|
|
ਇੰਗਲੈਂਡ ਦੇ ਜੰਮਪਲ਼ ਰੁਪਿੰਦਰ ਢਿੱਲੋਂ ਦੀ ਇਹ ਕਹਾਣੀ "ਗੁੰਡਾ" ਕਈ
ਪੱਖਾਂ ਤੋਂ ਮੈਨੂੰ ਦਿਲਚਸਪ ਲੱਗੀ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕਹਾਣੀ
ਹਰ ਥਾਂ ਵਸਦੇ ਪੰਜਾਬੀਆਂ ਦੇ ਰਿਣਾਤਮਕ ਪੱਖ ਨੂੰ ਜੜੋਂ ਨੰਗਾ ਕਰਦੀ ਹੈ।
ਕਿਸ ਤਰਾਂ ਸਾਡੇ ਸਮਾਜ ਦਾ ਹਰ ਅੰਗ ਭਰਿਸ਼ਟਾਚਾਰ, ਧੱਕੇਸ਼ਾਹੀ, ਦੇਹ-ਵਪਾਰ,
ਨਸ਼ਾ-ਵਪਾਰ ਤੇ ਹਰ ਤਰਾਂ ਦੀ ਗ਼ੈਰ-ਕਾਨੂੰਨੀ ਸਮੱਗਲਿੰਗ ਦਾ ਹਿੱਸਾ ਬਣ ਗਿਆ
ਹੈ; ਇਹ ਸਭ ਕੁੱਝ ਇਸ ਕਹਾਣੀ 'ਚ ਵਾਰ ਵਾਰ ਤੇ ਲਗਾਤਾਰ ਨਜ਼ਰ ਆ ਰਿਹਾ ਹੈ।
ਜਿਸ ਤਰਾਂ ਦੀਆਂ ਹਾਲਤਾਂ ਦਾ ਇੱਕ ਆਮ ਪੰਜਾਬੀ ਆਪਣੇ ਦੇਸ਼ 'ਚ ਜਾਂ ਬਾਹਰਲੇ
ਦੇਸ਼ਾਂ 'ਚ ਸਾਹਮਣਾ ਕਰ ਰਿਹਾ ਹੈ ਉਹ ਸਾਨੂੰ ਇਸ ਕਹਾਣੀ ਦੇ ਸਾਰੇ ਪਾਤਰਾਂ
ਦੀ ਕਾਰਗੁਜ਼ਾਰੀ ਬਿਆਨ ਕਰਦੀ ਹੈ। ਇਨ੍ਹਾਂ ਗੱਲਾਂ ਬਾਰੇ ਪੜ੍ਹਦੇ ਹੋਏ ਆਪਣੇ
ਭੈਣ-ਭਰਾਵਾਂ ਦਾ ਦੁੱਖ ਯਾਦ ਕਰਕੇ ਉਹ ਦਿਨ ਯਾਦ ਆ ਗਏ ਜਦੋਂ ਆਪ ਪੰਜਾਬ 'ਚ
ਅਜਿਹੇ ਹੀ ਵਾਤਾਵਰਣ 'ਚ ਅਸੀਂ ਆਪਣੀ ਪਰਵਾਰਿਕ ਜ਼ਿੰਦਗੀ ਗੁਜ਼ਾਰ ਰਹੇ ਸੀ।
ਰੁਪਿੰਦਰ ਦੀ ਇਸ ਗੱਲੋਂ ਸ਼ਲਾਘਾ ਵੀ ਕਰਨੀ ਬਣਦੀ ਹੈ ਕਿ ਪੰਜਾਬ 'ਚ ਬਹੁਤਾ
ਸਮਾਂ ਨਾ ਗੁਜਾਰਨ ਕਾਰਨ ਵੀ ਉਹ ਪੰਜਾਬੀਆਂ ਨੂੰ ਬਹੁਤ ਚੰਗੀ ਤਰਾਂ ਸਮਝਦਾ
ਹੈ। ਉਸਦੀ ਕਹਾਣੀ ਦੇ ਪਾਤਰ ਆਮ ਪੰਜਾਬੀਆਂ ਵਰਗੇ ਉੱਪਰੋਂ ਕੁੱਝ ਹੋਰ ਤੇ
ਅੰਦਰੋਂ ਕੁੱਝ ਹੋਰ ਦਿਸਦੇ ਹਨ। ਪੰਜਾਬੀ ਸਮਾਜ 'ਚ ਚਿਰਾਂ ਤੋਂ ਚਲੇ ਆ ਰਹੇ
ਵਰਜਿਤ ਕਾਮੁਕ ਰਿਸ਼ਤਿਆਂ ਦੀ ਗੱਲ ਵੀ ਕਿਸੇ ਲਿਖਾਰੀ ਦੀ ਕਲਮ ਤੋਂ ਪਹਿਲੀ
ਵਾਰ ਆਂਕੀ ਗਈ ਜਦੋਂ ਦੇਵ ਆਪਣੀ ਨਾਨੀ ਦੇ ਭਾਣਜੇ ਦੇ ਘਰ ਜਾਂਦਾ ਹੈ ਤੇ
ਆਪਣੇ ਲਗਦੇ ਮਾਮੇ ਦੇ ਪਰਿਵਾਰ ਬਾਰੇ ਬਿਆਨ ਕਰਦਾ ਹੈ। ਦੇਵ ਆਪਣੇ ਮਾਮੇ ਦੀ
ਕੁੜੀ ਤੇ ਅੱਖ ਰੱਖਦਾ ਹੈ ਤੇ ਉਸ ਨਾਲ਼ ਹਮ-ਬਿਸਤਰ ਹੋਣਾ ਚਾਹੁੰਦਾ ਹੈ।
ਕਈਆਂ ਨੂੰ ਇਸ ਤੋਂ ਗਲਿਆਣ ਆ ਸਕਦੀ ਹੈ, ਪਰ ਮੈਂ ਲਿਖਾਰੀ ਨੂੰ ਇਸ ਬੇਬਾਕੀ
ਲਈ ਸ਼ਾਬਾਸ਼ ਹੀ ਦੇਵਾਂਗਾ, ਕਿਉਂਕਿ ਉਸ ਨੇ ਸਾਡਾ ਅੰਦਰਖਾਤੇ ਚਲਦਾ ਸੱਚ ਸਭ
ਦੇ ਸਾਹਮਣੇ ਪਰੋਸ ਕੇ ਰੱਖ ਦਿੱਤਾ ਹੈ ਜੋ ਵਿਚਾਰ ਚਰਚਾ ਦਾ ਮੁੱਦਾ ਬਣਦਾ
ਹੈ। ਪੰਜਾਬੀ ਇਸ ਨੂੰ ਆਪਣੇ ਸਮਾਜ 'ਚ ਠੀਕ ਕਰਨਾ ਚਾਹੁਣ ਤਾਂ ਕਰ ਸਕਦੇ
ਹਨ। ਸਿਆਸਤੀ ਬੰਦੇ ਕਿਸ ਤਰਾਂ ਗੁੰਡਿਆਂ ਦੀ ਸਿਆਸਤ 'ਚ ਗਲਤਾਨ ਹਨ, ਸਭ
ਕਹਾਣੀ 'ਚ ਸਾਹਮਣੇ ਲੈ ਆਉਂਦਾ ਹੈ ਲੇਖਕ। ਚੰਡੀਗੜ੍ਹ ਵਰਗਾ ਰਣਜੀਤਪੁਰ ਤੇ
ਉਸਦੇ ਦੁਆਲ਼ੇ ਬਣੀਆਂ ਝੋਪੜ-ਪੱਟੀਆਂ ਬਿਲਕੁੱਲ ਉਹੀ ਸੀਨ ਪੇਸ਼ ਕਰਦੀਆਂ ਹਨ।
ਪਾਠਕ ਪੜ੍ਹਦਾ ਪੜ੍ਹਦਾ ਓਥੇ ਹੀ ਚਲਿਆ ਜਾਂਦਾ ਹੈ।
ਰੁਪਿੰਦਰ ਦੀ ਕਹਾਣੀ ਬਹੁਤ ਰਫ਼ਤਾਰ ਨਾਲ਼ ਚੱਲਦੀ ਹੈ ਤੇ ਛੇਤੀ ਹੀ ਲੰਡਨ
ਵੀ ਪਹੁੰਚ ਜਾਂਦੀ ਹੈ। ਇੰਗਲੈਂਡ ਦੇ ਮਾਹੌਲ ਤੋਂ ਤਾਂ ਰੁਪਿੰਦਰ ਜਾਣੂੰ ਹੀ
ਹੈ। ਪਰ ਉਸ ਥਾਂ ਦੇ ਭਾਰਤੀ ਤੇ ਪਾਕਿਸਤਾਨੀ ਪੰਜਾਬੀਆਂ ਦੇ ਦੋਗਲ਼ੇ
