ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਇਕਬਾਲ ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ


ਇਕਬਾਲ ਮਾਹਲ ਅਤੇ ਸਾਥੀ ਲੁਧਿਆਣਵੀ

(ਇਕਬਾਲ ਮਾਹਲ 1975 ਤੋਂ ਟਰੋਂਟੋ ਵਿਖੇ ਰਹਿ ਰਹੇ ਹਨ। ਉਨ੍ਹਾਂ ਦਾ ਨਾਮ ਟਰੋਂਟੋ ਨਾਲ ਇਸ ਕਦਰ ਜੁੜਿਆ ਹੋਇਆ ਹੈ ਕਿ ਟਰੋਂਟੋ ਬਾਝੋਂ ਮਾਹਲ ਤੇ ਮਾਹਲ ਬਾਝੋਂ ਟਰੋਂਟੋ ਜਚਦਾ ਜਿਹਾ ਨਹੀਂ। ਬਰੌਡਕਾਸਟਿੰਗ ਦੇ ਖੇਤਰ ਵਿਚ ਉਥੇ ਆਪ ਜੀ ਇਕ ਪਾਇਨੀਅਰ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਬਤੌਰ ਪਰਮੋਟਰ ਦੇ ਵੀ ਆਪ ਤਕੜੀ ਪਹਿਚਾਣ ਰੱਖਦੇ ਹਨ। ਪਤਾ ਨਹੀਂ ਕਿੰਨੇ ਨਵਿਆਂ ਕਲਾਕਾਰਾਂ ਨੂੰ ਆਪ ਨੇ ਹਲਾਸ਼ੇਰੀ ਹੀ ਨਹੀਂ ਦਿੱਤੀ, ਆਪਣੇ ਘਰ ਵਿਚ ਵੀ ਰੱਖਿਆ। ਰੋਟੀ ਪਾਣੀ ਦੇ ਨਾਲ ਨਾਲ ਪੱਲਿਓਂ ਪੈਸੇ ਵੀ ਖਰਚੇ। ਆਪਣੀ ਪਰਾਈਵੇਸੀ ਨਾਲ ਵੀ ਸਮਝੌਤਾ ਕੀਤਾ ਜਿਹੜਾ ਆਪਣੇ ਆਪ ਵਿਚ ਹੀ ਇਨ੍ਹੀਂ ਦੇਸੀਂ ਬੜਾ ਔਖਾ ਕੰਮ ਹੈ। ਮੈਂ ਖੁਦ ਕਿਉਂਕਿ ਰੇਡੀਓ ਅਤੇ ਟੀ ਵੀ ਨਾਲ ਜੁੜਿਆ ਹੋਇਆ ਹਾਂ ਇਸ ਲਈ ਆਪਣੀ ਦੋਹਾਂ ਦੀ ਭਾਈਚਾਰਕ ਸਾਂਝ ਵੀ ਹੈ। ਇਕਬਾਲ ਮਾਹਲ ਨੇ ਸ਼ੋਅ ਬਿਜ਼ਨੈੱਸ ਦੇ ਆਪਣਿਆਂ ਤਜਰਬਿਆਂ ‘ਤੇ ਅਧਾਰਤ ਇਕ ਬਹੁਤ ਖੂਬਸੂਰਤ ਕਿਤਾਬ ਲਿਖੀ ਹੈ ਜਿਹੜੀ ਪੰਜਾਬੀ ਵਿਚ ਹੀ ਨਹੀਂ ਹਿੰਦੀ ਵਿਚ ਵੀ ਉਪਲੱਭਧ ਹੈ। ਇਸ ਦਾ ਨਾਮ ਹੈ ‘ਸੁਰਾਂ ਦੇ ਸੌਦਾਗਰ’। ਇਹ ਬੜੀ ਹੀ ਬਹੁ ਚਰਚਿਤ ਪੁਸਤਕ ਹੈ। ਇਸ ਵਿਚ ਕਈ ਕਹਿੰਦੇ ਕਹਾਉਂਦੇ ਕਲਾਕਾਰਾਂ ਨਾਲ ਖ਼ੁੱਲ੍ਹਦਿਲੀ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ ਹਨ ਜਿਹੜੀਆਂ ਅਤੀ ਦਿਲਚਸਪ ਅਤੇ ਤੁਹਾਡੀ ਜਗਿਆਸਾ ਨੂੰ ਤ੍ਰਿਪਤ ਕਰਨ ਵਾਲ਼ੀਆਂ ਹਨ। ਐਤਕੀਂ ਜੂਨ 2016 ਵਿਚ ਮੈਂ ਜਦੋਂ ਉਨ੍ਹਾਂ ਨੂੰ ਟਰੋਂਟੋ ਵਿਖੇ ਮਿਲਿਆ ਤਾਂ ਉਨ੍ਹਾਂ ਨੇ ਇਸ ਦੀ ਇਕ ਕਾਪੀ ਮੈਨੂੰ ਬੜੇ ਆਦਰ ਸਾਹਿਤ ਭੇਂਟ ਕੀਤੀ। ਜਿਸ ਨੂੰ ਮੈਂ ਨਿੱਠ ਕੇ ਇਕੋ ਬੈਠਕ ਵਿਚ ਪੜ੍ਹ ਲਿਆ। ਕਰਦਾ ਕੀ, ਇਹ ਦਿਲਚਸਪ ਹੀ ਬੜੀ ਸੀ। ਇਹੋ ਜਿਹੀ ਕਿਤਾਬ ਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਤੁਸੀਂ ਜਿਹੜੇ ਕਲਾਕਾਰ ਨੂੰ ਪਹਿਲਾਂ ਜਾਂ ਪਿੱਛੋਂ ਪੜ੍ਹਨਾ ਚਾਹੁੰਦੇ ਹੋ ਉਸ ਦੀ ਆਪੂੰ ਹੀ ਚੋਣ ਕਰ ਸਕਦੇ ਹੋ। ਮੈਂ ਪਹਿਲ ਜਗਜੀਤ ਸਿੰਘ ਤੇ ਸੁਰਿੰਦਰ ਕੌਰ ਨੂੰ ਦਿੱਤੀ ਤੇ ਫਿਰ ਪੜ੍ਹਦਾ ਹੀ ਚਲਾ ਗਿਆ। ਅੰਤਿਮ ਵਾਰੀ ਐਸ. ਮਹਿੰਦਰ ਦੀ ਆਈ ਪਰ ਉਸ ਦੀ ਜੀਵਨੀ ਪੜ੍ਹ ਕੇ ਇੰਝ ਲਗਦਾ ਸੀ ਕਿ ਇਸ ਨੂੰ ਪਹਿਲਾਂ ਪੜ੍ਹਨਾ ਚਾਹੀਦਾ ਸੀ। ਇਕਬਾਲ ਮਾਹਲ ਦੀ ਵਾਰਤਕ ਅਤੀ ਰੌਚਿਕ ਤੇ ਅਲੌਕਿਕ ਹੈ। ਨਿੱਕੇ ਨਿੱਕੇ ਫਿਕਰੇ, ਲੁਕਵਾਂ ਜਿਹਾ ਤੇ ਕਿਤੇ ਜ਼ਾਹਰਾ ਹਾਸ-ਵਿਅੰਗ, ਠੇਠ ਸਾਦੀ ਪੰਜਾਬੀ। ਇਹ ਹਨ ਇਕਬਾਲ ਮਾਹਲ ਦੀ ਵਾਰਤਕ ਦੇ ਗੁਣ। ਉਨ੍ਹਾਂ ਦਾ ਨਾਵਲ ‘ਡੌਗੀਟੇਲ ਡਰਾਈਵ’ ਵੀ ਇੰਝ ਹੀ ਸਿੱਧਾ, ਸਪੱਸ਼ਟ ਅਤੇ ਸਸਪੈਂਸ ਵਾਲਾ ਹੈ। ਇਹ ਵੱਖਰੇ ਸਟਾਈਲ ਦਾ ਨਾਵਲ ਹੈ ਪਰ ਪਹਿਲਾ ਨੰਬਰ ‘ਸੁਰਾਂ ਦੇ ਸੌਦਾਗਰ’ ਦਾ ਹੀ ਆਵੇਗਾ। ਇਸ ਨਾਲ ਹੀ ਮਾਹਲ ਦੀ ਲਿਖਣ ਕਲਾ ਦੀ ਪ੍ਰਤਿਭਾ ਨੂੰ ਜਾਣਿਆਂ ਜਾਂਦਾ ਰਹੇਗਾ। ਬਿਲਕੁਲ ਇਵੇਂ ਜਿਵੇਂ ਮੇਰੇ ਆਪਣੇ ਨਾਲ ਵੀ ‘ਸਮੁੰਦਰੋਂ ਪਾਰ’ ਜੁੜਿਆ ਹੋਇਆ ਹੈ। ਕਈ ਲੇਖਕਾਂ ਦੀ ਕੋਈ ਰਚਨਾ ਏਨੀ ਪ੍ਰਸਿੱਧ ਹੋ ਜਾਂਦੀ ਹੈ ਕਿ ਉਹ ਇਸ ਨਾਲ ਹੀ ਪਛਾਣਿਆਂ ਜਾਣ ਲੱਗ ਪੈਂਦਾ ਹੈ- ਜਿਵੇਂ ਗੁਰਬਖਸ਼ ਸਿੰਘ ਪ੍ਰੀਤ ਲੜੀ, ਬਲਦੇਵ ਸਿੰਘ ਸੜਕਨਾਮਾ, ਮੋਹਨ ਸਿੰਘ ਪੰਜ ਦਰਿਆ, ਤਰਸੇਮ ਸਿੰਘ ਨੀਲਗਿਰੀ ਆਦਿ। ਬਸ ਇਵੇਂ ਹੀ ਇਕਬਾਲ ਮਾਹਲ ਦੀ ਕਿਤਾਬ ‘ਸੁਰਾਂ ਦੇ ਸੌਦਾਗਰ’। ਜਾਂ ਕਹਿ ਲਓ ਕਿ ‘ਸੁਰਾਂ ਦੇ ਸੌਦਾਗ਼ਰ’ ਵਾਲਾ ਇਕਬਾਲ ਮਾਹਲ। ਆਓ ਦੇਖੀਏ ਕਿ ਉਹ ਕੀ ਆਖਦੇ ਹਨ ਮੇਰੇ ਨਾਲ ਗੱਲਬਾਤ ਕਰਦਿਆਂ? ...ਜੂਨ 2016)

ਸਾਥੀ; ਚੰਗਾ ਚੰਗਾ ਲੱਗ ਰਿਹਾ ਹੈ ਤੁਹਾਡੇ ਨਾਲ ਗੱਲਬਾਤ ਕਰਦਿਆਂ। ਟਾਈਮ ਦੇਣ ਲਈ ਸ਼ੁਕਰੀਆ।
ਮਾਹਲ; ਮੇਰੇ ਲਈ ਖੁਸ਼ੀ ਦੀ ਗੱਲ ਹੈ ਜੀ ਕਿ ਤੁਸੀਂ ਮੈਨੂੰ ਇੰਟਰਵਿਊ ਕਰ ਰਹੇ ਹੋ। ਤੁਸੀਂ ਸਾਡੇ ਸੀਨੀਅਰ ਲੇਖਕਾਂ ਵਿਚੋਂ ਇਕ ਹੋ। ਉਂਝ ਵੀ ਅਸੀਂ ਇਲਾਕਾਈ ਭਰਾ ਹਾਂ। ਤੁਹਾਡਾ ਜੱਦੀ ਪਿੰਡ ਜਿਹਨੂੰ ਖ਼ਬਰੇ ਕਦੋਂ ਦੇ ਛੱਡ ਕੇ ਲੁਧਿਆਣੇ ਚਲੇ ਗਏ ਹੋ, ਸਾਡੇ ਪਿੰਡਾਂ ਦੇ ਕੋਲ ਹੈ। ਪਿੰਡਾਂ ਵਾਲਿਆਂ ਨੇ ਹੀ ਤਾਂ ਸ਼ਹਿਰ ਵਸਾਏ ਹਨ।

ਸਾਥੀ; ਲੁਧਿਆਣੇ ਨਾਲ ਵੀ ਤਕੜੇ ਸਬੰਧ ਹੋਣਗੇ ਤੁਹਾਡੇ।
ਮਾਹਲ; ਹਾਂ ਜੀ। ਆਲਮਗੀਰ ਵਿਖੇ, ਜਿਹੜਾ ਲੁਧਿਆਣੇ ਦੇ ਨੇੜੇ ਹੀ ਹੈ, ਮੇਰੇ ਸੁਹਰੇ ਹਨ। ਮੇਰਾ ਜਨਮ ਉਂਝ ਲੰਗੇਰੀ ਹੋਇਆ ਇਹ ਛੋਟਾ ਜਿਹਾ ਪਿੰਡ ਮਾਹਲਪੁਰ ਦੇ ਨੇੜੇ ਹੈ। ਮੇਰੇ ਨਾਨਾ ਜੀ ਦਾ ਨਾਮ ਮਾਸਟਰ ਦਰਬਾਰਾ ਸਿੰਘ ਸੀ। ਉਨ੍ਹਾਂ ਨੇ 1920 ਤੋਂ ਲੈ ਕੇ 1960 ਤੀਕ ਮਾਹਿਲਪੁਰ ਦੇ ਹਾਈ ਸਕੂਲ ਵਿਚ ਪੜ੍ਹਾਇਆ ਸੀ। ਬੜੇ ਡੈਡੀਕੇਟਿਡ ਅਧਿਆਪਕ ਸਨ। ਫੁੱਟਬਾਲ ਵੀ ਖਿਡਾਇਆ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਸਕੂਲੀ ਅਧਿਆਪਕ ਬੜੀ ਸੁਹਿਰਦਤਾ ਤੇ ਡੈਡੀਕਸ਼ਨ ਨਾਲ ਪੜ੍ਹਇਆ ਕਰਦੇ ਸਨ। ਉਨ੍ਹਾਂ ਦੇ ਕਹਿਣ ਦਾ ਅੰਦਾਜ਼ ਹੀ ਐਹੋ ਜਿਹਾ ਹੁੰਦਾ ਸੀ ਕਿ ਜਿਵੇਂ ਵਿਦਿਆਰਥੀ ਉਹਨਾਂ ਦੇ ਆਪਣੇ ਬੱਚੇ ਹੀ ਹੋਣ। ਜਿਵੇਂ ਕਹਿਣਗੇ ਕਿ ਸਾਡੇ ਮੁੰਡਿਆਂ ਦੀ ਫਸਟ ਡਵੀਯਨ ਆਈ ਹੈ। ਨਾ ਕਿ ਇਹ ਕਹਿਣ ਕਿ ਸਾਡੇ ਸਕੂਲ ਦੇ ਐਨੇ ਮੁਡਿੰਆਂ ਦੀ ਫਸਟ ਡਵੀਯਨ ਆਈ ਹੈ। ਬਿਨਾਂ ਕੁਝ ਲਿਆਂ ਟਿਊਸ਼ਨਾਂ ਵੀ ਪੜ੍ਹਾਉਂਦੇ ਸਨ। ਅੱਜਕੱਲ ਵਾਂਗ ਤਾਲੀਮੀ ਅਦਾਰੇ ਅਤੇ ਅਧਿਆਪਕ ਵਿਓਪਾਰਕ ਨਜ਼ਰੀਏ ਵਾਲੇ ਨਹੀਂ ਸਨ ਹੁੰਦੇ।

