ਰਵਿੰਦਰ ਰਵੀ, ਪੰਜਾਬੀ ਸਾਹਿਤ ਦੇ ਕਿਹੜੇ ਰੂਪ ਦੀ ਰਚਨਾ ਕਰਨ ਵੱਲ
ਅੱਜ ਕੱਲ੍ਹ ਤੁਹਾਡਾ ਵਧੇਰੇ ਰੁਝਾਨ ਹੈ?
- ਅੱਜ ਕੱਲ੍ਹ, ਮੈਂ ਕਵਿਤਾ ਅਤੇ ਕਾਵਿ-ਨਾਟ ਵੱਲ ਆਪਣਾ ਆਪ ਕੇਂਦ੍ਰਤ ਕੀਤਾ
ਹੋਇਆ ਹੈ. 2015 ਵਿੱਚ ਮੇਰਾ ਕਾਵਿ-ਸੰਗ੍ਰਹਿ ‘ਨਿਹੋਂਦ ਦਾ ਗੀਤ’ ਆਇਆ ਅਤੇ
ਮੇਰਾ 13ਵਾਂ ਕਾਵਿ-ਨਾਟਕ ‘ਆਪੋ ਆਪਣੇ ਦਰਿਆ’ ਇਸ ਵੇਲੇ ਪ੍ਰੈੱਸ ਵਿੱਚ ਹੈ.
ਇਹ ਦੋਨੋਂ ਪੁਸਤਕਾਂ ਹੋਂਦਵਾਦ ਦੇ ਨਜ਼ਰੀਏ ਤੋਂ ਲਿਖੀਆਂ ਗਈਆਂ ਹਨ. ਇਸ
ਯੁੱਗ ਦੀਆਂ ਜਿਹੜੀਆਂ ਬਦਲੀਆਂ ਹੋਈਆਂ ਕਦਰਾਂ-ਕੀਮਤਾਂ ਹਨ ਉਨ੍ਹਾਂ ਮੁਤਾਬਕ
‘ਹੋਂਦਵਾਦ’ ਨੂੰ ਕਿਵੇਂ ਪ੍ਰੀਭਾਸ਼ਤ ਕੀਤਾ ਜਾ ਸਕਦਾ ਹੈ ਉਹ ਕੁਝ ਇਨ੍ਹਾਂ
ਪੁਸਤਕਾਂ ਵਿੱਚ ਪੇਸ਼ ਕੀਤਾ ਗਿਆ ਹੈ.
ਤੁਸੀਂ, ਪੰਜਾਬੀ ਸ਼ਾਇਰੀ ਦੇ ਖੇਤਰ ਵਿੱਚ ਪਿਛਲੇ ਤਕਰੀਬਨ 60 ਸਾਲ
ਤੋਂ ਸਰਗਰਮ ਹੋ. ਅਜੋਕੇ ਸਮਿਆਂ ਵਿੱਚ ਲਿਖੀ ਜਾ ਰਹੀ ਪੰਜਾਬੀ ਸ਼ਾਇਰੀ ਅਤੇ
ਅੱਜ ਤੋਂ ਤਕਰੀਬਨ 20 ਕੁ ਸਾਲ ਪਹਿਲੇ ਲਿਖੀ ਜਾ ਰਹੀ ਪੰਜਾਬੀ ਸ਼ਾਇਰੀ
ਵਿੱਚ ਕੀ ਤੁਸੀਂ ਕੋਈ ਵਿਸ਼ੇਸ਼ ਅੰਤਰ ਦੇਖ ਰਹੇ ਹੋ?
- ਜਿਹੜੇ 20 ਕੁ ਸਾਲ ਪਹਿਲਾਂ ਸ਼ਾਇਰੀ ਲਿਖਣ ਵਾਲੇ ਲੋਕ ਸਨ, ਹਿੰਦੁਸਤਾਨ
ਤੋਂ ਸ਼ਾਇਰੀ ਲਿਖਦੇ ਆਏ ਸਨ. ਉਨ੍ਹਾਂ ਦੇ ਦੋ ਕਾਲ ਬਣ ਜਾਂਦੇ ਹਨ. ਇੱਕ
ਕਾਲ ਉਹ ਹੈ, ਉਹ ਹਿੰਦੋਸਤਾਨ ਤੋਂ ਆ ਕੇ, ਚਾਹੇ ਉਹ ਇੰਗਲੈਂਡ ਵਿੱਚ ਸਨ,
ਚਾਹੇ ਅਮਰੀਕਾ ਵਿੱਚ ਸਨ, ਚਾਹੇ ਕੀਨੀਆ ਵਿੱਚ ਸਨ, ਚਾਹੇ ਕੈਨੇਡਾ ਵਿੱਚ
ਸਨ, ਜਾਂ ਕਿਸੇ ਹੋਰ ਮੁਲਕ ਵਿੱਚ ਸਨ - ਉਨ੍ਹਾਂ ਦਾ ਸੰਪਰਕ ਜਾਂ ਤਾਂ ਦੋ
ਮੁੱਖ ਕਮਿਊਨਿਸਟ ਧਾਰਾਵਾਂ - ਗਰਮ ਤੇ ਨਰਮ ਕਮਿਊਨਿਸਟ - ਸੁਰਜੀਤ ਪੱਖੀ
ਜਾਂ ਆਨੰਦ ਪੱਖੀ ਨਾਲ ਸੀ. ਉਹ ਦੋਵੇਂ ਤੁਹਾਨੂੰ ਕੈਨੇਡਾ ਵਿੱਚ ਵੀ ਮਿਲ
ਜਾਂਦੇ ਹਨ. ਤੀਜੀ ਧਿਰ ਜਿਹੜੀ ਇਨ੍ਹਾਂ ਵਿੱਚੋਂ ਹੀ ਨਿਕਲੀ ਸੀ - ਜਿਸ
ਵਿੱਚ ਹਿੰਸਾ ਵੀ ਪ੍ਰਵਾਨ ਸੀ - ਨੈਕਸਲਾਈਟ ਕਵੀਆਂ ਦੀ ਸੀ. ਇਹ ਵੀ ਇੱਕ
ਹਕੀਕਤ ਹੈ ਕਿ ਸਾਡੇ ਕੈਨੇਡਾ ਵਿੱਚ ਵੀ ਨੈਕਸਲਾਈਟ ਪੋਇਟ ਕਵਿਤਾ ਲਿਖਦੇ
ਰਹੇ ਹਨ. ਚਾਹੇ ਉਹ ਇੰਡੀਆ ਵਿੱਚ ਪੈਦਾ ਹੋਏ ਜਾਂ ਕੈਨੇਡਾ ਵਿੱਚ ਪੈਦਾ
ਹੋਏ. ਤੀਜੀ ਧਾਰਾ ਸੀ -ਪ੍ਰਯੋਗਸ਼ੀਲ ਆਧੁਨਿਕ ਕਵੀਆਂ ਦੀ. ਪ੍ਰਯੋਗਸ਼ੀਲ
ਕਵੀਆਂ ਵਿੱਚੋਂ ਮੈਂ ਅਤੇ ਅਜਾਇਬ ਕਮਲ ਕੀਨੀਆ ਵਿੱਚ ਸੀ. ਮਹਿਰਮ ਯਾਰ ਵੀ
ਉੱਥੇ ਸੀ. ਸੋ ਅਸੀਂ ਜਿਹੜਾ ਸਾਹਿਤ ਰਚਿਆ ਉਹ ਇਸ ਤਰ੍ਹਾਂ ਦਾ ਸੀ.
ਪ੍ਰਯੋਗਸ਼ੀਲਧਾਰਾ - ਇਹ ਪ੍ਰਗਤੀਵਾਦੀ / ਰੋਮਾਂਸਵਾਦੀ ਧਾਰਾ ਦੀ
ਉੱਤਰਅਧਿਕਾਰੀ ਹੈ. ਸੋ, ਬਾਹਦ ਵਿੱਚ ਪ੍ਰੋ. ਮੋਹਨ ਸਿੰਘ, ਸੰਤ ਸਿੰਘ
ਸੇਖੋਂ ਆਦਿ ਰੋਮਾਂਸਵਾਦੀ ਪ੍ਰਗਤੀਵਾਦੀ ਧਾਰਾ ਦੇ ਲੇਖਕ / ਆਲੋਚਕ ਵੀ ਸਾਡੇ
ਨਾਲ ਰਲ ਗਏ. ਇਨ੍ਹਾਂ ਸਾਨੂੰ ਥਾਪੀਆਂ ਦਿੱਤੀਆਂ ਬਈ ਤੁਸੀਂ ਠੀਕ ਸੀ. ਬਈ
ਆਪਣੇ ਜ਼ਮਾਨੇ ਵਿੱਚ ਅਸੀਂ ਵੀ ਇਸ ਤਰ੍ਹਾਂ ਹੀ ਪ੍ਰਯੋਗ ਕੀਤੇ ਸੀ ਅਤੇ
ਸਾਹਿਤ ਨੂੰ ਭਾਈ ਵੀਰ ਸਿੰਘ ਦੀ ਧਾਰਾ ‘ਚੋਂ ਕੱਢਿਆ ਸੀ...
