ਸੋਚ-ਵਿਚਾਰ
ਕਰਦਿਆਂ ਕਈ ਵਾਰ ਕੁੱਝ ਵਿਸ਼ੇ ਸ਼ਾਇਦ ਕਈਆਂ ਨੂੰ ਔਖੇ ਲੱਗਦੇ ਹੋਣ ਪਰ
ਅਜਿਹੀ ਵਿਚਾਰ-ਚਰਚਾ ਤੋਂ ਬਿਨਾਂ ਜ਼ਿੰਦਗੀ ਬੜੀ ਹੀ ਅਧੂਰੀ, ਬਹੁਤ
ਹੀ ਫਿੱਕੀ ਤੇ ਰਸ-ਹੀਣ ਹੋ ਜਾਂਦੀ ਹੈ। ਸਾਹਿਤ ਨਾਲ ਜੁੜਿਆ ਇਨਸਾਨ ਆਮ
ਕਰਕੇ ਰੱਜੀ ਰੂਹ ਵਾਲਾ ਜਗਿਆਸੂ ਮਨੁੱਖ ਹੁੰਦਾ ਹੈ ਕਿਉਂਕਿ ਉਸਦੇ ਕੋਲ
ਅਜਿਹਾ ਸਰਮਾਇਆ ਤੇ ਸਮਝ ਹੁੰਦੀ ਹੈ ਜਿਸ ਦੇ ਗੁਆਚ ਜਾਣ ਜਾਂ ਫੇਰ ਚੋਰੀ ਹੋ
ਜਾਣ ਦਾ ਡਰ ਨਹੀਂ ਹੁੰਦਾ, ਗਿਆਨ ਦਾ ਸਰਮਾਇਆ ਅਜਿਹਾ ਹੈ ਜੋ ਕਦੇ ਘਟਦਾ
ਨਹੀਂ, ਜਿੰਨਾ ਵੰਡੋ ਜਾਂ ਵਰਤੋ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਆਪਣੇ
ਲੋਕਾਂ ਵਾਸਤੇ ਦਿਲ 'ਚ ਦਰਦ ਰੱਖਦਾ ਸਾਹਿਤਕਾਰ ਕੋਮਲਭਾਵੀ ਹੋਣ ਕਰਕੇ
ਹਮੇਸ਼ਾ ਹੀ ਸੱਚ ਨਾਲ ਖੜ੍ਹਦਾ ਹੈ, ਸੱਚ ਦਾ ਸਾਥ ਦਿੰਦਾ ਹੈ, ਸੱਚ ਹੀ
ਉਸਦਾ ਇਸ਼ਟ ਹੋ ਜਾਂਦਾ ਹੈ। ਉਹ ਆਪਣੇ ਸਮਾਜ ਨੂੰ ਹਮੇਸ਼ਾ ਹੀ ਪਹਿਲਾਂ ਤੋਂ
ਚੰਗਾ ਦੇਖਿਆ ਚਾਹੁੰਦਾ ਹੈ। ਉਸ ਦੇ ਮਨ ਅੰਦਰ ਸਮਾਜ ਦੀ ਖੂਬਸੂਰਤੀ ਦੇ
ਨਕਸ਼ੇ ਬਣਦੇ ਹਨ ਜੋ ਉਸਦੀਆਂ ਲਿਖਤਾਂ ਰਾਹੀਂ ਆਪਣੇ ਲੋਕਾਂ ਦੇ ਸਨਮੁੱਖ
ਹੁੰਦੇ ਹਨ। ਉਸਦੀ ਸਾਰੀ ਮਿਹਨਤ, ਭੱਜ ਦੌੜ ਤੇ ਲਿਖਤ ਇਸ ਵਾਸਤੇ ਹੀ
ਹੁੰਦੀ ਹੈ ਕਿ ਉਹ ਆਪਣੇ ਲੋਕਾਂ ਦੇ ਜੀਵਨ ਦਾ ਮੂੰਹ ਮੱਥਾ ਸਵਾਰ ਸਕੇ।
ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਮਾਨਣਯੋਗ ਬਨਾਉਣ ਵਿੱਚ ਆਪਣੇ ਲੋਕਾਂ ਦਾ
ਸਾਥ ਦੇ ਸਕੇ। ਸੂਝਵਾਨ ਲਿਖਾਰੀਆਂ ਦੀਆਂ ਲਿਖਤਾਂ ਕਿੰਨੇ ਹੀ ਹੋਰ ਲੋਕਾਂ
ਨੂੰ ਚੰਗਿਆਈ ਵੱਲ ਪ੍ਰੇਰਤ ਕਰਨ ਦੇ ਮੌਕੇ ਪੈਦਾ ਕਰਦੀਆਂ ਹਨ, ਜਾਂ ਫੇਰ
ਚੰਗੀ ਜ਼ਿੰਦਗੀ ਵਾਸਤੇ ਸੰਘਰਸ਼ ਕਰਨ ਲਈ ਪ੍ਰੇਰਨਾ ਦਾ ਸਬੱਬ ਬਣ ਜਾਂਦੀਆਂ
ਹਨ। ਹਰ ਸਮਾਜ ਦੇ ਆਪਣੇ ਮਸਲੇ ਅਤੇ ਆਪਣੇ ਸਰੋਕਾਰ ਹਨ। ਇਹ ਹੀ
ਮਸਲੇ ਸੰਵੇਦਨਸ਼ੀਨ ਜਾਂ ਕਹੀਏ ਜਾਗਦੇ ਮਨੁੱਖ ਨੂੰ ਵੀ ਹਲੂਣਦੇ ਹਨ ਕਿ ਉਹ
ਆਪਣੇ ਅਨੁਭਵ ਰਾਹੀਂ ਆਪਣੇ ਪੱਲੇ ਬੰਨ੍ਹੀ ਅਕਲ ਨੂੰ ਆਪਣੇ ਲੋਕਾਂ ਤੱਕ
ਪਹੁੰਚਾਵੇ ਜਿਸ ਨਾਲ ਸਾਰੇ ਸਮਾਜ ਦਾ ਭਲਾ ਹੋ ਸਕੇ। ਇਸ ਤਰ੍ਹਾਂ ਦਾ
ਪੜ੍ਹਨ–ਲਿਖਣ ਦੇ ਰਾਹੇ ਪਿਆ ਮਨੁੱਖ ਸਹਿਜੇ ਸਹਿਜੇ ਦੂਈ-ਦੁਐਤ ਤੇ ਕਿਸੇ ਵੀ
ਕਿਸਮ ਦੇ ਵਿਤਕਰਿਆਂ ਤੋਂ ਪਾਕਿ ਹੁੰਦਾ ਰਹਿੰਦਾ ਹੈ। ਉਹਦੇ ਵਾਸਤੇ ਤਾਂ
ਸਾਰਾ ਹੀ ਪਿੰਡ ਮਿੱਤਰਾਂ ਦਾ ਹੁੰਦਾ ਹੈ, 'ਨਾ ਕੋ ਵੈਰੀ ਨਾ ਹੀ ਬੇਗਾਨਾ'
ਵਾਲੀ ਭਾਵਨਾ ਪਲਣ ਲੱਗਦੀ ਹੈ। ਉਸਦੇ ਅੰਦਰ ਨਫਰਤ ਦਾ ਨਾਸ਼ ਹੁੰਦਾ ਹੈ ਤੇ
ਉਹ ਸਰਬੱਤ ਦੇ ਭਲੇ ਦੀ ਸੋਚ ਦਾ ਲੜ ਫੜ ਲੈਂਦਾ ਹੈ। ਇਸ ਸੋਚ ਦੇ ਲੜ ਲੱਗਿਆ
ਮਨੁੱਖ ਫੇਰ ਥਿੜਕਦਾ ਵੀ ਨਹੀਂ, ਡਰਦਾ ਤੇ ਡਰਾਉਂਦਾ ਵੀ ਨਹੀਂ ਉਹ ਆਪਣੇ
ਸੁਪਨਿਆਂ 'ਚ ਸਿਰਜੇ ਸੰਸਾਰ ਨੂੰ ਹਕੀਕਤ ਬਣਕੇ, ਸੱਚ ਹੁੰਦੇ ਵੇਖਣ ਵਾਸਤੇ
ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦਾ ਹੈ ਅਤੇ ਆਪਣੇ ਆਪ ਨੂੰ ਸਾਹਿਤ ਦਾ
ਸਿਪਾਹੀ ਸਮਝਣ ਲੱਗ ਪੈਂਦਾ ਹੈ । ਹੁਣ ਹਰ ਕੋਈ ਸਵਾਲ
ਕਰੇਗਾ ਕਿ ਸਾਹਿਤ ਦਾ ਸਮਾਜ ਨਾਲ ਕੀ ਰਿਸ਼ਤਾ ਹੁੰਦਾ ਹੈ?