ਸਾਥੀ; ਬੜੀ ਵਧੀਆ ਗੱਲ ਕਹੀ ਹੈ ਡੈਡੀਕੇਸ਼ਨ ਵਾਲੀ ਤੁਸੀਂ। ਜਦੋਂ ਪਾਕਿਸਤਾਨ ਬਣਿਆਂ ਸੀ ਤਾਂ ਮੇਰੀ ਉਮਰ ਛੇ ਕੁ ਸਾਲਾਂ ਦੀ ਸੀ। ਮੈਨੂੰ ਉਰਦੂ ਬਹੁਤ ਚੰਗੀ ਲਗਦੀ ਹੁੰਦੀ ਸੀ ਤੇ ਹੁਸਿ਼ਆਰ ਵੀ ਬੜਾ ਸਾਂ ਇਸ ਵਿਚ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਹੁਣ ਤੋਂ ਬਾਅਦ ਇਹ ਜ਼ਬਾਨ ਨਹੀਂ ਪੜ੍ਹਾਈ ਜਾਵੇਗਾ ਤਾਂ ਮੈਂ ਬਹੁਤ ਰੋਇਆ। ਪਰ ਸਾਡੇ ਟੀਚਰ ਸਨ ਮਿਸਟਰ ਮੁਗਲਾਣੀ। ਉਹਨਾਂ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਤੂੰ ਉਰਦੂ ਪੜ੍ਹਦਾ ਰਹੇਂਗਾ। ਉਨਾਂ ਦੀ ਛਤਰ ਛਾਇਆ ਹੇਠ ਮੇਰੇ ਸਮੇਤ ਕਈ ਮੁੰਡਿਆਂ ਨੇ ਉਰਦੂ ਪੜ੍ਹਨੀ ਜਾਰੀ ਰੱਖੀ ਪਰ ਅਖੀਰ ਨੂੰ ਨਵੇਂ ਤਾਲੀਮੀ ਅਥੌਰਟੀ ਦੀ ਜਿੱਤ ਹੋਈ ਤੇ ਉਰਦੂ ਪੰਜਾਬ ਵਿਚੋਂ ਹਟਾ ਦਿੱਤੀ ਗਈ। ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ ਧੱਕਾ ਹੋਇਆ ਹੈ ਪੰਜਾਬੀਆਂ ਨਾਲ। ਉਧਰ ਪਾਕਿਸਤਾਨ ਨੇ ਪੰਜਾਬੀਆਂ ਨੂੰ ਗੁਰਮੁੱਖੀ ਨਾ ਪੜ੍ਹਨ ਦਿੱਤੀ ਤੇ ਸਾਡਿਆਂ ਨੇ ਉਰਦੂ ਭਾਵ ਫਾਰਸੀ ਲਿੱਪੀ ਤੋਂ ਵਾਂਝਿਆਂ ਕਰ ਦਿੱਤਾ। ਮੈਂ ਇਹ ਗੱਲ ਅਧਿਆਪਕ ਮੁਗਲਾਣੀ ਜੀ ਵਾਲੀ ਇਸ ਕਰਕੇ ਵੀ ਕਹੀ ਹੈ ਕਿ ਤੁਹਾਡੀ ਗੱਲ ਦੀ ਪੁਸ਼ਟੀ ਹੋ ਜਾਵੇ ਕਿ ਉਸ ਵੇਲੇ ਦੇ ਅਧਿਆਪਕਾਂ ਵਿਚ ਵਾਕਈ ਬਹੁਤ ਡੈਡੀਕੇਸ਼ਨ ਹੁੰਦੀ ਸੀ।
ਮਾਹਲ; ਉਮਰ ਪੱਖੋਂ ਮੈਂ ਤੁਹਾਡੇ ਨਾਲੋਂ ਥੋੜਾ ਜਿਹਾ ਜੂਨੀਅਰ ਹਾਂ। ਤੁਸੀਂ ਤਾਂ ਫੇਰ ਵੀ ਥੋੜ੍ਹੀ ਬਹੁਤ ਉਰਦੂ ਪੜ੍ਹ ਲਈ ਪਰ ਸਾਡੇ ਵੇਲੇ ਤਾਂ ਬਿਲਕੁਲ ਹੀ ਖਤਮ ਹੋ ਗਈ ਸੀ। ਮੁਗਲਾਣੀ ਹੋਰਾਂ ਵਰਗੇ ਅਧਿਆਪਕਾਂ ਬਾਰੇ ਮੈਨੂੰ ਵੀ ਯਾਦ ਹੈ। ਮੈਨੂੰ ਤਾਂ ਔਪਰਚੂਨਿਟੀ ਹੀ ਨਹੀਂ ਮਿਲੀ ਉਰਦੂ ਪੜ੍ਹਨ ਦੀ ਪਰ ਹੌਲੀ ਹੌਲੀ ਜਿਵੇਂ ਜਿਵੇਂ ਬੰਦੇ ਦੀ ਉਮਰ ਵਧਦੀ ਜਾਂਦੀ ਹੈ ਸਿੱਖਣ ਦੀ ਸ਼ਕਤੀ ਵੀ ਮੁੱਕਦੀ ਜਾਂਦੀ ਹੈ। ਮੇਰੀ ਕੈਨੇਡਾ ਵਿਚ ਜੰਮੀ ਪਲੀ ਧੀ ਉਰਦੂ ਤੇ ਹਿੰਦੀ ਪੜ੍ਹ ਵੀ ਲੈਂਦੀ ਹੈ ਤੇ ਬੋਲ ਵੀ ਲੈਂਦੀ ਹੈ।

ਸਾਥੀ; ਦੈਟ ਇਜ਼ ਐਕਸੇਲੈਂਟ! ਕਈ ਮੇਰੇ ਪਾਕਿਸਤਾਨੀ ਦੋਸਤ ਕਹਿੰਦੇ ਰਹਿੰਦੇ ਹਨ ਕਿ ਜੀ ਤੁਸੀਂ ਗੁਰਮੁਖੀ ਦੇ ਨਾਲ ਨਾਲ ਸ਼ਾਹਮੁੱਖੀ ਵਿਚ ਵੀ ਲਿਖੋਂ ਤਾਂ ਜੁ ਅਸੀਂ ਵੀ ਜਾਣ ਸਕੀਏ ਹੋਰ ਤੁਹਾਡੇ ਬਾਰੇ। ਮੈਂ ਵੀ ਮੋੜਵੀਂ ਇਹੋ ਗੱਲ ਕਹਿੰਦਾ ਹਾਂ ਕਿ ਭਾਈ ਤੁਸੀਂ ਵੀ ਗੁਰਮੁਖੀ ਸਿੱਖੋ ਤਾਂ ਜੁ ਅਸੀਂ ਵੀ ਜਾਣ ਸਕੀਏ ਕਿ ਤੁਸੀਂ ਕੀ ਲਿਖ਼ਦੇ ਹੋ? ਖੈਰ ਬੜੀ ਦੇਰ ਦੀ ਚਾਹ ਸੀ ਕਿ ਮੈਂ ‘ਸੁਰਾਂ ਦੇ ਸੌਦਾਗਰ’ ਪੜ੍ਹ ਸਕਾਂ। ਹੁਣ ਮੈਂ ਪੜ੍ਹੀ ਹੈ ਤਾਂ ਮੈਂ ਦੇਖਿਆ ਕਿ ਤੁਸੀਂ ਇਸ ਵਿਚ ਉਰਦੂ ਦੇ ਬੜੇ ਮਿੱਠੇ ਤੇ ਪਿਆਰੇ ਸ਼ਬਦਾਂ ਦੀ ਢੇਰ ਸਾਰੀ ਵਰਤੋਂ ਕੀਤੀ ਹੈ। ਤੁਹਾਡਾ ਤਲੱਫਜ਼ ਵੀ ਖੂਬ ਹੈ।
ਮਾਹਲ; ਤੁਸੀਂ ਉਰਦੂ ਦੇ ਤਲੱਫਜ਼ ਦੀ ਗੱਲ ਕੀਤੀ ਹੈ। ਅੱਜਕੱਲ ਤਾਂ ਰੇਡੀਓ ਉਤੇ ਬਹੁਤ ਸਾਰੇ ਪੇਸ਼ਕਾਰ ਪੰਜਾਬੀ ਵੀ ਸਹੀ ਤਰੀਕੇ ਨਾਲ ਨਹੀਂ ਬੋਲ ਸਕਦੇ।

ਸਾਥੀ; ਇਹ ਬੜਾ ਦੁਖਾਂਤ ਹੈ ਕਿ ਰੇਡੀਓ ਸਟੇਸ਼ਨਾਂ ਵਾਲੇ ਵੀ ਏਸ ਪਾਸੇ ਕੋਈ ਧਿਆਨ ਨਹੀਂ ਦਿੰਦੇ। ਗ਼ਜ਼ਲ ਨੂੰ ਗਜਲ ਤੇ ਜਜ਼ਬਾਤ ਨੂੰ ਜਜਬਾਤ ਹੀ ਕਹੀ ਜਾ ਰਹੇ ਹਨ।
ਮਾਹਲ; ਮੇਰਾ 46 ਦਾ ਬਰਥ ਹੈ। ਪਾਕਿਸਤਾਨ ਬਣਨ ਵੇਲੇ ਮੈਂ ਸਿਰਫ ਡੇਢ ਕੇ ਸਾਲ ਦਾ ਸਾਂ। ਮਾਦਰੀ ਜ਼ਬਾਨ ਉਹ ਹੁੰਦੀ ਹੈ ਜਿਹੜੀ ਤੁਹਾਨੂੰ ਜਨਮ ਵੇਲੇ ਆਪਣੀ ਮਾਂ ਤੋਂ ਮਿਲੀ ਹੋਵੇ। ਉਰਦੂ ਸਾਡੀ ਮਾਦਰੀ ਜ਼ਬਾਨ ਨਹੀਂ ਹੈ। ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੇਰੇ ਗਰੈਂਡਫਾਦਰ ਐਗ਼ਜੈਕਿਟਵ ਇੰਜਨੀਅਰ ਰਿਟਾਇਰ ਹੋਏ ਸਨ ਤੇ ਉਹ ਪੁਰਾਣੇ ਵੇਲਿਆਂ ਦੇ ਦਸਵੀਂ ਪਾਸ ਸਨ, ਉਸ ਵੇਲੇ ਤਾਂ ਇਹਨੂੰ ਹੀ ਉੱਚ ਵਿਦਿਆ ਮੰਨਿਆਂ ਜਾਂਦਾ ਸੀ। ਮੇਰੇ ਗਰੈਂਡਫਾਦਰ ਉਰਦੂ ਜਾਣਦੇ ਸਨ। ਨਾਨਕਿਆਂ ਦੀ ਸਾਈਡ ਤੋਂ ਮੇਰੀਆਂ ਤਿੰਨ ਮਾਸੀਆਂ ਅਤੇ ਤਿੰਨ ਮਾਮੀਆਂ ਮਾਸਟਰਨੀਆਂ ਸਨ। ਪਰਿਵਾਰ ਪੜ੍ਹਿਆ ਲਿਖਿਆ ਹੋਣ ਕਰਕੇ ਤੁਸੀਂ ਆਪਣੀ ਮਾਦਰੀ ਜ਼ਬਾਨ ਤਾਂ ਚੰਗੀ ਤਰ੍ਹਾਂ ਬੋਲ ਹੀ ਸਕਦੇ ਹੋ, ਉਰਦੂ ਵੀ ਮੇਰੇ ਗਰੈਂਡਫਾਦਰ ਵਲੋਂ ਸਾਨੂੰ ਸਿੱਖਣ ਨੂੰ ਮਿਲ ਗਈ। ਮੇਰੇ ਪਰਿਵਾਰ ਨੇ ਮੈਨੂੰ ਵਧੀਆ ਉਚਾਰਣ ਵੀ ਦਿੱਤਾ। ਮੈਨੂੰ ਮਲਵਈ, ਮਾਝੀ ਤੇ ਦੁਆਬੀ ਉਚਾਰਣ ਦਾ ਵੀ ਗਿਆਨ ਹੈ। ਇਕ ਮੇਰੇ ਵਿਚ ਇਹ ਵੀ ਗੱਲ ਹੈ ਕਿ ਮੈਂ ਜਿਥੇ ਬੈਠਦਾ ਹਾਂ, ਉਨ੍ਹਾਂ ਦਾ ਹੀ ਹੋ ਜਾਨਾਂ। ਸਿਰਫ ਮਲਵਈ ਤੇ ਦੁਆਬੀਏ ਮੈਨੂੰ ਆਪਣਾ ਨਹੀਂ ਸਮਝਦੇ, ਪਾਕਿਸਤਾਨੀ ਵੀ ਮੈਨੂੰ ਲਾਹੌਰੀਆ ਹੀ ਸਮਝਦੇ ਹਨ।

ਸਾਥੀ; ਵੈਸੇ ਤਾਂ ਅੱਜਕੱਲ ਦੁਨੀਆਂ ਇਕ ਗਲੋਬਲ ਵਿਲੇਜ ਹੀ ਬਣ ਗਈ ਹੈ। ਇਸ ਲਈ ਹੌਲੀ ਹੌਲੀ ਇਹ ਇਲਾਕਾਈ ਜ਼ਬਾਨਾਂ ਵੀ ਇਲਕਾਈ ਨਹੀਂ ਰਹਿਣਗੀਆਂ। ਭਾਸ਼ਾ ਵਿਗਿਆਨੀਆਂ ਅਨੁਸਾਰ ਲਾਹੌਰ ਤੇ ਅੰਮ੍ਰਿਤਸਰ ਦੇ ਇਲਾਕਿਆਂ ਦੀ ਪੰਜਾਬੀ ਹੀ ਕੇਂਦਰੀ ਪੰਜਾਬੀ ਹੈ ਤੇ ਏਸ ਦੀ ਹੀ ਸੁਰ ਵਿਚ ਲਿਖਿਆ ਜਾਣਾ ਚਾਹੀਦਾ ਹੈ। ਖ਼ੈਰ, ਆਹ ਤੁਹਾਡੀ ਜਿਹੜੀ ਕਿਤਾਬ ਹੈ ‘ਸੁਰਾਂ ਦੇ ਸੌਦਾਗਰ’ ਇਸ ਵਿਚਲੇ ਅਨੇਕਾਂ ਲੋਕ ਤਾਂ ਬਦਕਿਸਮਤੀ ਨਾਲ ਅੱਲਾ ਮੀਆਂ ਨੂੰ ਪਿਆਰੇ ਹੋ ਗਏ ਹਨ। ਥੋੜ੍ਹੇ ਜਿਹੇ ਹੀ ਰਹਿ ਗਏ ਹਨ।
ਮਾਹਲ; ਹਾਂ, ਰਮਤਾ ਜੀ ਹੈਨ ਅਜੇ। ਐਸ ਮਹਿੰਦਰ ਇਕਾਨਵੇਂ ਸਾਲਾਂ ਦੇ ਨੇ। ਮੈਂ ਉਨ੍ਹਾਂ ਨੂੰ ਮਿਲ ਕੇ ਆਇਆਂ। ਰਾਬਤਾ ਰੱਖਦਾ ਹਾਂ ਮੈਂ।