ਪਿਛਲੇ ਤਕਰੀਬਨ ਇੱਕ ਦਹਾਕੇ ਦੇ ਸਮੇਂ ਵਿੱਚ ਇੰਡੀਆ ਤੋਂ ਬਹੁਤ
ਸਾਰੇ ਪੰਜਾਬੀ ਲੇਖਕ ਕੈਨੇਡਾ ਇਮੀਗਰੇਸ਼ਨ ਲੈ ਕੇ ਪਹੁੰਚੇ ਹਨ. ਅਜਿਹੇ
ਪੰਜਾਬੀ ਲੇਖਕ ਆਪਣੇ ਨਾਲ ਪੰਜਾਬ ਦੀ ਰਾਜਨੀਤੀ ਅਤੇ ਪੰਜਾਬ ਦਾ
ਭ੍ਰਿਸ਼ਟਾਚਾਰ ਵੀ ਲੈ ਕੇ ਆਏ ਹਨ. ਜਿਸ ਕਾਰਨ ਕੈਨੇਡਾ ਦਾ ਪੰਜਾਬੀ ਸਾਹਿਤਕ
/ ਸਭਿਆਚਾਰਕ ਮਾਹੌਲ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ. ਕੈਨੇਡਾ ਦੀਆਂ
ਪੰਜਾਬੀ ਸਾਹਿਤ ਸਭਾਵਾਂ ਅਤੇ ਪੰਜਾਬੀ ਮੀਡੀਆ ਗਰੁੱਪਇਜ਼ਮ ਅਤੇ ਧੜੇਬੰਦੀਆਂ
ਦਾ ਬੁਰੀ ਤਰ੍ਹਾਂ ਸਿ਼ਕਾਰ ਹੋ ਚੁੱਕਾ ਹੈ? ਕੀ ਤੁਸੀਂ ਵੀ ਕਦੀ ਇਸ ਤਰ੍ਹਾਂ
ਮਹਿਸੂਸ ਕੀਤਾ ਹੈ?
- ਮੈਂ ਬਹੁਤ ਦੂਰ ਰਹਿੰਦਾ ਹਾਂ ਇਸ ਤਰ੍ਹਾਂ ਦੀ ਅਦਬੀ ਸਿਆਸਤ ਤੋਂ. ਮੈਂ
ਵੈਨਕੂਵਰ ਤੋਂ 1,800 ਮੀਲ ਦੂਰ ਟੈਰਿਸ ਵਿੱਚ ਰਹਿੰਦਾ ਹਾਂ. ਮੈਂ ਉੱਥੇ
ਇਕੱਲਾ ਹੀ ਸ਼ਾਇਰ ਹਾਂ. ਇਸ ਲਈ ਮੈਨੂੰ ਕੰਮ ਕਰਨ ਦਾ ਵਧੇਰੇ ਮੌਕਾ ਮਿਲ
ਗਿਆ. ਵੈਨਕੂਵਰ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਸਿਆਸੀ ਧਾਰਾ ਨਾਲ ਜੁੜੇ
ਸਾਹਿਤਕਾਰ ਮਿਲ ਜਾਣਗੇ, ਕਾਂਗਰਸੀ ਵੀ ਮਿਲ ਜਾਣਗੇ, ਕਮਿਊਨਿਸਟ ਵੀ ਮਿਲ
ਜਾਣਗੇ, ਸਿਹਰੇ ਪੜ੍ਹਣ ਵਾਲੇ ਵੀ ਮਿਲ ਜਾਣਗੇ, ਹੋਰ ਵੀ ਮਿਲ ਜਾਣਗੇ. ਪਰ
ਵੱਡਾ ਸੁਆਲ ਇਹ ਹੈ ਕਿ ਕੀ ਉਹ ਸਾਹਿਤ ਹੈ? ਜੋ ਕੁਝ ਅੱਜ ਸਰੀ ਵਿੱਚ,
ਟੋਰਾਂਟੋ ਵਿੱਚ, ਮੈਨੀਟੋਬਾ ਵਿੱਚ ਪੈਦਾ ਹੋ ਰਿਹਾ ਹੈ ਉਸ ਵਿੱਚੋਂ ਕਿੰਨਾ
ਕੁ ਪ੍ਰਤੀਸ਼ਤ ਸਾਹਿਤ ਹੈ? ਪਰ ਦਿਲਚਸਪ ਗੱਲ ਇਹ ਹੈ ਕਿ ਕੈਲਗਰੀ ਵਾਲਿਆਂ
ਨੂੰ ਸਰੀ ਵਾਲੇ ਨਹੀਂ ਜਾਣਦੇ, ਵੈਨਕੂਵਰ ਵਾਲਿਆਂ ਨੁੰ ਟੋਰਾਂਟੋ ਵਾਲੇ
ਬਹੁਤੇ ਨਹੀਂ ਜਾਣਦੇ- ਸਿਵਾਏ ਉਨ੍ਹਾਂ ਸ਼ਾਇਰਾਂ ਦੇ ਜਿਨ੍ਹਾਂ ਦੀ ਤੁਸੀਂ
20 ਸਾਲ ਪਹਿਲਾਂ ਦੇ ਸ਼ਾਇਰਾਂ ਦੀ ਗੱਲ ਕੀਤੀ ਹੈ. ਇਹ ਜਿਹੜੇ ਨਵੇਂ ਗਰੁੱਪ
ਬਣ ਰਹੇ ਹਨ ਇਹ ਸ਼ਹਿਰ ਕੇਂਦਰਤ ਹਨ. ਇਹ ਪਬਲਿਸ਼ਰਜ਼ ਤੋਂ ਕਿਤਾਬਾਂ ਲੈ ਕੇ
ਆਪਣੀ ਆਪਣੀ ਸਭਾ ਵਿੱਚ 10-10 ਡਾਲਰ ਦੀ ਕਿਤਾਬ ਸੇਲ ਉੱਤੇ ਵੇਚਦੇ ਹਨ.
ਜਿਹੜੀ ਪੁਖਤਾ ਸ਼ਾਇਰੀ ਦੀ ਰਚਨਾ ਹੈ ਉਹ ਨ ਹੋਣ ਦੇ ਬਰਾਬਰ ਹੈ. ਜਿਹੜੀ
ਕੁਰਸੀ ਦੀ ਜੰਗ ਹੈ, ਉਹ ਬਹੁਤ ਜਿ਼ਆਦਾ ਹੈ. ਹਰ ਕੋਈ ਚਾਹੁੰਦਾ ਹੈ ਕਿ
ਮੇਰੇ ਕੋਲ ਤਾਕਤ ਹੋਵੇ ਅਤੇ ਮੈਂ ਤੁਰਦਾ ਰਹਾਂ. ਮੇਰਾ ਮੁੱਢ ਤੋਂ ਹੀ ਇਹ
ਵਿਚਾਰ ਰਿਹਾ ਹੈ ਕਿ ਮੈਂ ਕਿਸੀ ਵੀ ਸਭਾ ਵਿੱਚ ਇਸ ਹੱਦ ਤੱਕ ਸ਼ਾਮਿਲ ਨਹੀਂ
ਹੋਇਆ ਕਿ ਉਸਦਾ ਅਸਰ ਮੇਰੀ ਲਿਖਤ ਉੱਤੇ ਹੋਵੇ. ਇਹ ਸੁਤੰਤਰ ਰੂਪ ਵਿੱਚ ਸੋਚ
ਵੀ ਨਹੀਂ ਸਕਦੇ. ਇਸ ਵੇਲੇ ਲੋੜ ਹੈ ਕਿ ਅਸੀਂ ਨਿਰੋਲ ਸਾਹਿਤ ਅਤੇ ਇਸ ਅਦਬੀ
ਸਿਆਸਤ ਵਿੱਚ ਰੰਗੇ ਸਾਹਿਤ ਦੀ ਪਹਿਚਾਣ ਕਰ ਸਕੀਏ. ਇਸ ਨੂੰ ਸਮਝ ਸਕੀਏ.
ਅੱਜ ਤੋਂ 20 ਕੁ ਸਾਲ ਪਹਿਲਾਂ ਕੈਨੇਡਾ ਦੇ ਪੰਜਾਬੀ ਸਾਹਿਤਕ
ਹਲਕਿਆਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ, ਕੈਨੇਡੀਅਨ ਪੰਜਾਬੀ ਰਾਜਨੀਤੀ,
ਕੈਨੇਡੀਅਨ ਸਮਾਜਿਕ ਹਾਲਤਾਂ, ਕੈਨੇਡੀਅਨ ਆਰਥਿਕਤਾ ਦਾ ਬਹੁਤ ਚਰਚਾ ਸੀ. ਪਰ
ਹੁਣ ਕੈਨੇਡਾ ਦੇ ਪੰਜਾਬੀ ਮੀਡੀਆ ਵਿੱਚ ਪ੍ਰਕਾਸ਼ ਸਿੰਘ ਬਾਦਲ ਜਾਂ
ਅਮਰਿੰਦਰ ਸਿੰਘ ਦੀਆਂ ਹੀ ਬਸ ਦਿਨ ਰਾਤ ਗੱਲਾਂ ਹੁੰਦੀਆਂ ਹਨ? ਕਈ ਵਾਰੀ
ਇੰਜ ਮਹਿਸੂਸ ਹੁੰਦਾ ਹੈ ਕਿ ਅਸੀਂ ਕੈਨੇਡਾ ਵਿੱਚ ਆ ਕੇ ਵੀ ਥਰਡਵਰਲਡ
ਕੰਟਰੀ ਵਿੱਚ ਹੀ ਰਹਿ ਰਹੇ ਹਾਂ?
