ਅਜੋਕੇ ਨਾਵਲਕਾਰਾਂ ਦੀ ਗੱਲ ਤੁਰੇ ਤੇ ਸਿ਼ਵਚਰਨ ਜੱਗੀ ਕੁੱਸਾ ਦਾ ਨਾਮ
ਨਾ ਆਵੇ....ਗੱਲ ਅਲੋਕਾਰੀ ਜਿਹੀ ਲੱਗੇਗੀ। ਹਾਥੀ ਵਾਂਗ ਮਸਤ ਚਾਲ ਹੋਇਆ
ਜੱਗੀ ਕੁੱਸਾ 2 ਦਰਜਨ ਦੇ ਲਗਭਗ ਨਾਵਲ, ਕਹਾਣੀ ਸੰਗ੍ਰਹਿ, ਵਿਅੰਗ ਸੰਗ੍ਰਹਿ
ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਕਹਿੰਦੇ ਹਨ ਕਿ ਸਰੀਰਕ ਤੰਦਰੁਸਤੀ ਲਈ
ਕਸਰਤ ਜਰੂਰੀ ਹੁੰਦੀ ਹੈ ਤੇ ਦਿਮਾਗੀ ਤੰਦਰੁਸਤੀ ਲਈ ਪੜ੍ਹਨਾ। ਲਿਖਣ ਕਾਰਜ
ਨੂੰ ਨੇਮ ਬਣਾ ਕੇ ਲਿਖਦਾ ਆ ਰਿਹਾ ਜੱਗੀ ਕੁੱਸਾ ਦਾ ਕੋਈ ਦਿਨ ਹੀ ਹੋਵੇਗਾ
ਜਿਸ ਦਿਨ ਇਹ ਨੇਮ ਭੰਗ ਹੋਇਆ ਹੋਵੇ। ਲਿਖਣ ਕਾਰਜ ਨੂੰ ਰੋਜ਼ਮੱਰਾ ਦੀ
ਜਿੰਦਗੀ ਦਾ ਇੱਕ ਅੰਗ ਬਨਾਉਣ ਦਾ ਹੀ ਨਤੀਜਾ ਹੈ ਕਿ ਜੱਗੀ ਕੁੱਸਾ ਦੇ ਦੋ
ਨਾਵਲ ‘ਪੁਰਜਾ ਪੁਰਜਾ ਕਟਿ ਮਰੈ’ ਤੇ ‘ਸੱਜਰੀ ਪੈੜ ਦਾ ਰੇਤਾ’
ਅੰਗਰੇਜੀ ਵਿੱਚ ਅਨੁਵਾਦ ਹੋ ਕੇ ਵਿਕ ਰਹੇ ਹਨ। ਨੇੜਿਊਂ ਤੱਕਿਆ ਜੱਗੀ
ਕੁੱਸਾ ਠੇਠ ਪੰਜਾਬੀ ਮੁਹਾਵਰਿਆਂ, ਚੁਟਕਲਿਆਂ ਅਤੇ ਪੇਂਡੂ ਜਨਜੀਵਨ ਵਿੱਚ
ਵਾਪਰਦੀਆਂ ਗੱਲਾਂ ਬਾਤਾਂ ਦਾ ਜਿਉਂਦਾ ਜਾਗਦਾ ਸ਼ਬਦਕੋਸ਼ ਪ੍ਰਤੀਤ ਹੋਇਆ
ਹੈ।
ਈਰਖਾ ਤੋਂ ਲੱਖਾਂ ਨਹੀਂ ਸਗੋਂ ਅਰਬਾਂ ਖਰਬਾਂ ਕੋਹਾਂ ਦੂਰ ਜੱਗੀ ਕੁੱਸਾ
ਨਵੇਂ ਲੇਖਕਾਂ ਨੂੰ ਸਖਤ ਮਿਹਨਤ ਨਾਲ ਅੱਗੇ ਆਉਣ ਦੀ ‘ਮੱਤ’ ਦਿੰਦਾ ਅਕਸਰ
ਹੀ ਦੇਖਿਆ ਹੈ। ਜੇ ਉਹ ਨਵਿਆਂ ਨੂੰ ਪਿਆਰਦਾ ਹੈ ਤਾਂ ਪੁਰਾਣਿਆਂ ਨੂੰ
ਸਤਿਕਾਰਨਾ ਵੀ ਪਰਮ ਧਰਮ ਮੰਨਦਾ ਹੈ। ਈਰਖਾ ਵਾਲੇ ਮਾਮਲੇ ‘ਚ ਇਹ ਹੀ ਕਹਿ