ਜਵਾਬ
ਵੀ ਬੜਾ ਸਿੱਧਾ ਜਿਹਾ ਹੀ ਹੈ ਕਿ ਸਾਹਿਤ ਨਾ ਹੋਵੇ ਤਾਂ ਸਮਾਜ ਬੜਾ ਹੀ
ਨੀਰਸ ਜਿਹਾ ਹੋਵੇਗਾ। ਸਾਹਿਤ ਜਿੱਥੇ ਮਨਪ੍ਰਚਾਵੇ ਦਾ ਸਾਧਨ ਹੈ ਨਾਲ ਹੀ
ਸਮਾਜਿਕ ਤਬਦੀਲੀ ਦਾ ਹਥਿਆਰ ਵੀ ਹੈ। ਇਸ ਸਭ ਕਾਸੇ ਦਾ ਮਨੁੱਖੀ ਇਤਿਹਾਸਕ
ਵਿਕਾਸ ਵੀ ਗਵਾਹ ਹੈ। ਕਦੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਹੀ ਲੋਕਾਂ ਦੇ
ਮਨਾਂ ਦਾ ਢਾਰਸ ਬਣਦੀਆਂ ਸਨ । ਫੇਰ ਉਹ ਯੁੱਗ ਬੀਤਣ ਤੋਂ ਬਾਅਦ ਦੇ
ਸਮੇਂ ਵਿੱਚ ਲੋਕ ਸ਼ਾਮ ਵੇਲੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ
ਪਿੰਡਾਂ ਦੀਆਂ ਸੱਥਾਂ ਵਿੱਚ ਢਾਣੀਆ ਬਣਾ ਕੇ ਬੈਠਦੇ ਅਤੇ ਇਨ੍ਹਾਂ ਸੱਥਾਂ
ਵਿੱਚ ਲੋਕ ਕਥਾਵਾਂ ਸੁਣਾਈਆਂ ਵੀ ਜਾਂਦੀਆਂ ਸਨ ਤੇ ਗਾਈਆਂ ਵੀ ਜਾਂਦੀਆਂ
ਸਨ।
ਇਹੋ ਸੱਥਾਂ ਪਹਿਲ ਪਲੱਕੜੇ ਬੀਜ ਹੁੰਦੀਆਂ ਹਨ ਸਾਹਿਤ ਦੇ ਜਨਮਣ ਤੋਂ
ਪਨਪਣ ਤੱਕ ਦੀਆਂ। ਇਸੇ ਤਰ੍ਹਾਂ ਬੀਤੇ ਸਮੇਂ ਅੰਦਰ ਸੌਣ ਤੋਂ ਪਹਿਲਾਂ ਦਾਦੇ
ਦਾਦੀ ਵਲੋਂ ਬੱਚਿਆਂ ਦੇ ਮਨਪ੍ਰਚਾਉਣ ਲਈ ਮਨ ਪ੍ਰਚਾਵੇ ਵਾਲੀਆ ਸਿੱਖਿਆਦਾਇਕ
ਬਾਤਾਂ ਵੀ ਸੁਣਾਈਆਂ ਜਾਂਦੀਆਂ ਸਨ, ਇਹ ਅਣਜਾਣੇ ਵਿੱਚ ਹੀ, ਅਛੋਪਲੇ ਜਹੇ
ਬੱਚਿਆਂ ਦੇ ਮਨ ਅੰਦਰ ਸਾਹਿਤ ਵੱਲ ਜਾਣ ਦੀ ਪ੍ਰੇਰਨਾ ਬਣਦੇ ਸਨ ਪਰ ਇਸਦਾ
ਬੜੀ ਦੇਰ ਬਾਅਦ ਪਤਾ ਲਗਦਾ ਸੀ। ਵਡੇਰਿਆਂ ਵਲੋਂ ਇਹ ਸਾਰੀ ਸਹਿਬਨ ਹੀ
ਮਿਲਦੀ ਜੀਵਨ ਜਾਚ ਅੱਜ ਦੇ ਸਮੇਂ ਪਿੰਡਾਂ ਵਿਚੋਂ ਅਲੋਪ ਹੋ ਗਈ ਹੈ । ਹੁਣ
ਨਾ ਤਾਂ ਪਹਿਲਾਂ ਵਰਗੀ ਜ਼ਿੰਦਗੀ ਦੀ ਤੋਰ ਹੈ, ਨਾ ਹੀ ਪਹਿਲਾਂ ਵਰਗਾ ਵਿਹਲ
ਹੈ, ਨਾ ਹੀ ਪਹਿਲਾਂ ਵਰਗੀ ਅਪਣੱਤ ਜਾਂ ਆਪਸੀ ਸਾਂਝ ਹੈ। ਬਦਲੇ ਸਮੇਂ ਨੇ
ਲੋਕਾਂ ਕੋਲੋਂ ਪਹਿਲਾਂ ਵਰਗੀ ਬੇਪ੍ਰਵਾਹੀ ਵਾਲਾ ਵਕਤ ਖੋਹ ਲਿਆ ਹੈ ਤੇ
ਫਿਕਰਮੰਦੀਆਂ ਹੱਥ ਫੜਾ ਦਿੱਤੀਆਂ ਹਨ। ਹੁਣ ਵਕਤ ਦੇ ਬਦਲਣ ਨਾਲ ਭਾਵ ਕਿ
ਜ਼ਿੰਦਗੀ ਜੀਊਣ ਦਾ ਤਰੀਕਾ ਹੀ ਬਦਲ ਗਿਆ ਹੈ, ਜਦੋਂ ਨਵੀਂ ਜੀਵਨ ਜਾਚ ਕਰਕੇ
ਜ਼ਿੰਦਗੀ ਦਾ ਤਰੀਕਾ ਬਦਲ ਜਾਵੇ ਤਾਂ ਲੋਕਾਂ ਦੇ ਆਪਸੀ ਵਿਹਾਰ, ਮੇਲ ਮਿਲਾਪ
ਦਾ ਸਲੀਕਾ ਵੀ ਬਦਲ ਜਾਂਦਾ ਹੈ। ਇਸੇ ਨੂੰ ਹੀ ਸ਼ਾਇਦ ਆਧੁਨਿਕਤਾ ਦਾ ਨਾਂ
ਦਿੱਤਾ ਜਾਂਦਾ ਹੈ।
'ਆਧੁਨਿਕ' ਹੋਇਆ ਮਨੁੱਖ ਸਭ ਤੋਂ ਪਹਿਲਾਂ ਆਪਣੇ ਅਤੀਤ
ਨਾਲੋਂ ਆਪਣਾ ਨਾੜੂਆ ਤੋੜਨ ਦਾ ਭਰਮ ਪਾਲਦਾ ਹੈ, ਇਸ ਰਾਹੇ ਤੁਰਨ ਲੱਗਿਆਂ
ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਜਿਹੜੇ ਰਾਹ ਉਹ ਤੁਰਨ ਦਾ ਜਤਨ ਕਰ ਰਿਹਾ
ਹੈ ਉਹ ਰਾਹ ਜਾਂਦਾ ਕਿੱਧਰ ਹੈ? ਪਰ ਬੇਬਸੀ ਦਾ ਆਲਮ ਕਿ ਹੋਰਨਾਂ ਦੀ
ਰੀਸੇ ਉਹ ਵੀ ਮਗਰ ਹੀ ਘੜੀਸਿਆ ਤੁਰਿਆ ਚਲਿਆ ਜਾਂਦਾ ਹੈ। ਇਹ ਬਹੁਤ ਹੀ
ਚਿੰਤਾ ਭਰਪੂਰ ਅਤੇ ਪੀੜਦਾਇਕ ਸਥਿਤੀ ਹੁੰਦੀ ਹੈ। ਬੱਸ! ਵਾਹ ਪਿਆ ਜਾਣੀਏਂ
ਜਾਂ ਰਾਹ ਪਿਆ ਜਾਣੀਏ ਵਾਲੀ ਕਹਾਵਤ ਹੀ ਇੱਥੇ ਚੇਤੇ ਕੀਤੀ ਜਾ ਸਕਦੀ ਹੈ।
