ਵਿਸ਼ਵ ਸਭਿਅਤਾ ਦੇ ਇਤਿਹਾਸ ਵਿੱਚ ਸਾਹਿਤ ਨੂੰ ਅਹਿਮ ਸਥਾਨ ਹਾਸਿਲ ਹੈ।
ਯੁਗਾਂ-ਯੁਗਾਤਰਾਂ ਤੋਂ ਇਹ ਮਨੁੱਖ ਨੂੰ ਜੀਵਨ ਦਾ ਮਨੋਰਥ ਦੱਸਦਾ ਅਤੇ ਸਮਾਜ
ਨੂੰ ਉਸਦੇ ਨੈਤਿਕ ਫਰਜ਼ਾਂ ਬਾਰੇ ਸੁਚੇਤ ਕਰਦਾ ਆ ਰਿਹਾ ਹੈ। ਇਹੋ ਕਾਰਣ ਹੈ
ਕਿ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਅਤੇ ਜੀਵਨ ਦਾ ਰਸ ਮੰਨਿਆ ਜਾਂਦਾ ਹੈ।
ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਸਮਾਜ, ਦੇਸ਼ ਅਤੇ ਕੌਮ ਦੀ ਅਮੀਰੀ ਦਾ
ਅੰਦਾਜ਼ਾ, ਉੱਥੋਂ ਦੀਆਂ ਸਾਹਿਤਕ ਕਿਰਤਾਂ ਨੂੰ ਵੇਖੇ ਕੇ ਸਹਿਜੇ ਹੀ ਲਗਾਇਆ
ਜਾ ਸਕਦਾ ਹੈ। ਇਸ ਅਮੁੱਲ ਖਜ਼ਾਨੇ ਵਿੱਚ ਹੋਰ ਵਾਧਾ ਕਰਨ ਲਈ ਵਿਸ਼ਵਭਰ ਦੇ
ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਯਤਨ ਲਗਾਤਾਰ ਜਾਰੀ ਹਨ।
ਵਿਚਾਰਧਾਰਾ ਸਮਾਜਕ ਵਿਕਾਸ ਦੀ ਲੜੀ ਦਾ ਇਕ ਅਹਿਮ ਅੰਗ ਹੈ। ਮਨੁੱਖ ਦੀ
ਆਦਿ ਕਾਲ ਤੋਂ ਇਹ ਪ੍ਰਬਲ ਜਗਿਆਸਾ ਰਹੀ ਹੈ ਕਿ ਜਿਵੇਂ-ਕਿਵੇਂ ਵੀ ਉਹ ਆਪਣੇ
ਮਨ ਦੇ ਵਿਚਾਰ ਅਤੇ ਭਾਵ ਦੂਜੇ ਲੋਕਾਂ ਨਾਲ ਸਾਂਝੇ ਕਰ ਸਕੇ, ਅਤੇ ਅਤੀਤ ਦੇ
ਉੱਤਮ ਵਿਚਾਰਾਂ ਨੂੰ ਕਿਸੇ ਕਲਾਤਮਕ ਰੂਪ ਰਾਹੀਂ, ਸ਼ਾਬਦਿਕ ਜਾਮਾ ਪਹਿਨਾ ਕੇ
ਭਵਿੱਖ ਲਈ ਸੰਭਾਲ ਲਿਆ ਜਾਵੇ। ਕਿਸੇ ਕੌਮ ਜਾਂ ਦੇਸ਼ ਦੇ ਲੋਕ ਕਿਸੇ ਅੰਤਰ
