|
ਜੱਗੀ ਕੁੱਸਾ |
ਭਾਰਤ ਵਿਚ ਗਾਂਧੀ ਤੋਂ ਬਾਅਦ 'ਮਹਾਤਮਾ' ਕੀਹਦੇ ਨਾਂ ਨਾਲ ਲੱਗੇਗਾ,
ਇਹ ਕਹਿਣਾ ਤਾਂ ਹਾਲੇ ਬਹੁਤ ਔਖਾ ਹੈ, ਪਰ ਪੰਜਾਬੀ ਸਾਹਿਤ ਦੇ ਖੇਤਰ ਵਿਚ
ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਤੋਂ ਬਾਅਦ ਸ਼ਿਵਚਰਨ "ਜੱਗੀ ਕੁੱਸਾ" ਨੇ
ਜਿਹੜਾ ਰੁਤਬਾ ਤੇ ਮੁਕਾਮ ਹਾਸਲ ਕੀਤਾ ਹੈ, ਉਹਦੇ ਬਾਰੇ ਕਿਹਾ ਜਾ ਸਕਦਾ ਹੈ
ਕਿ ਉਹ ਗਲਪ ਕਲਾ ਦਾ ਸਿਧਾਰਥ ਹੈ। ਲਗਾਤਾਰ ਲਿਖਣਾ, ਨਵੇਂ ਸ਼ਬਦਾਂ ਨਾਲ
ਲਿਖਣਾ, ਰੌਚਿਕਤਾ ਬਣਾਈ ਰੱਖਣੀ, ਕਥਾ ਅਤੇ ਕਹਾਣੀ ਨੂੰ ਰਵਾਨਗੀ ਦੇਣੀ
ਜੱਗੀ ਕੁੱਸਾ ਦੇ ਹਿੱਸੇ ਓਵੇਂ ਆਈ ਹੈ, ਜਿਵੇਂ ਸਰਹੱਦ 'ਤੇ ਫ਼ੌਜੀ ਭਾਂਵੇਂ
ਫ਼ਾਇਰ ਤਾਂ ਰੁਕ-ਰੁਕ ਕੇ ਕਰੇ, ਪਰ ਨਿਸ਼ਾਨਾਂ ਸ਼ਿਸ਼ਤ ਬੰਨ੍ਹਣ ਵਾਂਗ ਉੱਕੇ
ਨਾ! ਜਿਸ ਯੁੱਗ ਵਿਚ ਆਪਾਂ ਇਸ ਵੇਲੇ ਵਿਚਰ ਰਹੇ ਹਾਂ, ਉਸ ਯੁੱਗ ਵਿਚ
ਆਲੋਚਨਾਂ ਤਾਂ ਪੁੱਤ ਮਾਂ ਦੀ ਵੀ ਕਰਨ ਲੱਗੇ ਹੋਏ ਹਨ, ਪਰ ਕਰਵਾ ਚੌਥ ਦੇ
ਵਰਤ ਵੇਲੇ ਔਰਤ ਦੇ ਛਾਨਣੀ 'ਚੋਂ ਵੇਖਣ ਵਾਂਗ ਜੇ ਜੱਗੀ ਦੀ ਸਮੁੱਚੀ
ਰੁਮਾਂਚਿਕ ਸ਼ੈਲੀ ਨੂੰ ਵੇਖਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਪਿਛਲੇ ਢਾਈ
ਦਹਾਕਿਆਂ ਤੋਂ ਪੰਜਾਬੀ ਦੀ ਵਾਰਤਿਕ ਕਲਾ ਵਿਚ ਉਹ, ਉਹ ਚੰਨ ਹੈ, ਜਿਹਨੂੰ
ਮੱਸਿਆ ਕਿਤੇ ਵੀ ਘੇਰਦੀ ਨਹੀਂ ਲੱਗਦੀ। ਇਸੇ ਲਈ ਜੱਗੀ ਦੀਆਂ ਹੋਰ ਗੱਲਾਂ