- ਬਿਲਕੁਲ ਠੀਕ ਹੈ ਤੁਹਾਡਾ ਇਹ ਕਥਨ. ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ
ਹਾਂ. ਉਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜਾ ਹੁਣ ਇੰਟਰਨੈੱਟ ਹੈ ਇਸਨੇ
ਪੰਜਾਬ ਨੂੰ ਸਾਡੇ ਹੋਰ ਵੀ ਵਧੇਰੇ ਨੇੜੇ ਲੈ ਆਂਦਾ ਹੈ. ਰੇਡੀਓ ਦਾ ਮੀਡੀਆ
ਹੈ, ਚਾਹੇ ਟੈਲੀਵੀਜ਼ਨ ਦਾ ਮੀਡੀਆ ਹੈ, ਅਖਬਾਰਾਂ ਇੰਟਰਨੈੱਟ ਉੱਤੇ ਪ੍ਰਾਪਤ
ਹਨ- ਅੰਗ੍ਰੇਜ਼ੀ ਵਿੱਚ ਜਿਵੇਂ ਅਸੀਂ ਯੈਲੋ ਜਰਨਲਿਜ਼ਮ ਵੀ ਕਹਿ ਦਿੰਦੇ
ਹਾਂ, ਇਹ ਸਭ ਉਸ ਦੀ ਮਿਸਾਲ ਹਨ. ਹਰ ਕਿਸੇ ਪਾਰਟੀ ਨੇ, ਕਿਸੇ-ਨ-ਕਿਸੇ,
ਮੀਡੀਆ ਗਰੁੱਪ ਨੂੰ ਖਰੀਦਿਆ ਹੋਇਆ ਹੈ. ਉਹ ਸਾਰਾ ਅਸੀਂ ਇਧਰ ਸੁਣਦੇ ਹਾਂ.
ਰੇਡੀਓ ਸਟੇਸ਼ਨਾਂ ਉੱਤੇ ਟਾਕ ਸ਼ੌਅਜ਼ ਵੀ ਹੁੰਦੇ ਹਨ. ਉਹ ਵੀ ਚਾਹੇ ਬਾਦਲ
ਨਾਲ ਜੁੜੇ ਹੋਏ ਹਨ, ਚਾਹੇ ਕੈਪਟਨ ਨਾਲ ਜੁੜੇ ਹੋਏ ਹਨ, ਕਮਿਊਨਿਸਟ ਲਹਿਰ
ਤਾਂ ਲਗਪਗ ਖਤਮ ਹੀ ਸਮਝੋ. ਉਨ੍ਹਾਂ ਦੇ ਬੁਲਾਰੇ ਇਧਰ ਬਹੁਤ ਥੋੜੇ ਹਨ -
ਜੇਕਰ ਹਨ ਤਾਂ ਉਨ੍ਹਾਂ ਦੀ ਆਵਾਜ਼ ਏਨੀ ਉੱਚੀ ਨਹੀਂ. ਸੋ ਇਸ ਕਰਕੇ ਪੰਜਾਬ
ਦੀ ਜਿਹੜੀ ਸਿਆਸੀ ਜਿ਼ੰਦਗੀ ਹੈ ਉਸਦਾ ਇਧਰ ਬਹੁਤ ਪ੍ਰਭਾਵ ਹੈ. ਪਰ ਇੱਕ
ਜਿਹੜੀ ਬੜੀ ਮਜ਼ੇਦਾਰ ਗੱਲ ਮੈਂ ਨੋਟ ਕੀਤੀ ਹੈ ਕਿ ਜਿਹੜੀ ਸਾਡੀ ਨੈਕਸਟ
ਜਨਰੇਸ਼ਨ ਹੈ ਉਹ ਇਸ ਸਿਆਸਤ ਬਾਰੇ ਬਿਲਕੁਲ ਕੁਝ ਨਹੀਂ ਜਾਣਦੇ. ਉਹ ਸਭ
ਆਪਣੀਆਂ ਨੌਕਰੀਆਂ ਨੂੰ ਮੁਖਾਤਬ ਹਨ- ਉਨ੍ਹਾਂ ਦੀ ਸੋਚ ਕੰਨਜ਼ੀਊਮਰ ਕਲਚਰ
ਵਾਲੀ ਹੈ. ਉਹ ਉਸੇ ਨੂੰ ਹੀ ਸਮਰਪਤ ਹਨ. ਕਿਉਂਕਿ ਆਪਣੀ ਜਿ਼ੰਦਗੀ ਕਾਮਿਯਾਬ
ਬਨਾਉਣੀ ਚਾਹੁੰਦੇ ਹਨ. ਹਾਂ, ਸ਼ਾਇਰ, ਜਿਹੜੇ ਹਿੰਦੁਸਤਾਨ ਦੇ ਕਿਸੀ ਸਿਆਸੀ
ਧੜੇ ਨਾਲ ਜੁੜੇ ਹੋਏ ਹਨ - ਉਹ ਏਧਰ ਆ ਕੇ ਉਨ੍ਹਾਂ ਦੇ ਧੂਤਰੂ ਬਣ ਗਏ.
ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸਮੇਲਨ ਹੋ
ਰਹੇ ਹਨ. ਪਰ ਉਨ੍ਹਾਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਗੱਲਬਾਤ
ਤਕਰੀਬਨ ਨ ਹੋਣ ਵਰਗੀ ਹੀ ਹੁੰਦੀ ਹੈ. ਕੀ ਇਹ ਗੱਲਾਂ ਕੈਨੇਡਾ ਦੇ ਪੰਜਾਬੀ
ਸਾਹਿਤ ਲਈ ਨੁਕਸਾਨਦਾਇਕ ਨਹੀਂ?
- ਬਿਲਕੁਲ ਹਾਂ. ਇਹ ਜਿੰਨੇ ਵੀ ਵਿਸ਼ਵ ਪੰਜਾਬੀ ਸਮੇਲਨ ਹੋ ਰਹੇ ਹਨ
ਉਨ੍ਹਾਂ ਦੇ ਪ੍ਰਬੰਧਕਾਂ ਦਾ ਆਪਣਾ ਆਪਣਾ ਏਜੰਡਾ ਹੁੰਦਾ ਹੈ ਅਤੇ ਇਨ੍ਹਾਂ
ਨਾਲ ਕੁਝ ਬਦਨਾਮ ਘਟਨਾਵਾਂ ਜੁੜੀਆਂ ਹੋਈਆਂ ਹਨ. ਮੈਂ ਆਪਣੀ ਜਿ਼ੰਦਗੀ ਵਿੱਚ
ਸਿਰਫ 1 ਵਿਸ਼ਵ ਸਮੇਲਨ ਵਿੱਚ ਸ਼ਾਮਿਲ ਹੋਇਆ ਹਾਂ. 1995 ਵਿੱਚ ਸ਼ਾਇਦ
ਹੋਇਆ ਸੀ ਮਿਲਵਾਕੀ ਵਿੱਚ. ਉਦੋਂ ਬੜੀਆਂ ਗੱਲਾਂ ਉੱਡੀਆਂ ਕਿ ਬਹੁਤ ਸਾਰੇ
ਕਬੂਤਰ ਅਮਰੀਕਾ ਲਿਆਂਦੇ ਗਏ ਹਨ. ਕੁਝ ਲੋਕ ਕਹਿੰਦੇ ਰਹੇ ਕਿ ਗੈਸਪੰਪਾਂ
ਵਾਲਾ ਕੋਈ ਅਮਰੀਕਾ ਦਾ ਪੰਜਾਬੀ ਸਰਮਾਇਦਾਰ ਹੈ ਉਸ ਨੇ ਵੀ ਆਪਣੇ ਬਹੁਤ
ਬੰਦੇ ਮੰਗਾ ਲਏ. ਕਬੂਤਰਬਾਜ਼ੀ ਹੁਣ ਬਹੁਤ ਸ਼ੁਰੂ ਹੋ ਗਈ ਹੈ. ਇਹ ਹੁਣ ਬਸ
ਸਾਹਿਤ ਦਾ ਬਿਜ਼ਨਸ ਬਣ ਕੇ ਰਹਿ ਗਿਆ ਹੈ. ਬਸ ਮਖੌਲ ਬਣਕੇ ਰਹਿ ਗਿਆ ਹੈ.
