|
ਅਫ਼ਜ਼ਲ ਸਾਹਿਰ |
ਅਫ਼ਜ਼ਲ ਸਾਹਿਰ ਪੰਜਾਬੀ ਦਾ ਇੱਕ ਨਿਵੇਕਲੀ ਕਿਸਮ ਦਾ ਸ਼ਾਇਰ ਹੈ। ਉਸ
ਦੀ ਸ਼ਾਇਰੀ ਵਿੱਚ ਪਰਾ-ਆਧੁਨਿਕ ਸਮਿਆਂ ਦੀ ਚੇਤਨਾ ਨੂੰ ਪੁਰਾਤਨ ਕਾਵਿ
ਰੂਪਾਂ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਅਜਿਹੀ ਸ਼ਾਇਰੀ ਕਈ ਵਾਰੀ
ਪੌਪ ਸੰਗੀਤ ਦਾ ਵੀ
ਅਹਿਸਾਸ ਜਗਾਂਦੀ ਹੈ। ਪੰਜਾਬੀ ਦਾ ਪੌਪ ਗਾਇਕ ਸਤਿੰਦਰ ਸਰਤਾਜ ਕੁਝ
ਅਜਿਹੀ ਕਿਸਮ ਦੀ ਹੀ ਸ਼ਾਇਰੀ ਆਪਣੀ ਗਾਇਕੀ ਵਿੱਚ, ਅੱਜ-ਕੱਲ੍ਹ, ਦੇਸ-ਬਦੇਸ
ਵਿੱਚ ਪੇਸ਼ ਕਰ ਰਿਹਾ ਹੈ। ਅਫ਼ਜ਼ਲ ਸਾਹਿਰ ਵੀ ਆਪਣੀ ਸ਼ਾਇਰੀ ਦੀ ਰਚਨਾ
ਕਰਨ ਵੇਲੇ ਇਸ ਗੱਲ ਵੱਲੋਂ ਸੁਚੇਤ ਰਹਿੰਦਾ ਹੈ ਕਿ ਉਸ ਦੀ ਸ਼ਾਇਰੀ
ਲੋਕ-ਗਾਇਕੀ ਦੇ ਬਹੁਤ ਨੇੜੇ ਰਹੇ। ਉਸ ਦੀ ਸ਼ਾਇਰੀ ਕਿੱਸਾ-ਕਾਵਿ ਅਤੇ ਸੂਫੀ
ਸ਼ਾਇਰਾਂ ਵੱਲੋਂ ਰਚੀਆਂ ਗਈਆਂ ਕਾਫੀਆਂ ਦੀ ਕਾਵਿ-ਵਿਧੀ ਦੇ ਬਹੁਤ ਨੇੜੇ
ਰਹਿੰਦੀ ਹੈ। ਅਜਿਹੀ ਸ਼ਾਇਰੀ ਨੂੰ ਮੰਚ ਦੀ ਸ਼ਾਇਰੀ ਵੀ ਕਿਹਾ ਜਾ ਸਕਦਾ
ਹੈ। ਕਿਉਂਕਿ ਅਜਿਹੀ ਸ਼ਾਇਰੀ ਪੜ੍ਹਨ ਨਾਲੋਂ ਪੇਸ਼ਕਾਰੀ ਨਾਲ ਜ਼ਿਆਦਾ ਸਬੰਧ
ਰੱਖਦੀ ਹੈ। ਅਜਿਹੀ ਸ਼ਾਇਰੀ ਪੂਰਨ ਤੌਰ ਉੱਤੇ ਨ ਤਾਂ ‘ਪਾਠਕ’ ਲਈ ਹੀ
ਹੁੰਦੀ ਹੈ ਅਤੇ ਨ ਹੀ ‘ਸਰੋਤੇ’ ਲਈ ਹੀ। ਇਹ ਸ਼ਾਇਰੀ ਇੱਕ ਨਵੀਂ ਤਰ੍ਹਾਂ
ਦੇ ਮਨੁੱਖ ਲਈ ਹੈ ਜੋ ਕਿ ਨਵੀਂ ਚੇਤਨਾ ਨਾਲ ਵੀ ਜੁੜਨਾ ਚਾਹੁੰਦਾ ਹੈ ਅਤੇ
ਸੰਗੀਤ ਦਾ ਵੀ ਆਨੰਦ ਮਾਨਣਾ ਚਾਹੁੰਦਾ ਹੈ। ਪੱਛਮੀ ਸ਼ਾਇਰੀ ਵਿੱਚ ਵੀ
ਅਜਿਹੀ ਕਿਸਮ ਦੇ ਤਜਰਬੇ ਹੋ ਰਹੇ ਹਨ ਜਿਨ੍ਹਾਂ ਨੂੰ ‘ਹਿੱਪ ਹਾਪ’, ‘ਰੈਪ’
ਸੰਗੀਤ ਆਦਿ ਦੇ ਨਾਮ ਦਿੱਤੇ ਗਏ ਹਨ। ਕੁਝ ਲੋਕ ਅਫ਼ਜ਼ਲ ਸਾਹਿਰ ਵੱਲੋਂ
ਵਰਤੀ ਗਈ ਕੁਝ ਵਿਸ਼ੇਸ਼ ਤਰ੍ਹਾਂ ਦੀ ਸ਼ਬਦਾਵਲੀ ਨੂੰ ਵੇਖ ਕੇ ਕਈ ਵਾਰੀ
ਭੁਲੇਖਾ ਖਾਹ ਜਾਂਦੇ ਹਨ ਕਿ ਸ਼ਾਇਦ ਇਹ ਸ਼ਾਇਰੀ ਸ਼ਿਵ ਕੁਮਾਰ ਬਟਾਲਵੀ ਦੀ
ਰੁਦਨ ਵਾਲੀ ਸ਼ਾਇਰੀ ਦੇ ਮੁਹਾਂਦਰੇ ਵਾਲੀ ਸ਼ਾਇਰੀ ਹੈ। ਨਿਰਸੰਦੇਹ, ਇਹ
ਸ਼ਾਇਰੀ ਰੁਦਨ ਵਾਲੀ ਸ਼ਾਇਰੀ ਨਹੀਂ। ਇਹ ਸ਼ਾਇਰੀ ਪ੍ਰਗਤੀਵਾਦੀ ਮੁਹਾਂਦਰੇ
ਵਾਲੀ ਸ਼ਾਇਰੀ ਹੈ। ਇਸ ਸ਼ਾਇਰੀ ਦਾ ਮੁਹਾਂਦਰਾ ਪਾਸ਼, ਲਾਲ ਸਿੰਘ ਦਿਲ,
ਸੰਤ ਰਾਮ ਉਦਾਸੀ, ਡਾ ਜਗਤਾਰ ਜਾਂ ਸੁਰਜੀਤ ਪਾਤਰ ਦੀ ਸ਼ਾਇਰੀ ਵਰਗਾ ਹੀ
ਹੈ।
ਅਫ਼ਜ਼ਲ ਸਾਹਿਰ ਦੀ ਸ਼ਾਇਰੀ ਨੂੰ ਸਮਝਣ ਲਈ ਉਸ ਦੀਆਂ ਕਵਿਤਾਵਾਂ ਦੀ
ਪਿੱਠ-ਭੂਮੀ ਦੇ ਤਹਿਖਾਨਿਆਂ ਵਿੱਚ ਉਤਰਨਾ ਪਵੇਗਾ ਅਤੇ ਇਹ ਸਮਝਣਾ ਪਵੇਗਾ
ਕਿ ਜ਼ਿੰਦਗੀ ਦੀਆਂ ਉਹ ਕਿਹੜੀਆਂ ਹਕੀਕਤਾਂ ਹਨ ਜਿਨ੍ਹਾਂ ਨਾਲ ਉਹ ਖਹਿ ਕੇ
ਲੰਘਿਆ। ਜ਼ਿੰਦਗੀ ਦੇ ਉਹ ਕਿਹੜੇ ਰਾਹ ਹਨ ਜਿਨ੍ਹਾਂ ਉੱਤੇ ਤੁਰ ਕੇ ਉਹ
ਜ਼ਿੰਦਗੀ ਦਾ ਸਫ਼ਰ ਪੂਰਾ ਕਰ ਰਿਹਾ ਹੈ। ਸਾਡੇ ਸਮਿਆਂ ਦੀ ਇੱਕ ਹਕੀਕਤ ਹੈ:
‘ਔਰਤ ਦੀ ਤ੍ਰਾਸਦੀ’। ਘਰ, ਪਰਿਵਾਰ, ਸਮਾਜ, ਸਭਿਆਚਾਰ, ਧਰਮ, ਰਾਜਨੀਤੀ -
ਹਰ ਜਗਾਹ ਹੀ ਔਰਤ ਨਾਲ ਬੇਇਨਸਾਫੀ ਹੋ ਰਹੀ ਹੈ। ਉਸ ਦੀ ਹੋਂਦ ਨੂੰ ਦਰੜਿਆ
ਜਾ ਰਿਹਾ ਹੈ। ਹਜ਼ਾਰਾਂ ਸਾਲਾਂ ਤੋਂ ਉਸ ਉੱਤੇ ਅੱਤਿਆਚਾਰ ਕੀਤੇ ਜਾ ਰਹੇ
ਹਨ। ਇੱਥੋਂ ਤੱਕ ਕਿ ਸਾਡੇ ਅਨੇਕਾਂ ਚਰਚਿਤ ਕਵੀਆਂ ਨੇ ਵੀ ਔਰਤ ਨੂੰ
ਦੁਰਕਾਰਿਆ। ਕਵੀ ਤੁਲਸੀ ਦਾਸ ਨੇ ਤਾਂ ਆਪਣੀ ਕਵਿਤਾ ਵਿੱਚ ਔਰਤ ਨੂੰ ਜਾਨਵਰ
ਦੇ ਬਰਾਬਰ ਕਿਹਾ ਅਤੇ ਪੀਲੂ ਨੇ ਆਪਣੀ ਸ਼ਾਇਰੀ ਵਿੱਚ ‘ਖੁਰੀਂ ਜਿਨ੍ਹਾਂ ਦੀ
ਮੱਤ’ ਵਰਗੇ ਸ਼ਬਦਾਂ ਨਾਲ ਔਰਤ ਨੂੰ ਅਪਮਾਨਤ ਕੀਤਾ। ਇੱਥੋਂ ਤੱਕ ਕਿ ਵਾਰਿਸ
ਸ਼ਾਹ ਨੇ ਵੀ ਆਪਣੀ ਸ਼ਾਇਰੀ ਵਿੱਚ ਕਈ ਥਾਵਾਂ ਉੱਤੇ ਔਰਤ ਦਾ ਨਿਰਾਦਰ
ਕੀਤਾ। ਪਰ ਅਫ਼ਜ਼ਲ ਸਾਹਿਰ ਔਰਤ ਦੇ ਹੱਕ ਵਿੱਚ ਬੋਲਦਾ ਹੈ। ਉਸ ਨੂੰ ਔਰਤ
ਦੀ ਤ੍ਰਾਸਦੀ ਦਾ ਅਹਿਸਾਸ ਹੈ। ਔਰਤ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਕਈ
ਵਾਰੀ ਉਹ ਪ੍ਰਸਿੱਧ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਦੀ ਇੱਕ ਬਹੁ-ਚਰਚਿਤ
ਗ਼ਜ਼ਲ ਦੀ ਵੀ ਯਾਦ ਤਾਜ਼ਾ ਕਰਵਾ ਦਿੰਦਾ ਹੈ ਜਿਸ ਵਿੱਚ ਸਾਹਿਰ ਲੁਧਿਆਣਵੀ
ਔਰਤ ਦੀ ਤ੍ਰਾਸਦੀ ਬਾਰੇ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਔਰਤ ਨੇ ਮਰਦਾਂ
ਨੂੰ ਜਨਮ ਦਿੱਤਾ ਪਰ ਇਨ੍ਹਾਂ ਹੀ ਬੇਸ਼ੁਕਰੇ ਮਰਦਾਂ ਨੇ ਔਰਤ ਦੀ ਹੋਂਦ ਨੂੰ
ਮਿੱਟੀ ਵਿੱਚ ਮਿਲਾਣ ਲਈ ਹਰ ਕੋਝੇ ਤੋਂ ਕੋਝੇ ਯਤਨ ਕੀਤੇ। ਪੇਸ਼ ਹਨ ਔਰਤ
ਦੀ ਤ੍ਰਾਸਦੀ ਵੱਲ ਧਿਆਨ ਦੁਆਂਦੀਆਂ ਅਫ਼ਜ਼ਲ ਸਾਹਿਰ ਦੀ ਕਵਿਤਾ ‘ਜਿੰਦੇ
ਨੀ’ ਵਿੱਚੋਂ ਕੁਝ ਉਦਾਹਰਣਾਂ :
1.
ਜਿੰਦੇ ਨੀ ! ਕੀ ਖੇਡਾਂ ਹੋਈਆਂ
ਪਿਓ ਪੁੱਤਰਾਂ ਦੇ ਪੈਰੀਂ ਪੈ ਕੇ
ਮਾਵਾਂ ਧੀਆਂ ਰੋਈਆਂ
ਜਿੰਦੇ ਨੀ ! ਕੀ ਖੇਡਾਂ ਹੋਈਆਂ
2.
ਜਿੰਦੇ ਨੀ ! ਤੇਰੇ ਜੀਵਨ ਮਾਪੇ
ਆਪੇ ਹੱਥੀਂ ਡੋਲੀ ਚਾੜ੍ਹਨ
ਆਪੇ ਕਰਨ ਸਿਆਪੇ
ਜਿੰਦੇ ਨੀ ! ਤੇਰੇ ਜੀਵਨ ਮਾਪੇ
3.