ਸਾਹਿਤ ਜ਼ਿੰਦਗੀ ਅੰਦਰ
'ਸੁਹਜ' ਪੈਦਾ ਕਰਦਾ ਹੈ, ਜੀਊਣ ਨੂੰ ਤਰੀਕਾਬੱਧ, ਤੇ ਸਲੀਕਾਬੱਧ ਵੀ ਕਰਦਾ ਹੈ
, ਅਨੁਸ਼ਾਸਨ ਸਿਖਾਉਂਦਾ ਹੈ, ਨਿਮਰਤਾ ਤੇ ਸਹਿਣਸ਼ੀਲਤਾ ਵੀ। ਕਿਸੇ ਦੂਸਰੇ
ਨਾਲ ਗੱਲਬਾਤ ਕਰਨ ਦਾ ਅਪਣੱਤ ਤੇ ਮੋਹ ਭਰਿਆ ਸੰਵਾਦੀ ਤਰੀਕਾ/ਰਾਹ
ਵੀ ਸਿਖਾਉਂਦਾ ਹੈ ਤੇ ਸਲੀਕਾ ਵੀ। ਚੀਜ਼ਾਂ-ਵਸਤਾਂ, ਮਸਲਿਆਂ ਤੇ ਸਮਾਜ ਦੇ
ਵੱਖੋ ਵੱਖ ਵਰਤਾਰਿਆਂ ਨੂੰ ਨਿਰਖਣ-ਪਰਖਣ ਭਾਵ ਰਿੜਕਣ ਦਾ ਤਰਕ ਅਧਾਰਤ ਗੁਣ
ਵੀ ਸਾਡੇ ਅੰਦਰ ਪੈਦਾ ਕਰਦਾ ਹੈ। ਸਾਹਿਤ ਸਾਡੇ ਕੋਲ ਹੋਰ ਸੰਚਾਰ ਸਾਧਨਾਂ
ਦੇ ਨਾਲ ਹੀ ਕਿਤਾਬਾਂ ਰਾਹੀਂ ਵੀ ਪਹੁੰਚਦਾ ਹੈ ਇਸ ਕਰਕੇ ਪਹਿਲਾਂ ਕਿਤਾਬਾਂ
ਸਾਡੇ ਸੁਭਾਅ ਦਾ ਪੱਕਾ ਅੰਗ ਜਾਂ ਸਾਡੀ ਆਦਤ ਦਾ ਜਰੂਰੀ ਹਿੱਸਾ ਹੋਣੀਆਂ
ਚਾਹੀਦੀਆਂ ਹਨ। ਸਾਡੇ ਕੋਲ ਕਿਤਾਬਾਂ ਵਰਗਾ ਕੋਈ ਹੋਰ ਦੋਸਤ ਨਹੀਂ ਹੁੰਦਾ
ਜੋ ਬਿਨਾ ਸਾਥੋਂ ਕੁੱਝ ਲਿਆਂ ਬਹੁਤ ਕੁੱਝ ਦੇ ਜਾਂਦੀਆਂ ਹਨ, ਜਿਸ ਨਾਲ
ਸਾਡੀ ਜ਼ਿੰਦਗੀ ਦਾ ਰੁਖ ਹੀ ਬਦਲ ਦਿੰਦੀਆਂ ਹਨ। ਪਰ ਸ਼ਰਤ ਇਹ ਵੀ ਹੈ ਕਿ
ਕਿਤਾਬਾਂ ਸਾਡੇ ਨਿੱਤ ਦੇ ਵਿਹਾਰ ਵਿੱਚ ਸ਼ਾਮਲ ਹੋਣ। ਕੁੱਝ ਕੁ ਲੋਕਾਂ ਨੂੰ
ਸ਼ਾਇਦ ਇਹ ਗੱਲ ਦਰੁਸਤ ਨਾ ਲੱਗੇ ਪਰ ਹੈ ਸੱਚ ਕਿ ਕਿਤਾਬਾਂ ਵਰਗਾ ਨਸ਼ਾ ਵੀ
ਕਿਸੇ ਹੋਰ ਥਾਉਂ ਨਹੀਂ ਮਿਲ ਸਕਦਾ, ਲੋੜ ਹੈ ਇਸ ਨਸ਼ੇ ਜਾਂ ਕਹੀਏ ਆਦਤ ਦੇ
ਲੜ ਲੱਗਣ ਦੀ। ਪਹਿਲਾਂ ਇਹ ਸਵਾਲ ਪੈਦਾ ਹੁੰਦਾ ਹੈ
ਕਿ ਕਿਤਾਬਾਂ ਪੜ੍ਹੀਆਂ ਕਿਹੜੀਆਂ ਜਾਣ? ਫੈਸਲਾ ਹਰ ਕਿਸੇ ਦੇ ਆਪਣੇ ਹੱਥ
ਹੁੰਦਾ ਹੈ, ਇਸ ਬਾਰੇ ਜਾਣਕਾਰ ਦੂਸਰੇ ਲੋਕਾਂ ਅਤੇ ਸਾਹਿਤ ਦੇ ਖੇਤਰ ਅੰਦਰ
ਵਿਚਰਨ ਵਾਲੇ ਮਿੱਤਰਾਂ-ਦੋਸਤਾਂ ਤੋਂ ਪੁੱਛਿਆ ਜਾਂ ਸਲਾਹ ਲਈ ਜਾ ਸਕਦੀ ਹੈ।
ਇਹ ਪੱਕਾ ਹੈ ਕਿ ਚੰਗੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਹਰ ਵਿਅਕਤੀ ਦਾ
ਸਮਾਜ ਅੰਦਰਲੀਆਂ ਸਮੱਸਿਆਵਾਂ ਨੂੰ ਦੇਖਣ, ਵਿਚਾਰਨ ਦਾ ਦ੍ਰਿਸ਼ਟੀਕੋਣ ਬਦਲ
ਜਾਂਦਾ ਹੈ ਅਤੇ ਹਰ ਕਿਸੇ ਦਾ ਨਜ਼ਰੀਆ ਹਾਂ ਪੱਖੀ ਤੇ ਉਸਾਰੂ ਹੋ ਜਾਂਦਾ
ਹੈ, ਜੋ ਹਿੰਸਾ ਰਹਿਤ ਸਮਾਜਿਕ ਤਬਦੀਲੀ ਦਾ ਵਾਹਨ ਵੀ ਬਣ ਸਕਦਾ ਹੈ। ਸਾਹਿਤ ਵੀ ਕਈ ਤਰ੍ਹਾਂ ਦਾ ਹੈ ਧਾਰਮਿਕ ਵਿਸ਼ਿਆਂ ਬਾਰੇ ਲਿਖਤਾਂ ਹਨ,
ਸਮਾਜਿਕ ਮਸਲਿਆਂ ਨੂੰ ਹੰਘਾਲਦੀਆਂ ਲਿਖਤਾਂ ਹਨ, ਰਾਜਨੀਤਕ ਤੇ ਆਰਥਕ
ਫਲਸਫਿਆਂ ਦਾ ਵਿਖਿਆਨ ਕਰਨ ਵਾਲਾ ਸਾਹਿਤ, ਤਰਕਸ਼ੀਲ ਸਾਹਿਤ, ਤਕਨੀਕੀ
ਗਿਆਨ, ਵਿਗਿਆਨ ਜਾਂ ਫੇਰ ਹੋਰ ਹਰ ਕਿਸਮ ਦੇ ਵਿਸ਼ਿਆਂ ਬਾਰੇ। ਇਕ ਗੱਲ ਕਿ
ਕਿਤਾਬਾਂ ਦੀਆਂ ਵੱਡੀਆ ਦੁਕਾਨਾਂ ਵਿੱਚ ਜਾਉ ਤਾਂ ਲੱਖਾਂ ਹੀ ਕਿਤਾਬਾਂ ਦੇ
ਦਰਸ਼ਣ ਹੁੰਦੇ ਹਨ, ਲਾਇਬ੍ਰੇਰੀਆਂ ਵਿੱਚ ਜਾਉ ਤਾਂ ਮਿਲੀਅਨਾਂ ਦੇ ਹਿਸਾਬ
ਨਾਲ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਪਈਆਂ ਹਨ। ਹਰ ਕਿਤਾਬ ਕਿਸੇ ਨਾ
