ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

“ਚੱਕ੍ਰਵਯੂਹ ਤੇ ਪਿਰਾਮਿਡ” - ਰਵਿੰਦਰ ਰਵੀ

ਰਵਿੰਦਰ ਰਵੀ

ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ

ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਦਿੱਲੀ
ਪ੍ਰਕਾਸ਼ਨ-ਵਰ੍ਹਾ: 2010
ਪੰਨੇਂ: 184, ਮੁੱਲ: 240 ਰੁਪਏ -

ਰਵਿੰਦਰ ਰਵੀ ਨਾ ਕੇਵਲ ਪੰਜਾਬੀ ਪ੍ਰਯੋਗਵਾਦੀ ਕਾਵਿ-ਖੇਤਰ ਦਾ ਮੋਢੀ ਕਵੀ ਹੈ, ਸਗੋਂ ਉਸ ਨੇ ਪੰਜਾਬੀ ਕਾਵਿ-ਨਾਟਕ ਦੇ ਖੇਤਰ ਵਿਚ ਵੀ ਕਈ ਨਵੇਂ ਤੇ ਨਿਵੇਕਲੇ ਪ੍ਰਯੋਗ ਕਰ ਕੇ , ਉਸ ਨੂੰ ਵਿਸ਼ਵ ਪੱਧਰ ‘ਤੇ ਪੈਦਾ ਹੋਣ ਵਾਲੀਆਂ ਆਧੁਨਿਕ ਸਾਹਿਤਿਕ ਪਰਵਿਰਤੀਆਂ ਦਾ ਹਾਣੀ ਬਣਾਇਆ ਹੈ! ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਹੇ ਇਸ ਲੇਖਕ ਨੇ ਪੱਛਮੀਂ ਮੁਲਕਾਂ ਦੇ ਰੰਗ-ਮੰਚ ਦੀ ਅਤਿ ਵਿਕਸਿਤ ਤਕਨੀਕੀ ਮੁਹਾਰਤ ਨੂੰ ਵਰਤੋਂ ਵਿਚ ਲਿਆ ਕੇ, ਪੰਜਾਬੀ ਰੰਗ-ਮੰਚ ਦੀ ਪੇਸ਼ਕਾਰ ਸਮਰੱਥਾ ਵਿਚ ਅਥਾਹ ਵਾਧਾ ਕੀਤਾ ਹੈ!

“ਚੱਕ੍ਰਵਯੂਹ ਤੇ ਪਿਰਾਮਿਡ” ਉਸ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜੋ ਕੰਪਿਊਟਰੀ ਯੁਕਤਾਂ, ਪ੍ਰਗੀਤਕ ਸ਼ੈਲੀ, ਨ੍ਰਿਤ ਤੇ ਸੰਗੀਤ ਦੇ ਸੁੰਦਰ ਸੁਮੇਲ ਰਾਹੀਂ ਆਪਣੀ ਵੱਖਰੀ ਕਲਾਤਮਿਕ ਪਹਿਚਾਣ ਸਥਾਪਤ ਕਰਦਾ ਹੈ! ਇਹ ਨਾਟਕ ਸਥਾਨਕਤਾ ਦੀਆਂ ਹੱਦਬੰਦੀਆਂ ਤੋੜ ਕੇ ਆਧੁਨਿਕ ਵਿਸ਼ਵੀ ਮਨੁੱਖ ਦੀ ਹੋਂਦ ਨਾਲ ਜੁੜੇ ਭਵਿੱਖ, ਭੁਤ ਤੇ ਵਰਤਮਾਨ-ਰੂਪੀ ਤ੍ਰੈਕਾਲਕ ਪਾਸਾਰਾਂ ਨੂੰ ਯਥਾਰਥਕ ਰੂਪ ਵਿਚ ਪ੍ਰਤੀਬਿੰਬਤ ਕਰਦਾ ਹੈ!

ਨਾਟਕ ਪ੍ਰਾਚੀਨ ਮਿਸਰੀ ਸੱਭਿਅਤਾ ਨੂੰ ਉਜਾਗਰ ਕਰਦੇ ਪਿਰਾਮਿਡਾਂ, ਮੰਮੀਆਂ ਤੇ ਕੰਧ-ਚਿਤਰਾਂ ਨੂੰ ਪ੍ਰਤੀਕ ਵਜੋਂ ਵਰਤਕੇ, ਆਧੁਨਿਕ ਮਨੁੱਖ ਦੀ ਵਿਨਾਸ਼ਕ ਹੋਣੀ ਬਾਰੇ ਕਈ ਭਵਿੱਖ-ਮੁਖੀ ਸੰਕੇਤ ਕਰਦਾ ਹੈ! ਲੇਖਕ ਅਨੁਸਾਰ ਹਰ ਸੱਭਿਅਤਾ ਦੇ ਅੰਤਰਮੁਖੀ ਤੇ ਬਾਹਰਮੁਖੀ ਟੱਕਰਾਅ ਹੀ ਉਸ ਦੇ ਅੰਤ ਨੂੰ ਨਿਸ਼ਚਿਤ ਕਰਦੇ ਹਨ! ਮਿਸਰੀ ਸੱਭਿਅਤਾ ਵਾਂਗ ਟੱਕਰਾਵਾਂ ਦੇ ਦੌਰ ਵਿੱਚੋਂ ਲੰਘ ਰਹੀ ਆਧੁਨਿਕ ਯੁੱਗ ਦੀ ਸੱਭਿਅਤਾ ਦਾ ਅੰਤ ਵੀ ਹੁਣ ਨੇੜੇ ਹੈ!

