ਨਿਰਸੰਕੋਚ, ਪੰਜਾਬੀ ਭਾਸ਼ਾ ਦੇ ਸਾਹਿਤ ਅਤੇ ਤਾਰੀਖ ਲਈ ਇਹ ਵੱਡਮੁੱਲਾ
ਅਤੇ ਮਹੱਤਵਪੂਰਣ ਮੁਲਾਕਾਤਾਂ ਦਾ ਸੰਗ੍ਰਹਿ ਪੇਸ਼ ਕਰਨ ਲਈ ਡਾ: ਸਾਥੀ
ਲੁਧਿਆਣਵੀ ਮੁਬਾਰਕਬਾਦ ਦੇ ਕਾਬਲ ਹਨ, ਜਿਸ ਲਈ ਪੰਜਾਬੀ ਜਗਤ ਉਨ੍ਹਾਂ ਦਾ
ਤਹਿ ਦਿਲੋਂ ਰਿਣੀ ਹੈ। ਪਰਬੀਨ ਅਤੇ ਖਰੇ ਖਰੇ ਸਵਾਲਾਂ ਵਾਲੀਆਂ ਮੁਲਾਕਾਤਾਂ
ਦਾ ਇਹ ਦਸਤਾਵੇਜ਼ ਪੰਜਾਬੀ “ਸਾਹਿਤਕਾਰਾਂ” ਦੇ ਅਸਲੀ ਪੱਖ - ਦੋਵੇਂ ਗੁਣਾਂ
ਅਤੇ ਔਗੁਣਾਂ - ਨੂੰ ਬੜੀ ਖੂਬੀ ਨਾਲ ਸਾਹਮਣੇ ਲਿਆਉਂਦਾ ਹੈ। ਪੜ੍ਹਦੇ ਸਮੇ
ਜਿੱਥੇ ਅਸੀ ਇਨ੍ਹਾਂ ਸ਼ਖਸੀਅਤਾਂ ਦੀ ਕਾਬਲੀਅਤ, ਸਿਰਜਣਾਤਮਕ ਅਤੇ ਕਲਪਨਾਤਮਕ
ਸੋਚਣੀ ‘ਤੇ ਅਸ਼ ਅਸ਼ ਕਰ ਉੱਠਦੇ ਹਾਂ ਉੱਥੇ ਸਾਨੂੰ ਉਨ੍ਹਾਂ ਦੇ ਕਈ ਤੰਗ ਦਿਲ
ਅਤੇ ਸੌੜੇ ਵਿਚਾਰ ਪੜ੍ਹ ਕੇ ਸਿਰਫ ਹੈਰਾਨੀ ਹੀ ਨਹੀ ਹੁੰਦੀ ਬਲਕਿ ਅਸਚਰਜ
ਵੀ ਆਉਂਦਾ ਹੈ।
ਵੀਹ ਸਾਲਾਂ ਦੇ ਅਰਸੇ ਦਾ ਇਹ ਮੁਲਾਕਾਤਾਂ ਦਾ ਸਿਲਸਿਲਾ ਸੰਨ 1980 ਤੋਂ
ਸੰਨ 1999 ਦੇ ਵਿਚਕਾਰ ਦਾ ਹੈ। ਇਹ ਦੌਰ ਸਿਰਫ ਭਾਰਤ ਦੇ ਸਿਆਸੀ ਅਤੇ
ਸਮਾਜਕ ਜੀਵਨ ਦੇ ਉਥਲ ਪੁਥਲ ਦਾ ਸਮਾ ਹੀ ਨਹੀ ਬਲਕਿ ਬਰਤਾਨੀਆਂ ਵਿਚ ਵਸਦੇ
ਪੰਜਾਬੀਆਂ ਲਈ ਵੀ ਬੁਨਿਆਦੀ ਤੌਰ ‘ਤੇ ਠੋਸ ਪਰਿਵਰਤਨਾਂ ਦਾ ਸਮਾ ਸੀ।
ਜਿੱਥੇ ਪੰਜਾਬ ਵਿਚ ਖਾੜਕੂਵਾਦ ਅਤੇ ਰਾਜਨੀਤਕ ਅੱਤਿਆਚਾਰ ਦੇ ਅਣਮਨੁੱਖੀ
ਦੌਰ ਦਾ ਬੋਲਬਾਲਾ ਸੀ, ਉੱਥੇ ਬਰਤਾਨੀਆ ਵਿਚ ਪ੍ਰਵਾਸੀ ਪੰਜਾਬੀ, ਨਸਲਵਾਦ
ਅਤੇ ‘ਸਮਾਜੀ-ਸਭਿਆਚਾਰ’ ਦੀ ਮਾਨਸਕ ਖਿਚੋਤਾਣ ਨਾਲ ਪਰਸਪਰ ਜੂਝ ਰਹੇ ਸਨ।
ਤਿਆਗੇ ਅਤੇ ਬੇਸਹਾਰਾ ਮਹਿਸੂਸ ਕਰਦੇ ਹੋਏ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ
ਉਧਰ ਦੇਸ਼ ਵਿਚ ਉਨ੍ਹਾਂ ਦਾ ਜੱਦੀ ਘਰ ਸੜ ਕੇ ਸੁਆਹ ਹੋ ਰਿਹਾ ਹੈ ‘ਤੇ ਇਧਰ
ਬੇਗਾਨੇ ਘਰ ਤੋਂ ਧੱਕੇ ਪੈ ਰਹੇ ਹਨ। ਅੰਦਰੂਨੀ ਬੇਬਾਕ ਚੀਕਾਂ ਅਤੇ ਨਿਰੰਤਰ
‘ਹੇਰਵੇ’ ਦੀਆਂ ਸਿਸਕੀਆਂ ਉਨ੍ਹਾਂ ਦਾ ਨਿੱਤਨੇਮ ਜੀਵਨ ਬਣ ਕੇ ਰਹਿ ਗਿਆ
ਸੀ। ਇਸ ਤਰਸਮਈ ਹਾਲਤ ਨੂੰ ਨਾ ਕੋਈ ਸੁਣਨਵਾਲਾ ਅਤੇ ਨਾ ਹੀ ਕੋਈ ਸਮਝਣ
ਵਾਲਾ ਸੀ। ਦੇਸ ਤੋਂ ਦੌਰੇ ‘ਤੇ ਨਿਕਲੇ ਮਹਿਮਾਨਾਂ (ਅਤਿਥੀਆਂ) ਦਾ
‘ਕਾਰਜ-ਕਰਮ’ ਅਤੇ ਮਨੋਰਥ ਅਲਗ ਸੀ। ਉਹ ਤਾਂ ਸਿਰਫ ਸੈਰ ਸਪਾਟਾ ਕਰਨ ਵਿਚ
ਹੀ ਦਿਲਚਸਪੀ ਰੱਖਦੇ ਸਨ। ਇਹ ਘੋਰ ਤਥ ਅਤੇ ਰਵੱਈਆ ਇਨ੍ਹਾਂ ਮੁਲਾਕਾਤਾਂ
ਵਿਚੋਂ ਸਾਫ ਸਾਫ ਨਜ਼ਰ ਆਉਂਦਾ ਹੈ।
ਇਨ੍ਹਾਂ ਮੁਲਾਕਾਤਾਂ ਦਾ ਸੰਬੰਧ ਸਮੁੱਚੇ ਤੌਰ ‘ਤੇ ਸਾਹਿਤ, ਕਾਵਿ,
ਰੰਗਮੰਚ, ਗੀਤ-ਸੰਗੀਤ, ਚਿੱਤਰਕਾਰੀ ਅਤੇ ਕਿਸੇ ਹੱਦ ਤਕ ਇਤਿਹਾਸ ਨਾਲ ਵੀ
ਹੈ ਅਤੇ ਇਹ ਮੁਲਾਕਾਤਾਂ ਉਨ੍ਹਾਂ ਹਸਤੀਆਂ ਨਾਲ ਹਨ ਜੋ ਬਰਤਾਨੀਆ ਦੇ ਦੌਰੇ
‘ਤੇ ਸਮੇ ਸਮੇ ਆਉਂਦੀਆਂ ਰਹਿੰਦੀਆਂ ਸਨ। ਇਨ੍ਹਾਂ ਮਹਿਮਾਨਾਂ ਦੇ ਬਰਤਾਨੀਆ
ਤੱਕ ਪਹੁੰਚਣ ਦੇ ਮਨੋਰਥ ਭਾਵੇ ਅਲਗ ਅਲਗ ਸਨ ਪਰ ਇਸ ਵਿਚ ਕੋਈ ਸ਼ੱਕ ਨਹੀ ਕਿ
ਉਨ੍ਹਾਂ ਦਾ ਮੁੱਖ ਮੁੱਦਾ ਪਰਵਾਸੀ ਪੰਜਾਬੀਆਂ ਨਾਲ ਸਾਂਝ ਪੈਦਾ ਕਰਨ ਦੇ
ਨਾਲ ਨਾਲ ਪ੍ਰਦੇਸਾਂ ਦੀ ਸੈਰ ਕਰਨ ਨਾਲ ਵੀ ਹੁੰਦਾ ਸੀ। ਸਾਡਾ ਪਰਵਾਸੀਆਂ
ਦਾ ‘ਹੇਰਵਾ’ ਅਤੇ ਪਿੱਛੇ ਛੱਡ ਆਏ ਦੇਸ਼ ਦੀ ਤਰਾਸਦੀ ਇਨ੍ਹਾਂ ਮਹਿਮਾਨਾਂ
ਦੀਆਂ ਨਜ਼ਰਾਂ ਰਾਹੀ ਦੇਖਣ ਦੀ ਕੋਸ਼ਿਸ ਅਤੇ ਉਨ੍ਹਾਂ ਤੋਂ ਆਪਣੇ ਮਸਲਿਆਂ ਦੇ
ਹੱਲ ਲੱਭਣ ਦੇ ਜਤਨ ਬਾਰ ਬਾਰ ਉਘੜਦੇ ਹਨ। ਰਾਜਨੀਤੀ ਅਤੇ ਜ਼ਿੰਦਗੀ ਦੀਆਂ
ਹੋਰ ਸਮੱਸਿਆਵਾਂ ਨੂੰ ਸਿਰਫ ਇਨ੍ਹਾਂ ਮਹਿਮਾਨਾਂ ਦੀਆਂ ਨਜ਼ਰਾਂ ਰਾਹੀ ਹੀ
ਦੇਖਿਆ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਮੁਲਾਕਾਤਾਂ ਵਿਚ ਦੋ ਮਨੋਵਿਗਿਆਨਕ
ਤਥ ਸਾਫ ਸਾਫ ਉੱਭਰ ਕੇ ਸਾਹਮਣੇ ਆਉਂਦੇ ਹਨ: (1) ‘ਪਰਵਾਸੀ’ ਲਿਖਾਰੀਆਂ ਦੀ
ਪਿਛੋਕੜ ਸਾਹਿਤਕ ਅਦਾਰਿਆਂ ਵਿਚ ਮਾਨਤਾ ਹਾਸਲ ਕਰਨ ਦੀ ਲਾਲਸਾ; ਅਤੇ (2)
‘ਦੇਸੀ’ ਮਹਿਮਾਨਾਂ ਦੀ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਦੇ ਲਿਖਾਰੀ ਜਾਂ
ਕਲਾਕਾਰ ਹੋਣ ਦੀ ਤਾਂਘ।
ਉਨ੍ਹਾਂ ਵੇਲਿਆਂ ਵਿਚ ਇਹ ਮਾਨਸਕ ਉਲਝਣਾਂ ਸਿਰਫ ਲਿਖਾਰੀਆਂ ਜਾਂ
ਕਲਾਕਾਰਾਂ ਵਿਚ ਹੀ ਨਹੀ ਬਲਕਿ ਸਿਆਸੀ ਆਗੂਆਂ ਵਿਚ ਵੀ, ਕਾਫੀ ਭਾਰੂ ਸਨ।
ਇਸ ਦੇ ਮੁਕਾਬਲੇ ਅਸੀ ਆਵਾਸੀ ਲੋਕ ਆਪਣੇ ਆਪ ਨੂੰ ਇਹ ਦਿਖਾਉਣਾਂ ਚਾਹੁੰਦੇ