ਲਓ ਕਿ ਜੱਗੀ ਕੁੱਸਾ ਦੇ ਸਰੀਰ ‘ਚ ਈਰਖਾ ਕਰਨ ਵਾਲੀ ਨਾੜੀ ਹੀ ਨਹੀਂ ਹੈ।
ਬਿਨਾਂ ਵਜ੍ਹਾ ਆਪਣੇ ਨਾਲ ‘ਮੈਲੀ’ ਅੱਖ ਰੱਖਣ ਵਾਲਿਆਂ ਦਾ ਵੀ ਧੰਨਵਾਦ
ਕਰਦਾ ਨਹੀਂ ਥੱਕਦਾ। ਉਸਦਾ ਕਹਿਣਾ ਹੈ ਕਿ ਜੇ ਉਸਦੇ ਕੰਮਾਂ ਦਾ ‘ਲੇਖਾ
ਜੋਖਾ’ ਰੱਖਣ ਵਾਲੇ ਨਾ ਹੁੰਦੇ ਤਾਂ ਉਸਨੇ ਅੱਗੇ ਨਹੀਂ ਸੀ ਵਧ ਸਕਣਾ। ਉਸਦਾ
ਮੰਨਣਾ ਹੈ ਕਿ ਉਹ ਕਦੇ ਵੀ ਅਮਰਵੇਲ ਬਣਨ ਬਾਰੇ ਨਹੀਂ ਸੋਚਦਾ ਸਗੋਂ ਉਸਦੀ
ਤਮੰਨਾ ਤਾਂ ਛਾਂਦਾਰ ਬ੍ਰਿਖ ਬਣਨ ਦੀ ਹੈ। ਜਿੰਦਗੀ ਦੇ ਅੱਧੇ ਤੋਂ ਜਿਆਦਾ
ਵਰ੍ਹੇ ਵਿਦੇਸ਼ ਦੀ ਧਰਤੀ ‘ਤੇ ਗੁਜਾਰਦਿਆਂ ਵੀ ਜੱਗੀ ਕੁੱਸਾ ਆਪਣੀ ਜਨਮ
ਭੁਮੀ ਨਾਲੋਂ ਟੁੱਟਿਆ ਨਹੀਂ ਹੈ ਸਗੋਂ ਪ੍ਰੇਮ ਹੋਰ ਜਿਆਦਾ ਪੀਢਾ ਹੋਇਆ ਹੈ।
ਉਸਦੀਆਂ ਲਿਖਤਾਂ ਪੜ੍ਹਦਿਆਂ ਜਾਂ ਉਸ ਨਾਲ ਆਹਮੋ ਸਾਹਮਣੇ ਵਾਰਤਾ ਹੁੰਦਿਆਂ
ਇਉਂ ਮਹਿਸੂਸ ਹੁੰਦੈ ਜਿਵੇਂ ਪਿੰਡ ਕੁੱਸਾ ਦੇ ਗੁਰਦੁਆਰੇ ਨੇੜਲੇ ਛੱਪੜ
ਕਿਨਾਰੇ ਬੋਹੜ ਹੇਠਾਂ ਬੈਠੇ ਹੋਈਏ।
ਇੱਕ ਵਾਰ ਜੱਗੀ ਕੁੱਸਾ ਦੇ ਮੂੰਹੋਂ ਸੁਣਿਆ ਸੀ ਕਿ “ਪੁੱਤਰਾ! ਮੈਥੋਂ
ਖਬਰ ਨਹੀਂ ਲਿਖੀ ਜਾਂਦੀ, ਨਾਵਲ ਭਾਵੇਂ ਕੱਲ੍ਹ ਨੂੰ ਤਿਆਰ ਲੈ ਲਵੀਂ।” ਇਸੇ
ਤਰ੍ਹਾਂ ਹੀ ਕਵਿਤਾ ਗ਼ਜ਼ਲ ਦੇ ਤੋਲ ਤੁਕਾਂਤ ਬਾਰੇ ਵੀ ਹਾਸੇ ਮਜਾਕ ‘ਚ
ਕਿਹਾ ਸੀ ਕਿ “ਤੋਲ ਤੁਕਾਂਤ ਜਾਂ ਬਹਿਰ ਤਾਂ ਮੇਰੇ ਸਿਰ ਤੋਂ ਦੀ ਗਿਰਝ
ਵਾਂਗੂੰ ਲੰਘ ਜਾਂਦੇ ਆ।” ਪਰ ਹੁਣ ਉਸੇ ਜੱਗੀ ਕੁੱਸਾ ਦੇ ਲਿਖੇ 5-6 ਅਰਥ
ਭਰਪੂਰ, ਵੱਖ ਵੱਖ ਕੁਰੀਤੀਆਂ ‘ਤੇ ਵਿਅੰਗ ਕਰਦੇ, ਤੋਲ ਤੁਕਾਂਤ ‘ਚ ਪੂਰੇ