ਕਿਸੇ ਸਮੱਸਿਆ ਨੂੰ ਲੈ ਕੇ ਹੀ ਲਿਖੀ ਗਈ ਹੁੰਦੀ ਹੈ ਹੁਣ ਆਪ ਹੀ ਅੰਦਾਜਾ
ਲਾਉ ਕਿ ਸਾਡੇ ਸੰਸਾਰ ਵਿੱਚ ਕਿੰਨੀਆਂ ਸਮੱਸਿਆਵਾਂ ਹਨ, ਉਹ ਕਿਤਾਬਾਂ ਤੋਂ
ਵੀ ਬਹੁਤ ਜ਼ਿਆਦਾ ਹਨ। ਅਜੇ ਤਾਂ ਬਹੁਤ ਸਾਰੀਆਂ ਲਿਖੀਆਂ ਜਾਣੀਆਂ ਹਨ।
ਸਾਡੇ ਪੰਜਾਬੀ
ਸਮਾਜ ਵਿੱਚ ਵੀ ਦਿਨ ਪ੍ਰਤੀ ਦਿਨ ਕਿਤਾਬਾਂ ਦਾ ਰੁਝਾਨ ਵਧ ਰਿਹਾ ਹੈ।
ਸਾਹਿਤ ਦੇ ਲੜ ਲੱਗ ਕੇ ਅਸੀਂ ਜ਼ਿੰਦਗੀ ਬਰਬਾਦ ਕਰਨ ਵਾਲੀਆਂ ਬਹੁਤ ਸਾਰੀਆਂ
ਭੈੜੀਆਂ ਆਦਤਾਂ ਜਾਂ ਕਹੀਏ ਅਲਾਮਤਾਂ ਤੋਂ ਬਚ ਸਕਦੇ ਹਾਂ। ਮਨ ਵਿਚ ਅਕਾਰਨ
ਹੀ ਪਾਲੀ ਗਈ ਜਾਂ ਦੂਸਰਿਆਂ ਪ੍ਰਤੀ ਪਾਲੀ ਜਾ ਰਹੀ ਨਫ਼ਰਤ ਮੁੱਕਣ ਲਗਦੀ
ਹੈ, ਮਨੁੱਖਾਂ ਅੰਦਰਲੇ ਪਾੜੇ ਘੱਟ ਹੋਣ ਲਗਦੇ ਹਨ। ਮਨੁੱਖ ਸਬਰ-ਸੰਤੋਖ
ਵੱਲ ਵਧਦਿਆਂ ਸੰਜਮੀ ਅਤੇ ਸਹਿਜ ਹੋਣ ਲਗਦਾ ਹੈ। ਔਕੜਾਂ ਭਰਪੂਰ ਸਮਿਆਂ ਵਿਚ
ਵੀ ਸਾਹਿਤ ਸਾਨੂੰ ਜ਼ਿੰਦਗੀ ਦਾ ਮਕਸਦ ਸਮਝਾ ਕੇ ਔਝੜੇ ਰਾਹਾਂ ਤੋਂ ਪੱਧਰੇ
ਰਾਹਾਂ ਵੱਲ ਤੁਰਨ ਦਾ ਗੁਰ /ਜਾਚ ਦੱਸਦਾ ਹੈ। ਫੇਰ ਇਸ ਤੋਂ ਹੋਰ ਸੌਖਾ ਰਾਹ
ਕਿਹੜਾ ਹੋ ਸਕਦਾ ਹੈ, ਕਿਉਂ ਨਾ ਇਸ ਰਾਹੇ ਪਿਆ ਜਾਵੇ? ਜੇ ਅਸੀਂ ਆਪਣੇ ਜੱਦੀ ਮੁਲਕ ਦੀ ਗੱਲ ਕਰੀਏ ਕਿ ਸਾਡੇ ਪਿਆਰੇ ਸੂਬੇ ਪੰਜਾਬ
ਵਿੱਚ ਨਸ਼ਿਆਂ ਦਾ ਪਸਾਰ ਬਹੁਤ ਹੋਇਆ ਹੈ, (ਇਸਦੇ ਕਾਰਨ ਸਮਝਣ ਦੇ ਵੀ ਜਤਨ
ਹੋਣੇ ਚਾਹੀਦੇ ਹਨ) ਜਿਸਨੇ ਪੰਜਾਬੀਆਂ ਦੀ ਸਾਖ ਨੂੰ ਧੱਕਾ ਲਾਇਆ ਹੈ, ਜੇ
ਏਨਾ ਹੀ ਜ਼ੋਰ ਸਾਹਿਤ ਦੇ ਪਸਾਰ ਤੇ ਲਾਇਆ ਜਾਂਦਾ ਤਾਂ ਦੁਨੀਆਂ ਸਾਹਮਣੇ
ਚਿੰਤਨ ਦੇ ਖੇਤਰ ਵਿੱਚ ਪੰਜਾਬ ਕੋਈ ਵੱਡਾ ਵਿਦਵਾਨ ਪੇਸ਼ ਕਰ ਸਕਦਾ ਸੀ,
ਜਿਸ ਨਾਲ ਬੌਧਿਕ ਚਿੰਤਨ ਦੇ ਖੇਤਰ ਅੰਦਰ ਦੁਨੀਆਂ 'ਚ ਸਾਡਾ ਨਾਮਣਾ ਵੀ
ਹੁੰਦਾ, ਸਤਿਕਾਰ ਵੀ ਮਿਲਦਾ, ਸੰਸਾਰ ਅੰਦਰ ਸਾਡੀ ਪਛਾਣ ਨੂੰ ਸਤਿਕਾਰਤ
ਹੁੰਘਾਰਾ ਵੀ ਮਿਲਦਾ। ਪਰ ਅਫਸੋਸ ਦਰ ਅਫਸੋਸ ਕਿ ਅਜਿਹਾ ਪੰਜਾਬੀਆਂ ਤੋਂ
ਅਜੇ ਤੱਕ ਨਹੀਂ ਹੋ ਸਕਿਆ, ਇਹ ਸਾਹਿਤ ਨਾਲ ਨਾ ਜੁੜਨ ਕਰਕੇ ਹੀ ਹੋਇਆ।
ਸਾਡੇ ਸਾਹਿਤਕ "ਸੂਝਵਾਨਾਂ" ਦਾ ਸਫਰ ਤਾਂ ਘਸਮੈਲ਼ੀਆਂ ਜਹੀਆਂ "ਸਨਮਾਨ
ਦੀਆਂ ਲੋਈਆਂ" ਤੇ ਰੰਗਦਾਰ "ਫੁਲਕਾਰੀਆਂ" ਤੋਂ ਹੀ ਅੱਗੇ ਨਹੀਂ ਵਧ ਸਕਿਆ।
ਇਹ ਰਾਹ ਕਿਹੜੇ ਪਾਸੇ ਜਾਂਦਾ ਹੈ, ਸੂਝਵਾਨਾਂ ਦੇ ਵਿਚਾਰਨ ਦਾ ਵਿਸ਼ਾ ਹੋਣਾ
ਚਾਹੀਦਾ ਸੀ, ਪਰ ਇਹ ਹੋ ਨਾ ਸਕਿਆ। ਨਿਗੂਣੀਆਂ ਗਰਜਾਂ ਮਾਰੇ ਬੌਨੀ ਸੋਚ
ਵਾਲੇ ਲਘੂ ਮਨੁੱਖ ਆਪਣੇ ਸਾਹਿਤਕ ਪ੍ਰਛਾਵੇਂ ਮਿਣਨ ਵਾਲੀ ਗੁਲਾਮ
ਬਿਰਤੀ/ਮਾਨਸਿਕਤਾ ਤੋਂ ਹੀ ਆਜ਼ਾਦ ਨਾ ਹੋ ਸਕੇ। ਹੋਰਾਂ ਦੀ ਗੱਲ ਛੱਡੋ ਬੰਗਾਲੀਆਂ ਵਿੱਚ ਪੰਜਾਬੀਆਂ ਤੋਂ ਵੱਧ ਆਪਣੇ
ਲੇਖਕਾਂ, ਕਲਾਕਾਰਾਂ, ਬੁੱਧੀਮਾਨਾਂ ਪ੍ਰਤੀ ਸਤਿਕਾਰ ਤੇ ਪਿਆਰ ਹੈ। ਇਹ
ਆਪਣੇ ਸਾਹਿਤਕਾਰਾਂ ਦਾ ਮਾਣ ਹੁੰਦਾ ਹੈ, ਪੰਜਾਬੀਆਂ ਕੋਲ ਕਿਉਂ ਨਹੀਂ?