ਕੋਈ ਪਰਚਾ ਪੂਰਾ ਨਹੀਂ ਪੜ੍ਹਿਆ ਜਾਂਦਾ. ਉਹ ਕਹਿ ਦਿੰਦੇ ਹਨ ਬਈ ! ਤੁਸੀਂ
ਇਸਦੀ ਸਮਰੀ ਦੱਸੋ. ਵਿਸ਼ਵ ਸਮੇਲਨ ਕਰਨ ਲੱਗੇ ਹੋ ਪਰਚੇ ਅਡਵਾਂਸ ਵਿੱਚ
ਭੇਜੋ. ਮੁੱਖ ਬੁਲਾਰੇ ਨਿਯੁਕਤ ਕਰੋ. ਬਹਿਸ ਕਰਵਾਉ. ਫੇਰ ਆਮ ਲੋਕਾਂ ਨੂੰ
ਸੱਦਾ ਦਿਓ ਕਿ ਬਹਿਸ ਵਿੱਚ ਸ਼ਾਮਿਲ ਹੋਵੋ. ਕੋਈ ਗੱਲ ਨਹੀਂ ਹੋ ਰਹੀ. ਕੋਈ
ਮਸਲਾ ਹੱਲ ਨਹੀਂ ਹੋ ਰਿਹਾ. ਕਿਸੇ ਦੀ ਨੌਕਰੀ ਦਾ ਸਵਾਲ ਹੈ, ਕੋਈ
ਯੂਨੀਵਰਸਿਟੀ ਵਿੱਚ ਲੱਗਾ ਹੈ. ਕੋਈ ਆਪਣੇ ਆਪ ਨੂੰ ਸਿਆਸੀ ਤੌਰ ਉੱਤੇ
ਪਰਮੋਟ ਕਰਨਾ ਚਾਹੁੰਦਾ ਹੈ. ਕੋਈ ਬਿਜ਼ਨਸ ਦੇ ਤੌਰ ਉੱਤੇ ਵਿਸ਼ਵ ਸਮੇਲਨ
ਚਲਾਣਾ ਚਾਹੁੰਦਾ ਹੈ. ਰੌਲਾ-ਰੱਪਾ, ਕਨਫੀਊਜ਼ਨ ਵਾਲੀ ਸਥਿਤੀ ਹੈ....
ਅੱਜ ਕੱਲ੍ਹ ਫੇਸਬੁੱਕ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਚੁੱਕਾ
ਹੈ. ਪਰ ਇਹ ਮਾਧਿਅਮ ਕਈ ਤਰ੍ਹਾਂ ਨਾਲ ਨੁਕਸਾਨ ਵੀ ਕਰ ਰਿਹਾ ਹੈ. ਫੇਸਬੁੱਕ
ਉੱਤੇ ਲੱਗੀਆਂ ਹੋਈਆਂ ਬੜੀ ਮਾਮੂਲੀ ਪੱਧਰ ਦੀਆਂ ਕੁਝ ਨਜ਼ਮਾਂ ਜਿਨ੍ਹਾਂ
ਨਾਲ ਕਿਸੀ ਔਰਤ ਦੀ ਸੋਹਣੀ ਜਿਹੀ ਮੂਰਤ ਲੱਗੀ ਹੋਵੇ ਤਾਂ ਉਸ ਨੂੰ
ਧੜੇਬੰਦੀਆਂ ਵਿੱਚ ਪੈ ਕੇ ਕੁਝ ਲੋਕ 300-400 ਤੱਕ ਕੁਮੈਂਟ ਲਗਾ ਕੇ ਝੂਠੀ
ਤਾਰੀਫ ਦੇ ਵਰਕ ਲਗਾ ਦਿੰਦੇ ਹਨ. ਪਰ ਕਿਸੀ ਚੰਗੀ ਰਚਨਾ ਨੂੰ ਇਸ ਧੜੇਬੰਦੀ
ਕਾਰਨ 10 ਚੰਗੇ ਕੁਮੈਂਟ ਵੀ ਨਹੀਂ ਮਿਲਦੇ? ਜਿਸ ਕਾਰਨ ਫੇਸਬੁੱਕ ਉੱਤੇ
ਬਹੁਤ ਗਾਰਬਿਜ ਕਿਸਮ ਦਾ ਪੰਜਾਬੀ ਸਾਹਿਤ ਵੀ ਪਰਮੋਟ ਹੋ ਰਿਹਾ ਹੈ. ਅਜਿਹੇ
ਸਾਹਿਤਕ ਭਰਿਸ਼ਟਾਚਾਰ ਬਾਰੇ ਤੁਸੀਂ ਕਿਵੇਂ ਸੋਚਦੇ ਹੋ?
- ਤੁਸੀਂ ਬਿਲਕੁਲ ਠੀਕ ਆਖਿਆ ਹੈ. ਮੈਂ ਫੇਸਬੁੱਕ ਦਾ ਐਕਟਵ ਕਾਂਟਰੀਬੀਊਟਰ
ਹਾਂ. ਇਸਦਾ ਇੱਕੋ ਹੀ ਫਾਇਦਾ ਇਹ ਹੈ ਕਿ ਜਿਨ੍ਹਾਂ ਨੂੰ ਤੁਹਾਡੀ ਸ਼ਾਇਰੀ
ਵਿੱਚ ਦਿਲਚਸਪੀ ਹੈ, ਉਹ ਤੁਹਾਨੂੰ ਜ਼ਰੂਰ ਪੜ੍ਹਦੇ ਹਨ. ਦੋ, ਚਾਰ, ਕੁਮੈਂਟ
ਵੀ ਲਿਖਣਗੇ. ਕੋਈ ਨਜ਼ਮ ਉਨ੍ਹਾਂ ਦੇ ਪੱਲੇ ਪੈ ਗਈ ਤਾਂ. ਉਸ ਨਜ਼ਮ ਬਾਰੇ
ਉਨ੍ਹਾਂ ਦੇ 50-60 ਕੁਮੈਂਟ ਵੀ ਆਏ. ਲੇਕਿਨ, ਜਿਹੜੀ ਕੋਈ ਬੌਧਿਕ
ਇੰਟਲੈਕਚੂਅਲ ਚੀਜ਼ ਹੈ ਉਸ ਨੂੰ ਪੜ੍ਹ ਕੇ ਪਾਠਕ ਖੁਸ਼ ਨਹੀਂ ਹੋ ਰਿਹਾ.
ਬਹੁਤ ਹੀ ਹਲਕੀ ਕਿਸਮ ਦੀਆਂ ਚੀਜ਼ਾਂ, ਪਰਾਪੇਗੰਡਾ ਵਾਲਾ ਸਾਹਿਤ ਆਦਿ. ਇਹ
ਲੋਕ ਆਪਣੀ ਨਜ਼ਮ ਨੂੰ ਪ੍ਰਚਲਿਤ ਕਰਨ ਲਈ ਨਜ਼ਮ ਦੇ ਨਾਲ ਖੂਬਸੂਰਤ ਔਰਤਾਂ
ਦੀਆਂ ਤਸਵੀਰਾਂ ਲਗਾ ਕੇ ਜਾਂ ਕੋਈ ਹੋਰ ਤਸਵੀਰਾਂ ਲਗਾ ਕੇ ਉਸ ਨੂੰ ਆਈ
ਕੈਚਿੰਗ ਬਨਾਉਂਦੇ ਹਨ. ਜਦੋਂ ਤੁਸੀਂ ਉਸ ਨਜ਼ਮ ਨੂੰ ਪੜ੍ਹਦੇ ਹੋ ਤਾਂ ਉਸ
ਵਿੱਚ ਹੁੰਦਾ ਹੀ ਕੱਖ ਨਹੀਂ. ਇਹ ਦੋ ਧਾਰੀ ਚਾਕੂ ਹੈ. ਇਹ ਤੁਹਾਡੀ ਪੈਨਸਿਲ
ਨੂੰ ਤਿੱਖਾ ਵੀ ਕਰ ਸਕਦਾ ਹੈ ਕੱਟ ਵੀ ਸਕਦਾ ਹੈ. ਜਿਹੜੀਆਂ ਜੈਨੂਅਨ
ਰਚਨਾਵਾਂ ਹਨ ਜਿਵੇਂ ਅਫਜ਼ਲ ਅਹਿਸਨ ਰੰਧਾਵਾ ਹੈ, ਕੁਝ ਹੋਰ ਲੋਕ ਵੀ ਹਨ
ਜਿਨ੍ਹਾਂ ਦੀਆਂ ਰਚਨਾਵਾਂ ਫੇਸਬੁੱਕ ਉੱਤੇ ਛਪ ਰਹੀਆਂ ਹਨ. ਤੁਹਾਡੀਆਂ
ਰਚਨਾਵਾਂ ਵੀ ਹਨ. ਮੈਂ ਵੀ ਆਪਣੀ ਸਵੈ ਜੀਵਨੀ ਫੇਸਬੁੱਕ ਉੱਤੇ ਲਗਾਈ ਸੀ.