ਸੂਰੇ ਗੀਤ ਵੀ ਸੰਗੀਤ ਪ੍ਰੇਮੀਆਂ ਦੀਆਂ ਬਰੂਹਾਂ ‘ਤੇ ਦਸਤਕ ਦੇਣ ਲਈ ਤਿਆਰ
ਹਨ।
ਜੱਗੀ ਕੁੱਸਾ ਦੇ ਪਾਠਕ ਵਰਗ ਨੂੰ ਉਸ ਵੇਲੇ ਹੈਰਾਨੀ ਵੀ ਹੋਈ ਸੀ ਤੇ
ਡਾਹਢਾ ਮਾਣ ਵੀ...ਜਦੋਂ ਜੱਗੀ ਕੁੱਸਾ ਦਾ ਨਾਂ ਪੰਜਾਬੀ ਫਿਲਮ ‘ਸਾਡਾ ਹੱਕ’
ਦੇ ਸੰਵਾਦ (ਡਾਇਲਾਗ) ਲੇਖਕ ਵਜੋਂ ਸਾਹਮਣੇ ਆਇਆ ਸੀ। ਉਸ ਫਿਲਮ ਵਿੱਚ ਬੋਲੇ
ਜਾਂਦੇ ਠੇਠ ਪੰਜਾਬੀ ਸੰਵਾਦਾਂ ਨੂੰ ਸੁਣਦਿਆਂ ਹੀ ਜੱਗੀ ਕੁੱਸਾ ਦੇ ਜਾਣੂੰ
ਪਾਠਕ ਸਮਝ ਜਾਂਦੇ ਹਨ ਕਿ ‘ਇਸ ਸੰਵਾਦ ‘ਚ ਜੱਗੀ ਬੋਲ ਰਿਹੈ।’ ਇਸ ਫਿਲਮ
ਤੋਂ ਬਾਦ ਜੱਗੀ ਕੁੱਸਾ ਦਾ ਨਾਂ ਹੋਰ ਵੀ ਕਈ ਫਿਲਮਾਂ ਨਾਲ ਜੁੜ ਕੇ ਸਾਹਮਣੇ
ਆਵੇਗਾ। ਬੇਗਾਨੀ ਜਾਂ ਮੰਗਵੀਂ ਕੱਢਵੀਂ ਜੁੱਤੀ ਪਾ ਕੇ ਟੌਹਰ ਦਿਖਾਉਣ
ਨਾਲੋਂ ਆਪਣੀਆਂ ਬੱਧਰੀਆਂ ਵਾਲੀਆਂ ਚੱਪਲਾਂ ਨਾਲ ਮਟਕ ਮਟਕ ਕੇ ਤੁਰਨ ਦੀ
ਸੋਚ ਰੱਖਣ ਵਾਲਾ ਜੱਗੀ ਕੁੱਸਾ ਕਦਮ ਦਰ ਕਦਮ ਅੱਗੇ ਵਧ ਰਿਹਾ ਹੈ। ਫਰਵਰੀ
ਮਹੀਨੇ ਦੇ ਆਖਰੀ ਹਫ਼ਤੇ ਹੋਣ ਜਾ ਰਹੇ ਪੀ. ਟੀ. ਸੀ. ਚੈੱਨਲ
ਦੇ ਪੰਜਾਬੀ ਫਿਲਮ ਐਵਾਰਡ
ਸਮਾਰੋਹ ਵਿੱਚ ‘ਬੈਸਟ ਡਾਇਲਾਗਜ ਰਾਈਟਰ’ ਵਾਲੀ ਵੰਨਗੀ ਵਿੱਚ ਫਿਲਮ ਸਾਡਾ
ਹੱਕ ਦੇ ਸੰਵਾਦਾਂ ਕਰਕੇ ਜੱਗੀ ਕੁੱਸਾ ਦਾ ਨਾਂ ਵੀ ਨਾਮਜ਼ਦ ਹੋਇਆ ਹੈ। ਆਓ
ਇਸ ਬਿਜੜੇ ਵਾਂਗ ਰੁੱਝੇ ਰਹਿਣ ਵਾਲੇ ਸੁਭਾਅ ਪੱਖੋਂ ਦਰਵੇਸ਼ ਲੇਖਕ ਦੀ
ਮਿਹਨਤ ਦਾ ਮੁੱਲ ਪੁਆਉਣ ਲਈ ਆਪਣੇ ਵੱਲੋਂ ਮੋਢੇ ਨਾਲ ਮੋਢਾ ਲਾਉਣ ਦੀ