ਜਿੰਦੇ ਨੀ ! ਕੀ ਹੋਣੀਆਂ ਹੋਈਆਂ
ਇਸ਼ਕੇ ਦੇ ਘਰ ਰਹਿ ਕੇ ਅੱਖੀਆਂ
ਨਾ ਹੱਸੀਆਂ ਨਾ ਰੋਈਆਂ
ਜਿੰਦੇ ਨੀ ! ਕੀ ਹੋਣੀਆਂ ਹੋਈਆਂ
ਅਫ਼ਜ਼ਲ ਸਾਹਿਰ ਆਪਣੀ ਨਜ਼ਮ ‘ਜਿੰਦੇ ਨੀ’ ਵਿੱਚ ਔਰਤ ਦੀ ਤ੍ਰਾਸਦੀ ਨਾਲ
ਸਬੰਧਤ ਔਰਤ ਦੀ ਜ਼ਿੰਦਗੀ ਦੇ ਤਿੰਨ ਪੱਖਾਂ ਨੂੰ ਬੜੀ ਹੀ ਖੂਬਸੂਰਤੀ ਨਾਲ
ਪੇਸ਼ ਕਰਦਾ ਹੈ: ਪ੍ਰਵਾਰ ਵਿੱਚ ਮਾਵਾਂ, ਧੀਆਂ ਨੂੰ ਪਤੀ ਅਤੇ ਪੁੱਤਰ
ਦੋਵਾਂ ਦੀ ਹੀ ਦਹਿਸ਼ਤ ਦਾ ਸਾਹਮਣਾ ਕਰਨਾ ਪੈਂਦਾ ਹੈ; ਮਾਪੇ ਧੀਆਂ ਨੂੰ
ਪਾਲ-ਪੋਸ ਕੇ ਜਵਾਨ ਕਰਦੇ ਹਨ ਪਰ ਧੀਆਂ ਵੱਲੋਂ ਮਾਪਿਆਂ ਦੀ ਮਰਜ਼ੀ
ਬਿਨ੍ਹਾਂ ਕੋਈ ਕੰਮ ਕਰਨ ਉੱਤੇ ਇਹੀ ਮਾਪੇ ਉਨ੍ਹਾਂ ਦਾ ਕਤਲ ਕਰਨ ਤੋਂ ਵੀ
ਸੰਕੋਚ ਨਹੀਂ ਕਰਦੇ; ਬੜੇ ਚਾਵਾਂ ਨਾਲ ਆਪਣੇ ਮਹਿਬੂਬ ਨਾਲ ਵਿਆਹ ਦੇ
ਬੰਧਨਾਂ ਵਿੱਚ ਬੱਝ ਜਾਣ ਤੋਂ ਬਾਹਦ ਉਹੀ ਮਹਿਬੂਬ ਇਤਨਾ ਬਦਲ ਜਾਂਦਾ ਹੈ ਕਿ
ਉਹ ਆਪਣੀ ਪਤਨੀ ਦੀ ਜ਼ਿੰਦਗੀ ਨਰਕ ਬਣਾ ਦਿੰਦਾ ਹੈ। ਅਜਿਹੇ ਨਰਕ ਵਿੱਚ ਫਸੀ
ਪਤਨੀ ਇੱਕ ਅਜਿਹੀ ਸਥਿਤੀ ਵਿੱਚ ਫਸ ਜਾਂਦੀ ਹੈ ਜਿੱਥੋਂ ਮੁਕਤੀ ਪ੍ਰਾਪਤ
ਕਰਕੇ ਨ ਤਾਂ ਉਹ ਸਹਿਜ ਨਾਲ ਜੀ ਸਕਦੀ ਹੈ ਅਤੇ ਨ ਹੀ ਕਿਸੀ ਅੱਗੇ ਅਜਿਹੀ
ਜ਼ਿੰਦਗੀ ਦਾ ਦੁੱਖ ਹੀ ਰੋ ਸਕਦੀ ਹੈ।
ਔਰਤ ਦੀ ਤ੍ਰਾਸਦੀ ਬਾਰੇ ਅਫ਼ਜ਼ਲ ਸਾਹਿਰ ਦੀਆਂ ਨਜ਼ਮਾਂ ‘ਸੁਫ਼ਨੇ ਰਹਿ
ਗਏ ਕੋਰੇ’ ਅਤੇ ‘ਬੋਲੀ ਪੰਧ ਕਰੇਂਦੀ ਯਾਰ’ ਦੀਆਂ ਹੇਠ ਲਿਖੀਆਂ ਸਤਰਾਂ
ਪਾਠਕ / ਸਰੋਤੇ ਦਾ ਉਚੇਚਾ ਧਿਆਨ ਖਿੱਚਦੀਆਂ ਹਨ। ਇਹ ਸਤਰਾਂ ਵੀ ਔਰਤ ਦੀ
ਤ੍ਰਾਸਦੀ ਦੇ ਕੁਝ ਹੋਰ ਪੱਖਾਂ ਨੂੰ ਰੂਪਮਾਨ ਕਰਦੀਆਂ ਹਨ:
1.
ਅਸੀਂ ਸਈਆਂ ਨੈਣਾਂ ਵਾਲੀਆਂ
ਸਾਨੂੰ ਜੋਇਆ ਅੰਨ੍ਹੇਂ ਹਾਲੀਆਂ
ਮਨ ਖੋਭੇ ਸੱਧਰਾਂ ਗਾਲੀਆਂ
ਸਾਡਾ ਜੀਵਨ ਵਿੱਚ ਕੁਠਾਲੀਆਂ
ਖਸਮਾਂ ਦੀਆਂ ਅੱਗਾਂ ਬਾਲੀਆਂ
ਦਿਲ ਗੁੰਨ੍ਹੇ ਵਿੱਚ ਕੁਨਾਲੀਆਂ
ਇਹ ਔਂਤਰ ਜਾਣੇ ਸਮੇਂ ਨੇ
ਸਾਹ ਬਰਫ਼ਾਂ ਵਾਂਗੂੰ ਖੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ
2.
ਰੂਹ ਖਸਮਾਂ ਲਿਤਾੜੀ ਐਸੀ
ਧੀਆਂ ਦੇ ਦਿਮਾਗ਼ ਹਿੱਲ ਗਏ
ਪੁੱਤ ਜਮੈ ਜੀ ਧੀਆਂ ਨੇ ਇਸੇ
ਝੱਲੀਆਂ ਦੀ ਥੁੜ ਨਾ ਰਹੀ
ਅਨਜੋੜ ਵਿਆਹਾਂ ਕਾਰਨ ਭਾਰਤੀ/ਪਾਕਿਸਤਾਨੀ ਪਤੀਆਂ ਵੱਲੋਂ ਆਪਣੀਆਂ ਹੀ
ਪਤਨੀਆਂ ਉਪਰ ਕੀਤੇ ਜਾਂਦੇ ਅੱਤਿਆਚਾਰਾਂ ਦੀਆਂ ਖਬਰਾਂ ਅਖਬਾਰਾਂ ਵਿੱਚ
ਨਿੱਤ ਛਪਦੀਆਂ ਹਨ; ਭਾਵੇਂ ਕਿ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪਿਛਲੇ
ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਵੀ ਪੰਜਾਬੀ ਮੀਡੀਆ ਵਿੱਚ ਛਪਣੀਆਂ ਸ਼ੁਰੂ
ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਪਤਨੀਆਂ ਵੱਲੋਂ ਪਤੀਆਂ ਨਾਲ ਜ਼ਿਆਦਤੀ
ਕੀਤੀ ਗਈ ਸੀ। ਅਜਿਹੀਆਂ ਖਬਰਾਂ ਵੀ ਪੰਜਾਬੀ ਕਮਿਊਨਿਟੀ ਵਿੱਚ
ਚਰਚਾ ਦਾ ਵਿਸ਼ਾ ਬਣ ਰਹੀਆ ਹਨ ਕਿ ਕੁਝ ਪ੍ਰਵਾਰਾਂ ਵਿੱਚ ਪਤਨੀਆਂ ਆਪਣੇ
ਪਤੀਆਂ ਦੀ ਨਿੱਤ ਮਾਰ-ਕੁਟਾਈ ਕਰਦੀਆਂ ਹਨ। ਪਰ ਅਜਿਹੀਆਂ ਖਬਰਾਂ ਵਧੇਰੇ
ਨਹੀਂ।
ਅਫ਼ਜ਼ਲ ਸਾਹਿਰ ਆਪਣੀਆਂ ਨਜ਼ਮਾਂ ਵਿੱਚ ਇਸ ਵਿਸ਼ੇ ਬਾਰੇ ਵੀ ਚਰਚਾ
ਛੇੜਦਾ ਹੈ ਕਿ ਅੱਜ ਜਦੋਂ ਕਿ ਦੁਨੀਆਂ ਵਿੱਚ ਨਵੀਂ ਚੇਤਨਾ ਦਾ ਪਾਸਾਰ ਹੋ
ਰਿਹਾ ਹੈ, ਮਨੁੱਖ ਨਵੇਂ ਗਿਆਨ-ਵਿਗਿਆਨ ਨਾਲ ਜੁੜ ਰਿਹਾ ਹੈ; ਪਰ ਤੀਜੀ
ਦੁਨੀਆਂ ਨਾਲ ਸਬੰਧ ਰੱਖਣ ਵਾਲੇ ਲੋਕ ਅਸੀਂ ਅਜੇ ਵੀ ਸਮਾਂ ਵਿਹਾ ਚੁੱਕੀਆਂ
ਰੂੜੀਵਾਦੀ ਕਦਰਾਂ-ਕੀਮਤਾਂ ਨਾਲ ਹੀ ਆਪਣੀ ਮਾਨਸਿਕਤਾ ਨੂੰ ਜੰਗਾਲੀ ਬੈਠੇ
ਹਾਂ। ਪ੍ਰਵਾਰ/ਸਮਾਜ/ਸਭਿਆਚਾਰ ਵਿੱਚ ਵਾਪਰਨ ਵਾਲੀਆਂ ਅਨੇਕਾਂ ਤ੍ਰਾਸਦੀਆਂ
ਦਾ ਮੂਲ ਕਾਰਨ ਵੀ ਸਾਡਾ ਰੂੜੀਵਾਦੀ ਕਦਰਾਂ-ਕੀਮਤਾਂ ਨਾਲ ਮੋਹ ਹੀ ਹੈ।
ਪੇਸ਼ ਹਨ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਅਫ਼ਜ਼ਲ ਸਾਹਿਰ ਦੀ ਨਜ਼ਮ
‘ਚੇਤਰ ਰੰਗ ਨਰੋਏ’ ਦੀਆਂ ਕੁਝ ਸਤਰਾਂ :
ਚੇਤਰ ਰੰਗ ਨਰੋਏ ... ਵੇ ਲੋਕਾ !
ਚੇਤਰ ਰੰਗ ਨਰੋਏ
ਭੋਇੰ ‘ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਚੇਤਰ ਰੰਗ ਨਰੋਏ ... ਵੇ ਲੋਕਾ !
ਚੇਤਰ ਰੰਗ ਨਰੋਏ
ਫੁੱਲਾਂ ਤੋਂ ਨਾ ਅੱਖ ਚਕੀਵੇ
ਚੇਤ ਮਿਲਾਪੀ ਰੁੱਤੇ
ਬਾਹਰ ਸੁਲੱਖਣਾ ਦਿਨ ਚੜ੍ਹ ਆਇਆ
ਅਸੀਂ ਆਂ ਸੁੱਤਮ ਸੁੱਤੇ
ਪੁੱਠੇ ਵੇਖ ਵਤੀਰੇ ਸਾਡੇ
ਹਾਸੇ ਪਿੱਟ ਖਲੋਏ
ਚੇਤਰ ਰੰਗ ਨਰੋਏ ... ਵੇ ਲੋਕਾ !
ਚੇਤਰ ਰੰਗ ਨਰੋਏ
ਲੱਗੇ ਬੂਰ ਤੇ ਫੁੱਟੀਆਂ ਲਗਰਾਂ
ਰੁੱਖਾਂ ਰੰਗ ਵਟਾਏ
ਅਸੀਂ ਨਾ ਆਪਣੇ ਜੁੱਸਿਆਂ ਉੱਤੋਂ
ਹੰਢੇ ਵਰਤੇ ਲਾਹੇ
ਖੂਹ ‘ਤੇ ਖੜ੍ਹ ਕੇ ਵੀ ਨਾ ਭਰਿਆ
ਭਾਂਡਾ ਲੋਏ ਲੋਏ
ਚੇਤਰ ਰੰਗ ਨਰੋਏ ... ਵੇ ਲੋਕਾ !
ਚੇਤਰ ਰੰਗ ਨਰੋਏ
ਨਵੇਂ ਗਿਆਨ-ਵਿਗਿਆਨ ਦੀ ਲੋਅ ਨਾਲ ਜਦੋਂ ਕਿ ਪਹਿਲੀ ਅਤੇ ਦੂਜੀ ਦੁਨੀਆਂ
ਦੇ ਲੋਕਾਂ ਦੇ ਦਿਮਾਗ਼ਾਂ ਵਿੱਚ ਵੀ ਚਾਨਣ ਦਾ ਪਾਸਾਰ ਹੋ ਚੁੱਕਾ ਹੈ; ਪਰ
ਅਸੀਂ ਤੀਜੀ ਦੁਨੀਆਂ ਦੇ ਲੋਕ ਅਜੇ ਵੀ ਸਦੀਆਂ ਪੁਰਾਣੇ ਰੂੜੀਵਾਦੀ ਵਿਚਾਰਾਂ
ਨਾਲ ਹੀ ਜ਼ਿੰਦਗੀ ਜਿਊਣੀ ਪਸੰਦ ਕਰਦੇ ਹਾਂ। ਜਿਸ ਕਾਰਨ ਅਨੇਕਾਂ ਪੱਧਰਾਂ
ਉੱਤੇ ਅਸੀਂ ਜ਼ਿੰਦਗੀ ਨੂੰ ਪੂਰੀ ਸ਼ਿੱਦਤ ਨਾਲ ਮਾਨਣ ਤੋਂ ਵਾਂਝੇ ਰਹਿ ਜਾਂਦੇ
ਹਾਂ।
ਅਜੋਕੇ ਸਮਿਆਂ ਵਿੱਚ ਵੀ ਆਮ ਲੋਕਾਂ ਵੱਲੋਂ ਰੂੜੀਵਾਦੀ ਵਿਚਾਰਾਂ ਅਤੇ
ਕਦਰਾਂ-ਕੀਮਤਾਂ ਦੇ ਸਹਾਰੇ ਜ਼ਿੰਦਗੀ ਬਤੀਤ ਕਰੀ ਜਾਣ ਦਾ ਵੱਡਾ ਕਾਰਨ ਇਹ ਹੈ
ਕਿ ਸਮਾਜਿਕ/ਸਭਿਆਚਾਰਕ/ਰਾਜਨੀਤਕ/ਧਾਰਮਿਕ ਅਦਾਰਿਆਂ ਉੱਤੇ ਅਜਿਹੇ
ਦਿਸ਼ਾ-ਰਹਿਤ ਲੋਕ ਕਾਬਜ਼ ਹਨ ਜਿਨ੍ਹਾਂ ਦੀ ਇਹ ਖਾਹਿਸ਼ ਹੀ ਨਹੀਂ ਹੈ ਕਿ
ਆਮ ਆਦਮੀ ਦੀ ਚੇਤਨਾ ਵਿੱਚ ਕਦੀ ਚਾਨਣ ਦਾ ਪਾਸਾਰ ਹੋਵੇ। ਕਿਉਂਕਿ ਆਮ ਆਦਮੀ
ਨੂੰ ਇਸ ਗੱਲ ਦੀ ਸਮਝ ਆ ਜਾਣ ਨਾਲ ਕਿ
ਸਮਾਜਿਕ/ਸਭਿਆਚਾਰਕ/ਧਾਰਮਿਕ/ਰਾਜਨੀਤਕ ਅਦਾਰੇ ਕਿਸ ਤਰ੍ਹਾਂ ਕੰਮ ਕਰਦੇ ਹਨ
ਅਤੇ ਇਨ੍ਹਾਂ ਦੀ ਦਿਸ਼ਾ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ ਤਾਂ ਇਨ੍ਹਾਂ
ਅਦਾਰਿਆਂ ਉੱਤੇ ਕਾਬਿਜ ਧਿਰਾਂ ਆਪਣੀ ਮਨ-ਮਰਜ਼ੀ ਨਹੀਂ ਕਰ ਸਕਣਗੀਆਂ। ਆਮ
ਲੋਕਾਂ ਵਿੱਚ ਜਾਗਰਿਤੀ ਆ ਜਾਣ ਨਾਲ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆ
ਜਾਵੇਗੀ ਕਿ ਅਸੀਂ ਦਿਨ ਰਾਤ ਹੱਡ-ਭੰਨਵੀਂ ਮਿਹਨਤ ਕਰਦੇ ਹਾਂ ਪਰ ਫਿਰ ਵੀ
ਸਾਡੇ ਬੱਚੇ ਭੁੱਖੇ ਹੀ ਕਿਉਂ ਸੌਂਦੇ ਹਨ ? ਫਿਰ ਵੀ ਅਸੀਂ ਕਰਜਿ਼ਆਂ ਦੇ
ਭਾਰ ਥੱਲੇ ਹੀ ਕਿਉਂ ਦੱਬੇ ਰਹਿੰਦੇ ਹਾਂ? ਆਮ ਬੰਦੇ ਦੀ ਤ੍ਰਾਸਦੀ ਨਾਲ
ਜੁੜੀਆਂ ਇਨ੍ਹਾਂ ਗੱਲਾਂ ਨੂੰ ਅਫ਼ਜ਼ਲ ਸਾਹਿਰ ਬੜੀ ਚੰਗੀ ਤਰ੍ਹਾਂ ਸਮਝਦਾ
ਹੈ। ਇਸੇ ਲਈ ਹੀ ਇੱਕ ਚੇਤੰਨ ਸ਼ਾਇਰ ਹੋਣ ਵਜੋਂ ਉਹ ਆਪਣੀ ਸ਼ਾਇਰੀ ਵਿੱਚ
ਇਨ੍ਹਾਂ ਵਿਚਾਰਾਂ ਨੂੰ ਬੜੀ ਦ੍ਰਿੜਤਾ ਅਤੇ ਸੰਜੀਦਗੀ ਨਾਲ ਪੇਸ਼ ਕਰਦਾ ਹੈ।
ਉਹ ਮੁਸੀਬਤਾਂ ਦੇ ਮਾਰੇ ਅਤੇ ਅਨੇਕਾਂ ਤਰ੍ਹਾਂ ਦੇ ਅੱਤਿਆਚਾਰ ਸਹਿ ਰਹੇ ਆਮ
ਬੰਦੇ ਦੇ ਨਾਲ ਖੜ੍ਹਦਾ ਹੈ ਨ ਕਿ ਚੋਰਾਂ ਜਾਂ ਲੁਟੇਰਿਆਂ ਦੇ ਨਾਲ। ਪੇਸ਼
ਹਨ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੀਆਂ ਅਫ਼ਜ਼ਲ ਸਾਹਿਰ ਦੀ ਸ਼ਾਇਰੀ
ਵਿੱਚੋਂ ਕੁਝ ਉਦਾਹਰਣਾਂ :
1.
ਰੋਜ਼ ਦਿਹਾੜੇ, ਜੀਣਾ ਮਰਨਾ,
ਸਾਡੇ ਲੇਖੀਂ ਲਿਖਿਆ
ਵੇਲਾ ਕਿਹੜੀ ਟੋਰ ਟੁਰੀਂਦੈ,
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ, ਬੇ ਚੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ
(ਇਸ ਜੀਵਨ ਤੋਂ ਰੱਜੇ)
2.
ਵੇਲੇ ਦੀ ਪਈ ਡੈਣ ਖਿਡਾਵੇ
ਚੁੱਕ ਅਸਾਨੂੰ ਕੁੱਛੇ
ਕਿਹੜਾ ਸਾਡਾ ਵਾਲੀ ਵਾਰਿਸ
ਕੌਣ ਅਸਾਨੂੰ ਪੁੱਛੇ
ਜਿਹੜੇ ਜ਼ਾਤੋਂ ਹੈਣ ਕੁਜ਼ਾਤੇ
ਉਹ ਸਿਰ ਚੜ੍ਹ ਕੇ ਗੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ (ਇਸ ਜੀਵਨ ਤੋਂ ਰੱਜੇ)
3.
ਨਾ ਕੋਈ ਸੇਕ, ਨਾ ਠੰਢੀਆਂ ਹਾਵਾਂ
ਟੁਰੀਆਂ ਜਾਵਣ, ਰੁਕੀਆਂ ਸਾਹਵਾਂ
ਅੱਖੀਂ ਜੰਮੀਆਂ ਦਿਸ਼ਾ, ਦਿਸ਼ਾਵਾਂ
ਅੰਧ ਗ਼ੁਬਾਰ ‘ਚ ਲੁਕੀਆਂ ਰਾਹਵਾਂ
ਰਾਹੀਂ ਬੈਠੇ ਚੋਰ
ਬਣ ਕੇ ਹੋਰ ਦੇ ਹੋਰ
4.
ਅਸੀਂ ਲੱਖਾਂ ਏਕੜ ਬੀਜੀਏ
ਸਾਡਾ ਫਿਰ ਵੀ ਮੰਦਾ ਹਾਲ
ਸਾਡੀ ਮੱਝੀਂ ਬਾਦੀ ਹੋ ਗਈ
ਸਾਡੇ ਵਿਚ ਭੜੋਲੇ ਕਾਲ
ਸਾਡੇ ਵਿਹੜੇ ਸੁੰਨੇ ਹੋ ਗਏ
ਹਰ ਪਾਸੇ ਉਗਿਆ ਘਾਹ
ਸਾਈਂ !
ਸਾਡੀ ਉੱਜੜੀ ਝੋਕ ਵਸਾ
(ਉਜੜੀ ਝੋਕ ਵਸਾ)
ਆਮ ਬੰਦੇ ਦੀ ਤ੍ਰਾਸਦੀ ਇੱਥੇ ਹੀ ਖਤਮ ਨਹੀਂ ਹੋ ਜਾਂਦੀ। ਉਹ ਆਪਣੀਆਂ
ਭੁੱਖਾਂ ਦਾ, ਆਪਣਿਆਂ ਦੁੱਖਾਂ ਦਾ, ਆਪਣੀਆਂ ਲੋੜਾਂ, ਆਪਣਿਆਂ ਹੱਕਾਂ ਦਾ
ਇਜ਼ਹਾਰ ਕਰਨ ਲੱਗਦਾ ਹੈ ਤਾਂ ਭ੍ਰਿਸ਼ਟ ਰਾਜਨੀਤੀਵਾਨ/ਭ੍ਰਿਸ਼ਟ ਸਮਾਜਿਕ,
ਸਭਿਆਚਾਰਕ, ਧਾਰਮਿਕ ਆਗੂ ਉਸ ਦੀ ਆਵਾਜ਼ ਬੰਦ ਕਰਨ ਲਈ ਦਹਿਸ਼ਤ ਦੀ ਬੋਲੀ
ਬੋਲਣ ਲੱਗਦੇ ਹਨ, ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਅ ਕੇ
ਉਨ੍ਹਾਂ ਤੋਂ ਇੱਕ ਦੂਜੇ ਦਾ ਕਤਲ ਕਰਵਾਉਂਦੇ ਹਨ, ਉਨ੍ਹਾਂ ਤੋਂ ਇੱਕ ਦੂਜੇ
ਦੀਆਂ ਮਾਵਾਂ, ਭੈਣਾਂ, ਧੀਆਂ ਦੇ ਬਲਾਤਕਾਰ ਕਰਵਾਉਂਦੇ ਹਨ ਅਤੇ ਆਪ ਇਹ
ਭ੍ਰਿਸ਼ਟ ਲੋਕ ਚਿਹਰਿਆਂ ਉੱਤੇ ਰੇਸ਼ਮੀ ਮੁਸਕਰਾਹਟਾਂ ਪਹਿਨ ਮੰਦਰਾਂ,
ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਦੇ ਵਿਕਾਊ
ਭਾਈਆਂ/ਪੰਡਿਤਾਂ/ਪਾਦਰੀਆਂ/ਮੁਲਾਣਿਆਂ ਤੋਂ ਗਲਿਆਂ ਵਿੱਚ ਫੁੱਲਾਂ ਦੇ ਹਾਰ
ਪਵਾ ਕੇ ਸਾਡੇ ਸਮਿਆਂ ਦੇ ਇਹ ਸੱਜਣ-ਠੱਗ ਰੇਡੀਓ/ਟੀਵੀ/ਇੰਟਰਨੈੱਟ/ਅਖਬਾਰਾਂ
ਦੀਆਂ ਮੁੱਖ ਖਬਰਾਂ ਬਣਦੇ ਹਨ। ਸਮਾਜਿਕ/ਸਭਿਆਚਾਰਕ / ਧਾਰਮਿਕ/ਰਾਜਨੀਤਕ
ਪ੍ਰਦੂਸ਼ਨ ਭਰੇ ਮਾਹੌਲ ਨੂੰ ਹੋਰ ਵੀ ਵਧੇਰੇ ਗੰਦਲਾ ਕਰਨ ਵਿੱਚ ਸਾਡੇ
ਸਮਿਆਂ ਦਾ ਹਰ ਤਰ੍ਹਾਂ ਦਾ ਵਿਕਾਊ ਮੀਡੀਆ ਵੀ ਵੱਡੀ ਭੂਮਿਕਾ ਨਿਭਾ ਰਿਹਾ
ਹੈ। ਪੇਸ਼ ਹਨ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਅਫ਼ਜ਼ਲ ਸਾਹਿਰ
ਦੀਆਂ ਕਵਿਤਾਵਾਂ ‘ਵੇਲੇ ਦੀ ਵਾਰ (1)’, ‘ਚੰਦਰੀ ਰੁੱਤ’, ਅਤੇ ‘ਯਾਰ
ਪ੍ਰਹੁਣੇ’ ਵਿੱਚੋਂ ਕੁਝ ਭਾਵਪੂਰਤ ਉਦਾਹਰਣਾਂ:
1.
ਕੂੜੋ ਕੂੜ ਅਖ਼ਬਾਰ, ਲਖੀਂਵਣ ਹੁਕਮੀਂ ਢੋਲੇ
ਮਾਰੂ ਥਈ ਸਰਕਾਰ, ਨਿਮਾਣਾ ਤਣੀਆਂ ਝੋਲੇ
ਪੀਹ ਕੱਟਣ ਪਰਿਵਾਰ, ਚਿਰੋਕੇ ਸੁੰਝ ਭੜੋਲੇ
ਧੁਰੋਂ ਲਿਖਾਈ ਹਾਰ, ਤੇ ਸੱਧਰ ਖਿੱਦੂ ਫੋਲੇ
ਰੂਹ ਦੇ ਹੋਣ ਵਪਾਰ ਤੇ ਸੁਫ਼ਨੇ ਮਿਧ ਮਧੋਲੇ
ਸਾਹਵਾਂ ਨੂੰ ਲੰਗਾਰ, ਦਿਲਾਂ ਨੂੰ ਪੈ ਗਏ ਝੋਲੇ
ਹਉਕੇ ਭਰਦੀ ਨਾਰ, ਜਣੇਂ ਪਏ ਗਾਵਣ ਸੋਹਲੇ
ਸਾਂਵਲ ਹੱਥ ਮੁਹਾਰ, ਤੇ ਡਾਚੀ ਰੋਹੀ ਰੋਲੇ
2.
ਰੁੱਖਾਂ ਦੇ ਪਰਛਾਵੇਂ ਕੰਬਣ,
ਧਰਤੀ ਠੰਡੀ ਠਾਰ
ਸਿਖ਼ਰ ਦੁਪਹਿਰੇ, ਰਾਤ ਦੇ ਪਹਿਰੇ,
ਪੱਤਝੜ ਜਿਹੀ ਬਹਾਰ
ਕੂੰਜਾਂ ਦੀ ਥਾਂ ਅੰਬਰਾਂ ਉੱਤੇ,
ਗਿਰਝਾਂ ਬੰਨ੍ਹੀ ਡਾਰ
ਰੂਹ ਦੀ ਧੂਣੀ ਮਿਰਚਾਂ ਧੂੜੇ,
ਨਿੱਤ ਹੋਣੀ ਦੀ ਵਾਰ
ਵੇਲੇ ਦੀ ਕੰਧ ਹੇਠਾਂ ਆ ਗਏ, ਜੀਵਨ ਦੇ ਦਿਨ ਚਾਰ
3.
ਰੱਤਾਂ ਪੀਵਣ ਵਾਲੜੇ
ਅੱਜ ਮੋਹਰੀ ਹੋ ਗਏ
ਰਾਤੀਂ ਨੀਂਦ ਉਨੀਂਦਰਾ
ਸਾਹ ਚੋਰੀ ਹੋ ਗਏ
ਹੁਣ ਤੱਕ ਵਿਚਾਰੇ ਗਏ ਵਿਸ਼ਿਆਂ ਤੋਂ ਇਲਾਵਾ ਅਫ਼ਜ਼ਲ ਸਾਹਿਰ ਨੇ ਆਪਣੀਆਂ
ਕਵਿਤਾਵਾਂ ਵਿੱਚ ਹੋਰ ਵੀ ਅਨੇਕਾਂ ਮਹੱਤਵ-ਪੂਰਨ ਵਿਸ਼ਿਆਂ ਬਾਰੇ ਚਰਚਾ
ਛੇੜਿਆ ਹੈ। ਇਨ੍ਹਾਂ ਵਿੱਚੋਂ ਰਾਜਨੀਤੀਵਾਨਾਂ ਦਾ ਦੋਗਲਾਪਨ ਅਤੇ
ਇੰਡੀਆ-ਪਾਕਿਸਤਾਨ ਦੇ ਆਪਸੀ ਸਬੰਧ ਵਧੇਰੇ ਮਹੱਤਵਸ਼ੀਲ ਵਿਸ਼ੇ ਹਨ। ਕਿਉਂਕਿ
ਇਨ੍ਹਾਂ ਵਿਸ਼ਿਆਂ ਨਾਲ ਹਿੰਦ-ਪਾਕਿ ਦੇ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਦਾ
ਭੁਤ, ਭਵਿੱਖ ਅਤੇ ਵਰਤਮਾਨ ਜੁੜਿਆ ਹੋਇਆ ਹੈ। 1947 ਤੱਕ ਇਸ ਖਿੱਤੇ ਦੇ
ਲੋਕਾਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਇਕੱਠਿਆਂ
ਆਜ਼ਾਦੀ ਦੀ ਜੰਗ ਲੜੀ। ਪਰ ਚਲਾਕ ਅੰਗ੍ਰੇਜ਼ ਜਾਣ ਲੱਗਿਆਂ ਇਸ ਖਿੱਤੇ ਦੇ
ਲੋਕਾਂ ਨੂੰ ਦੋ ਧੜਿਆਂ/ਦੋ ਦੇਸ਼ਾਂ ਵਿੱਚ ਵੰਡ ਗਏ ਅਤੇ ਇਨ੍ਹਾਂ ਦੋ
ਦੇਸ਼ਾਂ ਦੇ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਲਈ ਨਫ਼ਰਤ ਦੀ ਅੱਗ ਦੇ
ਭਾਂਬੜ ਬਾਲ ਗਏ। ਉਹੀ ਲੋਕ ਜੋ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ
ਤਲਵਾਰਾਂ, ਬਰਛੇ, ਬੰਦੂਕਾਂ ਤਿਆਰ ਕਰੀ ਬੈਠੇ ਸਨ ਅਤੇ ਇੱਕ ਦੂਜੇ ਦੇ ਮੋਢੇ
ਨਾਲ ਮੋਢਾ ਜੋੜਕੇ ਆਜ਼ਾਦੀ ਦੀ ਜੰਗ ਲੜ ਰਹੇ ਸਨ ਅੰਗਰੇਜ਼ਾਂ ਦੀਆਂ ਮਕਾਰੀ
ਭਰੀਆਂ ਰਾਜਨੀਤੀ ਦੀਆਂ ਚਾਲਾਂ ਵਿੱਚ ਫਸ ਕੇ ਹਿੰਦੂ, ਸਿੱਖ, ਮੁਸਲਮਾਨ,
ਈਸਾਈ ਬਣ ਕੇ ਇੱਕ ਦੂਜੇ ਦੇ ਗਲੇ ਵੱਢਣ ਲੱਗੇ, ਸੰਗੀ ਸਾਥੀਆਂ ਦੀਆਂ
ਮਾਵਾਂ/ਧੀਆਂ/ਭੈਣਾਂ/ਪਤਨੀਆਂ ਦੇ ਬਲਾਤਕਾਰ ਕਰਨ ਲੱਗੇ, ਇੱਕ ਦੂਜੇ ਦੇ
ਘਰਾਂ ਨੂੰ ਅੱਗਾਂ ਲਗਾ ਕੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਸਾੜ ਕੇ ਸੁਆਹ
ਕਰਨ ਲੱਗੇ। ਧਰਮ ਦੇ ਨਾਮ ਉੱਤੇ ਹੋਈ ਇਸ ਕਤਲੋਗਾਰਤ ਵਿੱਚ
ਭਾਰਤੀ/ਪਾਕਿਸਤਾਨੀ ਹਿੰਦੂਆਂ/ਸਿੱਖਾਂ/ਮੁਸਲਮਾਨਾਂ/ਈਸਾਈਆਂ ਨੇ 10 ਲੱਖ
ਤੋਂ ਵੱਧ ਲੋਕਾਂ ਦਾ ਕਤਲੇਆਮ ਕਰਕੇ ਲਾਸ਼ਾਂ ਦੇ ਅੰਬਾਰ ਲਗਾ ਦਿੱਤੇ। ਭਾਰਤ
ਦੀ ਹੋਈ ਇਸ ਵੰਡ ਕਾਰਨ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ
ਨੂੰ ਪੂਰਬੀ ਪੰਜਾਬ ਅਤੇ ਦੂਜੇ ਨੂੰ ਪੱਛਮੀ ਪੰਜਾਬ ਕਿਹਾ ਜਾਣ ਲੱਗਾ।
ਅਫ਼ਜ਼ਲ ਸਾਹਿਰ ਦਾ ਸਬੰਧ ਪੱਛਮੀ ਪੰਜਾਬ ਨਾਲ ਹੈ, ਜੋ ਕਿ ਹੁਣ ਪਾਕਿਸਤਾਨ
ਦਾ ਇੱਕ ਪ੍ਰਾਂਤ ਹੈ। ਪਾਕਿਸਤਾਨ ਇੱਕ ਵੱਖਰਾ ਦੇਸ਼ ਇਸ ਲਈ ਬਣਾਇਆ ਗਿਆ ਸੀ
ਕਿ ਇਹ ਦੇਸ਼ ਮੁਸਲਮਾਨ ਧਰਮ ਦੇ
ਸਮਾਜਿਕ/ਸਭਿਆਚਾਰਕ/ਰਾਜਨੀਤਕ/ਆਰਥਿਕ/ਧਾਰਮਿਕ ਅਸੂਲਾਂ ਅਨੁਸਾਰ ਚਲਾਇਆ
ਜਾਵੇਗਾ। ਪਰ ਹੋਇਆ ਸਭ ਕੁਝ ਇਸਦੇ ਉਲਟ। ਪਾਕਿਸਤਾਨ ਵਿੱਚ ਜਾਂ ਤਾਂ
ਭ੍ਰਿਸ਼ਟ ਫੌਜੀ ਜਰਨੈਲ ਦੇਸ਼ ਦੀ ਹਕੂਮਤ ਦੀ ਵਾਗਡੋਰ ਸੰਭਾਲਦੇ ਰਹੇ ਅਤੇ
ਜੇਕਰ ਕੁਝ ਸਮੇਂ ਲਈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਸਰਕਾਰਾਂ
ਵੀ ਬਣੀਆਂ ਤਾਂ ਉਹ ਵੀ ਲੋਕਾਂ ਨਾਲ ਕੀਤੇ ਹੋਏ ਵਾਹਦਿਆਂ ਮੁਤਾਬਕ ਬਹੁਤੀ
ਦੇਰ ਤੱਕ ਕੋਈ ਲੋਕ-ਪੱਖੀ ਕੰਮ ਨ ਕਰ ਸਕੀਆਂ ਅਤੇ ਆਪਣਾ ਸਾਰਾ ਜ਼ੋਰ
ਹਿੰਦੁਸਤਾਨ-ਪਾਕਿਸਤਾਨ ਦੇ ਲੋਕਾਂ ਨੂੰ ਮੁੜ, ਮੁੜ ਜੰਗ ਦੀ ਭੱਠੀ ਵਿੱਚ
ਝੋਕਣ ਲਈ ਹੀ ਲਗਾਂਦੇ ਰਹੇ। ਪਿਛਲੇ ਕੁਝ ਸਾਲਾਂ ਤੋਂ ਹਾਲਾਤ ਹੋਰ ਵੀ
ਜ਼ਿਆਦਾ ਵਿਗੜੇ ਹੋਏ ਹਨ। ਪਾਕਿਸਤਾਨ ਵਿੱਚ ਮੁਸਲਮਾਨ ਧਾਰਮਿਕ ਕੱਟੜਵਾਦੀ
ਦਹਿਸ਼ਤਗਰਦਾਂ ਨੇ ਲੋਕਾਂ ਦੀ ਜ਼ਿੰਦਗੀ ਵੀ ਸੁਰੱਖਿਅਤ ਨਹੀਂ ਰਹਿਣ ਦਿੱਤੀ।
ਉਹ ਬਿਨ੍ਹਾਂ ਕਿਸੀ ਡਰ ਦੇ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਆ ਕੇ
ਬੰਬ ਧਮਾਕੇ ਕਰ ਸਕਦੇ ਹਨ, ਮਸ਼ੀਨ ਗੰਨਾਂ ਨਾਲ ਗੋਲੀਆਂ ਦੀ ਬਰਖਾ ਕਰਕੇ ਜਾ
ਸਕਦੇ ਹਨ, ਕਿਸੀ ਵੀ ਬਿਲਡਿੰਗ ਜਾਂ ਅਦਾਰੇ ਨੂੰ ਡਾਇਨਾਮਾਈਟ ਨਾਲ
ਧਮਾਕਾ ਕਰਕੇ ਡੇਗ ਸਕਦੇ ਹਨ। ਪਾਕਿਸਤਾਨ ਦੀ ਅਜਿਹੀ ਸਥਿਤੀ ਲਈ ਉੱਥੋਂ ਦੇ
ਦੋਗਲੇ ਕਿਰਦਾਰ ਵਾਲੇ ਰਾਜਨੀਤੀਵਾਨ ਜ਼ਿੰਮੇਵਾਰ ਹਨ, ਜੋ ਕਿ ਜਨਤਕ ਤੌਰ
ਉੱਤੇ ਤਾਂ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦਾ ਵਿਰੋਧ ਕਰਦੇ ਹਨ ਪਰ
ਅੰਦਰਖਾਤੇ ਉਨ੍ਹਾਂ ਨਾਲ ਯਾਰੀਆਂ ਪਾ ਕੇ ਰੱਖਦੇ ਹਨ। ਅਫ਼ਜ਼ਲ ਸਾਹਿਰ ਇਸ
ਨੁਕਤੇ ਨੂੰ ਵੀ ਆਪਣੀ ਨਜ਼ਮ ‘ਜਿੰਦੇ ਨੀ’ ਵਿੱਚ ਬਾਖੂਬੀ ਉਭਾਰਦਾ ਹੈ:
ਜਿੰਦੇ ਨੀ ! ਕੀ ਲੱਛਣ ਤੇਰੇ
ਫਨੀਅਰ ਨਾਲ ਯਰਾਨੇ ਵੀ ਨੇ
ਜੋਗੀ ਵੱਲ ਵੀ ਫੇਰੇ
ਜਿੰਦੇ ਨੀ ! ਕੀ ਲੱਛਣ ਤੇਰੇ
ਜਿੰਦੇ ਨੀ ! ਕੀ ਸਾਕ ਸਹੇੜੇ
ਇੱਕ ਬੁੱਕਲ ਵਿੱਚ ਰਾਂਝਣ ਮਾਹੀ
ਦੂਜੀ ਦੇ ਵਿੱਚ ਖੇੜੇ
ਜਿੰਦੇ ਨੀ ! ਕੀ ਸਾਕ ਸਹੇੜੇ
ਪਾਕਿਸਤਾਨ ਦੀ ਹਕੂਮਤ ਕਰਦੀਆਂ ਰਹੀਆਂ ਤਰੱਕੀਪਸੰਦ ਰਾਜਨੀਤਿਕ ਤਾਕਤਾਂ
ਦੀ ਵੀ ਹਕੀਕਤ ਇਹ ਰਹੀ ਕਿ ਉਹ ਵੀ ਅੰਦਰਖਾਤੇ ਅੰਤਰ-ਰਾਸ਼ਟਰੀ ਪੱਧਰ ਉੱਤੇ
ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਨੂੰ ਹੀ ਹਵਾ ਦਿੰਦੀ ਰਹੀ। ਸ਼ਾਇਦ ਇਸੀ
ਕਾਰਨ ਹੀ ਰਾਜਗੱਦੀ ਉੱਤੇ ਬੈਠਣ ਵੇਲੇ ਆਮ ਲੋਕਾਂ ਦੀਆਂ ਵੋਟਾਂ ਲੈਣ ਲਈ ਉਹ
ਲੋਕਾਂ ਨਾਲ ਲੋਕ-ਪੱਖੀ ਕੰਮ ਕਰਨ ਦੇ ਜੋ ਵਾਹਦੇ ਕਰਦੇ ਰਹੇ ਉਹ ਪੂਰੇ ਨ ਕਰ
ਸਕੇ ਅਤੇ ਜਲਦੀ ਹੀ ਲੋਕਾਂ ਦੇ ਮਨਾਂ ਤੋਂ ਲੱਥ ਗਏ। ਅਫ਼ਜ਼ਲ ਸਾਹਿਰ ਵੀ ਇਸ
ਹਕੀਕਤ ਨੂੰ ਭਲੀ ਪ੍ਰਕਾਰ ਸਮਝਦਾ ਹੈ। ਤਾਂ ਹੀ ਤਾਂ ਉਹ ਆਪਣੀ ਨਜ਼ਮ
‘ਪੀੜਾਂ ਵਿਕਣੇ ਆਈਆਂ’ ਵਿੱਚ ਲੋਕ-ਦਰਦ ਨੂੰ ਇੰਜ ਜ਼ੁਬਾਨ ਦਿੰਦਾ ਹੈ :
ਉਹ ਵੀ ਮਗਰੋਂ ਲਾਹ ਕੇ ਟੁਰ ਗਏ
ਜਿਹਨਾਂ ਦਿੱਤੀਆਂ ਸਾਈਆਂ
ਸੱਜਣ ਜੀ ! ਪੀੜਾਂ ਵਿਕਣੇ ਆਈਆਂ ਸਾਵੀਆਂ ਰੁੱਤਾਂ ਵਰਗੇ ਸੁਫ਼ਨੇ
ਚੀਕਾਂ ਦੇ ਵਿੱਚ ਗੁੰਨ੍ਹੇ
ਸ਼ਹਿਰ ਨੇ ਜੀਕਣ ਪੱਕੀਆਂ ਥਾਵਾਂ
ਪਿੰਡਾਂ ਦੇ ਪਿੰਡ ਸੁੰਨੇ
ਲਾਸ਼ਾਂ ਤੇ ਦਫ਼ਨਾਉਂਦੇ ਸੁਣਿਆਂ
ਰੂਹਾਂ ਕਿਸ ਦਫ਼ਨਾਈਆਂ !
ਸੱਜਣ ਜੀ ! ਪੀੜਾਂ ਵਿਕਣੇ ਆਈਆਂ
ਅਫ਼ਜ਼ਲ ਸਾਹਿਰ ਦੀ ਸ਼ਾਇਰੀ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ
ਕੀਤੀਆਂ ਜਾ ਸਕਦੀਆਂ ਹਨ। ਪਰ ਮੈਂ ਇਹ ਕਹਿਕੇ ਹੀ ਆਪਣੀ ਗੱਲ ਸਮਾਪਤ ਕਰਨੀ
ਚਾਹਾਂਗਾ ਕਿ ਨਿਰਸੰਦੇਹ, ਇਹ ਸ਼ਾਇਰੀ ਨਵੇਂ ਰੁਝਾਣ ਵਾਲੀ ਕਰਾਂਤੀਕਾਰੀ
ਪੰਜਾਬੀ ਸ਼ਾਇਰੀ ਦਾ ਹੀ ਮੁਹਾਂਦਰਾ ਹੈ। ਇਸ ਦੇ ਸਬੂਤ ਵਜੋਂ ਅਫ਼ਜ਼ਲ
ਸਾਹਿਰ ਦੀ ਇੱਕ ਖੂਬਸੂਰਤ ਨਜ਼ਮ ‘ਕਾਫ਼ੀ’ ਦੀਆਂ ਕੁਝ ਸਤਰਾਂ ਪੇਸ਼ ਹਨ:
ਥੱਪ ਥੱਪ ਕਰਦੇ ਬੂਟਾਂ ਹੇਠਾਂ
ਚੀਕ ਪਈਆਂ ਛਣ ਛਣੀਆਂ
ਵਾਹ ਜੀ ਵਾਹ ਕੀ ਬਣੀਆਂ
(ਮਾਲਟਨ, ਫਰਵਰੀ 10, 2012)
Tel. (416) 858-7077 |