ਨਾਟਕ ਦੀਆਂ ਨੌਂ ਝਾਕੀਆਂ ਅੱਜ ਦੇ ਮਨੁੱਖ ਨੂੰ ਚੱਕ੍ਰਵਿਯੂਹ ਵਿਚ ਉਲਝਾਉਣ ਤੇ ਇਸ ਦੇ ਵਿਨਾਸ਼ ਨੂੰ ਯਕੀਨੀ ਬਨਾਉਣ ਵਾਲੀਆਂ ਕਈ ਗਲੋਬਲੀ ਸਮੱਸਿਆਵਾਂ ਦਾ ਖੁਲਾਸਾ ਕਰਦੀਆਂ ਹਨ! ਨਾਟਕ ਰਾਹੀਂ ਵਿਸ਼ਵ ਪੱਧਰ ‘ਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਤੇ ਵਿਅਕਤੀਵਾਦ ਨੂੰ ਉਤਸ਼ਾਹਤ ਕਰ ਰਹੀ ਮਹਾਂਨਗਰੀ ਚੇਤਨਾਂ, ਟੈਸਟ ਟਿਊਬਾਂ ਰਾਹੀਂ ਔਲਾਦ ਪੈਦਾ ਕਰਨ ਦੇ ਗ਼ੈਰ-ਕੁਦਰਤੀ ਰੁਝਾਣ, ਦੇਹ-ਵਿਲਾਸੀ ਭੋਗ ਸੱਭਿਆਚਾਰ, ਵਧ ਰਹੇ ਨਸ਼ੇ, ਹਿੰਸਾ, ਤਬਾਹੀ, ਭ੍ਰਿਸ਼ਟ ਹੋ ਚੁੱਕੀ ਸਿਆਸਤ ਅਤੇ ਵਿਸ਼ਵੀ ਇਜਾਰੇਦਾਰੀ ਕਾਰਨ ਪੈਦਾ ਹੋ ਰਹੀ ਬੇਕਾਰੀ, ਬੇਰੁਜ਼ਗਾਰੀ ਤੇ ਭੁੱਖਮਰੀ ਦੀ ਸਮੱਸਿਆ ਬਾਰੇ ਵਿਸਥਾਰਤ ਚਰਚਾ ਕਰ ਕੇ, ਇਹ ਨਾਟਕ, ਸਮਾਜਕ ਵਿਕਾਸ ਦੇ ਵਿਸ਼ਵੀ ਮਾਡਲ ਤੇ ਮੰਡੀ ਕਲਚਰ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ! ਪੁਸਤਕ ਦੀ ਆਖਿਰੀ ਤੇ ਦਸਵੀਂ ਝਾਕੀ ਮੋਹ, ਮੁਹੱਬਤ ਤੇ ਪਿਆਰ ਦੀਆਂ ਭਾਵਨਾਵਾਂ ਰਾਹੀਂ, ਸਮਾਜਕ ਵਿਵਸਥਾ ਦੇ ਮਨੁੱਖਤਾਵਾਦੀ ਤਰਜ਼ ਦੇ ਪੁਨਰ-ਉਸਾਰ ਦੀ ਚੇਤਨਾਂ ਪੈਦਾ ਕਰਦੀ ਹੈ!

ਇਹ ਨਾਟਕ ਪੂਰੀ ਤਰ੍ਹਾਂ ਮਹਾਂ-ਕਾਵਿਕੀ ਗੁਣਾਂ ਦਾ ਧਾਰਨੀ ਹੈ! ਭਾਵੇਂ ਕੰਪਿਊਟਰੀ ਯੁਕਤਾਂ, ਪ੍ਰਾਜੈਕਟਰ ਸਲਾਈਡਾਂ, ਵੀਡੀਓ ਤੇ ਟੀ.ਵੀ. ਸੁਵਿਧਾਵਾਂ ਇਸ ਦੀ ਪੇਸ਼ਕਾਰੀ ਦੀ ਮੁੱਢਲੀ ਲੋੜ ਹਨ, ਪਰ ਲੇਖਕ ਨੇ ਪੰਜਾਬੀ ਥੀਏਟਰ ਦੀਆਂ ਸੀਮਾਵਾਂ ਤੇ ਸਮਰੱਥਾਵਾਂ ਨੂੰ ਧਿਆਨ ਵਿਚ ਰੱਖਕੇ ਇਸ ਦੇ ਪ੍ਰਸਤੁਤੀਕਰਨ ਵਿਚ ਕੁਝ ਲਚਕ ਵੀ ਰੱਖੀ ਹੈ! ਨਾਟਕ ਵਿਚ ਦਰਪੇਸ਼ ਘਟਨਾਕ੍ਰਮ ਦੇ ਇਤਿਹਾਸਿਕ ਪਿਛੋਕੜ ਨੂੰ ਸੂਤਰਧਾਰ ਦੇ ਬੋਲਾਂ ਰਾਹੀਂ ਵੀ ਉਜਾਗਰ ਕੀਤਾ ਜਾ ਸਕਦਾ ਹੈ! ਇਸ ਨਾਟਕ ਦੇ ਪਾਤਰਾਂ ਦੀ ਵੇਸ ਭੂਸ਼ਾ ਵੀ ਵੱਖ ਵੱਖ ਦੇਸ਼ਾਂ ਦੀਆਂ ਸਥਿਤੀਆਂ ਤੇ ਸੁਵਿਧਾਵਾਂ ਅਨੁਸਾਰ ਤਬਦੀਲ ਕੀਤੀ ਜਾ ਸਕਦੀ ਹੈ! ਉਮੀਦ ਹੈ ਕਿ ਪੰਜਾਬੀ ਰੰਗ-ਮੰਚ ਦੇ ਉੱਦਮੀਂ ਨਿਰਦੇਸ਼ਕ ਇਸ ਬਹੁ-ਪ੍ਰਯੋਗੀ ਨਾਟਕ ਨੂੰ ਮੰਚਿਤ ਕਰਨ ਦੀ ਚੁਣੌਤੀ ਨੂੰ ਜ਼ਰੂਰ ਸਵੀਕਾਰ ਕਰਨਗੇ!