ਬੰਗਾਲੀਆਂ ਦੇ ਘਰਾਂ ਵਿੱਚ ਰਾਬਿੰਦਰ ਨਾਥ ਟੈਗੋਰ ਦੀ ਤਸਵੀਰ ਤੁਹਾਨੂੰ
ਮਿਲੇਗੀ। ਯਾਦ ਰਹੇ ਕਿ ਟੈਗੋਰ ਨੂੰ 1913 ਵਿੱਚ ਸਵੀਡਨ ਦੀ ਸਾਹਿਤ ਅਕਾਡਮੀ
ਵਲੋਂ ਦੁਨੀਆਂ ਦਾ ਸਭ ਤੋਂ ਵੱਡਾ ਗਿਣਿਆ ਜਾਂਦਾ ਸਾਹਿਤਕ ਇਨਾਮ, ਸਾਹਿਤ ਦਾ
ਨੋਬਲ ਪੁਰਸਕਾਰ ਮਿਲਿਆ ਸੀ, ਟੈਗੋਰ ਵਲੋਂ ਲਿਖੀ ਉਸਦੀ ਪੁਸਤਕ ‘ਗੀਤਾਂਜਲੀ’
ਵਾਸਤੇ ਜੋ ਟੈਗੋਰ ਦੀਆਂ ਕਵਿਤਾਵਾਂ ਤੇ ਗੀਤਾਂ ਦਾ ਸੰਗ੍ਰਹਿ ਹੈ। ਯਾਦ ਇਹ
ਵੀ ਰੱਖਣਾ ਚਾਹੀਦਾ ਹੈ ਕਿ ‘ਗੀਤਾਂਜਲੀ’ ਮੂਲ ਰੂਪ ਵਿੱਚ ਬੰਗਾਲੀ
ਭਾਸ਼ਾ ਵਿੱਚ ਲਿਖੀ ਗਈ ਸੀ। ਇਸੇ ਤਰ੍ਹਾਂ ਵੀਹਵੀ ਸਦੀ ਦੇ ਸ਼ੁਰੂ ਵੇਲੇ
ਤੱਕ ਵੀ ਪੰਜਾਬੀ ਸਮਾਜ ਅੰਦਰ ਬਹੁਤ ਸਾਰੇ ਵਹਿਮ ਭਰਮ ਸਨ ਇਹ 1930 ਵਿਆਂ
ਦੁਆਲੇ ਦੀ ਸਥਿਤੀ ਬਾਰੇ ਗੱਲ ਕੀਤੀ ਜਾ ਰਹੀ ਹੈ। ਉਦੋਂ ਪੰਜਾਬੀ ਦੇ ਲੇਖਕ
ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਆਪਣੇ ਸਾਹਿਤ ਰਾਹੀਂ ਬਹੁਤ ਸਾਰੇ ਲੋਕਾਂ
ਨੂੰ ਇਸ ਪਾਸਿਉਂ ਮੋੜ ਕੇ ਵਹਿਮਾਂ, ਭਰਮਾਂ ਦਾ ਖਹਿੜਾ ਛੱਡਣ ਦੀ ਪ੍ਰੇਰਨਾ
ਦਿੱਤੀ ਸੀ, ਪੰਜਾਬੀਆਂ ਦੇ ਕਿੰਨੇ ਕੁ ਘਰਾਂ ਵਿੱਚ ਗੁਰਬਖਸ਼ ਸਿੰਘ
ਪ੍ਰੀਤਲੜੀ ਦੀ ਤਸਵੀਰ ਦੇਖੀ ਜਾ ਸਕਦੀ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ
ਦੀਆਂ ਵਿਦਵਤਾ ਭਰਪੂਰ ਤਰਕਸ਼ੀਲ ਲਿਖਤਾਂ ਦਾ ਅਸਰ ਸਾਡੇ ਸਮਾਜ ਅਤੇ ਪੰਜਾਬੀ
ਦੇ ਬਹੁਤ ਸਾਰੇ ਸਾਹਿਤਕਾਰਾਂ 'ਤੇ ਅੱਜ ਤੱਕ ਵੀ ਹੈ। ਇਸੇ ਤਰ੍ਹਾਂ ਸਾਡੇ
ਪੰਜਾਬੀ ਸਾਹਿਤ ਨੂੰ ਪ੍ਰੋ. ਪੂਰਨ ਸਿੰਘ ਨੇ ਪ੍ਰਭਾਵਿਤ ਕੀਤਾ ਸੀ। ਪਰ
ਕਿੱਥੇ ਹੈ ਅੱਜ ਸਾਡੇ ਪੂਰਨ ਸਿੰਘ ਦੇ ਕਾਵਿ ਦੀ ਪ੍ਰੰਪਰਾ? ਤੇ ਕਿੱਥੇ ਹੈ
ਉਹ ਪੰਜਾਬ ਜਿਸਦੇ ਪ੍ਰੋ, ਪੂਰਨ ਸਿੰਘ ਗੁਣ ਗਾਉਂਦਾ ਨਹੀਂ ਸੀ ਥੱਕਦਾ?
ਕਾਰਪੋਰੇਟੀ ਸਮੇਂ ਦਾ ਸ਼ਿਕਾਰ
ਹੁੰਦਿਆਂ ਸਾਡੇ ਲੋਕਾਂ ਨੇ ਆਪਣੇ ਦਾਨਿਸ਼ਵਰਾਂ (ਸੂਝਵਾਨਾਂ) ਨੂੰ ਵਿਸਾਰ
ਦਿੱਤਾ, ਉਨ੍ਹਾਂ ਦੀਆਂ ਸਮਝੌਤੀਆਂ ਨੂੰ ਆਪਣੀ ਜੀਵਨ ਜਾਚ ਤੋਂ ਵੱਖ ਕਰਦੇ
ਜਾ ਰਹੇ ਹਨ। ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਆਪਣਾ ਬੌਧਿਕ ਚਿੰਤਨ
ਭਰਪੂਰ ਵਿਰਸਾ ਵਿਸਾਰਨ ਵਾਲਿਆਂ ਦਾ ਉਹ ਹੀ ਹਾਲ ਹੁੰਦਾ ਹੈ ਜੋ ਅੱਜ
ਪੰਜਾਬੀਆਂ ਦਾ ਹੈ। ਆਪਣੇ ਵਲੋਂ ਆਰਥਿਕ ਪੱਖੋਂ ਅਮੀਰ ਬਣਨ ਦੇ ਹਾਬੜਪੁਣੇ
ਨੇ ਆਪਣੇ ਸਿਆਣੇ ਸੂਝਵਾਨਾਂ ਦੀਆਂ ਗੱਲਾਂ ਨੂੰ ਲੜ ਹੀ ਨਹੀਂ ਬੰਨਿਆਂ, ਅਮਲ
ਤਾਂ ਉਨ੍ਹਾਂ 'ਤੇ ਤਦ ਹੀ ਹੋਣਾ ਸੀ ਜੇ ਉਹ ਲੜ ਬੰਨ੍ਹੀਆਂ ਹੁੰਦੀਆਂ। ਇਕ
ਹੋਰ "ਧਿਰ" ਵੱਲ ਵੀ ਧਿਆਨ ਦੇਣ ਦੀ ਲੋੜ ਹੈ, ਕਾਫੀ ਸਾਰੇ ਆਪਣੇ ਆਪ ਨੂੰ
ਬੁੱਧੀਮਾਨ ਕਹਾਉਣ ਤੇ ਜ਼ਮੀਰਾਂ ਵੇਚਣ ਵਾਲਿਆਂ ਦਾ ਇਹ ਟੋਲਾ ਵੀ ਆਪਣੇ
ਲੋਕਾਂ ਅੰਦਰ ਸਾਹਿਤ ਪ੍ਰਤੀ ਮੋਹ ਭੰਗ ਕਰਨ ਦਾ ਦੋਸ਼ੀ ਹੈ। ਸਾਹਿਤ ਅਸੀਂ ਦੋ ਤਰ੍ਹਾਂ ਪੜ੍ਹਦੇ ਹਾਂ; ਇਕ ਤਾਂ ਹੈ ਸਕੂਲਾਂ, ਕਾਲਜਾਂ,
ਯੂਨੀਵਰਸਿਟੀਆਂ ਦੇ ਪਾਠਕ੍ਰਮਾਂ ਵਿੱਚ ਲੱਗੀਆਂ ਕਿਤਾਬਾਂ ਜੋ ਕਿਸੇ ਵੀ
ਕਿਸਮ ਦੀ ਕੋਈ ਡਿਗਰੀ ਕਰਨ ਵਾਸਤੇ ਪੜ੍ਹਨੀਆਂ ਜ਼ਰੂਰੀ ਹੁੰਦੀਆਂ ਹਨ। ਪਰ
ਇਨ੍ਹਾਂ ਕਿਤਾਬਾਂ ਦਾ ਆਪਣਾ ਇਕ ਦਾਇਰਾ ਹੁੰਦਾ ਹੈ ਜਿਸ ਤੋਂ ਬਾਹਰ ਜਾਣ ਦੀ
ਕਿਸੇ ਨੂੰ ਆਗਿਆ ਨਹੀਂ ਹੁੰਦੀ। ਇਨ੍ਹਾਂ ਕਿਤਾਬਾਂ ਦੀ ਸੇਧ ਪਾਠਕ੍ਰਮ
ਮਿੱਥਣ ਵਾਲਿਆਂ ਦੀ ਮੰਨਸ਼ਾਂ ਜਾਂ ਰਾਜ ਸੱਤਾ 'ਤੇ ਕਾਬਜ ਜਮਾਤ ਦੀ ਰਾਜਸੀ
ਮਰਜ਼ੀ ਦੇ ਵਿਰੋਧ ਵਿੱਚ ਨਹੀਂ ਜਾ ਸਕਦੀ । ਦੂਸਰੀ ਕਿਸਮ ਦਾ ਉਹ ਸਾਹਿਤ ਹੈ
ਜੋ ਅਸੀਂ ਆਪਣੇ ਗਿਆਨ, ਸੂਝ ਤੇ ਅਕਲ ਦੇ ਦਾਇਰੇ ਨੂੰ ਵਿਸ਼ਾਲ ਕਰਕੇ
ਦੁਨੀਆਂ ਦੇ ਪੱਧਰ ਤੱਕ ਵਧਾਉਣ ਖਾਤਰ ਪੜ੍ਹਦੇ ਹਾਂ। ਇਨ੍ਹਾਂ ਦੋਹਾਂ
ਕਿਸਮਾਂ ਦੇ ਸਾਹਿਤ ਨੂੰ ਪੜ੍ਹਦਿਆਂ ਬਹੁਤ ਸਾਰਾ ਅੰਤਰ ਜਾਂ ਫਰਕ ਵੀ ਨਜ਼ਰ
ਆਉਂਦਾ ਹੈ।
ਪਾਠਕ੍ਰਮਾਂ ਵਾਲਾ ਸਾਹਿਤ ਵਗਦੀ ਨਹਿਰ ਦੇ ਦੋ ਕਿਨਾਰਿਆਂ ਵਿੱਚ
ਸਿਮਟਿਆ ਹੁੰਦਾ ਹੈ ਜਦੋਂ ਕਿ ਦੂਜੀ ਕਿਸਮ ਦਾ ਸਾਹਿਤ ਸਮੁੰਦਰ ਤੇ ਅਸਮਾਨ
ਵਾਂਗ ਵਿਸ਼ਾਲ ਹੁੰਦਾ ਹੈ, ਬਿਨਾ ਕਿਨਾਰਿਆਂ ਅਤੇ ਬਿਨਾਂ ਦਿਸਹੱਦਿਆਂ ਤੋਂ,
ਪੂਰੀ ਦੁਨੀਆਂ ਦੇ ਮਸਲਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੋਇਆ। ਤਾਂ ਹੀ
ਤਾਂ ਅਸੀਂ ਦੁਨੀਆਂ ਦੇ ਜਾਣਕਾਰ ਹੁੰਦੇ ਹਾਂ। ਨਹੀਂ ਤਾਂ ਸਾਨੂੰ ਕੀ ਪਤਾ
ਲਗਦਾ ਕਿ ਕੌਣ ਹੋਇਆ ਸ਼ੈਕਸਪੀਅਰ, ਕੌਣ ਹੈ ਬਰਨਾਰਡ ਸ਼ਾਹ ਤੇ ਜੌਹਨ ਕੀਟਸ,
ਕੌਣ ਹੈ ਤਾਲਸਤਾਏ ਤੇ ਕੌਣ ਹੋਇਆ ਮੈਕਸਿਮ ਗੋਰਕੀ, ਚੈਖਵ, ਸ਼ੋਲੋਖੋਵ,
ਦਾਸਤੋਵਸਕੀ, ਕੌਣ ਹੈ ਥਾਮਸਮਨ, ਕਿਵੇਂ ਪਤਾ ਲਗਦਾ ਕੌਣ ਹੋਇਆ "ਰੂਟਸ ਲਿਖਣ
ਵਾਲਾ ਐਲੇਕਸ ਹੇਲੀ, ਤਕਰੀਬਨ ਹਰ ਪੰਜਾਬੀ ਵਲੋਂ ਪੜ੍ਹੀ ਕਿਤਾਬ
"ਮੇਰਾ ਦਾਗਿਸਤਾਨ" ਦਾ ਲੇਖਕ ਰਸੂ਼ਲ ਹਮਜਾਤੋਵ, ਕੌਣ ਹੈ, 'ਅਸਲੀ
ਇਨਸਾਨ' ਦੀ ਕਹਾਣੀ ਲਿਖਣ ਵਾਲਾ ਬੋਰਿਸ ਪੋਲੇਬੋਈ, ਸ਼ੋਲੋਖੋਵ, ਪਾਸਤਰਨਾਕ,
ਜਾਂ ਫੇਰ ਦਾਂਤੇ ਕੌਣ ਹੈ, ਯਾਂ ਪਾਲ ਸਾਰਤਰ, ਕੌਣ ਹੈ ਰੂਸੋ ਤੇ