ਵਰਿਅਮ ਸਿੰਘ ਸੰਧੂ ਨੇ ਆਪਣੀ ਸਵੈ ਜੀਵਨੀ ਲਗਾਈ ਸੀ. ਇਹੋ ਜਿਹੀਆਂ ਜੈਨੂਅਨ
ਚੀਜ਼ਾਂ ਵੀ ਆ ਰਹੀਆਂ ਹਨ. ਲੋਕ ਨਾਥ ਦੀਆਂ ਕੁਝ ਚੀਜ਼ਾਂ ਵੀ ਪੜ੍ਹੀਆਂ ਹਨ.
ਪਰ ਬਹੁਤਾ, 90-95% ਟਰੈਸ਼ ਛਪ ਰਿਹਾ ਹੈ. ਲੋਕ ਸਸਤੀ ਸ਼ੌਹਰਤ ਲਈ
ਫੇਸਬੁੱਕ ਮੀਡੀਆ ਨੂੰ ਵਰਤ ਰਹੇ ਹਨ.
ਕੈਨੇਡਾ ਵਿੱਚ ਇਸ ਵੇਲੇ ਵੱਡੀ ਗਿਣਤੀ ਵਿੱਚ ਪੰਜਾਬੀ ਸਾਹਿਤ ਦੇ
ਪਾਠਕ ਰਹਿ ਰਹੇ ਹਨ. ਪਰ ਕੈਨੇਡਾ ਦੇ ਕਿਸੀ ਵੀ ਪ੍ਰਾਂਤ ਵਿੱਚ ਅਜੇ ਤੱਕ
ਕੈਨੇਡਾ ਦੇ ਪੰਜਾਬੀ ਲੇਖਕਾਂ ਦੀਆਂ ਪੰਜਾਬੀ ਪੁਸਤਕਾਂ ਖ੍ਰੀਦਣ / ਵੇਚਣ
ਵਾਲਾ ਅਦਾਰਾ ਸਥਾਪਤ ਨਹੀਂ ਹੋ ਸਕਿਆ. ਜੋ ਕਿ ਹਰ ਕੈਨੇਡੀਅਨ ਪੰਜਾਬੀ ਲੇਖਕ
ਦੀ ਪੰਜਾਬੀ ਵਿੱਚ ਛਪੀ ਨਵੀਂ ਪੁਸਤਕ ਦੀਆਂ ਘੱਟ ਤੋਂ ਘੱਟ 100 ਪੁਸਤਕਾਂ
ਹੀ ਖ੍ਰੀਦ / ਵੇਚ ਸਕਦਾ ਹੋਵੇ? ਇਹ ਮਸਲਾ ਕਿਵੇਂ ਨਜਿੱਠਿਆ ਜਾ ਸਕਦਾ ਹੈ?
- ਇਸ ਲਈ ਲਾਮਬੰਦੀ ਕਰਨੀ ਪਵੇਗੀ. ਬੁੱਕਫੇਅਰ ਲਗਾਣੇ ਪੈਣਗੇ. ਕੋਈ ਹਿੰਮਤ
ਵਾਲਾ ਬੰਦਾ ਉੱਠੇ ਅਤੇ ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਵੈਨ
ਵਿੱਚ ਪਾ ਕੇ ਜਾਂ ਕੋਈ ਵੀ ਤਰੀਕਾ ਵਰਤ ਕੇ ਉਹ ਘੁੰਮੇ. ਹੁਣ ਇੱਕ ਮਿਸਾਲ
ਹੈ ਚੇਤਨਾ ਪ੍ਰਕਾਸ਼ਨ ਵਾਲੇ ਦੀ. ਉਹ ਹਰ ਸਾਲ ਆ ਕੇ ਆਪਣਾ ਪੁਸਤਕ ਮੇਲਾ
ਲਗਾਂਦਾ ਹੈ ਵੈਨਕੂਵਰ, ਕੈਲਗਰੀ, ਟੋਰਾਂਟੋ ਵਿੱਚ ਵੀ. ਉਹ ਬਿਜ਼ਨਸ ਪੁਆਇੰਟ
ਆਫ ਵਿਊ ਨਾਲ ਬਹੁਤ ਕਾਮਿਯਾਬ ਹੈ. ਇਸ ਤਰ੍ਹਾਂ ਜੇਕਰ ਸਾਡੀ ਕੋਈ ਸਭਾ
ਕੁਰਸੀ ਦੌੜ ਛੱਡ ਕੇ ਇਸ ਪਾਸੇ ਧਿਆਨ ਦੇਵੇ ਤਾਂ ਮੈਂ ਕਹਿੰਦਾ ਹਾਂ ਕਿ
ਸਾਡਾ ਇਕ ਸਭ ਤੋਂ ਵੱਡਾ ਮਸਲਾ ਹੱਲ ਹੋ ਜਾਏ ਕਿ ਸਾਡੀ ਰੀਡਰਸਿ਼ਪ ਇਧਰ ਹੀ
ਪੈਦਾ ਹੋ ਜਾਵੇ. ਮੈਂ ਤੁਹਾਨੂੰ ਦਾਦ ਦੇਣੀ ਚਾਹੁੰਦਾ ਹਾਂ. ਇਸ ਗੱਲ ਦੀ ਕਿ
ਤੁਹਾਡਾ ਪਬਲੀਕੇਸ਼ਨ ਦੇ ਨਾਲ ਜੁੜਿਆ ਹੋਇਆ ਹੈ ਆਲੋਚਨਾ ਦਾ ਮਸਲਾ - ਪਰਮੋਟ
ਕਿਵੇਂ ਕਰਨਾ. ਤੁਸੀਂ ਪਹਿਲ ਕੀਤੀ ਹੈ - ਕੈਨੇਡੀਅਨ ਪੰਜਾਬੀ ਸਾਹਿਤ ਬਾਰੇ
- ਤੁਸੀਂ ਭਾਵੇਂ ਇੱਕ ਇੱਕ ਕਿਤਾਬ ਹੀ ਲਈ ਹੈ - ਡੀਟੇਲਡ ਚਰਚਾ ਕਰਕੇ
ਇਸਨੂੰ ਇੱਕ ਰੈਫਰੈਂਸ ਬੁੱਕ ਬਣਾ ਦਿੱਤਾ ਹੈ. ਇਸ ਨਾਲ ਘੱਟ ਤੋਂ ਘੱਟ
ਇੰਡੀਆ ਵਿੱਚ ਅਤੇ ਹੋਰਨਾਂ ਦੇਸ਼ਾਂ ਵਿੱਚ ਜੋ ਲੋਕ ਬੈਠੇ ਹਨ - ਉਨ੍ਹਾਂ
ਨੂੰ ਇਹ ਪਤਾ ਲੱਗ ਰਿਹਾ ਕਿ ਕੈਨੇਡਾ ਵਿੱਚ ਏਨੇ ਕੁ ਜੈਨੂਅਨ ਪੰਜਾਬੀ ਲੇਖਕ
ਹਨ. ਜਿਨ੍ਹਾਂ ਬਾਰੇ ਸੁਖਿੰਦਰ ਨੇ ਲਿਖਿਆ ਅਤੇ ਇਹ ਲਿਖਿਆ. ਇੱਕ ਰਾਇ ਬਣਾਈ
ਹੈ. ਗੱਲ ਨੂੰ ਅੱਗੇ ਤੋਰਨ ਦੀ ਲੋੜ ਹੈ. ਇੱਕ ਤਾਂ ਇਸ ਨੂੰ ਅੱਗੇ ਤੋਰੀਏ.
ਇਸੇ ਤਰ੍ਹਾਂ ਇਸ ਲਹਿਰ ਨੂੰ ਪੰਜਾਬੀ ਪੁਸਤਕਾਂ ਦੀ ਵਿਕਰੀ ਨਾਲ ਜੋੜੀਏ
ਕਿਸੇ ਤਰ੍ਹਾਂ. ਤੁਸੀਂ ‘ਸੰਵਾਦ’ ਨਾਲ ਬਹੁਤ ਯਤਨ ਕਰ ਰਹੇ ਹੋ. ਪੰਜਾਬੀ
ਕਿਤਾਬਾਂ ਬਾਰੇ ਵੀ ਇਸ਼ਤਿਹਾਰਬਾਜ਼ੀ ਵੀ ਕਰਦੇ ਹੋ. ਉਨ੍ਹਾਂ ਦੇ ਰੀਵੀਊ ਵੀ
ਕਰਦੇ ਹੋ - ਪੰਜਾਬੀ ਲਿਖਾਰੀਆਂ ਨਾਲ ਮੁਲਾਕਾਤਾਂ ਵੀ ਛਾਪਦੇ ਹੋ. ਇਹ ਇੱਕ
ਅੱਛਾ ਕਦਮ ਹੈ. ਮੈਂ ਸਮਝਦਾ ਹਾਂ ਕਿ ਹੌਲੀ ਹੌਲੀ ਜੇ ਇਹ ਯਤਨ ਜਾਰੀ ਰਹਿਣ
ਤਾਂ ਕਿਸੇ ਵੇਲੇ ਕੈਨੇਡਾ ਵਿੱਚ ਕੋਈ ਐਸੀ ਸੰਸਥਾ ਪੈਦਾ ਹੋਣ ਦੀ ਸਭਾਵਨਾ
ਹੈ - ਜੋ ਕੈਨੇਡਾ ਵਿੱਚ ਕੈਨੇਡਾ ਦੇ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਦੀ
ਵਿਕਰੀ ਦਾ ਜੋ ਕੰਮ ਹੈ ਉਹ ਉਸਨੂੰ ਸੰਭਾਲ ਸਕੇ.