ਸਾਂ ਕਿ ਅਸੀ ਇੰਗਲੈਂਡ ਪਹੁੰਚ ਕੇ “ਆਮ” ਤੋਂ “ਖਾਸ” ਬਣ ਗਏ ਹਾਂ, ਇਸ ਨਾਲ
ਸਾਨੂੰ, “ਦੇਸੀਆਂ” ਨਾਲੋ ਅਲਗ ਦਾ ਦਰਜਾ ਹਾਸਲ ਹੋਣਾ ਚਾਹੀਦਾ ਹੈ।
“ਦੇਸੋਂ” ਆਏ ਮਹਿਮਾਨਾਂ ਦੀਂਆਂ ਮਾਨਸਕ ਉਲਝਣਾਂ ਇਹ ਸਨ ਕਿ ਉਨ੍ਹਾਂ ਨੂੰ
ਵਾਪਸ ਪਰਤ ਕੇ “ਇੰਗਲੈਂਡ ਫੇਰੀ” ਦਾ ਦਰਜਾ ਹਾਸਲ ਹੋ ਜਾਂਦਾ ਸੀ। ਇਹ ਦੋ
‘ਕਾਰਕ’ ਸਪਸ਼ਟ ਰੂਪ ਵਿਚ ਸਾਹਮਣੇ ਆਉਂਦੇ ਹਨ। ਸਾਡੀ ਪ੍ਰਵਾਸੀਆਂ ਦੀ ਤਾਂਘ,
ਆਸ, ਬੇਬਸੀ, ਆਕਾਂਕਸ਼ਾ ਨੂੰ ਇਹ ਮਹਿਮਾਨ ਭੰਗ ਨਹੀ ਕਰਦੇ ਬਲਕਿ ਸਾਡੀ
‘ਸਵੈ-ਮਹੱਤਤਾ’ ਦੀ ਗਲਤ ਫਹਿਮੀ ਨੂੰ ਹਵਾ ਦੇ ਕੇ ਹੋਰ ਵੀ ਮਜ਼ਬੂਤ ਕਰਦੇ
ਹਨ; ਜਿਵੇਂ ਉਨ੍ਹਾਂ ਵਲੋ ਬਾਰ ਬਾਰ ਇਹ ਮਸ਼ਵਰਾ ਦੇਣਾ ਕਿ ਅਸੀਂ “ਮਜ਼ਦੂਰ”
ਠਰਿਰੇ ਲੋਕ ਵਾਪਸ ਜਾ ਕੇ ‘ਫੈਕਟਰੀਆਂ’ ਲਗਾ ਸਕਦੇ ਹਾਂ! ਇਸੇ ਲਹਿਜੇ ਵਿਚ
ਸਾਥੀ ਲੁਧਿਆਣਵੀ ਦੇ ਕੀਤੇ ਸਵਾਲ ਅਤੇ ਮਹਿਮਾਨਾਂ ਦੇ ਅਪੇਕਸ਼ਿਤ ਜਵਾਬ ਕਾਫੀ
ਸਿਖਿਆਦਾਇਕ ਹਨ।
ਇਸ ਸੰਗ੍ਰਹਿ ਵਿਚ ਕੁੱਲ ਮਿਲਾ ਕੇ ਚੌਵੀ ਜਮਾ ਇੱਕ (24 + 1 = 25)
ਅਰਥਾਤ ਪੱਚੀ ਮੁਲਾਕਾਤਾਂ ਸ਼ਾਮਲ ਹਨ। ਇਨ੍ਹਾਂ ਮੁਲਾਕਾਤੀਆਂ ਦੀ ਸੂਚੀ ਨੂੰ
ਸਹਿਜੇ ਹੀ ਛੇ ਢਾਣੀਆਂ ਵਿਚ ਵੰਡਿਆ ਜਾ ਸਕਦਾ ਹੈ: ਵਾਰਤਕ, ਕਾਵਿ,
ਰੰਗਮੰਚ, ਚਿੱਤਰਕਾਰ, ਗੀਤ-ਸੰਗੀਤ ਅਤੇ ਇਤਿਹਾਸ।
- ਵਾਰਤਕ: ਸੰਤ ਸਿੰਘ ਸੇਖੋਂ (1980), ਜਸਵੰਤ ਸਿੰਘ ਕੰਵਲ
(1983), ਡਾ ਅਤਰ ਸਿੰਘ (1984), ਡਾ ਹਰਭਜਨ ਸਿੰਘ (1984), ਕਰਤਾਰ
ਸਿੰਘ ਦੁੱਗਲ (1985), ਓਪੇਂਦਰਨਾਥ ਅਸ਼ਕ (1985) ਅਤੇ ਅਜੀਤ ਕੌਰ
(1987)।
- ਕਾਵਿ: ਸਸਮੀਸ਼ਾ (1980), ਪਾਸ਼ (1987), ਰਣਧੀਰ ਸਿੰਘ ਚੰਦ
(1987), ਅਤੇ ਡਾ ਸੁਰਜੀਤ ਸਿੰਘ ਪਾਤਰ (1993)।
- ਰੰਗਮੰਚ: ਗੁਰਸ਼ਰਨ ਸਿੰਘ (1985), ਡਾ ਸੁਰਜੀਤ ਸਿੰਘ ਸੇਠੀ
(1985), ਦਾਰਾ ਸਿੰਘ (1985) ਬਲਵੰਤ ਗਾਰਗੀ (1990) ਅਤੇ ਨਿਰਮਲ ਰਿਸ਼ੀ
‘ਤੇ ਨੀਨਾ ਟਿਵਾਣਾ (1993)।
- ਚਿੱਤਰਕਾਰ: ਸੋਹਨ ਕਾਦਰੀ (1986)।
- ਗੀਤ-ਸੰਗੀਤ: ਰੇਸ਼ਮਾ (1992), ਹੰਸ ਰਾਜ ਹੰਸ (1992),
ਨਰਿੰਦਰ ਬੀਬਾ (1996) ਸੁਰਜੀਤ ਬਿੰਦਰਖੀਆਂ (1996) ਅਤੇ ਜਗਜੀਤ ਸਿੰਘ
(1999)।
- ਇਤਿਹਾਸ: ਜਨਰਲ ਮੋਹਨ ਸਿੰਘ (1983)।
ਮੁਲਾਕਾਤਾਂ ਦਾ, ਵੀਹ ਸਾਲਾਂ ਦਾ, ਇਹ ਦੌਰ ਪ੍ਰਵਾਸੀ ਪੰਜਾਬੀ ਦੀ
ਮਾਨਸਕ ਅਤੇ ਸਮਾਜਕ ਬਣਤਰ ਦਾ ਦੌਰ ਵੀ ਕਿਹਾ ਜਾ ਸਕਦਾ ਹੈ ਜਿਸ ਵਿਚ
ਪ੍ਰੇਸ਼ਾਨੀ, ਘਬਰਾਹਟ, ਬੇਚੈਨੀ, ਭਵਿੱਖ ਬਾਰੇ ਉਤਸੁਕਤਾ ਅਤੇ ਹੇਰਵਾ
ਵਰਗੀਆਂ ਮਾਨਸਕ ਉਲਝਣਾਂ ਹਾਵੀ ਸਨ ਅਤੇ ਜਿਨ੍ਹਾਂ ਦਾ ਹੱਲ ਲੱਭਣ ਲਈ ਹਰ
ਪਾਸਿਓ ਕੋਸ਼ਿਸ਼ ਕੀਤੀ ਜਾਂਦੀ ਸੀ। ਸਾਥੀ ਜੀ ਦੇ ਸਵਾਲ ਇਸ ਖਲਿਸ਼ ਦੀ
ਤਰਜਮਾਨੀ ਕਰਦੇ ਹਨ। ਜੈਸੇ ਮੁਲਾਕਾਤੀਆਂ ਨੂੰ ਇਹ ਪੁੱਛਣਾ ਕਿ,
- ਬਾਹਰ ਰਚਿਆ ਜਾਂਦਾ ਸਾਹਿੱਤ ਤੁਹਾਨੂੰ ਕੈਸਾ ਲੱਗਿਆ,
- ਇੱਥੋਂ ਦੀਆਂ ਪੰਜਾਬੀ ਸਾਹਿਤਕ ਜਥੇਬੰਦੀਆਂ ਬਾਰੇ ਤੁਹਾਡੇ ਵਿਚਾਰ
ਕੀ ਹਨ,
- ਇਸ ਮੁਲਕ ਬਾਰੇ ਤੁਹਾਡੇ ਕੀ ਵਿਚਾਰ ਹਨ,
- ਭਾਰਤ ਦੀ ‘ਈਮਰਜੈਂਸੀ’ ਬਾਰੇ ਤੁਹਾਡਾ ਕੀ ਰਵੱਈਆ ਹੈ,
- ਪੰਜਾਬੀ ਭਾਸ਼ਾ ਬਾਰੇ, ਆਵਾਸ ਬਾਰੇ,
- ਖਾਲਿਸਤਾਨ ਅਤੇ 1984 ਦਿੱਲੀ ਦੰਗਿਆਂ ਬਾਰੇ,
- ਸਾਹਿਤ ਅਕਾਦਮੀ ਦੇ ਇਨਾਮਾਂ ਬਾਰੇ, ਆਦਿ।
ਆਵਾਸ ਅਤੇ ਪ੍ਰਵਾਸੀ ਪੰਜਾਬੀ ਸਾਹਿਤ
ਉੱਪਰ ਦੱਸੇ ਸਵਾਲਾਂ ਦੀ ਮਨੋਭਾਵਨਾ ਨੂੰ ਪ੍ਰਗਟ ਕਰਦੇ ਹੋਏ ਸਾਥੀ
ਜੀ ਆਮ ਸਵਾਲ ਪੁੱਛਦੇ ਹਨ “ਇਸ ਮੁਲਕ ਬਾਰੇ ਅਤੇ ਬਾਹਰ ਰਚੇ ਜਾਂਦੇ ਸਾਹਿਤ
ਬਾਰੇ ਤੁਹਾਡਾ ਕੀ ਪ੍ਰਭਾਵ ਬਣਦੈ?” ਇਸ ਦੇ ਜਵਾਬ ਵੀ ਕਾਫੀ ਦਿਲਚਸਪ ਮਿਲਦੇ
ਹਨ। ਜਿਵੇਂ,
“ਸਾਊਥਾਲ ਤਾਂ ਮੈਨੂੰ ਦਿੱਲੀ ਤੇ ਬੰਬਈ ਦੇ ਉਪਨਗਰੀ ਇਲਾਕਿਆਂ ਵਰਗਾ
ਹੀ ਲੱਗਾ। ਤੁਸਾਂ ਲੋਕਾਂ ਦੇ ਘਰ ਬੜੇ ‘ਟੇਸਟਫੁੱਲ’ ਤਰੀਕੇ ਨਾਲ ਸਜਾਏ
ਹੋਏ ਨੇ। ਮੈਨੂੰ ਤਾਂ ਚੰਗਾ ਹੀ ਲੱਗਿਆ ਜੀ। ਪਰ ਲੰਡਨ ਇੰਗਲੈਂਡ ਦੀ
ਪ੍ਰਤੀਨਿਧਤਾ ਕਰਨ ਵਾਲਾ ਸ਼ਹਿਰ ਹੈ। ਲੰਡਨ ਵੇਖ ਲਿਆ ਤਾਂ ਇੰਗਲੈਂਡ ਵੇਖ
ਲਿਆ। ... ਕਿੱਥੇ ਰੀਸਾਂ ਨੇ ਇਨ੍ਹਾਂ ਦੇਸਾਂ ਦੀਆਂ ਸਾਥੀ ਸਾਹਿਬ, ਸਾਡਾ
ਦੇਸ ਬੜਾ ਪੱਛੜਿਆ ਹੋਇਆ ਦੇਸ ਹੈ। ਬੜੀ ਦੇਰ ਲੱਗੂ ਉਹਨੂੰ ਏਸ ਮੁਕਾਮ
‘ਤੇ ਪਹੁੰਚਦਿਆਂ। ਹਰ ਪਾਸੇ ਵਿਤਕਰਾ ਹੈ ਉਥੇ। ਬੰਦਾ ਬੰਦੇ ਨੂੰ ਉਸ ਦੇ
ਧਰਮ ਤੇ ਕਿੱਤੇ ਕਰਕੇ ਹੀ ਦੁਖੀ ਕਰੀ ਜਾ ਰਿਹਾ ਹੈ।“ (ਸੰਤ ਸਿੰਘ