ਸਾਥੀ; ਤੁਸੀਂ ਏਨੇ ਲੋਕਾਂ ਨੂੰ ਇੰਟਰਵਿਊ ਕੀਤਾ ਹੈ ਔਰ ਲਿਖਿਆ ਵੀ ਨਿਧੜਕ ਹੋ ਕੇ ਹੈ। ਜਿੱਡਾ ਮਰਜ਼ੀ ਕੋਈ ਕਾਲਾਕਾਰ ਹੋਵੇ ਅਖੀਰ ਨੂੰ ਉਹ ਇਨਸਾਨ ਹੀ ਹੈ, ਉਸ ਵਿਚ ਕਈ ਕਮਜ਼ੋਰੀਆਂ ਹੋ ਸਕਦੀਆਂ ਹਨ। ਸਿ਼ਵ ਕੁਮਾਰ ਜਦੋਂ ਯੂਕੇ ਆਇਆ ਤਾਂ ਲੋਕ ਉਸ ਦੀ ਇਹ ਗੱਲ ਪਸੰਦ ਨਹੀਂ ਸੀ ਕਰਦੇ ਕਿ ਉਹ ਹਰ ਵੇਲੇ ਪੈਸੇ ਲੈਣ ਦੀਆਂ ਹੀ ਗੱਲਾਂ ਕਰਦਾ ਸੀ ਪਰ ਮੈਂ ਉਸ ਨੂੰ ਦੋਸ਼ ਨਹੀਂ ਦਿੰਦਾ। ਆਖਰ ਉਹ ਵੀ ਤਾਂ ਟੱਬਰਦਾਰ ਬੰਦਾ ਸੀ। ਉਸ ਦੀਆਂ ਵੀ ਤਾਂ ਅਸਕਰ ਲੋੜਾਂ ਸਨ।
ਮਾਹਲ; ਤੁਸੀਂ ਸ਼ਾਇਦ ਇਸ ਗੱਲ ਬਾਰੇ ਵੀ ਜਾਣਦੇ ਹੋਵੋਂਗੇ ਕਿ ਜਿਸ ਬੰਦੇ ਨੂੰ ਇੰਗਲੈਂਡ ਵਿਚ ਇੰਡੀਆ ਪੈਸੇ ਪਹੁੰਚਾਉਣ ਲਈ ਦੇ ਕੇ ਗਿਆ ਸੀ ਸਿ਼ਵ ਕੁਮਾਰ, ਉਸ ਨੇ ਪਹੁੰਚਦੇ ਨਹੀਂ ਸਨ ਕੀਤੇ। ਆਪਣੇ ਇਲਾਜ ਲਈ ਉਸ ਨੂੰ ਆਪਣਾ ਫਰਿੱਜ ਤਕ ਵੇਚਣਾ ਪਿਆ ਸੀ।

ਸਾਥੀ; ਹਾਂ, ਇਹੋ ਜਿਹੀਆਂ ਗੱਲਾਂ ਉਸ ਨਾਲ ਵਾਪਰੀਆਂ ਸਨ। ਇਕ ਮਹਿਫ਼ਲ ਵਿਚ ਇਕ ਬੰਦੇ ਨੇ ਇਕ ਚੈੱਕ ਵੀ ਉਸ ਨੂੰ ਦਿੱਤਾ ਸੀ ਜਿਹੜਾ ਉਸ ਨੇ ਦੂਸਰੇ ਦਿਨ ਕੈਂਸ਼ ਹੀ ਨਹੀਂ ਸੀ ਹੋਣ ਦਿੱਤਾ। ਤੁਸੀਂ ਲਿਖਿਆ ਹੈ ਕਿ ਸੁਰਿੰਦਰ ਕੌਰ ਨੇ ਇਕ ਵਾਰ ਤੁਹਾਨੂੰ ਵੀਹ ਡਾਲਰ ਇਹ ਕਹਿੰਦਿਆਂ ਦਿੱਤੇ ਸਨ ਕਿ ਇਹ ਮੈਂ ਤੇਰੇ ਕੋਲੋਂ ਲੈ ਕੇ ਕਿਸੇ ਨੂੰ ਸ਼ਗਨ ਦੇਣ ਲਈ ਦਿੱਤੇ ਸਨ, ਇਸ ਲਈ ‘ਲੇਖਾ ਮਾਵਾਂ ਧੀਆਂ ਦਾ’। ਜਦ ਕਿ ਤੁਸੀਂ ਉਸ ਦੇ ਟੂਰ ‘ਤੇ ਬਹੁਤ ਸਾਰੇ ਪੈਸੇ ਖਰਚੇ ਸਨ। ਹੋਰ ਕਹੋ ਕੁਝ।
ਮਾਹਲ; ਸੁਰਿੰਦਰ ਕੌਰ ਮੇਰੇ ਬਹੁਤ ਕਰੀਬ ਸੀ। ਪਰੰਤੂ ਜਿਹੜੇ ਉਨ੍ਹਾਂ ਦੇ ਸਰੋਤੇ ਹਨ ਉਨ੍ਹਾਂ ਨੂੰ ਉਸ ਦੀ ਗਾਇਕੀ ਨਾਲ ਹੀ ਵਾਸਤਾ ਹੈ। ਇਹ ਗੱਲਾਂ ਸਾਝੀਆਂ ਤਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਕਈ ਵੇਰ ਪਾਠਕ ਕੁਝ ਸੱਚ ਵੀ ਜਾਣਨਾ ਚਾਹੁੰਦਾ ਹੁੰਦਾ ਹੈ। ਪਰੰਤੂ ਜਦੋਂ ਮੈਂ ਸੁਰਿੰਦਰ ਕੌਰ ਦੇ ਮਾਮਲੇ ਵਿਚ ਸ਼ਰਾਬ ਦੀ ਗੱਲ ਕੀਤੀ ਤਾਂ ਮੇਰੇ ਐਡੀਟਰ ਸੁਰਜਣ ਜ਼ੀਰਵੀ ਨੇ ਕਿਹਾ ਕਿ ਬੰਦੇ ਵੀ ਤਾਂ ਸ਼ਰਾਬ ਪੀਂਦੇ ਹੀ ਹਨ। ਸੁਰਿੰਦਰ ਕੌਰ ਵਾਰੇ ਇਸ ਗੱਲ ਦਾ ਹਰ ਵੇਰ ਜ਼ਿਕਰ ਨਹੀਂ ਕੀਤਾ ਜਾਣਾ ਚਾਹੀਦਾ। ਅਗਰ ਔਰਤ ਪੀਂਦੀ ਹੈ ਤਾਂ ਤੁਸੀਂ ਕਿਉਂ ਲਿਖਣ ਬਹਿ ਜਾਂਦੇ ਹੋ। ਉਨ੍ਹਾਂ ਦੀ ਗੱਲ ਮੈਨੂੰ ਚੰਗੀ ਲੱਗੀ ਤੇ ਉਹ ਗੱਲ ਮੈਂ ਕਿਤਾਬ ਵਿਚੋਂ ਕੱਢ ਦਿੱਤੀ। ਸ਼ਰਾਬ ਨੂੰ ਮੈਂ ਕਮਜ਼ੋਰੀ ਨਹੀਂ ਸਮਝਦਾ। ਸੁਰਿੰਦਰ ਕੌਰ ਦੀ ਵੀਹ ਡਾਲਰ ਵਾਲੀ ਗੱਲ ਉਨ੍ਹਾਂ ਆਪ ਆਖੀ ਸੀ। ਕੁਝ ਲੋਕਾਂ ਵਿਚ ਪੈਸਾ ਕਮਜ਼ੋਰੀ ਹੋ ਜਾਂਦਾ ਹੈ। ਜਗਜੀਤ ਸਿੰਘ ਵੀ ਕਈ ਵੇਰ ਇੰਝ ਕਰਦਾ ਸੀ। ਇਕ ਵੇਰ ਕਹਿੰਦਾ ਕਿ ਮੈਂ ਔਹ ਸੜਕ ਦੇ ਖੰਭੇ ਹੇਠ ਬਿਜਲਈ ਲਾਈਟ ਵਿਚ ਹਰਮੋਨੀਅਮ ਲੈ ਕੇ ਤਿੰਨ ਘੰਟੇ ਗਾ ਸਕਦਾ ਹਾਂ, ਤੂੰ ਮੈਨੂੰ 500 ਡਾਲਰ ਦੁਆ ਦੇਹ। ਉਹ ਉਸ ਵੇਲੇ ਇਕ ਸੰਘਰਸ਼ ਵਿਚੀਂ ਗੁਜ਼ਰ ਰਿਹਾ ਸੀ। ਉਸ ਕੋਲ ਜਿਹੜਾ ਬੰਬਈ ਵਿਚ ਫਲੈਟ ਵੀ ਸੀ ਉਹ ਵੀ ਚਿਤਰਾ ਦੇ ਹਸਬੈਂਡ ਨੇ ਹੀ ਉਨ੍ਹਾਂ ਨੂੰ ਦਿੱਤਾ ਸੀ। ਜਗਜੀਤ ਜਦੋਂ ਟਰੋਂਟੋ ਏਅਰ ਪੋਰਟ ਉਤੇ ਉਤਰਿਆ ਸੀ ਤਾਂ ਉਸ ਨੇ ਪਾਟਾ ਜਿਹਾ ਕੋਟ ਪਾਇਆ ਹੋਇਆ ਸੀ। ਇਹ ਮੈਂ ਫੜ੍ਹਾਂ ਨਹੀਂ ਮਾਰ ਰਿਹਾ। ਸੱਚਾਈ ਦੱਸ ਰਿਹਾ ਹਾਂ। ਕੰਮ ਅਲਾਈਵ ਰਿਕਾਰਡ ਉਤੇ ਜਿਹੜੀ ਉਹਦੀ ਤਸਵੀਰ ਹੈ ਉਹ ਕੋਟ ਟਰੋਂਟੋ ਸਿਟੀ ਸੈਂਟਰ ਤੋਂ 49 ਡਾਲਰਾਂ ਦਾ ਮੈਂ ਲੈ ਕੇ ਦਿੱਤਾ ਸੀ। ਸਾਡਾ ਹੁਲੀਆ ਮਿਲਦਾ ਸੀ। ਕਈ ਲੋਕ ਮੈਨੂੰ ਉਹਦਾ ਭਰਾ ਹੀ ਸਮਝਦੇ ਹਨ। ਸਾਡੇ ਪੈਂਟਾਂ ਤੋਂ ਸਿਵਾ ਸਾਰੇ ਕਪੜੇ ਇਕ ਦੂਜੇ ਦੇ ਆ ਜਾਂਦੇ ਸਨ। ਜਗਜੀਤ ਦਾ ਭਰਾ ਕਰਤਾਰ ਵੀ ਉਸ ਦਾ ਹਮਸ਼ਕਲ ਨਹੀਂ ਸੀ। ਜਗਜੀਤ ਵਾਜ਼ ਵੈਰੀ ਕਮੱਰਸ਼ੀਅਲ। ਜਦੋਂ ਉਹ ਮੇਰੇ ਕੋਲ ਆਇਆ ਤਾਂ ਉਹ ਬਿਲਕੁਲ ਨੰਗ ਸੀ। ਹਾਂ, ਮੈਂ ਇਕ ਗੱਲ ਹੋਰ ਐਡ ਕਰਨੀ ਚਾਹੁੰਨਾ ਕਿ ਮੈਂ ਸ਼ਰਾਬ ਨੂੰ ਕਮਜ਼ੋਰੀ ਨਹੀਂ ਸਮਝਦਾ ਪਰ ਇਹ ਕਮਜ਼ੋਰੀ ਉਦੋਂ ਬਣਦੀ ਹੈ ਜਦੋਂ ਬੰਦੇ ਸ਼ਰਾਬ ਪੀ ਕੇ ਲੜਦੇ ਝਗੜਦੇ ਅਤੇ ਲਿਟਦੇ ਫਿਰਦੇ ਹਨ।

ਸਾਥੀ; ਕੀ ਤੁਸੀਂ ਸੋਚਦੇ ਹੋ ਕਿ ਜਦੋਂ ਪੰਜਾਬੀ ਕਲਾਕਾਰ ਬਹੁਤਾ ਪਾਪੂਲਰ ਹੋ ਜਾਂਦਾ ਹੈ ਤਾਂ ਉਸ ਦਾ ਸੁਭਾਅ ਤੇ ਐਟੀਚਿਊਟ ਬਦਲ ਜਾਂਦਾ ਹੈ?
ਮਾਹਲ; ਇਹ ਬਿਲਕੁਲ ਠੀਕ ਗੱਲ ਹੈ। ਇਸ ਇੰਡਸਟਰੀ ਵਿਚ ਕਈਆਂ ਦਾ ਬਹੁਤ ਬੁਰਾ ਹਾਲ ਹੈ। ਕਈਆਂ ਨੂੰ ਜਦੋਂ ਓਵਰਨਾਈਟ ਏਨੀ ਪਾਪੂਲਰਟੀ ਮਿਲ ਜਾਂਦੀ ਹੈ ਤਾਂ ਉਹ ਉਨ੍ਹਾਂ ਲੋਕਾਂ ਨੂੰ ਭੁੱਲ ਜਾਂਦੇ ਹਨ ਜਿਨ੍ਹਾਂ ਨੇ ਉਨ੍ਹਾਂ ਲਈ ਬਹੁਤ ਕੁਝ ਕੀਤਾ ਹੁੰਦਾ ਹੈ। ਉਹ ਵੱਡੀਆਂ ਵੱਡੀਆਂ ਕਾਰਾਂ ਅਤੇ ਤਕੜੀਆਂ ਭੀੜਾਂ ਵਿਚ ਗੁਆਚ ਜਾਂਦੇ ਹਨ। ਇਕ ਨਵੇਂ ਗਾਇਕ ਨੂੰ ਮੈਂ ਅਜੋਕੇ ਦੌਰ ਵਿਚ ਪਰੋਮੋਟ ਕੀਤਾ ਹੈ। ਉਹ ਟਰੋਂਟੋ ਦੀ ਇਕੋ ਗੇੜੀ ਨਾਲ ਲੱਖਾਂਪਤੀ ਬਣ ਗਿਆ। ਇਹ ਗੱਲ ਮੈਂ ਸਤਿੰਦਰ ਸਿਰਤਾਜ ਦੀ ਕਰ ਰਿਹਾ ਹਾਂ। ਜਗਜੀਤ ਸਿੰਘ ਨੂੰ ਬੰਬਈ ਵਿਚ ਵੀਹ ਬੰਦੇ ਨਹੀਂ ਸੀ ਜਾਣਦੇ। ਪਹਿਲੀ ਵੇਰ ਉਹ 1978 ਵਿਚ ਟਰੋਂਟੋ ਆਇਆ। ਅਸੀਂ ਅੱਠ ਡਾਲਰ ਟਿਕਟ ਰੱਖੀ ਸੀ। ਉਹ ਵੀ ਨਾ ਵਿਕ ਸਕੀ। ਪਹਿਲੇ ਸੋ਼ਅ ਵਿਚ ਸਿਰਫ 400 ਬੰਦਾ ਸੀ। ਪਰ 1979 ਤੇ ਉਸ ਤੋਂ ਪਿੱਛੋਂ ਦੀ ਟਰੋਂਟੋ ਦੀ ਹਰ ਫੇਰੀ ਉਸ ਦੀ ਹਿੱਟ ਗਈ। ‘ਲੈ ਜਾਹ ਛੱਲੀਆਂ ਭੁਨਾ ਲਈ ਦਾਣੇ’ ਵਾਲੇ ਚਾਂਦੀ ਰਾਮ ਅੱਤ ਦੀ ਗਰੀਬੀ ਦੀ ਬੈਕਗਰਾਉਂਡ ਤੋਂ ਆਇਆ ਸੀ, ਜਦੋਂ ਪੈਸੇ ਆਉਣ ਲੱਗੇ ਤਾਂ ਉਹ ਸੌ ਰੁਪਏ ਦੇ ਨੋਟ ਨਾਲ ਸਿਗਰਟ ਬਾਲਦਾ ਹੁੰਦਾ ਸੀ।