ਇੱਕ ਪਾਸੇ ਹਰ ਦਿਨ ਪੰਜਾਬੀ ਜ਼ੁਬਾਨ ਦੇ ਮਰ-ਮੁੱਕ ਜਾਣ ਬਾਰੇ
ਸ਼ੰਕੇ ਜ਼ਹਿਰ ਕੀਤੇ ਜਾ ਰਹੇ ਹਨ. ਦੂਜੇ ਪਾਸੇ ਕੈਨੇਡਾ ਦਾ ਵਧੇਰੇ ਪੰਜਾਬੀ
ਮੀਡੀਆ ਆਪਣੇ ਆਪ ਨੂੰ ਖਬਰਾਂ ਪ੍ਰਸਾਰਤ / ਪ੍ਰਕਾਸਿ਼ਤ ਕਰਨ ਜਾਂ ਧਾਰਮਿਕ
ਅਦਾਰਿਆਂ ਦੀਆਂ ਸਿਫਤਾਂ ਕਰਨ ਤੱਕ ਹੀ ਸੀਮਤ ਕਰ ਰਿਹਾ ਹੈ. ਕੈਨੇਡੀਅਨ
ਪੰਜਾਬੀ ਸਾਹਿਤ ਦੀ ਪੇਸ਼ਕਾਰੀ ਨਾਮ ਮਾਤਰ ਹੀ ਕਰ ਰਿਹਾ ਹੈ. ਕੈਨੇਡੀਅਨ
ਪੰਜਾਬੀ ਮੀਡੀਏ ਦੇ ਅਜਿਹੇ ਵਰਤਾਓ ਬਾਰੇ ਤੁਸੀਂ ਕਿਵੇਂ ਸੋਚਦੇ ਹੋ?
- ਕੈਨੇਡੀਅਨ ਪੰਜਾਬੀ ਮੀਡੀਆ ਬੇਸੀਕਲੀ ਕਨਜ਼ੀਊਮਰ ਕਲਚਰ ਦਾ ਹਿੱਸਾ ਹੈ.
ਉਹ ਦੇਖਦੇ ਹਨ ਕਿ ਵਿਕਦਾ ਕੀ ਹੈ. ਭਾਰਤ ਵਿੱਚ ਇਸ ਵੇਲੇ ਭਖਦਾ ਮਸਲਾ ਕੀ
ਹੈ. ਉਨ੍ਹਾਂ ਦਾ ਸਾਹਿਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ. ਉਹ ਕਿਸੇ
ਸਾਹਿਤਕਾਰ ਨਾਲ ਮੁਲਾਕਾਤ ਕਰਦੇ ਹਨ. ਉਹ ਜਿਵੇਂ ਕਹਿੰਦੇ ਹਨ ਕਿ ਜਿਵੇਂ
ਤੁਸੀਂ ਮਿੱਠਾ ਖਾਈ ਜਾਓ ਤਾਂ ਸਵਾਦ ਠੀਕ ਕਰਨ ਲਈ ਤੁਸੀਂ ਥੋੜੀ ਜਿਹੀ ਮਿਰਚ
ਖਾ ਲਓ. ਟੇਸਟ ਬਦਲ ਜਾਂਦਾ ਹੈ. ਟੇਸਟ ਬਦਲਣ ਲਈ ਵਿੱਚ ਵਿੱਚ ਕੋਈ
ਸਾਹਿਤਕਾਰ ਨੂੰ ਲੈ ਆਉਂਦੇ ਹਨ. ਮੀਡੀਆ ਬਹੁਤ ਵੱਡਾ ਰੋਲ ਨਿਭਾਹ ਸਕਦਾ ਹੈ.
ਮੀਡੀਆ ਵਿੱਚ ਕੋਈ ਸਾਹਿਤਕ ਮੈਗਜ਼ੀਨ ਕਿਸਮ ਦਾ ਪ੍ਰੋਗਰਾਮ ਪੇਸ਼ ਕੀਤਾ ਜਾ
ਸਕਦਾ ਹੈ. ਰੇਡੀਓ ਮੀਡੀਆ ਹੈ, ਟੀਵੀ ਮੀਡੀਆ ਹੈ, ਪ੍ਰਿੰਟ ਮੀਡੀਆ ਹੈ...ਇਸ
ਵਿੱਚ ਇੱਕ ਪਰਮਾਨੈਂਟ ਫੀਚਰ ਬਣ ਜਾਵੇ. ਸਾਹਿਤ ਦੇ ਝਰੋਖੇ ‘ਚੋਂ ਜਾਂ
ਸਾਹਿਤ ਬਾਰੇ. ਤੁਹਾਨੂੰ ਯਾਦ ਹੋਵੇਗਾ ਕਿ ‘ਹਿੰਦੁਸਤਾਨ ਟਾਈਮਜ਼’ ਵਿੱਚ
ਜਾਂ ‘ਟਾਈਮਜ਼ ਆਫ ਇੰਡੀਆ’ ਵਿੱਚ ਜਾਂ ‘ਟਰੀਬਿਊਨ’ ਵਿੱਚ ਵੀ ਕਰਤਾਰ ਸਿੰਘ
ਦੁੱਗਲ ਵਰਗੇ ਬੰਦੇ ‘ਫਰਾਮ ਮਾਈ ਬੁੱਕ ਸ਼ੈਲਫ’ ਕਾਲਮ ਲਿਖਦੇ ਸਨ -
ਕਿਤਾਬਾਂ ਬਾਰੇ. ਬੜੀਆਂ ਚੋਣਵੀਆਂ ਕਿਤਾਬਾਂ ਬਾਰੇ ਉਹ ਬੜੀ ਆਥੈਂਟਿਕ ਚਰਚਾ
ਕਰਦੇ ਹੁੰਦੇ ਸਨ. ਇਸ ਤਰ੍ਹਾਂ ਦੀ ਕੋਈ ਗੱਲ ਬਣ ਜਾਏ. ਮੀਡੀਆ ਸਾਡੇ
ਸਾਹਿਤ, ਸਭਿਆਚਾਰ, ਬੋਲੀ ਬਾਰੇ, ਕੋਈ ਪੋਜ਼ੀਟਿਵ ਰੋਲ ਅਦਾ ਕਰ ਸਕਦਾ ਹੈ.
ਰਵਿੰਦਰ ਰਵੀ, ਮੁਲਾਕਾਤ ਦੇ ਅੰਤ ਉੱਤੇ ਕੋਈ ਹੋਰ ਗੱਲ ਕਹਿਣੀ ਚਾਹੋ
ਤਾਂ ਜ਼ਰੂਰ ਕਹੋ?
- ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਮੈਂ ਪੰਜਾਬੀ ਦਾ ਇੱਕੋ ਇੱਕ
ਅਜਿਹਾ ਕਾਵਿ-ਨਾਟਕਕਾਰ ਹਾਂ - ਮੈਂ ਅਜੇ ਤੱਕ 12 ਕਾਵਿ ਨਾਟ ਲਿਖੇ ਹਨ ਅਤੇ
ਅੱਜ ਕੱਲ੍ਹ ਮੇਰਾ 13ਵਾਂ ਕਾਵਿ ਨਾਟ ਛਪ ਰਿਹਾ ਹੈ. ਇਨ੍ਹਾਂ ਵਿੱਚੋਂ 11
ਕਾਵਿ ਨਾਟ ਖੇਡੇ ਜਾ ਚੁੱਕੇ ਹਨ. ਮੇਰਾ ਅੱਜ ਤੋਂ 41 ਸਾਲ ਪਹਿਲਾਂ 1974
ਵਿੱਚ ਲਿਖਿਆ ਕਾਵਿ ਨਾਟ ‘ਬੀਮਾਰ ਸਦੀ’ 6 ਸਤੰਬਰ ਨੂੰ ਸ਼ਾਮ ਦੇ 6 ਵਜੇ
ਵਿਰਸਾ ਵਿਹਾਰ - ਕਰਤਾਰ ਸਿੰਘ ਦੁੱਗਲ ਐਡੀਟੋਰੀਅਮ, ਅੰਮ੍ਰਿਤਸਰ, ਪੰਜਾਬ,
ਇੰਡੀਆ, ਵਿੱਚ ਪੰਜਾਬੀ ਦਾ ਨਵਯੁਵਕ ਅਤੇ ਪ੍ਰਸਿੱਧ ਰੰਗਕਰਮੀ ਕੀਰਤੀ
ਕ੍ਰਿਪਾਲ ਖੇਡ ਰਿਹਾ. ਮੈਨੂੰ ਬਹੁਤ ਖੁਸ਼ੀ ਹੋਈ ਕਿ 20ਵੀਂ ਸਦੀ ਦਾ ਨਾਟਕ
41 ਸਾਲ ਬਾਹਦ ਸਜੀਵ ਹੋ ਰਿਹਾ ਹੈ. ਸਾਰੇ ਭਾਰਤ ਦੇ ਜਿੰਨੇ ਪੰਜਾਬੀ ਦੇ
ਕਾਵਿ ਨਾਟਕਕਾਰ ਹਨ ਉਨ੍ਹਾਂ ਸਾਰਿਆਂ ਨੂੰ ਰਲਾ ਕੇ ਉਨ੍ਹਾਂ ਦੇ ਇੰਨੇ
ਕਾਵਿ-ਨਾਟ ਨਹੀਂ ਖੇਡੇ ਗਏ ਜਿੰਨੇ ਇਕੱਲੇ ਮੇਰੇ ਕਾਵਿ ਨਾਟ ਖੇਡੇ ਗਏ ਹਨ.