ਸੇਖੋਂ)
“... ਕਈ ਪੱਖਾਂ ਤੋਂ ਜ਼ਿੰਦਗੀ ਬੇਹੱਦ ਸੁਖੀ ਹੈ ਪਰ ਕਈ ਪੱਖਾਂ ਤੋਂ
ਬੇਹੱਦ ਦੁਖੀ ਵੀ ਹੈ। ਇਥੇ ਜੇ ਤੁਹਾਨੂੰ ਕੰਮ ਨਾ ਮਿਲੇ ਤਾਂ ਬੇਕਾਰੀ
ਭੱਤਾ ਮਿਲ ਜਾਂਦਾ ਹੈ। ਜੇ ਕੰਮ ਮਿਲਿਆ ਹੋਵੇ ਤਾਂ ਜੋ ਚਾਹੋ ਖਰੀਦ ਸਕਦੇ
ਹੋ ਪਰ ਆਪਣੇ ਵਤਨ ਵਿਚ ਤੁਸੀਂ ਕਾਬਲ ਵੀ ਹੋਵੋਂ, ਇਮਾਨਦਾਰ ਵੀ ਹੋਵੋਂ
ਤਾਂ ਵੀ ਕੰਮ ਨਹੀਂ ਮਿਲਦਾ। ਜੇ ਕੰਮ ਮਿਲ ਵੀ ਜਾਵੇ ਤਾਂ ਪੂਰੀ ਉਜਰਤ
ਨਹੀਂ ਮਿਲਦੀ ਤੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ।
‘ਸਟੋਵ’ ਲਈ ਗੈਸ ‘ਤੇ ਮਕਾਨ ਲਈ ਸੀਮਿੰਟ ਨਹੀਂ ਮਿਲਦਾ। ਜੇ ਮਿਲ ਵੀ
ਜਾਵੇ ਤਾਂ ਪਤਾ ਨਹੀਂ ਹੁੰਦਾ ਕਿ ਖਰਾ ਹੈ ਜਾਂ ਨਹੀਂ। ਸੋ ਆਪਣੇ ਦੇਸ਼
ਵਿਚ ਕਿੱਲਤਾਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਗਰੀਬੀ ਹੈ। ਬੇਈਮਾਨ
ਬੰਦਾ ਉਥੇ ਵੀ ਬਥੇਰੇ ਮਜ਼ੇ ਕਰਦਾ। ਪਰ ਤੁਹਾਨੂੰ ਦਿੱਕਤ ਇਹ ਆਉਂਦੀ ਹੈ
ਕਿ ਇਥੋਂ ਆਪਣੇ ਸਭਿਆਚਾਰ ਨੂੰ ‘ਪਰੀਜ਼ਰਵ’ ਕਰਨ ਲਈ ਬੜਾ ਸੰਘਰਸ਼ ਕਰਨਾ
ਪੈਂਦਾ ਹੈ। ਤੁਹਾਡੀ ਅਗਲੀ ਪੀੜ੍ਹੀ ਦਾ ਵੀ ਤੁਹਾਨੂੰ ਮਸਲਾ ਹੈ। ਤੁਹਾਡੇ
‘ਤੇ ਔਲਾਦ ਵਿਚ ਵਖ਼ਰੇਵੇਂ ਵਧ ਰਹੇ ਹਨ।“ (ਮੀਸ਼ਾ)
“ਵਤਨ ਦਾ ਹੇਰਵਾ ਵਧੇਰੇ ਹੈ। ... ਦਰਅਸਲ ਇਥੋਂ ਦੇ ਪੰਜਾਬੀ ਲੇਖ਼ਕ
ਇਕ ਤਾਂ ਗਿਣਤੀ ‘ਚ ਘੱਟ ਨੇ ਤੇ ਦੂਜਾ ਉਹ ਪਿਛੇ ਨੂੰ ਨਹੀਂ ਭੁੱਲ ਸਕੇ
ਹਾਲਾਂਕਿ ਇਥੇ ਬੈਠਿਆਂ ਉਨ੍ਹਾਂ ਨੂੰ ਵਧੇਰੇ ਵਿਸ਼ਾਲ ਹੋਣਾ ਚਾਹੀਦਾ ਸੀ।“
(ਅਜੀਤ ਕੌਰ)
“ਬੜੀ ਫੋਨੀ ਜਿਹੀ ਲਾਈਫ ਲੀਡ ਕਰਦੇ ਲਗਦੇ ਹੋ। ਬੱਸ ਮੀਸ਼ਾ ਦੇ ਸ਼ੇਅਰ
ਵਾਲਾ ਹਿਸਾਬ ਹੈ,
ਲੋਅ ਹੀ ਲੋਅ ਸੀ, ਸੇਕ ਨਹੀਂ ਸੀ
ਵੇਖ ਲਿਆ ਮੈਂ ਜੁਗਨੂੰ ਫੜ ਕੇ।
ਤੁਹਾਡੇ ਕੋਲ ਕਾਰਾਂ ਹਨ। ਘਰ ਹਨ ਪਰ ਅੰਦਰੋਂ ਉਦਾਸ ਹੋ।“ (ਜਗਜੀਤ
ਸਿੰਘ)
ਇਸੇ ਰੌ ਵਿਚ ਭਾਰਤ ਦੀ ‘ਰਾਜਨੀਤੀ’ ਅਤੇ ‘ਆਵਾਸ’ ਦੇ ਮਸਲਿਆਂ ਬਾਰੇ
ਕੀਤੀ ਸਾਥੀ ਜੀ ਦੀ ਜਸਵੰਤ ਕੰਵਲ ਹੋਰਾਂ ਨਾਲ ਮੁਲਾਕਾਤ ਬੜੀ ਅਸਚਰਜਮਈ ਅਤੇ
ਤੰਗਦਿਲੀ ਵਾਲੀ ਲੱਗੀ। ਇਸ ਦੇ ਨਾਲ ਨਾਲ ਇਹ ਅਚੰਭਾ ਵੀ ਲੱਗਾ ਕਿ ਸਾਡੇ
“ਬੁੱਧੀਜੀਵੀ” ਅਤੇ “ਲੇਖਕ” ਇਸ ਤਰ੍ਹਾਂ ਦੇ ਵਿਚਾਰਾਂ ਦੇ ਮਾਲਕ ਵੀ ਹੋ
ਸਕਦੇ ਹਨ। ‘ਨਸਲਵਾਦ’ ਅਤੇ ਸੌੜੀ ‘ਕੌਮਪਰਸਤੀ’ ਸਿਰਫ ਯੂਰਪੀਆਂ ਦਾ ਹੀ
ਰੁਝਾਨ ਨਹੀ ਹੈ। ਸਾਥੀ ਸਾਹਿਬ ਉਨ੍ਹਾਂ ਤੋਂ ਪੁੱਛਦੇ ਹਨ:
ਸਾਥੀ: “ਤਰਸੇਮ ਪੁਰੇਵਾਲ ਦੇ ਘਰ ਜਦੋਂ ਆਪਾਂ ਬੈਠੇ ਸੀ ਤਾਂ
ਤੁਸੀਂ ਆਖਿਆ ਸੀ ਕਿ ਪੰਜਾਬ ਵਿਚ ਢੇਰ ਸਾਰੀ ਗਿਣਤੀ ਵਿਚ ਭਈਏ ਆ ਰਹੇ ਹਨ
ਜੋ ਪੰਜਾਬ ਦੇ ਤਵਾਜ਼ਨ ਨੂੰ ਖ਼ਰਾਬ ਕਰ ਰਹੇ ਹਨ। ਇਸ ਬਾਰੇ ਹੋਰ ਵਿਸਥਾਰ
ਨਾਲ ਦੱਸੋ।“
ਕੰਵਲ: ਇਹ ਗੱਲ ਬਿਲਕੁਲ ਠੀਕ ਹੈ। ਏਸ ਵੇਲੇ ਵੀ ਪੰਜਾਬ ਅਠਤਾਲੀ
ਤੇ ਬਵੰਜਾ ਦੀ “ਰੇਸ਼ੋ” ਉਤੇ ਖੜ੍ਹਾ ਹੈ। ਭਈਏ ਹਮੇਸ਼ਾ ਹਿੰਦੂਆਂ ਦਾ
ਪੱਖ ਹੀ ਪੂਰਨਗੇ।
ਸਾਥੀ: ਤੁਸੀਂ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਪੰਜਾਬ ਵਿਚ
ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ?
ਕੰਵਲ: ਇਹ ਬਿਲਕੁਲ ਠੀਕ ਹੈ। ਉਹਨਾਂ ਨੂੰ ਵੋਟ ਦਾ ਹੱਕ ਸਿਰਫ
ਉਹਨਾਂ ਦੇ ਆਪਣੇ ਸੂਬੇ ਵਿਚ ਹੀ ਹੋਵੇ ਵਰਨਾ ‘ਮਿਨੌਰਟੀ’ ਜ਼ੁਬਾਨਾਂ
ਸੁਰੱਖਿਅਤ ਨਹੀਂ ਰਹਿ ਸਕਣਗੀਆਂ। ਪੰਜਾਬੀ ‘ਕਲਚਰ’, ਜ਼ੁਬਾਨ ਤੇ ਸਾਹਿਤ
ਤਬਾਹ ਹੋ ਜਾਵੇਗਾ।
ਸਾਥੀ: ਜੇ ਤੁਹਾਡੀ ਗੱਲ ਮੰਨ ਲਈਏ ਤਾਂ ਬੰਗਾਲ, ਆਸਾਮ, ਉਤਰ
ਪ੍ਰਦੇਸ਼ ‘ਤੇ ਹੋਰਨਾਂ ਸੂਬਿਆਂ ਵਿਚ ਵਸਦੇ ਸਿੱਖਾਂ ਨੂੰ ਜਾਂ ਪੰਜਾਬੀਆਂ
ਨੂੰ ਵੀ ਉਥੇ ਵੋਟ ਦਾ ਹੱਕ ਕੀਕੂੰ ਹੋਵੇ? ਉਹਨਾ ਸੂਬਿਆਂ ਦੀ ਜ਼ੁਬਾਨ
ਤਾਂ ਪੰਜਾਬੀ ਹੈ ਨਹੀਂ ਤੇ ਉਹਨਾਂ ਸੂਬਿਆਂ ਦੀ ਜ਼ੁਬਾਨ ਵੀ ਪੰਜਾਬੀਆ ਦੀ
ਮਾਦਰੀ ਜ਼ੁਬਾਨ ਨਹੀਂ।
ਕੰਵਲ: ਮੇਰੇ ਖਿਆਲ ਅਨੁਸਾਰ ਹੋਰਨਾਂ ਸੂਬਿਆਂ ਵਿਚ ਰਹਿੰਦੇ
ਸਿੱਖਾਂ ਜਾਂ ਪੰਜਾਬੀਆਂ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ। ਸਭ
ਲੋਕ ਆਪੋ ਆਪਣੇ ਸੂਬਿਆਂ ਵਿਚ ਜਾ ਕੇ ਵੋਟ ਪਾਉਣ।
ਸਾਥੀ: ਸਾਡੇ ਵਿਚੋਂ ਨੱਬੇ ਫੀ ਸਦੀ ਰੋਜ਼ਗਾਰ ਦੀ ਭਾਲ ਵਿਚ
ਏਥੇ ਆਏ ਸਨ। ਜ਼ਿੰਦਗੀ ਦੀ ਬੈਟਰਮੈਂਟ ਵਾਸਤੇ। ਜੇਕਰ ਉਥੇ ਰੋਜ਼ਗਾਰ ਹੋਵੇ
ਤਾਂ ਏਥੇ ਕਾਹਨੂੰ...
ਕੰਵਲ: (ਟੋਕਦਿਆਂ) ਸਭ ਤੋਂ ਵਧ ਕਸੂਰ ਉਹਨਾਂ ਲੋਕਾਂ ਦਾ ਹੈ
ਜਿਹੜੇ ਪੰਜਾਬ ਨੂੰ ਛੱਡ ਕੇ ਏਧਰ ਆਏ ਹਨ। ਪੰਜਾਬ ਕਿਧਰ ਜਾਵੇ? ਪੰਜਾਬ
ਦੀ ਹੈਸੀਅਤ ਖਤਮ ਕਰਾਉਣ ਵਿਚ ਉਹਨਾਂ ਦਾ ਵੀ ਰੋਲ ਹੈ। ਇਹੋ ਲੋਕ ਰੌਲਾ
ਪਾਉਂਦੇ ਹਨ ਕਿ ਭਈਆਂ ਨੂੰ ਵੀ ਵੋਟ ਦਾ ਹੱਕ ਹੋਣਾ ਚਾਹੀਦੈ। ਤੁਸੀਂ ਵੀ
ਉਨ੍ਹਾਂ ਵਿਚੋਂ ਇਕ ਹੋ।
ਸਾਥੀ: ਵੋਟ ਦੇ ਸਬੰਧ ਵਿਚ ਜੇਕਰ ਅਸੀਂ ਇਥੋਂ ਦੀ
‘ਸਿਚੂਏਸ਼ਨ’ ਲਈਏ ਤਾਂ ਸਾਡੀ ਮਾਦਰੀ ਜ਼ੁਬਾਨ ਤਾਂ ਅੰਗਰੇਜ਼ੀ ਹੈ ਹੀ
ਨਹੀਂ ‘ਤੇ ਅਸੀਂ ਹਾਂ ਵੀ ‘ਇਮੀਗਰਿੰਟ’, ਸੋ ਜੇਕਰ ਅੰਗਰੇਜ਼ ਸਾਨੂੰ ਆਖਣ
ਕਿ ਬਈ ਤੁਹਾਡੀ ਕਿਉਂਕਿ ਮਾਦਰੀ ਜ਼ੁਬਾਨ ਅੰਗਰੇਜ਼ੀ ਨਹੀਂ ਇਸ ਲਈ
ਤੁਹਾਨੂੰ ਵੋਟ ਦੇਣ ਦਾ ਕੋਈ ਹੱਕ ਨਹੀਂ, ਬਜਾਨਬ ਸਮਝੋਗੇ?
ਕੰਵਲ: ਉਹ ਹੱਕ ਬਜਾਨਬ ਐ ਤੇ ਫੇਰ ਤੁਹਾਨੂੰ ਇਹ ਫੈਸਲਾ ਕਰਨਾ
ਪਊ ਕਿ ਤੁਸੀਂ ਇਥੇ ਰਹਿਣਾ ਕਿ ਉਥੇ ਰਹਿਣਾ।
ਸਾਥੀ: ਸੋ ਜੇਕਰ ਇਹ ਲੋਕ ਸਾਨੂੰ ਇਸ ਮੁਲਕ ਵਿਚੋਂ ਕੱਢ ਦੇਣ
ਤਾਂ ਉਹਨਾ ਦੀ ਗੱਲ ‘ਜਸਟੀਫਾਈਏਬਲ’ ਹੈ?
ਕੰਵਲ: ਮੇਰਾ ਖਿਆਲ ਹੈ ਕਿ ਉਹ ਠੀਕ ਹੋਣਗੇ। ਤੁਸੀਂ ਉਹਨਾਂ ਦੇ
ਮੁਲਕ ਵਿਚ ਆਏ ਕਿਉਂ ਹੋ? ਉਹ ਕੱਢ ਸਕਦੇ ਐ ਆਪਣੇ ਮੁਲਕ ਵਿਚੋਂ।
‘ਲਿਖਾਰੀ’ ਜਸਵੰਤ ਸਿੰਘ ਕੰਵਲ ਨਾਲ ਆਪਣੀ ਗੁਫਤਗੂ ਜਾਰੀ ਰੱਖਦੇ ਹੋਏ
ਸਾਥੀ ਸਾਹਿਬ ਭਾਰਤ ਵਿਚ ਪੰਜਾਬੀ ਸਾਹਿਤਕ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ
ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਖਾਸਕਰ ਉਹ ਜਾਣਨਾ ਚਾਹੁੰਦੇ ਹਨ ਕਿ
ਸਾਹਿਤਕ ਸ਼ਖਸੀਅਤਾਂ ਨੂੰ ਕਿਸ ਆਧਾਰ ‘ਤੇ ਸਨਮਾਨਿਆ ਜਾਂਦਾ ਹੈ।
ਸਾਥੀ: ਤੀਜੇ ਵਿਸ਼ਵ ਸਮੇਲਨ ਬਾਰੇ ਇਕ ਦੋ ਨੁਕਤੇ ਰਹਿ ਗਏ
ਸਨ। ਤੁਸੀਂ ਕਿਹਾ ਹੈ ਕਿ ਵਿਸ਼ਵ ਸੰਮੇਲਨ ਵਿਚ ‘ਸਾਹਿਤ’ ਸ਼ਬਦ ਸ਼ਾਮਲ
ਕਰ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਤੁਸੀਂ ਖੁਸ਼ਵੰਤ ਸਿੰਘ ਨੂੰ
ਇਨਾਮ ਦੇ ਰਹੇ ਹੋ। ਉਸ ਨੇ ਤਾਂ ਪੰਜਾਬੀ ਵਿਚ ਲਿਖਿਆ ਹੀ ਨਹੀਂ।
ਕੰਵਲ: ਖੁਸ਼ਵੰਤ ਸਿੰਘ ਨੇ ਪੰਜਾਬੀ ਵਿਚ ਲਿਖਿਐ।
ਸਾਥੀ: ਕੀ ਲਿਖਿਐ ਉਸ ਨੇ ਪੰਜਾਬੀ ਵਿਚ?
ਕੰਵਲ: “ਟਰੇਨ ਟੂ ਪਾਕਿਸਤਾਨ।“
ਸਾਥੀ: ਉਹ ਤਾਂ ਅੰਗਰੇਜ਼ੀ ਤੋਂ ਤਰਜਮਾ ਹੋਇਐ।
ਕੰਵਲ: ਇਕ ਕਹਾਣੀਆਂ ਦੀ ਕਿਤਾਬ ਵੀ ਹੈ ਉਹਨਾਂ ਦੀ ਪਿੱਛੇ ਜਿਹੇ
ਛਪੀ ਹੈ।
ਸਾਥੀ: ਉਹ ਕਹਾਣੀਆਂ ਵੀ ਪਹਿਲਾਂ ਅੰਗਰੇਜ਼ੀ ਵਿਚ ਸਨ।
ਕੰਵਲ: ਇਹ ਤਾਂ ਤੁਸੀਂ ਨਾ ਕਹੋ। ਉਹਨਾਂ ਤਰਜਮੇ ਵੀ ਆਪੂੰ ਹੀ
ਕੀਤੇ ਨੇ। ਉਹਦੀ ਕੰਟਰੀਬਿਊਸ਼ਨ ਇਹ ਵੀ ਐ ਕਿ ਉਹਨੇ ਹੋਰਨਾਂ ਜ਼ੁਬਾਨਾਂ
ਵਿਚ ਵੀ ਲਿਖਿਐ।
ਪੰਜਾਬੀ ਰੰਗ ਮੰਚ
ਹਰ ਸੱਭਿਅਤਾ ਵਿਚ ਰੰਗ ਮੰਚ ਬੜੀ ਮਹੱਤਤਾ ਰੱਖਦਾ ਹੈ। ਪ੍ਰਾਚੀਨ
ਭਾਰਤੀ ਧਰਮ, ਕਲਾ, ਸਾਹਿਤ ਅਤੇ ਸਮਾਜਕ ਜੀਵਨ ਵਿਚ ਰੰਗ ਮੰਚ ਦੀ ਪਰੰਪਰਾ
ਬਹੁਤ ਮਹੱਤਤਾ ਰੱਖਦੀ ਸੀ। ਕਿਸੇ ਵਿਚਾਰਧਾਰਾ ਨੂੰ ਲੋਕਪ੍ਰਿਯ ਬਣਾਉਣ ਦਾ
ਇਹ ਬੜਾ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਂਦਾ ਸੀ। ਪਰ ਇਤਿਹਾਸ ਦੇ
ਉਤਰਾ-ਚੜ੍ਹਾ ਵਿਚ ਇਹ ਪਰੰਪਰਾ ਵੀ ਖੇਰੂੰ ਖੇਰੂੰ ਹੋ ਕੇ ਰਹਿ ਗਈ ਲਗਦੀ
ਹੈ। ਪੰਜਾਬੀ ਦੇ ਮੰਨੇ ਪ੍ਰਮੰਨੇ ਨਾਟਕਕਾਰ ਸੁਰਜੀਤ ਸਿੰਘ ਸੇਠੀ ਪੰਜਾਬੀ
ਰੰਗ ਮੰਚ ਬਾਰੇ ਦੱਸਦੇ ਹਨ।
ਸਾਥੀ: ਪੰਜਾਬ ਦੇ ਥੀਏਟਰ ਬਾਰੇ ਗੱਲ ਤੁਰੀ ਹੈ ਤਾਂ ਮੈਂ
ਜਾਨਣਾ ਚਾਹਵਾਂਗਾ ਕਿ ਉਥੇ ਇਸ ਖੇਤਰ ਵਿਚ ਇਸ ਦਾ ਕੀ ਸਥਾਨ ਹੈ? ਲੰਡਨ
ਦਾ ਵੈਸਟ ਐਂਡ ਤੇ ਅਮਰੀਕਾ ਦਾ ਬ੍ਰਾਡਵੇਅ ਥੀਏਟਰਾਂ ਦੇ ਘਰ ਹਨ। ਮੈਂ
ਅੰਗਰੇਜ਼ੀ ਨਾਲ ਇਸ ਦਾ ਟਾਕਰਾ ਤਾਂ ਨਹੀਂ ਕਰਨ ਨੂੰ ਕਹਿ ਰਿਹਾ ਪਰ
ਇੰਡੀਅਨ ਥੀਏਟਰ ਵਿਚ ਪੰਜਾਬੀ ਥੀਏਟਰ ਦੀ ਕੀ ਥਾਂ ਹੈ?
