|
ਗੁਰਪ੍ਰੀਤ ਕੌਰ ਧਾਲੀਵਾਲ |
ਸਾਹਿਤਕ-ਖੇਤਰ ਦਾ ਜਾਣਿਆ-ਪਛਾਣਿਆ ਹਸਤਾਖਰ ਗੁਰਪ੍ਰੀਤ ਕੌਰ ਧਾਲੀਵਾਲ
ਆਪਣੇ ਸਾਹਿਤਕ-ਸਫਰ ਬਾਰੇ ਗੱਲ ਕਰਦਿਆ ਦੱਸਦੀ ਹੈ ਕਿ ਲਿਖਣਾ ਉਸ ਨੇ ਦਸਵੀਂ
ਕਲਾਸ ਵਿੱਚ ਗਿਆਨੀ ਗੁਰਬਖਸ਼ ਸਿੰਘ ਦੀ ਪ੍ਰਰੇਨਾ ਸਦਕਾ ਸ਼ੁਰੂ ਕਰ ਲਿਆ ਸੀ।
ਉਸ ਦੀਆਂ ਰਚਨਾਵਾਂ ਹੁਣ ਤੱਕ 'ਸੂਲ ਸੁਰਾਹੀ' 'ਲੋਕ ਰੰਗ', 'ਸਤਰੰਗੀ',
'ਰੂਪਾਂਤਰ' ਅਤੇ 'ਕਾਵਿ-ਸਾਸ਼ਤਰ' ਆਦਿ ਬਹੁਤ ਸਾਰੇ ਪੰਜਾਬੀ ਦੇ ਮੈਗਜੀਨਾਂ
ਵਿੱਚ ਲਗਾਤਾਰ ਛਪਦੀਆਂ ਆ ਰਹੀਆਂ ਹਨ।
ਗੁਰਪ੍ਰੀਤ ਦਾ ਕਹਿਣਾ ਹੈ ਕਿ ਇਸ ਸਫਰ ਨੂੰ ਮੁਕਾਮ ਉਦੋਂ ਹਾਸਲ ਹੋਇਆ
ਜਦੋਂ ਉਸ ਦਾ ਪਹਿਲਾ ਕਾਵਿ-ਸੰਗ੍ਰਹਿ 'ਮੋਹ ਦੀਆਂ ਤੰਦਾਂ' (2007 ਵਿੱਚ)
ਪ੍ਰਕਾਸ਼ਿਤ ਹੋਇਆ, ਜੋ 'ਸਿਲਾਲੇਖ ਪ੍ਰਕਾਸ਼ਨ ਦਿੱਲੀ' ਵੱਲੋਂ ਸ੍ਰੀ ਸਤੀਸ਼
ਕੁਮਾਰ ਵਰਮਾ ਜੀ ਨੇ ਛਪਵਾਇਆ ਸੀ। ਉਸ ਤੋਂ ਬਾਅਦ ਦੂਜਾ ਕਾਵਿ-ਸੰਗ੍ਰਹਿ
'ਸਿੱਲ੍ਹੀਆਂ ਹਵਾਵਾਂ' (2008), ਤੀਜਾ ਕਾਵਿ-ਸੰਗ੍ਰਹਿ, 'ਪਰ ਕਟੀ ਪਰਵਾਜ'
(2013) ਮਾਰਕੀਟ ਵਿਚ ਆਇਆ। ਇਸ ਤੋਂ ਬਾਅਦ ਵਾਰਤਿਕ ਵਿੱਚ ਆਗਮਨ ਕਰਦਿਆ,
'ਨਜਰ ਤੇਰੀ ਨਜਰੀਆ' ਲੇਖ-ਸੰਗ੍ਰਹਿ (2015) ਨੂੰ ਪੁਸਤਕ ਦਾ ਰੂਪ ਦਿੱਤਾ।
ਇਨ੍ਹਾਂ ਕਿਤਾਬਾਂ ਨੂੰ ਮਿਲੀ ਪ੍ਰਸ਼ੰਸਾ ਅਤੇ ਹੁੰਗਾਰੇ ਤੋਂ ਉਤਸ਼ਾਹਿਤ ਹੋ
ਕੇ ਹੁਣ ਉਹ ਆਪਣੇ ਅਗਲੇ ਲੇਖ-ਸੰਗ੍ਰਹਿ ਨੂੰ ਅੰਤਿਮ ਛੋਹਾਂ ਦੇਣ ਵਿੱਚ
ਜੁਟੀ ਹੋਈ ਹੈ।