ਇਸੇ ਤਰ੍ਹਾਂ ਮੈਂ ਇਹ ਗੱਲ ਵੀ ਕਰਨੀ ਚਾਹੁੰਦਾ ਹਾਂ ਕਿ ਮੈਂ ਆਪਣੇ 13ਵੇਂ
ਕਾਵਿ-ਨਾਟ ‘ਆਪੋ ਆਪਣੇ ਦਰਿਆ’ ਵਿੱਚ ਸਭ ਤੋਂ ਵੱਡੀ ਗੱਲ ਇਹ ਕਹਿਣ ਦੀ
ਕੋਸਿ਼ਸ਼ ਕੀਤੀ ਹੈ ਕਿ ਵੱਖ ਵੱਖ ਜਿਹੜੀਆਂ ਵਿਚਾਰਧਾਰਾਵਾਂ ਹਨ ਉਨ੍ਹਾਂ ਨੇ
ਆਪੋ ਆਪਣਾ ਘੇਰਾ ਬਣਾਇਆ ਹੈ. ਸਮੇਂ ਦੇ ਪਾਣੀਆਂ ‘ਚ. ਉਹ ਇੱਕ ਤਰ੍ਹਾਂ ਦੀ
ਸਹਿਹੋਂਦ ਵਿੱਚ ਰਹਿ ਰਹੇ ਹਨ. ਇਹ ਇੱਕ ਅਜਿਹੀ ਸਥਿਤੀ ਹੈ ਜਿੱਥੇ ਕੋਈ
ਡਸਿਪਲਨ ਨਹੀਂ. ਜਿਵੇਂ 1915-16 ਦਾ ਸਾਹਿਤ ਚੁੱਕ ਲਓ. ਜਦੋਂ ਕੋਈ ਇੱਕ
ਦਿਸ਼ਾ ਨਹੀਂ ਸੀ.....ਰੋਮਾਂਸਵਾਦੀ ਪ੍ਰਗਤੀਵਾਦੀ ਧਾਰਾ 1935 ਵਿੱਚ
ਅੰਗਰੇਜ਼ੀ ਵਿੱਚ ਚੱਲੀ, ਪੰਜਾਬੀ ਵਿੱਚ ਵੀ ਆ ਗਈ, ਉਰਦੂ ਵਿੱਚ ਵੀ ਚੱਲੀ.
ਉਦੋਂ ਇੱਕ ਕਨਫਲਿਕਟ ਸੀ. ਇਨਕਲਾਬ ਦਾ ਨਾਹਰਾ ਸੀ. ਰੂਸ ਵਿੱਚ ਜਿਹੜਾ
ਇਨਕਲਾਬ ਆਇਆ ਉਸਦਾ ਬਹੁਤ ਵੱਡਾ ਪ੍ਰਭਾਵ ਸੀ. ਹਰ ਕੋਈ ਚਾਹੁੰਦਾ ਸੀ ਕਿ
ਅਸੀਂ ਆਪਣੇ ਸਮਾਜ ਵਿੱਚ ਇਨਕਲਾਬ ਲੈ ਕੇ ਆਈਏ. ਫੈਜ਼ ਅਹਿਮਦ ਫੈਜ਼ ਲੈ ਲਓ,
ਪ੍ਰੋ. ਮੋਹਨ ਸਿੰਘ ਲੈ ਲਓ, ਅੰਮ੍ਰਿਤਾ ਪ੍ਰੀਤਮ ਲੈ ਲਓ. ਇਨ੍ਹਾਂ ਲੋਕਾਂ
ਨੇ ਜਿਹੜੀ ਜਿ਼ੰਦਗੀ ਜੀਵੀ ਉਹ ਕੁਝ ਹੋਰ ਸੀ ਜਿਹੜਾ ਸਾਹਿਤ ਰਚਿਆ ਉਹ ਕੁਝ
ਹੋਰ ਸੀ. ਫਰਜ਼ ਕਰ ਕੇ ਲਿਖਿਆ. ਪ੍ਰੋ. ਮੋਹਨ ਸਿੰਘ ਉਤਲੀ ਮੱਧ-ਸ਼੍ਰੇਣੀ
ਦਾ ਬੰਦਾ - ਮਹਾਨ ਸ਼ਾਇਰ ਹੈ. ਬਹੁਤ ਵਧੀਆ ਲਿਖਿਆ ਹੈ. ਲੇਕਿਨ ਜਿਹੜੀ
ਜ਼ਾਤੀ ਜਿ਼ੰਦਗੀ ਹੈ - ਮੁਰਗਾ ਛਕਣਾ, ਵਿਸਕੀ ਪੀਣੀ ਅਤੇ ਇਨਕਲਾਬ ਦੀਆਂ
ਗੱਲਾਂ ਕਰਨੀਆਂ. ਉਹ ਮਜ਼ਦੂਰ ਕਿਸਾਨ ਜਿਹੜਾ ਦੋ ਵਕਤ ਦੀ ਰੋਟੀ ਨਹੀਂ ਖਾਹ
ਸਕਦਾ - ਉਹਦੇ ਨਾਲ ਕਿਵੇਂ ਮੇਲ ਖਾਂਦੀਆਂ ਹਨ? ਜਦੋਂ ਮੈਂ 1955 ਵਿੱਚ
ਲਿਖਣਾ ਸ਼ੁਰੂ ਕੀਤਾ ਅਤੇ ਪ੍ਰਯੋਗਸ਼ੀਲ ਲਹਿਰ ਵਿੱਚ ਸਰਗਰਮ ਹੋ ਗਿਆ ਕਿ
ਜਿਵੇਂ ਜੀਵੋ ਤਿਵੇਂ ਲਿਖੋ. ਮੇਰੇ ਸਾਹਵੇਂ ਇੱਕੋ ਲਖਸ਼ ਸੀ - ਮੇਰਾ ਇਹ
ਸਿਧਾਂਤ. ਮੈਂ ਅਪਣੀ ਪੁਸਤਕ ‘ਮੋਨ ਹਾਦਸੇ’ ਵਿੱਚ 1967 ਵਿੱਚ ਲਿਖਿਆ ਸੀ
‘ਰਚਨਾ ਰਚਨਹਾਰੇ ਦਾ / ਸਿਰਜਨਾਤਮਕ ਆਪਾ ਹੁੰਦੀ ਹੈ / ਤੇ ਸੁਹਿਰਦ ਅਨੁਭਵ
/ ਉਸਦੀ ਰੀੜ ਦੀ ਹੱਡੀ’. ਸਾਡੀ ਸ਼ਾਇਰੀ ਦੰਭ ਦੀ ਸ਼ਾਇਰੀ ਦਾ ਵਿਰੋਧ ਕਰਨ
ਵਾਲੀ ਸ਼ਾਇਰੀ ਸੀ. ਪ੍ਰੋ. ਮੋਹਨ ਸਿੰਘ ਇੱਕ ਜਗਾਹ ਲਿਖਦਾ ਹੈ ‘ਤਾਂਬੇ ਦਾ
ਅਸਮਾਨ ਬਣਸੀ, ਧਰਤ ਬਣਸੀ ਲੋਹੇ ਦੀ’. ਨ ਤਾਂ ਕਦੀ ਧਰਤ ਲੋਹੇ ਦੀ ਬਣੀ, ਨ
ਤਾਂਬੇ ਦਾ ਅਸਮਾਨ ਬਣਿਆ? ਨ ਕਿਤੇ ਕੋਈ ਇਨਕਲਾਬ ਆਇਆ? ਜਿਹੜੀ ਕਮਿਊਨਿਸਟ
ਪਾਰਟੀ ਆਫ ਇੰਡੀਆ ਹੈ ਉਹ ਉਸ ਵੇਲੇ ਹਿੰਦੁਸਤਾਨ ਵਿੱਚ ਕਾਂਗਰਸ ਤੋਂ ਬਾਹਦ
ਸਭ ਤੋਂ ਵੱਡੀ ਰਾਜਨੀਤਕ ਪਾਰਟੀ ਹੁੰਦੀ ਸੀ. ਉਹ ਬਿਖਰ ਗਈ. ਟੁੱਟ ਗਈ.