ਪੁਸਤਕ ਵਿਚ ਰਵੀ ਦੇ ਹੋਰ ਕਾਵਿ-ਨਾਟਕਾਂ: “ਬੀਮਾਰ ਸਦੀ”, “ਚੌਕ ਨਾਟਕ”, “ਰੂਹ ਪੰਜਾਬ ਦੀ”, “ਸਿਫਰ ਨਾਟਕ”, “ਮਨ ਦੇ ਹਾਣੀ”, “ਮਖੌਟੇ ਤੇ ਹਾਦਸੇ”, “ਮੱਕੜੀ ਨਾਟਕ” ਆਦਿ ਦੀ ਵੱਖ, ਵੱਖ ਥਾਵਾਂ ‘ਤੇ ਹੋਈ ਪੇਸ਼ਕਾਰੀ ਦੀ ਰਿਪੋਰਟਿੰਗ ਤਸਵੀਰਾਂ ਸਮੇਤ ਪੇਸ਼ ਕੀਤੀ ਗਈ ਹੈ!

ਨਵੀਂ ਪੀੜ੍ਹੀ ਦੇ ਪਾਠਕ ਰਵਿੰਦਰ ਰਵੀ ਦੇ ਰਚਨਾ ਸੰਸਾਰ, ਉਸ ‘ਤੇ ਹੋਏ ਆਲੋਚਨਾਤਮਕ ਕਾਰਜ ਅਤੇ ਪ੍ਰਾਪਤ ਇਨਾਮਾਂ ਸਨਮਾਨਾਂ ਬਾਰੇ ਵਿਸਥਾਰਤ ਜਾਣਕਾਰੀ ਪੜ੍ਹ ਕੇ ਉਸ ਦੀ ਬਹੁ-ਪੱਖੀ, ਬਹੁ-ਅਰਥੀ ਤੇ ਬਹੁ-ਪਾਸਾਰੀ ਮਿਕਨਾਤੀਸੀ ਸਾਹਿਤਿਕ ਸ਼ਖਸੀਅਤ ਬਾਰੇ ਬਹੁਤ ਕੁਝ ਜਾਣ ਸਕਦੇ ਹਨ!

ਕੁਲ ਮਿਲਾ ਕੇ ਇਹ ਪੁਸਤਕ ਕਾਵਿ-ਨਾਟਕ ਖੇਤਰ ਦੀ ਇੱਕ ਮੁੱਲਵਾਨ ਪ੍ਰਾਪਤੀ ਹੈ!

ਨਿਰੰਜਨ ਬੋਹਾ


ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ: “ਬਾਜ਼ ਦੀ ਨਜ਼ਰ” - ਮੇਰੀ ਨਜ਼ਰ ਵਿਚ
ਡਾ. ਚੰਦਰ ਮੋਹਨ
ਕਾਵਿ-ਸੰਗ੍ਰਹਿ: ਬਾਜ਼ ਦੀ ਨਜ਼ਰ, ਛਪਣ-ਸਾਲ: 2010, ਪੰਨੇ: 142, ਮੁੱਲ: 200 ਰੁਪਏ
ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਨਵੀਂ ਦਿੱਲੀ, ਭਾਰਤ

ਪੰਜਾਬੀ ਸਾਹਿਤ-ਸੱਭਿਆਚਾਰ ਦੇ ਅੰਤਰਗਤ ਰਵਿੰਦਰ ਰਵੀ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ! ਫਿਰ ਵੀ ਜੇ ਉਸ ਬਾਰੇ ਕੁਝ ਕਹਿਣਾ ਹੋਵੇ, ਤਾਂ ਕਿਹਾ ਜਾ ਸਕਦਾ ਹੈ ਕਿ ਰਵਿੰਦਰ ਰਵੀ ਪੰਜਾਬੀ ਵਿਚ ਪ੍ਰਯੋਗਵਾਦੀ ਲਹਿਰ ਦੇ ਮੋਢੀ ਲੇਖਕਾਂ ਵਿੱਚੋਂ ਹੈ! ਰਵੀ ਦੇ ਆਪਣੇ ਮੱਤ ਅਨੁਸਾਰ, ਇਸ ਲਹਿਰ ਨੇ ਜਿੱਥੇ ਪ੍ਰਗਤੀਵਾਦੀ ਰੋਮਾਂਸਵਾਦੀ ਧਾਰਾ ਵਿਚ ਆ ਚੁੱਕੇ ਜਮੂਦ ਨੂੰ ਤੋੜਿਆ, ਉੱਥੇ ਸਾਹਿਤ ਨੂੰ ਸਮਕਾਲੀ ਜੀਵਨ ਨਾਲ ਜੋੜ ਕੇ ਵਿਅਕਤੀਗਤ, ਸਮਾਜਕ ਤੇ ਅੰਤਰਰਾਸ਼ਟਰੀ ਦਿਸ਼ਾਵਾਂ ਵਲ ਤੋਰਿਆ; ਗਲੋਬਲ ਤੇ ਬ੍ਰਹਿਮੰਡਕ ਚੇਤਨਾਂ ਨਾਲ ਮਾਲਾ ਮਾਲ ਕੀਤਾ ਅਤੇ ਆਧੁਨਿਕਤਾ, ਉੱਤਰ-ਆਧੁਨਿਕਤਾ ਲਈ ਰਾਹ ਪੱਧਰਾ ਕੀਤਾ!

“ਦਿਲ ਦਰਿਆ ਸਮੁੰਦਰੋਂ ਡੂੰਘੇ” ਤੋਂ ਸ਼ੁਰੂ ਹੋ ਕੇ “ਛਾਵਾਂ ਤੇ ਪਰਛਾਵੇਂ” ਤਕ ਰਵਿੰਦਰ ਰਵੀ ਰਚਿਤ ਡੇਢ ਦਰਜਨ ਕਾਵਿ-ਸੰਗ੍ਰਹਿਆਂ ਵਿਚ ਆਧੁਨਿਕ, ਉੱਤਰ-ਆਧੁਨਿਕ ਅਤੇ ਵਿਸ਼ਵੀਕਰਨ ਵਰਗੇ ਵਰਤਾਰਿਆਂ ਵਿਚ ਵਿਚਰਦੇ ਵਿਅਕਤੀ ਨੂੰ ੳੇਸ ਦੇ ਆਪੇ ਦੀ ਪਛਾਣ ਕਰਵਾਉਣ ਅਤੇ ਮਾਨਵਵਾਦੀ ਕਦਰਾਂ-ਕੀਮਤਾਂ ਸੰਗ ਜੁੜਨ ਦੇ ਕਾਵਿ-ਸੰਚਾਰ ਵਿਦਮਾਨ ਹਨ!