ਪ੍ਰੇਰਨਾ ਰਾਹੀਂ ਜਦੋਂ ਯਥਾਰਥ, ਕਲਪਨਾ ਅਤੇ ਆਪਣੇ ਵਿਸ਼ਾਲ ਜੀਵਨ ਅਨੁਭਵ
ਦੀਆਂ ਇੱਟਾਂ ਦੇ ਸਹਾਰੇ ਅਜਿਹਾ ਅਦਬੀ ਮਹਿਲ ਉਸਾਰਦੇ ਹਨ, ਤਾਂ ਵਿਸ਼ਵ
ਸਭਿਅਤਾ ਦੇ ਇਤਿਹਾਸ ਵਿਚ ਉਹ ਚਾਨਣ ਮੁਨਾਰੇ ਮੰਨੇ ਜਾਂਦੇ ਹਨ। ਸੁਹਜਭਾਵੀ
ਗੁਣਾਂ ਦੇ ਪ੍ਰਕਾਸ਼ ਲਈ ਜਦੋਂ ਉਹ ਨਵੇਂ ਦਿਸਹੱਦਿਆਂ ਦੀ ਤਲਾਸ਼ ਵਿੱਚ ਆਪਣੀ
ਅੰਤਰ ਚੇਤਨਾ ਨੂੰ ਸ਼ਾਬਦਿਕ ਜਾਮਾ ਪਹਿਨਾਉਂਦੇ ਹਨ, ਤਾਂ ਉਹਨਾਂ ਦੇ ਇਹ
ਪਵਿੱਤਰ ਬਚਨ, “ਸਾਹਿਤ” ਹੋ ਨਿਬੜਦੇ ਹਨ, ਅਤੇ ਸਮੁੱਚੀ ਮਨੁੱਖਤਾ ਦੀ
ਸਾਂਝੀ ਪੂੰਜੀ ਬਣ ਜਾਂਦੇ ਹਨ। ਇਸ ਤਰ੍ਹਾਂ ਮਨੁੱਖ ਨੂੰ ਮਨੁੱਖ ਦੇ ਤੌਰ ਤੇ
ਮਾਨਤਾ ਦੇਣ ਵਾਲੀਆਂ ਮਾਨਵੀ ਮਨ ਵਿਚਲੀਆਂ ਸ਼ੁਭ ਬਿਰਤੀਆਂ ਦਾ
ਸਵੈ-ਪ੍ਰਗਟਾਵਾ ਹੀ ‘ਸਾਹਿਤ’ ਹੈ, ਜਿਸਤੋਂ ਭਵਿੱਖ ਦੀਆਂ ਸਰਗਰਮੀਆਂ ਲਈ ਹਰ
ਯੁੱਗ ਦੇ ਮਨੁੱਖ ਨੇ ਹਮੇਸ਼ਾਂ ਸੇਧ ਲਈ ਹੈ। ਸੰਯੋਗ, ਮੇਲ ਅਤੇ ਸਾਥ ਆਦਿ,
ਸਾਹਿਤ ਦੇ ਕੋਸ਼ਗਤ ਅਰਥ ਹਨ। ਸੰਸਕ੍ਰਿਤ ਦੇ ਵਿਦਵਾਨਾਂ ਅਨੁਸਾਰ, ਮਾਨਵੀ
ਭਲਾਈ ਦਾ ਪ੍ਰਗਟਾਵਾ ਕਰਨ ਵਾਲੀ ਰਚਨਾ ਸਾਹਿਤ ਹੈ। ਆਚਾਰੀਆ ਮਹਾਂਵੀਰ
ਪ੍ਰਸਾਦ ਦ੍ਵਿਵੇਦੀ ਨੇ ਸਾਹਿਤ ਨੂੰ ਗਿਆਨ ਰੂਪੀ ਦੌਲਤ ਦੱਸਿਆ ਹੈ ਅਤੇ
ਬਾਬੂ ਸਿਆਮ ਸੁੰਦਰ ਦਾਸ ਨੇ ਕਿਸੇ ਵੀ ਕਿਸੇ ਵੀ ਵਿਸ਼ੇ ਦੀ ਕਲਾਤਮਕ ਢੰਗ
ਨਾਲ ਲਿਖੀ ਪੁਸਤਕ ਨੂੰ ਸਾਹਿਤ ਕਿਹਾ ਹੈ। ਸੰਤ ਸਿੰਘ ਸੇਖੋਂ ਅਨੁਸਾਰ