ਵਿਸਥਾਰ ਵਿਚ ਕਰਨ ਤੋਂ ਪਹਿਲਾਂ ਇਹ ਜ਼ਰੂਰ ਕਹਾਂਗਾ ਕਿ ਮੈਂ ਵੀ ਉਹਦੀਆਂ
ਲਿਖਤਾਂ ਦਾ ਗੰਭੀਰ ਪਾਠਕ ਹਾਂ, ਪ੍ਰਸ਼ੰਸਕ ਹਾਂ, ਤੇ ਸ਼ਬਦਾਂ ਦੀ ਬੁਣਤੀ ਨੂੰ
ਸਲਾਮ ਕਰਨ ਵਾਲਾ ਵੀ।
ਇਸ ਗੱਲ ਨੂੰ ਮੈਂ ਸਵੀਕਾਰ ਕਰਦਾ ਰਿਹਾ ਹਾਂ ਕਿ ਲਿਖਣਾ ਔਖਾ ਕਾਰਜ
ਨਹੀਂ, ਪਾਠਕ ਪੈਦਾ ਕਰਨੇ ਔਖੇ ਹਨ। ਤੇ ਜੇ ਜੱਗੀ ਦੇ ਪਾਠਕਾਂ ਦਾ ਘੇਰਾ
ਵਿਸ਼ਾਲ ਹੈ, ਕੌਮਾਂਤਰੀ ਹੈ, ਤਾਂ ਕਿਹਾ ਹੀ ਜਾ ਸਕਦਾ ਹੈ ਕਿ ਉਹਦੇ ਸਿਰੜ
ਨਾਲ ਹੀ ਸਿਰਜਣਾਤਮਿਕ ਕਲਾ ਗੂੜ੍ਹੀ ਹੁੰਦੀ ਗਈ ਹੈ। ਕਈ ਰਚਨਾਵਾਂ ਸ਼ੁਰੂ
ਤਾਂ ਢੋਲ ਦੇ ਡੱਗੇ ਵਾਂਗ ਹੁੰਦੀਆਂ ਹਨ, ਪਰ ਅਖੀਰ ਵਿਚ ਸਰਕਸ ਦੇ ਸ਼ੋਅ
ਵਰਗੀਆਂ ਹੋ ਜਾਂਦੀਆਂ ਹਨ। ਜੱਗੀ ਇੱਥੇ ਇਸੇ ਕਰਕੇ ਭਿੰਨ ਹੈ ਕਿ ਉਹ ਆਪਣੀ
ਹਰ ਰਚਨਾ, ਚਾਹੇ ਉਹ ਕਹਾਣੀ ਹੈ ਜਾਂ ਨਾਵਲ ਹੈ, ਪਾਠਕ ਨੂੰ ਅੱਖ ਵੀ ਨਹੀਂ
ਝਪਕਣ ਦੇਂਦਾ ਤੇ ਇਕਾਗਰਤਾ ਵੀ ਨਹੀਂ ਟੁੱਟਣ ਦੇਂਦਾ। ਜੇ ਜੱਗੀ ਨੂੰ ਬੁਰਾ
ਵੀ ਲੱਗੇ ਤਾਂ ਕੋਈ ਨਹੀਂ, ਅਸਲ ਵਿਚ ਪੰਡਿਤਾਂ ਦਾ ਮੁੰਡਾ ਜੱਟ ਸ਼ੈਲੀ
ਨਹੀਂ, ਪੰਜਾਬੀ ਦੀ ਅਸਲ ਬੋਲੀ ਤੇ ਸ਼ੈਲੀ, ਸੁਭਾਅ, ਖ਼ਾਸ ਤੌਰ 'ਤੇ ਮਲਵਈ
ਰੰਗ ਨੂੰ ਸੰਭਾਲਣ ਵਿਚ ਸੋਲ੍ਹਾਂ ਕਲਾਂ ਨਹੀਂ, ਤਾਂ ਚੌਦਾਂ-ਪੰਦਰਾਂ ਤਾਂ
ਜ਼ਰੂਰ ਸੰਪੂਰਣ ਹੈ। ਲੋਕੀ ਕਹਿਣ ਨੂੰ ਕਹੀ ਜਾਣ ਕਿ ਉਹ ਕਈ ਥਾਂ ਬੂਟਾ ਸਿੰਘ
ਸ਼ਾਦ ਲੱਗਦਾ ਹੈ, ਪਰ ਮੈਂ ਇਹ ਕਹਾਂਗਾ ਕਿ ਜੱਗੀ "ਪੰਜਾਬ ਦਾ ਪੁੱਤ" ਲੱਗਦਾ
ਹੈ!