ਸੇਠੀ: ਸਾਥੀ ਜੀ, ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬੀ ਥੀਏਟਰ
ਦਾ ਕੋਈ ਮੁਕਾਬਲਾ ਹੈ ਹੀ ਨਹੀਂ। ਉਹ ਨਾਂ ਹੋਇਆ ਨਾਲ ਦਾ ਹੀ ਹੈ।
ਇੰਡੀਅਨ ਥੀਏਟਰ ਸਮੁੱਚੇ ਤੌਰ ਤੇ ਕਾਫੀ ਅੱਗੇ ਵਧਿਆ ਹੈ। ਪਰ ਪੰਜਾਬੀ
ਥੀਏਟਰ ਬੰਗਾਲੀ ਤੇ ਮਰਾਠੀ ਥੀਏਟਰ ਤੋਂ ਵੀ ਬਹੁਤ ਪਿੱਛੇ ਹੈ। ਪੰਜਾਬੀਆਂ
ਵਿਚ ਥੀਏਟਰ ਦੀ ਲਗਨ ਨਹੀਂ। ਸਾਡੇ ਡਰਾਮਾਟਿਸਟ ਇਸ ਦੀ ਤਕਨੀਕ ਤੋਂ
ਨਾਵਾਕਫ ਹਨ। ਇਹ ਲਿਖ ਸਕਦੇ ਹਨ ਪਰ ਸਟੇਜ ਤੋਂ ਇਸ ਦੀ ਪੇਸ਼ਕਾਰੀ ਨਹੀਂ
ਕਰ ਸਕਦੇ। ਡਰਾਮੇ ਲਿਖਣ ਵਾਲੇ ਵੀ ਸਾਡੇ ਕੋਲ ਚਾਰ-ਪੰਜ ਹੀ ਹੈਨ। ਇਹ
ਨਿਰਾਸ਼ ਜਿਹੀ ਸਥਿਤੀ ਹੈ।
ਪੰਜਾਬੀ ਭਾਸ਼ਾ ਅਤੇ ਲੇਖਕ
ਕਰਤਾਰ ਸਿੰਘ ਦੁੱਗਲ ਨਾਲ ਮੁਲਾਕਾਤ ਵਿਚ ਸਾਥੀ ਪੁੱਛਦੇ ਹਨ
“ਪੰਜਾਬੀ ਦੀ ਵੀ ਗੱਲ ਕਰੋ?” ਜਿਸ ਦੇ ਜਵਾਬ ਵਿਚ ਦੁੱਗਲ ਸਾਹਿਬ ਕਹਿੰਦੇ
ਹਨ: “ਯਾਰ, ਪੰਜਾਬੀ ਦੀ ਕੀ ਗੱਲ ਕਰੀਏ! ਇਸ ਜੁਬਾਨ ਨੂੰ ਘੱਟੋ ਘੱਟ 50%
ਪੰਜਾਬੀਆਂ ਨੇ ਅਪਣਾਇਆ ਹੀ ਨਹੀਂ। ਅਸੀਂ ਲੋਕ ਵੱਡੀਆਂ ਵੱਡੀਆਂ ਗੱਲਾਂ ਤਾਂ
ਕਰਦੇ ਹਾਂ ਪਰ ਆਪਣੀ ਭਾਸ਼ਾ ਵਲ ਕੋਈ ਧਿਆਨ ਨਹੀਂ ਦਿੰਦੇ। ਕੇਵਲ ਜਾਂ ਕਹੋ
ਕਿ ‘ਮੋਸਟਲੀ’ ਸਿੱਖਾਂ ਨੇ ਹੀ ਪੰਜਾਬੀ ਨੂੰ ਅਪਣਾਇਆ। ਪਾਕਿਸਤਾਨੀ ਪੰਜਾਬੀ
ਆਏ ਦਿਨ ਪੰਜਾਬੀ ਤੋਂ ਦੂਰ ਜਾ ਰਹੇ ਹਨ। ਇਧਰ ਹਿੰਦੂ ਤਬਕੇ ਦੇ ਕਈ ਲੋਕ ਇਸ
ਵੱਲ ਤਵੱਜੋਂ ਨਹੀਂ ਦੇ ਰਹੇ। ਪਾਕਿਸਤਾਨ ਵਿਚ ਵਾਰਸ ਤੇ ਬੁੱਲ੍ਹੇ ਦਾ ਨਾਮ
ਤਾਂ ਲੈਣਗੇ ਪਰ ਗੁਰੂ ਨਾਨਕ ਦਾ ਨਾਮ ਨਹੀਂ ਲੈਂਦੇ। ਆਧੁਨਿਕ ਸਾਹਿਤ ਦਾ
ਤਾਂ ਕੋਈ ਜ਼ਿਕਰ ਹੀ ਨਹੀਂ ਕਰਦਾ। ਉਧਰ ਵੀ ਤੇ ਏਧਰ ਵੀ ਕੁਝ ਇਕ ਬਹੁ ਚਰਚਿਤ
ਲੇਖਕ ਹੀ ਲੋਕਾਂ ਦਾ ਧਿਆਨ ਖਿੱਚਦੇ ਹਨ। ਬੰਗਾਲੀਆਂ ਨੇ ਆਪਣੀ ਜ਼ਬਾਨ ਦੀ
ਰੱਖਿਆ ਕੀਤੀ। ਈਸਟ ਪਾਕਿਸਤਾਨ ਨੂੰ ਕਿਹਾ ਗਿਆ ਕਿ ਉਹ ਬੰਗਾਲੀ ਦੀ ਥਾਂ
ਉਰਦੂ ਨੂੰ ਅਪਣਾ ਲੈਣ। ਬੰਗਾਲੀਆਂ ਨੇ ਇਹ ਮੰਗ ਠੁਕਰਾਅ ਦਿਤੀ। ਉਨ੍ਹਾਂ ਨੇ
ਛੇਕੜ ਨੂੰ ਪਾਕਿਸਤਾਨ ਤੋਂ ਜੁਦਾ ਹੋਣਾ ਹੀ ਠੀਕ ਸਮਝਿਆ ਤੇ 1971 ਵਿਚ
ਬੰਗਲਾ ਦੇਸ਼ ਬਣ ਗਿਆ। ਇਹ ਹੁੰਦੀ ਹੈ ਸੁਹਿਦਰਤਾ ਜ਼ਬਾਨ ਲਈ।“
ਪੰਜਾਬੀ ਦੇ ਵਧੀਆ ਗ਼ਜ਼ਲਗੋ ਡਾਕਟਰ ਰਣਧੀਰ ਸਿੰਘ ਚੰਦ ਨੂੰ ਸਾਥੀ ਜੀ
ਸਾਡੇ ਲੇਖਕਾਂ ਦੀ ਕਾਬਲੀਅਤ ਬਾਰੇ ਸਵਾਲ ਕਰਦੇ ਹਨ:
ਸਾਥੀ: ਮੈਨੂੰ ਕਈ ਵਾਰ ਇਉਂ ਲਗਦਾ ਕਿ ਸਾਡੇ ਲੇਖਕ, ਪਾਠਕ
ਨੂੰ ਪੜ੍ਹਾਉਣ ਤੇ ਸਿਆਣੇ ਬਣਾਉਣ ਦੇ ਕਾਬਲ ਹੀ ਨਹੀਂ ਹੁੰਦੇ। ਉਹਨਾਂ ਦੀ
ਜਾਣਕਾਰੀ ਬੜੀ ਸੀਮਤ ਤੇ ਉਪਰਲੀ ਸਤਹ ਦੀ ਹੁੰਦੀ ਹੈ। ਐਦਾਂ ਲਗਦਾ ਹੈ
ਜਿਵੇਂ ਕਿ ਉਹ ਐਵੇਂ ਸੁ਼ਗਲ ਲਈ ਹੀ ਲਿਖਦੇ ਹਨ ਵਰਨਾ ਲਿਖਣਾ ਤਾਂ ਇਕ
ਸੀਰੀਅਸ ਤੇ ਜ਼ਿੰਮੇਵਾਰੀ ਵਾਲਾ ਕਰਮ ਹੈ।
ਚੰਦ: ਵਾਹ ਕਿਆ ਬਾਤ ਕਹੀ ਹੈ। ਦਰਅਸਲ ਪੰਜਾਬੀ ਦੇ ਲੇਖਕ ਬੜੀ
ਛੇਤੀ ਆਪਣੇ ਆਪ ਨੂੰ ਲੇਖਕ ਸਮਝਣ ਲਗ ਪੈਂਦੇ ਹਨ। ਜਿਸ ਭੱਠ ਵਿਚ ਤਪ ਕੇ
ਕੁੰਦਨ ਬਣਨਾ ਹੁੰਦੈ ਉਹਦੀ ਜ਼ਰੂਰਤ ਹੀ ਮਹਿਸੂਸ ਨਹੀਂ ਕਰਦੇ। ਤੁਸੀਂ
ਲੇਖਕਾਂ ਦੀ ਨੀਵੀਂ ਪੱਧਰ ਦੀ ਗੱਲ ਕਰਦੇ ਹੋ, ਐਕਡੈਮਿਕ ਫੀਲਡ ਵਿਚ ਜਾ
ਕੇ ਵੇਖੋ। ਯੂਨੀਵਰਸਟੀਆਂ ਵਿਚ ਪੜ੍ਹਾਉਣ ਵਾਲੇ ਉਹ ਗੱਲਾਂ ਕਰਦੇ ਹਨ
ਜਿਹੜੀਆਂ ਪੱਛਮ ਵਿਚ ਵੀਹ ਬਾਈ ਸਾਲ ਪੁਰਾਣੀਆਂ ਹੋ ਗਈਆਂ ਹੁੰਦੀਆਂ ਹਨ।
ਸਾਡੇ ਲੇਖਕਾਂ ਨੇ ਵਿਦੇਸ਼ੀ ਲੇਖਕਾਂ ਦਾ ਸਾਹਿਤ ਪੜ੍ਹਿਆ ਹੀ ਨਹੀਂ
ਹੁੰਦਾ। ਪੜ੍ਹਨਾ ਉਹ ਜ਼ਰੂਰੀ ਸਮਝਦੇ ਹੀ ਨਹੀਂ। ਮੈਂ ਵਿਦੇਸ਼ੀ ਸਾਹਿਤ
ਪੜ੍ਹਨ ਵਲ ਜਦੋਂ ਦਾ ਰੁਚਿਤ ਹੋਇਆ ਹਾਂ ਤਾਂ ਸੋਚਣ ਲਗ ਪਿਆਂ ਕਿ ਅਸਾਂ
ਪੰਜਾਬੀ ਲੇਖਕਾਂ ਲਈ ਤਾਂ ਦਿੱਲੀ ਹਾਲੇ ਬੜੀ ਦੂਰ ਹੈ। ਤੁਹਾਡੇ ਆਪਣੇ
ਆਰਟੀਕਲਾਂ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਤੁਸੀਂ ਕਿੰਨਾ ਜ਼ਿਆਦਾ
ਪੜ੍ਹਦੇ ਹੋਵੋਗੇ।
ਗੀਤ ਸੰਗੀਤ
ਗੀਤ-ਸੰਗੀਤ ਦੀ ਦੁਨੀਆ ਦੇ ਜਿਨ੍ਹਾਂ ਕਲਾਕਾਰਾਂ ਨਾਲ ਮੁਲਾਕਾਤਾਂ
ਕੀਤੀਆਂ ਗਈਆਂ ਉਹ ਹਨ: ਜਗਜੀਤ ਸਿੰਘ, ਰੇਸ਼ਮਾ, ਹੰਸ ਰਾਜ ਹੰਸ, ਨਰਿੰਦਰ
ਬੀਬਾ ਅਤੇ ਸੁਰਜੀਤ ਬਿੰਦਰਖੀਆਂ। ਪੰਜਾਬੀ ਸੰਗੀਤ ਦੇ ਪ੍ਰੇਮੀਆਂ ਲਈ
ਬਿੰਦਰਖੀਆ ਅਤੇ ਰੇਸ਼ਮਾ ਦੀਆਂ ਮੁਲਾਕਾਤਾਂ ਕਾਫੀ ਰੋਚਕ, ਜਾਣਕਾਰੀ ਭਰਪੂਰ
ਅਤੇ ਪੜ੍ਹਨ ਲਾਇਕ ਹਨ। ਰਾਜਸਥਾਨ ਦੇ ਜਮਪਲ ਜਗਜੀਤ ਸਿੰਘ ਤੋਂ ਸਾਥੀ ਜੀ
ਪੁੱਛਦੇ ਹਨ:
ਸਾਥੀ: “ਪੰਜਾਬੀ ਨੂੰ ਸੰਜੀਦਾ ਗਾਉਣ ਵਾਲੇ ਘੱਟ ਹਨ।“
ਜਗਜੀਤ: “ਭਾਜੀ ਪੰਜਾਬੀ ਆਪ ਹੀ ਸੀਰੀਅਸ ਨਹੀਂ। ਪੰਜਾਬੀ ਬੰਦਾ
ਐਵੇਂ ਫੂੰ ਫਾਂ ਕਰਦਾ ਰਹਿੰਦਾ ਕਿ ਮੈਂ ਪੰਜਾਬੀ ਹਾਂ। ਪੰਜਾਬੀ ਗਾਇਕੀ
ਨੂੰ ਅਗਰ ਸੁਣਨ ਵਾਲਾ ਹੀ ਸੀਰੀਅਸ ਨਾ ਹੋਵੇ ਤਾਂ ਗਾਇਕ ਕਿਵੇਂ ਸੀਰੀਅਸ
ਹੋਵੇਗਾ।“
ਸਾਥੀ: “ਜੇਕਰ ਤੁਸੀਂ ਸਥਾਪਤ ਗਾਇਕ ਨਾ ਹੁੰਦੇ ਤਾਂ ਕੀ
ਕਰਦੇ?”