ਸਾਹਿਤ ਦੇ ਮੁੱਖ ਮਨੋਰਥ - ਮੰਨੋਰੰਜਨ, ਮਨੋਵਿਰੇਚਨ ਅਤੇ ਮਨੋ ਵਿਕਾਸ ਆਦਿ
ਹਨ। ਭਾਈ ਕਾਨ੍ਹ ਸਿੰਘ ਨਾਭਾ ਦਾ ਸਾਹਿਤ ਬਾਰੇ ਕਥਨ ਹੈ ਕਿ “ਸਾਹਿਤ (ਸਾਥ)
ਹੋਣ ਦਾ ਭਾਵ ਮੇਲ, ਇਕੱਠ, ਉਹ ਕਾਵਿ ਸ਼ਾਸਤਰ ਜਿਸ ਵਿੱਚ ਰਸ ਅਲੰਕਾਰ ਛੰਦ
ਆਦਿ ਸਾਰੇ ਅੰਗ ਇਕੱਠੇ ਕੀਤੇ ਜਾਣ। ਕਿਸੇ ਵੀ ਵਿਦਿਆ ਦੇ ਸਰਵ-ਅੰਗਾਂ ਦਾ
ਜਿਸ ਵਿੱਚ ਇਕੱਠ ਹੋਵੇ, ਉਹ ‘ਸਾਹਿਤਯ’ ਹੈ।”
ਅਰਬੀ ਫ਼ਾਰਸੀ ਤੇ ਉਰਦੂ ਵਿਚ ਸ਼ਾਮੀ ਤੇ ਮੁਸਲਿਮ ਕਲਚਰ ਤੋਂ ਪ੍ਰਭਾਵਿਤ
ਸਾਹਿਤ ਲਈ ‘ਅਦਬ’ ਅਤੇ ਅੰਗਰੇਜ਼ੀ ਵਿੱਚ ਇਸ ਲਈ ‘ਲਿਟਰੇਚਰ’ ਸਬਦ ਦੀ ਵਰਤੋਂ
ਕੀਤੀ ਜਾਂਦੀ ਹੈ। ਅਦਬ ਦੇ ਕੋਸ਼ਗਤ ਅਰਥ ਆਦਰ, ਮਾਣ ਅਤੇ ਨੈਤਿਕਤਾ ਵਾਲਾ
ਸਾਹਿਤ ਹਨ ਅਤੇ ਲਿਟਰੇਚਰ ਦਾ ਮੂਲ ਭਾਵ ਕੁਝ ਵਿਚਾਰਾਂ ਨੂੰ ਲੈਟਰਜ਼ ਭਾਵ
ਅੱਖਰਾਂ ਰਾਹੀਂ ਲਿੱਪੀਬੱਧ ਕਰਨਾ ਹੈ। ਪੱਛਮੀ ਵਿਦਵਾਨਾਂ ਵੱਲੋਂ ਵੀ ਸਾਹਿਤ
ਨੂੰ ਬਹੁਭਾਤੀ ਪਰਿਭਾਸ਼ਿਤ ਕੀਤਾ ਗਿਆ ਹੈ। ਰੋਮਨਾਂ ਅਨੁਸਾਰ, ਸਾਡੇ
ਬਜੁਰਗਾਂ ਦੀ ਗਿਆਨਮਈ ਸਿਰਜਨਾ ਲਿਟਰੇਚਰ ਹੈ। ਲਾਤੀਨੀ ਕਵੀ ਮਾਰਸ਼ੀਅਲ ਦੇ
ਸ਼ਬਦਾਂ ਵਿੱਚ ਇਹ ਇਕ ਅਜਿਹੀ ਅਮਰ ਯਾਦਗਾਰ ਹੈ, ਜਿਸਦੀ ਕਦੇ ਮੌਤ ਨਹੀਂ
ਹੁੰਦੀ, ਲੁਟੇਰੇ ਇਸਨੂੰ ਨਸ਼ਟ ਨਹੀਂ ਕਰ ਸਕਦੇ। ਸੈਮੂਅਲ ਜੌਹਨਸਨ ਦਾ ਕਹਿਣਾ
ਹੈ ਕਿ ਸੂਰਜ ਦੇ ਪ੍ਰਕਾਸ਼ ਦੀ ਤਰ੍ਹਾਂ ਬੌਧਿਕ ਪ੍ਰਕਾਸ਼ ਦੀ ਇਹ ਇੱਕ ਅਜਿਹੀ