ਕਿੰਨੇ ਹੀ ਗਰੁੱਪਾਂ ਵਿੱਚ ਵੰਡੀ ਗਈ. ਇਸ ਵਿਸ਼ੇ ਉੱਤੇ ਮੈਂ ਇੱਕ ਪੂਰਾ
ਨਾਟਕ ਲਿਖਿਆ ਸੀ ‘ਮੱਕੜੀ ਨਾਟਕ’. ਇਸ ਨਾਟਕ ਵਿੱਚ ਮੈਂ ਕਮਿਊਨਿਸਟ ਪਾਰਟੀ
ਦੀ ਟੁੱਟ-ਭੱਜ ਵਿਸ਼ੇ ਨੂੰ ਲਿਆ ਹੈ. ਸੋ ਉਹ ਜਿਹੜੀ ਦੰਭ ਦੀ ਸ਼ਾਇਰੀ ਸੀ
ਉਸ ਵਿਰੁੱਧ ਸਾਡੇ ਮਨ ਵਿੱਚ ਇੱਕ ਰੋਸ ਸੀ. ਗੁਰੂ ਨਾਨਕ ਕਹਿੰਦਾ ਹੈ ‘ਏਤੀ
ਮਾਰ ਪਈ ਕੁਰਲਾਣੇ, ਤੈਂਕੀ ਦਰਦ ਨ ਆਇਆ’ ਜਾਂ ‘ਪਾਪ ਕੀ ਜੰਝ ਲੈ ਕਾਬਲੋਂ
ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ’. ਕਿੰਨੀ ਇਨਕਲਾਬੀ ਗੱਲ ਹੈ? ਗੁਰੂ
ਨਾਨਕ ਬਾਦਸ਼ਾਹ ਨੂੰ ਵੀ ਵੰਗਾਰ ਰਿਹਾ ਸੀ? ਬਾਦਸ਼ਾਹ ਜਿਸ ਦੇ ਹੱਥ ਵਿੱਚ
ਇੱਕ ਜਲਾਦ ਵਾਂਗ ਸਾਰੀ ਤਾਕਤ ਸੀ. ਗੁਰੂ ਨਾਨਕ ਦਾ ਰੱਬ ਉੱਤੇ ਵੀ ਭਰੋਸਾ
ਉੱਠ ਗਿਆ ਸੀ ਕਿ ਲੋਕਾਂ ਉੱਤੇ ਏਨਾ ਜ਼ੁਲਮ ਹੋ ਰਿਹਾ ਤੂੰ ਕਿੱਥੇ ਹੈਂ?
ਸਾਡੇ ਸਾਹਿਤਕਾਰ ਜੋ ਨਿੱਕੇ ਨਿੱਕੇ ਗਰੁੱਪਾਂ ਵਿੱਚ ਵੰਡੀਆਂ ਪਾ ਕੇ ਬੈਠੇ
ਹੋਏ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਕੁਰਸੀ ਯੁੱਧ ਲੜਨ ਨਾਲੋਂ ਸੱਚਾ
ਸੁੱਚਾ ਸਾਹਿਤ, ਜਿਹੋ ਜਿਹਾ ਜੀਵਨ ਜੀ ਰਹੇ ਹੋ ਉਹੋ ਜਿਹਾ ਸਾਹਿਤ ਰਚੋ -
ਉਹ ਸਾਹਿਤ ਲੋਕਾਂ ਲਈ ਵੀ ਵਧੇਰੇ ਲਾਹੇਵੰਦ ਹੋਵੇਗਾ. ਸਾਹਿਤ - ਜਿਸ ਵਿੱਚ
ਦੰਭ ਨ ਹੋਵੇ. ਸਾਡੇ ਜਿੰਨੇ ਵੀ ਸਾਹਿਤਕਾਰ ਹਨ - ਚਾਹੇ, ਗੜ੍ਹ ਤਾਂ ਇਸ
ਵੇਲੇ ਵੈਨਕੂਵਰ ਹੈ. ਕੁਝ ਸਰੀ ਵੀ ਵਿੱਚੇ ਹੀ ਆ ਗਈ, ਗਰੇਟਰ ਵੈਨਕੂਵਰ ਆ
ਗਿਆ, ਟੋਰਾਂਟੋ ਆ ਗਿਆ, ਕੈਲਗਰੀ, ਐਡਮੰਟਨ. ਇਹ ਵੱਡੇ ਗੜ੍ਹ ਹਨ. ਇਨ੍ਹਾਂ
ਨੂੰ ਧੜੇਬੰਦੀ ਛੱਡਣੀ ਚਾਹੀਦੀ ਹੈ. ਧੜੇਬੰਦੀ ਤੋਂ ਉਪਰ ਉਠ ਕੇ ਕੁਰਸੀ
ਯੁੱਧ ਛੱਡਣਾ ਚਾਹੀਦਾ ਹੈ. ਉਸ ਤੋਂ ਉਪਰ ਉੱਠ ਕੇ, ਸਾਹਿਤ ਨੂੰ ਸਮਰਪਿਤ ਹੋ
ਕੇ, ਚਾਹੇ ਉਹ ਕਿਸੇ ਵੀ ਧਾਰਾ ਦਾ, ਵਿਚਾਰਧਾਰਾ ਦਾ ਸਾਹਿਤ ਹੈ - ਤੁਹਾਨੂੰ
ਹਰ ਹੱਕ ਹੈ ਆਪਣੀ ਪਸੰਦ ਦਾ ਲਿਖਣ ਦਾ. ਵਿਚਾਰ ਦੀ ਆਜ਼ਾਦੀ, ਵਿਚਾਰਧਾਰਾ
ਦੀ ਆਜ਼ਾਦੀ, ਆਪਣਾ ਨਜ਼ਰੀਆ ਪੇਸ਼ ਕਰਨ ਦੀ ਆਜ਼ਾਦੀ - ਇਸ ਨੂੰ ਕਾਇਮ
ਰੱਖਦੇ ਹੋਏ, ਉਸ ਕਿਸਮ ਦੇ ਸਾਹਿਤ ਦੀ ਸਭਾਵਾਂ ਵਿੱਚ ਗੱਲ ਤੋਰੋ. ਜਿਸ
ਤਰ੍ਹਾਂ ਪੁਰਾਣੇ ਸਮਿਆਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਜਾਂ ਉਨ੍ਹਾਂ
ਨਾਲ ਸਬੰਧਤ ਸਭਾਵਾਂ ਸਨ. ਉਹ ਤਰਾਸ਼ ਕੇ ਲੇਖਕਾਂ ਨੂੰ ਲੇਖਕ ਬਣਾਂਦੀਆਂ
ਸਨ. ਹੁਣ ਜਿਹੜੀਆਂ ਸਭਾਵਾਂ ਹਨ ਉਨ੍ਹਾਂ ਵਿੱਚ ਆਉਣ ਵਾਲਾ ਕੋਈ ਲੇਖਕ ਜਿਸ
ਨੇ ਉਮਰ ਭਰ ਕਦੀ ਵਾਰਤਕ ਨਹੀਂ ਲਿਖੀ ਉਹ ਦੋ ਤਿੰਨ ਸਫੇ ਲਿਖ ਕੇ ਉਸਨੂੰ
ਪਰਚਾ ਕਹਿ ਦਿੰਦਾ ਅਤੇ ਕਹਿ ਦਿੰਦੇ ਹਨ ਕਿ ਫਲਾਣਾ ਬੰਦਾ ਪਰਚਾ ਪੜ੍ਹੇਗਾ.
ਉਹ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਕਸੀਦਾਕਾਰੀ ਕਰ ਰਿਹਾ ਹੋਵੇ ਜਾਂ ਤਾਂ
ਉਹ ਅਸਮਾਨ ਉੱਤੇ ਚਾੜ੍ਹ ਦੇਣਗੇ. ਜੇਕਰ ਉਹ ਤੁਹਾਨੂੰ ਜਾਂ ਮੈਨੂੰ ਪਸੰਦ
ਨਹੀਂ ਕਰਦੇ ਤਾਂ ਉਹ ਇਕ ਦਮ ਤੁਹਾਨੂੰ ਹੇਠਾਂ ਲਾਹ ਦੇਣਗੇ. ਜੈਨੂਅਨ
ਲਿਟਰੇਚਰ ਜੋ ਤੁਹਾਡੀ ਵਿਚਾਰਧਾਰਾ ਤੇ ਪੂਰਾ ਉਤਰਦਾ ਹੋਵੇ ਉਸ ਨੂੰ ਪਰਮੋਟ
ਕਰੋ ਤੁਹਾਨੂੰ ਪੂਰਾ ਹੱਕ ਹੈ. ਗੱਲ ਅਦਬ ਦੀ, ਅਦਬ ਦੀ ਭਾਸ਼ਾ ਦੀ, ਅਦਬ
ਸਤਿਕਾਰ ਨਾਲ ਹੋਣੀ ਚਾਹੀਦੀ ਹੈ...
(ਬਰੈਮਪਟਨ, ਅਗਸਤ 29, 2015)
-Sukhinder
Editor: SANVAD
Box 67089, 2300 Yonge St.
Toronto ON M4P1E0
Canada
Tel. (416) 858-7077
poet_sukhinder@hotmail.com
|