ਸਿਰੜੀ ਅਤੇ ਤਪੱਸਵੀ ਲੋਕ ਆਪਣੇ ਸਿਦਕ, ਸਿਰੜ, ਮਿਹਨਤ ਅਤੇ ਤਪੱਸਿਆ
ਦੀਆਂ ਕਿਰਨਾਂ ਸਦਕਾ ਜਿੱਥੇ ਖੁਦ ਆਪਣੀ ਜ਼ਿੰਦਗੀ ਰੁਸ਼ਨਾ ਕੇ ਆਪਣੇ ਹਰ
ਸੁਪਨੇ ਸਾਕਾਰ ਕਰ ਲੈਂਦੇ ਹਨ, ਉਥੇ ਉਹ ਦੂਜਿਆਂ ਲਈ ਵੀ ਮਾਰਗ-ਦਰਸ਼ਨ ਬਣ
ਜਾਂਦੇ ਹਨ। ਅਜਿਹਾ ਮਾਰਗ-ਦਰਸ਼ਕ ਬਣਿਆ ਇਕ ਨਾਂਓਂ ਹੈ- ਕਰਮਜੀਤ ਕੰਮੋ
'ਦਿਉਣ ਐਲਨਾਬਾਦੀ'। ਜਿੱਡਾ ਲੰਬਾ ਨਾਂਓਂ ਹੈ, ਉਡਾ ਹੀ ਵੱਡਾ ਛੁਪਿਆ ਹੈ
ਉਸ ਵਿਚ 'ਰਾਜ'।
ਜਿਲਾ ਬਠਿੰਡਾ ਦੇ ਪਿੰਡ ਦਿਉਣ ਵਿੱਚ ਪਿਤਾ ਬਾਬੂ ਰਾਮ ਦੇ ਘਰ, ਮਾਤਾ
ਨਛੱਤਰ ਕੌਰ ਦੀ ਕੁੱਖੋਂ ਜਨਮ ਲੈਣ ਵਾਲੀ ਕਰਮਜੀਤ ਦੱਸਦੀ ਹੈ ਕਿ ਉਹ ਸਕੂਲ
ਦਸਵੀਂ ਤੱਕ ਹੀ ਗਈ ਹੈ। ਬਾਰਵੀਂ ਉਸ ਪ੍ਰਾਈਵੇਟ ਕੀਤੀ। ਬਾਰਵੀਂ ਦੀ ਪੜਾਈ
ਦੌਰਾਨ ਉਹ ਜਲੰਧਰ ਰੇਡੀਉ ਦੇ ਪ੍ਰੋਗਰਾਮਾਂ, 'ਗੁਲਦਸਤਾ', 'ਰਾਬਤਾ', 'ਅੱਜ
ਦਾ ਖੱਤ', 'ਕੁਝ ਸੁਣੀਏ ਕੁਝ ਕਹੀਏ' ਅਤੇ ਬਠਿੰਡਾ ਰੇਡੀਉ ਦੇ 'ਯੁਵਬਾਣੀ'
ਪ੍ਰੋਗਰਾਮਾਂ ਨੂੰ ਖੱਤ ਲਿਖਣ ਲੱਗੀ। ਫਿਰ, ਉਸਦਾ ਰੁਝਾਨ ਕਵਿਤਾ ਵੱਲ ਹੋ
ਤੁਰਿਆ। ਉਸਦੀਆਂ ਕਵਿਤਾਵਾਂ 'ਹਮਸਫ਼ਰ', 'ਪਬਲਿਕ ਟਾਈਮਜ਼', 'ਪੰਜਾਬੀ
ਸਕਰੀਨ', 'ਤਖਤ ਹਜ਼ਾਰਾ', 'ਸੁਜਾਤਾ' 'ਚ ਛਪਣ ਲੱਗੀਆਂ। ਉਸਦੀਆਂ ਕਵਿਤਾਵਾਂ
“ਸਪੋਕਸਮੈਨ' ਅਖਬਾਰ ਅਤੇ “ਸ਼ਬਦ ਬੂੰਦ' ਮੈਗਜ਼ੀਨ 'ਚ ਵੀ ਲਗਾਤਾਰ ਛਪ ਰਹੀਆਂ
ਹਨ।
28 ਜੁਲਾਈ, 1998 ਨੂੰ ਬਠਿੰਡਾ ਰੇਡੀਉ ਤੇ ਪਹਿਲੀ ਵਾਰ ਕਵੀ ਦਰਬਾਰ 'ਚ
ਉਸ ਹਾਜ਼ਰੀ ਲਵਾਈ ਤਾਂ ਉਸਦੀ ਅਵਾਜ਼ ਦੇ ਕਾਇਲ ਸਰੋਤਿਆਂ ਨੇ ਖਤਾਂ ਰਾਹੀ ਉਸ
ਨੂੰ ਹੁੰਗਾਰਾ ਭੇਜਿਆ। ਫਿਰ ਪਰਿਵਾਰ ਦੇ ਸਾਥ ਸਦਕਾ ਕਦੀ ਉਸਨੇ ਪਿੱਛੇ ਮੁੜ