ਸਾਥੀ; ਜੀ ਬਿਲਕੁਲ ਠੀਕ ਹੈ। ਚਾਂਦੀ ਰਾਮ ਦਾ ਇਹ ਗੀਤ ਮਿਤਰ ਪਿਆਰੇ ਇੰਦਰਜੀਤ ਹਸਤਪੁਰੀ ਨੇ ਲਿਖਿਆ ਸੀ ਤੇ ਉਸ ਨੇ ਹੀ ਇਸ ਦੀ ਰਿਕਾਰਡਿੰਗ ਕਰਕੇ ਮਾਰਕਿਟ ਵਿਚ ਲਿਆਂਦਾ ਸੀ। ਇੰਦਰਜੀਤ ਹਸਨਪੁਰੀ ਦਾ ਲੁਧਿਆਣੇ ਵਿਚ ਪੇਟਿੰਗ ਕਰਨ ਦਾ ਖੋਖਾ ਹੁੰਦਾ ਸੀ। ਉਥੇ ਹੀ ਚਾਂਦੀ ਰਾਮ ਆਉਂਦਾ ਹੁੰਦਾ ਸੀ। ਉਹ ਸ਼ਾਇਦ ਰਿਕਸ਼ਾ ਚਾਲਕ ਸੀ।
ਮਾਹਲ; ਇਹ ਸਾਰੀ ਮਸ਼ਹੂਰੀ ਜਦ ਫੇਡ ਹੋ ਗਈ ਤਾਂ ਉਹ ਬੱਸਾਂ ਦਾ ਹੌਕਰ ਬਣ ਕੇ ਰਹਿ ਗਿਆ। ਗਾਉਣ ਤੋਂ ਬਿਨਾਂ ਕੋਈ ਅਜਿਹਾ ਕਿੱਤਾ ਨਹੀਂ ਜਿਸ ਵਿਚ ਤਿੰਨਾਂ ਘੰਟਿਆਂ ਦੇ ਤੁਹਾਨੂੰ ਏਨੇ ਪੈਸੇ ਮਿਲਦੇ ਹੋਣ। ਗੁਰਦਾਸ ਮਾਨ ਵਰਗੇ ਹੋਰ ਵੀ ਹਨ। ਹਰਭਜਨ ਮਾਨ ਵਰਗਿਆਂ ਦੀ ਫੀਸ ਲੱਖਾਂ ਹੀ ਰੁਪਏ ਹੈ। ਕਈਆਂ ਦੇ ਪੈਰ ਬਹੁਤੇ ਚੁੱਕੇ ਜਾਂਦੇ ਹਨ। ਗਲਤ ਧਾਰਣਾ ਕਾਰਨ ਸਵਿੰਮਿੰਗ ਪੂਲਾਂ ਵਾਲੀਆਂ ਕੋਠੀਆਂ ਤਕ ਵਿਕ ਜਾਂਦੀਆਂ ਹਨ।

ਸਾਥੀ; ਕਈਆਂ ਕਲਾਕਾਰਾਂ ਨੂੰ ਪੈਸੇ ਤੇ ਸ਼ੋਅਰਤ ਹੈਂਡਲ ਨਹੀਂ ਕਰਨੀ ਆਉਂਦੀ। ਇਹੀ ਹਾਲ ਕਈਆਂ ਅੰਗਰੇਜ਼ੀ ਦੇ ਕਲਾਕਾਰਾਂ ਦਾ ਵੀ ਹੈ। ਕਈ ਡਰੱਗਜ਼ ਆਦਿ ਵਿਚ ਇਨਵੌਲਵ ਹੋ ਜਾਂਦੇ ਹਨ। ਕਈ ਐਵੇਂ ਹੀ ਪੈਸੇ ਗੁਆ ਲੈਂਦੇ ਹਨ। ਸ਼ੌਅਰਤ ਨੇ ਉਨ੍ਹਾਂ ਵਿਚੋਂ ਨੌਰਮੈਲਿਟੀ ਖਤਮ ਕਰ ਦਿੱਤੀ ਹੁੰਦੀ ਹੈ। ਮਾਈਕਲ ਜੈਕਸਨ, ਐਲਵਿਜ਼ ਪ੍ਰੈਜ਼ਲੇ, ਵਿਟਨੀ ਹੂਸਟਨ ਆਦਿ ਬੜੀਆਂ ਮਿਸਾਲਾਂ ਹਨ ਜਿਨ੍ਹਾਂ ਦੀ ਜ਼ਿੰਦਗੀ ਹੀ ਜਵਾਨ ਉਮਰੇ ਖਤਮ ਹੋ ਗਈ। ਮਾਹਲ ਜੀ, ਬਹੁਤ ਸਾਰੇ ਕਲਾਕਾਰਾਂ ਨੂੰ ਪਰੋਮੋਟ ਕਰਨ ਵਿਚ ਤੁਹਾਡਾ ਤਕੜਾ ਯੋਗਦਾਨ ਹੈ। ਇਧਰ ਕੈਨੇਡਾ ਵਿਚ ਕਿਵੇਂ ਆਏ ਤੇ ਪਰੋਮੋਸ਼ਨ ਵਲ ਕਿਵੇਂ ਲੱਗੇ?
ਮਾਹਲ; ਮੈਂ ਪਹਿਲਾਂ ਇੰਗਲੈਂਡ ਵਿਚ ਸਾਂ। ਉਥੋਂ ਏ ਲੈਵਲ ਕਰਕੇ ਮੈਂ ਇਥੇ ਆ ਗਿਆ। ਮੈਂ ਤਾਂ ਟੌਮ ਜੋਨਜ਼ ਤੇ ਹੰਬਰਡਿੰਕ ਵਰਗਿਆਂ ਨੂੰ ਸੁਣ ਕੇ ਖੁਸ਼ ਸਾਂ। 1973 ਤਕ ਮੈਂ ਕਦੇ ਸੁਰਿੰਦਰ ਕੌਰ ਤਕ ਦਾ ਵੀ ਸ਼ੋਅ ਦੇਖਣ ਨਹੀਂ ਸਾਂ ਜਾਂਦਾ। ਮੇਰੀ ਦ੍ਰਿਸ਼ਟੀ ਉਦੋਂ ਬਦਲ ਗਈ ਜਦੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਜੀ ਇਥੇ ਆਏ। ਉਸ ਬੰਦੇ ਨੇ ਅਮਰੀਕਾ ਦੇ ਉਸੇ ਯੂਨੀਵਰਸਟੀ ਤੋਂ ਇੰਜਨੀਅਰਿੰਗ ਕੀਤੀ ਸੀ ਜਿਥੋਂ ਮੇਰੇ ਬਾਬੇ ਨੇ ਕੀਤੀ ਸੀ। ਮੇਰੇ ਬਾਬੇ ਨੇ 200 ਕਿੱਲੇ ਜ਼ਮੀਨ ਤੇ ਕਿੰਨਾ ਕੁਝ ਬਣਾਇਆ ਸੀ ਪਰ ਗੁਰਬਖ਼ਸ਼ ਸਿੰਘ ਨੇ ਆਪਣਾ ਸਾਰਾ ਜੀਵਨ ਪੰਜਾਬੀ ਦੀ ਪਰੋਮੋਸ਼ਨ ‘ਤੇ ਲਾ ਦਿਤਾ। 1974 ਵਿਚ ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਮੇਰੇ ਅੰਦਰ ਚਾਨਣ ਹੋ ਗਿਆ। ਮੈਂ ਵੀ ਪੰਜਾਬੀ ਸਭਿਆਚਾਰ ਨੂੰ ਪਰੋਮੋਟ ਕਰਨ ਦਾ ਬੀੜਾ ਚੁੱਕ ਲਿਆ। ਮੇਰੀ ਪਰਾਬਲਮ ਇਹ ਵੀ ਸੀ ਕਿ ਮੈਂ ਪੰਜਾਬੀ ਲਿਖਣੀ ਪੜ੍ਹਨੀ ਚੰਗੀ ਤਰ੍ਹਾਂ ਨਹੀਂ ਸਾਂ ਜਾਣਦਾ। ਭਾਪਾ ਪ੍ਰੀਤਮ ਸਿੰਘ ਨੇ ਮੇਰੀ ਬੜੀ ਮੱਦਦ ਕੀਤੀ। ਉਨ੍ਹਾਂ ਨੇ ਮੈਨੂੰ ਪੰਜਾਬੀ ਦੇ ਸ਼੍ਰੇਸ਼ਟ ਕਵੀਆਂ ਤੇ ਲੇਖਕਾਂ ਦਾ ਸਾਹਿਤ ਪੜ੍ਹਨ ਵੱਲ ਲਾਇਆ। ਬਲਬੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਦੁੱਗਲ ਆਦਿ ਸਭ ਪੜ੍ਹੇ। ਪਰ ਮੈਂ ਨਾਨਕ ਸਿੰਘ ਤੇ ਕੰਵਲ ਨਹੀਂ ਪੜ੍ਹੇ। ਨਾਵਲਾਂ ਵੱਲ ਮੇਰੀ ਘੱਟ ਰੁਚੀ ਹੈ। ਚੰਗੀ ਕਵਿਤਾ ਦਾ ਮੈਂ ਆਸ਼ਕ ਹਾਂ।

ਸਾਥੀ; ਪੰਜਾਬੀ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਬਹੁਤ ਘੱਟ ਵਿਕਦੀਆਂ ਹਨ। ਅੰਮ੍ਰਿਤਾ ਵਰਗੀ ਵੀ ਸ਼ੁਕਰ ਮਨਾਂਦੀ ਹੁੰਦੀ ਸੀ ਜੇ ਉਸ ਦੀ ਕਿਤਾਬ ਦੀ ਹਜ਼ਾਰ ਕਾਪੀ ਵੀ ਵਿਕ ਜਾਂਦੀ ਸੀ। ਉਸ ਨੇ ਇਹ ਗੱਲ ਮੈਂਨੂੰ ਉਦੋਂ ਦੱਸੀ ਸੀ ਜਦੋਂ ਉਹ ਇੰਗਲੈਂਡ ਆਈ ਸੀ ਤੇ ਸਾਡੇ ਘਰ ਵੀ ਆਈ ਸੀ। ਮੈਂ ਜਦ ਕਿਹਾ ਕਿ ਯਕੀਨ ਨਹੀਂ ਆਉਂਦਾ ਤਾਂ ਉਹ ਸੰਜੀਦਾ ਵਿਚ ਕਵਿਤਾ ਦੀ ਤ੍ਰਾਸਦੀ ਵਾਰੇ ਦਸਣ ਲੱਗੀ ਸੀ। ਅੱਜਕੱਲ ਗ਼ਜ਼ਲ ਦੀ ਸਿਨਫ ਨੂੰ ਖ਼ੂਬ ਅਪਣਾਇਆ ਜਾ ਰਿਹਾ ਹੈ। ਕਿਸ ਕਿਸਮ ਦੀ ਸ਼ਾਇਰੀ ਪਸੰਦ ਕਰਦੇ ਹੋ?
ਮਾਹਲ; ਮੈਨੂੰ ਹਰ ਕਿਸਮ ਦੀ ਕਵਿਤਾ ਪਸੰਦ ਹੈ। ਖੁਲ੍ਹੀ ਵੀ ਤੇ ਬੰਦ ਵੀ। ਗ਼ਜ਼ਲ ਵੀ ਪੜ੍ਹਦਾ ਹਾਂ। ਅਗਰ ਲਿਖਣ ਵਾਲੇ ਵਿਚ ਗੱਲ ਕਹਿਣ ਦੀ ਜਾਂਚ ਹੈ ਤਾਂ ਉਹ ਪਾਠਕ ਨੂੰ ਕੀਲ ਲੈਂਦਾ ਹੈ ਭਾਵੇਂ ਖੁਲ੍ਹੀ ਕਵਿਤਾ ਵੀ ਕਿਉਂ ਨਾ ਹੋਵੇ। ਮੈਂ ਬਿਰਲੇ ਲੇਖਕਾਂ ਵਿਚੋਂ ਗੁਰਚਰਨ ਰਾਮਪੁਰੀ, ਨਦੀਮ ਪਰਮਾਰ, ਨਵਤੇਜ ਭਾਰਤੀ ਆਦਿ ਕਵੀਆਂ ਨੂੰ ਪਸੰਦ ਕਰਦਾ ਹਾਂ।

ਸਾਥੀ; ਇਹ ‘ਮਾਹਲ’ ਤਖੱਲਸ ਤੁਸੀਂ ਪਹਿਲਾਂ ਤੋਂ ਹੀ ਲਿਖਦੇ ਹੋ?
ਮਾਹਲ; ਨਹੀਂ, ਪਹਿਲਾਂ ਮੈਂ ਸੋਚਦਾ ਸਾਂ ਕਿ ਮਾਹਲ ਤਾਂ ਬਥੇਰੇ ਨੇ। ਕੋਈ ਵੱਖਰਾ ਜਿਹਾ ਨਾਂ ਸੋਚੋ। ਮੈਂ ਆਪਣਾ ਨਾਮ ‘ਨੂਰ’ ਰੱਖ ਲਿਆ। ਪਰ ਬਾਅਦ ਵਿਚ ਬਦਲ ਲਿਆ। ਖ਼ੈਰ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ ਗੁਰਬਖ਼ਸ਼ ਸਿੰਘ ਨੇ ਇਕ ਕਹਾਣੀ ਲਿਖੀ ਸੀ ਜਿਸ ਵਿਚ ਇਕ ਅਲਿਜ਼ੀ ਨਾਂ ਦੀ ਔਰਤ ਦਾ ਜਿ਼ਕਰ ਸੀ। ਮੈਂ ਇੰਡੀਆ ਗਿਆ। ਗੁਰਬਖ਼ਸ਼ ਸਿੰਘ ਦੀਆਂ ਸਾਰੀਆਂ ਕਿਤਾਬਾਂ ਲੈ ਆਇਆ। ਮੈਨੂੰ ਪਤਾ ਲੱਗਾ ਕਿ ਅਲਿਜ਼ੀ ਟਰੋਂਟੋ ਰਹਿੰਦੀ ਹੈ। ਮੈਂ ਪਤਾ ਕਰਕੇ ਉਨ੍ਹਾਂ ਨੂੰ ਖਤ ਲਿਖਿਆ ਤੇ ਉਨ੍ਹਾਂ ਦਾ ਛੇਤੀ ਹੀ ਜਵਾਬ ਆ ਗਿਆ। ਮੈਂ ਉਨ੍ਹਾਂ ਨੂੰ ਮਿਲਣ ਗਿਆ। ਉਹ ਇਕ ਬਿਰਧ ਔਰਤ ਸੀ। ਉਸ ਨੇ ਕਿਹਾ ਕਿ ਉਹ ਗੁਰਬਖ਼ਸ਼ ਸਿੰਘ ਨੂੰ ਮਿਲਣਾ ਚਾਹੇਗੀ। ਮੈਂ ਇਕਰਾਰ ਕਰ ਆਇਆ ਕਿ ਜ਼ਰੂਰ ਮਿਲਣਗੇ। ਅਸੀਂ ਗੁਰਬਖ਼ਸ਼ ਸਿੰਘ ਤੇ ਉਨ੍ਹਾਂ ਦੀ ਬੇਟੀ ਓਮਾ ਨੂੰ ਮੰਗਵਾਇਆ। ਗੁਰਬਖ਼ਸ਼ ਸਿੰਘ ਤੇ ਅਲਿਜ਼ੀ ਨੂੰ ਮਿਲਾਇਆ। ਉਹ ਪੂਰੇ ਇਕਵੰਜਾ ਸਾਲ, ਦਸ ਮਹੀਨੇ ਅਤੇ ਗਿਆਰਾਂ ਦਿਨ ਬਾਅਦ ਮਿਲੇ। ਉਹ ਮੇਰੇ ਵਾਸਤੇ ਅਨਮੋਲ ਘੜੀ ਸੀ ਤੇ ਨੋਬਲ ਪਰਾਈਜ਼ ਨਾਲੋਂ ਵੀ ਵੱਧ ਸਤਿਕਾਰਯੋਗ ਸੀ। ਇਹ ਮੇਰੇ ਕਮਲਪੁਣੇ ਦੀ ਮਿਸਾਲ ਹੈ ਕਿ ਮੈਂ ਜੋ ਕਰਨਾ ਚਾਹਾਂ ਹਰ ਹੀਲੇ ਕਰ ਦਿੰਦਾ ਹਾਂ। ਮੈਂ ਦੋ ਪਿਆਰ ਕਰਨ ਵਾਲਿਆਂ ਨੂੰ ਮਿਲਦੇ ਵੇਖ਼ਕੇ ਬਹੁਤ ਪ੍ਰਸੰਨ ਹੋਇਆ।

