣੇ ਸਮਾਜ ਦੀ, ਆਪਣੇ
ਸੱਭਿਆਚਾਰ ਦੀ ਸਰਬਪੱਖੀ ਤੰਦਰੁਸਤੀ ਲਈ ਘਰ ਵਿਚ ਨਿੱਤ ਵਰਤੋਂ ਦੀਆਂ ਜਰੂਰੀ
ਚੀਜ਼ਾਂ ਦੇ ਹੁੰਦਿਆਂ ਵੀ ਆਪਣਾ ਧਿਆਨ ਹਮੇਸ਼ਾਂ ਇਹਨਾਂ ਦੇ ਵਾਧੇ ਵਿਚ
ਰੱਖਣਾ ਸਾਨੂੰ ਤੰਗ-ਦਿਲੇ, ਤੰਗ-ਨਜ਼ੀਰਏ ਵਾਲੇ ਮਨੁੱਖ ਬਣਾਉਂਦਾ ਹੈ।ਆਪਣੇ
ਆਰਥਿਕ ਵਿਕਾਸ ਦੇ ਨਾਲ-ਨਲ ਦਿਲ-ਦਿਮਾਗ ਅਤੇ ਨੈਤਿਕ ਗੁਣਾ ਦਾ ਵਿਕਾਸ ਵੀ
ਜਰੂਰੀ ਹੈ। ਇਸ ਕਰਕੇ ਸਵੇਰੇ ਉੱਠਕੇ ਆਪਣੇ ਬਾਹਰੀ ਚਾਲ ਦੇ ਨਾਲ ਅੰਦਰੂਨੀ
ਵਿਹਾਰਕ ਗੁਣਾ ਦੀ ਚਾਲ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਇੱਕ ਗ਼ਜ਼ਲ ਦਾ
ਸ਼ੇਅਰ ਹੈ-
ਜਿ਼ਹਨ ਦੀ ਬੇ-ਤਰਤੀਬੀ ਨੂੰ, ਤਰਤੀਬ ‘ਚ ਲਿਆਉਣ ਲਈ,
ਰੋਜ਼ ਸਵੇਰੇ ਦਿਲ ਦਾ ਦਰ ਖੜਕਾਉਣਾ ਪੈਂਦਾ ਹੈ।(ਸਫਾ 65)
ਇਸ ਤੋਂ ਇਲਾਵਾਂ ਇਸ ਗ਼ਜ਼ਲ ਸੰਗ੍ਰਹਿ ਵਿਚ ਹੋਰ ਵੀ ਬਹੁਤ ਸਾਰੇ ਸੇ਼ਅਰ
ਹਨ ਜੋ ਮਨੁੱਖ ਨੂੰ ਮਨੁੱਖ ਅਤੇ ਕੁਦਰਤ ਨਾਲ ਜੋੜਕੇ ਉਸਨੂੰ ਆਪਣੇ ਅੰਦਰ ਦੇ
ਖ਼ਲਾਅ ਅਤੇ ਤੋਂ ਇਲਾਵਾ ਮਨੁੱਖ ਦਾ ਮਨੱਖ ਤੋਂ ਖ਼ਲਾਅ, ਕੁਦਰਤ ਤੋਂ ਖ਼ਲਾਅ
ਅਤੇ ਆਪਣੇ-ਆਪ ਤੋਂ ਖ਼ਲਾਅ ਭਰਨ ਲਈ ਬਹੁਤ ਹੀ ਸੂਖ਼ਮ ਅਤੇ ਚੁੱਪ ਵਿਚੋਂ
ਬੋਲਦੇ ਸ਼ਬਦਾ ਰਾਹੀ ਚੁੱਪ ਵਰਗੀ ਚੋਭ ਮਾਰਦੇ ਹਨ।
ਮਿਰੀ ਨਜ਼ਰ ‘ਚ ਹੈ ਹਰ ਸ਼ਬਦ ਦੇ ਅੰਦਰ ਦਾ ਖਲਲਾਅ,
ਜਾਂ ਇੰਝ ਕਹਿ ਲਵੋ ਮੈਂ ਸ਼ਬਦ ਦੀ ਨਜ਼ਰ ‘ਚ ਹਾਂ। (ਸਫਾ 24)
ਇਹ ਕੈਸੀ ਸਾਂਝ ਹੈ ਉਮਰਾਂ ਦੀ ਕਿ ਹੁਣ ਰਿਸ਼ਤਿਆਂ ਵਿਚ,
ਜੁਦਾਈ ਵੀ ਨਹੀਂ ਦਿਸਦੀ ਕਿਤੇ, ਸੰਗਮ ਵੀ ਨਹੀਂ । (ਸਫਾ 29)
ਸੁਰ ਸਜਾਉਂਦੇ ਪਾਣੀਆਂ ਨੂੰ ਨਾਗਵਲ਼ ਪਾਉਂਦੀ ਮਿਲੀ।
ਇੱਕ ਨਦੀ, ਝਰਨੇ ਦੇ ਥੱਲੇ, ਆਪ ਹੀ ਨ੍ਹਾਉਂਦੀ ਮਿਲੀ। (ਸਫਾ 32)
ਤੁਰਦੇ ਹੋਏ ਜਦੋਂ ਵੀ ਹੋਇਆ ਹਾਂ ਕੁਝ ਉਦਾਸ,
ਤੁਰਨਾ ਹੀ ਜਿ਼ੰਦਗੀ ਹੈ, ਕਹਿੰਦਾ ਰਿਹਾ ਹੈ ਸਫ਼ਰ। (ਸਫਾ 39)
ਅੰਮ੍ਰਿਤ ਵੇਲੇ ਸੂਰਜ ਚੰਗਾ ਲੱਗਦਾ ਜੇ,
ਲੌਢੇ ਵੇਲੇ ਵੀ ਇਸ ਦਾ ਸਨਮਾਨ ਕਰੋ।(ਸਫਾ 44)
ਇਸ ਗ਼ਜ਼ਲ ਸੰਗ੍ਰਹਿ ਵਿਚ ਹੋਰ ਬਹੁਤ ਸਾਰੇ ਸ਼ੇਅਰ ਹਨ ਜੋ ਧੁਰ ਦਿਲ
ਵਿਚ ਲਹਿ ਜਾਂਦੇ ਹਨ। ਸਤੀਸ਼ ਗੁਲਾਟੀ ਦਾ ਇਹ ਗ਼ਜ਼ਲ ਸੰਗ੍ਰਹਿ ਭੱਜ ਰਹੇ
ਮਨੁੱਖ ਨੂੰ ਠਹਿਰਨ ਲਈ ਹੀ ਨਹੀਂ ਬਲਕਿ ਚੁੱਪ ਰਹਿਕੇ ਆਪਣੇ-ਆਪ ਨਾਲ ਸੰਵਾਦ
ਰਚਾਉਣ ਲਈ ਵੀ ਕਹਿੰਦਾ ਹੈ ਤੇ ਆਪਣੇ-ਆਪ ਨਾਲ ਰਚਾਏ ਸੰਵਾਦ ਹੀ ਮਨੁੱਖ ਨੂੰ
ਅੰਮ੍ਰਿਤ ਵੇਲੇ ਦੇ ਸੂਰਜ ਦੇ ਨਾਲ-ਨਲ ਲੌਢੇ ਵੇਲੇ ਦੇ ਢੱਲਦੇ ਸੂਰਜ ਵਿਚ
ਫਰਕ ਕਰਨ ਤੋਂ ਰੋਕਦੇ ਹਨ।
ਬਲਜਿੰਦਰ ਸੰਘਾ
ਫੋਨ 1403-680-3212
|