ਇਹਨਾਂ ਨਿੱਜੀ ਪੁਸਤਕਾਂ ਤੋਂ ਇਲਾਵਾ ਉਸ ਨੇ ਕੁਝ ਸਾਂਝੀਆਂ
ਪ੍ਰਕਾਸ਼ਨਾਵਾਂ ਵਿੱਚ ਵੀ ਆਪਣੀ ਵਧੀਆ ਹਾਜਰੀ ਲਗਵਾਈ ਹੈ। ਜਿਨ੍ਹਾਂ ਵਿਚੋਂ
'ਪੰਜਾਬੀ ਸੱਥ ਲਾਂਬੜਾ' ਵੱਲੋਂ ਪ੍ਰਕਾਸ਼ਿਤ ਪੁਸਤਕਾਂ, 'ਬਾਰ ਪਰਾਏ ਬੈਸਣਾ'
ਅਤੇ 'ਮਾਪੇ ਹੁੰਦੇ ਬੋਹੜ ਦੀਆਂ ਛਾਵਾਂ' ਤੋਂ ਇਲਾਵਾ ਸਾਹਿਤਕ ਖੇਤਰ ਦੀ
ਨਾਮਵਰ ਸ਼ਖਸ਼ੀਅਤ ਸ੍ਰੀ ਭਗਤ ਰਾਮ ਰੰਗਾੜਾ ਜੀ ਦੁਆਰਾ ਸੰਪਾਦਿਤ ਪੁਸਤਕ
'ਅਨਮੋਲ ਬਚਪਨ' ਆਦਿ ਵਿਸ਼ੇਸ਼ ਜਿਕਰ ਯੋਗ ਹਨ। ਜਦ ਕਿ ਹੁਣ ਸ਼੍ਰੋਮਣੀ ਪੰਜਾਬੀ
ਲਿਖਾਰੀ ਸਭਾ ਪੰਜਾਬ (ਰਜਿ.) ਦੇ ਸਾਂਝੇ ਕਾਵਿ-ਸੰਗ੍ਰਹਿ ਵਿਚ ਉਹ ਛਪਾਈ
ਅਧੀਨ ਹੈ।
ਜਿਲ੍ਹਾ ਸੰਗਰੂਰ ਦੇ ਪਿੰਡ ਕੰਗਣਵਾਲ ਦੇ ਵਸਨੀਕ ਸ੍ਰ. ਦਰਸ਼ਨ ਸਿੰਘ ਅਤੇ
ਸ੍ਰੀਮਤੀ ਹਰਬੰਸ ਕੌਰ ਦੀ ਜੇਠੀ ਧੀ ਗੁਰਪ੍ਰੀਤ ਨੂੰ ਪਹਿਲੀ 'ਚ ਪੜ੍ਹਨੇ
ਪਾਉਣ ਵੇਲੇ ਧੀ ਦੀ ਜਨਮ ਤਰੀਕ ਬਾਰੇ ਉਸ ਦੀ ਭੋਲੀ ਮਾਂ ਦਾ ਅਧਿਆਪਕਾ ਨੂੰ
ਕਹਿਣ ਸੀ ਕਿ ਦੋ ਕੁ ਅੱਸੂ ਰਹਿੰਦਾ ਸੀ, ਗੁਰਪ੍ਰੀਤ ਦੇ ਜਨਮ ਵਕਤ। ਇਸ
ਤਰਾਂ ਅਧਿਆਪਕਾਂ ਦੁਆਰਾ ਦਰਜ, ਮਿਤੀ 01 ਜੁਲਾਈ 1975 ਨੂੰ ਹੀ ਆਪਣੀ ਜਨਮ
ਤਰੀਕ ਦੱਸਦੀ ਹੈ, ਗੁਰਪ੍ਰੀਤ।
ਗੁਰਪ੍ਰੀਤ ਕੌਰ ਧਾਲੀਵਾਲ ਦੀ ਜਿੱਥੋ ਤੱਕ ਵਿੱਦਿਅਕ ਯੋਗਤਾ ਦੀ ਗੱਲ
ਹੈ, ਬਹੁਤ ਹੀ ਸੰਘਰਸ਼ ਭਰੀ ਅਤੇ ਦਿਲਚਸਪ ਗੱਲ ਹੈ। ਧਾਲੀਵਾਲ ਇਸ ਸਮੇਂ
ਟਰਿਪਲ ਐਮ. ਏ. (ਪੰਜਾਬੀ, ਹਿੰਦੀ, ਅੰਗਰੇਜੀ) ਦੇ ਨਾਲ-ਨਾਲ ਐਮ.-ਐਡੱ.