ਐਲਬਰਟ ਕਾਮੂ, ਕੌਣ ਹੋਈ ਸੀਮੋਨ ਦੀ ਬਓਵਾਰ ਜੀਹਨੇ "ਦਿ ਸੈਕੰਡ ਸੈਕਸ“
ਕਿਤਾਬ ਲਿਖੀ ਜਿਸਨੂੰ 'ਨਾਰੀਵਾਦ ਦੀ ਬਾਈਬਲ' ਕਿਹਾ ਜਾਂਦਾ ਹੈ , ਕੌਣ ਹੈ
ਨਾਦੀਨ ਗਾਰਡੀਮਰ , ਡੋਰਿਸ ਲੈਸਿੰਗ ਤੇ ਟੋਨੀ ਮਾਰੀਸਨ , ਕੌਣ ਹੋਇਆ ਸੱਚ
ਖਾਤਰ ਜ਼ਹਿਰ ਪੀਣ ਵਾਲਾ ਸੁਕਰਾਤ। ਤੁਰਕੀ ਵਾਲੇ ਨਾਜ਼ਿਮ ਹਿਕਮਤ,
ਨੂੰ ਕੌਣ ਨਹੀਂ ਜਾਣਦਾ ? ਜਰਮਨੀ ਵਿੱਚ ਵਸਦੇ ਹੋਏ ਕਿੰਨੇ ਕੁ ਸਾਡੇ ਲੋਕ
ਹਨ ਜੋ ਬ੍ਰਤੋਲਤ ਬ੍ਰੈਖਤ, ਮਾਟਿਨ ਨੀਮੋਇਲਰਸ ਅਤੇ ਨੋਬਲ ਇਨਾਮ ਜੇਤੂ
ਹਾਈਨਰਿਖ ਬੋਲ, ਗੁੰਟਰ ਗਰਾਸ ਵਰਗਿਆਂ ਦੇ ਨਾਵਾਂ ਨੂੰ ਜਾਣਦੇ ਹਨ? ਇਸੇ
ਤਰ੍ਹ ਬਹੁਤ ਸਾਰੇ ਹੋਰ ਲੇਖਕ ਹਨ ਜਿਨ੍ਹਾਂ ਦੇ ਨਾਂ ਗਿਣਾਏ ਜਾ ਸਕਦੇ ਹਨ।
ਜਦੋਂ ਅਸੀਂ ਆਪਣੀ ਬੋਲੀ ਦੇ ਲੇਖਕਾਂ
ਦੀ ਗੱਲ ਕਰਦੇ ਹਾਂ ਬਾਬਾ ਫਰੀਦ ਤੋਂ ਲੈ ਕੇ ਬੁਲੇ ਸ਼ਾਹ, ਸ਼ਾਹ ਹੁਸੈਨ,
ਸੁਲਤਾਨ ਬਾਹੂ, ਵਾਰਿਸ ਸ਼ਾਹ, ਦਮੋਦਰ ਹੋਰ ਬਹੁਤ ਸਾਰੇ ਜੇ ਪਿਛਲੇ
ਸਮੇਂ ਦੀ ਗੱਲ ਕਰੀਏ ਤਾਂ ਜਾਣੀਏਂ ਕਿ ਕਿਵੇਂ ਸਾਡੀ ਬੋਲੀ ਤੇ ਭਾਸ਼ਾ ਦੀ
ਸੇਵਾ ਕਰਨ ਵਾਲੇ ਪੰਜਾਬੀ ਸੱਭਿਆਚਾਰ ਬਾਰੇ ਬਹੁਤ ਹੀ ਮੁਲਵਾਨ ਕਿਤਾਬ
‘ਮੇਰਾ ਪਿੰਡ’ ਲਿਖਣ ਵਾਲੇ ਗਿਆਨੀ ਗੁਰਦਿੱਤ ਸਿੰਘ, ਪੋ. ਗੁਰਮੁੱਖ ਸਿੰਘ,
ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ , ਪੋ: ਪ੍ਰੀਤਮ ਸਿੰਘ, ਸੰਤ ਸਿੰਘ
ਸੇਖੋਂ, ਦਵਿੰਦਰ ਸਤਿਆਰਥ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ
ਧੀਰ, ਅਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਨੰਦ ਲਾਲ ਨੂਰਪੁਰੀ, ਧਨੀ ਰਾਮ
ਚਾਤ੍ਰਿਕ, ਸ਼ਿਵ ਕੁਮਾਰ ਤੋਂ ਅੱਜ ਦੇ ਕਵੀ ਸੁਰਜੀਤ ਪਾਤਰ ਹੋਵੇ ਜਾਂ
ਗਜ਼ਲਗੋ ਜਸਵਿੰਦਰ ਤੇ ਬਹੁਤ ਸਾਰੇ ਹੋਰ ਹਨ ਜਿਨ੍ਹਾਂ ਦੇ ਨਾਮ ਗਿਣੇ ਜਾ
ਸਕਦੇ ਹਨ। ਪੰਜਾਬ /ਭਾਰਤ ਤੋਂ ਬਾਹਰ ਵੀ ਵਸਦੇ ਪੰਜਾਬੀ ਲੇਖਕਾਂ ਵਲੋਂ ਵੀ
ਹਰ ਵਿਧਾ ਅੰਦਰ ਬਹੁਤ ਮੁੱਲਵਾਨ ਪੰਜਾਬੀ ਸਾਹਿਤ ਦੀ ਸਿਰਜਣਾ ਕੀਤੀ ਜਾ ਰਹੀ
ਹੈ। ਇਨ੍ਹਾ ਸਾਰਿਆਂ ਨੇ
ਸਾਨੂੰ ਸਾਹਿਤ ਦੇ ਲੜ ਲਾ ਕੇ ਵਧੀਆ ਇਨਸਾਨ ਬਨਾਉਣ ਦਾ ਜਤਨ ਕੀਤਾ। ਹੁਣ
ਤਾਂ ਫਰਜ਼ ਸਾਡਾ ਹੈ ਕਿ ਅਸੀਂ ਆਪਣੇ ਵਡੇਰਿਆ ਦਾ ਕਹਿਣਾ ਮੰਨ ਕੇ ਨਰੋਈਆ
ਸਾਹਿਤਕ, ਸੱਭਿਆਚਾਰਕ ਤੇ ਭਾਈਚਾਰਕ ਕਦਰਾਂ-ਕੀਮਤਾਂ ਦੇ ਲੜ ਲੱਗੀਏ। ਸਾਹਿਤ,
ਸਮਾਜ ਦਾ ਸ਼ੀਸ਼ਾ ਹੀ ਨਹੀਂ ਹੁੰਦਾ ਸਗੋਂ ਸਮਾਜ ਨੂੰ ਸੇਧ ਦੇਣ ਵਾਲਾ,
ਅਗਵਾਈ ਕਰਨ ਵਾਲਾ ਰਾਹ ਵੀ ਹੁੰਦਾ ਹੈ। ਇਹ ਰਾਹ ਤਾਂ ਤਦ ਹੀ ਪੱਲੇ ਪੈਂਦਾ
ਹੈ ਜੇ ਅਸੀਂ ਕਿਤਾਬਾਂ ਦੀ ਕਦਰ ਕਰੀਏ ਅਸੀਂ ਕਿਤਾਬਾਂ ਦੇ ਲੜ ਲੱਗੀਏ,
ਆਪਣੇ ਆਪ ਨੂੰ ਕਿਤਾਬਾਂ ਦੇ ਲੜ ਲਾਈਏ। ਜਿਨ੍ਹਾਂ ਬਾਹਰਲੇ ਮੁਲਕਾਂ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਕਿਤਾਬਾਂ ਦਾ
ਬਹੁਤ ਮਹੱਤਵ ਹੈ। ਤੁਹਾਨੂੰ ਕੋਈ ਘਰ ਅਜਿਹਾ ਨਹੀਂ ਮਿਲੇਗਾ ਜਿੱਥੇ
ਕਿਤਾਬਾਂ ਦੀਆਂ ਭਰੀਆਂ ਸ਼ੈਲਫਾਂ ਨਾ ਹੋਣ, ਇੱਥੋਂ ਤੱਕ ਕਿ ਖਾਣ–ਪਕਾਣ ਲਈ
ਕੰਮ ਆਉਂਦਾ ਰਸੋਈ ਨਾਲ ਸਬੰਧਤ ਸਾਹਿਤ ਦੀਆਂ ਕਿੰਨੀਆਂ ਸਾਰੀਆਂ ਕਿਤਾਬਾਂ