ਆਸਟਰੀਆ, ਜਿਸ ਮੁਲਕ ਵਿਚ ਜੱਗੀ ਕੁੱਸਾ ਨੇ ਪੰਝੀ ਸਾਲ ਗੁਜ਼ਾਰੇ, ਉਹ
ਮੇਰੇ ਪੇਕਿਆਂ ਦੇ ਪਿੰਡ ਵਰਗਾ ਦੇਸ਼ ਰਿਹੈ। ਦਰਜਨਾਂ ਵਾਰ ਮੈਂ ਆਸਟਰੀਆ ਦੀ
ਰਾਜਧਾਨੀ ਵਿਆਨਾਂ ਗਿਐਂ, ਪਰ ਜੱਗੀ ਨਾਲ ਘੁੱਟ ਕੇ ਜੱਫ਼ੀ ਸਰੀਰਕ ਤੌਰ 'ਤੇ
ਨਾ ਵੀ ਪਾਈ ਹੋਵੇ, ਪਰ ਉਥੇ ਮੈਂ ਉਹਦੀ ਪਹਿਲੀ ਲਿਖਤ "ਜੱਟ ਵੱਢਿਆ ਬੋਹੜ
ਦੀ ਛਾਂਵੇਂ" ਨਾਵਲ ਪੜ੍ਹਿਆ। ਹਾਲਾਂ ਕਿ ਮੈਂ ਆਪਣੀਆਂ ਲਿਖਤਾਂ 'ਤੇ
ਪ੍ਰਭਾਵ ਪੈਣ ਦੇ ਡਰੋਂ ਸਮਕਾਲੀ ਲੇਖਕਾਂ ਨੂੰ ਬਹੁਤ ਘੱਟ ਪੜ੍ਹਦਾ ਹਾਂ, ਪਰ
ਸੱਚ ਹੈ ਕਿ ਉਕਤ ਨਾਵਲ ਪੜ੍ਹਨ ਤੋਂ ਬਾਅਦ ਮੈਂ ਉਹਦੀ ਹਰ ਅਗਲੀ ਪਿਛਲੀ
ਰਚਨਾ ਪੜ੍ਹੀ ਹੈ ਅਤੇ ਹੁਣ ਤੱਕ ਪੜ੍ਹ ਰਿਹਾ ਹਾਂ। ਉਹਦੇ ਸੈਂਕੜੇ ਸੰਵਾਦ
ਮੈਨੂੰ ਜ਼ੁਬਾਨੀ ਯਾਦ ਨੇ, ਤੇ ਕੋਈ ਮੈਨੂੰ ਪੁੱਛੇ ਕਿ ਜੱਗੀ ਨੇ ਕਿੱਥੇ ਕੀ
ਲਿਖਿਆ ਸੀ? ਤਾਂ ਮੈਂ 'ਗੂਗਲ' ਬਾਬੇ ਵਾਂਗ ਦੋ-ਚਾਰ ਸਕਿੰਟ ਹੀ ਲਾਵਾਂਗਾ।
ਜੱਗੀ ਮੈਥੋਂ ਕੁਝ ਵਰ੍ਹੇ ਹੀ ਛੋਟਾ ਹੈ। ਉਮਰ ਘੇਰ ਰਹੀ ਹੈ, ਪਰ ਇਸ
ਬਾਰੇ ਇਹ ਕਹਾਂਗਾ ਕਿ ਪੁਰਾਣਾ ਟਰੱਕ ਮਾਲ ਨਿੱਤ ਨਵਾਂ ਹੀ ਢੋਅ ਰਿਹਾ ਹੈ।
ਕਹਿ ਮੈਂ ਇਹ ਵੀ ਦਿਆਂਗਾ ਕਿ ਉਹਦਾ ਕੋਈ ਆਲੋਚਕ ਆਪਣੇ ਹੱਥਾਂ 'ਤੇ ਖਿਝ ਕੇ
ਦੰਦੀਆਂ ਜਿੰਨੀਆਂ ਮਰਜ਼ੀ ਵੱਢੇ, ਪਰ ਅੱਖੀਆਂ 'ਚ ਤੂੰ ਵਸਦਾ, ਬੋਦੀ ਵਾਲਾ
ਤਾਰਾ ਚੜ੍ਹਿਆ, ਤੇ ਟੋਭੇ ਫ਼ੂਕ ਤੱਕ ਜੱਗੀ ਪੰਜਾਬੀ ਸਾਹਿਤ ਦੇ ਜੱਗ ਅੰਦਰ
ਉਸ ਸਿਰੇ 'ਤੇ ਖੜ੍ਹਾ ਹੈ, ਜਿੱਥੇ ਉਹਦੇ ਬਣ ਕੇ ਖਲੋਣਾਂ ਔਖਾ ਵੀ ਹੈ ਅਤੇ
ਮੁਸ਼ਕਿਲ ਵੀ!