ਪਾਸ ਹੈ। ਇਸ ਤੋਂ ਇਲਾਵਾ ਉਹ ਡਿਪਲੋਮਾ-ਇਨ-ਟ੍ਰਰਾਂਸਲੇਸ਼ਨ ਵੀ ਕਰ ਚੁੱਕੀ
ਹੈ। ਪਰ, ਆਪਣੀ ਬਕਾਇਦਾ ਰੈਗੂਲਰ ਪੜ੍ਹਾਈ ਉਸ ਨੇ 10+2 ਤੱਕ ਦੀ ਹੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਗਣਵਾਲ ਤੋਂ ਅਤੇ ਬੀ.-ਐੱਡ. ਮਾਲਵਾ
ਕਾਲਜ ਲੁਧਿਆਣਾ ਤੋਂ ਕੀਤੀ। ਬਾਕੀ ਦੀ ਸਾਰੀ ਪੜ੍ਹਾਈ ਇਕ ਪ੍ਰਾਈਵੇਟ ਜਾਂ
ਪੱਤਰ-ਵਿਹਾਰ ਦੇ ਵਿਦਿਆਰਥੀ ਵਜੋਂ (ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ)
ਹੀ ਉਸ ਨੇ ਹਾਸਲ ਕੀਤੀ। ਉਹ ਅਜੇ ਵੀ ਹੋਰ ਪੜ੍ਹਨ ਦੀ ਤਮੰਨਾ ਰੱਖਦੀ ਹੈ।
ਪਰਿਵਾਰ ਦੇ ਯੋਗਦਾਨ ਬਾਰੇ ਉਸ ਦਾ ਕਹਿਣਾ ਹੈ ਕਿ ਉਹ ਬਹੁਤ ਹੀ
ਖੁਸ਼ਕਿਸਮਤ ਹੈ ਕਿ ਜੋ ਕਮੀ ਪੇਕੇ ਰਹਿ ਗਈ ਸੀ, ਉਹ ਸੁਹਰੇ ਆ ਕੇ ਹੁਣ ਪੂਰੀ
ਹੋ ਗਈ। ਮਾਂ-ਬਾਪ ਨਾਲੋ ਵੱਧ ਪਿਆਰ ਕਰਨ ਵਾਲੇ ਸੱਸ-ਸੁਹਰਾ ਅਤੇ ਭੈਣਾਂ
ਨਾਲੋ ਜਿਆਦਾ ਮੋਹ ਕਰਨ ਵਾਲੀ ਉਸ ਨੂੰ ਨਣਦ ਮਿਲੀ। ਪਤੀ ਦੇਵ, ਸ੍ਰ.
ਕੁਲਦੀਪ ਸਿੰਘ ਅਤੇ ਬੇਟਾ ਜਸ਼ਨਦੀਪ ਪੰਧੇਰ ਉਸ ਦੇ ਪੜ੍ਹਨ ਅਤੇ ਲਿਖਣ ਦੇ ਇਸ
ਸ਼ੌਕ ਵਿੱਚ ਸਹਾਇਤਾ ਵੀ ਕਰਦੇ ਹਨ: ਹੌਸਲਾ ਵੀ ਦਿੰਦੇ ਹਨ ਅਤੇ ਅਲੋਚਨਾ ਵੀ
ਕਰਦੇ ਹਨ: ਜੋ ਉਸ ਨੂੰ ਆਪਣੇ ਸੁਪਨੇ ਸਰ ਕਰਨ ਲਈ ਦ੍ਰਿੜਤਾ ਦਿੰਦੀ ਹੈ।
ਸਾਹਿਤ ਸਭਾਵਾਂ ਅਤੇ ਕਵੀ-ਦਰਬਾਰਾਂ ਤੋਂ ਅਜੇ ਥੋੜ੍ਹੀ ਦੂਰੀ ਤੇ ਰਹਿਣ
ਵਾਲੀ ਗੁਰਪ੍ਰੀਤ ਧਾਲੀਵਾਲ ਪਿਛਲੇ ਸਾਲ ਹੀ 'ਸਾਹਿਤ ਅਕਾਡਮੀ ਲੁਧਿਆਣਾ'
ਅਤੇ 'ਗ਼ਜ਼ਲ ਮੰਚ ਫਿਲੋਰ' ਦੀ ਮੈਂਬਰ ਬਣੀ ਹੈ। ਲਿਖਤਾਂ ਦੇ ਵਿਸ਼ੇ ਬਾਰੇ ਉਸ
ਦਾ ਕਹਿਣਾ ਹੈ ਕਿ ਉਸ ਨੇ ਆਪਣੀਆਂ ਲਿਖਤਾਂ ਵਿੱਚ ਨਾਰੀ ਮਨ ਦੀਆਂ
ਸੰਵੇਦਨਾਵਾਂ ਅਤੇ ਪੀੜਾਂ ਨੂੰ ਬਿਆਨ ਕਰਨ ਦੇ ਨਾਲ-ਨਾਲ ਨਾਰੀ ਹੱਕਾਂ ਦੇ
ਹਨਣ ਵਿਰੁੱਧ ਹਮੇਸ਼ਾਂ ਅਵਾਜ ਬੁਲੰਦ ਕੀਤੀ ਹੈ।
ਘਰ ਬੈਠਕੇ ਪੜ੍ਹਨ ਦੇ ਬਾਵਜੂਦ ਉਹ ਅੱਜ ਸਰਕਾਰੀ ਸਕੂਲ ਵਿੱਚ ਅਧਿਆਪਕਾ
ਹੈ। ਜਿਸ ਮੁਕਾਮ ਤੇ ਉਹ ਅੱਜ ਹੈ, ਸਾਹਿਤਕ-ਖੇਤਰ 'ਚਂ ਸ੍ਰੀ ਸਤੀਸ਼ ਕੁਮਾਰ
ਵਰਮਾ ਜੀ, ਜਿਹਨਾਂ ਨੇ ਉਸ ਨੂੰ ਕਿਤਾਬਾਂ ਦੀ ਰਾਹ ਤੇ ਤੋਰਿਆ ਅਤੇ ਸ੍ਰ.