ਜਗਜੀਤ: “ਤਰਖਾਣ ਹੁੰਨੇ ਆਂ। ਗੁੱਲੀਆਂ ਘੜਦੇ।“
ਰੇਸ਼ਮਾ ਦੀ ਮੁਲਾਕਾਤ ਵਿਚ ਵੀ ਉਸ ਦੀ ਸਾਦਗੀ ਅਤੇ ਅਸਲੀ ਪੇਂਡੁਪਣ ਸਾਫ
ਸਾਫ ਸਾਹਮਣੇ ਆਉਂਦਾ ਹੈ। ਮਸਲਨ, ਰੇਸ਼ਮਾ ਜੀ ਕਹਿੰਦੇ ਹਨ “ਇਕ ਵਾਰ ਰੇਡੀਓ
ਪਾਕਿਸਤਾਨ ਵਾਲਿਆਂ ਨੇ ਮੈਨੂੰ ਆਪਣੇ ਸਟੁਡੀਓ ਵਿਚ ਗਾਉਣ ਲਈ ਸੱਦਾ ਦਿੱਤਾ,
ਜਦ ਮੈਂ ਉਥੇ ਪਹੁੰਚੀ ਤਾਂ ਉਹਨਾਂ ਨੇ ਮੈਨੂੰ ਇਕ ਡੰਡੇ ਜਿਹੇ ਮੁਹਰੇ
ਖੜ੍ਹੀ ਕਰ ਦਿਤਾ .... ਉਹਦੇ ਅੱਗੇ ਖੜੋ ਕੇ ਮੈਂ ਗਾਉਂਦੀ ਰਹੀ। ਦੋ ਚਾਰ
ਗਾਣੇ ਗਾਏ। ਫਿਰ ਅਸੀਂ ਚਲੇ ਆਏ।“ ਇਹ ਸਾਰੀ ਦੀ ਸਾਰੀ ਮੁਲਾਕਾਤ ਪੜ੍ਹਨ ਲਈ
ਬੜੀ ਦਿਲਚਸਪ ਹੈ।
ਨਰਿੰਦਰ ਬੀਬਾ ਦੀ ਮੁਲਾਕਾਤ ਵਿਚ ਪੰਜਾਬੀਆਂ ਦੀ ਫੋਕੀ ਹੈਂਕੜਬਾਜ਼ੀ ਅਤੇ
ਅਫਸਰਸ਼ਾਹੀ ਦਾ ਸਦਮਾ ਭਰਿਆ ਸਬੂਤ ਵੀ ਮਿਲਦਾ ਹੈ।
ਸਾਥੀ: ਦਿਲਸ਼ਾਦ ਅਖਤਰ ਨਾਲ ਲੋਹੜਾ ਹੋਇਆ।
ਬੀਬਾ: (ਅਤੀ ਉਦਾਸ ਹੋ ਕੇ) ਬਹੁਤ ਲੋਹੜਾ ਜੀ। ਅਸੀਂ ਕਲਾਕਾਰ
ਆਮ ਤੌਰ ਤੇ ਦੋ ਕੁ ਘੰਟਿਆਂ ਦਾ ਹੀ ਕਿਸੇ ਵਿਆਹ ਉਤੇ ਪ੍ਰੋਗਰਾਮ ਦਿੰਦੇ
ਹੁੰਨੇ ਆਂ ਪਰ ਦਿਲਸ਼ਾਦ ਬਹੁਤ ਬੀਬਾ ਮੁੰਡਾ ਸੀ। ਉਹ ਚਾਰ ਘੰਟੇ ਗਾਉਂਦਾ
ਰਿਹਾ ਪਰ ਜਦੋਂ ਸ਼ਰਾਬੀ ਹੋਏ ਡੀ ਐਸ ਪੀ ਸਵਰਨ ਸਿੰਘ ਨੇ ਕਹਿਣਾ ਸ਼ੁਰੂ
ਕਰ ਦਿਤਾ ਕਿ ਨਾਲ ਆਈ ਕੁੜੀ ਕੁਝ ਹੋਰ ਗਾਵੇ ਤਾਂ ਦਿਲਸ਼ਾਦ ਨੇ ਮੌਕੇ ਦੀ
ਨਜ਼ਾਕਤ ਨੂੰ ਦੇਖ਼ਦਿਆਂ ਕੁੜੀ ਨੂੰ ਉਥੋਂ ਭਜਾ ਦਿਤਾ। ਇਸ ਤੋਂ ਖਿਝ ਕੇ
ਇਕ ਪੁਲਸੀਏ ਨੇ ਦਿਲਸ਼ਾਦ ਨੂੰ ਢੇਰੀ ਕਰ ਦਿਤਾ।
ਅਨੋਖੀ ਸ਼ਖਸੀਅਤ ਪਹਿਲਵਾਨ ਦਾਰਾ ਸਿੰਘ
ਹੱਸਮੁਖ ਲਹਿਜੇ ਵਿਚ ਦਾਰਾ ਸਿੰਘ ਦੀ ਫਿਲਮੀ ਹਿੰਦੀ ਬੋਲਣ ਅਤੇ
ਸਿੱਖਣ ਦੇ ਸੰਦਰਭ ਵਿਚ ਸਾਥੀ ਜੀ ਪੁੱਛਦੇ ਹਨ ਕਿ “ਜਦੋਂ ਉਨ੍ਹਾਂ ਨੂੰ
ਪੰਡਤ ਕੋਲ ਹਿੰਦੀ ਸਿੱਖਣ ਲਈ ਭੇਜਿਆ ਤਾਂ ਛੇਆਂ ਮਹੀਨਿਆਂ ਬਾਅਦ ਪੰਡਤ ਤਾਂ
ਪੰਜਾਬੀ ਬੋਲਣੀ ਸਿੱਖ ਗਿਆ ਪਰ ਤੁਹਾਨੂੰ ਹਿੰਦੀ ਨਾ ਆਈ।“ ਇਸ ਦੇ ਜਵਾਬ
ਵਿਚ ਦਾਰਾ ਸਿੰਘ ਫਰਮਾਉਂਦੇ ਹਨ “ਯਾਰਾ ਸਾਥੀ ਲੁਧਿਆਣਵੀ ਇਹ ਤੁਹਾਡੇ ਵਰਗੇ
ਜਰਨਾਲਿਸਟ ਘਰ ਬੈਠੇ ਹੀ ਸਾਡੇ ਵਾਰੇ ਗੱਲਾਂ ਘੜਦੇ ਰਹਿੰਦੇ ਨੇ । ਪਰ ਇਕ
ਗੱਲ ਵਿਚ ਸੱਚ ਜ਼ਰੂਰ ਹੈ ਕਿ ਦੁਨੀਆਂ ਦੇ ਸਾਰੇ ਕਹਿੰਦੇ ਕਹਾਉਂਦੇ ਭਲਵਾਨ
ਤਾਂ ਹਰਾ ਦਿੱਤੇ ਪਰ ਹਿੰਦੀ ਸਾਥੋਂ ਚਿੱਤ ਨਹੀਂ ਹੋਈ ਤੇ ਅਸੀਂ ਵੀ ਇਸ ਦੇ
ਹੱਥ ਨਹੀਂ ਆਏ।“
... ਜਮ੍ਹਾਂ ਇੱਕ
ਮੈਂ ਇਸ ਪਰਚੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਇਸ ਕਿਤਾਬ ਵਿਚ ‘ਚੌਵੀ
ਜਮ੍ਹਾਂ ਇੱਕ’ ਮੁਲਾਕਾਤਾਂ ਸ਼ਾਮਲ ਹਨ। ਜਮ੍ਹਾਂ ਸ਼ਬਦ ਇਸ ਲਈ ਕਿ ਅਸੀਂ
ਤਿੱਖੇ ਅਤੇ ਚਤੁਰ ਸਵਾਲਾਂ ਦੇ ਜ਼ਰੀਏ ਮੁਲਾਕਾਤੀਆਂ ਬਾਰੇ ਤਾਂ ਜਾਣ ਗਏ
ਹਾਂ, ਪਰ ਮਨ ਵਿਚ ਸੁਭਾਵਕ ਹੀ ਸਵਾਲ ਉੱਠਦਾ ਹੈ ਕਿ ਇਹ ਮੁਲਾਕਾਤਾਂ ਕਰਨ
ਵਾਲਾ ਕੌਣ ਹੈ? ਇਹ ਨਹੀ ਕਿ ਅਸੀਂ ਉਨ੍ਹਾਂ ਦੇ ਨਾਮ ਤੋਂ ਅਣਜਾਣ ਹਾਂ। ਇਸ
ਸਰਬਪੱਖੀ ਸ਼ਖਸੀਅਤ ਦੇ ਮਾਲਕ ਲਿਖਾਰੀ, ਕਵੀ, ਗਜ਼ਲਗੋ, ਟੀਵੀ ਅਤੇ ਰੇਡੀਓ
ਪੇਸ਼ਕਾਰ ਤੋਂ ਇਲਾਵਾ ਇਕ ਮਸ਼ਹੂਰ ਪੱਤਰਕਾਰ ਵੀ ਹਨ। ਪਰ ਬਹੁਤ ਘੱਟ ਲੋਕ
ਹੋਣਗੇ ਜੋ ਸਾਥੀ ਲੁਧਿਆਣਵੀ ਦੀ ਨਿੱਜੀ ਜ਼ਿੰਦਗੀ ਅਤੇ ਪਿਛੋਕੜ ਤੋਂ ਵਾਕਫ
ਹੋਂਣ। ਖਾਸ ਕਰ ਮੈਨੂੰ ਤਾਂ ਇਹ ਬਿਲਕੁਲ ਨਹੀ ਸੀ ਪਤਾ ਕਿ ਸਾਥੀ
“ਅਰਥਸ਼ਾਸਤਰ” ਅਤੇ “ਗਣਿਤਵਿਗਿਆਨ” ਵਿਚ “ਬਹੁਤ ਹੁਸ਼ਿਆਰ ਸਨ।” ਇਹ ਹੀ ਨਹੀ
ਉਨ੍ਹਾ ਕੋਲ “ਚਾਰਟਰਡ ਅਕਾਊਂਟੈਂਸੀ” ਦੀ ਡਿਗਰੀ ਵੀ ਹੈ ਅਤੇ “ਪਾਪੜਾਂ” ਦਾ
ਧੰਦਾ ਵੀ ਕਰਦੇ ਰਹੇ ਹਨ। ਅਸੀਂ ਸੰਤੋਖ ਧਾਲੀਵਾਲ ਹੋਰਾਂ ਦੇ ਤਹਿ ਦਿਲੋਂ
ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਥੀ ਲੁਧਿਆਣਵੀ ਨੂੰ ਵੀ ਲੋਕਾਂ ਦੀ
ਅਦਾਲਤ ਸਾਹਮਣੇ ਪੇਸ਼ ਕੀਤਾ ਹੈ। ਧਾਲੀਵਾਲ ਨੂੰ ਉਹ ਦੱਸਦੇ ਹਨ, “ਖੈਰ ਮੈਂ
ਤਾਂ ਕਈ ਪਾਪੜ ਵੇਲੇ। ਫੈਕਟਰੀ ‘ਚ ਵੀ ਕੁਝ ਸਮਾਂ ਕੰਮ ਕੀਤਾ, ਅਧਿਆਪਕੀ ਵੀ
ਕੀਤੀ, ਬੱਸ ਕੰਡਕਟਰੀ ਵੀ ਕੀਤੀ, ਪੋਸਟ ਔਫਿਸ ਵਿਚ ਕਲਰਕੀ ਕੀਤੀ। ਬ੍ਰਿਟਿਸ਼
ਏਅਰਵੇਜ਼ ਵਿਚ “ਕੈਪੈਸਿਟੀ ਕੰਟਰੋਲ ਔਫੀਸਰ” ਵੀ ਰਹੇ। ਫਿਰ ਸਤਾਈ ਅਠਾਈ ਸਾਲ
ਆਪਣਾ ਕਾਰੋਬਾਰ ਵੀ ਕੀਤਾ।“
ਸੰਤੋਖ ਜੀ ਥੋੜੇ ਜਿਹੇ ਨਿੱਜੀ ਹੋ ਕੇ ਪੁੱਛਦੇ ਹਨ:
ਸੰਤੋਖ਼: ਯਸ਼ ਹੁਰਾਂ ਨੂੰ ਕਦੋਂ ਵਿਆਹ ਕੇ ਲਿਆਂਦਾ?