ਕਿਸਮ ਹੈ, ਜਿਹੜੀ ਸਾਨੂੰ ਉਹ ਕੁਝ ਵੀ ਵੇਖਣ ਦੇ ਯੋਗ ਬਣਾ ਦਿੰਦੀ ਹੈ,
ਜਿਸਨੂੰ ਅਸੀਂ ਵੇਖਣਾ ਨਹੀਂ ਚਾਹੁੰਦੇ। ਮੈਥਿਊ ਆਰਲਡ ਦੇ ਸ਼ਬਦਾਂ ਵਿੱਚ
ਸਾਹਿਤ ਜੀਵਨ ਦੀ ਉਚਤਮ ਵਿਆਖਿਆ ਹੈ। ਐਮਰਸਨ ਅਨੁਸਾਰ ‘ਸਾਹਿਤ’ ਸ਼ੁੱਭ
ਵਿਚਾਰਾਂ ਦਾ ਸੰਕਲਨ ਅਤੇ ਪ੍ਰੋਫੈਸਰ ਵਿਨਚੈਸਟਰ ਅਨੁਸਾਰ, ਇਹ ਉਨ੍ਹਾਂ
ਪੁਸਤਕਾਂ ਦਾ ਸੰਗ੍ਰਹਿ ਹੈ ਜਿਨਾਂ ਦੀ ਪ੍ਰੇਰਨਾ ਸਰਵਜਨਕ ਅਤੇ ਰੌਚਕਤਾ
ਸਦੀਵੀ ਹੈ। ਉਪਰੋਕਤ ਪਰਿਭਾਸ਼ਾਵਾਂ ਅਨੁਸਾਰ ‘ਸਾਹਿਤ’ ਚਿੰਤਨ ਦੇ ਗਗਨ ਵਿੱਚ
ਇੱਕ ਅਜਿਹੇ ਚੰਦ੍ਰਮਾਂ ਦੀ ਤਰ੍ਹਾਂ ਹੈ, ਜਿਸਨੇ ਆਪਣੇ ਉਜੱਲ ਪ੍ਰਕਾਸ਼ ਨਾਲ
ਮਨੁੱਖ ਨੂੰ ਹਮੇਸ਼ਾਂ ਸੱਚ ਅਤੇ ਸੁੰਦਰਤਾ ਦੇ ਮਾਰਗ ਬਾਰੇ ਜਾਣੂ ਕਰਾਇਆ।
ਸੂਝ ਅਤੇ ਸੰਵੇਦਨਸ਼ੀਲਤਾ ਵਾਲੇ ਹਰ ਮਨੁੱਖ ਦੇ ਮਨ ਵਿੱਚੋਂ ਕਿਸੇ ਨਾ ਕਿਸੇ
ਰੂਪ ਵਿੱਚ ਇਸਦੀ ਅਭਿਵਿਅਕਤੀ ਵੇਖਣ ਨੂੰ ਮਿਲੀ ਹੈ, ਜੋ ਹੁਣ ਵੱਖ ਭਾਸ਼ਾਵਾਂ
`ਚ ਲਿਪੀ ਬੱਧ ਅਤੇ ਕਵਿਤਾ, ਕਹਾਣੀ, ਨਾਟਕ, ਨਿਬੰਧ, ਜੀਵਨੀ, ਸਫਰਨਾਮਾ,
ਆਲੋਚਨਾ ਆਦਿ ਅਨੇਕ ਰੂਪਾਂ ਵਿੱਚ ਸਾਡੇ ਪਾਸ ਮੌਜੂਦ ਹੈ। ਲਲਿਤ ਕਲਾਵਾਂ
ਵਿੱਚ ਸਾਹਿਤ ਨੂੰ ਸ੍ਰੇਸ਼ਟ ਪਦਵੀ ਹਾਸਿਲ ਹੈ। ਜੇਕਰ ਇਸਦੀ ਪਰੰਪਰਾ ਵੱਲ
ਜਾਈਏ, ਤਾਂ ਸਾਹਿਤ ਲਈ ਕਿਸੇ ਸਮੇਂ ‘ਕਾਵਿ’ ਸ਼ਬਦ ਦੀ ਵਰਤੋਂ ਹੁੰਦੀ ਰਹੀ
ਹੈ। ਕਾਵਯਲੰਕਾਰ ਦੇ ਰਚਣਹਾਰ ਰਾਜ ਸ਼ੇਖਰ ਨੇ ‘ਸ਼ਬਦਾਰਥੋ ਭਾਮਹ ਸਹਿਤੌ