ਮਨੋਹਰ ਸਾਦਿਕ ਜੀ, ਜਿਹਨਾਂ ਨੇ ਮੈਗਜੀਨਾਂ ਨਾਲ ਜਾਣ-ਪਹਿਚਾਣ ਕਰਵਾਈ, ਨੂੰ
ਬੜੇ ਆਦਰ-ਸਤਿਕਾਰ ਨਾਲ ਯਾਦ ਕਰਦੀ ਹੈ। ਅਧਿਆਪਨ ਖੇਤਰ 'ਚਂ ਉਸਦੇ ਆਪਣੇ
ਸਕੂਲ ਦੇ ਬਹੁਤ ਹੀ ਸਹਿਯੋਗੀ ਅਧਿਆਪਕ, ਆਦਰ-ਮਾਣ ਦੇਣ ਵਾਲੇ ਛੋਟੇ-ਵੱਡੇ
ਵੀਰਾਂ ਅਤੇ ਭੈਣਾਂ ਪ੍ਰਤੀ ਆਪਣਾ ਆਭਾਰ ਪ੍ਰਗਟ ਕਰਦਿਆ ਉਹ ਕਹਿੰਦੀ ਹੈ ਕਿ
ਇਹ ਮੇਰੀ ਖੁਸ਼ਨਸੀਬੀ ਰਹੀ ਹੈ ਕਿ ਜ਼ਿੰਦਗੀ ਵਿੱਚ ਜਿੰਨੇ ਵੀ ਬੰਦੇ ਮਿਲੇ,
ਬਹੁਤ ਹੀ ਚੰਗੇ ਮਿਲੇ। ਜਿੱਥੇ ਵੀ ਗਈ, ਬਹੁਤ ਹੀ ਪਿਆਰ-ਸਤਿਕਾਰ ਤੇ
ਪਰਿਵਾਰ ਵਰਗਾ ਮਹੌਲ ਮਿਲਿਆ, ਜਿਸ ਨੇ ਉਸਦੀ ਸ਼ਖਸ਼ੀਅਤ ਨੂੰ ਹਮੇਸ਼ਾ ਖੇੜਾ
ਬਖਸ਼ਿਆ ਅਤੇ ਉਸਾਰੂ ਸੋਚ ਨਾਲ ਨਿਵਾਜਿਆ।
ਸੰਘਰਸ਼, ਲਗਨ ਅਤੇ ਮਿਹਨਤ ਵਿਚੋਂ ਮੰਜਲਾਂ ਪਾਉਣ ਦਾ ਰਾਹ ਲੱਭ ਚੁੱਕੀ,
ਸੰਘਰਸ਼ ਦੀ ਮੂਰਤ, ਸਾਹਿਤ ਅਤੇ ਸਮਾਜ ਲਈ ਰਾਹ-ਦਸੇਰਾ ਬਣੀ ਮੁਟਿਆਰ
ਗੁਰਪ੍ਰੀਤ ਕੌਰ ਧਾਲੀਵਾਲ ਦੀ ਘੋਰ-ਤਪੱਸਿਆ ਨੂੰ ਸਲਾਮ! ਸ਼ਾਲ੍ਹਾ! ਉਸ ਦੀਆਂ
ਪਾਕਿ-ਪਵਿੱਤਰ ਕਲਾਵਾਂ ਦੀ ਧਾਰਾ ਝਰਨੇ ਵਾਂਗ ਵਗਦੀ ਰਵ੍ਹੇ ਅਤੇ ਉਹ
ਜ਼ਿੰਦਗੀ ਦੇ ਹਰ ਖੇਤਰ ਵਿਚ ਹੋਰ ਵੀ ਬੁਲੰਦੀਆਂ ਨੂੰ ਆਪਣੇ ਕਲਾਵੇ ਵਿਚ ਸਮੋ
ਲਵੇ! ਆਮੀਨ!!
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (98764-28641)
|