ਹਰ ਘਰ ਵਿੱਚ ਪਈਆਂ ਦੇਖ ਸਕਦੇ ਹੋ। ਇਹ ਚੰਗੀ ਆਦਤ ਸਾਡੀਆਂ ਬੀਬੀਆਂ ਵੀ ਪਾ
ਰਹੀਆਂ ਹਨ ਕਿ ਉਹ ਵੀ ਇਸੇ ਰਾਹੇ ਹੀ ਕਿਤਾਬ ਵਾਲੇ ਸੱਭਿਆਚਾਰ (ਕਲਚਰ) ਨਾਲ
ਜੁੜਨ ਦੇ ਆਹਰ 'ਚ ਹਨ। ਇਵੇਂ ਹੀ ਬੱਚਿਆਂ ਦੇ ਜਨਮ ਦਿਨ ਮਨਾਉਂਦਿਆਂ ਬੱਚੇ
ਨੂੰ ਹੋਰ ਜੋ ਮਰਜ਼ੀ ਤੋਹਫਾ ਦਿਉ ਪਰ ਉਨ੍ਹਾਂ ਦੀ ਉਮਰ ਮੁਤਾਬਕ ਪੜ੍ਹਨ ਯੋਗ
ਚੰਗੀ ਕਿਤਾਬ ਵੀ ਜਰੂਰ ਲੈ ਕੇ ਦਿਉ , ਜੇ ਕਿਸੇ ਨੂੰ ਨਾ ਪਤਾ ਹੋਵੇ ਕਿ
ਬੱਚੇ ਵਾਸਤੇ ਕਿਹੜੀ ਕਿਤਾਬ ਖਰੀਦੀ ਜਾਵੇ ਤਾਂ ਕਿਤਾਬਾਂ ਦੀ ਦੁਕਾਨ ਵਾਲੇ
ਖੁਸ਼ੀ ਨਾਲ ਇਸ ਵਿੱਚ ਤੁਹਾਡੀ ਮੱਦਦ ਕਰਦੇ ਹਨ, ਬੱਚੇ ਦੀ ਉਮਰ ਤੇ ਸ਼ੌਕ
ਬਗੈਰਾ ਪੁੱਛ ਕੇ ਉਹ ਤੁਹਾਨੂੰ ਖਰੀਦੀ ਜਾਣ ਵਾਲੀ ਕਿਤਾਬ ਬਾਰੇ ਸੁਝਾਅ
ਦਿੰਦੇ ਹਨ। ਇਸ ਵਾਸਤੇ ਕਿਤਾਬਾਂ ਦੀ ਦੁਕਾਨ ਤੱਕ ਪਹੁੰਚਣਾ ਪਵੇਗਾ। ਹੁਣ
ਵੇਲਾ ਹੈ ਆਪਣੇ ਇੱਥੇ ਵਸਦੇ ਸਮਾਜ ਨੂੰ ਕਿਤਾਬਾਂ ਰਾਹੀਂ ਸ਼ਬਦਾਂ ਦਾ
ਤੋਹਫਾ ਤੇ ਪ੍ਰਸ਼ਾਦ ਵੀ ਦੇਈਏ। ਇਸ ਪ੍ਰਸ਼ਾਦ ਤੋਂ ਬਿਨਾਂ ਸਾਡੀ ਜ਼ਿੰਦਗੀ
ਅਧੂਰੀ ਰਹੇਗੀ, ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦੀ। ਸਾਡੀ
ਆਉਣ ਵਾਲੀ ਪੀੜ੍ਹੀ ਦੇ ਬੱਚੇ ਇਸ ਸੂਚਨਾ ਤੇ ਤਕਨੀਕ (ਇਨਫਾਰਮੇਸ਼ਨ ਐਂਡ
ਟੈਕਨੌਲੋਜੀ) ਦੇ ਦੌਰ ਵਿਚ ਕਿਉਂ ਸਮੇਂ ਤੋਂ ਪਿੱਛੇ ਰਹਿਣ? ਇਸ ਬਾਰੇ
ਮਾਪਿਆਂ ਨੂੰ ਸੁਚੇਤ ਹੋਣਾ ਪਵੇਗਾ ਕਿ ਜਦੋਂ ਘਰਾਂ ਵਿੱਚ ਹਰ ਸੁੱਖ ਸਹੂਲਤ
ਦਾ ਸਮਾਨ ਪਿਆ ਹੈ ਤਾਂ ਗਿਆਨ ਦੇ ਭੰਡਾਰ ਕਿਤਾਬਾਂ ਕਿਉਂ ਨਾ ਹੋਣ ? ਸਿਰਫ
ਸਕੂਲੀ ਪਾਠਕ੍ਰਮਾਂ ਦੀਆਂ ਕਿਤਾਬਾਂ ਹੀ ਨਾ ਹੋਣ ਸਗੋਂ ਬੱਚਿਆਂ ਨੂੰ
ਉਨ੍ਹਾਂ ਦੇ ਪਸੰਦ ਦੀਆਂ ਸਾਹਿਤ, ਵਿਗਿਆਨ, ਇਤਿਹਾਸ, ਧਰਮ, ਸੱਭਿਆਚਾਰ,
ਬੋਲੀ-ਭਾਸ਼ਾ, ਤਕਨੀਕ ਅਤੇ ਹੋਰ ਵਿਸ਼ਿਆਂ ਨਾਲ ਸਬੰਧ ਰੱਖਦੀਆ ਕਿਤਾਬਾਂ ਵੀ
ਲੈ ਕੇ ਦਿੱਤੀਆਂ ਜਾਣ। ਵਿਗਿਆਨ ਦਾ ਯੁੱਗ ਹੈ ਤਾਂ ਬੱਚਿਆਂ ਨੂੰ ਵਿਗਿਆਨਕ
ਸੂਝ ਅਤੇ ਤਰਕਸ਼ੀਲ ਵਿਚਾਰਾਂ ਦੇ ਬਨਾਉਣ ਦਾ ਜਤਨ ਕੀਤਾ ਜਾਵੇ, ਕਿ ਉਹ
ਵੱਖੋ ਵੱਖ ਵਿਚਾਰਾਂ ਤੇ ਵਸਤਾਂ ਨੂੰ ਪਰਖਦਿਆਂ ਦਲੀਲ ਸਹਿਤ ਗੱਲ ਕਰਨ ਪਰ
ਇਹ ਤਦ ਹੀ ਹੋਣਾ ਹੈ ਜੇ ਅਸੀਂ ਉਨ੍ਹਾਂ ਨੂੰ ਤਰਕਸ਼ੀਲ, ਵਿਗਿਆਨਕ ਸਾਹਿਤ
ਪੜ੍ਹਨ ਲਈ ਪ੍ਰੇਰਾਂਗੇ ਜਾਂ ਲੈ ਕੇ ਦੇਵਾਂਗੇ। ਤਰਕਸ਼ੀਲ ਸਾਹਿਤ ਮਨੁੱਖ
ਦੀਆਂ ਅੱਖਾਂ ਤੇ ਦਿਮਾਗ ਦੇ ਬੂਹੇ ਬਾਰੀਆਂ ਖੋਲ੍ਹ ਕੇ ਉਸ ਨੂੰ ਹਨੇਰੇ ਤੋਂ
ਚਾਨਣ ਵਿਚ ਪਹੁੰਚਾ ਦਿੰਦਾ ਹੈ। ਯੁੱਗ ਡਿਜਿਟਲ ਹੋ ਰਿਹਾ ਹੈ ਇਸ ਗੱਲ ਦਾ
ਖਿਆਲ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚੇ ਇਸ ਤੋਂ ਪਛੜ ਨਾ
ਜਾਣ। ਬੱਚੇ ਸਾਡਾ ਆਉਣ ਵਾਲਾ
ਕੱਲ੍ਹ ਹਨ, ਆਪਣਾ ਭਵਿੱਖ ਉਜਲਾ ਦੇਖਣ ਦੇ ਚਾਹਵਾਨਾਂ ਨੂੰ ਇਹ ਕੁੱਝ ਕਰਨਾ
ਹੀ ਪਵੇਗਾ। ਧੱਕੇ ਨਾਲ ਆਪਣੇ ਵਿਚਾਰ ਬੱਚਿਆਂ 'ਤੇ ਲੱਦਣ ਦੀ ਥਾਂ, ਸੌਖੇ
ਰਹਿਣਾ ਹੈ ਤਾਂ ਬਿਨਾਂ ਗਿਆਨ ਤੋਂ "ਗਿਆਨਵਾਨ" ਹੋਣ ਦਾ
ਪਾਲਿਆ ਭਰਮ ਅਤੇ ਆਪਣੀ ਝੂਠੀ ਹਓਮੈਂ ਤਿਆਗ, ਬੱਚਿਆਂ ਵਰਗੇ ਹੋ ਕੇ ਉਨ੍ਹਾਂ
ਤੋਂ ਕੁੱਝ ਸਿੱਖਣ ਦਾ ਜਤਨ ਵੀ ਕਰੀਏ ।
|