ਕਾਵਯਮ’ ਕਹਿਕੇ ਸਾਹਿਤ ਅਤੇ ਕਾਵਿ ਨੂੰ ਪ੍ਰਯਾਯਵਾਚੀ ਬਣਾ ਦਿੱਤਾ ਹੈ।
ਚੌਧਵੀਂ ਸਦੀ ਦੇ ਸੰਸਕ੍ਰਿਤ ਦੇ ਮਹਾਨ ਵਿਦਵਾਨ ਵਿਸ਼ਵਨਾਥ ਨੇ ਇਸ ਖੇਤਰ ਨਾਲ
ਸੰਬੰਧਿਤ ਆਪਣੇ ਪ੍ਰਸਿੱਧ ਗ੍ਰੰਥ ਦਾ ਨਾ ‘ਸਾਹਿਤਯ ਦਰਪਨ’ ਰੱਖਕੇ ਅਦਬੀ
ਰਚਨਾਵਾਂ ਲਈ ‘ਸਾਹਿਤ’ ਸ਼ਬਦ ਨੂੰ ਪੱਕੇ ਪੈਰੀਂ ਕਰ ਦਿੱਤਾ।
ਸ਼ਬਦ ਅਤੇ ਅਰਥ ਦੇ ਸੁਚੱਜੇ ਸੁਮੇਲ ਦਾ ਨਾਮ ਸਾਹਿਤ ਹੈ। ਦੋਵਾਂ ਦਾ ਹੀ
ਮੁੱਖ ਪ੍ਰਯੋਜਨ ਯਥਾਰਥ ਦੇ ਸਨਮੁੱਖ ਹੋ ਕੇ ਸੁੰਦਰਤਾ ਅਤੇ ਆਨੰਦ ਨੂੰ
ਖੋਜਣਾ ਹੈ। ਸੰਸਕ੍ਰਿਤ ਦੇ ਮਹਾਨ ਅਚਾਰੀਆ ਕੁੰਤਕ ਅਨੁਸਾਰ ਜਦੋਂ ਸ਼ਬਦ ਅਤੇ
ਅਰਥ ਦੇ ਵਿਚਕਾਰ, ਸੁੰਦਰਤਾ ਦੇ ਪ੍ਰਕਾਸ਼ ਲਈ ਮੁਕਾਬਲਾ ਜਿਹਾ ਹੋ ਰਿਹਾ
ਹੋਵੇ ਤਾਂ ਸਾਹਿਤ ਦੀ ਸਿਰਜਨਾ ਹੁੰਦੀ ਹੈ। ਸ਼ਬਦ ਅਤੇ ਅਰਥ ਦੇ ਅਨਮੋਲ ਧਨ
ਦੀ ਬਦੋਲਤ, ਜਦ ਕੋਈ ਮਨੁੱਖ ਮਾਨਵਤਾ ਦੇ ਉੱਚੇ ਮੁਕਾਮ ਤੇ ਪਹੁੰਚ ਜਾਂਦਾ
ਹੈ ਤਾਂ ਉਸਨੂੰ ਦੁਨੀਆਂ ਇਕ ਪਰਿਵਾਰ ਦੀ ਤਰ੍ਹਾਂ ਜਾਪਣ ਲੱਗ ਪੈਂਦੀ ਹੈ।
ਆਪਣੇ ਦੁੱਖ-ਸੁੱਖ ਨੂੰ ਦੂਜਿਆਂ ਨਾਲ ਸਾਂਝੇ ਕਰਨ ਅਤੇ ਦੂਜਿਆਂ ਦੇ
ਦੁਖ-ਸੁੱਖ ਨੂੰ ਸਮਝਣਾ ਸਹਿਜੇ ਹੀ ਉਸਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ।
ਜੀਵਨ ਜਾਂ ਪ੍ਰਕਿਰਤੀ ਨਾਲ ਅਭੇਦ ਹੋ ਕੇ ਜਦੋਂ ਕੋਈ ਸਾਹਿਤਕਾਰ ਆਪਣੇ