ਕਿਰਦਾਰਾਂ ਨੂੰ ਕਿਸ ਤਰਾਂ ਚਿਤਰਾਇਆ ਹੈ ਲੇਖਕ ਨੇ ਇਹ ਵੀ ਪੜ੍ਹਨਯੋਗ ਹੈ।
ਕਿਸ ਤਰਾਂ ਸੀਤਾ ਵਾਲ਼ੇ ਹਿੱਸੇ 'ਚ ਪੰਜਾਬੀਆਂ ਦੀ ਅਮਾਨਵੀ ਹਾਲਤ ਵੀ ਦਰਸਾਈ
ਹੈ, ਇਹ ਵੀ ਪੰਜਾਬੀਆਂ ਦੀ ਦੋਹਰੀ ਮਾਨਸਕਿਤਾ ਦਾ ਪਰਤੀਕ ਹੈ। ਸਾਡੇ
ਪੰਜਾਬੀ ਮੁੰਡੇ ਗੋਰੀਆਂ, ਕਾਲ਼ੀਆਂ, ਚੀਨੀਆਂ ਜਾਂ ਹੋਰ ਕਿਸੇ ਵੀ ਰੰਗ ਜਾਂ
ਨਸਲ ਦੀਆਂ ਕੁੜੀਆਂ ਨਾਲ਼ ਫਿਰ-ਤੁਰ ਜਾਂ ਵਿਆਹ ਕਰ ਸਕਦੇ ਹਨ, ਪਰ ਉਨ੍ਹਾਂ
ਦੀਆਂ ਧੀਆਂ-ਭੈਣਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਇੱਥੋਂ ਤੱਕ ਕਿ ਇੱਕ ਸਿੱਖ ਕੁੜੀ ਨੂੰ ਇੱਕ ਮੁਸਲਮਾਨ ਮੁੰਡਾ ਨਾਲ਼ ਵੀ ਵਿਆਹ
ਕਰਨ ਜਾਂ ਦੋਸਤ ਬਣਾਉਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਸਾਡੇ ਮੁਸਲਮਾਨ ਜਾਂ
ਸਿੱਖ ਪੰਜਾਬੀ ਤਾਂ ਆਪਣੀਆਂ ਕੁੜੀਆਂ ਨੂੰ ਅਜਿਹੇ ਕੰਮਾਂ ਕਾਰਨ ਆਪਣੀ
'ਇੱਜ਼ਤ' ਬਚਾਉਣ ਦੇ ਚੱਕਰਾਂ 'ਚ ਮਾਰ-ਮੁਕਾਉਂਦੇ ਨੇ। ਬਾਹਰਲੇ ਪੰਜਾਬੀਆਂ
ਦੀ ਜ਼ਿੰਦਗੀ ਦਾ ਇੱਕ ਹੋਰ ਪੱਖ ਜੋ ਲੇਖਕ ਨੇ ਪੇਸ਼ ਕੀਤਾ ਹੈ ਉਹ ਹੈ ਇਨ੍ਹਾਂ
ਪੱਛਮੀ ਦੇਸ਼ਾਂ 'ਚ ਪੰਜਾਬੀਆਂ ਵੱਲੋਂ ਨਸ਼ਿਆਂ ਦੀ ਸਮੱਗਲਿੰਗ 'ਚ ਗ੍ਰਸਤ
ਹੋਣਾ। ਕਨੇਡਾ ਦੇ ਵੈਨਕੂਵਰ ਤੇ ਬਰੈਂਪਟਨ ਦੇ ਜੱਗ ਜ਼ਾਹਰ ਸਮੱਗਲਰ ਘੜਮੱਸਾਂ
ਦੇ ਬਰਾਬਰ ਦਾ ਹੀ ਘੜਮੱਸ ਲੰਡਨ 'ਚ ਚੱਲਦਾ ਹੈ। ਇਹ ਵੀ ਸਾਡੀ ਪੰਜਾਬੀਆਂ
ਦੀ ਤੇਜ਼ੀ ਨਾਲ਼ ਅਮੀਰ ਹੋਣ ਦੀ ਭੁੱਖ ਨੂੰ ਅੱਗੇ ਲਿਆਉਂਦਾ ਹੈ, ਜਿਸ ਲਈ