ਨਹੀ ਵੇਖਿਆ। ਬਾਰਵੀਂ ਤੋਂ ਬਾਅਦ 2001 'ਚ ਐਲਨਾਬਾਦ 'ਚ ਉਸਦਾ ਵਿਆਹ ਹੋ
ਗਿਆ। ਫਿਰ ਅੱਠ ਸਾਲਾਂ ਬਾਅਦ ਉਸ ਦੁਬਾਰਾ ਪੜਾਈ ਸ਼ੁਰੂ ਕੀਤੀ। 2008 'ਚ
ਕੰਪਿਊਟਰ ਕੋਰਸ ਦੇ ਨਾਲ-ਨਾਲ ਬੀ. ਏ. ਪ੍ਰਾਈਵੇਟ ਕੀਤੀ। ਉਪਰੰਤ ਸ਼ਹਿਰ ਦੇ
ਕਾਲਜ ਤੋਂ ਬੀ. ਐਡ ਰੈਗੂਲਰ ਕੀਤੀ ਤੇ ਕਾਲਜ ਦੇ ਸਾਰੇ ਕਲਚਰਲ ਪ੍ਰੋਗਰਾਮਾਂ
'ਚ ਵੱਧ ਚੜ ਕੇ ਹਿੱਸਾ ਲਿਆ। ਉਸ ਪਿੱਛੋਂ ਪ੍ਰਾਈਵੇਟ ਸਕੂਲ 'ਚ ਅਧਿਆਪਕਾ
ਲੱਗਕੇ ਐਮ. ਏ. ਪੰਜਾਬੀ ਪ੍ਰਾਈਵੇਟ ਕੀਤੀ। 2016 ਤੋਂ ਪੰਜਾਬੀ ਲੈਕਚਰਾਰ
ਬਣਨ ਦੇ ਦੌਰਾਨ ਉਸ ਨੇ “ਬੈਸਟ ਟੀਚਰ' ਸਨਮਾਨ ਪ੍ਰਾਪਤ ਕੀਤਾ, ਜੋ ਕਿ ਭਾਰਤ
ਵਿਕਾਸ ਪ੍ਰੀਸ਼ਦ ਦੁਆਰਾ ਦਿੱਤਾ ਗਿਆ। ਸਨਮਾਨਾਂ ਦੀ ਲੜੀ ਵਿਚ ਸ਼੍ਰੀ ਕਰਮ
ਸਿੰਘ ਮੈਮੋਰੀਅਲ ਲਾਇਬ੍ਰੇਰੀ ਐਂਡ ਐਜੂਕੇਸ਼ਨ ਟਰੱਸਟ ਵੱਲੋਂ ਗੀਤਕਾਰੀ ਲਈ
ਉਸਨੂੰ ਮਿਲਿਆ ਸਨਮਾਨ ਵੀ ਖਾਸ ਅਹਿਮੀਅਤ ਰੱਖਦਾ ਹੈ।
ਉਹ ਦੱਸਦੀ ਹੈ ਕਿ ਜਿੰਨੇ ਸੁਪਨੇ ਉਸਨੇ ਪੇਕੇ ਘਰ ਰਹਿੰਦਿਆਂ ਸਾਕਾਰ
ਕੀਤੇ ਉਸਤੋਂ ਵੱਧ ਸੁਪਨੇ ਉਸਨੇ ਆਪਣੇ ਜੀਵਨ ਸਾਥੀ ਦੇ ਨਿੱਘੇ ਅਤੇ
ਮਿਲਵਰਤਨ ਭਰੇ ਸਹਿਯੋਗ ਸਦਕਾ ਸਾਕਾਰ ਕੀਤੇ। ਇਸ ਲਈ ਉਹ ਪੇਕੇ ਤੇ ਸਹੁਰੇ
ਦੋਹਾਂ ਪਰਿਵਾਰਾਂ ਨੂੰ ਬਰਾਬਰ ਸਨਮਾਨ ਦਿੰਦਿਆਂ ਦਿਓਣ ਤੇ ਐਲਨਾਬਾਦ ਨੂੰ
ਆਪਣੇ ਨਾਂਓਂ ਨਾਲ ਇਕੱਠਾ ਜੋੜਕੇ ਲਿਖਣ 'ਚ ਗੌਰਵ ਮਹਿਸੂਸ ਕਰਦੀ ਹੈ।
ਕਰਮਜੀਤ ਨੇ ਦੱਸਿਆ ਕਿ ਜਿੱਥੇ ਉਸਨੇ ਬਠਿੰਡਾ ਰੇਡੀਉ ਤੋਂ ਇੱਕ ਘੰਟੇ
ਦਾ ਲਾਈਵ ਪ੍ਰੋਗਰਾਮ “ਬਾਬੁਲ ਦਾ ਵਿਹੜਾ' ਕੀਤਾ, ਉਥੇ ਸਿਰਸਾ ਐਫ. ਐਮ.
ਤੋਂ ਦੋ ਘੰਟੇ ਦੇ ਲਾਈਵ ਕਵੀ-ਦਰਬਾਰ 'ਚ ਵੀ ਉਹ ਹਿੱਸਾ ਲੈ ਚੁੱਕੀ ਹੈ। ਉਹ
ਪੰਜਾਬੀ ਸੱਭਿਆਚਾਰ ਦੇ ਦਾਇਰੇ 'ਚ ਰਹਿਕੇ ਗੀਤਕਾਰੀ ਖੇਤਰ 'ਚ ਨਾਮਨਾ
ਖੱਟਣਾ ਚਾਹੁੰਦੀ ਹੈ। ਉਸਦੀ ਕਲਮ ਦੇ ਲਿਖੇ ਦੋ ਗੀਤ “ਹਾਲ ਮੇਰੇ ਦਿਲ ਦਾ'
ਅਤੇ “ਜਿੰਦ', ਗਾਇਕ ਜ਼ੈਲਾ ਸ਼ੇਖੂਪੁਰੀਆ ਦੀ ਅਵਾਜ਼ 'ਚ ਰਿਕਾਰਡ ਹੋ ਚੁੱਕੇ
ਹਨ। ਇੱਥੇ ਹੀ ਬਸ ਨਹੀ, ਕਰਮਜੀਤ ਨੂੰ ਗੀਤ ਗਾਉਣ ਤੇ ਐਕਰਿੰਗ ਕਰਨ ਦੀ ਵੀ
ਵਧੀਆ ਮੁਹਾਰਤ ਹਾਸਲ ਹੈ। ਉਸ ਦੇ ਸ਼ੌਕ ਦੀ ਵਿਲੱਖਣਤਾ ਇਹ ਵੀ ਹੈ ਕਿ ਉਹ
ਪੰਜਾਬੀ, ਹਿੰਦੀ, ਅੰਗਰੇਜ਼ੀ ਨੂੰ ਜਿੰਨੀ ਤੇਜ਼ੀ ਨਾਲ ਉਹ ਸਿੱਧਾ ਲਿਖਦੀ ਹੈ,
ਉਨੀ ਹੀ ਤੇਜ਼ੀ ਨਾਲ ਉਲਟਾ ਵੀ ਲਿਖ ਲੈਂਦੀ ਹੈ।
ਕਈ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਹਾਜਰੀ ਲਗਵਾ ਚੁੱਕੀ ਕਰਮਜੀਤ ਇਹ ਵੀ
ਸੋਚਦੀ ਹੈ ਕਿ ਉਸਦੀ ਪਹਿਲੀ ਕਿਤਾਬ “ਚਿੜੀਆਂ ਦੀ ਚਹਿਕ' 'ਚ ਕੱਚੀਆਂ
ਰਚਨਾਵਾਂ ਸਨ, ਇਸ ਲਈ ਅੱਜ ਕੱਲ ਉਹ ਹੰਢੀਆਂ ਹੋਈਆਂ ਕਲਮਾਂ ਨੂੰ ਪੜਕੇ
ਆਪਣੀ ਲੇਖਣੀ 'ਚ ਸੁਧਾਰ ਕਰਕੇ ਭਵਿੱਖ 'ਚ ਅਗਲੇ ਕਾਵਿ-ਸੰਗ੍ਰਹਿ ਬਾਰੇ ਸੋਚ
ਰਹੀ ਰਹੀ ਹੈ।
ਕਲਮਾਂ ਦੇ ਧਨੀਆਂ ਨੂੰ, ਕਲਮ ਨੂੰ ਭਟਕਣ ਤੋਂ ਬਚਾਉਣ ਦਾ ਸੁਨੇਹਾ
ਦਿੰਦਿਆਂ ਇਕ ਸਵਾਲ ਦੇ ਜੁਵਾਬ ਵਿਚ ਉਸ ਕਿਹਾ, 'ਅੱਜ ਦਾ ਨੌਜੁਆਨ-ਵਰਗ
ਕੁਰਾਹੇ ਪੈ ਰਿਹਾ ਹੈ। ਸਾਨੂੰ ਸਭ ਨੂੰ ਮਿਲਜੁਲ ਕੇ ਹੰਭਲਾ ਮਾਰਨ ਦੀ
ਜਰੂਰਤ ਹੈ ਤਾਂ ਕਿ ਅਸੀਂ ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲ ਸਕੀਏ।'
ਸ਼ਾਲਾ! ਹਿੰਮਤ ਅਤੇ ਦ੍ਰਿੜ ਇਰਾਦਿਆਂ ਦੀ ਮਾਲਕਣ ਕਰਮਜੀਤ ਕੰਮੋ ਦਿਓਣ
ਐਲਨਾਬਾਦੀ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀ, ਸਾਹਿਤ ਤੇ
ਸੱਭਿਆਚਾਰ ਦੇ ਅੰਬਰਾਂ ਨੂੰ ਜਾ ਛੂਹਵੇ! ਆਮੀਨ!
ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ - ਕਰਮਜੀਤ ਕੰਮੋ “ਦਿਉਣ ਐਲਨਾਬਾਦ',(ਹਰਿਆਣਾ) 09467-95003
|