ਸਾਥੀ: 1965 ਵਿਚ ਮੈਂ ਇੰਡੀਆ ਗਿਆ। ਲੁਧਿਆਣੇ ਸਾਡੇ ਵਾਕਫਾਂ
ਨੇ ਇਕ ਕੁੜੀ ਦੀ ਦੱਸ ਪਾਈ। ਪਰ ਅਸੀਂ ਜਾਣਦੇ ਹੀ ਸਾਂ ਉਂਝ ਵੀ। ਇਨ੍ਹਾਂ
ਦਾ ਘਰ ਐਵੇਂ ਦੂਜੀ ਤੀਜੀ ਗਲ਼ੀ ਵਿਚ ਹੀ ਸੀ। ਕਈ ਮੁਲਾਕਾਤਾਂ ਹੋਈਆਂ ਤੇ
ਅਖ਼ੀਰ ਨੂੰ ਯਸ਼ ਤੇ ਮੇਰੀ ਸਹਿਮਤੀ ਨਾਲ ਬੜੇ ਹੀ ਸਾਦਾ ਢੰਗ ਨਾਲ ਸਾਡਾ
ਵਿਆਹ ਹੋ ਗਿਆ।
ਇਸ ਤੋਂ ਇਲਾਵਾ ਸੰਤੋਖ ਧਾਲੀਵਾਲ ਨੇ ਜੋ ਸਵਾਲ ਸਾਥੀ ਲੁਧਿਆਣਵੀ ਨੂੰ
ਕੀਤੇ ਉਹਨਾਂ ਤੋਂ ਸਾਥੀ ਜੀ ਦੇ ਕਈ ਗੁਪਤ ਭੇਦਾਂ ਦਾ ਪਤਾ ਲਗਦਾ ਹੈ।
ਜਿਵੇਂ ਧਾਲੀਵਾਲ ਪੁੱਛਦੇ ਹਨ,
- ਆਮ ਤੌਰ ‘ਤੇ ਜੁਆਨੀ ਵਿਚ ਕਿਸੇ ਕੁੜੀ ਦੀ ਨੇੜਤਾ ਬੰਦੇ ਨੂੰ ਕਵਿਤਾ
ਵੱਲ ਮੋੜਦੀ ਹੈ। ਉਹ ਕਿਹੜਾ ਪਲ ਜਾਂ ਘਟਨਾਂ ਸੀ ਜਿਸ ਨੇ ਤੁਹਾਨੂੰ ਲਿਖ਼ਣ
ਵੱਲ ਲਾਇਆ?
- ਆਹ ਸਾਥੀ ਲੁਧਿਆਣਵੀ ਨਾਮ ਤੁਸੀਂ ਕਦੋਂ ਰੱਖ਼ਿਆ?
- ਸਭ ਤੋਂ ਪਹਿਲਾਂ ਕਿਹੜੀ ਨਜ਼ਮ ਛਪੀ ਸੀ?
- ਇਹ ਬ੍ਰਾਡਕਾਸਟਿੰਗ ਵੱਲ ਕਿਵੇਂ ਚਲੇ ਗਏ ਤੁਸੀਂ?
- ‘ਸਮੁੰਦਰੋਂ ਪਾਰ’ ਲੇਖ਼ ਲੜੀ ਕਿਵੇਂ ਸ਼ੁਰੂ ਹੋਈ ਸੀ?
- 1962 ਵਿਚ ਇੰਗਲੈਂਡ ਆਏ ਤਾਂ ਪਹਿਲੀ ਸਭਾ ਕਦੋਂ ਬਣਾਈ?
ਇਨ੍ਹਾਂ ਸਵਾਲਾਂ ਦੇ ਦਿਲਚਸਪ, ਸੰਜੀਦਾ ਅਤੇ ਮਨੋਰੰਜਕ ਜਵਾਬ ਲੈਣ ਲਈ
ਕਿਤਾਬ ਪੜ੍ਹਨੀ ਜ਼ਰੂਰੀ ਹੈ।
ਅੰਤਿਕਾ
ਸਮੁੱਚੇ ਤੌਰ ‘ਤੇ ਇਸ ਸੰਗ੍ਰਹਿ ਵਿਚ ਬਹੁਤ ਸਾਰੇ ਗੰਭੀਰ ਸਵਾਲਾਂ
‘ਤੇ ਚਰਚਾ ਕੀਤੀ ਗਈ ਹੈ। ਸਾਥੀ ਲੁਧਿਆਣਵੀ ਦੇ ਡੂੰਘੇ ਅਤੇ ਘੋਖਮਈ ਸਵਾਲਾਂ
ਨੇ ਕਈ ਜਟਿਲ ਮਸਲੇ ਸਾਹਮਣੇ ਲਿਆਂਦੇ ਹਨ। ਸਿਰਫ ਇਹ ਹੀ ਨਹੀ, ਮੁਲਾਕਾਤੀਆਂ
ਦੇ ਵਿਅੱਕਤੀਤਵ ਦੀ ਛੁਪੀ ਹੋਈ ਹਕੀਕਤ ਨੂੰ ਵੀ ਉਘਾੜਿਆ ਅਤੇ ਨੰਗਾ ਕੀਤਾ
ਹੈ। ਅਸਲ ਵਿਚ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੁਲਾਕਾਤੀ, ਦੂਜਿਆਂ ਨੂੰ
ਪੜਚੋਲ ਦਾ ਵਿਸ਼ਾ ਬਣਾਉਂਦੇ ਹਨ ਉਹ ਸਵੈ ਉਨ੍ਹਾਂ ਤੇ ਵੀ ਲਾਗੂ ਹੁੰਦੇ ਹਨ।
ਮਸਲਨ, ਪੰਜਾਬੀ ਭਾਸ਼ਾ ਦਾ ਸਵਾਲ ਹੀ ਲੈ ਲਓ। ਇਸ ਵਿਸ਼ੇ ‘ਤੇ ਸਵਾਲਾਂ ਦੇ
ਜਵਾਬ ਵਿਚ ਕਿਹਾ ਗਿਆ ਹੈ ਕਿ ਸਾਡੀ ਭਾਸ਼ਾ ਪੱਛੜੀ ਹੋਈ ਹੈ, ਲੋਕ ਇਸ ਤੋਂ
ਦੂਰ ਹੁੰਦੇ ਜਾ ਰਹੇ ਹਨ, ਕਿ ਇਸ ਨੂੰ ਮਜ਼ਹਬ ਨਾਲ ਜੋੜਿਆ ਹੋਇਆ ਹੈ, ਕਿ
ਸਾਡੇ ਅਦਾਰੇ ਅਤੇ ਸਰਕਾਰਾਂ ਇਸ ਦੀ ਤਰੱਕੀ ਵਲ ਕੋਈ ਧਿਆਨ ਨਹੀ ਦੇ ਰਹੇ।
ਭਾਵ, ਇਲਜ਼ਾਮ ਤੋਂ ਖੁਦ ਸੁਰਖਰੂ ਹੋ ਕੇ ਉਸ ਨੂੰ ਹੋਰਨਾਂ ‘ਤੇ ਥੋਪਣ ਦੀਆਂ
ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਤੋਂ ਉਪਰੰਤ ਹਰੇਕ ਮੁਲਾਕਾਤੀ ਵਿਚ ਪੈਰ
ਪੈਰ ‘ਤੇ ਕੌਮੀ ਹੀਣਭਾਵਨਾ ਅਤੇ ਸਭਿਆਚਾਰਕ ਡਰ (ਅਸੁਰੱਖਿਅਤਾ) ਦੀ ਉਲਝਣ
ਝਲਕਦੀ ਨਜ਼ਰ ਆਉਂਦੀ ਹੈ। ਮਾਨਸਕ ਕਮਜ਼ੋਰੀ ਤੋਂ ਉਗਮਿਆ ਸਹਿਮ ਅਤੇ ਖੌਫ ਦਾ
ਇਹ ਅਹਿਸਾਸ ਇੰਨਾ ਡੂੰਘਾ ਹੈ ਕਿ ਦੇਸ਼ ਦੇ ‘ਭਈਏ’ ਵੀ ਤਬਾਹੀ ਦਾ ਕਾਰਨ
ਲਗਦੇ ਹਨ; ਅਖੇ “ਪੰਜਾਬੀ ‘ਕਲਚਰ’, ਜ਼ੁਬਾਨ ਤੇ ਸਾਹਿਤ ਤਬਾਹ ਹੋ
ਜਾਵੇਗਾ।” ਸਵਾਲ ਉੱਠਦਾ ਹੈ ਕਿ ਜੇ ਸਾਡਾ “ਕਲਚਰ’, ਜ਼ੁਬਾਨ ਤੇ ਸਾਹਿਤ”
ਇੰਨਾ ਹੀ ਹਲਕਾ ਹੈ ਤਾਂ ਇਸ ਨੂੰ ਬਚਾਉਣ ਦੀ ਜ਼ਰੂਰਤ ਹੀ ਕੀ ਹੈ?
