ਲੇਖਕ: ਹਰਮਨਦੀਪ ਚੜ੍ਹਿੱਕ
ਪ੍ਰਕਾਸ਼ਕ: ਅਦਾਰਾ ਭਵਿੱਖ, ਸ਼ਹੀਦ ਨਛੱਤਰ ਸਿੰਘ ਭਵਨ, ਮੋਗਾ।
ਕੀਮਤ: 100 ਰੁਪਏ
ਕਹਿੰਦੇ ਹਨ ਕਿ "ਬੋਹੜ ਦੇ ਹੇਠਾਂ ਬੋਹੜ ਨਹੀਂ ਉੱਗਦਾ।" ਪਰ ਮੇਰਾ
ਖਿਆਲ ਹੈ ਕਿ ਬੋਹੜ ਦੇ ਹੇਠਾਂ ਬੋਹੜ ਬੀਜਣ ਵਰਗਾ ਬਚਕਾਨਾ ਕੰਮ ਕਰਨਾ ਵੀ
ਇੱਕ ਨਿੱਕੇ ਬੂਟੇ ਦੇ ਬਚਪਨ ਨੂੰ ਦਾਬੇ ਹੇਠ ਰੱਖਣ ਵਾਂਗ ਹੀ ਹੋਵੇਗਾ। ਇਸ
ਤਜ਼ਰਬੇ ਨਾਲੋਂ ਤਾਂ ਇਹੀ ਬਿਹਤਰ ਹੋਵੇਗਾ ਕਿ ਪਹਿਲਾਂ ਤੋਂ ਛਾਂ ਦੇ ਰਹੇ
ਬੋਹੜ ਤੋਂ ਕੁਝ ਦੂਰੀ 'ਤੇ ਹੀ ਉਸ 'ਮਿੰਨੀ ਬੋਹੜ' ਨੂੰ ਲਗਾਇਆ ਜਾਵੇ ਤਾਂ
ਜੋ ਉਹ ਵੀ ਆਪਣੇ 'ਬਜ਼ੁਰਗ ਬੋਹੜ' ਵਾਂਗ ਸੰਘਣੀ ਛਾਂ ਦੇ ਸਕੇ। ਹਰਮਨਦੀਪ
ਚੜ੍ਹਿੱਕ ਦੀ ਪਲੇਠੀ ਕਾਵਿ-ਪੁਸਤਕ "ਨਵੀਂ ਦੁਨੀਆ ਦੇ ਬਾਸ਼ਿੰਦਿਓ"
ਪੜ੍ਹਦਿਆਂ ਅਹਿਸਾਸ ਹੋਇਆ ਹੈ ਕਿ ਜੇ ਬਾਪੂ ਦਰਸ਼ਨ ਸਿੰਘ 'ਟੂਟੀ' ਨੌਕਰੀ
ਤੋਂ ਸੇਵਾਮੁਕਤ ਹੋ ਕੇ ਵੀ ਪੰਜਾਬ ਦੇ ਰੋਡਵੇਜ ਕਾਮਿਆਂ ਦੇ ਹੱਕਾਂ ਲਈ
ਲੜਦਾ ਆ ਰਿਹਾ ਹੈ ਉੱਥੇ ਉਸ 'ਪਿਓ ਬੋਹੜ' ਤੋਂ ਹਜਾਰਾਂ ਮੀਲਾਂ ਦੀ ਦੂਰੀ
'ਤੇ ਬੈਠਾ ਹਰਮਨਦੀਪ ਵੀ ਆਪਣੀ ਕਲਮ ਰਾਹੀਂ ਕਿਰਤੀਆਂ ਨੂੰ ਨਵੀਂ ਸੇਧ ਦੇਣ
ਦੀ ਕੋਸਿ਼ਸ਼ ਕਰਦਾ ਹੋਇਆ ਲਿਖਦਾ ਹੈ ਕਿ-
ਨਵੇਂ ਯੁਗ ਦੀ ਦੁਨੀਆਂ ਦੇ ਬਾਸ਼ਿੰਦਿਓ
....ਅੱਜ ਧਰਤੀ ਤੇ ਚੰਨ
ਸਾਡੀ ਪਹੁੰਚ ਵਿੱਚ ਹਨ
ਆਓ! ਅੱਜ ਅਸੀਂ
ਬ੍ਰਹਿਮੰਡ ਤੋਂ ਅੱਗੇ ਦੀਆਂ
ਉਦਾਸੀਆਂ ਕਰਨ ਲਈ ਤੁਰੀਏ।
ਹਰਮਨਦੀਪ ਨਾਲ ਪੰਜਾਬ ਰਹਿੰਦਿਆਂ ਬੇਸ਼ੱਕ ਕਦੇ ਜਿਆਦਾ ਵਾਰਤਾ ਨਹੀਂ ਸੀ
ਹੋਈ ਪਰ ਹੁਣ ਅਹਿਸਾਸ ਹੋਇਐ ਕਿ ਹਰਮਨ ਦੀ ਉਹਨਾਂ ਸਮਿਆਂ ਦੀ ਚੁੱਪ,
ਨੌਜਵਾਨ ਜੱਥੇਬੰਦੀ ਸਰਬ ਭਾਰਤ ਨੌਜਵਾਨ ਸਭਾ ਵਿੱਚ ਸਿਦਕਦਿਲੀ ਨਾਲ ਨਿਭਾਈ
ਜਾਂਦੀ ਰਹੀ ਜਿੰਮੇਵਾਰੀ ਏਨੇ ਸਾਲਾਂ ਦੇ ਉਬਾਲ ਮਗਰੋਂ ਕਵਿਤਾ ਹੀ ਤਾਂ ਬਣ
ਕੇ ਉੱਕਰੀ ਗਈ ਹੈ। ਇਹ ਗੱਲ ਮੇਰੇ ਨਾਲੋਂ ਦੁਨੀਆ ਦੇ ਦੂਸਰੇ ਕੋਨੇ 'ਤੇ
ਬੈਠੇ ਹਰਮਨਦੀਪ ਬਾਰੇ ਕਹਿ ਸਕਦਾ ਹਾਂ ਕਿ ਉਸ ਨੇ ਜੋ ਕੁਝ ਵੀ ਉੱਕਰਿਆ ਹੈ,
ਉਸ ਲਈ ਉਸਨੂੰ ਲਫ਼ਜ਼ ਜਾਂ ਰਵਾਨਗੀ ਲੱਭਣੀ ਨਹੀਂ ਪਈ ਸਗੋਂ ਉਸਨੇ ਤਾਂ
ਲਿਖਿਆ ਹੀ ਉਹ ਕੁਝ ਹੈ ਜੋ ਕਿਰਤੀ ਲੋਕਾਂ ਦਾ ਜੀਵਨ ਹੈ, ਰਹਿਣ ਸਹਿਣ ਹੈ,
ਜੋ ਉਹਨਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਹਨ। ਉਸਨੇ ਤਾਂ ਲਿਖਿਆ ਹੀ ਉਹ
ਕੁਝ ਹੈ ਕਿ ਉਹਨਾਂ ਨੂੰ ਸਮਾਜਿਕ ਨਾ-ਬਰਾਬਰੀ ਜਾਂ ਲੁੱਟ ਤੋਂ ਬਚਣ ਲਈ
ਜਾਗਰਿਤ ਹੋਣਾ ਪਵੇਗਾ ਹੀ ਪਵੇਗਾ। ਇਸੇ ਕਰਕੇ ਤਾਂ ਜ਼ਮੀਨੀ ਹਕੀਕਤ ਬਿਆਨ
ਕਰਦਿਆਂ ਉਹ ਲਿਖਦੈ ਕਿ-
ਸਾਨੂੰ ਨਹੀਂ ਪੁੱਗਦੀ
ਜਮਾਤੀ ਗੁਲਾਮੀ
ਅਸੀਂ ਨਹੀਂ ਲਿਖ ਸਕਦੇ
ਔੜਾਂ ਨੂੰ ਫ਼ੁੱਲ
ਸਾਡੇ ਹਿੱਸੇ ਟੁੱਟਿਆ ਕੱਚ ਆਇਆ
ਅਸੀਂ ਕੱਚ ਲਿਖਾਂਗੇ।
ਅਸੀਂ ਤਾਂ
ਸਾਡੇ ਹੱਕ
ਐਥੇ ਰੱਖ ਲਿਖਾਂਗੇ।
ਕਿਰਤੀ
ਵਰਗ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਕਿਰਤੀਆਂ ਦੀ ਲੋਟੂ ਟੋਲਿਆਂ ਵੱਲੋਂ
ਕੀਤੀ ਜਾਂਦੀ ਅਣਦੇਖੀ ਖਿਲਾਫ ਲਿਖਦਾ ਹੈ ਕਿ-
ਕੌਣ ਕਹਿੰਦੈ ਅਸੀਂ ਅਦਿੱਖ ਹਾਂ
ਗਲੀਆਂ ਦੀਆਂ ਨੁੱਕਰਾਂ ਵਿੱਚ ਵੇਖ
ਸੜਕਾਂ ਦਿਆਂ ਕਿਨਾਰਿਆਂ 'ਤੇ ਦੇਖ
ਗੰਦ ਦੇ ਢੇਰਾਂ ਦੇ ਆਸ ਪਾਸ
ਵਿਲਕਦੇ ਤੂੰ ਦੇਖ
.......
.......
ਸੱਚ ਤਾਂ ਇਹ ਹੈ ਕਿ
ਤੁਹਾਡਾ ਅੱਖਾਂ ਬੰਦ ਕਰਕੇ ਸਰਦਾ ਹੈ
ਦੇਖਦੇ ਹਾਂ ਇਹ ਘੜਾ
ਕਿੰਨਾ ਕੁ ਹੋਰ ਭਰਦਾ ਹੈ?
ਜੇ ਬਾਪੂ ਦਰਸ਼ਨ ਸਿੰਘ 'ਟੂਟੀ' ਦੀਆਂ ਤਕਰੀਰਾਂ ਮੁਲਾਜਮਾਂ ਦੇ ਡੌਲੇ
ਫਰਕਾਉਣ ਦੀ ਤਾਕਤ ਰੱਖਦੀਆਂ ਹਨ ਤਾਂ ਹਰਮਨਦੀਪ ਦੀ ਲਿਖਣ ਸ਼ੈਲੀ ਵੀ ਇੱਕ
ਵਾਰ 'ਧੁੜਧੁੜੀ' ਜਰੂਰ ਲਿਆਵੇਗੀ। ਸੋਚਣ ਲਈ ਮਜ਼ਬੁਰ ਜਰੂਰ ਹੋਵੋਗੇ।
ਪਿਆਰੇ ਪਾਠਕ ਵੀਰੋ, ਜੇ ਹਰਮਨਦੀਪ ਦੀ ਲੇਖਣੀ ਬਾਰੇ ਲਿਖਣਾ ਹੋਵੇ ਤਾਂ
'ਕੱਲੀ 'ਕੱਲੀ ਕਵਿਤਾ ਲਿਖਣ ਲਈ ਕਈ ਕਈ ਪੰਨਿਆਂ ਦੀ ਮੰਗ ਕਰਦੀ ਹੈ। ਮੇਰੇ
ਇਹਨਾਂ ਦਿਲੀ ਵਲਵਲਿਆਂ ਨੂੰ 'ਆਲੋਚਨਾ' ਨਾ ਸਮਝਿਆ ਜਾਵੇ ਕਿਉਂਕਿ ਚੰਗੇ
ਨੂੰ ਚੰਗਾ ਕਹਿ ਕੇ ਸਕੂਨ ਮਿਲਿਆ ਹੈ। ਆਪ ਸਭ ਨੂੰ ਗੁਜਾਰਿਸ਼ ਕਰਦਾ ਹਾਂ
ਕਿ ਜੇ ਪੁਸਤਕ ਜਗਤ ਵਿੱਚ ਆਏ ਨਵੇਂ ਚਿਹਰੇ ਨੂੰ 'ਜੀ ਆਇਆਂ ਨੂੰ' ਕਹਿਣਾ
ਹੈ ਤਾਂ 'ਨਵੀਂ ਦੁਨੀਆ ਦੇ ਬਾਸ਼ਿੰਦਿਓ' ਨੂੰ ਜਰੂਰ ਪੜ੍ਹੋ ਤਾਂ ਕਿ
ਵਿਚਾਰਾਂ ਦੀ ਤਲਵਾਰ ਤਰਕ ਦੀ ਸਾਣ 'ਤੇ ਲਗਾਤਾਰ ਤੇਜ਼ ਹੁੰਦੀ ਰਹੇ। ਕਲਮਾਂ
ਦਾ ਕਾਫ਼ਲਾ ਪੈਦਾ ਕਰਨ ਲਈ ਲੇਖਕ ਦੀ ਕਿਰਤ ਦਾ ਮੁੱਲ ਪੈਣਾ ਹੀ ਅਹਿਮ
ਹੁੰਦੈ। ਸ਼ਾਬਾਸ਼ੀ ਉਸਨੂੰ ਹੋਰ ਚੰਗੇਰਾ ਸਿਰਜਕ ਬਨਾਉਣ ਦਾ ਬਲ ਬਖਸ਼ਦੀ
ਹੈ।
ਇਸ ਕਿਤਾਬ ਨੂੰ ਪ੍ਰਾਪਤ ਕਰਨ ਲਈ ਹੇਠ ਲਿਖੇ ਸਾਥੀਆਂ ਨਾਲ ਸੰਪਰਕ ਕੀਤਾ
ਜਾ ਸਕਦਾ ਹੈ-
ਮੋਗਾ:- ਕੁਲਦੀਪ ਭੋਲਾ 9417422012 ਸੁਖਜਿੰਦਰ ਮਹੇਸਰੀ
9417023704
ਸੰਗਰੂਰ:- ਗੁਰਦੀਪ ਮਸੌਣ 9876149850
ਬਠਿੰਡਾ:-ਰਣਜੀਤ ਸਿੰਘ ਮਾਨ 7508219570
ਅੰਮ੍ਰਿਤਸਰ:- ਬਲਕਾਰ ਦੁਧਾਲਾ 9872164900
ਆਸਟ੍ਰੇਲੀਆ:- ਹਰਮਨਦੀਪ ਚੜ੍ਹਿੱਕ 0061430018118
|