ਜਿੱਦਣ ਪਾਪ ਗਿਆ, ਧਰਮ ਵੀ ਨਹੀਂ ਰਹਿਣਾਂ, ਤੇ ਜਿੱਦਣ ਲਗਨ ਗਈ,
ਸਿਰਜਣਾਂ ਵੀ ਮੁੱਕ ਜਾਵੇਗੀ! ਤੇ ਜੱਗੀ ਅੰਦਰ ਪੇਟ ਦੀ ਭੁੱਖ ਨਾਲੋਂ ਵੀ ਜੇ
ਸਾਹਿਤ ਦੀ ਚੇਸ਼ਟਾ ਵੱਧ ਹੈ, ਤਾਂ ਹੀ ਉਹ ਲੋਕ ਗੱਲਾਂ ਕਰਦੇ ਹਨ, ਜਿੰਨ੍ਹਾਂ
ਨੂੰ ਵੇਖ ਕੇ ਅਸੀਂ ਰਾਹ ਲੱਭੇ ਹਨ। ਕੁਝ ਕੁ ਮਹੀਨੇ ਪਹਿਲਾਂ ਮੈਂ ਬਾਪੂ
ਜਸਵੰਤ ਸਿੰਘ ਕੰਵਲ ਨੂੰ ਢੁੱਡੀਕੇ ਮਿਲਣ ਗਿਆ। ਪਤਾ ਲੱਗਾ ਉਹ ਖੇਡ ਮੇਲੇ
'ਚ ਹੈ। ਓਥੋਂ ਪ੍ਰਿੰਸੀਪਲ ਸਰਵਣ ਸਿੰਘ ਦੇ ਕੁੜਮਾਂ ਦੇ ਘਰੇ ਚਲੇ ਗਏ।
ਬਾਪੂ ਡੇੜ੍ਹ ਕੁ ਪੈੱਗ ਪੀ ਕੇ ਕਹਿਣ ਲੱਗਿਆ, "ਪਤੰਦਰਾ ਲਿਖਦਾ ਚੰਗੈਂ,
ਜੱਗੀ ਕੁੱਸਾ ਵੀ ਤੇਰੇ ਕੋਲ ਹੀ ਹੈ, ਅਮਰੀਕਾ?" ਮੈਂ ਕਿਹਾ ਨਹੀਂ ਬਾਪੂ,
ਉਹ ਹੁਣ ਲੰਦਨ ਹੈ! ਆਪਣੇ ਸੁਭਾਅ ਵਾਂਗ ਪ੍ਰਤੀਕ੍ਰਿਆ ਦੇਖੋ, "ਕੰਜਰ ਲਿਖਦਾ
ਉਹ ਵੀ ਬਾਹਲ੍ਹਾ ਸੋਹਣੈਂ....!" ਅਸਲ ਵਿਚ ਜੱਗੀ ਵਰਗਾ ਬਣਨਾ ਸੱਚੀਂ ਔਖਾ
ਹੈ।
ਜੱਗੀ ਨਾਵਲ ਵੀ ਲਿਖੀ ਜਾਂਦੈ, ਕਹਾਣੀ ਵੀ, ਕਵਿਤਾ ਵੀ, ਬੱਚੇ ਵੀ ਪਾਲੀ
ਜਾਂਦੈ, ਪੰਡਿਤਾਂ ਦਾ ਮੁੰਡਾ ਘੁੱਟ ਲਾ ਵੀ ਲੈਂਦੈ। ਸੁਣਿਐਂ, ਦੇਖਿਆ
ਨਹੀਂ! ਛਪੀ ਵੀ ਹਰ ਥਾਂ ਜਾਂਦੈ, ਜਿੱਥੇ ਪੰਜਾਬੀ ਰਹਿੰਦੇ ਨੇ। ਪਰ ਸਿਰੇ