ਕੋਸਿ਼ਸ਼ ਕਰੀਏ। ਆਪਣੇ ਇਸ ਸਾਥ ਨਾਲ ਜੱਗੀ ਕੁੱਸਾ ‘ਉੱਤਮ ਸੰਵਾਦ ਲੇਖਕ’
ਦੇ ਸਨਮਾਨ ਨੂੰ ਆਪਣੀ ਝੋਲੀ ‘ਚ ਪੁਆ ਸਕਦਾ ਹੈ ਪਰ ਜੱਗੀ ਕੁੱਸਾ ਅਤੇ
ਸਨਮਾਨ ਵਿਚਲੀ ਦੂਰੀ ਵਿਚਕਾਰ ਸਾਡਾ ਸਭ ਦਾ ਸਹਿਯੋਗ ਖੜ੍ਹਾ ਹੈ। ਜੇਕਰ
ਅਸੀਂ ਚਾਹੁੰਦੇ ਹਾਂ ਕਿ ਸਾਡੇ ਮਹਿਬੂਬ ਲੇਖਕ ਨੂੰ ਇਹ ਸਨਮਾਨ ਜਰੂਰ ਬਰ
ਜਰੂਰ ਮਿਲੇ ਤਾਂ ਆਓ ਆਪਣੇ ਪੰਜਾਬ ਵਸਦੇ ਦੋਸਤਾਂ ਮਿੱਤਰਾਂ, ਪਰਿਵਾਰਕ
ਮੈਂਬਰਾਂ ਨੂੰ ਸੁਨੇਹਾ ਲਾਈਏ ਕਿ ਉਹ ਆਪੋ ਆਪਣੇ ਮੋਬਾਈਲ ਫੋਨ ਤੋਂ ਜੱਗੀ
ਕੁੱਸਾ ਦੇ ਹੱਕ ਵਿੱਚ ਵੋਟ ਕਰਨ। ਵੋਟ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ:-
ਪੰਜਾਬ ਵਸਦੇ ਵੀਰ
PFADG6 ਲਿਖ ਕੇ 56060
‘ਤੇ ਮੈਸੇਜ ਭੇਜਣ।
ਵਿਦੇਸ਼ਾਂ ‘ਚ ਵਸਦੇ ਵੀਰ ਹੇਠ ਲਿਖੇ ਲਿੰਕ ‘ਤੇ ਜਾ ਕੇ ਵੋਟ ਕਰ ਸਕਦੇ
ਹਨ:-
ਵਿਦੇਸ਼ਾਂ ‘ਚ ਵਸਦੇ ਸੱਜਣ ਪੰਜਾਬੀ ਫਿਲਮ ਐਵਰਾਡ ਦੀ ਵੈੱਬਸਾਈਟ ਦੇ
ਲਿੰਕ
www.ptcpunjabifilmawards.com/voting/
‘ਤੇ
ਅਲਗ ਅਲਗ ਵਨਗੀਆਂ ਦੀ ਚੋਣ ਕਰਨ ਦੇ ਨਾਲ ਨਾਲ
BEST DIALOUGES
ਵਾਲੇ ਖਾਨੇ ‘ਚ ਜੱਗੀ ਕੁੱਸਾ ਵਾਲੇ ਨਾਮ ਅੱਗੇ ਲੱਗੀ
ਬਿੰਦੀ ਨੂੰ ‘ਟਿੱਕ’ ਕਰਨ। (ਯਾਦ ਰਹੇ ਕਿ ਹਰੇਕ ਵੰਨਗੀ ‘ਚ ਸਿਰਫ ਇੱਕ
ਵਿਅਕਤੀ ਨੂੰ ਵੋਟ ਕਰਨੀ ਹੈ)। ਬਾਦ ਵਿੱਚ ਪੰਨੇ ਦੇ ਅਖੀਰ ‘ਤੇ
VOTE ਵਾਲਾ ਬਟਨ ਦਬਾਓ। ਇਸ ਤਰ੍ਹਾਂ
ਕਰਨ ਨਾਲ ਅਸੀਂ ਆਪਣਾ ਫ਼ਰਜ਼ ਅਦਾ ਕਰ ਦੇਵਾਂਗੇ ਤੇ ਜੱਗੀ ਕੁੱਸਾ ਨੂੰ ਕਹਿ
ਦੇਵਾਂਗੇ ਕਿ “ਅੱਗੇ ਤੇਰੇ ਭਾਗ ਲੱਛੀਏ।”
|