ਹਿਰਦੇ `ਚ ਵਿਸ਼ਾਲ ਆਨੰਦ ਦੀ ਅਨੁਭੂਤੀ ਕਰਦਾ ਹੈ ਤਾਂ ਉਹ ਆਪਣੇ ਅੰਦਰਲੇ ਇਸ
ਆਨੰਦ ਨੂੰ ਸ਼ਾਬਦਿਕ ਜਾਮਾ ਪਹਿਨਾ ਕੇ ਦੂਜਿਆਂ ਵਿੱਚ ਵੰਡਣਾ ਚਾਹੁੰਦਾ ਹੈ।
ਕਿਸੇ ਮਨੁੱਖ ਵਿੱਚ ਭਾਵ ਤੇ ਕਿਸੇ ਵਿੱਚ ਬੁੱਧੀ ਪ੍ਰਧਾਨ ਹੁੰਦੀ ਹੈ।
ਮਨੁੱਖ ਅੰਦਰਲੀਆਂ ਇਨ੍ਹਾਂ ਦੋ ਰੁਚੀਆਂ ਕਾਰਣ ਹੀ ਸਾਹਿਤ ਦੇ ਦੋ ਰੂਪ
ਉਘੜਕੇ ਸਾਹਮਣੇ ਆਏ-ਕਵਿਤਾ (ਪਦ) ਅਤੇ ਵਾਰਤਕ (ਗਦ)। ਕਵਿਤਾ ਦਾ ਵਧੇਰੇ
ਸੰਬੰਧ ਭਾਵਾਂ ਨਾਲ ਅਤੇ ਵਾਰਤਕ ਦਾ ਵਧੇਰੇ ਸਬੰਧ ਬੁੱਧੀ ਨਾਲ ਹੈ। ਇਸ
ਤਰ੍ਹਾਂ ਸਾਹਿਤ ਜ਼ਿੰਦਗੀ ਦਾ ਪੱਥ-ਪ੍ਰਦਰਸ਼ਕ, ਜੀਵਨ ਦਾ ਬੋਧ ਕਰਾਉਣ ਵਾਲਾ
ਅਤੇ ਸ਼ਬਦ-ਅਰਥ ਦੇ ਸੰਯੋਗ ਤੋਂ ਉਪਜੀ ਇਕ ਅਜਿਹੀ ਸੂਖਮ ਕਲਾ ਹੈ, ਜਿਸਦੀ
ਪਕੜ ਵਿੱਚ ਮਾਨਵੀ ਭਾਈਚਾਰੇ ਦੇ ਲਗਭਗ ਸਾਰੇ ਪਹਿਲੂ ਗਿਆਨ, ਆਦਰਸ਼ ਤੇ ਆਨੰਦ
ਆਦਿ ਆ ਜਾਂਦੇ ਹਨ। ਇਸਦਾ ਮਨੋਰਥ ਸਿਰਫ ਸੁਹਜ-ਸੁਆਦ ਉਤਪੰਨ ਕਰਨ, ਜਾਂ
ਆਨੰਦ ਤੱਕ ਸੀਮਤ ਨਹੀਂ ਸਗੋਂ ਸਮਾਜਕ ਪਰਿਵਰਤਨ ਜਾਂ ਸਮਾਜਕ ਕ੍ਰਾਂਤੀ ਦਾ
ਵੀ ਇਹ ਇੱਕ ਵੱਡਾ ਸਾਧਨ ਹੈ। ਇਸਦਾ ਮੁੱਖ ਪ੍ਰਯੋਜਨ ਮਨੋਰੰਜਨ ਦੇ ਨਾਲ-ਨਾਲ
ਅਨੇਕ ਤਰ੍ਹਾਂ ਦੇ ਜੀਵਨ ਮੁਲਾਂ ਦੀ ਸਥਾਪਨਾ ਕਰਨਾ ਅਤੇ ਸਮਾਜਕ ਕਲਿਆਣ ਹੈ।
ਡਾ. ਰਵਿੰਦਰ ਕੌਰ ‘ਰਵੀ’
ਅਸਿਸਟੈਂਟ ਪ੍ਰੋਫੈਸਰ
ਸੰਗੀਤ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ |