|
|
|
ਪ੍ਰੋ. ਕਿਰਪਾਲ ਸਿੰਘ
ਬਡੂੰਗਰ |
ਪ੍ਰੋ. ਕਿਰਪਾਲ ਸਿੰਘ ਬਡੂੰਗਰ ਗੁਰਮਤਿ ਸਾਹਿਤ ਦਾ ਗਿਆਤਾ ਹੈ । ਉਸਨੂੰ
ਸਾਹਿਤ, ਧਰਮ ਅਤੇ ਸਿਆਸਤ ਦਾ ਸੁਮੇਲ ਕਿਹਾ ਜਾ ਸਕਦਾ ਹੈ। ਇੱਕ ਸਿਆਸਤਦਾਨ
ਵਿਚ ਇਹ ਤਿੰਨੋ ਗੁਣ ਹੋਣੇ ਅਚੰਭਤ ਜਿਹੀ ਗੱਲ ਹੈ। ਪ੍ਰੋ.
ਕਿਰਪਾਲ ਸਿੰਘ ਬਡੂੰਗਰ ਦੀ ਇਹ ਛੇਵੀਂ ਪੁਸਤਕ ਹੈ। ਉਹ ਪੜਿਆ
ਲਿਖਿਆ ਅੰਗਰੇਜ਼ੀ ਦੇ ਵਿਸ਼ੇ ਦੀ ਐਮ.ਏ. ਸਿਆਸਤਦਾਨ ਹੈ ਪ੍ਰੰਤੂ ਲਿਖਦਾ
ਪੰਜਾਬੀ ਵਿਚ ਹੈ। ਉਸਨੇ 63 ਸਾਲ ਦੀ ਉਮਰ ਵਿਚ ਜਾ ਕੇ ਆਪਣੀ ਜ਼ਿੰਦਗੀ ਦੇ
ਤਜਰਬੇ ਤੇ ਅਧਾਰਤ ਸਿੱਖ ਧਰਮ ਦੀ ਵਿਚਾਰਧਾਰਾ ਦੀ ਵਿਆਖਿਆ ਕਰਨ ਵਾਲੀਆਂ
ਪੁਸਤਕਾਂ ਸਰਲ ਭਾਸ਼ਾ ਵਿਚ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਜੋ ਨੌਜਵਾਨ ਪੀੜੀ
ਆਪਣੇ ਅਮੀਰ ਵਿਰਸੇ ਨੂੰ ਅਪਣਾਕੇ ਆਪਣੇ ਧਰਮ ਦੀ ਵਿਚਾਰਧਾਰਾ ਅਤੇ
ਪਰੰਪਰਾਵਾਂ ਤੇ ਪਹਿਰਾ ਦੇ ਸਕੇ।
ਧਰਮ ਇੱਕ ਅਜਿਹਾ ਵਿਸ਼ਾ ਹੈ ਜਿਸਨੂੰ ਪੜਨ ਲਈ ਧਾਰਮਿਕ ਪ੍ਰਵਿਰਤੀ ਹੋਣੀ
ਜ਼ਰੂਰੀ ਹੈ। ਆਮ ਪਾਠਕ ਧਾਰਮਿਕ ਪੁਸਤਕਾਂ ਪੜਨ ਵਿਚ ਦਿਲਚਸਪੀ ਨਹੀਂ ਰੱਖਦਾ।
ਪ੍ਰੰਤੂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਜਿਹੇ ਢੰਗ ਨਾਲ ਧਾਰਮਿਕ
ਸਿਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਨਿਰੀ ਧਾਰਮਿਕ ਹੀ ਨਹੀਂ ਲੱਗਦੀ
ਸਗੋਂ ਵਰਤਮਾਨ ਸਥਿਤੀਆਂ ਦੇ ਪਰਿਪੇਖ ਵਿਚ ਦਿਲਚਸਪ ਵੀ ਬਣ ਜਾਂਦੀ ਹੈ।
ਜਿਹੜੀਆਂ ਸਮਾਜਿਕ ਬੁਰਾਈਆਂ ਨੇ ਅੱਜ ਸਿੱਖ ਸੰਗਤ ਨੂੰ ਵੀ ਮੁਆਫ਼ ਨਹੀਂ
ਕੀਤਾ ਉਨਾਂ ਤੋਂ ਸਿੱਖ ਧਰਮ ਵਿਚ ਦਿੱਤੀਆਂ ਸਿਖਿਆਵਾਂ ਨੂੰ ਆਧਾਰ ਬਣਾਕੇ
ਲਿਖਿਆ ਗਿਆ ਹੈ। ਸਿੱਖ ਇਤਿਹਾਸ ਵਿਚੋਂ ਉਦਾਹਰਨਾ ਦੇ ਕੇ ਸਿੱਖ ਧਰਮ ਨੂੰ
ਅੱਜ ਦੇ ਹਾਲਾਤ ਵਿਚ ਪ੍ਰਸੰਗਿਕ ਵਿਖਾਇਆ ਗਿਆ ਹੈ ਕਿ ਗੁਰੂ ਸਾਹਿਬਾਨ ਨੇ
500 ਸਾਲ ਪਹਿਲਾਂ ਜਿਹੜੀਆਂ ਪਰੰਪਰਾਵਾਂ ਪਾਈਆਂ ਹਨ ਤੇ ਜਾਣਕਾਰੀ ਦਿੱਤੀ
ਹੈ, ਉਹ ਅੱਜ ਵੀ ਉਤਨੀ ਹੀ ਸਾਰਥਿਕ ਸਾਬਤ ਹੋ ਰਹੀ ਹੈ।
ਇਸ ਪੁਸਤਕ ਨੂੰ ਉਨਾਂ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ
ਸਿੱਖ ਬੀਬੀਆਂ, ਮਾਤਾਵਾਂ ਅਰਥਾਤ ਗੁਰੂਆਂ ਦੇ ਮਹਿਲ ਦੀ ਮਹਾਨਤਾ ਅਤੇ ਉਨਾਂ
ਦੀ ਸਿੱਖ ਕੌਮ ਨੂੰ ਦੇਣ, ਦੂਜੇ ਭਾਗ ਵਿਚ ਸਿੱਖਾਂ ਦਾ ਸੰਘਰਸ਼ਮਈ ਜੀਵਨ ਜਿਸ
ਵਿਚ ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਸਰਹੰਦ ਦੀਆਂ ਲੜਾਈਆ ਅਤੇ ਤੀਜੇ
ਭਾਗ ਵਿਚ ਸਿੱਖ ਦਰਸ਼ਨ ਬਾਰੇ ਜਾਣਕਾਰੀ ਹੈ। ਪੁਸਤਕ ਵਿਚ ਕੁਝ ਅਜਿਹੇ
ਵਿਦਵਾਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਿਨਾਂ ਦੇ ਯੋਗਦਾਨ ਨੂੰ
ਅਣਗੌਲਿਆ ਗਿਆ ਹੈ। ਇਸ ਪੁਸਤਕ ਤੋਂ ਅੱਜ ਦੀਆਂ ਇਸਤਰੀਆਂ ਨੂੰ ਨੈਤਿਕਤਾ,
ਨਿਮਰਤਾ, ਸੇਵਾ, ਸਹਿਜਤਾ, ਸੰਜਮ, ਸਬਰ, ਸੰਤੋਖ, ਅਤੇ ਸਦਾਚਾਰ ਗ੍ਰਹਿਣ
ਕਰਨ ਦੀ ਸਿਖਿਆ ਮਿਲਦੀ ਹੈ ਕਿਉਂਕਿ ਪ੍ਰੋ. ਬਡੂੰਗਰ ਨੇ ਸਿੱਖ ਬੀਬੀਆਂ ਦੇ
ਆਦਰਸ਼ਕ ਜੀਵਨ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਵਿਚ ਪਾਏ
ਯੋਗਦਾਨ ਦਾ ਵਿਵਰਣ ਦਿੱਤਾ ਹੈ ਕਿ ਉਨਾਂ ਅਨੇਕਾਂ ਮੁਸ਼ਕਲ ਹਾਲਾਤ ਵਿਚ ਵੀ
ਸਵੈ ਭਰੋਸੇ ਅਤੇ ਸਿਆਣਪ ਨਾਲ ਮੁਕਾਬਲਾ ਕਰਦਿਆਂ ਜੀਵਨ ਬਸਰ ਹੀ ਨਹੀਂ ਕੀਤਾ
ਸਗੋਂ ਵਿਲੱਖਣ ਕਾਰਜ ਕਰਕੇ ਸਿੱਖ ਜਗਤ ਨੂੰ ਸੇਧ ਦਿੱਤੀ ਹੈ। ਇਨਾਂ
ਇਸਤਰੀਆਂ ਵਿਚ ਮਾਤਾ ਗੁਜਰੀ, ਮਾਤਾ ਸੁੰਦਰੀ, ਮਾਤਾ ਜੀਤਾਂ, ਮਾਤਾ ਸਾਹਿਬ
ਦੇਵਾਂ ਅਤੇ ਬੇਬੇ ਨਾਨਕੀ ਵੱਲੋਂ ਅਣਸੁਖਾਵੇਂ ਵਾਤਾਵਰਨ ਵਿਚ ਵੀ ਹੌਸਲਾ
ਅਤੇ ਦਲੇਰੀ ਦਾ ਸਬੂਤ ਦਿੱਤਾ ਵਿਖਾਇਆ ਗਿਆ ਹੈ। ਆਪਣੇ ਬੱਚਿਆਂ ਅਤੇ ਪਤੀਆਂ
ਦੀਆਂ ਮੌਤਾਂ ਤੋਂ ਬਾਅਦ ਵੀ ਡੋਲਣਾ ਨਾ ਅਤੇ ਪੰਥ ਦੀ ਅਗਵਾਈ ਕਰਦੇ ਰਹਿਣਾ
ਪ੍ਰੇਰਨਾ ਸਰੋਤ ਬਣੀਆਂ ਹਨ। ਇਸ ਦੇ ਨਾਲ ਹੀ ਉਨਾਂ ਵਰਤਮਾਨ ਇਸਤਰੀਆਂ ਬਾਰੇ
ਵੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਸਾਡੇ ਪੁਰਖੇ ਅਜਿਹੇ
ਹਾਲਾਤ ਵਿਚ ਡੱਟਕੇ ਮੁਕਾਬਲਾ ਕਰ ਸਕਦੇ ਹਨ ਤਾਂ ਅਸੀਂ ਕਿਉਂ ਵਿਅਰਥ ਕੰਮਾਂ
ਵਿਚ ਗ੍ਰਸੇ ਪਏ ਹਾਂ। ਜਿਸ ਜਾਤ ਪਾਤ ਵਿਚੋਂ ਸਾਨੂੰ ਗੁਰੂਆਂ ਨੇ ਕੱਢਣ ਦੀ
ਕੋਸ਼ਿਸ਼ ਕੀਤੀ ਹੈ, ਅਸੀਂ ਉਸ ਵਿਚ ਹੀ ਉਲਝੇ ਪਏ ਹਾਂ।
ਗੁਰੂ ਸਾਹਿਬਾਨ ਨੇ ਕਰਾਂਤੀਕਾਰੀ ਤਬਦੀਲਆਂ ਲਿਆਂਦੀਆਂ ਹਨ, ਸਾਧ ਸੰਗਤ
ਉਨਾਂ ਤੋਂ ਹੀ ਮੁਨਕਰ ਹੋ ਰਹੀ ਹੈ। ਜੇਕਰ ਸਿੱਖ ਸੰਗਤ ਇਨਾਂ ਮਾਤਾਵਾਂ ਦੇ
ਜੀਵਨ ਨੂੰ ਆਪਣਾ ਮਾਰਗ ਦਰਸ਼ਕ ਬਣਾ ਲੈਣ ਤਾਂ ਹਰ ਸਮੱਸਿਆ ਦਾ ਹਲ ਨਿਕਲ
ਸਕਦਾ ਹੈ ਅਤੇ ਅਸੀਂ ਆਪਦਾ ਜੀਵਨ ਸਫਲ ਕਰ ਸਕਦੇ ਹਾਂ। ਅਣਗੌਲੇ ਮਹਾਂ
ਪੁਰਖਾਂ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਨਵਾਬ ਕਪੂਰ ਸਿੰਘ
ਦੇ ਤਿਆਗ, ਸਿਰੜੀ, ਮਿਹਨਤੀ ਅਤੇ ਸੱਚੇ ਸੁੱਚੇ ਜੀਵਨ ਤੇ ਆਚਰਣ ਤੋਂ
ਪ੍ਰੇਰਨਾ ਲੈਣ ਲਈ ਉਨਾਂ ਦੇ ਸਿਦਕੀ ਜੀਵਨ ਬਾਰੇ ਲਿਖਿਆ ਗਿਆ ਹੈ। ਇਨਾਂ
ਗੁਰਮੁਖਾਂ ਤੋਂ ਡੇਰਿਆਂ ਦੇ ਵਿਰੁਧ ਅਤੇ ਨਸ਼ਿਆਂ ਨੂੰ ਤਿਆਗਣ ਦੀ ਪ੍ਰੇਰਨਾ
ਮਿਲਦੀ ਹੈ। ਸਿਆਸਤਦਾਨਾ ਦੀ ਕਾਰਗੁਜ਼ਾਰੀ ਤੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ
ਹੈ ਕਿਉਂਕਿ ਉਹ ਅੰਨਾਂ ਵੰਡੇ ਸ਼ੀਰਨੀਆਂ ਮੁੜ ਮੁੜ ਆਪਣਿਆਂ ਦੀ ਰਵਾਇਤ ਤੇ
ਹੀ ਪਹਿਰਾ ਦੇ ਰਹੇ ਹਨ। ਪ੍ਰੋ. ਗੁਰਮੁਖ ਸਿੰਘ ਵਰਗੇ ਵਿਦਵਾਨ ਨੇ ਸਿੱਖਾਂ
ਵਿਚ ਸਿੱਖੀ ਦੇ ਪ੍ਰਚਾਰ ਲਈ ਸਿੰਘ ਸਭਾ ਦੇ ਉਦੇਸ਼ ਬਣਾਏ ਅਤੇ ਖਾਲਸਾ ਕਾਲਜ
ਦਾ ਨਾਂ ਦਿਆਲ ਸਿੰਘ ਕਾਲਜ ਰੱਖਣ ਦਾ ਵਿਰੋਧ ਕੀਤਾ, ਭਾਵੇਂ ਕਾਲਜ ਦੀ
ਉਸਾਰੀ ਦਾ ਸਾਰਾ ਖ਼ਰਚਾ ਦਾਨ ਵੱਜੋਂ ਕਿਲ ਰਿਹਾ ਸੀ, ਇਸ ਲਈ ਅੱਜ ਦੀ
ਨੌਜਵਾਨ ਪੀੜੀ ਨੂੰ ਉਨਾਂ ਦ੍ਰਿੜਤਾ ਭਰੇ ਕੰਮਾਂ ਤੋਂ ਅਗਵਾਈ ਲੈਣੀ ਚਾਹੀਦੀ
ਹੈ। ਭਗਤੀ ਲਹਿਰ ਦਾ ਜਿਕਰ ਕਰਦਿਆਂ ਪ੍ਰੋ. ਬਡੂੰਗਰ ਨੇ ਲਿਖਿਆ ਹੈ ਕਿ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼੍ਰੀ ਗੁਰੂ ਅਰਜਨ ਦੇਵ ਨੇ ਭਗਤ ਨਾਮ ਦੇਵ,
ਰਵੀਦਾਸ ਭਗਤ, ਤਰਲੋਚਨ, ਭਗਤ ਸੈਣ, ਬਾਬਾ ਫਰੀਦ, ਭੀਖਣ ਸ਼ਾਹ, ਕਬੀਰ ਅਤੇ
ਹੋਰ ਭਗਤਾਂ ਦੀ ਬਾਣੀ ਸ਼ਾਮਲ ਕਰਕੇ ਜਾਤ ਪਾਤ ਦਾ ਖੰਡਨ ਕੀਤਾ ਹੈ ਪ੍ਰੰਤੂ
ਅਸੀਂ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਕੇ ਗੁਰੂਆਂ ਦੀ ਵਿਚਾਰਧਾਰਾ ਦੇ
ਵਿਰੁਧ ਚਲ ਰਹੇ ਹਾਂ। ਕਰਮ ਕਾਂਡਾਂ ਵਿਚੋਂ ਨਿਜਾਤ ਦਿਵਾਈ ਹੈ। ਅਕਲੀ ਕੀਚੈ
ਦਾਨੁ ਦੇ ਸਿਰਲੇਖ ਚੈਪਟਰ ਵਿਚ ਵਿਆਹਾਂ ਸ਼ਾਦੀਆਂ, ਭੋਗਾਂ, ਪਖੰਡਾਂ, ਸੂਰਜ
ਅਤੇ ਚੰਦ੍ਰਮਾ ਗ੍ਰਹਿਣ ਮੌਕਾ ਦਾਨ ਆਦਿ ਕਰਨ ਦਾ ਵੀ ਖੰਡਨ ਕੀਤਾ ਗਿਆ ਹੈ।
ਇਨਾਂ ਤੋਂ ਖਹਿੜਾ ਛੁਡਾਉਣ ਲਈ ਦਸਵੰਦ ਦਾ ਰਾਹ ਲੱਭਿਆ ਗਿਆ ਸੀ। ਇਹ ਦਸਵੰਦ
ਵੀ ਹੱਕ ਸੱਚ ਦੀ ਕਮਾਈ ਵਿਚੋਂ ਹੀ ਕੱਢਣ ਦੀ ਸਲਾਹ ਦਿੱਤੀ ਗਈ ਹੈ। ਪ੍ਰੋ.
ਬਡੂੰਗਰ ਦੀ ਕਮਾਲ ਹੈ ਕਿ ਉਸਨੇ ਵਰਤਮਾਨ ਸਮੇਂ ਵਿਚ ਸਮਾਜਿਕ ਬੀਮਾਰੀਆਂ ਦੀ
ਨਿੰਦਿਆ ਕੀਤੀ ਹੈ ਕਿ ਗ਼ਰੀਬਾਂ ਲਈ ਪੜਾਈ ਮਹਿੰਗ ਹੋ ਗਈ ਹੈ, ਨੌਕਰੀਆਂ ਮੁਲ
ਵਿਕਦੀਆਂ ਹਨ, ਸਿਹਤ ਸਹੂਲਤਾਂ ਮਹਿੰਗੀਆਂ ਹੋ ਗਈਆਂ ਹਨ ਅਤੇ ਬਜ਼ੁਰਗਾਂ ਦੀ
ਅਣਦੇਖੀ ਹੋ ਰਹੀ ਹੈ। ਉਹ ਅੱਗੋਂ ਲਿਖਦੇ ਹਨ ਕਿ ਦਾਨ ਦੇ ਅਰਥ ਬਹੁਪੱਖੀ
ਹਨ। ਲੋੜਵੰਦਾਂ ਲਈ ਖ਼ੂਨ ਦਾਨ ਕਰਨਾ ਚਾਹੀਦਾ ਅਤੇ ਗ਼ਰੀਬ ਲੋੜਵੰਦਾਂ ਦੀ
ਆਰਥਿਕ ਮਦਦ ਕਰਨੀ ਚਾਹੀਦੀ ਹੈ। ਇਨਾਂ ਹਾਲਾਤ ਵਿਚ ਪੰਜਾਬੀ ਪਰਵਾਸ ਕਰ ਰਹੇ
ਹਨ।
ਇਸ ਦੇ ਨਾਲ ਹੀ ਸੰਗੀਤ ਦੇ ਲੇਖ ਵਿਚ ਉਨਾਂ ਲਿਖਿਆ ਹੈ ਕਿ ਸੰਗੀਤ
ਕੁੜੱਤਣ ਨੂੰ ਦੂਰ ਕਰਦਾ, ਪਿਆਰ ਤੇ ਸਦਭਾਵਨਾ ਬਣਾਉਂਦਾ ਹੈ ਅਤੇ ਮਧੁਰਤਾ
ਪੈਦਾ ਕਰਦਾ ਹੈ ਪ੍ਰੰਤੂ ਇਹੀ ਸੰਗੀਤ ਜੇਕਰ ਆਵਾਜ਼ ਦਾ ਪ੍ਰਦੂਸ਼ਣ ਪੈਦਾ ਕਰਕੇ
ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਕਰੇ ਤਾਂ ਵਾਜਬ ਨਹੀਂ ਹੁੰਦਾ। ਵਿਆਹ
ਸ਼ਾਦੀਆਂ ਅਤੇ ਗਲੀ ਮੁਹੱਲਿਆਂ ਵਿਚ ਸਮਾਗਮ ਕਰਨੇ ਵੀ ਜਾਇਜ ਨਹੀਂ ਹਨ।
ਗੁਰਮਤਿ ਤੇ ਗਿਆਨ ਦੇ ਅਧਿਆਏ ਵਿਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ
ਨੂੰ ਵਿਗਿਆਨ ਤੇ ਅਧਾਰਤ ਦੱਸਿਆ ਹੈ। ਆਮ ਤੌਰ ਤੇ ਧਰਮ ਅਤੇ ਵਿਗਿਆਨ ਵਿਚ
ਵਿਰੋਧ ਹੁੰਦਾ ਹੈ, ਅਰਥਾਤ ਟਕਰਾਓ ਪੈਦਾ ਹੁੰਦਾ ਹੈ ਕਿਉਂਕਿ ਉਨਾਂ ਦੇ
ਧਰੁਵ ਵੱਖਰੇ ਹੁੰਦੇ ਹਨ, ਪ੍ਰੰਤੂ ਸਿੱਖ ਧਰਮ ਦੀ ਵਿਚਾਰਧਾਰਾ ਵਿਗਆਨਿਕ
ਦ੍ਰਿਸ਼ਟੀਕੋਣ ਦੀ ਪ੍ਰੋੜਤਾ ਕਰਦੀ ਹੈ। ਉਨਾਂ ਗੁਰਬਾਣੀ ਵਿਚੋਂ ਉਦਾਹਰਨਾਂ
ਦੇ ਕੇ ਸਾਬਤ ਕੀਤਾ ਹੈ। ਵਿਗਿਆਨ ਦੀ ਖੋਜ ਨਾਲ ਐਸ਼ ਆਰਾਮ ਦੇ ਸਾਧਨ ਪੈਦਾ
ਹੁੰਦੇ ਹਨ। ਵਿਗਿਆਨ ਪਦਾਰਥਕ ਵਸਤੂ ਹੈ। ਗੁਰਮਤਿ ਪਦਾਰਥਕ ਨਹੀਂ ਰੂਹਾਨੀ
ਹੈ। ਪ੍ਰੰਤੂ ਜਿਹੜਾ ਵਿਗਿਆਨ ਹੁਣ ਖੋਜਾਂ ਰਾਹੀਂ ਦੱਸ ਰਿਹਾ ਹੈ ਗੁਰਬਾਣੀ
ਵਿਚ 500 ਸਾਲ ਪਹਿਲਾਂ ਦੱਸ ਦਿੱਤਾ ਗਿਆ ਸੀ। ਪਦਾਰਥਕ ਵਸਤਾਂ ਵਿਚ ਸਾਮਾਨ
ਪਾਉਣ ਦੀ ਲੋੜ ਹੁੰਦੀ ਹੈ ਪ੍ਰੰਤੂ ਸੂਰਜ ਜੋ ਕੁਦਰਤ ਦੀ ਦੇਣ ਹੈ ਉਸਨੂੰ
ਰੌਸ਼ਨੀ ਦੇਣ ਲਈ ਤੇਲ ਪਾਉਣ ਦੀ ਲੋੜ ਨਹੀਂ। ਸਾਇੰਸ ਪਰਮ ਅਣੂ ਜਾਂ ਸੂਖ਼ਮ ਕਣ
ਜਿਸਨੂੰ ਅੰਗਰੇਜ਼ੀ ਵਿਚ ਗਾਡ ਪਾਰਟੀਕੁਲਰ ਕਹਿੰਦੇ ਹਨ ਦੀ ਹੁਣ ਖ਼ੋਜ
ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸਾਡੇ ਅੰਦਰ ਹੀ ਦੱਸਿਆ ਗਿਆ
ਹੈ। ਇਹ ਧਰਮ ਤੇ ਵਿਗਿਆਨ ਦਾ ਸੁਮੇਲ ਹੈ। ਧਰਮ ਕਿਸੇ ਦਾ ਬੁਰਾ ਨਹੀਂ ਕਰਦਾ
ਪ੍ਰੰਤੂ ਵਿਗਿਆਨ ਜੇਕਰ ਇਸਦੀ ਦੁਰਵਰਤੋਂ ਕੀਤੀ ਜਾਵੇ ਤਾਂ ਨਾਸ਼ ਕਰ ਸਕਦਾ
ਹੈ। ਉਨਾਂ ਕਿਹਾ ਹੈ ਕਿ ਧਰਮ ਬਿਨਾ ਗਿਆਨ ਅੰਨੇ ਘੋੜੇ ਦੀ ਤਰਾਂ ਹੈ।
ਗੁਰਮਤਿ ਅਤੇ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਕਰਦਿਆਂ ਉਨਾਂ ਲਿਖਿਆ ਹੈ ਕਿ
ਮਨੁੱਖੀ ਅਧਿਕਾਰਾਂ ਦੀ ਗੱਲ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ
ਕੀਤੀ ਹੈ ਜਦੋਂ ਉਨਾਂ ਬਾਬਰ ਨੂੰ ਵੰਗਾਰਿਆ, ਇਸਤਰੀ ਦੇ ਹੱਕ ਵਿਚ ਲਿਖਿਆ,
ਜ਼ਾਤ ਪਾਤ, ਊਚ ਨੀਚ, ਪੰਗਤ ਵਿਚ ਬੈਠਕੇ ਲੰਗਰ ਛੱਕਣਾ ਆਦਿ ਇਹ ਸਾਰੇ
ਮਨੁੱਖੀ ਹੱਕਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨਾ, ਮਨੁੱਖੀ ਅਧਿਕਾਰਾਂ ਦੀ
ਪ੍ਰੋੜਤਾ ਹੈ। ਉਦਾਹਰਨ ਦੇ ਤੌਰ ਤੇ,
ਅਵੁਲ ਅਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ
ਏਕ ਨੂਰ ਸੇ ਸਭ ਜਗੁ ਉਪਜਿਆ ਕੌਣ ਭਲੇ ਕੌਣ ਮੰਦੇ।
ਖੁਰਾਸਾਨਾ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ
ਸਿੱਖਾਂ ਨੂੰ ਵੰਗਾਰਦਿਆਂ ਉਨਾਂ ਲਿਖਿਆ ਹੈ ਕਿ 1984 ਵਿਚ ਮਨੁੱਖੀ
ਅਧਿਕਾਰਾਂ ਦੀ ਉਲੰਘਣਾ ਹੋਈ ਪ੍ਰੰਤੂ ਸਿੱਖ ਅਜੇ ਤੱਕ ਇਨਸਾਫ ਨਹੀਂ ਲੈ
ਸਕੇ। ਮਨੁੱਖ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਕੀੜੇ ਮਾਰਕੇ ਘੋਰ ਅਨਿਆਏ
ਕਰ ਰਿਹਾ ਹੈ। ਵਾਤਾਵਰਨ ਗੰਧਲਾ ਕਰ ਰਿਹਾ ਹੈ। ਬਲਾਤਕਾਰ ਹੋ ਰਹੇ ਹਨ।
ਅਸੀਂ ਅੱਜ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਸਾਡੇ ਗੁਰੂਆਂ ਨੇ
ਪਹਿਲਾਂ ਹੀ ਹਾਅਦਾ ਨਾਅਰਾ ਮਾਰਿਆ ਹੈ।
ਅੱਜ ਕਲ ਸਭ ਤੋਂ ਵੱਧ ਚਰਚਾ ਸਮਾਜ ਵਿਚ ਨੌਜਵਾਨਾ ਵੱਲੋਂ ਆਪਣੇ
ਬਜ਼ੁਰਗਾਂ ਦਾ ਸਤਿਕਾਰ ਸਹੀ ਢੰਗ ਨਾਲ ਨਾ ਕਰਨ ਦੀ ਹੋ ਰਹੀ ਹੈ। ਇਥੋਂ ਤੱਕ
ਕਿ ਕਈ ਨੋਜਵਾਨ ਆਪਣੇ ਮਾਪਿਆਂ ਦਾ ਲਾਲਚ ਵਸ ਕਤਲ ਕਰ ਦਿੰਦੇ ਹਨ। ਗੁਰੂ
ਸਾਹਿਬ ਨੇ ਇਹ ਪਹਿਲਾਂ ਹੀ ਬਜ਼ੁਰਗਾਂ ਦੀ ਆਗਿਆ ਅਨੁਸਾਰ ਨਾ ਚਲਣ ਵਾਲੇ
ਬੱਚਿਆਂ ਨੂੰ ਅਣਡਿਠ ਕਰਨ ਦੀਆਂ ਉਦਾਹਰਣਾ ਦਿੱਤੀਆਂ ਹਨ ਕਿਉਂਕਿ ਜੇਕਰ
ਨੌਜਵਾਨ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਨਗੇ ਤਾਂ ਉਨਾਂ ਨੂੰ ਸਮਾਜ
ਵਿਚ ਬਣਦਾ ਸਤਿਕਾਰ ਨਹੀਂ ਮਿਲੇਗਾ। ਪ੍ਰੋ. ਬਡੂੰਗਰ ਨੇ ਇਸ ਪੁਸਤਕ ਦੇ
ਆਖਰੀ ਚੈਪਟਰ ਵਿਚ ਗੁਰਮਤਿ ਵਿਚ ਬਜ਼ੁਰਗਾਂ ਦਾ ਸਤਿਕਾਰ ਵਿਚ ਲਿਖਿਆ ਹੈ ਕਿ
ਸਿੱਖ ਇਤਿਹਾਸ ਗਵਾਹ ਹੈ ਗੁਰੂ ਹਰਿ ਰਾਇ ਜੀ ਦੇ ਸਪੁੱਤਰ ਰਾਮ ਰਾਇ ਨੂੰ
ਆਪਣੇ ਪਿਤਾ ਦਾ ਸਤਿਕਾਰ ਨਾ ਕਰਨ ਕਰਕੇ ਸਾਰੀ ਉਮਰ ਭੱਟਕਣਾ ਪਿਆ ਸੀ। ਇਸੇ
ਤਰਾਂ ਪ੍ਰਿਥੀ ਚੰਦ ਨੂੰ ਵੀ ਗੁਰਤਾ ਗੱਦੀ ਨਹੀਂ ਮਿਲੀ ਸੀ। ਉਨਾਂ ਇਹ ਵੀ
ਲਿਖਿਆ ਹੈ ਕਿ ਹਰ ਸਾਲ ਅਡੰਬਰ ਦੇ ਤੌਰ ਤੇ ਸਾਡੇ ਦੇਸ ਵਿਚ ਸਿਰਫ ਇਕ ਦਿਨ
ਮਦਰ, ਫਾਦਰ, ਬਜ਼ੁਰਗ, ਅਧਿਆਪਕ ਆਦਿ ਦਿਵਸ ਮਨਾਉਂਦੇ ਹਾਂ ਪ੍ਰੰਤੂ ਇਸ ਨਾਲ
ਕੁਝ ਨਹੀਂ ਸੰਵਰਦਾ। ਇਸ ਮੰਤਵ ਲਈ ਸਾਨੂੰ ਇਕ ਲਹਿਰ ਬਣਾ ਕੇ ਸਮਾਜ ਵਿਚ
ਸੁਧਾਰ ਲਿਆਉਣਾ ਚਾਹੀਦਾ ਹੈ। ਉਨਾਂ ਇਹ ਵੀ ਲਿਖਿਆ ਹੈ ਕਿ ਬਜ਼ੁਰਗਾਂ ਦੇ
ਪੁੱਤਰ ਮੋਹ ਕਰਕੇ ਹੀ ਬੱਚੇ ਵਿਗੜਦੇ ਹਨ, ਸਮਾਜਿਕ ਬੀਮਾਰੀਆਂ ਨਸ਼ੇ, ਦਾਜ,
ਅਨੈਤਿਕਤਾ, ਤਲਾਕ ਆਦਿ ਵੱਧ ਰਹੇ ਹਨ। ਇਸ ਲਈ ਸਾਨੂੰ ਆਪਣੇ ਅਮੀਰ ਵਿਰਸੇ
ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।
ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਨੌਜਵਾਨ ਅਤੇ ਸਮੁਚੇ ਸਮਾਜ
ਲਈ ਸਮਾਜਿਕ ਸੁਧਾਰ ਲਿਆਉਣ ਲਈ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ ਕਿਉਂਕਿ
ਸਮਾਜਿਕ ਬੁਰਾਈਆਂ ਨੇ ਸਮਾਜ ਵਿਚ ਪਿਆਰ, ਸਤਿਕਾਰ ਅਤੇ ਸਦਭਾਵਨਾ ਨੂੰ
ਗ੍ਰਹਿਣ ਲਾ ਦਿੱਤਾ ਹੈ। ਸਾਡਾ ਵਿਰਸੇ ਦਾ ਅਮੀਰ ਖ਼ਜਾਨਾ ਸਾਡੇ ਕੋਲ ਹੈ
ਪ੍ਰੰਤੂ ਅਸੀਂ ਇਸ ਤੇ ਪਹਿਰਾ ਦੇਣ ਦੀ ਥਾਂ ਅਣਗਹਿਲੀ ਵਰਤਕੇ ਅਨੇਕ ਸਮਾਜਿਕ
ਅਲਾਮਤਾਂ ਪੱਲੇ ਬੰਨ ਰਹੇ ਹਾਂ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072 |