ਸਾਡੇ ਫਿਲਾਸਫਰਾਂ ਤੇ ਖੋਜੀਆਂ ਨੂੰ ਸੋਚ-ਵਿਚਾਰਨ ਦੀ ਲੋੜ ਹੈ।
ਇਸ ਤਰਾਂ ਦੇ ਦਰਦ 'ਚੋਂ ਨਿੱਕਲ਼ਦੀ ਕਹਾਣੀ ਕਾਫ਼ੀ ਤਕਲੀਫ਼ਦੇਹ ਹੋ
ਨਿੱਬੜਦੀ ਹੈ ਤੇ ਸਾਨੂੰ ਅਜਿਹੀਆਂ ਮੁਸ਼ਕਲਾਂ ਤੇ ਨਜ਼ਰਸਾਨੀ ਲਈ ਉਕਸਾਉਂਦੀ
ਹੈ। ਅਸੀਂ ਸਭ ਆਪਣੀ ਜ਼ਿੰਦਗੀ 'ਚ ਅਜਿਹੀਆਂ ਮੁਸ਼ਕਲਾਂ 'ਚੋਂ ਲੰਘ ਰਹੇ ਹਾਂ।
ਆਪਣੇ ਜਵਾਨ ਹੋ ਰਹੇ ਬੱਚਿਆਂ ਦੀ ਪਰੇਸ਼ਾਨੀਆਂ ਸਾਡੀਆਂ ਆਪਣੀਆਂ ਪਰੇਸ਼ਾਨੀਆਂ
ਵੀ ਹਨ; ਇਸ ਪੱਖੋਂ ਰੁਪਿੰਦਰ ਦੀ ਇਹ ਕਹਾਣੀ ਸਾਡੇ ਸਮਾਜ ਲਈ ਇੱਕ ਚਿਰਾਗ
ਦਾ ਕੰਮ ਵੀ ਕਰਦੀ ਹੈ। ਲਿਖਾਰੀ ਕਿਸ ਤਰਾਂ ਇੰਨੀਆਂ ਮੁਸ਼ਕਲਾਂ ਨੂੰ ਆਪਣੀ
ਕਹਾਣੀ 'ਚ ਫਿੱਟ ਕਰਦਾ ਹੈ ਇਹ ਵੀ ਇੱਕ ਕਮਾਲ ਦਾ ਵਰਤਾਰਾ ਹੈ। ਅਸਲ ਵਿੱਚ
ਇਹ ਇੱਕ ਕਹਾਣੀ ਨਾ ਹੋ ਕੇ ਛੋਟਾ ਨਾਵਲ ਜਿਹਾ ਹੀ ਹੈ। ਵੈਸੇ ਰੁਪਿੰਦਰ ਦੇ
ਲਿਖਤੀ ਲਹਿਜੇ ਨੂੰ ਕਾਫ਼ੀ ਪਾਠਕ ਰੁੱਖਾ ਵੀ ਮਹਿਸੂਸ ਕਰ ਸਕਦੇ ਹਨ ਕਿਉਂਕਿ
ਆਮ ਪੰਜਾਬੀ ਕਹਾਣੀਆਂ ਕਾਫ਼ੀ ਹੌਲ਼ੀ ਸਪੀਡ ਨਾਲ਼ ਚੱਲਦੀਆਂ ਹਨ। ਪਰ ਮੈਂ
ਰੁਪਿੰਦਰ ਨੂੰ ਇਸ ਲਈ ਮੁਆਫ਼ ਕਰ ਸਕਦਾ ਹਾਂ ਕਿਉਂਕਿ ਇੰਗਲੈਂਡ 'ਚ ਜੰਮੇ ਤੇ
ਪਲ਼ੇ ਰੁਪਿੰਦਰ ਨੂੰ ਅਜੇ ਪੰਜਾਬ 'ਚ ਰਹਿ ਕੇ ਪੰਜਾਬੀ ਬੋਲਣ ਤੇ ਸਮਝਣ ਦਾ
ਕਾਫ਼ੀ ਤਜਰਬਾ ਨਹੀਂ ਹੈ ਜੋ ਉਸਨੂੰ ਲੈਣਾ ਚਾਹੀਦਾ ਹੈ ਤਾਂ ਜੋ ਉਸਦੀ ਲਿਖਤ
ਥੋੜ੍ਹੀ ਹੋਰ ਰਵਾਂ ਹੋ ਸਕੇ।
http://www.blurb.co.uk/b/5024863-gunda |