“ਬਾਜ਼ ਦੀ ਨਜ਼ਰ” ਤਾਂ ਹੈ ਹੀ ਵਿਸ਼ਵੀਕਰਨ ਦੇ ਦੌਰ ਦੀ ਤਰਜਮਾਨੀ ਕਰਦਾ ਰਵੀ ਦਾ ਅਠਾਰਵਾਂ ਕਾਵਿ-ਸੰਗ੍ਰਹਿ! ਰਵੀ ਦੇ ਕਹਿਣ ਮੁਤਾਬਕ, ਇਸ ਸੰਗ੍ਰਹਿ ਦੀਆਂ ਕਵਿਤਾਵਾਂ ਉਸਨੇ ਆਪਣੇ ਦਿਲ ਦੀ ਬੀਮਾਰੀ ਤੇ ੳਸਦੇ ਇਲਾਜ ਦੇ ਤਿੰਨ ਵਰ੍ਹਿਆਂ(2007 ਤੋਂ 2009) ਦੌਰਾਨ ਰਚੀਆਂ! ਇਹਨਾਂ ਵਰ੍ਹਿਆਂ ਦੌਰਾਨ ਮਨੁੱਖ ਦੀਆਂ ਸੋਚਾਂ ਵਿਸ਼ਵ ਭਰ ਦੇ ਕੁਝ ਅਤਿ ਗੰਭੀਰ ਮਸਲਿਆਂ ਦੇ ਨਾਲ ਜੁੜੀਆਂ ਰਹੀਆਂ, ਜਿਹਨਾਂ ਵਿੱਚੋਂ ਪ੍ਰਮੁੱਖ ਹਨ: ਵਿਸ਼ਵ ਭਰ ਦੀਆਂ ਮੁੱਖ ਸਟਾਕ ਮਾਰਕੀਟਾਂ ਦਾ ਡਿੱਗਣਾਂ, ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਦਾ ਆਰਥਿਕ ਮੰਦਵਾੜਾ, ਅਮਰੀਕਾ ਦਾ “ਅਮਰੀਕਨ ਬਣੋ, ਅਮਰੀਕਨ ਖਰੀਦੋ” ਦਾ ਨਾਅਰਾ, ਸੁਤੰਤਰ ਵਪਾਰ, ਗਲੋਬਲ ਵਾਰਮਿੰਗ, ਪ੍ਰਦੂਸ਼ਣ ਆਦਿ! ਅਜਿਹੇ ਵਿਸ਼ਵ-ਵਿਆਪੀ ਗੰਭੀਰ ਮਸਲਿਆਂ ਨੂੰ ਰਵੀ ਨੇ ਹੱਥਲੇ ਕਾਵਿ-ਸੰਗ੍ਰਹਿ ਦੀ ਵਸਤੂ-ਸਮੱਗਰੀ ਬਣਾ ਕੇ, ਇਹਨਾਂ ਉੱਤੇ ਡੂੰਘੀ ਸੋਚ ਵਿਚਾਰ ਕੀਤੀ ਹੈ! ਸ਼ਾਇਦ ਇਸ ਲਈ ਉਸ ਨੇ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ “ਵਿਚਾਰ, ਸੋਚ ਜਾਂ ਸੰਕਲਪ ਕਾਵਿ ਦੇ ਅੰਤਰਗਤ” ਰੱਖਿਆ ਹੈ, ਜੋ ਕਿ ਅਜੋਕੇ ਦੌਰ ਦੀ ਪੰਜਾਬੀ ਕਵਿਤਾ ਦਾ ਇਕ ਪ੍ਰਮੁੱਖ ਪਛਾਣ-ਚਿੰਨ੍ਹ ਵੀ ਹੈ!