ਫਿਲਮੀ ਸੰਗੀਤ ਬਾਰੇ ਸਾਥੀ ਜੀ ਜਗਜੀਤ ਸਿੰਘ ਤੋਂ ਪੁੱਛਦੇ ਹਨ “ਅੱਜਕੱਲ
ਬੰਬਈ ਦੇ ਫਿਲਮਕਾਰ ਜਿਵੇਂ ਭੱਪੀ ਲਹਿਰੀ ਆਦਿ ਪੰਜਾਬੀ ਦੇ ਲੋਕ ਗੀਤਾਂ ‘ਤੇ
ਗਾਣਿਆਂ ਨੂੰ ਵਿਗਾੜ ਕੇ ਖਿਚੜੀ ਕਿਸਮ ਦੇ ਗੀਤ ਪੈਦਾ ਕਰ ਰਹੇ ਹਨ, ਇਹਨਾਂ
ਬਾਰੇ ਕੀ ਖਿਆਲ ਹੈ?” ਇਹ ਸਵਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਲਿਖਾਰੀਆਂ
‘ਤੇ ਵੀ ਸਰਾਸਰ ਲਾਗੂ ਹੁੰਦਾ ਹੈ। ਮੈ ਕਹੁੰਗਾ ਕਿ ਪੰਜਾਬੀ ਲਿਖਾਰੀ ਭਾਸ਼ਾ
ਦੀ “ਖਿਚੜੀ” ਬਣਾ ਕੇ ਆਪਣੇ ਸ੍ਰੋਤਿਆ ‘ਤੇ ਨਿਰੰਤਰ ਛਿੜਕ ਰਹੇ ਹਨ। ਇਸ
ਖਿਚੜੀ ਵਿਚੋਂ ਮੌਲਿਕ ਅਤੇ ਰਚਨਾਤਮਕ ਸੋਚਣੀ ਪੈਦਾ ਨਹੀ ਹੋ ਸਕਦੀ। ਸਾਨੂੰ
ਸਾਧਾਰਣ ਲੋਕਾਂ ਨੂੰ ਆਪਣੇ ਲਿਖਾਰੀਆਂ ਤੋਂ ਭਾਸ਼ਾ ਦੇ ਮਾਹਰ, ਨਿਪੁੰਨ ਅਤੇ
ਵਾਗੀਸ਼ ਹੋਣ ਦੀ ਆਸ ਰੱਖਣ ਦਾ ਪੂਰਾ ਪੂਰਾ ਅਧਿਕਾਰ ਹੈ। ਸਾਥੀ ਜੀ ਦੇ
ਸ਼ਬਦਾਂ ਵਿਚ ਉਹ ਲਿਖਾਰੀ ਜੋ “ਪਾਠਕ ਨੂੰ ਪੜ੍ਹਾਉਣ ਤੇ ਸਿਆਣੇ ਬਣਾਉਣ।”
ਪ੍ਰੰਤੂ ਇਨ੍ਹਾਂ ਮੁਲਾਕਾਤਾਂ ਦੀ ਬਾਤਚੀਤ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ
“ਲਿਖਾਰੀ” ਆਪਣੇ ਵਿਚਾਰ ਪ੍ਰਗਟ ਕਰਨ ਲਈ ਸ਼ਬਦਾਂ ਦੀ ਭਾਲ ਵਿਚ ਤੜਫਣਾ ਸ਼ੁਰੂ
ਕਰ ਦਿੰਦੇ ਹਨ ਅਤੇ ਆਖਰ ਅੰਗਰੇਜ਼ੀ ਦੇ ਸ਼ਬਦਾਂ ਦੇ ਸਹਾਰੇ ਹੀ ਉਨ੍ਹਾਂ ਦਾ
ਸਾਹ ‘ਚ ਸਾਹ ਆਉਂਦਾ ਹੈ।
ਇਸ ਕਿਤਾਬ ਵਿਚੋਂ ਹੀ ਵਿਚਾਰਾਂ ਦੇ ਪ੍ਰਗਟਾਵੇ ਦੀਆਂ ਕੁਝ ਉਦਾਹਰਣਾਂ
ਪੇਸ਼ ਹਨ: “ਐਮਰਜੈਂਸੀ ਦਾ ਬਲਾਂਈਡਲੀ ਵਿਰੋਧ”; “ਉਹ ਸਿੱਖ ਵਿਰੋਧੀ ਨਹੀਂ
ਸੀ ਬੱਟ ਸ਼ੀ ਵਾਜ਼ ਵੈਰੀ ਸਟਰੌਂਗਲੀ ਪਰੋ ਕਾਂਗਰਸ“; “ਯੈਸ, ਪੰਜਾਬੀਜ਼ ਐਜ਼
ਪੰਜਾਬੀਜ਼ ਲੁਕਿੰਗ ਐਟ ਫਿਊਚਰ“; “ਆਈਕੌਨਿਕ ਫਿਗਰਜ਼”; “ਔਫ ਦਾ ਕਫ;
“ਕੌਨਫੀਡੈਂਸ਼ੀਅਲ”; “ਬੜੀ ਫੋਨੀ ਜਿਹੀ ਲਾਈਫ ਲੀਡ ਕਰਦੇ ਲਗਦੇ ਹੋ“ ਅਤੇ
“ਕੌਨਸਰਟਸ” ਆਦਿ। ਇਹ ਸ਼ਬਦ ਪੰਜਾਬੀ ਦੇ ਕਿਸੇ ਵੀ ਸ਼ਬਦ ਕੋਸ਼ ਵਿਚ ਨਹੀ
ਮਿਲਦੇ।
ਇਹ ਭਾਸ਼ਾ ਦੀ ‘ਖਿਚੜੀ’ ਨਹੀ ਤਾਂ ਹੋਰ ਕੀ ਹੈ? ਇਸ ਵਿਚ
ਮੌਲਿਕਤਾ ਕਿੱਥੇ ਹੈ? ਰਚਨਾਤਮਕ ਸੋਚਣੀ ਕਿੱਥੇ ਹੈ? ਆਪਣੀ ਭਾਸ਼ਾ ਨੂੰ ਆਪ
ਸ਼ਰੇਆਮ ਵਿਗਾੜ ਕਰ ਰਹੇ ਹਨ ਸਾਡੇ ‘ਲਿਖਾਰੀ’! ਕੀ ਇਹ ਆਵਾਗੌਣ ਵਰਤੇ ਜਾਂਦੇ
ਸ਼ਬਦ, ਪੰਜਾਬੀ ਸ਼ਬਦ ਕੋਸ਼ਾਂ ਵਿਚ ਮਿਲਦੇ ਹਨ? ਪੰਜਾਬੀ ਸਾਹਿਤ, ਪੱਤਰਕਾਰੀ,
ਅਖਬਾਰਾਂ, ਰਸਾਲੇ ਸਭ ਇਸੇ ਬੀਮਾਰੀ ਹੀ ਸ਼ਿਕਾਰ ਹਨ। ਬਰਤਾਨੀਆ ਵਿਚ ਪੰਜਾਬੀ
ਅਖਬਾਰਾਂ, ਰੇਡੀਓ ਅਤੇ ਟੈਲੀਵੀਜ਼ਨ ਨੇ ਤਾਂ ਪੰਜਾਬੀ ਭਾਸ਼ਾ ਦੇ ਮਿਆਰ ਦਾ
ਖੂਬ ਥੱਲਾ ਲਾਇਆ ਹੈ। ਬੀ ਬੀ ਸੀ ਦੇ ‘ਏਸ਼ੀਅਨ ਨੈੱਟਵਰਕ’ ਉੱਪਰ ਪੰਜਾਬੀ ਹੀ
ਨਹੀ ਬਲਕਿ ਹਰ ਭਾਰਤੀ ਭਾਸ਼ਾ ਦਾ ਨਿੱਤ ਸ਼ੋਸ਼ਣ ਕੀਤਾ ਜਾਂਦਾ ਹੈ। ਪੰਜਾਬੀਆਂ
ਵਲੋਂ ਇਸ “ਜਾਰਜਤੀ ਰੁਝਾਨ” ਦੇ ਵਿਰੋਧ ਦਾ ਇਕ ਸ਼ਬਦ ਵੀ ਸੁਣਨ ਨੂੰ ਨਹੀ
ਮਿਲਦਾ।
ਭਾਸ਼ਾ ਤੋਂ ਇਲਾਵਾ, ਇਨ੍ਹਾਂ ਮੁਲਾਕਾਤਾਂ ਵਿਚ ਭਾਰਤ ਦੀ ਰਾਜਨੀਤੀ,
ਸਾਹਿੱਤਕ ਸੰਸਥਾਵਾਂ ਅਤੇ ਵਿਦਿਅਕ ਅਦਾਰਿਆਂ ਦੇ ਭ੍ਰਿਸ਼ਟਾਚਾਰ ਦਾ ਜ਼ਿਕਰ ਵੀ
ਬਾਰ ਬਾਰ ਆਉਂਦਾ ਹੈ। ਪਰ ਅਫਸੋਸ ਕਿ ਇਨ੍ਹਾਂ ਬੀਮਾਰੀਆਂ ਦੀ ਜ਼ਿੰਮੇਵਾਰੀ
ਕਬੂਲ ਨਹੀ ਕੀਤੀ ਜਾਂਦੀ। ਘਿਣਾਉਣੀ ਹਕੀਕਤ ਤਾਂ ਇਹ ਹੈ ਕਿ, ਕੌਮੀ ਅਤੇ
ਸਮਾਜਕ ਪੱਧਰ ‘ਤੇ, ਸਾਡੇ ਵਿਚ ਬੜੀਆਂ ਖਾਮੀਆਂ ਅਤੇ ਕਮਜ਼ੋਰੀਆਂ ਹਨ।
ਪ੍ਰੰਤੂ, ਇਸ ਦੇ ਨਾਲ ਨਾਲ ਸਾਡਾ ਵੱਡਾਪਣ ਇਹ ਵੀ ਹੈ ਕਿ ਇਨ੍ਹਾਂ ਖਾਮੀਆਂ
ਨੂੰ ਮੰਜੇ ਥੱਲੇ ਨਹੀ ਛੁਪਾਇਆ ਜਾਂਦਾ ਜਿਸ ਦਾ ਜਿਉਂਦਾ ਜਾਗਦਾ ਸਬੂਤ ਸਾਥੀ
ਜੀ ਦੀ ਇਹ ਕਿਤਾਬ ਹੈ! ਸ਼ਾਇਦ ਇਸੇ ਵਿਚ ਹੀ ਸਾਡਾ ਕਲਿਆਣ ਹੈ।
ਆਖਰ ਵਿਚ, ਮੇਰੀ ਜ਼ੋਰਦਾਰ ਸਿਫਾਰਸ਼ ਹੈ ਕਿ ਹਰ ਪੰਜਾਬੀ ਨੂੰ ਆਪਾ ਪਛਾਣਨ
ਲਈ ਇਹ ਕਿਤਾਬ ਪੜ੍ਹਨੀ ਸਿਰਫ ਚਾਹੀਦੀ ਹੀ ਨਹੀ ਬਲਕਿ ਅਤੀ ਜ਼ਰੂਰੀ ਬਣਦੀ
ਹੈ।
ਧੰਨਵਾਦ। |