'ਤੇ ਗੰਢ ਇਹ ਹੈ ਕਿ ਉਹ ਲਿਖਣ ਨਾਲੋਂ, ਬੰਦਾ ਵੀ ਬਹੁਤ ਵਧੀਐ! ਉਹਨੂੰ ਮਿਲ
ਕੇ ਨਹੀਂ ਲੱਗਦਾ ਕਿ ਧੜੱਲੇਦਾਰ ਸ਼ੈਲੀ ਲਿਖਣ ਵਾਲਾ, ਬੋਲਣ ਵੇਲੇ 'ਸਾਈਡ
ਰਿਧਮ' ਵਾਂਗ ਕਈ ਸ਼ਬਦ ਮੂੰਹ 'ਚ ਵੀ ਘੁੱਟ ਲੈਂਦੈ। ਸੁਆਦ ਤਾਂ ਚਲੋ ਕਈ ਵਾਰ
ਖਾਜ ਕਰਨ ਨਾਲ ਵੀ ਆ ਜਾਂਦੈ, ਪਰ ਉਹਦੀ ਵਾਕ-ਬਣਤਰ ਜਾਂ ਸੰਵਾਦਾਂ ਵਿਚ
ਗਾਲ੍ਹਾਂ ਪੜ੍ਹ ਕੇ ਵੀ ਪਾਠਕ ਪੂਰਾ ਲੁਤਫ਼ ਲੈਂਦੇ ਹਨ।
ਜਿਹੜੇ ਸੈਰ ਕਰਨ ਨਿਕਲਦੇ ਨੇ, ਓਹਨਾਂ ਨੂੰ ਹੀ ਪਤੈ ਕਿ ਸਰੀਰ ਭਾਂਵੇਂ
ਢਿੱਲਾ ਵੀ ਹੋਵੇ, ਮਨ ਜ਼ਰੂਰ ਖ਼ੁਸ਼ ਤੇ ਖਿੜ ਜਾਂਦੈ, ਤੇ ਜਿਹੜੇ ਜੱਗੀ ਨੂੰ
ਪੜ੍ਹਦੇ ਹਨ, ਉਹ ਜਾਣਦੇ ਹਨ ਕਿ ਸ਼ਿਵਚਰਨ ਜੱਗੀ ਕੁੱਸਾ ਨਾਂ ਹੀ ਨਹੀਂ,
ਸਗੋਂ ਅੰਦਰਲੇ ਚਿੱਤ ਨਾਲ ਗਿਆਨ ਤੇ ਰੁਮਾਂਸ ਦਾ ਗਿੱਧਾ ਪਾਉਣ ਵਾਲੀ ਹਸਤੀ
ਹੈ। ਉਹ ਭਾਂਵੇਂ ਦੀਵਾ ਬਾਰ੍ਹਾਂ ਕੋਹ 'ਤੇ ਬਾਲ਼ੇ, ਪਰ ਜੱਗੀ ਆਪ ਸਾਹਿਤ
ਪ੍ਰੇਮੀਆਂ ਨਾਲ਼ ਨਿੱਤ ਗਲਵਕੜੀ ਪਾਉਂਦੈ! ਜੱਗੀ ਪੰਜਾਬੀ ਸਾਹਿਤ ਦਾ ਪੁੱਤਰ
ਹੈ। ਪੰਜਾਬੀਆਂ ਨੂੰ ਉਹ ਰੋਜ਼ ਪੁੱਤਾਂ ਵਰਗੇ ਸ਼ਬਦ ਦੇਂਦੈ। ਮੇਰੇ ਵੱਲੋਂ ਵੀ
ਵਧਾਈ ਹੈ, ਤੇ ਵਧਾਈਆਂ ਕਦੇ ਵੀ ਕਿਸੇ ਨੂੰ ਬੇ-ਅਰਾਮ ਨਹੀਂ ਕਰਦੀਆਂ।
ਐੱਸ਼ ਅਸ਼ੋਕ ਭੌਰਾ
ਕੈਲੇਫ਼ੋਰਨੀਆ
(ਅਮਰੀਕਾ) |