“ਬਾਜ਼ ਦੀ ਨਜ਼ਰ”(ਵਿਸ਼ਵੀਕਰਨ ਦੀ ਪ੍ਰਕਿਰਿਆ) ਉੱਤੇ ਰਵੀ ਦੀ ਕਾਵਿ-ਨਜ਼ਰ ਟਿਕੀ ਹੈ! ਇਹ ਕਾਵਿ-ਨਜ਼ਰ ਦਰਸਾਉਂਦੀ ਹੈ ਕਿ ਇਸ ਬਾਜ਼ ਦੀ ਨਜ਼ਰ ਸ਼ਿਕਾਰ ਅਥਵਾ ਤੀਸਰੀ ਦੁਨੀਆਂ ਦੇ ਮਾਨਵ ਤੇ ਉਸ ਦੁਆਰਾ ਸਿਰਜਤ ਸੰਸਥਾਗਤ ਰੂਪਾਂ, ਆਕਾਸ਼ ਤੇ ਧਰਤੀ ਅਥਵਾ ਕੁਦਰਤੀ ਵਾਤਾਵਰਣ ਉੱਤੇ ਹੈ! ਇੰਝ ਹਥਲੇ ਸੰਗ੍ਰਹਿ ਦਾ ਨਾਮਕਰਨ ਕਰਦੀ “ਬਾਜ਼ ਦੀ ਨਜ਼ਰ” ਨਾਮ ਦੀ ਕਾਵਿ-ਸਤਰ ਦੋਹਰੇ ਅਰਥਾਂ ਦਾ ਸੰਚਾਰ ਕਰਦੀ ਹੈ! ਪਹਿਲੇ ਅਰਥ ਅਨੁਸਾਰ ਇਹ ਵਿਸ਼ਵੀਕਰਨ ਦੇ ਵਰਤਾਰੇ ਦੀ ਵਸਤੂਗਤ ਸੂਚਨਾਂ ਮੁਹੱਈਆ ਕਰਵਾਉਂਦੀ ਹੈ! ਦੂਸਰੇ ਅਰਥਾਂ ਅਨੁਸਾਰ ਇਹ ਕਵੀ ਦੀ ਕਾਵਿ-ਦ੍ਰਿਸ਼ਟੀ ਦੀ ਲਖਾਇਕ ਹੈ, ਜੋ ਦਰਸਾ ਰਹੀ ਹੈ ਕਿ ਵਿਸ਼ਵੀਕਰਨ ਤਾਂ ਅਮਰੀਕੀ ਸਾਮਰਾਜਵਾਦ ਦਾ ਇਕ ਕਸਵਾਂ ਸ਼ਿਕੰਜਾ ਹੈ! ਜੇ ਵਿਸ਼ਵੀਕਰਣਿਕ ‘ਬਾਜ਼ ਦੀ ਨਜ਼ਰ’, ‘ਸ਼ਿਕਾਰ, ਆਕਾਸ਼ ਤੇ ਧਰਤੀ’ ਉੱਤੇ ਹੈ, ਤਾਂ ਉਹ ਕਵੀ ਦੀ ਤਿੱਖੀ ਨਜ਼ਰ ਤੋਂ ਵੀ ਉਹਲੇ ਨਹੀਂ ਰਹਿ ਸਕਦਾ! ਰਵੀ ਉਸ ਬਾਜ਼(ਪੰਛੀ) ਦੀ ਨਜ਼ਰ ਵਰਗੀ ਕਾਵਿ-ਦ੍ਰਿਸ਼ਟੀ ਦਾ ਮਾਲਕ ਹੈ, ਜਿਸ ਕੋਲੋਂ ਸ਼ਿਕਾਰ ਲੁਕਿਆਂ, ਲੁਕ ਨਹੀਂ ਸਕਦਾ! ਨਵੇਂ ਸ਼ਿਕਾਰ(ਨਵੇਂ ਵਸਤੂਗਤ ਸਮਾਚਾਰ) ਦੀ ਕੀਤੀ ਭਾਲ ਹੀ ਉਸਨੂੰ ਸਮੇਂ ਦੇ ਹਾਣ ਦਾ ਵਿਚਾਰਧਾਰਕ ਕਵੀ ਬਣਾ ਕੇ ਸਮਕਾਲ ਦਾ ਕਵੀ ਸਿੱਧ ਕਰਦੀ ਹੈ!

ਰਵਿੰਦਰ ਰਵੀ ਨੇ ਸਮਕਾਲ ਦੇ ਦੋ ਪ੍ਰਮੁੱਖ ਵਿਸ਼ਿਆਂ, ਵਿਸ਼ਵੀਕਰਨ ਤੇ ਵਾਤਾਵਰਣ ਨੂੰ ਮਾਨਵ, ਪਿੰਡ ਤੇ ਬ੍ਰਹਿਮੰਡ ਦੀਆਂ ਤਿੰਨ ਮੂਲ ਰਚਨਾਤਮਕ ਇਕਾਈਆਂ ਰਾਹੀਂ ਵਿਭਿੰਨ ਕਾਵਿ-ਰੂਪਾਂ ਤੇ ਰੂਪ-ਸਿਰਜਣ-ਵਿਧੀਆਂ ਜਿਵੇਂ ਕਵਾਲੀ, ਬੋਲੀ, ਥੀਮ ਗੀਤ, ਪ੍ਰਭਾਵ-ਸਕੇਪ, ਬਿੰਬ-ਸਕੇਪ, ਵਿਅਕਤੀ-ਚਿਤਰ ਆਦਿ ਵਿਚ ਪਰੋ ਕੇ ਅਭਿਵਿਅਕਤ ਕੀਤਾ ਹੈ! ਇਹਨਾਂ ਵਿਸ਼ਿਆਂ, ਇਕਾਈਆਂ ਤੇ ਰੂਪ-ਸਿਰਜਣ-ਵਿਧੀਆਂ ਰਾਹੀਂ ਮਾਨਵੀ, ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਮਾਜਕ, ਆਰਥਿਕ ਤੇ ਰਾਜਨੀਤਕ ਸਰੋਕਾਰਾਂ ਦੇ ਦਵੰਦਮਈ ਸੰਬੰਧ-ਚਿਤਰ ਉੱਘੜਦੇ ਹਨ! ਰਵੀ ਦੀ ਨਜ਼ਰ ਵਿਚ ਵਿਸ਼ਵੀਕਰਨ ਦੀ ਪ੍ਰਕਿਰਿਆ ਰਾਵਣਾਂ ਦਾ ਐਸਾ ‘ਚੱਕ੍ਰਵਯੂਹ’ ਹੈ ਜੋ ਪੁਰਖਿਆਂ ਦੀ ਚਿਰਕਾਲੀ ਸਿਆਣਪ ਨਾਲ ਤੋੜਨਾਂ ਮੁਸ਼ਕਲ ਹੈ! ਕਿਉਂ ਜੁ, ਇਸ ‘ਚੱਕ੍ਰਵਯੂਹ’ ਵਿਚ ਹਰ ਇਨਸਾਨ ਇਕ ਦੂਸਰੇ ਦੇ ਵਿਰੋਧ ਵਿਚ ਖੜ੍ਹਾ ਹੈ! ਉਹ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਅੰਤਮ ਦਮ ਤਕ ਮਰਨ ਮਾਰਨ ਦੀ ਅਮਾਨਵੀ ਖੇਡ ਖੇਡਦਾ ਹੈ! ਅਜਿਹੀ ਖੇਡ ਖੇਡਦਿਆਂ ਉਸਦੀ ਸੋਚ ਨਾਲੋਂ ਉਸਦੇ ਰਿਸ਼ਤੇ ਟੁੱਟ ਜਾਂਦੇ ਹਨ, ਚਿੰਤਨ ਭੁੱਲ-ਭੁਲੱਈਆਂ ਵਾਲੀਆਂ ਦਿਸ਼ਾਵਾਂ ਵਿਚ ਉਲਝ ਕੇ ਰਸਤੇ ਦੱਸਣ ਤੋਂ ਅਸਮਰੱਥ ਹੋ ਜਾਂਦੇ ਹਨ ਅਤੇ ਵਿਅਕਤੀ ਸੋਚਦਾ ਹੀ ਰਹਿ ਜਾਂਦਾ ਹੈ ਕਿ ਉਹ ਟੁਕੜਿਆਂ ਵਿਚ ਮਿਲੀ ਆਜ਼ਾਦੀ(ਵਿਸ਼ਵੀਕਰਨ ਦੀ ਦੇਣ) ਦਾ ਕੀ ਕਰੇ? ਆਮ ਵਿਅਕਤੀ ਨੂੰ ਸਮਝ ਹੀ ਨਹੀਂ ਪੈ ਰਹੀ ਕਿ ਵਿਸ਼ਵੀਕਰਨ ਤਾਂ ਉਸ ਉੱਤੇ ਕੱਸਿਆ ਜਾਣ ਵਾਲਾ ਸਾਮਰਾਜੀ ਸ਼ਿਕੰਜਾ ਹੈ! ਰਵੀ ਨੇ ਇਸ ਨੂੰ ‘ਰੀਮੋਟ ਕੰਟਰੋਲ’ ਨਾਂ ਦੀ ਰੂਪਕ ਤਸ਼ਬੀਹ ਦੇ ਕੇ ਦੱਸਿਆ ਹੈ ਕਿ ਉਹ ਆਮ ਵਿਅਕਤੀ ਦੇ ਹੱਥ ਵਿਚ ਆਇਆ ਇਕ ਐਸਾ ‘ਰੀਮੋਟ’ ਹੈ ਜਿਸਦਾ ‘ਕੰਟਰੋਲ’ ਪੂੰਜੀਵਾਦੀ ਵਿਵਸਥਾ ਕੋਲ ਹੈ! ਇਸ ਵਿਵਸਥਾ ਦੇ ‘ਦਰਜ਼ੀਆਂ’ ਭਾਵ ਏਜੰਟਾਂ ਦੀ ਭਾਲ ‘ਸੰਸਦ-ਭਵਨ, ਨਯਾਂ-ਆਲੇ, ਕਾਰਪੋਰੇਸ਼ਨ, ਸਕੂਲ, ਦਫਤਰ ਤੇ ਵਿਸ਼ਵ-ਵਿੱਦਿਆਲੇ’ ਵਿੱਚੋਂ ਹੋ ਸਕਦੀ ਹੈ! ਇਹ ਏਜੰਟ ਆਮ ਬੰਦੇ ਨੂੰ ਇਹ ਸਬਕ ਦੇ ਰਹੇ ਹਨ ਕਿ ‘ਮਾਰਕਸਵਾਦ ਨੂੰ ਜਾਦੂ ਦੀ ਛੜੀ ਬਣਾਉਂਦਾ ਬਣਾਉਂਦਾ ਸੋਵੀਅਤ ਯੂਨੀਅਨ ਵੀ ਟੁੱਟ, ਬਿਖਰ ਕੇ ਖਿੰਡ ਗਿਆ ਹੈ ਅਤੇ ਮਾਸਕੋ ਵਿਚ ਵੀ ਹਰ ਤਰ੍ਹਾਂ ਦੇ ਰੋਗੀ ਬੇਘਰਿਆਂ ਵਰਗਾ ਜੀਵਨ ਜਿਊਂਦੇ ਹਨ! ਇਸ ਲਈ ਸਮਾਂ, ਸੰਘਰਸ਼, ਘਟਨਾਂ ਤੇ ਕਰਮ ਉਨ੍ਹਾਂ ਲਈ ਵਿਅਰਥ ਹੋ ਚੁੱਕੇ ਹਨ! ਅਜਿਹੇ ਏਜੰਟਾਂ ਦੀ ਵਿਅਰਥ ਸੋਚਣੀ ਨੂੰ ਰਵਿੰਦਰ ਰਵੀ ਨੇ ਆਪਣੀ ਕਵਿਤਾ ਵਿਚ ਨਕਾਰਦਿਆ ਲਿਖਿਆ ਹੈ:

ਲੁੱਟ ਘਸੁੱਟ,
ਹਰ ਯੁੱਗ, ਹਰ ਸਮੇਂ,
ਨਾਮ ਬਦਲ, ਵੇਸ ਬਦਲ –
ਦੀ ਕਿਰਿਆ ਵਿੱਚੋਂ ਲੰਘਦੀ,
ਖਿਤਿਜ ਅੱਗੇ ਖਿਤਿਜ ਦਾ,
ਭਰਮ ਬਣਾਈ ਰੱਖਦੀ ਹੈ!

ਸ਼ਾਸ਼ਕੋ
ਤੇ ਸ਼ਾਸ਼ਤੋ!!!

ਵੱਖ, ਵੱਖ ਵਾਦਾਂ ਹੇਠ,
ਵਿਚਰਦੀਓ ਬਸਤੀਓ!!!
ਆਓ,
ਕਿਤੇ ਵਿਚ, ਵਿਚਕਾਰ ਮਿਲੀਏ,
ਮਨੁੱਖ ਨੂੰ ਕੇਂਦਰ ਬਣਾ -
ਸਭ ਕੁਝ ਵਾਰ ਦੇਈਏ ਓਸ ਤੋਂ –
ਬਦਲੀਏ ਉਸ ਦਾ ਖੁਦਾ!!!

ਰਵੀ ਦਾ ‘ਖੁਦਾ’ ਬਦਲਣ ਦਾ ਦਿੱਤਾ ਸੰਕਲਪ ਉਸਦੀ ਬ੍ਰਹਿਮੰਡਕ ਚੇਤਨਾਂ ਵਿੱਚੋਂ ਫੁੱਟਦਾ ਹੈ! ਰਵੀ ਦੀ ਬ੍ਰਹਿਮੰਡਕ ਚੇਤਨਾਂ ਦਾ ਹੀ ਸਿੱਟਾ ਹੈ ਕਿ ਉਹ ਵਿਸ਼ਵ ਵਿਚ ਵਗਦੀ ਹਵਾ ਵਿਚ ਸਾਹ ਲੈ ਕੇ ਕਵਿਤਾ ਰਚਦਾ ਹੈ! ਇਸੇ ਲਈ ਉਹ ਤੀਸਰੀ ਦੁਨੀਆਂ ਦੇ ਦੇਸ਼ਾਂ ਨੂੰ ਬਹੁ-ਕੌਮੀਂ ਕੰਪਨੀਆਂ ਦੀ ਤਕਨੀਕੀ ਨੌਆਬਾਦੀ ਵਜੋਂ ਪਛਾਣਦਾ ਹੈ, ਅਮਰੀਕਾ ਦੀ ਖੁਸ਼ਹਾਲੀ ਦਾ ਰਾਜ਼ ਜਾਣਦਾ ਹੈ, ਡਰੱਗ-ਕਲਚਰ ਤੇ ਗੈਂਗ-ਯੁੱਧ ਦੇ ਚੱਕ੍ਰਵਯੂਹ ਵਿਚ ਘਿਰੀ ਆਪਣੀ ਅਗਲੀ ਪੀੜ੍ਹੀ ਪ੍ਰਤੀ ਚਿੰਤਤ ਹੈ, ਟੈਸਟ-ਟਿਊਬਾਂ ਦੀ ਔਲਾਦ ਦੇ ਘਿਨਾਉਣੇ ਕਾਰਿਆਂ ਨੂੰ ਤੱਕਦਾ ਹੈ, ਅੰਧ-ਵਿਸ਼ਵਾਸੀ ਬਾਬਿਆਂ ਦੇ ਜਾਦੂ ਤੇ ਟੂਣਿਆਂ ਵਿਚ ਘਿਰੇ ਪੰਜਾਬ ਨੂੰ ਫਰੋਲਦਾ ਹੈ, ਟੀ.ਵੀ. ਤੇ ਕੰਪਿਊਟਰ ਦੇ ਮਾਰੂ ਅਸਰਾਂ ਨੂੰ ਘੋਖਦਾ ਹੈ, ਆਰਥਿਕ ਮੰਦਵਾੜੇ ਤੇ ਸ਼ਨਅਤੀਕਰਨ ਵਿੱਚੋਂ ਪੈਦਾ ਹੋਈ ਬੇਰੋਜ਼ਗਾਰ ਜਮਾਤ ਦੀ ਵਾਸਤਵਿਕ ਦਸ਼ਾ ਨੂੰ ਸਾਹਵੇਂ ਲਿਆਉਂਦਾ ਹੈ, ਮਨੁੱਖ ਜਾਤੀ ਉੱਤੇ ਗਲੋਬਲ ਵਾਰਮਿੰਗ ਤੇ ਪ੍ਰਦੂਸ਼ਣ ਦੀ ਮਾਰੂ ਮਾਰ ਨੂੰ ਪਛਾਣਦਾ ਹੈ, ਮਸ਼ੀਨੀ ਯੁੱਗ ਵਿਚ ਮਸ਼ੀਨ ਬਣੀ ਜ਼ਿੰਦਗੀ ਦੇ ਦੀਦਾਰ ਕਰਵਾਉਂਦਾ ਹੈ, ਸੂਚਨਾਂ ਕ੍ਰਾਂਤੀ ਦੀ ਬਦੌਲਤ ਵਿਸ਼ਵ ਨੂੰ ਇਕ ‘ਗਲੋਬਲ ਪਿੰਡ’ ਦੇ ਪ੍ਰਸੰਗ ਵਿਚ ਪੇਸ਼ ਕਰਦਾ ਹੈ, ਸੂਚਨਾਂ ਤਕਨਾਲੋਜੀ ਨੂੰ ਵਿਸ਼ਵੀਕਰਨ ਦੀ ਵਿਚਾਰਧਾਰਾ ਫੈਲਾਉਣ ਦਾ ਸਾਧਨ ਘੋਸ਼ਤ ਕਰਦਾ ਹੈ, ਵਿਸ਼ਵੀਕਰਨ ਦੀ ਗੋਦ ਵਿਚ ਪਲ ਰਹੇ ਅਵਿਸ਼ਵੀਕਰਨ ਨੂੰ ਵੀ ਸਮਝਦਾ ਹੈ, ਇਤਿਹਾਸ ਦੀ ਗਤੀ ‘ਚੋਂ ਨਾਇਕ ਤੇ ਖਲਨਾਇਕ ਦੀ ਪ੍ਰਮਾਣਿਕ ਪਛਾਣ ਦਿੰਦਾ ਹੈ, ਅਜੋਕੇ ਮਨੁੱਖ ਦੀ ਮ੍ਰਿਗਤ੍ਰਿਸ਼ਨਾਂ ਤੇ ਵਿਚਾਰਧਾਰਕ ਦਿਸ਼ਾਹੀਣਤਾ ਨੂੰ ਪਕੜਦਾ ਹੈ ਇਤਿਆਦਿ! ਰਵੀ ਦੀ ਕਵਿਤਾ ਵਿਅਕਤੀ ਅਤੇ ਸਮਾਜਕ-ਪ੍ਰਕਿਰਤਕ ਵਾਤਾਵਰਣ ਵਿਚਕਾਰ ਸੰਘਰਸ਼ ਨੂੰ ਉਜਾਗਰ ਕਰਦੀ ਹੈ, ਖਪਤ-ਕਲਚਰ ਤੇ ਉਸ ‘ਚੋਂ ਪਨਪਦੀ ਮੰਡੀ ਕਲਚਰ ਵਾਲੀ ਮਾਨਸਿਕਤਾ ਨੂੰ ਕੁਰੇਦਦੀ ਹੈ, ਵਿਗਿਆਨਕ ਤੇ ਤਕਨੀਕੀ ਵਿਕਾਸ ਲਈ ਕੀਤੇ ਪ੍ਰਮਾਣੂ ਹੱਥਿਆਰਾਂ ਤੇ ਰਸਾਇਣੀ ਤਜਰਬਿਆਂ ਕਰਕੇ ਹੋਈ ਕੁਦਰਤੀ ਤਬਾਹੀ ਨੂੰ ਦਰਸਾਉਂਦੀ ਹੋਈ ਆਪਣਾਂ ਵਿਲੱਖਣ ਕਾਵਿ-ਉਦੇਸ਼ ਸੰਚਾਰਦੀ ਹੈ! ਮਿਸਾਲ ਦੇ ਤੌਰ ਉੱਤੇ ਵੇਖੋ:

1.

ਫੂਕਾਂ ਮਾਰਿਆਂ ‘ਨ੍ਹੇਰੀ ਨਹੀਂ ਚੱਲਣੀ
ਆਹ ਭਰਿਆਂ, ਤੂਫਾਨ ਨਹੀਂ ਆਉਣਾਂ
ਏਸ ਚੱਕ੍ਰਵਯੂਹ ਵਿਚ
ਯੁੱਧ ਲਿਖਿਆ ਹੈ ਹਰ ਦਰਵਾਜ਼ੇ ‘ਤੇ
ਅੰਤਮ ਦਮ ਤਕ
ਆਪਣੇ ਆਪ ਨਾਲ
ਸਭ ਨਾਲ

2.

ਚਕਾ ਚੌਂਧ ਚਾਨਣ
ਤੇ ਫਿਰ
ਘੁੱਪ ਅਨ੍ਹੇਰਾ ਹੈ!
ਪਿੱਛੇ ਟੋਆ ਵੀ ਹੋ ਸਕਦਾ ਹੈ
ਅੱਗੇ ਖੂਹ –
ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ!

ਇਸ ਸਮੇਂ
ਬਾਹਰ ਵਲ ਨਹੀਂ
ਅੰਦਰ ਵਲ ਵੇਖੀਦਾ ਹੈ:
ਏਥੋਂ ਹੀ ਕਦੇ
ਬੁੱਧ, ਈਸਾ, ਗੁਰੁ ਨਾਨਕ, ਮਾਰਕਸ ਤੇ ‘ਸਾਰਤ’ ਦੇ ਸੂਰਜ ਚੜ੍ਹੇ ਸਨ!!!

ਭੋਂ ਵੱਤਰ ਹੈ, ਹੁਣ
ਸੂਰਜਾਂ ਦੇ ਜਨਮ ਦੀ ਰੁੱਤ ਹੈ!!!

ਉਪ੍ਰੋਕਤ ਕਾਵਿ-ਬੰਦਾਂ ਵਿਚ ‘ਯੁੱਧ’ ਅਤੇ ‘ਸੂਰਜ’ ਦੇ ਚਿਹਨ ਵਿਅਕਤੀ ਦੀਆਂ ਬੁਨਿਆਦੀ ਸੰਘਰਸ਼ਮਈ ਤੇ ਚੇਤਨਾਂ-ਮੁਖੀ ਬਿਰਤੀਆਂ ਨੂੰ ਉਜਾਗਰ ਕਰਦੇ ਹਨ! ਇੰਝ ਰਵਿੰਦਰ ਰਵੀ ਕਾਵਿ ਦੇ ਮਾਨਵ-ਹਿਤੈਸ਼ੀ ਧਰਮ ਨੂੰ ਦਰਸ਼ਨ ਨਾਲ ਜੋੜਕੇ ਆਪਣੀ ਕਵਿਤਾ ਨੂੰ ਸਦੀਵੀ ਦਿੱਖ ਪ੍ਰਦਾਨ ਕਰਦਾਹੈ! ਵਿਅਕਤੀ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਬਚਾਈ ਰੱਖਣ ਵਾਲੀ ਵਿਸ਼ੇਸ਼ ਕਿਸਮ ਦੀ ਮਨੋਵਿਗਿਆਨਕੀ ਬਚਾਊ-ਜੁਗਤ ਰਵੀ ਦੀ ਕਾਵਿ-ਚੇਤਨਾਂ ਨੂੰ ਨਿਵੇਕਲਾ ਸਰੂਪ ਪ੍ਰਦਾਨ ਕਰਦੀ ਹੈ! ਰਵਿੰਦਰ ਰਵੀ ਨਵੇਂ ਯੁੱਗ ਦਾ ਕਵੀ ਹੈ! ਨਵੇਂ ਯੁੱਗ ਦੇ ਇਸ ਕਵੀ ਨੂੰ ਮਾਨਣ ਤੇ ਸਮਝਣ ਲਈ ੳੇਸ ਦੀਆਂ ਬਾਕੀ ਕਾਵਿ-ਪੁਸਤਕਾਂ ਸਮੇਤ ‘ਬਾਜ਼ ਦੀ ਨਜ਼ਰ’ ਨੂੰ ਪੜ੍ਹਨਾਂ ਤੇ ਸਮਝਣਾਂ ਅਤਿ ਜ਼ਰੂਰੀ ਹੈ!

ਡਾ. ਚੰਦਰਮੋਹਨ
“ਸਿਰਜਣਾ”, ਨੰਬਰ 157, ਜੁਲਾਈ-ਸਤੰਬਰ, 2010
ਚੰਡੀਗੜ੍ਹ, ਭਾਰਤ

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)