ਸਾਥੀ; ਤੁਹਾਡੀ ਕਿਤਾਬ ‘ਸੁਰਾਂ ਦੇ ਸੌਦਾਗਰ’ ਪੜ੍ਹ ਕੇ ਪਤਾ ਲੱਗਾ ਕਿ ਤੁਸੀਂ ਕਿੰਨਾ ਕਿੰਨਾ ਚਿਰ ਭਾਰਤੋਂ ਆਏ ਕਲਾਕਾਰਾਂ ਨੂੰ ਆਪਣੇ ਘਰ ਰੱਖਦੇ ਰਹੇ ਹੋ। ਬੜੀ ਪ੍ਰਹੁਣਚਾਰੀ ਕਰਦੇ ਹੋ। ਆਪਣੀ ਪ੍ਰਾਈਵੇਸੀ ਨਾਲ ਵੀ ਕੌਪਰੋਮਾਈਜ਼ ਕਰਦੇ ਹੋ। ਇਹ ਦਰਿਆ ਦਿਲੀ ਕਿਥੋਂ ਆਈ?
ਮਾਹਲ; ਆਪਣੇ ਪਰਿਵਾਰ ਤੇ ਆਪਣੇ ਵਿਰਸੇ ਵਿਚੋਂ। ਭਾਰਤ ਵਿਚ ਸਾਡੇ ਘਰ ਵਿਚ ਹਰ ਵੇਲੇ ਹੀ ਮਹਿਮਾਨ ਆਏ ਰਹਿੰਦੇ ਸਨ। 1935 ਵਿਚ ਲੋਕਾਂ ਨੂੰ ਸਾਈਕਲ ਨਹੀਂ ਸੀ ਜੁੜਦਾ ਜਦ ਕਿ ਸਾਡੇ ਕੋਲ ਦੋ ਦੋ ਕਾਰਾਂ ਸਨ। ਉਨ੍ਹਾਂ ਦਿਨਾਂ ਵਿਚ ਤਾਂ ਪਟਵਾਰੀ ਹੋਣਾ ਹੀ ਬਹੁਤ ਵੱਡੀ ਗੱਲ ਸੀ ਜਦ ਕਿ ਮੇਰਾ ਬਾਪੂ ਐਸ ਡੀ ਓ ਸੀ। ਸਾਨੂੰ ਘਰ ਵਿਚ ਤਮੀਜ਼ ਸਿਖਾਈ ਜਾਂਦੀ ਸੀ। ਘਰ ਦੀ ਨੌਕਰਾਣੀ ਨੂੰ ਅਸੀਂ ਤਾਈ ਕਹਿੰਦੇ ਸਾਂ। ਇਕ ਭਈਆ ਨੌਕਰ ਸੀ ਉਹਨੂੰ ਅਸੀਂ ਤਾਇਆ ਕਹਿੰਦੇ ਸਾਂ। ਮੇਰੀ ਮਾਂ ਉਹਨੂੰ ਭਾਈ ਜੀ ਕਹਿੰਦੀ ਸੀ। ਸਾਨੂੰ ਪ੍ਰਾਹੁਣਚਾਰੀ ਕਰਨ ਦੀ ਤਹਿਜ਼ੀਬ ਵੀ ਘਰੋਂ ਹੀ ਮਿਲੀ। ਇਹ ਵੈਲਯੂਜ਼ ਤੁਹਾਨੂੰ ਆਪਣੇ ਘਰੋਂ ਹੀ ਮਿਲਣੀਆਂ ਚਾਹੀਦੀਆਂ ਹਨ।

ਸਾਥੀ; ਇੰਗਲੈਂਡ ਵਿਚ ਜਾਂ ਇਥੇ ਦੇ ਘਰਾਂ ਵਿਚ ਏਨੀ ਜਗਾਹ ਨਹੀਂ ਹੁੰਦੀ। ਹਰ ਕਿਸੇ ਨੂੰ ਪ੍ਰਾਈਵੇਸੀ ਚਾਹੀਦੀ ਹੁੰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੰਡੀਆ ਤੋਂ ਆਏ ਹੋਏ ਕਲਾਕਾਰਾਂ ਨੂੰ ਸਾਂਭਿਆ। ਕਈ ਲੋਕ ਇੰਡੀਆ ਤੋਂ ਇਨ੍ਹਾਂ ਦੇਸਾਂ ਵਿਚ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਐਕਸਪੈਕਟੇਸ਼ਨ ਡਿਫਰੈਂਟ ਕਿਸਮ ਦੀਆਂ ਹੁੰਦੀਆਂ ਹਨ। ਜਦ ਕਿ ਇਥੇ ਸਭ ਕੁਝ ਆਪ ਹੀ ਕਰਨਾ ਪੈਂਦਾ ਹੈ। ਤੁਸੀਂ ਨੂਰ ਜਹਾਂ ਤੇ ਸ਼ੌਕਤ ਅਲੀ ਵਰਗਿਆਂ ਨੂੰ ਪ੍ਰਾਹੁਣਚਾਰੀ ਦਿੱਤੀ। ਜਗਤ ਸਿੰਘ ਜੱਗਾ ਕਈ ਮਹੀਨੇ ਰਹਿ ਗਿਆ। ਫਿਰ ਸੁਰਿੰਦਰ ਕੌਰ ਵੀ।
ਮਾਹਲ; ਸੁਰਿੰਦਰ ਕੌਰ ਤਾਂ ਮੈਨੂੰ ਆਪਣਾ ਮੁੰਡਾ ਸਮਝਦੀ ਸੀ। ਮਰਨ ਤੱਕ ਉਸ ਨੇ ਇਹੋ ਹੀ ਸਮਝਿਆ। ਇਕ ਵੇਰ ਜਦੋਂ ਉਨ੍ਹਾਂ ਨੂੰ ਇੰਡੀਆ ਅਕੈਡਮੀ ਨੇ ਅਵਾਰਡ ਦਿੱਤਾ ਤਾਂ ਮੈਂ ਦਿੱਲੀ ਵਿਚ ਹੀ ਸਾਂ। ਐਵਾਰਡ ਮਦਰਾਸ ਵਿਚ ਮਿਲਣਾ ਸੀ। ਕੇਵਲ ਇਕੋ ਗੈੱਸਟ ਉਨ੍ਹਾਂ ਨਾਲ ਜਾ ਸਕਦਾ ਸੀ। ਉਨ੍ਹਾਂ ਦੇ ਕੋਈ ਬੇਟਾ ਨਹੀਂ। ਤਿੰਨ ਬੇਟੀਆਂ ਹੀ ਹਨ। ਵੱਡੀ ਡੌਲੀ ਨੇ ਨਵੇਂ ਕਪੜੇ ਸਵਾ ਲਏ ਪਰ ਸੁਰਿੰਦਰ ਕੌਰ ਨੇ ਕਿਹਾ ਕਿ ਇਕਬਾਲ ਤੇਰੇ ਨਾਲੋਂ ਵੱਡਾ ਹੈ। ਇਹੋ ਹੀ ਮੇਰੇ ਨਾਲ ਜਾਵੇਗਾ। ਡੌਲੀ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ ਕਿ ਕਪੜੇ ਮੈਂ ਬਣਵਾਂਉਂਦੀ ਰਹਿ ਗਈ ਤੇ ਮਾਮਾ ਇਹਨੂੰ ਨਾਲ ਲੈ ਗਈ। ਜਦੋਂ ਸੁਰਿੰਦਰ ਕੌਰ ਅਮਰੀਕਾ ਵਿਚ ਬਹੁਤ ਬਿਮਾਰ ਸੀ ਤਾਂ ਮੈਂ ਉਨ੍ਹਾਂ ਨੂੰ ਮਿਲਣ ਗਿਆ। ਉਨ੍ਹਾਂ ਦੇ ਲੰਗਜ਼ ਵਿਚ ਪਾਣੀ ਪੈ ਗਿਆ ਸੀ। ਉਨ੍ਹਾਂ ਸੋਚਿਆ ਕਿ ਜਿਹੜਾ ਮਾਹਲ ਮਿਲਣ ਆਇਆ ਹੈ, ਇਹ ਜ਼ਰੂਰ ਕੋਈ ਸੀਰੀਅਸ ਗੱਲ ਹੈ। ਉਨ੍ਹਾਂ ਮੇਰਾ ਹੱਥ ਘੁੱਟਿਆ ਤੇ ਉਸੇ ਵਕਤ ਉਨ੍ਹਾਂ ਦੀ ਅੱਖ ‘ਚੋਂ ਦੋ ਹੰਝੂ ਟਪਕ ਪਏ। ਉਹ ਮੇਰੇ ਨਾਲ ਬਹੁਤ ਸਾਰੀਆਂ ਜ਼ਾਤੀ ਗੱਲਾਂ ਕਰ ਲੈਂਦੇ ਸਨ ਪਰ ਮੈ ਉਹ ਦੁਨੀਆਂ ਨਾਲ ਸ਼ੇਅਰ ਨਹੀਂ ਕਰ ਸਕਦਾ।

ਸਾਥੀ; ਤੁਸੀਂ ਏਨੇ ਕਲਾਕਾਰਾਂ ਨੂੰ ਮਿਲੇ ਹੋ। ਝੂਠੀ ਖੁਸ਼ਾਮਦ ਵਾਲੇ ਵੀ ਹੋਣੇ ਨੇ ਕਈ ਉਨ੍ਹਾਂ ‘ਚ?
ਮਾਹਲ; ਬਹੁਤ। ਜਦੋਂ ਲੋੜ ਹੁੰਦੀ ਹੈ ਤਾਂ ਜੁੱਤੀਆਂ ਚੱਟਦੇ ਹਨ। ਜਦੋਂ ਚੜ੍ਹ ਜਾਂਦੇ ਹਨ ਤਾਂ ਮਿਲਣ ਵੀ ਜਾਓ ਤਾਂ ਸੋਚਦੇ ਹਨ ਕਿ ਇਹ ਕਿਥੋਂ ਚੰਬੜ ਗਿਆ। ਨੂਰਾਂ ਸਿਸਟਰਜ਼, ਸਿਰਤਾਜ, ਜਗਜੀਤ ਸਭ।

ਸਾਥੀ; ਜਗਜੀਤ ਨੇ ਕੀ ਕੀਤਾ ਸੀ?
ਮਾਹਲ; ਉਸ ਨਾਲ ਤਾਂ ਮੁਕੱਦਮੇਬਾਜ਼ੀ ਤਕ ਗੱਲ ਪਹੁੰਚ ਗਈ ਸੀ। ਉਸ ਨੂੰ ਤਿੰਨ ਸਾਲ ਪਰੋਮੋਟ ਕੀਤਾ। ਕਪੜਿਆਂ ਤਕ ਲੈ ਕੇ ਦਿੱਤੇ। ਉਸ ਨੇ ਆਪਣੀ ਜੀਵਨੀ ਲਿਖੀ। ਉਸ ਵਿਚ ਮੇਰਾ ਨਾਮ ਤਕ ਨਹੀਂ ਹੈ। ਇਨ੍ਹਾਂ ਸਾਰਿਆਂ ਦਾ ਇਹੋ ਹਾਲ ਹੈ। ਸਿਰਫ ਹਰਭਜਨ ਮਾਨ ਕਿਸੇ ਵੀ ਟੀ. ਵੀ. ਜਾਂ ਰੇਡੀਓ ਇੰਟਰਵਿਊ ਵਿਚ ਬਾਪੂ ਪਾਰਸ, ਇਕਬਾਲ ਰਾਮੂਵਾਲੀਆ ਤੇ ਮੇਰਾ ਜਿ਼ਕਰ ਜ਼ਰੂਰ ਕਰੇਗਾ। ਮੇਰੇ ਪਰਿਵਾਰ ਦਾ ਉਹ ਹਿੱਸਾ ਹੈ। ਆਹ ਸੁਣੋ ਜੀ;
ਕਲਾ ਕੀ ਹੈ ਜਿੰਦਗੀ ਦੇ ਦੀਦਿਆਂ ਦਾ ਨੂਰ ਹੈ,
ਕਲਾ ਬਿਨ ਤਾਂ ਜ਼ਿੰਦਗੀ ਕੋਹਤੂਰ ਹੈ।
ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ ਅਜੇ,
ਆਹ ਕਲਾਕਾਰ ਨੇ ਇਨਸਾਨ ਬਣਨਾ ਹੈ ਅਜੇ।

ਸਾਥੀ; ਜਦੋਂ ਤੁਸੀਂ ਕਲਾਕਾਰਾਂ ਦੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਹੋ ਤਾਂ ਇਹ ਵੀ ਨਾ ਭੁੱਲੋ ਕਿ ਤੁਸੀਂ ੳਨ੍ਹਾਂ ਨੂੰ ਹਿਉਮਨ ਵੀ ਬਣਾਉਂਦੇ ਹੋ। ਇਕ ਹਿਉਮਨ ਬੀਇੰਗ ਵਿਚ ਹਰ ਕਿਸਮ ਦੀਆਂ ਕਮਜ਼ੋਰੀਆਂ ਹੁੰਦੀਆਂ ਹਨ ਭਾਵੇਂ ਉਹ ਕਿਸੇ ਵੀ ਮੁਕਾਮ ਉਤੇ ਪੁੱਜ ਜਾਵੇ। ਸਾਡੇ ਦੋਹਾਂ ਵਿਚ ਵੀ ਹੈਨ। ਖੈ਼ਰ, ਤੁਸੀਂ ਪਾਕਿਸਤਾਨੀ ਕਲਾਕਾਰਾਂ ਨਾਲ ਵੀ ਬੜੀ ਨੇੜਤਾ ਗੁਜ਼ਾਰੀ ਹੈ। ਮਸਲਨ ਉਸਤਾਦ ਮਹਿਦੀ ਹਸਨ ਸਾਹਿਬ, ਨੂਰ ਜਹਾਂ, ਰੇਸ਼ਮਾ, ਸ਼ੌਕਤ ਅਲੀ ਐਂਡ ਸੋ ਔਨ। ਭਾਵੇਂ ਇਹ ਲੋਕ ਮਿਲਦੇ ਤਾਂ ਬੜੇ ਨਿੱਘ ਨਾਲ ਹਨ ਪਰ ਉਹ ਕਈ ਵੇਰ ਏਨਾ ਹੱਦੋਂ ਬਾਹਰ ਦਾ ਨਿੱਘ ਦਿਖ਼ਾਉਂਦੇ ਹਨ ਕਿ ਕਈ ਲੋਕ ਇਸ ਨੂੰ ਖਾਹਮਖਾਹ ਦੀ ਖੁਸ਼ਾਮਦ ਜਾਂ ਪੈਟਰੋਨਾਈਜੇਸ਼ਨ ਸਮਝ ਲੈਂਦੇ ਹਨ ਜਾਂ ਅਜਿਹਾ ਹੀ ਭੁਲੇਖਾ ਪੈਂਦਾ ਹੈ। ਕਈ ਵੇਰ ਚਮਚਾਗਿਰੀ ਜਿਹੀ ਵੀ ਲਗਦੀ ਹੈ। ਇਸ ਵਾਰੇ ਕੁਝ ਕਹੋ?
ਮਾਹਲ; ਦਰਅਸਲ ਸਾਥੀ ਸਾਹਿਬ, ਗਾਉਣ ਵਾਲੇ ਦਾ ਕੰਮ ਹੁੰਦਾ ਹੈ ਗਾਉਣਾ। ਗਾਉਣਾ ਉਨ੍ਹਾਂ ਦੀ ਇਨਕੰਮ ਦਾ ਸਾਧਨ ਹੈ। ਉਨ੍ਹਾਂ ਕੋਲ ਕੋਈ ਫਿਕਸਡ ਇਨਕੰਮ ਤਾਂ ਹੁੰਦੀ ਨਹੀਂ। ਸੋ ਉਹ ਅਕਸਰ ਹੀ ਅਜਿਹੀ ਸ਼ਬਦਾਵਲੀ ਵਰਤਦੇ ਹਨ ਜਿਸ ਦੁਆਰਾ ਉਨ੍ਹਾਂ ਦੀ ਇਨਕੰਮ ਲਗਾਤਾਰ ਤੁਰਦੀ ਰਹੇ। ਇਨ੍ਹਾਂ ਲੋਕਾਂ ਨੇ ਮੈਨੇਜਰ ਜਾਂ ਪੀ ਆਰ ਵੀ ਗੋਰਿਆਂ ਵਾਂਗ ਨਹੀਂ ਰੱਖੇ ਹੁੰਦੇ। ਸੋ ਇਹ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਉਹ ਮਿਲਦੇ ਨੇ ਤਾਂ ਵਾਹਵਾ ਮੋਟੀਆਂ ਮੋਟੀਆਂ ਗੱਲਾਂ ਕਰਦੇ ਨੇ ਤੇ ਜਦੋਂ ਚਲੇ ਜਾਂਦੇ ਨੇ ਤਾਂ ਭੁੱਲ ਭੁੱਲਾ ਜਾਂਦੇ ਨੇ। ਮੇਰੇ ਤਜਰਬੇ ਵੀ ਤੁਹਾਡੇ ਜਿਹੇ ਹੀ ਹਨ ਪਰ ਕੁਝ ਖ਼ਰੇ ਵੀ ਹੈਨ। ਮਸਲਨ ਸ਼ੌਕਤ ਅਲੀ ਤੇ ਹਰਭਜਨ ਮਾਨ ਵਰਗੇ। ਮਸਲਨ ਮੈਂ ਲਾਹੌਰ ਗਿਆ ਤਾਂ ਇਕ ਹੋਟਲ ਵਿਚ ਕਯਾਮ ਕਰ ਲਿਆ। ਪਰ ਦੂਜੇ ਦਿਨ ਹੀ ਸ਼ੌਕਤ ਅਲੀ ਦੇ ਪੁੱਤਰ ਆਏ ਤੇ ਮੇਰਾ ਸਾਰਾ ਸਮਾਨ ਲੈ ਕੇ ਮੈਨੂੰ ਨਾਲ ਲੈ ਗਏ। ਦਸਦੇ ਸਨ ਕਿ ਅੱਬਾ ਨੇ ਕਿਹਾ ਸੀ ਕਿ ਖੋਤਿਓ, ਤੁਸੀਂ ਇਥੇ ਬੈਠੇ ਹੋ ਤੇ ਤੁਹਾਡਾ ਚਾਚਾ ਉਥੇ ਹੋਟਲ ਵਿਚ ਬੈਠਾ ਹੈ। ਇਹ ਚੰਗਾ ਨਹੀਂ ਲਗਦਾ। ਲਿਆਓ ਉਹਨੂੰ ਏਥੇ। ਉਸ ਦੀ ਇਕ ਮਿਸਾਲ ਇਹ ਵੀ ਹੈ ਕਿ ਜਦੋਂ ਉਹ ਮੇਰੇ ਕੋਲ ਰਹਿ ਕੇ ਗਏ ਤਾਂ ਅਸੀਂ ਏਅਰਪੋਰਟ ‘ਤੇ ਚੜ੍ਹਾਉਣ ਗਏ। ਅਲਵਿਦਾ ਕਿਹਾ ਤਾਂ ਨਾਲ ਹੀ ਸ਼ੌਕਤ ਅਲੀ ਨੇ ਕਿਹਾ, “ਬੁਰਾ ਨਾ ਮਨਾਇਓ, ਮੈਂ ਇਕ ਲਫਾਫਾ ਤੁਹਾਡੀ ਕਾਰ ਦੇ ਗਲੱਵ ਬੌਕਸ ਵਿਚ ਰੱਖਿਆ ਹੈ। ਉਹ ਤੁਹਾਡੀ/ਮੇਰੀ ਧੀ ਲਈ ਪਿਆਰ ਹੈ।” ਉਸ ਲਫਾਫੇ ਵਿਚ ਪੰਜ ਸੌ ਡਾਲਰ ਸਨ। ਹਾਰਟ ਪੇਸ਼ੈਂਟ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਬਾਘਾ ਬਾਰਡਰ ‘ਤੇ ਲੈਣ ਆਏ ਹੋਏ ਸਨ।

ਸਾਥੀ; ਇਹ ਗੱਲ ਤੁਹਾਡੀ ਠੀਕ ਹੈ ਕਿ ਦੋਪਾਸੀਂ ਬਹੁਤ ਨਿੱਘ ਹੈ। ਇਕ ਵੇਰ ਮੈਂ ਰੇਡੀਓ ‘ਤੇ ਕਹਿ ਬੈਠਾ ਕਿ ਮੈਂ ਪਾਕਿਸਤਾਨ ਜਾਣਾ ਚਾਹਾਂਗਾ। ਮੈਨੂੰ ਬੜੇ ਫੋਨ ਆਏ ਕਿ ਜੀ ਦੱਸੋ ਕਦੋਂ ਜਾਣਾ ਹੈ। ਅਸੀਂ ਤੁਹਾਡੀ ਰਿਹਾਇਸ਼ ਅਤੇ ਖਾਣ ਪੀਣ ਦਾ ਬਹੁਤ ਵਧੀਆ ਇੰਤਜ਼ਾਮ ਕਰਕੇ ਦਿਆਂਗੇ। ਇਕ ਸੱਜਣ ਨੇ ਕਿਹਾ ਕਿ ਭਾਵੇਂ ਮੈਂ ਉਥੇ ਰਹਿੰਦਾ ਨਹੀਂ ਪਰ ਮੇਰੀ ਲਾਹੌਰ ਵਿਚ ਕੋਠੀ ਹੈ, ਕਾਰ ਹੈ ਤੇ ਇਕ ਡਰਾਈਵਰ ਵੀ ਰੱਖਿਆ ਹੋਇਆ। ਖਾਨਸਾਮਾ ਵੀ ਹੈ। ਤੁਸੀਂ ਇਸ਼ਾਰਾ ਹੀ ਕਰਨਾ ਹੈ। ਸਭ ਹੋ ਜਾਏਗਾ। ਸੋ ਮੁਹੱਬਤ ਪਿਆਰ ਜੋ ਹੈ ਇਹ ਜੇ ਬਰਕਰਾਰ ਰਹੇ ਤਾਂ ਕਿੰਨਾ ਚੰਗਾ ਹੋਵੇ। ਕੀ ਦੋਹਾਂ ਦੇਸ਼ਾਂ ਦੇ ਕਲਾਕਾਰ ਕਨਸਰਟਡ ਐਫਰਟਸ ਜਾਨੀ ਸੰਜੀਦਾਂ ਕੋਸ਼ਸ਼ਾਂ ਕਰਕੇ ਸਰਕਾਰੀ ਲੈਵਲ ‘ਤੇ ਇਕ ਵਧੀਆ ਸਦਭਾਵਨਾ ਨਹੀਂ ਕਾਇਮ ਕਰ ਸਕਦੇ?
ਮਾਹਲ; ਸਾਡੀ ਪਰੌਬਲਮ ਇਹ ਹੈ ਕਿ ਜਦ ਤੀਕ ਦੋਨੋ ਧਿਰਾਂ ਇਕ ਦੂਜੇ ਨੂੰ ਦੁਸ਼ਮਣ ਕਹਿਣੋ ਨਹੀਂ ਹਟਣਗੀਆਂ, ਉਦੋਂ ਤੀਕ ਗੱਲ ਨਹੀਂ ਜੇ ਬਣਨੀ। ਦੋਪਾਸੀਂ ਸਦਭਾਵਨਾ ਬੜੀ ਜ਼ਰੂਰੀ ਹੈ ਜੀ।

ਸਾਥੀ; ਤੁਸੀਂ ਕੈਨੇਡਾ ਵਿਚ ਬਰੌਡਕਾਸਟਿੰਗ ਦੇ ਖੇਤਰ ਵਿਚ ਮੋਢੀਆਂ ਵਿਚੋਂ ਜਾਣੇ ਜਾਂਦੇ ਹੋ। ਐਵੇਂ ਦੋ ਸਾਲ ਪਹਿਲਾਂ ਹੀ ਜਦੋਂ ਮੈ ਏਥੇ ਆਇਆ ਤਾਂ ਏਨੇ ਰੇਡੀਓ ਅਤੇ ਟੈਲੀਵੀਯਨ ਨਹੀਂ ਸਨ। ਪਰ ਐਤਕੀਂ ਤਾਂ ਹੜ੍ਹ ਹੀ ਆ ਗਿਆ ਹੈ। ਜਿਹੜੀ ਚੰਗੀ ਗੱਲ ਹੈ ਪਰ ਕਈ ਵਾਰ ਮੈਨੂੰ ਪਰੋਫੈਸ਼ਨਲਿਜ਼ਮ ਦੀ ਝਲਕ ਕੁਝ ਘੱਟ ਦਿਖਾਈ ਦਿੰਦੀ ਹੈ।
ਮਾਹਲ; ਇਹ ਤੁਹਾਡੀ ਅਨਪਰੋਫੈਸ਼ਨਲਿਜ਼ਮ ਵਾਲੀ ਗੱਲ ਬਿਲਕੁਲ ਦੁਰਸਤ ਹੈ। ਕੁਆਂਟਿਟੀ ਵਧੀ ਹੈ। ਕੁਆਲਿਟੀ ਘਟੀ ਹੈ। ਕਈ ਨਵੇਂ ਮੁੰਡੇ ਵਧੀਆ ਕੰਮ ਕਰ ਰਹੇ ਹਨ। ਮੈਂ ਕਹਿੰਦਾ ਹਾਂ ਕਿ ਸ਼ੁਕਰ ਕਰੋ ਕਿ ਪੰਜਾਬੀ ਤੁਹਾਨੂੰ ਰੋਜ਼ੀ ਰੋਟੀ ਦੇ ਰਹੀ ਹੈ ਵਰਨਾ ਤੁਸੀਂ ਉਹਦਾ ਕੀ ਸੰਵਾਰਿਆ ਹੈ? ਕਈ ਐਹੋ ਜਿਹੇ ਰੇਡੀਓ ਪਰੋਗਰਾਮ ਹਨ ਕਿ ਚਾਲੀ ਪੰਜਤਾਲੀ ਮਿੰਟ ਘੰਟੇ ਵਿਚ ਐਡਵਰਟਾਈਜ਼ਮੈਂਟਾਂ ਹੀ ਵਜਾਈਆਂ ਜਾਂਦੀਆਂ ਹਨ। ਸਾਰਿਆਂ ਦਾ ਇਕੋ ਹਾਲ ਹੈ। ਕੋਈ ਸਾਰਥਕ ਗੱਲ ਨਹੀਂ ਹੁੰਦੀ। ਪਰ ਸਾਡੇ ਜ਼ਿੰਦਗੀ ਨੂੰ ਜਿੰਦਗੀ, ਜਜ਼ਬਾਤ ਨੂੰ ਜਜਬਾਤ ਕਹੀ ਜਾ ਰਹੇ ਹਨ। ਵੁਕੈਬਲਰੀ ਹੈ ਹੀ ਨਹੀਂ। ਤੁਸੀਂ ਘੱਟ ਬੋਲੋ। ਮੈਂ ਕਹਿੰਨਾ ਹੁੰਨਾ ਕਿ ਤੁਹਾਡਾ ਕੰਮ ਬੋਲੇ ਤੁਹਾਡੇ ਲਈ।

ਸਾਥੀ; ਇਹ ਗੱਲ ਮੈਂ ਲੰਡਨ ਵਿਚ ਵੀ ਮਹਿਸੂਸ ਕੀਤੀ ਹੈ। ਨਵੇਂ ਪਰੇਜ਼ੈਂਟਰ ਅੰਗਰੇਜ਼ੀ ਵਿਚ ਪਰੋਗਰਾਮ ਪੇਸ਼ ਕਰਦੇ ਹਨ ਪਰ ਗਾਣੇ ਹਿੰਦੀ ਪੰਜਾਬੀ ਦੇ ਵਜਾ ਰਹੇ ਹੁੰਦੇ ਹਨ। ਕਈਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਇਨ੍ਹਾਂ ਵਿਚ ਕੀ ਕਿਹਾ ਜਾ ਰਿਹਾ ਹੈ? ਰੇਡੀਓ ਸੰਚਾਲਕ ਇਸ ਗੱਲ ਦੀ ਜ਼ਰੂਰਤ ਹੀ ਨਹੀਂ ਸਮਝਦੇ ਕਿ ਗਾਣੇ ਬਾਰੇ ਕੋਈ ਡੀਟੇਲ ਦਿੱਤੀ ਜਾਵੇ। ਸ਼ਾਇਰ ਦਾ ਨਾਮ ਤਾਂ ਕੋਈ ਲੈਂਦਾ ਹੀ ਨਹੀਂ। ਕਈਆਂ ਸੀ ਡੀਆਂ ਉਪਰ ਵੀ ਸ਼ਾਇਰ ਦਾ ਨਾਮ ਨਹੀਂ ਲਿਖਿਆ ਹੁੰਦਾ। ਮੇਰੇ ਖਿ਼ਆਲ ਵਿਚ ਇਹ ਸ਼ਾਇਰ ਨਾਲ ਬਹੁਤ ਵੱਡਾ ਧੱਕਾ ਹੈ।
ਮਾਹਲ; ਮੈਂ ਤਾਂ ਜੀ ਹਮੇਸ਼ਾ ਸ਼ਾਇਰ ਦਾ ਨਾਂ ਲੈਨਾਂ। ਇਹ ਉਹਦੀ ਰਚਨਾ ਹੈ। ਇਹ ਉਸ ਦਾ ਹੱਕ ਹੈ ਕਿ ਉਸ ਨੂੰ ਐਕਨੌਲਿਜ ਕੀਤਾ ਜਾਵੇ। ਇਥੇ ਕੈਨੇਡਾ ਵਿਚ ਰੇਡੀਓ ਉਤੇ ਕਵਿਤਾ ਬੋਲਣ ਲੱਗੇ ਵੀ ਕਈ ਪੇਸ਼ਕਾਰ ਸ਼ਾਇਰਾਂ ਦਾ ਨਾਮ ਨਹੀਂ ਲੈਂਦੇ। ਕਈ ਸ਼ਾਇਰ ਮਕਤੇ ਵਿਚ ਨਾਂ ਨਹੀਂ ਲਿਖਦੇ ਜਿਸ ਕਰਕੇ ਸ਼ਾਇਰ ਦਾ ਪਤਾ ਹੀ ਨਹੀਂ ਲਗਦਾ।

ਸਾਥੀ; ਅੱਜਕੱਲ ਜਿਹੜਾ ਬੰਦਾ ਜ਼ਰਾ ਕੁ ਚੰਗਾ ਗਾਉਣ ਲਗਦਾ ਹੈ, ਝੱਟ ਫਿਲਮਾਂ ਬਨਾਉਣ ਲੱਗ ਪੈਂਦਾ ਹੈ ਜਾਂ ਉਨ੍ਹਾਂ ਵਿਚ ਬਤੌਰ ਹੀਰੋ ਜਾਂ ਹੀਰੋਇਨ ਦੇ ਆਉਣ ਲੱਗ ਪੈਂਦਾ ਹੈ। ਇਸ ਰੁਝਾਨ ਬਾਰੇ ਕੁਝ ਕਹੋ।
ਮਾਹਲ; ਦੇਖੋ ਜੀ, ਪੰਜਾਬੀ ਦੀ ਫਿਲਮ ਇੰਡਸਟਰੀ ਮਰ ਰਹੀ ਸੀ। ਇਨ੍ਹਾਂ ਨੇ ਇਹਨੂੰ ਮੁੜ ਕੇ ਸੰਜੀਵ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਗੁਰਦਾਸ ਮਾਨ ਫਿਲਮਾਂ ਵਿਚ ਆਇਆ। ਹਰਭਜਨ ਮਾਨ ਤਾਂ ਬਾਅਦ ਵਿਚ ਆਇਆ ਜੀ।

ਸਾਥੀ; ਡੂ ਯੂ ਥਿੰਕ ਦੇਅ ਵਾਂਟ ਟੂ ਮੇਕ ਕੁਇੱਕ ਬੱਕ ਬਾਈ ਗੋਇੰਗ ਇੰਟੂ ਦਾ ਫਿਲਮ ਇੰਡਸਟਰੀ?
ਮਾਹਲ; ਦੇਅ ਵਾਂਟ ਟੂ ਵਾਈਡਨ ਦੇਅਰ ਹੌਰਾਇਜ਼ਨ। ਗੱਲ ਕਈ ਵਾਰ ਪੈਸੇ ਦੀ ਨਹੀਂ ਹੁੰਦੀ। ਗੁਰਦਾਸ ਮਾਨ ਕਈਆਂ ਪੁਸ਼ਤਾਂ ਤੀਕ ਵੀ ਪੈਸੇ ਖਰਚੀ ਜਾਵੇ ਤਾਂ ਮੁੱਕਣ ਨਹੀਂ ਲੱਗੇ। ਪਰ ਫਿਰ ਵੀ ਬੰਦਾ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ। ਜ਼ਰੂਰੀ ਨਹੀਂ ਕਿ ਉਹ ਪੈਸੇ ਲਈ ਹੀ ਕਰੇ।

ਸਾਥੀ; ਤੁਹਾਡੀ ਕਿਤਾਬ ‘ਸੁਰਾਂ ਦੇ ਸੌਦਾਗਰ’ ਪੜ੍ਹੀ ਹੈ। ਬਹੁਤ ਵਧੀਆ ਵਾਰਤਿਕ ਹੈ ੳਸ ਦੀ। ਚੁਸਤ, ਛੋਟੇ ਛੋਟੇ ਫਿਕਰੇ, ਬਲਵੰਤ ਗਾਰਗੀ ਅਤੇ ਅਜੀਤ ਕੌਰ ਦੀ ਵਾਰਤਕ ਵਰਗੇ। ਵਾਰਤਕ ਵਿਚ ਹਿਉਮਰ ਵੀ ਆਉਣਾ ਚਾਹੀਦਾ ਹੈ ਜਿਹੜਾ ਤੁਹਾਡੇ ਵਿਚ ਹੈ। ਕਈ ਲੋਕ ਕਹਿ ਦਿੰਦੇ ਹਨ ਕਿ ਵਾਰਤਕ ਲਿਖਣੀ ਸੌਖੀ ਹੈ ਤੇ ਕਵਿਤਾ ਲਿਖਣੀ ਔਖੀ ਹੈ। ਇਸ ਨਾਲ ਮੈਂ ਸਹਿਮਤ ਨਹੀਂ ਹਾਂ। ਵਾਰਤਕ ਖਿਲਣ ਵੇਲੇ ਤੁਹਾਨੂੰ ਸੱਚ ਦੇ ਨੇੜੇ ਰਹਿਣਾ ਪੈਂਦਾ ਹੈ। ਕਵਿਤਾ ਵਿਚ ਖਿਆਲਾਂ ਦੀਆਂ ਉਡਾਰੀਆਂ ਹੁੰਦੀਆਂ ਹਨ ਤੇ ਖਿਆਲਾਂ ਨੂੰ ਬੰਧਨ ਵਿਚ ਨਹੀਂ ਰੱਖਿਆ ਜਾ ਸਕਦਾ। ਖ਼ੈਰ ਇਹ ਦੱਸੋ ਕਿ ਇਸ ਕਿਸਮ ਦੀ ਵਾਰਤਕ ਲਿਖ਼ਣ ਵਿਚ ਕੀ ਕਿਸੇ ਨੇ ਤੁਹਾਡੀ ਕੋਈ ਮੱਦਦ ਕੀਤੀ?
ਮਾਹਲ; ਵਾਰਤਕ ਤੇ ਖਿਆਲਾਤ ਤਾਂ ਜ਼ਾਹਰਾ ਤੌਰ ‘ਤੇ ਮੇਰੇ ਆਪਣੇ ਹਨ। ਪਰ ਸੁਰਜਨ ਜ਼ੀਰਵੀ ਤੇ ਗੁਰਚਰਨ ਰਾਮਪੁਰੀ ਵਰਗਿਆਂ ਨੇ ਗਾਈਡੈਂਸ ਦਿੱਤੀ। ਉਹ ਲੋਕ ਸਾਡੇ ਜੰਮਣ ਸਮੇਂ ਉਰਦੂਦਾਨ ਸਨ। ਉਨ੍ਹਾਂ ਦੀ ਸ਼ਬਦਾਵਲੀ ਉਰਦੂ ਦੇ ਐਂਗਲ ਤੋਂ ਵਸੀਹ ਹੈ। ਗੁਰਚਰਨ ਰਾਮਪੁਰੀ ਵਾਲੇ ਸਕੂਲੋਂ ਹੀ ਪੜ੍ਹਿਆ ਹਾਂ ਮੈਂ। ਇਕਬਾਲ ਰਾਮੂਵਾਲੀਆ ਮੇਰਾ ਹਮਪਿਆਲਾ ਦੋਸਤ ਹੈ। ਅਸੀਂ ਇਕੱਠੇ ਬੈਠੇ ਸਾਂ ਤਾਂ ਮੈਂ ਸੁਰਿੰਦਰ ਕੌਰ ਨਾਲ ਮਦਰਾਸ ਵਿਚ ਬਿਤਾਏ ਪਲਾਂ ਦੀ ਗੱਲ ਕਰਨ ਲੱਗ ਪਿਆ ਤਾਂ ਕਹਿਣ ਲੱਗਾ, ਤੂੰ ਲਿਖ ਇਹਨੂੰ, ਮੈਂ ਹੈਲਪ ਕਰੂੰ ਤੇਰੀ। ਮੈਂ ਪੰਦਰਾਂ ਸੋਲਾਂ ਸਫੇ ਲੈ ਕੇ ਚਲਾ ਗਿਆ ਤਾਂ ਮੇਰੇ ਸਫਿਆਂ ਵਿਚ ਏਨੀ ਕੁਰੈਕਸ਼ਨਜ਼ ਸਨ ਕਿ ਕਾਲੀ ਸਿਆਹੀ ਘੱਟ ਦਿਸਦੀ ਸੀ ਤੇ ਲਾਲ ਸਿਆਹੀ ਵੱਧ। ਉਸ ਨੇ ਕਿਹਾ ਕਿ ਏਦਾਂ ਨਹੀਂ, ਐਦਾਂ ਠੀਕ ਹੈ। ਇਸੇ ਤਰ੍ਹਾਂ ਰਾਮਪੁਰੀ ਨੇ ਹੈਲਪ ਕੀਤੀ ਤੇ ਇਸ ਕਿਤਾਬ ਦੀ ਝਾੜ ਝੰਬ ਸੁਰਜਨ ਜ਼ੀਰਵੀ ਨੇ ਕੀਤੀ। ਉਸ ਨੇ ਮੇਰੇ ਕੋਲੋਂ ਕਈ ਗੱਲਾਂ ਕਟਵਾ ਦਿਤੀਆਂ। ਦੇਖੋ ਜੀ ਹਰ ਕੰਮ ਅਭਿਆਸ ਨਾਲ ਹੀ ਹੁੰਦਾ ਹੈ।

ਸਾਥੀ; ਚਲੋ ਉਹ ਗੱਲ ਠੀਕ ਹੈ ਪਰ ਉਰਿਜਨਲ ਗੱਲ ਅਤੇ ਵਾਰਤਕ ਤਾਂ ਤੁਹਾਡੀ ਆਪਣੀ ਹੀ ਹੈ ਨਾ। ਇਨ੍ਹਾਂ ਲੇਖਾਂ ਵਿਚੋਂ ਮੈਨੂੰ ਬਲਬੰਤ ਗਾਰਗੀ ਦੀਆਂ ‘ਸੁਰਮੇ ਵਾਲੀ ਅੱਖ’ ਤੇ ‘ਨਿੰਮ ਦੇ ਪੱਤੇ’ ਨਾਮੀ ਪੁਸਤਕਾਂ ਵਿਚਲੀ ਵਾਰਤਕ ਤੇ ਨਿਭਾਅ ਦੀ ਝਲਕ ਪੈਂਦੀ ਹੈ। ਜਿਨ੍ਹਾਂ ਲੋਕਾਂ ਬਾਰੇ ਤੁਸੀਂ ਲਿਖਿਆ ਹੈ ਉਹ ਪਬਲਿਕ ਦੇ ਲੋਕ ਹਨ। ਇਹੋ ਜਿਹੇ ਲੇਖ ਮੈਂ ਵੀ ਲਿਖੇ ਹਨ ਜਿਹੜੇ ‘ਨਿੱਘੇ ਮਿੱਤਰ ਮੁਲਾਕਾਤਾਂ’ ਕਿਤਾਬ ਵਿਚ ਸੰਕਲਤ ਹਨ। ਤਸੀਂ ਤਾਂ ਲਿਖ਼ੇ ਹੀ ਹੈਨ। ਗਾਰਗੀ ਸਾਹਿਬ ਨੇ ਵੀ ਲਿਖੇ ਹਨ। ਉਸ ਦੇ ਇਹ ਲੇਖਲ ਏਨੇ ਦਿਲਚਸਪ ਹਨ ਕਿ ਬੰਦਾ ਪੜ੍ਹਨਾ ਸ਼ੁਰੂ ਕਰੇ ਤਾਂ ਉਹ ਮੁਕਾਏ ਬਿਨਾਂ ਨਹੀਂ ਹਟਦਾ। ਤੁਹਾਡੇ ਲੇਖਾਂ ਵਿਚ ਵੀ ਇਹ ਖ਼ੂਬੀ ਹੈ। ਕੁਝ ਬਲਬੰਤ ਗਾਰਗੀ ਦੇ ਲੇਖਾਂ ਵਾਰੇ ਕਹੋ?
ਮਾਹਲ; ਗਾਰਗੀ ਸਾਹਿਬ ਚੂੰਢੀ ਵੱਢਦੇ ਸਨ। ਮੈਂ ਚੂੰਢੀ ਨਹੀਂ ਵੱਢਦਾ। ਜਿਵੇਂ ਤਾਰਾ ਸਿੰਘ ਬਾਰੇ ਕਹਿੰਦਾ ਹੈ ਕਿ ਤਾਰਾ ਸਿੰਘ ਦੇਖਣ ਨੂੰ ਪਠਾਣ ਲਗਦਾ ਹੈ ਤੇ ਹੈ ਵੀ। ਮੈਂ ਤਾਰਾ ਸਿੰਘ ਨੂੰ ਜਾਣਦਾ ਸਾਂ। ਇਕਬਾਲ ਰਾਮੂਵਾਲੀਆ ਨੇ ਉਹਦੀਆਂ ਕਈ ਕਵਿਤਾਵਾਂ ਸੁਣਾਈਆਂ ਸਨ।

ਸਾਥੀ; ਵੈਸੇ ਤਾਂ ਤੁਹਾਡੀ ਸਾਰੀ ਹੀ ਕਿਤਾਬ ਦਿਲਚਸਪ ਹੈ ਪਰ ਜਿਹੜੀ ਗੱਲ ਤੁਸੀਂ ਮਿਊਜ਼ਕ ਡਾਇਰੈਕਟਰ ਐਸ ਮਹਿੰਦਰ ਬਾਰੇ ਬਿਲਕੁਲ ਅਖੀਰ ਵਿਚ ਕਹੀ ਹੈ ਕਿ ਮਧੂਬਾਲਾ ਉਹਨਾਂ ਨੂੰ ਪਿਆਰ ਕਰਦੀ ਸੀ, ਨੇ ਮੈਨੂੰ ਬਹੁਤ ਹੈਰਾਨ ਕੀਤਾ ਹੈ। ਇਹ ਮੈਂ ਕਦੇ ਕਿਸੇ ਵੀ ਹੋਰ ਮੈਗਜ਼ੀਨ ਜਾਂ ਅਖ਼ਬਾਰ ਵਿਚ ਨਹੀਂ ਪੜ੍ਹੀ। ਹਾਲਾਂਕਿ ਮਧੂ ਬਾਲਾ ਵਾਰੇ ਤਾਂ ਬਹੁਤ ਕੁਝ ਲਿਖਿ਼ਆ ਜਾ ਚੁੱਕਾ ਹੈ।
ਮਾਹਲ; ਇਹ ਬਿਲਕੁਲ ਸੱਚ ਹੈ। ਮੇਰੀ ਉਨ੍ਹਾਂ ਨਾਲ ਕੀਤੀ ਇਹ ਇੰਟਰਵਿੳ ‘ਆਰਸੀ’ ਵਿਚ ਛਪੀ ਸੀ। ਉਨ੍ਹਾਂ ਦੀ ਧੀ ਨੂੰ ਜਦੋਂ ਪਤਾ ਲੱਗਾ ਤਾਂ ਉਹਨੇ ਆਪਣੇ ਪਿਓ ਨੂੰ ਫੋਨ ਕੀਤਾ ਕਿ ਤੁਹਾਡੇ ਬਾਰੇ ਪੰਜਾਬੀ ਦੇ ਮੈਗਜ਼ੀਨ ਵਿਚ ਆਹ ਗੱਲ ਛਪੀ ਹੈ। ਪੰਜਾਬੀ ਤਾਂ ਕੁੜੀ ਨੂੰ ਆਉਂਦੀ ਨਹੀਂ ਸੀ। ਐਸ ਮਹਿੰਦਰ ਨੇ ਮੈਨੂੰ ਟੈਲੀਫੋਨ ਕੀਤਾ। ਕਹਿੰਦੇ ਯਾਰ, ਆਹ ਕੀ ਤੂੰ ਲਿਖ ਮਾਰਿਆ? ਮੈਂ ਉਨ੍ਹਾਂ ਨੂੰ ਸਾਰਾ ਚੈਪਟਰ ਪੜ੍ਹ ਕੇ ਸੁਣਾਇਆ ਤਾਂ ਕਹਿਣ ਲੱਗੇ ਕਿ ਆਹ ਤਾਂ ਕੋਈ ਗਲਤ ਨਹੀਂ। ਹੁਣ ਵੀ ਮੈਂ ਉਨ੍ਹਾਂ ਨੂੰ ਬੌਂਬੇ ਜਾ ਕੇ ਮਿਲ ਕੇ ਆਇਆ ਹਾਂ। ਇਕਾਨਵੇਂ ਵਰ੍ਹਿਆਂ ਦੇ ਨੇ। ਬੜਾ ਜ਼ਿੰਦਾ ਦਿਲ ਨੇ।

ਸਾਥੀ; ਤੁਸੀਂ ਆਸਾ ਸਿੰਘ ਮਸਤਾਨਾ ਤੇ ਰੇਸ਼ਮਾ ਆਦਿ ਨੂੰ ਇੰਟਰਵਿਊ ਕੀਤਾ। ਉਹ ਬੜੀ ਵੱਖਰੀ ਕਿਸਮ ਦੇ ਲੋਕ ਸਨ। ਅੱਜਕੱਲ ਦੇ ਗਾਉਣ ਵਾਲਿਆਂ ਬਾਰੇ ਕੁਝ ਕਹੋ।
ਮਾਹਲ; ਜੀ ਬਸ, ਵਾਹੀਯਾਤ ਕਿਸਮ ਦੇ ਡਾਂਸ ਤੇ ਗਾਣੇ ਲਿਖੇ ਜਾ ਰਹੇ ਹਨ। ਡਰੱਗਜ਼ ਬਾਰੇ, ਜੱਟਾਂ ਬਾਰੇ, ਗੰਨਾਂ ਤੇ ਛਵ੍ਹੀਆਂ ਬਾਰੇ ਗੱਲਾਂ ਹੋ ਰਹੀਆਂ ਹਨ। ਆਪਣਾ ਹੁਲੀਆ ਵੀ ਉਨ੍ਹਾਂ ਨੇ ਹੋਰ ਹੀ ਤਰ੍ਹਾਂ ਦਾ ਬਣਾਇਆ ਹੋਇਆ ਹੁੰਦਾ ਹੈ। ਮਿਉਂਜ਼ਕ ਹੁੰਦਾ ਹੈ ਮਨ ਦੀ ਸ਼ਾਂਤੀ ਲਈ, ਸਕੂਨ ਲਈ, ਕੁਝ ਸੋਹਜ ਸੁਆਦ ਹਾਸਲ ਕਰਨ ਵਾਸਤੇ ਪਰ ਹੈ ਨਹੀਂ। ਸ਼ਾਇਦ ਮੈਂ ਹੀ ਕੁਝ ਬੁੱਢਾ ਹੋ ਗਿਆ ਹਾਂ।

ਸਾਥੀ; ਮੈਨੂੰ ਕੁਝ ਵਰ੍ਹੇ ਪਹਲਾਂ ਮਿਊਜ਼ਕ ਡਾਇਰੈਕਟਰ ਨੌਸ਼ਾਦ ਨਾਲ ਗਲਬਾਤ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਵੀ ਤੁਹਾਡੇ ਵਾਂਗ ਹੀ ਕਿਹਾ ਸੀ ਕਿ ਅੱਜਕੱਲ ਮਿਊਜ਼ਕ ਘੱਟ ਤੇ ਰੌਲ਼ਾ ਜਿ਼ਆਦਾ ਹੈ ਜਦ ਕਿ ਸਾਡੇ ਵੇਲਿਆਂ ਵਿਚ ਤਿੰਨ ਚਾਰ ਮਿੰਟਾਂ ਦੇ ਸਹਿਜ ਵਾਲੇ ਗਾਣੇ ਹੋਇਆ ਕਰਦੇ ਸਨ ਤੇ ਉਹ ਸੌ ਸੌ ਪੀਸ ਦੇ ਆਰਕੈਸਟਰਾ ਨਾਲ ਰੀਕਾਰਡ ਕੀਤੇ ਜਾਂਦੇ ਸਨ। ਉਨ੍ਹਾਂ ਨੇ ਮੁਹੰਮਦ ਰਫੀ ਦੇ ਗਾਣੇ ‘ਓ ਦੁਨੀਆਂ ਕੇ ਰਖਵਾਲੇ’ ਦੀ ਗੱਲ ਸੁਣਾਈ ਕਿ ਸੌ ਪੀਸ ਦੇ ਆਰਕੈਸਟਰਾ ਨਾਲ ਇਹ ਗਾਣਾ ਪੂਰੇ ਦਿਨ ਵਿਚ ਰਿਕਾਰਡ ਹੋਇਆ ਸੀ ਪਰ ਦੂਜੀ ਸਵੇਰ ਮਹੁੰਮਦ ਰਫੀ ਮੇਰੇ ਬੂਹੇ ਤੇ ਆ ਧਮਕੇ। ਕਹਿੰਦੇ ਕਿ ਤਸੱਲੀ ਨਹੀਂ ਹੋਈ ਮੀਆਂ। ਕੀ ਕਰਦਾ ਮੈਂ? ਖਰਚਾ ਤਾਂ ਬਹੁਤ ਹੋਇਆ ਪਰ ਉਹ ਗਾਣਾ ਦੁਬਾਰਾ ਰਿਕਾਰਡ ਕੀਤਾ ਗਿਆ। ਸੋ ਇਸ ਕਿਸਮ ਦੀ ਡੈਡੀਕੇਸ਼ਨ ਹੁੰਦੀ ਸੀ ਉਨ੍ਹਾਂ ਦਿਨਾਂ ਵਿਚ। ਮੈਂ ਇਹਨੂੰ ‘ਗੋਲਡਨ ਈਰਾ ਔਫ ਇੰਡੀਅਨ ਮਿਊਜ਼ਕ’ ਕਹਿੰਨਾ ਹੁੰਨਾ। ਹਾਂ, ਨੌਸ਼ਾਦ ਨੇ ਇਹ ਵੀ ਦਸਿਆ ਕਿ ਜਦੋਂ ਮੈਂ ਰਫੀ ਨੂੰ ਕਿਹਾ ਕਿ ਮੀਆਂ ਬੜੇ ਖਰਚੇ ਪੈ ਗਏ ਹਨ, ਹੁਣ ਦੁਬਾਰਾ ਰਿਕਾਰਡਿੰਗ ਰਹਿਣ ਦਿਓ। ਰਫੀ ਜੀ ਨਾ ਮੰਨੇ ਤੇ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਮੈਂ ਅਪਨੀ ਫੀਸ ਨਹੀਂ ਲਵਾਂਗਾ ਮਗਰ ਦੁਬਾਰਾ ਰਿਕਾਰਡਿੰਗ ਕਰਨੀ ਜ਼ਰੂਰੀ ਹੈ।
ਮਾਹਲ; ੳਨ੍ਹਾਂ ਦਿਨਾਂ ਵਿਚ ਫੀਸਾਂ ਵੀ ਕੀ ਮਿਲਦੀਆਂ ਸਨ। ਐਵੇਂ ਸੱਤ ਅੱਠ ਸੌ ਰੁਪਏ ਵਿਚ ਗਾਣੇ ਗੁਆ ਲਏ ਜਾਂਦੇ ਸਨ। ਤੁਸੀਂ ਹੈਰਾਨ ਹੋਵੋਂਗੇ ਕਿ ਫਿਲਮ ਸੰਗਮ ਦੇ ਗਾਣੇ ‘ਯੇ ਮੇਰਾ ਪ੍ਰੇਮ ਪਤਰ ਪੜ੍ਹ ਕਰ’ ਦੇ ਰਫੀ ਨੂੰ ਸਿਰਫ 700 ਰਪਏ ਮਿਲੇ ਸਨ।

ਸਾਥੀ; ਫਿਲਮੀ ਦੁਨੀਆਂ ਨਾਲ ਕਿੰਨੇ ਕੁ ਜੁੜੇ ਹੋਏ ਹੋ?
ਮਾਹਲ; ਬਿਲਕੁਲ ਹੀ ਨਹੀਂ। ਬਲਕਿ ਸਾਥੀ ਸਾਹਿਬ ਮੈਂ ਹੁਣ ਸਾਰਾ ਕੁਝ ਸਮੇਟ ਰਿਹਾਂ। ਸੱਤਰ ਸਾਲਾਂ ਦਾ ਹੋ ਜਾਣਾ ਹੁਣ ਮੈਂ। ਵਾਧੂ ਕਿਤਾਬਾਂ ਰਿਕਾਰਡਿੰਗ, ਨਿਕਸੁਕ ਇਥੋਂ ਤੀਕ ਕਿ ਕੁਝ ਦੋਸਤਾਂ ਨੂੰ ਵੀ ਮਨਫੀ ਕਰ ਰਿਹਾਂ।

ਸਾਥੀ; ‘ਸੁਰਾਂ ਦੇ ਸੌਦਾਗਰ’ ਇਕ ਹਿਸਟੌਰੀਕਲ ਕਿਤਾਬ ਹੈ ਜਿਹੜੀ ਭਵਿੱਖ ਦੇ ਸਾਹਿਤ ਅਤੇ ਸੰਗੀਤ ਦੇ ਵਿਦਿਆਰਥੀਆਂ ਲਈ ਮੱਦਦਗਾਰ ਹੋਵੇਗੀ। ਤੁਸੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਇੰਟਰਵਿਊ ਕੀਤਾ ਹੋਵੇਗਾ। ਕਿਆ ਭਵਿੱਖ ਵਿਚ ਕਿਸੇ ਹੋਰ ਅਜਿਹੀ ਕਿਤਾਬ ਦੇ ਛਪਾਉਣ ਦਾ ਵੀ ਇਰਾਦਾ ਹੈ?
ਮਾਹਲ; ਨਹੀਂ ਜੀ, ਮੈਂ ਟਾਈਪ ਕਾਸਟ ਨਹੀਂ ਹੋਣਾ ਚਾਹੁੰਦਾ। ਵੈਸੇ ਵੀ ਜੇਕਰ ਮੈਂ ਕੋਈ ਪਰੋਜੈਕਟ ਸ਼ੁਰੂ ਕਰ ਲਵਾਂ ਤਾਂ ਮੈਨੂੰ ਪਹਿਲੀ ਸਤਰ ਦਾ ਵੀ ਪਤਾ ਹੁੰਦਾ ਤੇ ਅਖੀਰਲੀ ਦਾ ਵੀ ਪਰ ਵਿਚਲੀਆਂ ਸਤਰਾਂ ਮੈਨੂੰ ਚੈਨ ਨਹੀਂ ਲੈਣ ਦਿੰਦੀਆਂ। ਮੈਂ ਇਹ ਹੋਰ ਪਰੋਜੈਕਟ ਨਹੀਂ ਵਿੱਢਣਾ ਚਾਹੁੰਦਾ।

ਸਾਥੀ; ਤੁਹਾਡੇ ਘਰ ਵਿਚ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਔਰ ਤੁਹਾਡੇ ਦੱਸਣ ਅਨੁਸਾਰ ਕਈ ਲੰਮਾ ਲੰਮਾ ਸਮਾਂ ਵੀ ਰਹਿ ਜਾਂਦੇ ਹਨ। ਕੀ ਤੁਹਾਡੀ ਕਰਿਏਟਿਵਟੀ ਵਿਚ ਵਿੱਘਨ ਪੈਂਦਾ ਹੈ?
ਮਾਹਲ; ਜੀ ਨਹੀਂ। ਕੋਈ ਮੈਨੂੰ ਤੰਗ ਨਹੀਂ ਕਰਦਾ। ਲੋਕਾਂ ਦੇ ਘਰਾਂ ਵਿਚ ਗੁਰੁ ਗਰੰਥ ਸਾਹਿਬ ਦੀ ਬੀੜ ਹੁੰਦੀ ਹੈ, ਜਿਹੜੀ ਆਪਣੇ ਆਪ ਵਿਚ ਚੰਗੀ ਗੱਲ ਹੈ ਪਰ ਮੇਰੇ ਘਰ ਵਿਚ ਪਿਛਲੇ ਚਾਲੀ ਸਾਲ ਤੋਂ ਇਕ ਅਜਿਹਾ ਕਮਰਾ ਹੈ ਜਿਥੇ ਮੈਂ ਤੇ ਮੈਂ ਹੀ ਹੁੰਦੇ ਹਾਂ। ਜਿਉਂ ਹੀ ਮੈਂ ਬੂਹਾ ਬੰਦ ਕਰਦਾ ਹਾਂ, ਸਾਰੀ ਦੁਨੀਆਂ ਬਾਹਰ ਰਹਿ ਜਾਂਦੀ ਹੈ। ਮੇਰੀ ਫੈਮਿਲੀ ਦੀ ਵੀ ਮੈਨੂੰ ਮੁਕੰਮਲ ਸਪੋਰਟ ਹੈ। ਮੇਰੇ ਦੋ ਵਿਆਹ ਹਨ। ਹੁਣ ਵਾਲੀ ਪਤਨੀ ਮਨਜੀਤ ਪਿਛਲੇ ਤੀਹ ਸਾਲ ਤੋਂ ਮੇਰੇ ਨਾਲ ਹੈ। ਉਹ ਚਾਹ-ਪਾਣੀ ਦੇ ਜਾਂਦੀ ਹੈ ਤੇ ਮੈਨੂੰ ਇਕੱਲਿਆਂ ਛੱਡ ਦਿੰਦੀ ਹੈ। ਅੱਜਕੱਲ ਮੈਂ ਸਿਹਤ ਠੀਕ ਕਰਨ ਵਿਚ ਲਗਿਆ ਹੋਇਆ ਹਾਂ।

ਸਾਥੀ; ਬੈਸਟ ਵਿਸ਼ਜ਼ ਮੇਰੀਆਂ ਤੁਹਾਡੇ ਨਾਲ ਹਨ।
ਮਾਹਲ; ਮੇਰੀਆਂ ਵੀ ਬਹੁਤ ਬਹੁਤ ਤੁਹਾਡੇ ਵਾਸਤੇ।

ਸਾਥੀ; ਚੰਗਾ ਚੰਗਾ ਲੱਗਾ ਗੱਲਾਂ ਕਰਕੇ।
ਮਾਹਲ;ਮੈਨੂੰ ਵੀ।

2016

21/11/16


ਇਕਬਾਲ ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਵਿਰਸੇ ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਛੂਕਦਾ ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਤੰਗੀਆਂ-ਤੁਰਛੀਆਂ ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਖੂਬਸੂਰਤ ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਿਆਰੀ ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕ ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੰਬਰ ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ
ਬਹੁ-ਪੱਖੀ ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)